ਪ੍ਰੋ. ਸ਼ਮਸੁਲ ਇਸਲਾਮ
17 ਜੁਲਾਈ 2025 ਨੂੰ ‘ਐਨਸੀਈਆਰਟੀ’ ਯਾਨਿ ‘ਕੌਮੀ ਵਿਦਿਅਕ ਖੋਜ ਤੇ ਸਿਖ਼ਲਾਈ ਪ੍ਰੀਸ਼ਦ’ ਦੇ ਨਿਰਦੇਸ਼ਕ ਡੀ.ਪੀ. ਸਕਲਾਨੀ ਨੇ 8 ਵੀਂ ਜਮਾਤ ਦੀ ਸਮਾਜ ਵਿਗਿਆਨ ਦੀ ਪਾਠ ਪੁਸਤਕ ਦੀ ਕਈ ਬੁਨਿਆਦੀ ਤਬਦੀਲੀਆਂ ਨਾਲ ਘੁੰਡ ਚੁਕਾਈ ਕੀਤੀ।
ਇਹ ਸੋਧੀ ਹੋਈ ਪਾਠ-ਪੁਸਤਕ ਸਾਲ 2025-26 ਦੇ ਵਿਦਿਅਕ ਸੈਸ਼ਨ ’ਚ ਲਾਗੂ ਕੀਤੀ ਜਾਣੀ ਹੈ। ਉਕਤ ਕਿਤਾਬ ਦੇ ਨਵੇਂ ਰੂਪ ’ਚ ਬਹੁਤ ਸਾਰੇ ਵਿਸ਼ਿਆਂ ’ਚ ਬਦਲਾਅ ਕੀਤੇ ਗਏ ਹਨ। ਪ੍ਰੰਤੂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ’ਚ ਕੇਵਲ ਇਹੋ ਦੱਸਿਆ ਗਿਆ ਹੈ ਕਿ ਮੁਗ਼ਲ ਤੇ ਮੁਸਲਮਾਨ ਸ਼ਾਸਕਾਂ ਬਾਰੇ ਵਰਤਮਾਨ ਪਾਠਾਂ ਦੀ ਥਾਂ ਭਾਰਤ ਅੰਦਰ ਮੁਸਲਮਾਨ ਸ਼ਾਸਕਾਂ ਵਲੋਂ ਕੀਤੇ ਗਏ ਧਾਰਮਿਕ ਨਪੀੜਨ ਤੇ ਹੋਰ ਜ਼ੁਲਮਾਂ ਦੇ ਵੇਰਵੇ ਸ਼ਾਮਲ ਕੀਤੇ ਗਏ ਹਨ। ਇਸ ਨੂੰ ਲੈ ਕੇ ਹਿੰਦੂਤਵੀਆਂ ਦੇ ਗੁਲਾਮ ਮੀਡੀਆ ਤੇ ਵ~ਟਸ ਐਪ ਯੂਨੀਵਰਸਿਟੀ ਨੇ ਦੇਸ਼ ਦੇ ਮੁਸਲਮਾਨਾਂ ਅਤੇ ਇਸਲਾਮ ਖ਼ਿਲਾਫ਼ ਨਵੀਂ ਜੰਗ ਵਿੱਢ ਦਿੱਤੀ ਹੈ। ਇਸ ਤੋਂ ਪਹਿਲਾਂ 6ਵੀਂ ਤੋਂ ਲੈ ਕੇ 12 ਵੀਂ ਜਮਾਤ ਤੱਕ ਦੀਆਂ ਪਾਠ ਪੁਸਤਕਾਂ ’ਚ ਵੀ ਬੁਨਿਆਦੀ ਤਬਦੀਲੀਆਂ ਕੀਤੀਆਂ ਜਾ ਚੁੱਕੀਆਂ ਹਨ।
ਆਰ.ਐਸ.ਐਸ. ਦੇ ਮੁਕੰਮਲ ਕਬਜ਼ੇ ਹੇਠ ਆ ਚੁੱਕੀ ਐਨਸੀਈਆਰਟੀ ਨੇ ਮਿਸ਼ੇਲ ਡੈਨਿਨੋ ਨਾਂ ਦੇ ਜਿਸ ਮਾਹਿਰ ਨੂੰ ਇਹ ਜਿੰਮੇਵਾਰੀ ਸੌਂਪੀ ਹੈ ਉਹ ਫ੍ਰਾਂਸੀਸੀ ਮੂਲ ਦਾ ਭਾਰਤੀ ਲੇਖਕ ਹੈ। ਇਸ ਵੇਲੇ ਉਹ ਐਨਸੀਈਆਰਟੀ ਦੇ ਸਮਾਜਿਕ ਵਿਗਿਆਨ ਪਾਠਕ੍ਰਮ ਦਾ ਚੇਅਰਮੈਨ ਹੈ। ਇਹ ਹਿੰਦੂਤਵੀਆਂ ਦਾ ਪ੍ਰਬਲ ਸਮਰਥਕ ਹੈ ਅਤੇ ਅਤੀਤ ’ਚ ਇਸਦੀ ਇਤਿਹਾਸਕ ਨਿਖੇਧਵਾਦ (ਬੀਤੇ ਦੀਆਂ ਸਚਾਈਆਂ ਨੂੰ ਝੁਠਲਾਉਣ) ’ਚ ਸ਼ਾਮਲ ਹੋਣ ਕਰਕੇ ਆਲੋਚਨਾ ਹੁੰਦੀ ਰਹੀ ਹੈ।
ਆਉ, ਪਹਿਲਾਂ ਆਪਾਂ ਇਹ ਸਮਝੀਏ ਕਿ ਉਹ ਕਿਹੜੇ ਲਾਜ਼ਮੀ ਤੇ ਲੋੜੀਂਦੇ ਵਿਸ਼ੇ ਕੱਢ ਦਿੱਤੇ ਗਏ ਹਨ ਜਿਨ੍ਹਾਂ ਦੀ ਚਰਚਾ ਨਹੀਂ ਹੋ ਰਹੀ।
d 12ਵੀਂ ਜਮਾਤ ਦੀ ਰਾਜਨੀਤੀ ਵਿਗਿਆਨ ਦੀ ਪਾਠ ਪੁਸਤਕ “ਸੁਤੰਤਰਤਾ ਤੋਂ ਪਿੱਛੋਂ ਭਾਰਤ ’ਚ ਰਾਜਨੀਤੀ’’ ’ਚ ਐਮਰਜੈਂਸੀ ਬਾਰੇ ਪਾਠ ਦੇ ਪੰਜ ਸਫੇ ਘਟਾ ਦਿੱਤੇ ਗਏ ਹਨ। ਲੋਕਾਂ ਤੇ ਸੰਸਥਾਵਾਂ ਦੇ ਕਠੋਰ ਪ੍ਰਭਾਵ ਨਾਲ ਜੁੜੇ ਹਿੱਸੇ ਮਨਫੀ ਕਰ ਦਿੱਤੇ ਗਏ ਹਨ।
ਐਮਰਜੈਂਸੀ ਦੌਰਾਨ ਟਰੇਡ ਯੂਨੀਅਨ ਦੀਆਂ ਸਾਰੀਆਂ ਸਰਗਰਮੀਆਂ ’ਤੇ ਪਾਬੰਦੀ ਲਾਏ ਜਾਣ ਦਾ ਇਕ ਹੋਰ ਸੰਦਰਭ 12ਵੀਂ ਜਮਾਤ ਦੀ ਪਾਠ ਪੁਸਤਕ ਦੇ 8 ਵੇਂ ਪਾਠ (‘ਸਮਾਜਿਕ ਅੰਦੋਲਨ’) ’ਚੋਂ ਕੱਢ ਦਿੱਤਾ ਗਿਆ ਹੈ।
d 6ਵੀਂ ਤੋਂ 12ਵੀਂ ਜਮਾਤ ਤੱਕ ਦੀ ਰਾਜਨੀਤੀ ਵਿਗਿਆਨ ਦੀਆਂ ਪਾਠ ਪੁਸਤਕਾਂ ’ਚੋਂ ਸਮਕਾਲੀ ਭਾਰਤ ਅੰਦਰ ਸਮਾਜਿਕ ਅੰਦੋਲਨਾਂ ’ਚ ਤਬਦੀਲ ਹੋਏ ਰੋਸ ਵਿਖਾਵਿਆਂ ਦਾ ਵੇਰਵਾ ਦਿੰਦੇ ਤਕਰੀਬਨ ਤਿੰਨ ਪਾਠ ਕੱਢ ਦਿੱਤੇ ਗਏ ਹਨ। ਮਿਸਾਲ ਵਜੋਂ, 12ਵੀਂ ਜਮਾਤ ਦੀ ਪਾਠ ਪੁਸਤਕ ‘ਸੁਤੰਤਰਤਾ ਪਿਛੋਂ ਭਾਰਤ ’ਚ ਰਾਜਨੀਤੀ’ ਚੋਂ ‘ਹਰਮਨ ਪਿਆਰੇ ਲੋਕ ਅੰਦੋਲਨਾਂ ਦਾ ਉਦੈ’ ਬਾਬਤ ਇਕ ਪਾਠ ਮਨਫੀ ਕਰ ਦਿੱਤਾ ਗਿਆ ਹੈ।
‘ਚਿਪਕੋ ਅੰਦੋਲਨ’, ਲੰਘੀ ਸਦੀ ਦੇ 7ਵੇਂ ਦਹਾਕੇ ’ਚ ਮਹਾਰਾਸ਼ਟਰ ’ਚ ਦਲਿਤ ਪੈਂਥਰਸ ਦੇ ਵਿਕਾਸ, ਲੰਘੀ ਸਦੀ ਦੇ 8 ਵੇਂ ਦਹਾਕੇ ਦੇ ਕਿਸਾਨ ਘੋਲਾਂ, ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਲੜੇ ਗਏ ਘੋਲ, ਆਂਧਰਾ ਪ੍ਰਦੇਸ਼ ਦਾ ਸ਼ਰਾਬ ਵਿਰੋਧੀ ਘੋਲ, ਮੱਧ ਪ੍ਰਦੇਸ਼, ਗੁਜਰਾਤ ਤੇ ਮਹਾਰਾਸ਼ਟਰ ਅੰਦਰ ਨਰਮਦਾ ਤੇ ਇਸ ਦੀਆਂ ਸਹਾਇਕ ਨਦੀਆਂ ’ਤੇ ‘ਸਰਦਾਰ ਸਰੋਵਰ ਪਰਿਯੋਜਨਾ’ ਉਸਾਰੇ ਜਾਣ ਵਿਰੁੱਧ ਉੱਠਿਆ ਉੱਘਾ ‘ਨਰਮਦਾ ਬਚਾਓ ਅੰਦੋਲਨ’, ‘ਸੂਚਨਾ ਦੇ ਅਧਿਕਾਰ ਲਈ ਅੰਦੋਲਨ’ ਆਦਿ ਦੇ ਵੇਰਵੇ ਖਾਰਜ ਕਰ ਦਿੱਤੇ ਗਏ ਹਨ।
d ਐਨਸੀਈਆਰਟੀ ਨੇ 7 ਵੀਂ ਦੀ ਰਾਜਨੀਤੀ ਵਿਗਿਆਨ ਦੀ ਪਾਠ-ਪੁਸਤਕ ਚੋਂ ‘ਬਰਾਬਰਤਾ ਲਈ ਸੰਘਰਸ਼’ ਅਧਿਆਏ , ਜਿਸ ’ਚ ਦੱਸਿਆ ਗਿਆ ਸੀ ਕਿ ਕਿਵੇਂ ‘ਤਵਾ ਮਤਸਯ ਸੰਘ’ ਨੇ ਮੱਧ ਪ੍ਰਦੇਸ਼ ਦੇ ਸਤਪੁੜਾ ਜੰਗਲ ਦੇ ਉਜਾੜੇ ਵਣ ਵਾਸੀਆਂ ਲਈ ਲੜਾਈ ਲੜੀ ਸੀ, ਵੀ ਕੱਢ ਦਿੱਤਾ ਹੈ।
d ਦਰਜਾ 10 ਦੀ ਰਾਜਨੀਤੀ ਵਿਗਿਆਨ ਦੀ ਕਿਤਾਬ ਚੋਂ ‘ਲੋਕਤੰਤਰੀ ਸਿਆਸਤ-॥’ ’ਚੋਂ ਜਨ ਸੰਘਰਸ਼ਾਂ ਬਾਰੇ, ਦਬਾਅ ਸਮੂਹਾਂ ਤੇ ਅੰਦੋਲਨਾਂ ਜਰੀਏ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦੇ ਅਪ੍ਰਤੱਖ ਢੰਗਾਂ ਬਾਰੇ ਰੋਸ਼ਨੀ ਪਾਉਂਦਾ, ਤੀਜਾ ਪਾਠ ਕੱਢ ਦਿੱਤਾ ਹੈ।
ਇਹ ਪਾਠ ਨੇਪਾਲ ’ਚ ਲੋਕਰਾਜ ਲਈ ਘੋਲ ਤੇ ਬੋਲੀਵਿਆ ’ਚ ਪਾਣੀ ਦੇ ਨਿੱਜੀਕਰਨ ਦੇ ਵਿਰੋਧ ਤੋਂ ਇਲਾਵਾ ‘ਨਰਮਦਾ ਬਚਾਓ ਅੰਦੋਲਨ’, 1987 ਦੇ ਕਰਨਾਟਕ ਦੇ ਅਹਿੰਸਕ ‘ਕਿੱਤਿਕੋ-ਹਿੱਚਿਕੋ’ ਯਾਨਿ ‘ਤੋੜੋ ਤੇ ਲਾਓ ਵਿਰੋਧ’, ਕਾਂਸ਼ੀ ਰਾਮ ਵਲੋਂ ਸਥਾਪਿਤ ‘ਪਿਛੜਾ ਤੇ ਘੱਟ ਗਿਣਤੀ ਕਰਮਚਾਰੀ ਸੰਘ’ (ਬਾਮਸੇਫ) ਅਤੇ ‘ਕੌਮੀ ਘੋਲਾਂ ਦਾ ਗਠਬੰਧਨ’, ਜਿਸ ਦੇ ਸੰਸਥਾਪਕਾਂ ’ਚੋਂ ਮੇਧਾ ਪਾਟਕਰ ਵੀ ਸ਼ਾਮਲ ਹੈ, ਦਾ ਵੀ ਜਿਕਰ ਕਰਦਾ ਸੀ।
