
ਨਵਾਂ ਸ਼ਹਿਰ: ਅੱਜ ਇੱਥੇ ਦਿਹਾਤੀ ਮਜ਼ਦੂਰ ਸਭਾ ਤੇ ਮਨਰੇਗਾ ਵਰਕਰਾਂ ਦੀ ਮੀਟਿੰਗ ਸੋਢੀ ਰਾਮ ਸਾਬਕਾ ਸਰਪੰਚ ਦੀ ਪ੍ਰਧਾਨਗੀ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਜਗਤਪੁਰ ਅਤੇ ਕੁਲਦੀਪ ਸਿੰਘ ਦੌੜਕਾ ਨੇ ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ ਅਤੇ ਜਨਤਕ ਜਥੇਬੰਦੀਆਂ ਵਲੋਂ ਪਹਿਲੀ ਅਪ੍ਰੈਲ ਨੂੰ ਬੱਸ ਸਟੈਂਡ ਨਵਾਂ ਸ਼ਹਿਰ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਲੜੇ ਜਾ ਰਹੇ ਸੰਘਰਸ਼ ਤਹਿਤ 8 ਅਪ੍ਰੈਲ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋ ਰਹੀ ਸੂਬਾਈ ਵਿਸ਼ਾਲ ਰੈਲੀ ਵਿੱਚ ਪਰਿਵਾਰਾਂ ਸਮੇਤ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਦੇ ਹੱਕ ਵਿਚ ਬਣੇ ਹੋਏ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਸਰਮਾਏਦਾਰਾਂ ਦੇ ਹੱਕ ਵਿੱਚ ਚਾਰ ਕੋਡਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਜਿਸ ਨਾਲ ਕਿਰਤੀ ਵਰਗ ਦੀ ਕਾਨੂੰਨੀ ਰਾਖੀ ਖ਼ਤਮ ਹੋ ਗਈ ਹੈ। ਮਨਰੇਗਾ ਕਾਨੂੰਨ ਖ਼ਤਮ ਕਰਕੇ ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ ਬਣਾ ਕੇ ਵਰਕਰਾਂ ਨੂੰ ਕੰਮ ਮਿਲਣ ਦੀ ਸੰਭਾਵਨਾ ਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਹੈ । ਜਿਸ ਨਾਲ ਮਜ਼ਦੂਰ ਵਰਗ ਭੁੱਖ ਮਰੀ ਦਾ ਸ਼ਿਕਾਰ ਹੋ ਰਿਹਾ ਹੈ।
ਮਜ਼ਦੂਰਾਂ ਨੇ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਯਾਦ ਕਰਾਉਂਦਿਆਂ ਉਨ੍ਹਾਂ ਵਲੋਂ ਆਪਣੀਆਂ ਲੋੜਾਂ ਦੀ ਪੂਰਤੀ ਲਈ ਸੁਸਾਇਟੀ ਤੋਂ ਲਏ ਕਰਜ਼ਿਆਂ ਦੀ ਵਸੂਲੀ ਲਈ ਸੁਸਾਇਟੀ ਵੱਲੋਂ ਭੇਜੇ ਨੋਟਿਸਾਂ ‘ਤੇ ਚਿੰਤਾ ਜ਼ਾਹਰ ਕੀਤੀ ਗਈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਵਾਅਦੇ ਅਨੁਸਾਰ ਮਜ਼ਦੂਰਾਂ ਦੇ 25 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਮੁਆਫ਼ ਕੀਤੇ ਜਾਣ। ਉਪਰੋਕਤ ਆਗੂਆਂ ਨੇ ਕਿਹਾ ਕਿ ਜੇਕਰ ਮਜ਼ਦੂਰਾਂ, ਕਿਸਾਨਾਂ ਦੇ ਕਰਜ਼ੇ ਮੁਆਫ਼ ਨਾ ਕੀਤੇ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਸੁਸਾਇਟੀ ਵਲੋਂ ਜਾਰੀ ਕੀਤੇ ਕਰਜ਼ਾ ਵਸੂਲੀ ਦੇ ਨੋਟਿਸਾਂ ਦੀ ਪੈਰਵਾਈ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਸੁਰਜੀਤ ਕੌਰ ਸਰਪੰਚ, ਸੋਢੀ ਰਾਮ ਸਾਬਕਾ ਸਰਪੰਚ, ਬਲਕਾਰ ਸਿੰਘ ਲਾਖਾ ਸਾਬਕਾ ਪੰਚ, ਰੇਸ਼ਮ ਸਿੰਘ ਪੰਚ, ਕਮਲਜੀਤ, ਕੁਲਦੀਪ ਰਾਹੀ ਸਾਬਕਾ ਪੰਚ, ਜਗਤਾਰ ਰਾਮ, ਵਿਜੇ ਕੁਮਾਰ, ਪਰਮਜੀਤ ਗਿੱਲ ਪੰਚ, ਗਿਆਨ ਚੰਦ,ਦਿਲਾਵਰ ਸਿੰਘ, ਬਿੰਦਰ, ਹਰਮੇਸ਼ ਕੁਮਾਰ, ਅਸ਼ਵਨੀ ਸਾਬਕਾ ਪੰਚ, ਬਹਾਦਰ, ਕੇਵਲ ਸਿੰਘ, ਵਰਿੰਦਰ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ ਸਾਬਕਾ ਸਰਪੰਚ, ਜਗਦੀਸ਼ ਕੌਰ, ਕੁਲਵਿੰਦਰ ਕੌਰ, ਅਮਰੋ, ਅਤੇ ਸੀਮਾਂ ਆਦਿ ਸ਼ਾਮਲ ਹਨ।