Now Reading
ਮੁਹੱਲਾ ਸੰਤੋਖਪੁਰਾ ਦੇ ਵਸਨੀਕਾਂ ਲਈ ਰਸਤੇ ਦੀ ਮੰਗ ਨੂੰ ਲੈ ਕੇ ਦਿੱਤਾ ਮੰਗ ਪੱਤਰ

ਮੁਹੱਲਾ ਸੰਤੋਖਪੁਰਾ ਦੇ ਵਸਨੀਕਾਂ ਲਈ ਰਸਤੇ ਦੀ ਮੰਗ ਨੂੰ ਲੈ ਕੇ ਦਿੱਤਾ ਮੰਗ ਪੱਤਰ


ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਸਥਾਨਕ ਮੁਹੱਲਾ ਸੰਤੋਖਪੁਰਾ ਦੇ ਵਸਨੀਕਾਂ ਲਈ ਰਸਤੇ ਦੀ ਮੰਗ ਨੂੰ ਲੈ ਕੇ ਇੱਕ ਮੰਗ ਪੱਤਰ ਦਿੱਤਾ ਗਿਆ। ਇਹ ਮੁਹੱਲਾ ਇਥੋਂ ਜਲੰਧਰ ਅਤੇ ਲੋਹੀਆ ਨੂੰ ਜਾਣ ਵਾਲੀਆਂ ਰੇਲਵੇ ਲਾਈਨਾਂ ਦੇ ਵਿਚਕਾਰ ਵਸਿਆ ਹੋਇਆ ਹੈ। ਦੋਨੋਂ ਰੇਲਵੇ ਲਾਈਨਾਂ ਦੇ ਵਿਚਕਾਰ ਅਬਾਦੀ ਹੋਣ ਕਾਰਨ ਚਾਰ ਪਹੀਆਂ ਵਾਹਨ ਤਾਂ ਆਉਣਾ ਜਾਣਾ ਇੱਕ ਪਾਸੇ ਮੋਟਰਸਾਈਕਲ ਵੀ ਰੇਲਵੇ ਲਾਈਨਾਂ ਤੋਂ ਚੁੱਕ ਕੇ ਹੀ ਪਾਰ ਕਰਵਾਉਣਾ ਪੈਂਦਾ ਹੈ। ਇਸ ਨਾਲ ਖਾਸ ਕਰ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਮੱਖਣ ਸੰਗਰਾਮੀ, ਐਡਵੋਕੇਟ ਬਲਦੇਵ ਸਾਹਨੀ, ਗਗਨਦੀਪ ਫਿਲੌਰ ਦੀ ਅਗਵਾਈ ਹੇਠ ਇਥੋਂ ਦੇ ਐੱਸਡੀਐੱਮ ਨੂੰ ਇੱਕ ਮੰਗ ਪੱਤਰ ਦਿੱਤਾ, ਜਿਸ ‘ਚ ਰਸਤੇ ਦਾ ਹੱਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ, ਸੂਬਾ ਖ਼ਜ਼ਾਨਚੀ ਐਡਵੋਕੇਟ ਅਜੈ ਫਿਲੌਰ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਨੇ ਐੱਸ ਡੀ ਐੱਮ ਫਿਲੌਰ ਦੀਪਕ ਭਾਟੀਆ ਨਾਲ ਵਿਸਥਾਰਤ ਚਰਚਾ ਕੀਤੀ। ਇਥੇ ਇਹ ਵਰਨਣਯੋਗ ਹੈ ਕਿ ਇਸ ਮੁਹੱਲੇ ਤੋਂ ਰਾਜਨੀਤਕ ਪਾਰਟੀਆਂ ਵੋਟਾਂ ਤਾਂ ਪ੍ਰਾਪਤ ਕਰਦੀਆਂ ਹਨ ਪਰ ਬੁਨਿਆਦੀ ਮਸਲੇ ਹੱਲ ਕਰਵਾਉਣ ਲਈ ਕੋਈ ਧਿਆਨ ਨਹੀਂ ਦਿੰਦਾ। ਇਸ ਅਬਾਦੀ ‘ਚ ਕਰੀਬ 750 ਵੋਟਾਂ ਹਨ, ਸਕੂਲ ਦੇ ਬੱਚਿਆਂ ਨੂੰ ਵੀ ਜ਼ਿੰਦਗੀਆਂ ਦਾਅ ‘ਤੇ ਲਾ ਕੇ ਰੇਲਵੇ ਲਾਈਨਾਂ ਪਾਰ ਕਰਨੀਆਂ ਪੈਂਦੀਆਂ ਹਨ। ਐੱਸ ਡੀ ਐੱਮ ਨਾਲ ਵਾਰਤਾਲਾਪ ਕਰਨ ਉਪਰੰਤ ਆਗੂਆਂ ਨੇ ਦੱਸਿਆ ਕਿ ਗੱਲਬਾਤ ਚੰਗੇ ਮਾਹੌਲ ‘ਚ ਹੋਈ, ਜਿਸ ਦੌਰਾਨ ਹਮਦਰਦੀ ਨਾਲ ਗੱਲਬਾਤ ਸੁਣੀ ਗਈ। ਆਗੂਆਂ ਨੇ ਕਿਹਾ ਕਿ ਐੱਸ ਡੀਐੱਮ ਫਿਲੌਰ ਨੇ ਯਕੀਨ ਦਵਾਇਆ ਕਿ ਦਸ ਦਿਨ ਦੇ ਅੰਦਰ ਇਸ ਦਾ ਸਾਰਥਕ ਹੱਲ ਕੱਢਿਆ ਜਾਵੇਗਾ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਦੀਪ ਗੋਗੀ, ਜਮਹੂਰੀ ਕਿਸਾਨ ਸਭਾ ਦੇ ਤਰਜਿੰਦਰ ਧਾਲੀਵਾਲ, ਕੁਲਜੀਤ ਫਿਲੌਰ, ਬਿੱਟਾ ਭੈਣੀ, ਸਭਾ ਦੇ ਆਗੂ ਸਨੀ ਜੱਸਲ, ਜਸਵੀਰ ਢੇਸੀ, ਗੁਰਿੰਦਰਜੀਤ ਗੈਰੀ, ਅਮਰੀਕ ਰੁੜਕਾ, ਜੱਸਾ ਰੁੜਕਾ, ਲਵ ਵਿਰਦੀ, ਇੰਦਰਜੀਤ ਜੰਡੇ, ਮਨੂੰ, ਰੇਸ਼ਮ, ਗੁਰਦੇਵ, ਰਾਮਜੀ, ਧਰਮਿੰਦਰ, ਰਸ਼ਪਾਲ ਬੇਗਮਪੁਰ, ਛਿੰਦੋ, ਪਿਆਰੀ, ਕਾਕਾ, ਲਾਹੌਰੀ ਰਾਮ ਸਮੇਤ ਹੋਰ ਮੁਹੱਲਾ ਨਿਵਾਸੀ ਹਾਜ਼ਰ ਸਨ।

Scroll To Top