d 11ਵੀਂ ਤੇ 12 ਵੀਂ ਦੇ ਸਮਾਜ ਸ਼ਾਸਤਰ ਦੇ ਪਾਠਕ੍ਰਮ ਚੋਂ ਸਮਾਜਿਕ ਅੰਦੋਲਨਾਂ ਬਾਰੇ ਇੱਕੋ-ਇੱਕ ਪਾਠ ਕਾਫੀ ਘਟਾ ਦਿੱਤਾ ਗਿਆ ਹੈ। 12ਵੀਂ ਜਮਾਤ ਦੀ ਪਾਠ ਪੁਸਤਕ ‘ਭਾਰਤ ਅੰਦਰ ਸਮਾਜਿਕ ਪਰਿਵਰਤਨ ਤੇ ਵਿਕਾਸ’ ਵਿਚਲੇ ‘ਸਮਾਜਿਕ ਅੰਦੋਲਨ’ ਸਿਰਲੇਖ ਵਾਲੇ ਪਾਠ ’ਚ ਕੀਤੇ ਗਏ ਕਈ ਬਦਲਾਵਾਂ ’ਚੋਂ ਉਸ ਅਭਿਆਸ ਡੱਬੀ ਨੂੰ ਹਟਾਇਆ ਜਾਣਾ ਹੈ, ਜਿਸ ’ਚ ਪਾੜ੍ਹਿਆਂ ਨੂੰ ਸੰਸਦ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਹੋਏ ਕਿਸਾਨਾਂ ਦੇ ਰੋਸ ਵਿਖਾਵਿਆਂ ਬਾਰੇ ਵਿਚਾਰ-ਚਰਚਾ ਕਰਨ ਲਈ ਕਿਹਾ ਗਿਆ ਸੀ।
d ‘ਲੋਕ ਤੰਤਰ ਅਤੇ ਭਾਰਤੀ ਲੋਕ ਤੰਤਰ ਦਾ ਨਿਰਮਾਣ’ ਨਾਲ ਸਬੰਧਤ ਚਾਰ ਪਾਠ ਇਸ ਆਧਾਰ ’ਤੇ ਕੱਢ ਦਿਤੇ ਗਏ ਹਨ ਕਿ ਇਹ ਹੋਰ ਜਮਾਤਾਂ ਦੀਆਂ ਰਾਜਨੀਤੀ ਵਿਗਿਆਨ ਦੀਆਂ ਕਿਤਾਬਾਂ ’ਚ ਵੀ ਇਸ ਕਿਸਮ ਦੇ ਵਿਸ਼ੇ ਸ਼ਾਮਲ ਹਨ। ਮਿਸਾਲ ਵਜੋਂ, 6ਵੀਂ ਸ਼੍ਰੇਣੀ ਦੀ ਰਾਜਨੀਤੀ ਵਿਗਿਆਨ ਦੀ ਕਿਤਾਬ ’ਚੋਂ ‘ਲੋਕ ਰਾਜੀ ਸਰਕਾਰ ਦੇ ਪ੍ਰਮੁੱਖ ਲੱਛਣ’ ਨਾਮੀ ਪਾਠ ਕੱਢ ਦਿੱਤਾ ਗਿਆ ਹੈ। ਇਹ ਮਿਡਲ ਸਕੂਲ ’ਚ ਲੋਕ ਤੰਤਰ ਦੀ ਧਾਰਨਾ ਦਾ ਪਹਿਲੀ ਵਿਸਤਿ੍ਰਤ ਜਾਣਕਾਰੀ ਕਰਾਉਂਦਾ ਸੀ ਤੇ ਕਈ ਮਹੱਤਵਪੂਰਨ ਤੱਤਾਂ ਬਾਰੇ ਚਰਚਾ ਛੇੜਦਾ ਸੀ, ਜੋ ਕਿਸੇ ਲੋਕ ਰਾਜੀ ਸਰਕਾਰ ਦੇ ਕੰਮ-ਕਾਜ ਨੂੰ ਪ੍ਰਭਾਵਿਤ ਕਰਦੇ ਹਨ। 10 ਵੀਂ ਜਮਾਤ ਦੀ ਰਾਜਨੀਤੀ ਵਿਗਿਆਨ ਦੀ ਕਿਤਾਬ ਚੋਂ ‘ਲੋਕ ਰਾਜ ਅਤੇ ਵੰਨ-ਸੁਵੰਨਤਾ’ ਅਤੇ ‘ਲੋਕ ਰਾਜ ਨੂੰ ਦਰਪੇਸ਼ ਚੁਣੌਤੀਆਂ’ ਜਿਹੇ ਪਾਠ ਮਨਫੀ ਕਰ ਦਿੱਤੇ ਗਏ ਹਨ। ਇਹ ਦੋਨੋਂ ਪਾਠ ਸਭ ਤੋਂ ਪਹਿਲਾਂ ਅਪ੍ਰੈਲ ’ਚ ‘ਸੀਬੀਐਸਈ’ ਦੇ ਪਾਠਕ੍ਰਮ ’ਚੋਂ ਕੱਢੇ ਗਏ ਸਨ ਤੇ ਹੁਣ ਐਨਸੀਈਆਰਟੀ ਦੇ ਸਿਲੇਬਸ ’ਚੋਂ ਇਹ ਪੱਕੇ ਤੌਰ ’ਤੇ ਕੱਢ ਦਿੱਤੇ ਗਏ ਹਨ।
d 6ਵੀਂ ਜਮਾਤ ਦੀ ਇਤਿਹਾਸ ਦੀ ਪਾਠ ਪੁਸਤਕ ਦੇ ਪਾਠ ‘ਅਸ਼ੋਕ, ਯੁੱਧ ਦਾ ਤਿਆਗ ਕਰਨ ਵਾਲਾ ਸਮਰਾਟ’ ’ਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਸਮਰਾਟ ਅਸ਼ੋਕ ਬਾਰੇ ਕੀਤੀ ਗਈ ਟਿੱਪਣੀ ਕੱਢ ਦਿੱਤੀ ਗਈ ਹੈ। ਕੱਢੀ ਗਈ ਉਕਤ ਟਿੱਪਣੀ ’ਚ ਸ਼੍ਰੀ ਨਹਿਰੂ ਨੇ ਕਿਹਾ ਸੀ, “ਉਸ ਦੇ ਹੁਕਮ (ਨਿਰਦੇਸ਼) ਅੱਜ ਵੀ ਸਾਡੇ ਨਾਲ ਉਸੇ ਭਾਸ਼ਾ ’ਚ ਬੋਲਦੇ ਹਨ ਜਿਹੜੀ ਆਪਾਂ ਸਮਝ ਸਕਦੇ ਹਾਂ, ਅਤੇ ਆਪਾਂ ਅੱਜ ਵੀ ਉਨ੍ਹਾਂ ਤੋਂ ਬੜਾ ਕੁਝ ਸਿੱਖ ਸਕਦੇ ਹਾਂ।’’
12 ਵੀਂ ਦੀ ਸਮਾਜ ਸ਼ਾਸਤਰ ਦੀ ਪਾਠ-ਪੁਸਤਕ ’ਚੋਂ ਭਾਖੜਾ ਨੰਗਲ ਬੰਨ੍ਹ ਬਾਰੇ ਕੀਤੀ ਗਈ ਨਹਿਰੂ ਦੀ ਹੇਠ ਲਿਖੀ ਟਿੱਪਣੀ ਕੱਢ ਦਿੱਤੀ ਗਈ ਹੈ।
“ਸਾਡੇ ਇੰਜੀਨੀਅਰ ਸਾਨੂੰ ਦੱਸਦੇ ਹਨ ਕਿ ਦੁਨਿਆ ’ਚ ਸ਼ਾਇਦ ਕਿਤੇ ਹੋਰ ਐਨਾ ਉੱਚਾ ਬੰਨ੍ਹ ਨਹੀਂ ਹੈ। ਇਹ ਕੰਮ ਗੁੰਝਲਦਾਰ ਤੇ ਮੁਸੀਬਤਾਂ ਭਰਪੂਰ ਹੈ। ਜਦੋਂ ਮੈਂ ਉੱਥੇ ਘੁੰਮ ਰਿਹਾ ਸੀ ਤਾਂ ਮੈਨੂੰ ਲੱਗਿਆ ਕਿ ਅੱਜ ਕੱਲ੍ਹ ਸਭ ਤੋਂ ਵੱਡੇ ਮੰਦਰ, ਮਸਜਿਦ, ਗੁਰੂਦੁਆਰੇ ਉਹੀ ਥਾਵਾਂ ਹਨ ਜਿੱਥੇ ਇਨਸਾਨ ਲੋਕ ਭਲਾਈ ਦੇ ਕੰਮ ਕਰਦਾ ਹੈ। ਇਸ ਤੋਂ ਵੱਡਾ ਅਜਿਹਾ ਹੋਰ ਕਿਹੜਾ ਸਥਾਨ ਹੋ ਸਕਦਾ ਹੈ? ਇਹ ਭਾਖੜਾ ਨੰਗਲ ਜਿੱਥੇ ਹਜ਼ਾਰਾ-ਲੋਕਾਂ ਨੇ ਆਪਣਾ ਖੂਨ-ਪਸੀਨਾ ਵਹਾਇਆ ਹੈ ਅਤੇ ਜਾਨਾਂ ਵੀ ਕੁਰਬਾਨ ਕੀਤੀਆਂ ਹਨ।’’
d ਸੰਵਿਧਾਨ ਦੇ ਨਿਰਮਾਣ ਅਤੇ ਭਾਸ਼ਾਈ ਪ੍ਰਾਂਤਾਂ ਦਿ ਉਸਾਰੀ ਬਾਰੇ ਗੱਲ ਕਰਦਾ ਪਾਠ, ‘ਸੁਤੰਤਰਤਾ ਤੋਂ ਪਿੱਛੋਂ ਭਾਰਤ’ ਵੀ 8ਵੀਂ ਸ਼੍ਰੇਣੀ ਦੀ ਪੁਸਤਕ ‘ਅਸਾਡਾ ਅਤੀਤ-3’ ’ਚੋਂ ਕੱਢ ਦਿੱਤਾ ਗਿਆ ਹੈ।
d ਰਾਜਦ੍ਰੋਹ ਦੀ ਮਿਸਾਲ ਦਿੰਦਿਆਂ ਬਸਤੀਵਾਦੀ ਕਾਨੂੰਨਾਂ ਦੀ ਧਿੰਗੋਜੋਰੀ ਅਤੇ ਭਾਰਤ ਅੰਦਰ ਕਾਨੂੰਨੀ ਖੇਤਰ ਦੇ ਵਿਕਾਸ ’ਚ ਭਾਰਤੀ ਕੌਮਪ੍ਰਸਤਾਂ ਦੀ ਭੂਮਿਕਾ ਦਾ ਜਿਕਰ ਕਰਨ ਵਾਲੀ ਇਕ ਲਿਖਤ ਹੁਣ 8ਵੀਂ ਸ਼੍ਰੇਣੀ ਦੀ ਰਾਜਨੀਤੀ ਵਿਗਿਆਨ ਦੀ ਪੁਸਤਕ ਦੇ ਪਾਠ ‘ਕਾਨੂੰਨਾਂ ਨੂੰ ਸਮਝਣਾ’ ਦਾ ਹਿੱਸਾ ਨਹੀਂ ਰਹੀ।
d ਅਯੁੱਧਿਆ ਦਿ ਬਾਬਰੀ ਮਸਜਿਦ ਨੂੰ ਢਾਹੁਣ, ਗੁਜਰਾਤ ਦੰਗਿਆਂ ’ਚ ਮਾਰੇ ਗਏ ਮੁਸਲਮਾਨਾਂ ਦਾ ਜਿਕਰ, ਮਣੀਪੁਰ ਦੇ ਸੰਦਰਭ ਆਦਿ 11ਵੀਂ ਤੇ 12ਵੀਂ ਸ਼੍ਰੇਣੀ ਦੀਆਂ ਪਾਠ-ਪੁਸਤਕਾਂ ’ਚੋਂ ਕੱਢ ਦਿੱਤੇ ਗਏ ਹਨ।
d ਐਨਸੀਈਆਰਟੀ ਦੀ 8 ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਨਵੀਂ ਪਾਠ-ਪੁਸਤਕ ਦੇ ‘ਬਸਤੀਵਾਦੀ ਕਾਲ’ ਪਾਠ ’ਚ ਹੈਦਰ ਅਲੀ ਤੇ ਟੀਪੂ ਸੁਲਤਾਨ ਜਾਂ 1767 ਤੋਂ ਲੈਕੇ 1799 ਤੱਕ ਲੜੀਆਂ ਗਈਆਂ ਚਾਰ ਐਂਗਲੋ-ਮੈਸੂਰ ਜੰਗਾਂ ਦਾ ਕੋਈ ਜਿਕਰ ਨਹੀਂ ਹੈ।
ਚੇਤੇ ਰਹੇ ਟੀਪੂ ਸੁਲਤਾਨ, ਜੋ ‘ਮੈਸੂਰ ਦੇ ਸ਼ੇਰ’ ਵਜੋਂ ਜਾਣਿਆ ਜਾਂਦਾ ਸੀ, ਨੇ ਬਿ੍ਰਟਿਸ਼ ਬਸਤੀਵਾਦ ਖਿਲਾਫ਼ ਗੌਰਵਸ਼ਾਲੀ ਫੌਜੀ ਪ੍ਰਤੀਰੋਧ ਖੜ੍ਹਾ ਕੀਤਾ ਸੀ। ਰਾਕੇਟ ਤਕਨੀਕ ਤੇ ਤੋਪਖਾਨੇ ਦੀ ਜਾਣ-ਪਛਾਣ ਕਰਵਾਉਣ ਵਾਲੇ ਟੀਪੂ ਸੁਲਤਾਨ ਨੂੰ ਅੰਗਰੇਜ਼ਾਂ ਖਿਲਾਫ਼ ਬੜੀ ਕਾਮਯਾਬੀ ਹਾਸਲ ਹੋਈ ਸੀ। ਉਸਦੇ ਸ਼ਾਸ਼ਨਕਾਲ ’ਚ ਮੈਸੂਰ ਦਾ ਅਰਥਚਾਰਾ ਤਰੱਕੀ ਦੀਆਂ ਸਿਖ਼ਰਾਂ ਛੋਹ ਗਿਆ ਸੀ। ਉਹ 4 ਮਈ 1799 ਨੂੰ ਸ਼੍ਰੀ ਰੰਗਾਪੱਟਨਮ ਵਿਖੇ ਅੰਗਰੇਜਾਂ ਤੇ ਮਰਾਠਿਆਂ ਦੀ ਸਾਂਝੀ ਫੌਜ ਨਾਲ ਜੰਗ ਵਿਚ ਲੜਦਿਆਂ ਸ਼ਹੀਦ ਹੋ ਗਿਆ ਸੀ। ਦੱਸ ਦੇਈਏ ਸ਼ਹੀਦ ਹੋਣ ਵੇਲਾ ਟੀਪੂ ਦੇ ਪਾਈ ਹੋਈ ਭਾਰੀ ਅੰਗੂਠੀ ’ਤੇ ਦੇਵਨਾਗਰੀ ਭਾਸ਼ਾ ’ਚ ‘ਰਾਮ’ ਉਕਰਿਆ ਹੋਇਆ ਸੀ।
