
ਬਿਲਗਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਅਮਰੀਕਾ ਨੇ ਜੰਗੀ ਮਹੌਲ ਬਣਾ ਕੇ ਇਜ਼ਰਾਈਲ ਦੀ ਮਦਦ ਨਾਲ ਇਰਾਨ ਤੇ ਵੱਡੇ ਹਮਲੇ ਆਰੰਭੇ ਹੋਏ ਹਨ। ਅਮਰੀਕਨ ਸਾਮਰਾਜ ਸਾਧਨਾਂ ਤੇ ਆਪਣੇ ਕਬਜ਼ੇ ਜਮਾਉਣ ਲਈ ਦੁਨੀਆ ਨੂੰ ਨਿਗਲਣ ਵਾਲੇ ਪਾਸੇ ਤੁਰ ਪਿਆ ਹੈ, ਜਿਸ ਦੇ ਬਹੁਤ ਹੀ ਭਿਆਨਕ ਸਿੱਟੇ ਨਿਕਲਣਗੇ। ਸੰਧੂ ਨੇ ਕਿਹਾ ਕਿ ਇਸ ਜੰਗੀ ਮਹੌਲ ਦਾ ਸਿਰਫ਼ ਦੂਜੇ ਦੇਸ਼ਾਂ ਚ ਹੀ ਵਿਰੋਧ ਨਹੀਂ ਹੋ ਰਿਹਾ ਸਗੋਂ ਅਮਰੀਕਾ ਦੇ ਅੰਦਰ ਵੀ ਮੁਜ਼ਹਾਰੇ ਹੋ ਰਹੇ ਹਨ। ਪਾਰਟੀ ਦੇ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਖੱਬੀਆਂ ਪਾਰਟੀਆਂ ਵਲੋਂ ਜੰਗ ਖ਼ਿਲਾਫ਼ ਕਨਵੈਨਸ਼ਨ ਚ ਸ਼ਾਮਲ ਹੋ ਕੇ ਹਜ਼ਾਰਾਂ ਲੋਕ ਅਮਰੀਕਾ ਵਲੋਂ ਆਰੰਭੀ ਨਿਹੱਕੀ ਜੰਗ ਪ੍ਰਤੀ ਵਿਰੋਧ ਪ੍ਰਗਟਾਉਣਗੇ।
ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਬਾਰੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਪਾਰਟੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਅਹਿਮ ਫ਼ੈਸਲੇ ਕੀਤੇ ਗਏ। ਉਨ੍ਹਾ ਦੱਸਿਆ ਕਿ ਪਾਰਟੀ ਵਲੋਂ ਮਜ਼ਦੂਰਾਂ ਕਿਸਾਨਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਲਹਿਰ ਨੂੰ ਹੋਰ ਤਿੱਖਾ ਕਰਨ ਲਈ ਉਚੇਚੇ ਫ਼ੈਸਲੇ ਕੀਤੇ ਗਏ। ਢੇਸੀ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਆਮ ਲੋਕਾਂ ਦਾ ਕੋਈ ਫਿਕਰ ਨਹੀੰ ਸਗੋਂ ਇਹ ਵੋਟਾਂ ਦੀ ਪ੍ਰਾਪਤੀ ਦੀ ਜੁਗਾੜ ਲਗਾਉਣ ਦੇ ਚੱਕਰ ਚ ਹੀ ਰਿਉੜੀਆਂ ਵੰਡ ਰਹੇ ਹਨ।
ਇਸ ਮੀਟਿੰਗ ਚ ਪਾਰਟੀ ਦੇ ਸੂਬਾ ਕਮੇਟੀ ਮੈਂਬਰਾਂ ਸੰਤੋਖ ਸਿੰਘ ਬਿਲਗਾ, ਪਰਮਜੀਤ ਰੰਧਾਵਾ, ਮਨੋਹਰ ਗਿੱਲ, ਰਾਮ ਸਿੰਘ ਕੈਮਵਾਲਾ, ਸ਼ਿਵ ਤਿਵਾੜੀ ਤੋਂ ਇਲਾਵਾ ਕੁਲਦੀਪ ਫਿਲੌਰ, ਮੇਜਰ ਫਿਲੌਰ, ਕੁਲਜੀਤ ਫਿਲੌਰ, ਸਰਬਜੀਤ ਸੰਗੋਵਾਲ, ਮੇਜਰ ਖੁਰਲਾਪੁਰ, ਗੁਰਦੀਪ ਗੋਗੀ, ਸਤਪਾਲ ਸਹੋਤਾ, ਹਰਬੰਸ ਮੱਟੂ, ਮਨਜਿੰਦਰ ਢੇਸੀ ਆਦਿ ਹਾਜ਼ਰ ਸਨ।