Now Reading
ਪ੍ਰਸ਼ਾਸ਼ਨ ਵਲੋਂ ਮੰਗ ਪੱਤਰ ਨਾ ਲੈਣ ਆਉਣ ‘ਤੇ ਮਾਹੌਲ ਹੋਇਆ ਤਣਾਅਪੂਰਨ

ਪ੍ਰਸ਼ਾਸ਼ਨ ਵਲੋਂ ਮੰਗ ਪੱਤਰ ਨਾ ਲੈਣ ਆਉਣ ‘ਤੇ ਮਾਹੌਲ ਹੋਇਆ ਤਣਾਅਪੂਰਨ

ਲੁਧਿਆਣਾ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਅੱਜ ਕਣਕ ਦੀ ਵਾਢੀ ਪੈਣ ਤੋਂ ਐਨ ਪਹਿਲਾ ਲੁਧਿਆਣਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਕਿਸਾਨਾਂ ਵਲੋਂ ਵਿਸ਼ਾਲ ਧਰਨਾ ਮਾਰ ਕੇ ਰੋਸ ਪ੍ਰਦਰਸ਼ਨ ਕੀਤਾ। ਕਾ. ਅਮਰ ਸਿੰਘ ਜਲਾਲਦੀਵਾਲ, ਕਾ. ਸਤਨਾਮ ਸਿੰਘ ਵੜੈਚ, ਬਲਰਾਜ ਸਿੰਘ ਕੋਟਉਮਰਾ, ਨਾਜ਼ਰ ਸਿੰਘ ਸਿਆੜ, ਗੁਰਸੇਵਕ ਸਿੰਘ ਮੰਜਾਲੀਆ, ਮਨਪ੍ਰੀਤ ਸਿੰਘ, ਹਰਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਧਰਨਾਕਾਰੀ ਨੇ ਆਖਿਆ ਕਿ ਕਿਸਾਨਾਂ ਮਜ਼ਦੂਰਾਂ ਦੇ ਸਮੂਚੇ ਕਰਜ਼ੇ ਮੁਆਫ਼ ਕੀਤੇ ਜਾਣ, ਕਰਜ਼ੇ ਤੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰਨ ਵਾਲਿਆਂ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਕੀਤੀ ਜਾਵੇ, ਪਾਣੀ ਦੀ ਸੰਭਾਲ ਤੇ ਸ਼ੁਧਤਾ ਲਈ ਠੋਸ ਉਪਰਾਲੇ ਕੀਤੇ ਜਾਣ, ਹਰ ਖੇਤ ਲਈ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ, ਪੀਣ ਵਾਲੇ ਪਾਣੀ ਨੂੰ ਹਰ ਘਰ ਤੱਕ ਪੁੱਜਦਾ ਕਰਨ ਲਈ ਗਾਰੰਟੀ ਕੀਤੀ ਜਾਵੇ, ਦਰਿਆਈ ਪਾਣੀਆਂ ਦੇ ਮਸਲੇ ਨੂੰ ਰਿਪੇਰੀਅਨ-ਬੇਸਨ ਸਿਧਾਂਤ ਅਤੇ ਸੰਵਿਧਾਨ ਵਿਵਸਥਾ ਦੇ ਅਨੁਸਾਰ ਹੱਲ ਕੀਤਾ ਜਾਵੇ, ਦਰਿਆਵਾਂ, ਨਹਿਰਾਂ ਤੇ ਡ੍ਰੇਨਾਂ ਵਿੱਚ ਦੂਸ਼ਿਤ ਪਾਣੀ ਪਾਉਣ ਤੋਂ ਰੋਕਿਆ ਜਾਵੇ, ਸੂਬੇ ਦੇ ਅਧਿਕਾਰਾਂ ਵਿੱਚ ਕੇਂਦਰ ਦਾ ਦਖਲ ਬੰਦ ਕੀਤਾ ਜਾਵੇ, ਜੰਗਲ ਦਾ ਰਕਬਾ ਵਧਾਉਣ ਲਈ ਰੁੱਖ ਲਗਾਉਣ ਨੂੰ ਉਤਸ਼ਾਹਿਤ ਕੀਤਾ ਜਾਵੇ, ਫ਼ਸਲੀ ਭਿੰਨਤਾ ਲਈ ਐਮ ਐਸ ਪੀ ਉੱਪਰ ਖਰੀਦ ਦੀ ਗਾਰੰਟੀ ਕੀਤੀ ਜਾਵੇ, ਅਮਰੀਕਾ ਦੇ ਦਬਾਅ ਅਧੀਨ ਕੀਤਾ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਬਿਜਲੀ ਸੋਧ ਬਿੱਲ ਰੱਦ ਕੀਤਾ ਜਾਵੇ, ਬਿਜਲੀ ਦੇ ਸਮਾਰਟ ਮੀਟਰ ਨਾ ਲਗਾਏ ਜਾਣ, ਭਾਰਤ ਮਾਲਾ ਪ੍ਰੋਜੈਕਟ ਅਧੀਨ ਜ਼ਮੀਨ ਦਾ ਰੇਟ ਮਾਰਕੀਟ ਕੀਮਤ ਤੇ ਦੂਜੇ ਕਾਰਕ ਜੋੜ ਕੇ ਕੀਤਾ ਜਾਵੇ, ਮੱਧ ਪੂਰਵ ਦੇਸ਼ਾਂ ਤੇ ਪਾਕਿਸਤਾਨ ਨਾਲ ਬਾਘਾ ਬਾਹਡਰ ਤੇ ਹੁਸੈਨੀਵਾਲਾ ਰਾਹੀਂ ਸੜਕੀ ਤੇ ਰੇਲ ਰਾਹੀਂ ਵਪਾਰ ਖੋਲਿਆ ਜਾਵੇ, ਨਵੀ ਕੋਮੀ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ, ਕੋਮੀ ਖੇਤੀ ਮੰਡੀਕਰਨ ਨੀਤੀ ਰੱਦ ਕੀਤੀ ਜਾਵੇ, ਅਗਸਤ ਸਤੰਬਰ 2025 ਵਿੱਚ ਆਏ ਹੜਾ ਦਾ ਮੁਆਵਜ਼ਾ ਦਿੱਤਾ ਜਾਵੇ, ਯੂਰੀਆ ਦੀ ਕੀਮਤ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ, ਬਾਹਡਰ ਉੱਪਰ ਲੱਗੀ ਤਾਰ ਨੂੰ ਬਾਹਡਰ ਲਾਈਨ ਦੇ ਨੇੜੇ ਕੀਤਾ ਜਾਵੇ। ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਰਘਵੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਭਾਰਤੀ ਕਿਸਾਨ ਯੂਨੀਅਨ ਡਕੌਦਾ (ਧਨੇਰ) ਦੇ ਜਗਤਾਰ ਸਿੰਘ ਦੇਹੜਕਾ, ਆਲ ਇੰਡੀਆ ਕਿਸਾਨ ਸਭਾ (ਹੱਨਨ ਮੁੱਲਾ) ਦੇ ਬਲਜੀਤ ਸਿੰਘ ਗਰੇਵਾਲ, ਆਲ ਇੰਡੀਆ ਕਿਸਾਨ ਸਭਾ (1936) ਡਾ. ਰਜਿੰਦਰ ਪਾਲ ਸਿੰਘ ਔਲ਼ਖ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਮਨਜੀਤ ਸਿੰਘ ਢੀਡਸਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੁਦਾਗਰ ਸਿੰਘ ਘੁਡਾਣੀ, ਕਿਰਤੀ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਅੱਚਰਵਾਲ ਨੇ ਸੰਬੋਧਨ ਕੀਤਾ। ਧਰਨੇ ਦੀ ਸਮਾਪਤੀ ਮੌਕੇ ਪ੍ਰਸ਼ਾਸ਼ਨਿਕ ਅਧਿਕਾਰੀਆ ਵੱਲੋ ਧਰਨੇ ਵਿੱਚ ਮੰਗ ਪੱਤਰ ਨਾ ਲੈਣ ਆਉਣ ਤੇ ਗੁੱਸੇ ਵਿੱਚ ਆਏ ਧਰਨਾਕਾਰੀਆ ਨੇ ਡਿਪਟੀ ਕਮਿਸ਼ਨਰ ਦੇ ਮੇਨ ਗੇਟ ਤੇ ਪੁੱਜ ਕੇ ਜ਼ਬਰਦਸਤ ਨਾਹਰੇਬਾਜ਼ੀ ਕੀਤੀ। ਜਿਸ ਕਰਕੇ ਪੁਲਿਸ ਨਾਲ ਹਲਕੀ ਧੱਕਾ ਮੁੱਕੀ ਵੀ ਹੋਈ। ਮੰਗ ਪੱਤਰ ਲੈਣ ਆਏ ਤਹਿਸੀਲਦਾਰ ਨੂੰ ਕਿਸਾਨਾਂ ਨੇ ਮੰਗ ਪੱਤਰ ਨਾ ਦਿੱਤਾ ਉਹਨਾਂ ਕਿਹਾ ਕਿ ਉਹ ਡੀ ਸੀ ਜਾਂ ਏ ਡੀ ਸੀ ਤੋਂ ਘੱਟ ਕਿਸੇ ਨੂੰ ਮੰਗ ਪੱਤਰ ਨਹੀ ਦੇਣਗੇ। ਕਿਸਾਨਾਂ ਦੇ ਦਬਾਅ ਥੱਲੇ ਝੁਕਦਿਆਂ ਫਿਰ ਏ ਡੀ ਸੀ ਨੇ ਮੰਗ ਪੱਤਰ ਪ੍ਰਾਪਤ ਕੀਤਾ।

Scroll To Top