‘ਗੋਦੀ ਮੀਡੀਆ’ ਤੇ ਹਿੰਦੂਤਵੀਆਂ ਦੇ ਸਮਰਥਕ ਮਾਹਿਰਾਂ ਨੇ ਬੜਾ ਗਿਆਨ ਝਾੜਿਆ ਹੈ ਕਿ ਹਿੰਦੋਸਤਾਨ ’ਚ ਮੁਸਲਮਾਨ ਸ਼ਾਸਕਾਂ ਦੇ ਰਾਜ-ਭਾਗ ਦਾ ਸਮਾਂ ਸਿਲੇਬਸ ’ਚੋਂ ਕੱਢ ਦੇਣ ਨਾਲ ‘ਸੈਕੂਲਰਿਸਟਾਂ’ ਤੇ ਪ੍ਰਗਤੀਸ਼ੀਲ ਖੇਮੇ ਨੂੰ ਬੜੀ ਤਕਲੀਫ ਹੋ ਰਹੀ ਹੈ। ਪਰ ਸੱਚ ਤਾਂ ਇਹ ਹੈ ਕਿ ਇਸ ’ਚ ਬੜਾ ਕੁਝ ਨਵਾਂ ਜੋੜਿਆ ਗਿਆ ਹੈ।
ਨਵੀਂ ਕਿਤਾਬ ਦਾ ਇਤਿਹਾਸ ਵਾਲਾ ਖੰਡ, ਜੋ ਦਿਲੀ ਸਲਤਨਤ ਤੋਂ ਸ਼ੁਰੂ ਹੋ ਕੇ ਬਸਤੀਵਾਦੀ ਕਾਲ (ਅੰਗ੍ਰੇਜ਼ੀ ਰਾਜ) ਤਾਈਂ ਜਾਂਦਾ ਹੈ, ਦੇ ਆਰੰਭ ’ਚ ਇਤਿਹਾਸ ਦੇ ‘ਅੰਧਕਾਰ ਭਰੇ’ ਕਾਲਖੰਡ ਬਾਰੇ ਇਕ ਟਿੱਪਣੀ ਜੋੜੀ ਗਈ ਹੈ। ਇਸ ਟਿੱਪਣੀ ’ਚ ਇਤਿਹਾਸ ਦੇ ਉਨ੍ਹਾਂ ‘ਅੰਧਕਾਰ ਭਰੇ’ ਕਾਲ ਖੰਡਾਂ ਦਾ ਜਿਕਰ ਕੀਤਾ ਗਿਆ ਹੈ ਜਦੋਂ ਯੁੱਧ, ਦੁਰਵਿਹਾਰ, ਕਟੱੜਪੁਨਾ ਤੇ ਖੂੰਰੇਜੀ ਦਾ ਬੋਲਬਾਲਾ ਸੀ।
ਇਤਿਹਾਸ ਦੇ ‘ਅੰਧਕਾਰ ਭਰੇ’ ਸਮਾਂ ਖੰਡਾਂ ਦੀ ਪਛਾਣ ਕਰਦਿਆਂ ਮਹਿਮੂਦ ਗਜ਼ਨੀ ਤੇ ਮੁਗਲ ਸ਼ਾਸਕਾਂ ਦੀਆਂ ਦਮਨਕਾਰੀ ਨੀਤੀਆਂ ਦਾ ਉਚੇਚਾ ਵਰਣਨ ਕੀਤਾ ਗਿਆ ਹੈ, ਜਿਸ ਨੂੰ ਆਪਾਂ ਹੇਠ ਲਿਖੇ ਅਨੁਸਾਰ ਸਮਝਾਂਗੇ :-
1) ਦੂਜੇ ਪਾਠ ’ਚ, ਉਪ-ਮਹਾਂਦੀਪ ਅਤੇ ਸੋਮਨਾਥ ਮੰਦਰ ’ਤੇ ਹਮਲਾ ਕਰਨ ਵਾਲੇ ਅਫਗਾਨਿਸਤਾਨ ਦੇ ਮਹਿਮੂਦ ਗਜ਼ਨੀ ਦਾ ਜਿਕਰ ਕੀਤਾ ਗਿਆ ਹੈ। ਇਸ ’ਚ ਸੋਧ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤਾਂ ਉਸ ਦੇ ਨਾਂ ਨਾਲੋਂ ‘ਸੁਲਤਾਨ’ ਦੀ ਉਪਾਧਿ ਹਟਾ ਦਿੱਤੀ ਗਈ ਹੈ। ਦੂਜਾ, “ਉਸਨੇ ਤਕਰੀਬਨ ਹਰ ਵਰ੍ਹੇ ਉਪ-ਮਹਾਂਦੀਪ ’ਤੇ ਹੱਲਾ ਬੋਲਿਆ’’ ਵਾਕ ਨੂੰ ਸੋਧ ਕੇ “ਉਸਨੇ ਧਾਰਮਿਕ ਉਦੇਸ਼ ਤਹਿਤ ਉਪ-ਮਹਾਦੀਪ ’ਤੇ 17 ਵਾਰ (1000-,1025) ਹੱਲਾ ਬੋਲਿਆ’’ ਕਰ ਦਿੱਤਾ ਹੈ।
2) ਕਿਤਾਬ ’ਚ ਪਹਿਲੇ ਮੁਗਲ ਸਮਰਾਟ ਬਾਬਰ ਬਾਬਤ ਲਿਖਿਆ ਹੈ ਕਿ “ਉਸ ਦੀ ਆਤਮ ਕਥਾ ਉਸਨੂੰ ਸੰਸਕਾਰੀ ਤੇ ਬੌਧਿਕ ਪੱਖੋਂ ਜਿਗਿਆਸੂ ਦੱਸਦੀ ਹੈ। ਪਰ ਉਹ ਇਕ ਜ਼ੁਲਮੀ ਤੇ ਨਿਰਦਈ ਜੇਤੂ ਵੀ ਸੀ, ਜਿਸਨੇ ਸ਼ਹਿਰਾਂ ਦੀ ਪੂਰੀ ਵਸੋਂ ਦਾ ਕਤਲੇਆਮ ਕੀਤਾ ਅਤੇ ਔਰਤਾਂ ਤੇ ਬੱਚਿਆਂ ਨੂੰ ਗੁਲਾਮ ਬਣਾਇਆ। ਉਹ ਲੁੱਟੇ ਗਏ ਸ਼ਹਿਰਾਂ ਦੇ ਕਤਲ ਕੀਤੇ ਲੋਕਾਂ ਦੀਆਂ ਖੋਪੜੀਆਂ ਦੇ ਮੀਨਾਰ ਖੜ੍ਹੇ ਕਰਨ ’ਚ ਮਾਣ ਮਹਿਸੂਸ ਕਰਦਾ ਸੀ।’’
7ਵੀਂ ਸ਼੍ਰੇਣੀ ਦੀ ਪੁਰਾਣੀ ਕਿਤਾਬ ’ਚ ਬਾਬਰ ਨੂੰ ਕੇਵਲ ਆਪਣਾ ਪਿੱਤਰੀ ਸਿੰਘਾਸਨ ਛੱਡਣ ਲਈ ਮਜ਼ਬੂਰ ਕੀਤੇ ਜਾਣ ਅਤੇ ਕਾਬੁਲ ਤੇ ਫਿਰ ਦਿੱਲੀ ਅਤੇ ਆਗਰਾ ’ਤੇ ਕਬਜ਼ਾ ਕਰਨ ਵਾਲੇ ਵਜੋਂ ਦਰਸਾਇਆ ਗਿਆ ਸੀ।
3) ਇਸ ’ਚ ਅਕਬਰ ਦੇ ਸ਼ਾਸਨ ਕਾਲ ਨੂੰ ‘ਨਿਰਦੈਤਾ ਤੇ ਸਦਭਾਵਨਾ ਦਾ ਮਿਲਗੋਭਾ’ ਦੱਸਿਆ ਗਿਆ ਹੈ। ਅਕਬਰ ਨੇ ਜਦੋਂ ਚਿਤੌੜਗੜ੍ਹ ਦੇ ਰਾਜਪੂਤ ਕਿਲ੍ਹੇ ’ਤੇ ਹਮਲਾ ਕਰਕੇ ‘ਲੱਗਭਗ 30 ਹਜ਼ਾਰ ਨਾਗਰਿਕਾਂ ਦੇ ਨਰਸੰਘਾਰ ਦਾ ਹੁਕਮ ਦਿੱਤਾ’, ਤਾਂ ਉਸ ਨੇ ਜੇਤੂ ਸੰਦੇਸ਼ ਭੇਜਿਆ: ‘ਅਸੀਂ ਕਾਫਿਰਾਂ ਦੇ ਕਈ ਕਿਲਿ੍ਹਆਂ ਤੇ ਕਸਬਿਆਂ ’ਤੇ ਕਬਜ਼ਾ ਕਰਨ ’ਚ ਸਫਲ ਰਹੇ ਹਾਂ ਅਤੇ ਉਸੇ ਇਸਲਾਮ ਦੀ ਸਥਾਪਨਾ ਕੀਤੀ ਹੈ। ਆਪਣੀ ਲਹੂ ਪੀਣੀ ਤਲਵਾਰ ਨਾਲ ਦੀ ਤਾਕਤ ਨਾਲ ਅਸੀਂ ਉਨ੍ਹਾਂ ਦੇ ਮਨਾਂ ’ਚੋਂ ਕਾਫਿਰਾਂ ਦੇ ਨਿਸ਼ਾਨ ਮਿਟਾ ਦਿੱਤੇ ਹਨ ਤੇ ਉਨ੍ਹਾਂ ਥਾਵਾਂ ’ਤੇ ਅਤੇ ਪੂਰੇ ਹਿੰਦੋਸਤਾਨ ’ਚ ਮੰਦਰ ਨਸ਼ਟ ਕਰ ਦਿੱਤੇ ਹਨ।’’ ਕਿਤਾਬ ਇਹ ਵੀ ਦੱਸਦੀ ਹੈ ਕਿ ਪਿਛੋਂ ਜਾ ਕੇ ਅਕਬਰ ਵਲੋਂ ਵੱਖੋ-ਵੱਖ ਧਰਮਾਂ ਪ੍ਰਤੀ ਸਦਭਾਵਨਾ ਦੇ ਬਾਵਜੂਦ “ਉੱਚ ਪ੍ਰਸ਼ਾਸਨਿਕ ਅਹੁਦਿਆਂ ’ਤੇ ਗੈਰ ਮੁਸਲਮਾਨਾਂ ਨੂੰ ਘੱਟ ਗਿਣਤੀ ’ਚ ਨਿਯੁਕਤ ਕੀਤਾ ਗਿਆ।’’
4) ਔਰੰਗਜ਼ੇਬ ਬਾਬਤ ਕਿਤਾਬ ਬਿਆਨ ਕਰਦੀ ਹੈ ਕਿ ਕੁੱਝ ਵਿਦਵਾਨਾਂ ਦਾ ਤਰਕ ਹੈ ਕਿ ਉਸ ਦੇ ਇਰਾਦੇ ਮੁੱਖ ਤੌਰ ’ਤੇ ਸਿਆਸੀ ਸਨ ਅਤੇ ਉਹ ਮੰਦਿਰਾਂ ਨੂੰ ਦਿੱਤੇ ਗਏ ਦਾਨ ਤੇ ਸੁਰੱਖਿਆ ਦੇ ਭਰੋਸੇ ਦੀ ਮਿਸਾਲ ਦਿੰਦੇ ਹਨ। ਹਾਲਾਂਕਿ ਉਸ ਦੇ ਫੈਸਲਿਆਂ ’ਚ ਰਾਜਨੀਤੀ ਦੀ ਭੂਮਿਕਾ ਸੀ, ਪਰ ਉਸਦੇ ਫਰਮਾਨ “ਉਸਦੇ ਨਿੱਜੀ ਧਾਰਮਿਕ ਇਰਾਦਿਆਂ ਨੂੰ ਵੀ ਸਪਸ਼ਟ ਕਰਦੇ ਹਨ।’’ ਉਸ ਨੇ ਪ੍ਰਾਂਤਾਂ ਦੇ ਰਾਜਪਾਲਾਂ ਨੂੰ ਸਕੂਲਾਂ ਅਤੇ ਮੰਦਿਰਾਂ ਨੂੰ ਢਾਹ ਦੇਣ ਦਾ ਹੁਕਮ ਚਾੜ੍ਹਿਆ ਅਤੇ ਬਨਾਰਸ, ਮਥੁਰਾ, ਸੋਮਨਾਥ, ਜੈਨ ਮੰਦਿਰਾਂ ਤੇ ਸਿੱਖਾਂ ਦੇ ਗੁਰਦੁਆਰੇ ਨੂੰ ਢਾਹ ਦਿੱਤੇ। ਮੁਸਲਿਮ ਸ਼ਾਸਕਾਂ ਦੇ ਆਪਣੀ ਹਿੰਦੂ ਪ੍ਰਜਾ ’ਤੇ ਢਾਹੇ ਗਏ ਵਿਸਤਿ੍ਰਤ ਬਿਰਤਾਂਤ ਨਾਲ ਇਕ ਟਿੱਪਣੀ ਵੀ ਜੋੜੀ ਗਈ ਹੈ। ਇਸ ਰਾਹੀਂ ਦਿਖਾਇਆ ਗਿਆ ਹੈ ਕਿ ਅੱਜ ਦੇ ਕਿਸੇ ਵੀ ਵਿਅਕਤੀ (ਭਾਵ ਭਾਰਤੀ ਮੁਸਲਮਾਨਾਂ) ਨੂੰ ਦੋਸ਼ ਦਿੱਤੇ ਬਗੈਰ, ਨਿਰਪੱਖਤਾ ਨਾਲ ਅੰਧਕਾਰ ਭਰੇ ਘਟਨਾਕ੍ਰਮਾਂ ਦਾ ਅਧਿਐਨ ਕਰਨਾ ਲਾਜ਼ਮੀ ਹੈ।
