Now Reading
ਖਾਲੜਾ ਥਾਣੇ ਅੱਗੇ ਧਰਨਾ ਦਿੱਤਾ

ਖਾਲੜਾ ਥਾਣੇ ਅੱਗੇ ਧਰਨਾ ਦਿੱਤਾ

ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਪੁਲਿਸ ਵਧੀਕੀਆਂ ਦੇ ਖਿਲਾਫ਼ ਐੱਸ ਐੱਚ ਓ ਖਾਲੜਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਸਵੰਤ ਸਿੰਘ ਭਿੱਖੀਵਿੰਡ ਤੇ ਗੱਜਨ ਸਿੰਘ ਨਾਰਲਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਅਹਿਮਦਪੁਰ ਨੇ ਕੀਤੀ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਿੰਡ ਵਾਂ ਦੇ ਗਰੀਬ ਕਿਸਾਨ ਗੁਰਦਿਆਲ ਸਿੰਘ ਦੀ ਮਾਲਕੀ ਜਗ੍ਹਾ 6 ਮਰਲੇ ਪਿੰਡ ਵਿੱਚ ਸੀ ਜਿਸਦੀ ਰਜਿਸਟਰੀ ਜਮ੍ਹਾਬੰਦੀ ਗਰਦੌਰੀ ਇੰਤਕਾਲ ਵੀ ਗੁਰਦਿਆਲ ਸਿੰਘ ਦੇ ਨਾਮ ਦਰਜ ਹੈ, ਉਸ ਜਗ੍ਹਾ ਉੱਤੇ ਪਿੰਡ ਦੇ ਹੀ ਕੁਝ ਲੋਕਾਂ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸੇ ਤਰ੍ਹਾਂ ਹੀ ਪਿੰਡ ਮੁਗਲ ਚੱਕ ਦੇ ਮਜ਼ਦੂਰ ਆਗੂ ਸਵਿੰਦਰ ਸਿੰਘ ਚੱਕ ਦੇ ਘਰ ਵਿੱਚ ਹੋਈ ਲੁੱਟ ਦੌਰਾਨ ਚੋਰਾਂ ਵੱਲੋਂ ਰਸੋਈ ਸਿਲੰਡਰਾਂ ਨੂੰ ਚੋਰੀ ਕਰ ਲਿਆ ਗਿਆ ਅਤੇ ਚੋਰਾਂ ਦੀ ਸ਼ਨਾਖ਼ਤ ਵੀ ਹੋਈ ਹੈ। ਆਗੂਆਂ ਨੇ ਕਿਹਾ ਕਿ ਐੱਸ ਐੱਚ ਓ ਖਾਲੜਾ ਵਲੋਂ ਚੋਰਾਂ ਨੂੰ ਫੜ ਕੇ ਛੱਡ ਦਿੱਤਾ ਗਿਆ ਹੈ ਅਤੇ ਚੋਰਾਂ ਦੀ ਕਥਿਤ ਤੌਰ ਤੇ ਪਿੱਠ ਥਾਪੜੀ ਜਾ ਰਹੀ ਹੈ। ਇਹਨਾਂ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 12 ਅਪ੍ਰੈਲ ਨੂੰ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਜਥੇਬੰਦੀਆਂ ਦੇ ਸੀਨੀਅਰ ਆਗੂ ਕੇਵਲ ਸਿੰਘ ਕੰਬੋਕੇ, ਹਰਜਿੰਦਰ ਸਿੰਘ ਚੂੰਗ, ਸੰਤੋਖ ਸਿੰਘ ਮੱਖੀ ਕਲਾਂ, ਜਸਵੰਤ ਸਿੰਘ ਬਾਸਰਕੇ, ਜਗੀਰ ਸਿੰਘ ਗੰਡੀਵਿੰਡ ਆਦਿ ਆਗੂ ਹਾਜ਼ਰ ਸਨ।

Scroll To Top