Now Reading
ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਚੌਂਕ ਦੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਕੀਤੀ ਦਾਅਵੇਦਾਰੀ

ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਚੌਂਕ ਦੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਕੀਤੀ ਦਾਅਵੇਦਾਰੀ


ਫਿਲੌਰ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸ਼ਹਿਰ ਦੇ ਅੰਦਰ ਸ਼ਹੀਦਾਂ ਦੇ ਨਾਂ ’ਤੇ ਚੌਂਕ ਦੀ ਸਥਾਪਤੀ ਅਤੇ ਬੁੱਤ ਲਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਨਗਰ ਕੌਂਸਲ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਮੱਖਣ ਸੰਗਰਾਮੀ, ਐਡਵੋਕੇਟ ਬਲਦੇਵ ਸਾਹਨੀ, ਗਗਨਦੀਪ ਫਿਲੌਰ ਨੇ ਕੀਤੀ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਇਸ ਤੋਂ ਪਹਿਲਾ ਵੀ ਇਹ ਮੰਗ ਉਠਾਈ ਸੀ, ਜਿਸ ਦੇ ਸਿੱਟੇ ਵਜੋਂ ਸਥਾਨਕ ਨਗਰ ਕੌਂਸਲ ਨੇ ਗੜਾ ਰੋਡ ‘ਤੇ ਅਟਵਾਲ ਕਾਲੋਨੀ ਚੌਂਕ ‘ਚ ਬੁੱਤ ਲਾਉਣ ਲਈ ਬਕਾਇਦਾ ਮਤਾ ਤਾਂ ਪਾਸ ਕਰ ਦਿੱਤਾ ਪਰ ਅੱਗੇ ਪੂਣੀ ਨਹੀਂ ਕੱਤੀ।
29 ਜੁਲਾਈ 2024 ਨੂੰ ਮਤਾ ਪਾਉਣ ਉਪਰੰਤ ਕਈ ਵਾਰ ਜੁਬਾਨੀ ਯਾਦ ਕਰਵਾਉਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਇਕੱਤਰ ਨੌਜਵਾਨਾਂ ਨੇ ਅੱਜ ਮੁੜ ਤੋਂ ਆਪਣਾ ਰੋਸ ਪ੍ਰਗਟਾਇਆ।
ਇਸ ਮੌਕੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਕਿਹਾ ਕਿ ਜੇ ਇੱਕ ਮਹੀਨੇ ਦੇ ਅੰਦਰ ਬੁੱਤ ਸਥਾਪਤ ਨਾ ਕੀਤੇ ਤਾਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਲੋਕਾਂ ਦੇ ਸਹਿਯੋਗ ਨਾਲ ਅਗਲਾ ਐਕਸ਼ਨ ਐਲਾਨੇਗੀ।
ਇਸ ਮੌਕੇ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਧਰਨੇ ਦੇ ਆਰੰਭ ’ਚ ਗੱਲਬਾਤ ਕੀਤੀ ਗਈ, ਜਿਥੇ ਮਤੇ ਦੇ ਸਟੇਟਸ ਤੋਂ ਜਾਣੂ ਕਰਵਾਉਣ ਦਾ ਯਕੀਨ ਦਵਾਇਆ ਗਿਆ। ਧਰਨੇ ਦੌਰਾਨ ਅਧਿਕਾਰੀਆਂ ਵਲੋਂ ਕੋਈ ਸੰਪਰਕ ਨਾ ਕਰਨ ‘ਤੇ ਨੌਜਵਾਨਾਂ ਨੇ ਪਹਿਲਾ ਪਾਏ ਮਤੇ ਦੇ ਅਧਾਰ ‘ਤੇ ਗੜ੍ਹਾ ਰੋਡ ’ਤੇ ਚੌਂਕ ਦੀ ਦਾਅਵੇਦਾਰੀ ਕਰਦਿਆਂ ਸਾਈਨ ਬੋਰਡ ਲਗਾ ਕੇ ਸ਼ਹੀਦ ਭਗਤ ਸਿੰਘ, ਸੁਖਦੇਵ ਰਾਜਗੁਰੂ ਚੌਂਕ ਦਾ ਐਲਾਨ ਕਰ ਦਿੱਤਾ।
ਇਸ ਮੰਗ ਨੂੰ ਲੈ ਕੇ ਪਿਛਲੇ ਸਮੇਂ ਤੋਂ ਨੌਜਵਾਨ ਸਭਾ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਸੰਘਰਸ਼ ਦੀ ਬਦੌਲਤ ਕਮੇਟੀ ਵਲੋਂ ਮਤਾ ਪਾਇਆ ਜਾ ਚੁੱਕਾ ਹੈ ਪਰ ਅਜੇ ਤੱਕ ਬੁੱਤ ਲਗਾਉਣ ਸਬੰਧੀ ਕੋਈ ਫੰਡ ਆਪ ਦੀ ਸਰਕਾਰ ਵਲੋਂ ਮੁਹੱਈਆਂ ਨਹੀਂ ਕਰਵਾਇਆ ਗਿਆ। ਜਿਸ ਦੇ ਰੋਸ ਵਜੋਂ ਅੱਜ ਮਜ਼ਬੂਰੀ ਵੱਸ ਨਗਰ ਕੌਂਸਲ ਦਫ਼ਤਰ ਫਿਲੌਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਅਤੇ ਇਹ ਸ਼ਹੀਦ ਅੱਜ ਵੀ ਨੌਜਵਾਨਾਂ ਅਤੇ ਸਮਾਜ ਦੇ ਪ੍ਰੇਰਨਾ ਸਰੋਤ ਹਨ ਅਤੇ ਭਗਤ ਸਿੰਘ ਦੇ ਜੱਦੀ ਪਿੰਡ ਤੋਂ ਸਹੁੰ ਚੁੱਕਕੇ ਚਲਦੀ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਇਨ੍ਹਾਂ ਸ਼ਹੀਦਾਂ ਨੂੰ ਲਗਾਤਾਰ ਅਣਗੌਲੇ ਕੀਤਾ ਜਾ ਰਿਹਾ ਹੈ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਪਰਮਜੀਤ ਰੰਧਾਵਾ, ਗੁਰਦੀਪ ਗੋਗੀ, ਜਮਹੂਰੀ ਕਿਸਾਨ ਸਭਾ ਦੇ ਤਰਜਿੰਦਰ ਧਾਲੀਵਾਲ, ਕੁਲਜੀਤ ਫਿਲੌਰ, ਸਭਾ ਦੇ ਆਗੂ ਸਨੀ ਜੱਸਲ, ਜਸਵੀਰ ਢੇਸੀ, ਗੁਰਿੰਦਰਜੀਤ ਗੈਰੀ, ਅਮਰੀਕ ਰੁੜਕਾ, ਜੱਸਾ ਰੁੜਕਾ, ਲਵ ਵਿਰਦੀ, ਇੰਦਰਜੀਤ ਜੰਡੇ, ਮਨੂੰ, ਰੇਸ਼ਮ, ਗੁਰਦੇਵ, ਰਾਮ ਜੀ, ਧਰਮਿੰਦਰ, ਰਸ਼ਪਾਲ ਬੇਗਮਪੁਰ ਆਦਿ ਵੱਡੀ ਗਿਣਤੀ ਨੌਜਵਾਨ ਸ਼ਾਮਲ ਸਨ।

Scroll To Top