ਜੇਕਰ ਆਪਾਂ ‘ਮੁਸਲਮਾਨ ਰਾਜ’ ਦੇ ਗੁਨਾਹਗਾਰਾਂ ਦੀ ਨਿਸ਼ਾਨਦੇਹੀ ਕਰਨੀ ਚਾਹੁੰਦੇ ਹਾਂ ਤਾਂ ਉਸ ਦੌਰ ਦੇ ਇਤਿਹਾਸਕ ਸੱਚ, ਜੋ ਖੁਦ ਹਿੰਦੂ ਖੋਜਕਾਰਾਂ ਨੇ ਦਰਜ ਕੀਤੇ ਹਨ, ਤੋਂ ਸਾਫ ਪਤਾ ਲੱਗ ਜਾਵੇਗਾ ਕਿ ਮੁਸਲਿਮ ਸ਼ਾਸਕਾਂ ਨੇ ਜੋ ਜ਼ੁਲਮ ਢਾਹੇ ਉਸ ’ਚ ਹਿੰਦੂ ਉੱਚ ਜਾਤੀਆਂ ਦੀ ਮੁਕੰਮਲ ਭਾਗੀਦਾਰੀ ਸੀ।
ਗੋਲਵਾਲਕਰ ਦਾ ਕਥਨ
ਮਹਿਮੂਦ ਗਜ਼ਨੀ (ਮਹਿਮੂਦ ਗਾਜ਼ੀ) ਵਲੋਂ ਸੋਮਨਾਥ ਮੰਦਰ ਦੀ ਤਬਾਹੀ ਬਾਰੇ ਆਰ.ਐਸ.ਐਸ. ਦੇ ਸਭ ਤੋਂ ‘ਸ਼੍ਰੇਸ਼ਟ’ ਵਿਚਾਰਕ ਗੋਲਵਾਲਕਰ ਦਾ ਕਥਨ ਧਿਆਨ ਦੇਣ ਯੋਗ ਹੈ।
ਕੋਈ ਵੀ ਸੂਝਵਾਨ ਸ਼ਖਸ ਇਸ ਤੱਥ ਤੋਂ ਇਨਕਾਰੀ ਨਹੀਂ ਹੋ ਸਕਦਾ ਕਿ ਗੁਜਰਾਤ ਦੇ ਸੋਮਨਾਥ ਮੰਦਰ ਨੂੰ ਮਹਿਮੂਦ ਗਜਨੀ ਨੇ 1026 ’ਚ ਨਾਪਾਕ ਕੀਤਾ, ਲੁੱਟਿਆ ਤੇ ਤਬਾਹ ਕੀਤਾ ਸੀ। ਪਰ ਇਹ ਸੱਚ ਹਮੇਸ਼ਾ ਲੁਕੋਇਆ ਜਾਂਦਾ ਹੈ ਕਿ ਇਹ ਗੁਨਾਹ ਸਥਾਨਕ ਹਿੰਦੂ ਸਰਦਾਰਾਂ ਦੀ ਸਰਗਰਮ ਇਮਦਾਦ ਤੇ ਭਾਗੀਦਾਰੀ ਰਾਹੀਂ ਕੀਤਾ ਗਿਆ ਸੀ।
ਐਮ.ਐਸ. ਗੋਲਵਲਕਰ ਨੇ ਮਹਿਮੂਦ ਗਜ਼ਨੀ ਵੱਲੋਂ ਸੋਮਨਾਥ ਮੰਦਰ ਦੀ ਪਵਿੱਤਰਤਾ ਭੰਗ ਕਰਨ ਤੇ ਤਬਾਹੀ ਦਾ ਜ਼ਿਕਰ ਕਰਦਿਆਂ ਕਿਹਾ ਹੈ, “ਉਸਨੇ ਖੈਬਰ ਦਰਾ ਪਾਰ ਕੀਤਾ ਤੇ ਸੋਮਨਾਥ ਦੀ ਜ਼ਾਇਦਾਦ ਲੁੱਟਣ ਲਈ ਭਾਰਤ ’ਚ ਪੈਰ ਪਾਏ। ਉਸ ਨੂੰ ਰਾਜਸਥਾਨ ਦਾ ਵਿਸ਼ਾਲ ਰੇਗਿਸਤਾਨ ਪਾਰ ਕਰਨਾ ਪਿਆ। ਅਜਿਹਾ ਸਮਾਂ ਵੀ ਆਇਆ ਜਦੋਂ ਉਸ ਕੋਲ ਨਾ ਭੋਜਨ ਸੀ ਨਾ ਫੌਜ ਲਈ ਪਾਣੀ। ਅਤੇ ਇੱਥੋਂ ਤੱਕ ਕਿ ਜੇ ਉਸ ਨੂੰ ਉਸੇ ਦੇ ਹਾਲ ’ਤੇ ਛੱਡ ਦਿੱਤਾ ਜਾਂਦਾ ਤਾਂ ਉਹ ਨਸ਼ਟ ਹੋ ਗਿਆ ਹੁੰਦਾ… ਲੇਕਿਨ ਨਹੀਂ, ਮਹਿਮੂਦ ਗਾਜ਼ੀ ਨੇ ਸਥਾਨਕ (ਹਿੰਦੂ) ਸਰਦਾਰਾਂ ਨੂੰ ਇਹ ਯਕੀਨ ਦਿਵਾਇਆ ਕਿ ਸੌਰਾਸ਼ਟਰ ਕੋਲ ਉਨ੍ਹਾਂ ਖ਼ਿਲਾਫ਼ ਪਸਾਰਵਾਦੀ ਮਨਸੂਬੇ ਹਨ। ਆਪਣੀ ਮੂਰਖਤਾ ਅਤੇ ਤੁੱਛਪੁਣੇ ’ਚ ਉਨ੍ਹਾਂ ਨੇ ਉਸ ’ਤੇ ਭਰੋਸਾ ਕਰ ਲਿਆ ਅਤੇ ਉਸ ਦੇ ਨਾਲ ਲੱਗ ਤੁਰੇ।
ਜਦੋਂ ਮਹਿਮੂਦ ਨੇ ਮਹਾਨ ਮੰਦਰ ’ਤੇ ਹੱਲਾ ਬੋਲਿਆ ਤਾਂ ਉਹ ਹਿੰਦੂ ਸਨ, ਸਾਡੇ ਲਹੂ ਦਾ ਲਹੂ, ਸਾਡੇ ਮਾਸ ਦਾ ਮਾਸ, ਸਾਡੀ ਰੂਹ ਦੀ ਰੂਹ- ਜੋ ਉਸ ਦੇ ਲਸ਼ਕਰ ਦੀ ਮੋਹਰਲੀ ਕਤਾਰ ’ਚ ਖੜ੍ਹੇ ਸਨ। ਸੋਮਨਾਥ ਨੂੰ ਹਿੰਦੂਆਂ ਦੀ ਸਰਗਰਮ ਮਦਦ ਨਾਲ ਨਾਪਾਕ ਕੀਤਾ ਗਿਆ ਸੀ। ਇਹ ਇਤਿਹਾਸਕ ਤੱਥ ਹਨ।’’ (ਆਰਗੇਨਾਈਜਰ- 04 ਜਨਵਰੀ, 1950)
d ਐਨਸੀਈਆਰਟੀ ਇਹ ਸੱਚ ਨਹੀਂ ਬਿਆਨਦੀ ਕਿ ਬਾਬਰ ਨੇ ਮੁਸਲਮਾਨ ਇਬਰਾਹਿਮ ਲੋਧੀ ਨੂੰ ਹਰਾ ਕੇ ਤੇ ਮਾਰ ਕੇ ਉੱਤਰੀ ਹਿੰਦੋਸਤਾਨ ’ਤੇ ਕਬਜ਼ਾ ਕੀਤਾ ਸੀ। ਇਹ ਵੀ ਨਹੀਂ ਦੱਸਿਆ ਜਾਂਦਾ ਕਿ ਹਿੰਦੂ ਰਾਜਾ ਰਾਣਾ ਸਾਂਗਾ, ਜਿਸ ਨੇ ਬਾਬਰ ਨੂੰ ਚੁਣੌਤੀ ਦਿੱਤੀ ਸੀ, ਦਾ ਮੁੱਖ ਜਰਨੈਲ ਹਸਨ ਮੇਵਾਤੀ ਸੀ ਜੋ 15 ਮਾਰਚ 1527 ਨੂੰ ਭਰਤਪੁਰ ਨੇੜੇ ਖਾਨਵਾ ਦੀ ਜੰਗ ’ਚ ਬਾਬਰ ਦੀ ਫੌਜ ਨਾਲ ਜੂਝਦਿਆਂ ਸ਼ਹੀਦ ਹੋ ਗਿਆ ਸੀ।
d ਇਹ ਕਿਸੇ ਦਾ ਵੀ ਤਰਕ ਨਹੀਂ ਹੋ ਸਕਦਾ ਕਿ ਔਰੰਗਜ਼ੇਬ (1618-1707) ਨੇ ਆਪਣੀ ਹਿੰਦੋਸਤਾਨੀ ਪ੍ਰਜਾ ਖ਼ਿਲਾਫ਼ ਘਿਨਾਉਣੇ ਅਪਰਾਧ ਨਹੀਂ ਕੀਤੇ। ਇਸ ਯਾਦ ਰੱਖਣ ਯੋਗ ਹੈ ਕਿ ਉਸ ਦੀ ਕਰੂਰਤ ਗੈਰ ਮੁਸਲਮਾਨਾਂ ਤੱਕ ਹੀ ਸੀਮਤ ਨਹੀਂ ਸੀ। ਉਸਦੀ ਭਿਆਨਕ ਨਿਰਦੈਤਾ ਅਤੇ ਦਮਨ ਦਾ ਸ਼ਿਕਾਰ ਉਸ ਦਾ ਆਪਣੇ ਬਾਪ (ਮੁਗਲ ਬਾਦਸ਼ਾਹ ਜਹਾਂਗੀਰ), ਭਰਾ (ਦਾਰਾ ਸ਼ਿਕੋਹ, ਮੁਰਾਦ ਬਖਸ਼ ਤੇ ਸ਼ਾਹ ਸ਼ੁਜਾ), ਸ਼ੀਆ ਭਾਈਚਾਰਾ, ਉਹ ਮੁਸਲਮਾਨ ਜੋ ਇਸਲਾਮ ਦੀ ਉਸ ਦੀ ਪੱਧਤੀ ਦਾ ਪਾਲਣ ਨਹੀਂ ਸਨ ਕਰਦੇ ਅਤੇ ਭਾਰਤ ਦੇ ਪੂਰਵੀ, ਮੱਧ ਅਤੇ ਪੱਛਮੀ ਖਿੱਤਿਆਂ ਦੇ ਸ਼ਾਸਕ ਮੁਸਲਿਮ ਰਾਜ ਘਰਾਣੇ ਵੀ ਹੋਏ ਸਨ। ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ। ਸਿੱਖ ਗੁਰੂਆਂ, ਉਨ੍ਹਾਂ ਦੇ ਟੱਬਰਾਂ ਤੇ ਪੈਰੋਕਾਰਾਂ ਨਾਲ ਉਸ ਦੇ ਵਤੀਰੇ ਦੀ ਵਿਆਖਿਆ ਕਰਨ ਲਈ ‘ਬਰਬਰ’ ਸ਼ਬਦ ਵੀ ਬਹੁਤ ਹਲਕਾ ਜਾਪਦਾ ਹੈ।
ਏਸੇ ਔਰੰਗਜ਼ੇਬ ਨੇ ਸੂਫੀ ਸੰਤ ਸਰਮਦ ਨੂੰ ਦਿੱਲੀ ਦੀ ਜਾਮਾ ਮਸਜਿਦ ਦੇ ਵਿਹੜੇ ’ਚ ਕਤਲ ਕੀਤਾ ਸੀ। ਜਾਮਾ ਮਸਜਿਦ ਦੇ ਪੂਰਵੀ ਦਰਵਾਜੇ ’ਤੇ, ਜਿੱਥੋਂ ਪੌੜੀਆਂ ਸ਼ੁਰੂ ਹੁੰਦੀਆਂ ਹਨ, ਉੱਥੇ ਸਰਮਦ ਦੀ ਕਬਰ ’ਤੇ ਇਕ ਮਜ਼ਾਰ ਬਣੀ ਹੋਈ ਹੈ ਜੋ ਬਹੁਤ ਸਾਰੇ ਲੋਕਾਂ ਲਈ ਅੱਜ ਵੀ ਪੂਜਣ ਯੋਗ ਹੈ।
ਇਹ ਵੀ ਸੱਚ ਹੈ ਕਿ ਅਜਿਹੇ ਅਣਗਿਣਤ ਮਾਮਲੇ ਸਨ, ਜਦੋਂ ਔਰੰਗਜ਼ੇਬ ਦੇ ਬੇਲਗਾਮ ਸ਼ਾਸਨ ਦੌਰਾਨ ਹਿੰਦੂਆਂ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਹਿੰਸਕ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ। ਉਸ ਨੇ ਸਤਨਾਮੀਆਂ ਦੀ ਬਗ਼ਾਵਤ ਵੀ ਕੁਚਲ ਦਿੱਤੀ ਸੀ।
ਹਾਲਾਂਕਿ ਉਸ ਵਲੋਂ ਹਿੰਦੂ ਤੇ ਜੈਨ ਧਾਰਮਿਕ ਸਥਾਨਾਂ ਨੂੰ ਥਾਪੜੇ ਦੇ ਸਮਕਾਲੀ ਦਸਤਾਵੇਜ਼ ਵੀ ਮੌਜੂਦ ਹਨ। ਦੋ ਜੀਵੰਤ ਮਿਸਾਲਾਂ ਹਨ। ਪਹਿਲੀ- ਲਾਲ ਕਿਲ੍ਹੇ ਦੇ ਲਾਹੌਰੀ ਗੇਟ ਤੋਂ ਮਾਮੂਲੀ ਦੂਰੀ ’ਤੇ ਸ਼ਾਨੋ-ਸ਼ੌਕਤ ਵਾਲਾ ਗੌਰੀ ਸ਼ੰਕਰ ਮੰਦਰ ਬਣਿਆ ਹੋਇਆ ਹੈ। ਇਹ ਸ਼ਾਹਜਹਾਂ ਦੇ ਸ਼ਾਸਨ ਕਾਲ ਦੌਰਾਨ ਬਣਿਆ ਸੀ ਤੇ ਔਰੰਗਜ਼ੇਬ ਦੇ ਸ਼ਾਸਨ ਕਾਲ ਦੌਰਾਨ ਵੀ ਬਾਦਸਤੂਰ ਚੱਲਦਾ ਰਿਹਾ ਸੀ। ਦੂਜੀ ਹੈ ਲਾਲ ਕਿਲ੍ਹੇ ਦੇ ਠੀਕ ਸਾਹਮਣੇ ਬਣਿਆ ਜੈਨ ਮੰਦਰ (ਔਰੰਗਜ਼ੇਬ : ਸ਼ਖਸੀਅਤ ਅਤੇ ਮਿੱਥ- ਪੈਂਗਵਿਨ 2017 ਪੰਨਾ 99-106)
ਇਥੇ ਯਾਦ ਰੱਖਣ ਯੋਗ ਹੈ ਕਿ ਔਰੰਗਜ਼ੇਬ ਦੇ ਸਾਰੇ ਗੁਨਾਹਾਂ ਨੂੰ ਕੇਵਲ ਹਿੰਦੂਆਂ ਦੇ ਦਮਨ ਤੱਕ ਸੀਮਤ ਕਰਨਾ ਮਾਨਵਤਾ ਖ਼ਿਲਾਫ਼ ਉਸਦੇ ਸੰਗੀਨ ਜ਼ੁਰਮਾਂ ਨੂੰ ਛੁਟਿਆਉਣਾ ਹੋਵੇਗਾ।
d ਐਨਸੀਈਆਰਟੀ ਕਿੰਨੀ ਭੋਲੀ ਜਾਂ ਕਹਿ ਲਵੋ ਕਿ ਆਰ.ਐਸ.ਐਸ. ਦੇ ਸ਼ਿਕੰਜੇ ’ਚ ਫਸੀ ਹੋਈ ਹੈ ਕਿ ਉਸ ਨੂੰ ਇਸ ਸੱਚ ਦਾ ਇਲਮ ਹੀ ਨਹੀਂ ਹੈ ਕਿ ਔਰੰਗਜ਼ੇਬ ਜਾਂ ਮੁਗ਼ਲ ‘ਇਸਲਾਮਿਕ’ ਸ਼ਾਸਨ ਆਪਣਾ ਸਾਮਰਾਜ ਕਾਇਮ ਰੱਖਣ ਲਈ ਹਿੰਦੂ ਉੱਚ ਜਾਤੀਆਂ ਦਾ ਸਹਿਯੋਗ ਲੈਂਦਾ ਰਿਹਾ। ਇਹ ਤਾਂ ਹੋਂਦ ’ਚ ਹੀ ਹਿੰਦੂ ਉੱਚ ਜਾਤੀਆਂ ਦੇ ਝੁੰਡਾਂ ’ਚ ਮੁਸਲਮਾਨ ਸ਼ਾਸਕਾਂ ਦੀ ਸੇਵਾ ’ਚ ਸ਼ਾਮਲ ਹੋਣ ਕਾਰਨ ਆਇਆ ਸੀ ਅਤੇ ਮਜ਼ਬੂਤੀ ਨਾਲ ਚੱਲਦਾ ਰਿਹਾ ਸੀ। ਇਹ ਸਾਂਝ ਕਿੰਨੀ ਪੀਡੀ ਤੇ ਡੂੰਘੇਰੀ ਸੀ ਇਸ ਦਾ ਅੰਦਾਜ਼ ਇਸੇ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਅਕਬਰ ਤੋਂ ਪਿਛੋਂ ਕੋਈ ਵੀ ਮੁਗ਼ਲ ਬਾਦਸ਼ਾਹ ਮੁਸਲਮਾਨ ਮਾਂ ਦੇ ਪੇਟੋਂ ਨਹੀਂ ਸੀ ਜੰਮਿਆ। ਇਸ ਤੋਂ ਇਲਾਵਾ, ਹਿੰਦੂ ਉੱਚ ਜਾਤੀਆਂ ਨੇ ਮੁਸਲਿਮ ਸ਼ਾਸਕਾਂ ਪ੍ਰਤੀ ਅਸੀਮ ਵਫ਼ਾਦਾਰੀ ਦਿਖਾਉਂਦੇ ਹੋਏ ਉਨ੍ਹਾਂ ਦੀ ਬਲ-ਬੁੱਧੀ ਦੋਨਾਂ ਨਾਲ ਖੂਬ ਸੇਵਾ ਕੀਤੀ। ਅਰਬਿੰਦੋ ਘੋਸ਼, ਜਿਸਨੇ ਭਾਰਤੀ ਕੌਮਵਾਦ ਨੂੰ ਹਿੰਦੂ ਥੜ੍ਹਾ ਮੁਹੱਈਆ ਕਰਵਾਉਣ ’ਚ ਪ੍ਰਮੁੱਖ ਭੂਮਿਕਾ ਨਿਭਾਈ ਸੀ, ਨੇ ਕਬੂਲ ਕੀਤਾ ਸੀ ਕਿ ਮੁਗਲ ਸ਼ਾਸਨ ਇਸ ਤੱਥ ਕਾਰਨ ਟਿਕਿਆ ਰਿਹਾ ਕਿ ਮੁਗਲ ਸਮਰਾਟਾਂ ਨੇ ਹਿੰਦੂਆਂ ਨੂੰ ‘ਸੱਤਾ ਅਤੇ ਜ਼ਿੰਮੇਵਾਰੀ ਵਾਲੇ ਅਹੁਦੇ ਬਖਸ਼ੇ, ਆਪਣੀ ਸਲਤਨਤ ਦੀ ਰਾਖੀ ਲਈ ਉਨ੍ਹਾਂ ਦੇ ਦਿਮਾਗ਼ ਅਤੇ ਬਾਹੂਬਲ ਨੂੰ ਵਰਤਿਆ।’’ (ਤਾਰਾ ਚੰਦ-ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਇਤਿਹਾਸ- 1992, ਪੰਨਾ 162)
ਉੱਘੇ ਇਤਿਹਾਸਕਾਰ ਤਾਰਾ ਚੰਦ ਨੇ ਮੱਧਯੁਗੀ ਕਾਲ ਦੀ ਮੁੱਢਲੀ ਸ੍ਰੋਤ ਸਮੱਗਰੀ ’ਤੇ ਭਰੋਸਾ ਕਰਦਿਆਂ ਸਿੱਟਾ ਕੱਢਿਆ ਸੀ ਕਿ 16 ਵੀਂ ਸਦੀ ਦੇ ਅੰਤ ਤੋਂ 19 ਵੀਂ ਸਦੀ ਦੇ ਮੱਧ ਤੱਕ, “ਇਹ ਨਤੀਜਾ ਵਾਜ਼ਿਬ ਤੌਰ ’ਤੇ ਕੱਢਿਆ ਜਾ ਸਕਦਾ ਹੈ ਕਿ ਪੱਛਮੀ ਪੰਜਾਬ ਨੂੰ ਛੱਡ ਕੇ ਪੂਰੇ ਭਾਰਤ ’ਚ ਭੂਮੀ ਦੇ ਸ਼੍ਰੇਸ਼ਟ ਅਧਿਕਾਰ ਹਿੰਦੂਆਂ ਦੀ ਹੱਥੀਂ ਆ ਗਏ ਸਨ, ਜਿਨ੍ਹਾਂ ’ਚੋਂ ਜ਼ਿਆਦਾਤਰ ਰਾਜਪੂਤ ਸਨ।’’ (ਤਾਰਾ ਚੰਦ – ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਇਤਿਹਾਸ, ਪੰਨਾ 124)
‘ਮਾਅਸਿਰੁਲ-ਉਮਰਾ’ ਯਾਨਿ ‘ਕਮਾਂਡਰਾਂ ਦੀ ਜੀਵਨੀ’, ਸੰਨ 1556 ਤੋਂ 1780, ਭਾਵ ਅਕਬਰ ਤੋਂ ਲੈ ਕੇ ਸ਼ਾਹ ਆਲਮ ਤੱਕ ਮੁਗ਼ਲ ਸਾਮਰਾਜ ਦੇ ਅਧਿਕਾਰੀਆਂ ਦਾ ਜੀਵਨੀ ਸ਼ਬਦਕੋਸ਼ ਹੈ। ਇਸ ਨੂੰ ਮੁਗ਼ਲ ਸ਼ਾਸਕਾਂ ਵੱਲੋਂ ਰੱਖੇ ਗਏ ਉੱਚ ਰੈਂਕ ਦੇ ਅਧਿਕਾਰੀਆਂ ਦਾ ਸਭ ਤੋਂ ਸਟੀਕ ਰਿਕਾਰਡ ਮੰਨਿਆ ਜਾਂਦਾ ਹੈ। ਇਹ ਸ਼ਾਹਨਵਾਜ਼ ਖਾਨ ਤੇ ਉਨ੍ਹਾਂ ਦੇ ਬੇਟੇ ਅਬਦੁਲ ਹਈ ਨੇ ਸੰਨ 1741 ਤੇ 1780 ਦਰਮਿਆਨ ਸੰਕਲਿਤ ਕੀਤਾ ਸੀ। ਇਹ ਬਿਓਰਾ ਮੁਗਲ ਸ਼ਾਸਕਾਂ ਦੇ ਦਸਤਾਵੇਜ਼ਾਂ ’ਤੇ ਆਧਾਰਿਤ ਸੀ।
ਇਸ ਤੋਂ ਇਲਾਵਾ ਇਸ ਮਿਆਦ ’ਚ ਮੁਗਲ ਸ਼ਾਸਕਾਂ ਨੇ 365 ’ਚੋਂ ਲਗਭਗ 100 ਹਿੰਦੂਆਂ ਨੂੰ ਉੱਚ ਦਰਜੇ ਦੇ ਆਲ੍ਹਾ ਅਹੁਦਿਆਂ ’ਤੇ ਨਿਯੁਕਤ ਕੀਤਾ ਹੋਇਆ ਸੀ। ਇਨ੍ਹਾਂ ’ਚੋਂ ਜ਼ਿਆਦਾਤਰ ਰਾਜਪੂਤਾਨੇ, ਮੱਧ ਭਾਰਤ, ਬੁੰਦੇਲਖੰਡ, ਮਹਾਰਾਸ਼ਟਰ ਦੇ ਰਾਜਪੂਤ ਸਨ। ਬ੍ਰਾਹਮਣਾਂ ਨੇ ਵੀ ਮੁਗ਼ਲ ਪ੍ਰਸ਼ਾਸਨ ਦੀ ਸੇਵਾ-ਸੰਭਾਲ ’ਚ ਰਾਜਪੂਤਾਂ ਦੀ ਪੈੜ ’ਚ ਪੈਰ ਧਰਿਆ ਸੀ। ਇੱਥੇ ਇਕ ਹੋਰ ਦਿਲਚਸਪ ਗੱਲ ਸਾਂਝੀ ਕਰਦੇ ਹਾਂ। ਸੰਨ 1893 ’ਚ ‘ਕਾਸ਼ੀ ਨਗਰੀ ਪ੍ਰਚਾਰਨੀ ਸਭਾ’ ਨਾਮੀ ਸੰਸਾਥੀ ਕਾਇਮ ਹੋਈ ਸੀ, ਜੋ ਹਿੰਦੀ ਨੂੰ ਅਧਿਕਾਰਤ ਭਾਸ਼ਾ ਵਜੋਂ ਸਥਾਪਿਤ ਕਰਨ ਦੇ ਉਦੇਸ਼ ਪ੍ਰਤੀ ਸਮਰਪਿਤ ਸੀ। ਇਸ ਸਭਾ ਨੇ ਸੰਨ 1931 ’ਚ ਉਪਰੋਕਤ ਪੁਸਤਕ ਦੇ ਮੁਗ਼ਲ ਦਰਬਾਰ ਦੇ ਹਿੰਦੂ ਸਰਦਾਰਾਂ ਦੀਆਂ ਜੀਵਨੀਆਂ ਦਾ ਵੇਰਵਾ ਦਿੰਦੇ ਅੰਸ਼, ਹਿੰਦੀ ’ਚ ਇਕ ਵੱਖਰੀ ਕਿਤਾਬ ਵਜੋਂ ਛਾਪੇ ਸਨ। ਅਨੁਵਾਦਕ ਦਾ ਨਾਂ ਵਰਜ ਰਤਨ ਦਾਸ ਸੀ।
d ਔਰੰਗਜ਼ੇਬ ਨੇ ਕਦੀ ਵੀ ਮੈਦਾਨ-ਇ-ਜੰਗ ’ਚ ਸ਼ਿਵਾਜੀ ਦਾ ਸਾਹਮਣਾ ਨਹੀਂ ਸੀ ਕੀਤਾ। ਬਲਕਿ ਸ਼ਿਵਾਜੀ (1603-1680) ਨੂੰ ਅਧੀਨ ਕਰਨ ਲਈ ਆਮੇਰ (ਰਾਜਸਥਾਨ) ਦੇ ਰਾਜਪੂਤ ਸ਼ਾਸਕ ਜਯ ਸਿੰਘ-ਪਹਿਲਾ (1611-1667) ਨੂੰ ਸੈਨਾਪਤੀ ਵਜੋਂ ਭੇਜਿਆ ਗਿਆ ਸੀ। ਉਸੇ ਦਾ ਭਤੀਜਾ, ਜਯ ਸਿੰਘ-ਦੂਜਾ (1681- 1743) ਮੁਗ਼ਲ ਫੌਜ ਦਾ ਇਕ ਹੋਰ ਸੈਨਾਪਤੀ ਸੀ ਜਿਸ ਨੇ ਔਰੰਗਜ਼ੇਬ ਦੀ ਵਫਾਦਾਰੀ ਨਾਲ ਚਾਕਰੀ ਕੀਤੀ ਸੀ। ਔਰੰਗਜ਼ੇਬ ਨੇ 1699 ’ਚ ਉਸ ਨੂੰ ਸਵਾਈ ਯਾਨਿ ਆਪਣੇ ਸਮਕਾਲੀਆਂ ਨਾਲੋਂ ਸਵਾ ਗੁਣਾ ਬਿਹਤਰ ਦੀ ਉਪਾਧਿ ਦੇ ਕੇ ਸਨਮਾਨਿਤ ਕੀਤਾ ਸੀ। ਇਸੇ ਕਰਕੇ ਉਸਨੂੰ ਮਹਾਰਾਜਾ ਸਵਾਈ ਜਯ ਸਿੰਘ ਕਿਹਾ ਜਾਂਦਾ ਸੀ। ਉਸ ਨੂੰ ਔਰੰਗਜ਼ੇਬ ਨੇ ਮਿਰਜ਼ਾ ਰਾਜਾ (ਸ਼ਾਹੀ ਰਾਜ ਕੁਮਾਰ ਲਈ ਫਾਰਸੀ ਉਪਾਧੀ) ਦਾ ਰੁਤਬਾ ਵੀ ਦਿੱਤਾ ਸੀ। ਹੋਰ ਮੁਗ਼ਲ ਸ਼ਾਸਕਾਂ ਨੇ ਉਸ ਨੂੰ ‘ਸਰਮਦ-ਇ-ਰਾਜਾਹ-ਏ-ਹਿੰਦ’ (ਭਾਰਤ ਦੇ ਸ਼ਾਸ਼ਵਤ ਸ਼ਾਸ਼ਕ), ‘ਰਾਜ ਰਾਜੇਸ਼ਵਰ’ (ਰਾਜਿਆਂ ਦਾ ਸਵਾਮੀ), ‘ਸ਼੍ਰੀ ਸ਼ਾਂਤਨੂ ਜੀ’ (ਕਲਿਆਣਕਾਰੀ ਰਾਜਾ) ਆਦਿ ਉਪਾਧੀਆਂ ਦਿੱਤੀਆਂ ਹੋਈਆਂ ਸਨ, ਜੋ ਉਸ ਦੇ ਵੰਸ਼ਜਾਂ ਵਲੋਂ ਅੱਜ ਵੀ ਦਰਸਾਈਆਂ ਜਾਂਦੀਆਂ ਹਨ।
d ਮੌਜੂਦ ਹਿੰਦੂਤਵੀ ਪਟਕਥਾ ਅਨੁਸਾਰ ਪ੍ਰਤਾਪ ਸਿੰਘ ਪਹਿਲਾ (1540-1597) ਹੀ ਮਹਾਰਾਣਾ ਪ੍ਰਤਾਪ ਵਜੋਂ ਜਾਣਿਆ ਜਾਂਦਾ ਹੈ। ਇਹ ਭਾਰਤ ਦੇ ਮੁਗ਼ਲ ਸ਼ਾਸਕ ਅਕਬਰ ਦੇ ਵਿਰੁੱਧ ਹਿੰਦੂ ਤੇ ਹਿੰਦੂ ਰਾਸ਼ਟਰ ਲਈ ਲਾਡੋਜੀ ਇਸਲਾਮੀ ਸ਼ਾਸ਼ਨ ਤਹਿਤ ਭਾਰਤ ਦੇ ਹਿੰਦੂਆਂ ਨੂੰ ਅਧੀਨ ਕਰਨ ਦਾ ਚਾਹਵਾਨ ਸੀ। ਦਿਲਚਸਪ ਗੱਲ ਇਹ ਹੈ ਕਿ ਅਕਬਰ ਨੇ ਕਦੀ ਵੀ ਜੰਗ ’ਚ ਮਹਾਰਾਣਾ ਪ੍ਰਤਾਪ ਦਾ ਸਾਹਮਣਾ ਨਹੀਂ ਸੀ ਕੀਤਾ। ਮੁਗ਼ਲ ਸਾਮਰਾਜ ਦੀ ਤਰਫੋਂ ਮਹਾਰਾਣਾ ਪ੍ਰਤਾਪ ਖ਼ਿਲਾਫ਼ ਲੜਾਈ ਅਕਬਰ ਦੇ ਸਭ ਤੋਂ ਭਰੋਸੇਮੰਦ ਰਾਜਪੂਤ ਕਮਾਂਡਰ ਮਾਨ ਸਿੰਘ (1550-1614), ਜੋ ਉਸ ਦਾ ਸਾਲਾ ਵੀ ਸੀ, ਨੇ ਲੜੀ ਸੀ। ਮੁਗ਼ਲ ਫੌਜ ਨੇ, ਮਹਾਰਾਣਾ ਪ੍ਰਤਾਪ ਦੀ ਫੌਜ ਖ਼ਿਲਾਫ਼ ਹਲਦੀ ਘਾਟੀ ਦੀ ਸਭ ਤੋਂ ਮਹੱਤਵਪੂਰਨ ਜੰਗ (18 ਜੂਨ 1576) ਮਾਨ ਸਿੰਘ ਦੀ ਅਗਵਾਈ ਹੇਠ ਹੀ ਲੜੀ ਸੀ। ਉਹ ਨਵਰਤਨਾਂ (ਅਕਬਰ ਦੇ ਦਰਬਾਰ ’ਚ ਉਸ ਦੇ ਚਹੇਤੇ ਦਰਬਾਰੀ) ’ਚੋਂ ਇਕ ਸੀ। ਅਕਬਰ ਉਸ ਨੂੰ ਆਪਣਾ ਫਰਜੰਦ (ਸਪੁੱਤਰ) ਸੱਦਦਾ ਸੀ ਤੇ ਉਸ ਨੇ ਅਕਬਰ ਦੇ ਸਾਮਰਾਜ ਦੇ ਕਈ ਸੂਬਿਆਂ ’ਤੇ ਰਾਜ ਕੀਤਾ ਸੀ। ਇਹ ਵੀ ਧਿਆਨ ਦੇਣ ਯੋਗ ਹੈ ਕਿ ਇਕ ਅਫਗਾਨ ਹਕੀਮ ਖਾਨ ਸੂਰ/ ਸੂਰੀ ਮਹਾਰਾਣਾ ਪ੍ਰਤਾਪ ਦੀ ਫੌਜ ’ਚ ਤੋਪਖਾਨੇ ਦਾ ਮੁਖੀ ਸੀ ਜੀ ਹਲਦੀਘਾਟੀ ਦੀ ਜੰਗ ’ਚ ਸ਼ਹੀਦ ਹੋਇਆ ਸੀ।
d ਰਾਜ ਰਘੂਨਾਥ ਬਹਾਦਰ ਨਾਂ ਦਾ ਇਕ ਕਾਇਸਥ, ਸ਼ਾਹਜਹਾਂ ਤੇ ਔਰੰਗਜ਼ੇਬ ਦੋਨਾਂ ਦੇ ਆਲ੍ਹਾ ਦੀਵਾਨ (ਪ੍ਰਧਾਨ ਮੰਤਰੀ) ਵਜੋਂ ਕਾਰਜ ਕਰਦਾ ਸੀ। ਸਮਕਾਲੀ ਦਸਤਾਵੇਜ਼ਾਂ ’ਚ ਇਸ ਦਾ ਪ੍ਰਤੱਖ ਵੇਰਵਾ ਮਿਲਦਾ ਹੈ।
ਉਸਦੇ ਜਾਨਸ਼ੀਨਾਂ ’ਚੋਂ ਇਕ ਰਾਜਾ ਮਹਾਰਾਜ ਲਾਲ ਵੱਲੋਂ ਲਿਖੀ ਜੀਵਨੀ ਮੁਤਾਬਕ, “ਰਾਜਾ ਰਘੂਨਾਥ ਬਹਾਦਰ ਆਲ੍ਹਾ ਦੀਵਾਨ (ਪ੍ਰਧਾਨ ਮੰਤਰੀ) ਦੇ ਸਭ ਤੋਂ ਬੁਲੰਦ ਰੁਤਬੇ ’ਤੇ ਪੁੱਜ ਕੇ ਵੀ ਆਪਣੇ ਹਮਜਾਤ ਭਰਾਵਾਂ (ਕਾਇਸਥਾਂ) ਦੇ ਹਿੱਤਾਂ ਤੋਂ ਬੇਖਬਰ ਨਹੀਂ ਸਨ। ਰਾਜਾ ਨੇ ਉਨ੍ਹਾਂ ’ਚੋਂ ਹਰੇਕ ਨੂੰ ਉਸਦੀ ਨਿੱਜੀ ਯੋਗਤਾ ਅਨੁਸਾਰ ਸਨਮਾਨ ਦਿੱਤਾ ਤੇ ਲਾਭਦਾਇਕ ਅਹੁਦਿਆਂ ’ਤੇ ਬਿਠਾਇਆ। ਉਨ੍ਹਾਂ ’ਚੋਂ ਕਈਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨ ਤੇ ਮੁਲੱਵਾਨ ਜਗੀਰਾਂ ਵੀ ਬਖਸ਼ੀਆਂ ਗਈਆਂ। ਇਕ ਵੀ ਕਾਇਸਥ ਬੇਰੁਜ਼ਗਾਰ ਜਾਂ ਲੋੜਵੰਦਾਂ ਵਾਲੀ ਹਾਲਾਤ ’ਚ ਨਹੀਂ ਸੀ ਰਿਹਾ।
ਇਸ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਔਰੰਗਜ਼ੇਬ, ਜੋ ਇਕ ਕੱਟੜ ਮੁਸਲਮਾਨ ਤੇ ਬੇਲਗ਼ਾਮ ਬਾਦਸ਼ਾਹ ਸੀ, ਦੀ ਸਲਤਨਤ ’ਚ ਇਕ ਕਾਇਸਥ ਪ੍ਰਧਾਨ ਮੰਤਰੀ ਆਪਣੀ ਜਾਤੀ ਦੇ ਲੋਕਾਂ, ਜੋ ਹਿੰਦੂ ਸਨ, ਨੂੰ ਸੰਰਕਸ਼ਣ ਦੇਣ ਲਈ ਆਜ਼ਾਦ ਸੀ। ਔਰੰਗਜ਼ੇਬ ਇਸ ਹਿੰਦੂ ਪ੍ਰਧਾਨ ਮੰਤਰੀ ਦਾ ਐਨਾ ਮੁਰੀਦ ਸੀ ਕਿ ਉਸ ਦੀ ਮੌਤ ਤੋਂ ਪਿੱਛੋਂ ਆਪਣੇ ਇਕ ਵਜੀਰ ਅਸਦ ਖਾਨ ਨੂੰ ਇਕ ਚਿੱਠੀ ਰਾਹੀਂ ਇਹ ਹਿਦਾਇਤ ਦਿੱਤੀ ਸੀ ਕਿ ਰਾਜਾ ਰਘੂਨਾਥ ਦੇ ‘ਰਿਸ਼ੀ ਮਾਰਗ ਦਰਸ਼ਨ’ ਦਾ ਪਾਲਨ ਕੀਤਾ ਜਾਵੇ।
d 5 ਹਜ਼ਾਰ ਸਾਲ ਪੁਰਾਣੀ ਸੱਭਿਅਤਾ ’ਚੋਂ ਕੇਵਲ ਮੁਸਲਮਾਨ ਦੌਰ ਯਾਨਿ 500 ਸਾਲਾਂ ਦੀ ਹੀ ਪੜਤਾਲ ਕੀਤੀ ਜਾ ਰਹੀ ਹੈ।
ਔਰੰਗਜ਼ੇਬ ਜਾਂ ਹੋਰ ਮੁਸਲਮਾਨ ਸ਼ਾਸਕਾਂ ਦੇ ਪੂਰਵ-ਆਧੁਨਿਕ ਭਾਰਤ ’ਚ ਕੀਤੇ ਗਏ ਗੁਨਾਹਾਂ ਨੂੰ ਉਨ੍ਹਾਂ ਦੇ ਧਰਮ ਨਾਲ ਜੋੜਨ ਦੇ ਆਰਐਸਐਸ ਵਲੋਂ ਦੱਸੇ ਗਏ ‘ਹਿੰਦੂ’ ਇਤਿਹਾਸ ਲਈ ਵੀ ਗੰਭੀਰ ਨਤੀਜੇ ਨਿਕਲਣ ਜਾ ਰਹੇ ਹਨ। ਮਿਸਾਲ ਵਜੋਂ, ਲੰਕਾ ਦੇ ਰਾਜਾ ਰਾਵਣ ਨੂੰ ਹੀ ਲਓ, ਜਿਸਨੇ ‘ਹਿੰਦੂ’ ਕਥਾ ਮੁਤਾਬਕ 14 ਸਾਲ ਲੰਮੇ ਬਣਵਾਸ ਜਾਂ ਬਣਵਾਸ ਦੌਰਾਨ ਸੀਤਾ ਮਾਤਾ, ਉਨ੍ਹਾਂ ਦੇ ਪਤੀ ਸ਼੍ਰੀ ਰਾਮ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਬਿਆਨੋਂ ਬਾਹਰੇ ਅਪਰਾਧ ਕੀਤੇ। ਇਹ ਰਾਵਣ, ਉਸੇ ਕਥਾ ਅਨੁਸਾਰ ਬ੍ਰਾਹਮਣ ਸੀ, ਜੋ ਸ਼ਿਵ ਦੇ ਸਭ ਤੋਂ ਵੱਡੇ ਉਪਾਸਕਾਂ ’ਚੋਂ ਇਕ ਸੀ।
d ਮਹਾਕਾਵਿ ਮਹਾਂਭਾਰਤ ਹਿੰਦੂ-ਮੁਸਲਮਾਨਾਂ ਵਿਚਾਲੇ ਨਹੀਂ ਬਲਕਿ ਦੋ ਹਿੰਦੂ ਫੌਜਾਂ-ਕੌਰਵਾਂ ਤੇ ਪਾਂਡਵਾਂ (ਦੋਨੋਂ ਖੱਤਰੀ) ਦਰਮਿਆਨ ਹੋਈ ਭੀਸ਼ਣ ਜੰਗ ਦੀ ਕਹਾਣੀ ਹੈ। ਇਸ ਵਿਚ, ‘ਹਿੰਦੂ’ ਬਿਰਤਾਂਤ ਅਨੁਸਾਰ 120 ਕਰੋੜ ਪ੍ਰਾਣੀਆਂ (ਸਾਰੇ ਹਿੰਦੂ) ਦਾ ਬਧ ਹੋਇਆ ਸੀ। ਪਾਂਡਵਾਂ ਦੀ ਸੰਯੁਕਤ ਪਤਨੀ ਦ੍ਰੋਪਦੀ ਨੂੰ ਕੌਰਵਾਂ (ਸਾਰੇ ਹਿੰਦੂ) ਨੇ ਨਿਰਵਸਤਰ ਕਰ ਦਿੱਤਾ ਸੀ।
ਜੇਕਰ ਔਰੰਗਜ਼ੇਬ ਤੇ ਹੋਰ ਮੁਸਲਮਾਨ ਸ਼ਾਸਕਾਂ ਵਾਂਗੂੰ ਰਾਵਣ, ਕੌਰਵਾਂ, ਜਯ ਸਿੰਘ ਪਹਿਲਾ ਤੇ ਦੂਜਾ ਆਦਿ ਦੇ ਗੁਨਾਹਾਂ ਨੂੰ ਉਨ੍ਹਾਂ ਦੇ ਧਰਮ ਨਾਲ ਜੋੜ ਦਿੱਤਾ ਜਾਵੇ ਤਾਂ ਦੇਸ਼ ਬੁੱਚੜਖਾਨੇ ’ਚ ਤਬਦੀਲ ਹੋ ਜਾਵੇਗਾ। ਅਤੇ, ਜੇਕਰ ਅਤੀਤ ਦੇ ਗੁਨਾਹਗਾਰਾਂ ਦੇ ਵਰਤਮਾਨ ਸਹਿਧਰਮੀਆਂ ਤੋਂ ਇੰਤਕਾਲ ਲੈਣਾ ਹੈ ਤਾਂ ਇਸ ਦੀ ਸ਼ੁਰੂਆਤ ਭਾਰਤੀ ਸੱਭਿਅਤਾ ਦੇ ਆਰੰਭ ਤੋਂ ਕਰਨੀ ਹੋਵੇਗੀ। ਭਾਰਤੀ ਮੁਸਲਮਾਨਾਂ ਦੀ ਵਾਰੀ ਤਾਂ ਬਹੁਤ ਪਿਛੋਂ ਆਵੇਗੀ।
d ਹਿੰਦੋਸਤਾਨ ਦੀ 5 ਹਜ਼ਾਰ ਸਾਲ ਦੀ ਤਵਾਰੀਖ਼ (ਮੁਸਲਿਮ ਦੌਰ ਤੋਂ ਪਹਿਲਾਂ) ਦਾ ਹਿੰਦੂ ਵਿਵਰਣ ਅਜਿਹੀਆਂ ਅਣਗਿਣਤ ਮਿਸਾਲਾਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਧਾਰਮਿਕ ਨਪੀੜਨ ਕੋਈ ਲੁਕਿਆ ਮਾਮਲਾ ਨਹੀਂ ਸੀ।
ਸਵਾਮੀ ਵਿਵੇਕਾਨੰਦ, ਜਿਸ ਦੇ ਹਿੰਦੂ ਹੋਣ ਬਾਰੇ ਐਨਸੀਈਆਰਟੀ ਨੂੰ ਕੋਈ ਸ਼ਕ-ਸ਼ੁਭਾ ਨਹੀਂ ਹੋਣਾ ਚਾਹੀਦਾ, ਨੇ ਬੜੇ ਸਪੱਸ਼ਟ ਸ਼ਬਦਾਂ ’ਚ ਜਾਣਕਾਰੀ ਦਿੱਤੀ ਹੈ ਕਿ, “ਜਗਨਨਾਥ ਮੰਦਰ ਇਕ ਪੁਰਾਤਨ ਬੌਧ ਮੰਦਰ ਹੈ। ਆਪਾਂ ਇਸ ਨੂੰ ਤੇ ਹੋਰ ਮੰਦਰਾਂ ਨੂੰ ਆਪਣੇ ਅਧੀਨ ਕਰਕੇ ਇਨ੍ਹਾਂ ਦਾ ਪੁਨਰ ਹਿੰਦੂਕਰਨ ਕੀਤਾ ਹੈ। ਆਪਾਂ ਨੇ ਹਾਲੇ ਵੀ ਅਜਿਹੇ ਕਈ ਹੋਰ ਕੰਮ ਕਰਨੇ ਹਨ।’’ [ਸਵਾਮੀ ਵਿਵੇਕਾਨੰਦ ਰਚਨਾਵਲੀ, ਲੜੀ ਨੰ 3, ਪੰਨਾ 264]
ਹਿੰਦੂਤਵੀ ਖੇਮੇ ਦੇ ਇਕ ਹੋਰ ਦਾਰਸ਼ਨਿਕ ਬੰਕਿਮ ਚੰਦਰ ਚੈਟਰਜੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਸ ਮੁਤਾਬਕ ਜਗਨਨਾਥ ਮੰਦਰ ਦਾ ਇਕ ਅਨਿੱਖੜਵਾਂ ਅੰਗ, ਰਥ ਯਾਤਰਾ ਵੀ ਇਕ ਬੌਧ ਪਰੰਪਰਾ ਸੀ। ਉਸਨੇ ਲਿਖਿਆ ਹੈ, “ਮੈਨੂੰ ਪਤਾ ਹੈ ਕਿ ਜਨਰਲ ਕਨਿੰਘਮ ਨੇ ਭਿਲਸਾ ਟੋਪੇਸ ’ਤੇ ਆਪਣੇ ਕੰਮ ’ਚ (ਜਗਨਨਾਥ ਮੰਦਰ ’ਚ) ਰੱਥ ਉਤਸਵ ਦੀ ਉਤਪਤੀ ਦਾ ਇਕ ਬਹੁਤ ਹੀ ਉਚਿਤ ਵੇਰਵਾ ਦਿੱਤਾ ਹੈ। ਉੱਥੇ, ਉਨ੍ਹਾਂ ਇਸ ਨੂੰ ਬੋਧੀਆਂ ਦਾ ਇਕ ਅਜਿਹੇ ਹੀ ਪਰਵ ਨਾਲ ਜੋੜਿਆ ਹੈ, ਜਿਸ ਵਿਚ ਬੁੱਧ ਧਰਮ ਦੇ ਤਿੰਨ ਪ੍ਰਤੀਕ-‘ਬੱੁਧ, ਧਰਮ ਤੇ ਸੰਘ’ ਦੇ ਚਿੱਤਰ ਉਸੇ ਸ਼ੈਲੀ ’ਚ ਰੱਥ ’ਤੇ ਵਾਹੇ ਜਾਂਦੇ ਸਨ, ਅਤੇ ਮੇਰਾ ਮੰਨਣਾ ਹੈ ਕਿ ਇਹ ਰੱਥ ਵਰਗਾ ਹੀ ਮੌਸਮ ਸੀ। ਇਹ ਤੱਥ ਇਸ ਸਿਧਾਂਤ ਦਾ ਮੁਕੰਮਲ ਸਮਰਥਨ ਕਰਦਾ ਹੈ ਕਿ ਜਗਨਨਾਥ, ਬਲਰਾਮ ਤੇ ਸੁਭੱਦਰਾ ਦੀਆਂ ਮੂਰਤੀਆਂ, ਜੋ ਹੁਣ ਰੱਥ ’ਚ ਹਨ, ‘ਬੁੱਧ, ਧਰਮ, ਸੰਘ’ ਦੇ ਸਰੂਪਾਂ ਦੀਆਂ ਪ੍ਰਤੀਮੂਰਤੀਆਂ ਹੀ ਹਨ, ਅਤੇ ਇਉਂ ਪ੍ਰਤੀਤ ਹੁੰਦਾ ਹੈ ਕਿ ਇਹ ਉਸੇ ਆਧਾਰ ’ਤੇ ਬਣਾਈਆਂ ਗਈਆਂ ਹਨ।’’ (ਬੀਸੀ ਚੈਟਰਜੀ- ਹਿੰਦੂ ਤਿਉਹਾਰਾਂ ਦੀ ਉਤਪਤੀ, ਪੰਨਾ 8-9)
ਇਹ ਕੋਈ ਇਕਲੌਤੀ ਘਟਨਾ ਨਹੀਂ ਸੀ। ਸਵਾਮੀ ਦਯਾਨੰਦ ਸਰਸਵਤੀ, ਜਿਸ ਨੂੰ ਹਿੰਦੂਤਵ ਦਾ ਅਗਰਦੂਤ ਮੰਨਿਆ ਜਾਂਦਾ ਹੈ, ਨੇ ਆਪਣੇ ਗ੍ਰੰਥ ‘ਸਤਿਆਰਥ ਪ੍ਰਕਾਸ਼’ ’ਚ ਸ਼ੰਕਰਾਚਾਰੀਆ (8ਵੀਂ ਸਦੀ) ਦੇ ਯੋਗਦਾਨ ਦੀ ਚਰਚਾ ਕਰਦਿਆਂ ਲਿਖਿਆ ਹੈ, “ਦਸ ਵਰਿ੍ਹਆਂ ਤਾਈਂ ਉਨ੍ਹਾਂ ਪੂਰੇ ਦੇਸ਼ ਦਾ ਭ੍ਰਮਣ ਕੀਤਾ, ਜੈਨ ਧਰਮ ਦਾ ਖੰਡਨ ਕੀਤਾ ਤੇ ਵੈਦਿਕ ਧਰਮ ਦਾ ਸਮਰਥਨ ਕੀਤਾ। ਅੱਜ ਕੱਲ੍ਹ ਜ਼ਮੀਨ ’ਚੋਂ ਜੋ ਵੀ ਖੰਡਤ ਮੂਰਤੀਆਂ ਕੱਢੀਆਂ ਜਾਂਦੀਆਂ ਹਨ, ਉਹ ਸ਼ੰਕਰ ਦੇ ਕਾਲ ’ਚ ਖੰਡਤ ਹੋਈਆਂ ਸਨ। ਜਦਕਿ ਜੋ ਮੂਰਤੀਆਂ ਏਧਰ-ਓਧਰ ਜ਼ਮੀਨ ਹੇਠੋਂ ਸਾਬਤ ਮਿਲਦੀਆਂ ਹਨ, ਉਹ ਜੈਨੀਆਂ ਨੇ ਖੰਡਤ ਹੋਣ ਦੇ ਡਰੋਂ ਦੱਬ ਦਿੱਤੀਆਂ ਸਨ। (‘ਸਤਿਆਰਥ ਪ੍ਰਕਾਸ਼’ ਪੰਨਾ 347)
ਉੱਘੇ ਇਤਿਹਾਸਕਾਰ ਸਰ ਜਦੂਨਾਥ ਸਰਕਾਰ (1870-1958), ਜਿਸ ਨੂੰ ਇਸਲਾਮ ਜਾਂ ਮੁਸਲਿਮ ਸ਼ਾਸਕਾਂ ਨਾਲ ਕੋਈ ਮੋਹ ਨਹੀਂ ਸੀ ਅਤੇ ਜਿਸਨੂੰ ਆਰ.ਐਸ.ਐਸ. ਸੱਚਾ ਹਿੰਦੂ ਇਤਿਹਾਸਕਾਰ ਮੰਨਦਾ ਹੈ, ਨੇ 1742 ਵਿਚ ਬੰਗਾਲ ਤੇ ਮਰਾਠਾ ਹਮਲੇ ਬਾਰੇ ਆਪਣੀਆਂ ਲਿਖਤਾਂ ’ਚ ਸਾਫ ਕਿਹਾ ਹੈ ਕਿ ‘ਹਿੰਦੂ ਰਾਸ਼ਟਰ’ ਦੀ ਇਸ ਸੈਨਾ ਨੂੰ ਬੰਗਾਲ ਦੇ ਹਿੰਦੂਆਂ ਦੇ ਸਨਮਾਨ ਤੇ ਸੰਪਤੀ ਦੀ ਭੋਰਾ ਭਰ ਵੀ ਪ੍ਰਵਾਹ ਨਹੀਂ ਸੀ। ਉਸ ਅਨੁਸਾਰ, “ਘੁਮੰਕੜ ਮਰਾਠਾ ਦਸਤਿਆਂ ਨੇ ਬੇਰਹਿਮੀ ਨਾਲ ਤਬਾਹੀ ਮਚਾਈ ਤੇ ਨਾ ਬਿਆਨ ਕਰਨ ਯੋਗ ਜੁਲਮ ਢਾਹੇ।’’ (ਬੰਗਾਲ ਦਾ ਇਤਿਹਾਸ, ਪੰਨਾ 457)
ਬੰਗਾਲ ਦੇ ਇਤਿਹਾਸ ਬਾਰੇ ਆਪਣੀ ਇਸ ਮਹਾਨ ਰਚਨਾ ’ਚ ਸ਼੍ਰੀ ਸਰਕਾਰ ਨੇ ਮਰਾਠਿਆਂ ਵੱਲੋਂ ਬੰਗਾਲੀ ਹਿੰਦੂਆਂ ’ਤੇ ਕੀਤੇ ਗਏ ਅੱਤਿਆਚਾਰਾਂ ਦਾ ਭੁਗਤ ਭੋਗੀਆਂ ਦਾ ਅੱਖੀਂ ਦੇਖਿਆ ਬਿਰਤਾਂਤ ਪੇਸ਼ ਕੀਤਾ ਹੈ। ਅਜਿਹੇ ਹੀ ਇਕ ਪ੍ਰਤੱਖ ਦਰਸ਼ੀ ਗੰਗਾ ਰਾਮ ਅਨੁਸਾਰ, “ਮਰਾਠਿਆਂ ਨੇ ਸੋਨਾ-ਚਾਂਦੀ ਲੁੱਟ ਲਿਆ, ਬਾਕੀ ਸਭ ਕੁਛ ਤਿਆਗ ਦਿੱਤਾ। ਕੁਛ ਲੋਕਾਂ ਦੇ ਹੱਥ ਵੱਢ ਦਿੱਤੇ, ਕੁਛ ਦੇ ਨੱਕ-ਕੰਨ ਅਤੇ ਕਈਆਂ ਨੂੰ ਤਾਂ ਸਿੱਧਾ ਮਾਰ ਹੀ ਦਿੱਤਾ। ਸੁੰਦਰ ਔਰਤਾਂ ਨੂੰ ਘੜੀਕ ਕੇ ਲੇ ਗਏ ਅਤੇ ਬਲਾਤਕਾਰ ਕਰਕੇ ਹੀ ਉਨ੍ਹਾਂ ਨੂੰ ਮੁਕਤ ਕੀਤਾ। (ਬੰਗਾਲ ਦਾ ਇਤਿਹਾਸ, ਭਾਗ ਦੋ, ਪੰਨਾ 457)
ਇਕ ਹੋਰ ਪ੍ਰਤੱਖ ਦਰਸ਼ੀ ਵਣੇਸ਼ਵਰ ਵਿਦਿਆਲੰਕਰ, ਜੋ ਵਰਧਮਾਨ ਦੇ ਮਹਾਰਾਜਾ ਦਾ ਪੁਰੋਹਿਤ ਸੀ, ਨੇ ਮਰਾਠਿਆਂ ਵਲੋਂ ਹਿੰਦੂਆਂ ’ਤੇ ਕੀਤੇ ਗਏ ਅਤਿਆਚਾਰਾਂ ਦੀਆਂ ਭਿਆਨਕ ਕਹਾਣੀਆਂ ਇਨ੍ਹਾਂ ਸ਼ਬਦਾਂ ’ਚ ਬਿਆਨ ਕੀਤੀਆਂ, “ਸ਼ਾਹੂ ਰਾਜਾ ਦੀ ਫੌਜ ਦਯਾਹੀਣ, ਗਰਭਵਤੀ ਔਰਤਾਂ ਤੇ ਮਾਸੂਮ ਬੱਚਿਆਂ, ਬ੍ਰਾਹਮਣਾਂ ਤੇ ਗਰੀਬਾਂ ਦੀ ਹੱਤਿਆ ਕਰਨ ਵਾਲੀ, ਅੱਖੜ ਸੁਭਾਅ ਦੀ, ਹਰ ਕਿਸੇ ਦੀ ਸੰਪਤੀ ਲੁੱਟਣ ਵਾਲੀ ਅਤੇ ਹਰ ਕਿਸਮ ਦੇ ਪਾਪ ਕਰਮ ਕਰਨ ਦੀ ਮਾਹਿਰ ਹੈ।’’ ( ਉਹੀ, ਪੰਨਾ 458)
ਇਕ ਹੋਰ ਮਹੱਤਵਪੂਰਨ ਤੱਥ ਜਾਣ-ਬੁੱਝ ਕੇ ਲੁਕੋ ਕੇ ਰੱਖਿਆ ਜਾਂਦਾ ਹੈ। ਉਹ ਇਹ ਕਿ 500 ਸਾਲਾਂ ਤੋਂ ਵੱਧ ਸਮਾਂ ਦੇਸ਼ ’ਚ ਮੁਸਲਮਾਨ/ ਮੁਗ਼ਲ ਸ਼ਾਸਨ ਕਾਇਮ ਰਿਹਾ। ਹਿੰਦੂਤਵੀ ਇਤਿਹਾਸਕਾਰਾਂ ਮੁਤਾਬਕ ਇਹ ਸ਼ਾਸਨ ਹਿੰਦੂਆਂ ਨੂੰ ਖਤਮ ਕਰਨ ਜਾਂ ਉਨ੍ਹਾਂ ਨੂੰ ਜਬਰੀ ਮੁਸਲਮਾਨ ਬਣਾਉਣ ਦੀ ਇਕ ਸੋਚੀ-ਸਮਝੀ ਪ੍ਰੀਯੋਜਨਾ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਸੀ। ਇਸ ਦੇ ਬਾਵਜੂਦ ਭਾਰਤ ਇਕ ਅਜਿਹਾ ਦੇਸ਼ ਬਣਿਆ ਰਿਹਾ ਜਿੱਥੋਂ ਦੀ ਕੁਲ ਵੱਸੋਂ ’ਚ ਹਿੰਦੂਆਂ ਦਾ ਦੋ ਤਿਹਾਈ ਹਿੱਸਾ ਉਦੋਂ ਵੀ ਕਾਇਮ ਰਿਹਾ ਜਦੋਂ ਰਸਮੀ ਮੁਸਲਮਾਨ ਸ਼ਾਸਨ ਖਤਮ ਵੀ ਹੋ ਗਿਆ ਸੀ।
ਬਿ੍ਰਟਿਸ਼ ਹਾਕਮਾਂ ਨੇ 1871-72 ’ਚ ਪਹਿਲੀ ਮਰਦਮ ਸ਼ੁਮਾਰੀ ਕੀਤੀ ਸੀ। ਉਸ ਦੀ ਰਿਪੋਰਟ ਅਨੁਸਾਰ, “ਬਿ੍ਰਟਿਸ਼ ਭਾਰਤ ਦੀ ਹਿੰਦੂ ਆਬਾਦੀ ( ਸਿੱਖਾਂ ਸਮੇਤ) 14050 ਮਿਲੀਅਨ (14 ਕਰੋੜ 50 ਲੱਖ) ਹੈ ਜੋ ਭਾਰਤ ਦੀ ਕੁਲ ਆਬਾਦੀ ਦਾ 73.5% ਹੈ। ਮੁਸਲਿਮ ਆਬਾਦੀ 40.3/4 ਮਿਲੀਅਨ ( 4 ਕਰੋੜ 7 ਲੱਖ 50 ਹਜ਼ਾਰ) ਯਾਨਿ ਕੱੁਲ ਵੱਸੋਂ ਦਾ 21.5% ਹੈ। ਬੋਧੀ, ਜੈਨੀ, ਈਸਾਈ, ਯਹੂਦੀ, ਪਾਰਸੀ, ਬ੍ਰਾਹਮੋਸ ਅਤੇ ਹੋਰ 9.25 ਮਿਲੀਅਨ (1 ਕਰੋੜ ਤੋਂ ਕੁੱਝ ਘੱਟ) ਯਾਨਿ ਕੱੁਲ ਵੱਸੋਂ ਦਾ 5% ਹੈ।
ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਹਿੰਦੂਆਂ ਦਾ ਨਪੀੜਨ ਤੇ ਉਨ੍ਹਾਂ ਦਾ ਸਫਾਇਆ ਕਰਨਾ ਮੁਸਲਮਾਨ ਸ਼ਾਸਨ ਦੀ ਦੂਜੀ ਪ੍ਰੀਯੋਜਨਾ ਵੀ ਨਹੀਂ ਸੀ। ਜੇਕਰ ਅਜਿਹਾ ਹੁੰਦਾ ਤਾਂ ਹਿੰਦੂ ਧਰਮ ਅਤੇ ਇਸ ਦੇ ਪੈਰੋਕਾਰ ਗਾਇਬ ਹੋ ਜਾਂਦੇ।
‘ਮੁਸਲਮਾਨ’ ਸ਼ਾਸਨ ਦੇ ਅੰਤ ’ਚ ਹਿੰਦੂ 73.5% ਸੀ ਜੋ ਹੁਣ 2011 ਦੀ ਮਰਦਮ ਸ਼ੁਮਾਰੀ ਮੁਤਾਬਕ ਵੱਧ ਕੇ 79.80% ਹੋ ਗਏ ਹਨ। ਇਸ ਦੇ ਉਲਟ ਮੁਸਲਮਾਨ ਜੋ ਉਦੋਂ 21.5% ਸੀ ਉਹ ਘਟ ਕੇ 14.23% ਰਹਿ ਗਏ ਹਨ।
ਭਾਰਤ ਹੀ ਇਕਲੌਤਾ ਅਜਿਹਾ ਦੇਸ਼ ਜਾਪਦਾ ਹੈ ਜਿੱਥੇ 500 ਸਾਲਾਂ ਤੋਂ ਵੱਧ ਮੁਸਲਮਾਨ ਸ਼ਾਸਨ ਰਹਿਣ ਦੇ ਬਾਵਜੂਦ ਉਨ੍ਹਾਂ ਦੀ ਸਲਤਨਤ ਦੀ ਵੱਸੋਂ ਸ਼ਾਸਕਾਂ ਦੇ ਧਰਮ ’ਚ ਤਬਦੀਲ ਨਹੀਂ ਹੋਈ। ਭਾਰਤ ਦੇ ਮੁਸਲਿਮ ਨਾ ਕੇਵਲ ਗਿਣਤੀ ਪੱਖੋਂ ਘੱਟ ਗਿਣਤੀ ਬਣੇ ਰਹੇ ਬਲਕਿ ਧਨ, ਸੰਸਾਧਨਾਂ ਅਤੇ ਹੋਰ ਲਾਭਾਂ ਤੋਂ ਵੀ ਵਾਂਝੇ ਰਹੇ ਸਨ, ਜੋ ਕਿ ਮੁਗਲ ਸ਼ਾਸਨ ਤਹਿਤ ਉੱਚ ਜਾਤੀ ਹਿੰਦੂਆਂ ਨੂੰ ਮੁਅੱਸਿਰ (ਹਾਸਿਲ) ਸਨ।
ਸਕੂਲੀ ਕਿਤਾਬਾਂ ਦੇ ਲਗਾਤਾਰ ਜਾਰੀ ਹਿੰਦੂਤਵੀ ਬਦਲਾਅ ’ਤੇ ਚਿੰਤਾ ਜ਼ਾਹਿਰ ਕਰਦਿਆਂ ਉੱਘੇ ਅਖ਼ਬਾਰ ‘ਇੰਡੀਅਨ ਐਕਸਪ੍ਰੈਸ’ ਨੇ 8 ਅਪ੍ਰੈਲ 2025 ਨੂੰ ਲਿਖੇ ਇਕ ਸੰਪਾਦਕੀ ਰਾਹੀਂ ਆਗਾਹ ਕੀਤਾ ਸੀ ਕਿ, “ਲੰਘੇ ਸਾਲ ਇਸ ਅਖ਼ਬਾਰ ਵਲੋਂ ਐਨਸੀਈਆਰਟੀ ਦੀਆਂ ਪਾਠ ਪੁਸਤਕਾਂ ਬਾਰੇ ਕੀਤੀ ਗਈ ਇਕ ਜਾਂਚ-ਪੜਤਾਲ ਰਾਹੀਂ ਮਹਾਤਮਾ ਗਾਂਧੀ ਦੀ ਹੱਤਿਆ, ਹੰਗਾਮੀ ਹਾਲਾਤ, ਗੁਜਰਾਤ 2002 ਤੇ ਵਿਰੋਧ ਅੰਦੋਲਨਾਂ ਨਾਲ ਜੁੜੇ ਪ੍ਰਮੁੱਖ ਅੰਸ਼ ਕੱਢੇ ਜਾਣ ਦਾ ਖੁਲਾਸਾ ਹੋਇਆ ਸੀ… ਹਾਲੀਆ ਸੋਧਾਂ ਨਵੀਂ ਸਿੱਖਿਆ ਨੀਤੀ ਵਿਚ ਜਗਾਈਆਂ ਗਈਆਂ ਉਮੀਦਾਂ ਨੂੰ ਝੁਠਲਾਉਂਦੀਆਂ ਹਨ- ਇਹ ਸਿੱਖਿਆ ਸੁਧਾਰ ਪ੍ਰਤੀ ਨੀਤੀ ਦੇ ਵਿਚਾਰਕ ਪੱਖੋਂ ਅਗਯੇਅਵਾਦਿ [ਐਗਨੋਸਟਿਕ] ਨਜ਼ਰੀਏ ਦੇ ਵਿਰੁੱਧ ਹਨ।
ਕੁਛ ਬਦਲਾਵਾਂ ਨੂੰ ਮਾਮੂਲੀ ਸੰਪਾਦਨ ਕਿਹਾ ਗਿਆ ਹੈ। ਮਸਲਨ, 12ਵੀਂ ਸ਼੍ਰੇਣੀ ਦੀ ਸਮਾਜ ਸ਼ਾਸਤਰ ਦੀ ਪਾਠ ਪੁਸਤਕ ’ਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਭਾਈਚਾਰਿਆਂ ਦੀ ਗਰੀਬੀ ਤੇ ਲਾਚਾਰੀ ਦੇ ਸੰਦਰਭਾਂ ਦਾ ਕੱਢਿਆ ਜਾਣਾ। ਇਹ ਬਦਲਾਅ ਇਕ ਸੰਗਠਤ ਹਿੰਦੂ ਸਮਾਜ ਦੀ ਧਾਰਨਾ ਨੂੰ ਬੜ੍ਹਾਵਾ ਦੇਣ ਦੇ ਸਿਆਸੀ ਏਜੰਡੇ ਨਾਲ ਜੁੜੇ ਪ੍ਰਤੀਤ ਹੁੰਦੇ ਹਨ। ਇਉਂ ਹੀ ਵੱਡੀਆਂ ਬੰਨ੍ਹ ਪਰਿਯੋਜਨਾਵਾਂ ਨੂੰ ਆਦਿਵਾਸੀਆਂ ਦੇ ਉਜਾੜੇ ਨਾਲ ਜੋੜਨ ਵਾਲੇ ਇਕ ਵਾਕ ਨੂੰ ਮਨਫੀ ਕਰਨਾ.. ਤਰਕ ਪੂਰਨ ਜੁੜਾਓ ਪ੍ਰਤੀ ਇਕ ਅਸਹਿਜਤਾ ਨੂੰ ਦਰਸਾਉਂਦਾ ਹੈ।
“ਅੱਜ ਯੁਵਕਾਂ ਦੇ ਮਨ ਸੋਸ਼ਲ ਮੀਡੀਆ ਸਮੇਤ ਵੱਖੋ-ਵੱਖ ਸ੍ਰੋਤਾਂ ਤੋਂ ਸਭਿਆਚਾਰ, ਇਤਿਹਾਸ ਅਤੇ ਰਾਜਨੀਤੀ ’ਤੇ ਜਾਣਕਾਰੀ ਦੀ ਭਰਮਾਰ ਨਾਲ ਰੁਬਰੂ ਹੋ ਰਹੇ ਹਨ। ਸੱਚਾਈ ਅਕਸਰ ਇਸ ਦੀ ਭੇਂਟ ਚੜ੍ਹ ਜਾਂਦੀ ਹੈ। ਇਸੇ ਲਈ ਜਮਾਤਾਂ ਨੂੰ ਬਾਹਰ ਮੁਖੀ ਆਧਾਰ ਮੁਹੱਈਆ ਕਰਦੇ ਹੋਏ ਵਿਦਿਆਰਥੀਆਂ ਨੂੰ ਸਮਾਜਿਕ ਗੁੰਝਲਾਂ, ਉਨ੍ਹਾਂ ਦੀ ਵੰਨ-ਸੁਵੰਨਤਾ, ਸੰਘਰਸ਼ਾਂ ਅਤੇ ਨਾਬਰਾਬਰਤਾ ਬਾਰੇ ਸੁਚੇਤ ਕਰਨਾ ਚਾਹੀਦਾ ਹੈ। ਦੇਸ਼ ਦੀ ਮੂਹਰਲੀ ਕਤਾਰ ਦੀ ਪਾਠ-ਪੁਸਤਕ ਤਿਆਰ ਕਰਨ ਵਾਲੀ ਸੰਸਥਾ ਦੇ ਰਾਹ ’ਚ ਰੋੜੇ ਅਟਕਾਉਣ ਦੀ ਥਾਂ ਇਸ ਨੂੰ ਇਸ ਪ੍ਰੀਕਿ੍ਰਆ ਦੇ ਸਮਰੱਥ ਬਣਾਇਆ ਜਾਣਾ ਚਾਹੀਦਾ ਹੈ।