Now Reading
ਜ਼ਾਲਮ ਧਾੜਵੀਆਂ ਮੂਹਰੇ ਗੋਡੇ ਟੇਕ ਕੇ ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਮੁਸੀਬਤਾਂ ‘ਚ ਫਸਾਇਆ: ਪਾਸਲਾ

ਜ਼ਾਲਮ ਧਾੜਵੀਆਂ ਮੂਹਰੇ ਗੋਡੇ ਟੇਕ ਕੇ ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਮੁਸੀਬਤਾਂ ‘ਚ ਫਸਾਇਆ: ਪਾਸਲਾ


ਜੰਡਿਆਲਾ ਗੁਰੂ: “ਅਮਰੀਕਾ-ਇਜ਼ਰਾਇਲ ਵਲੋਂ ਈਰਾਨ ਖਿਲਾਫ ਵਿੱਢੀ, ਬੱਚਿਆਂ-ਔਰਤਾਂ ਸਮੇਤ ਹਜ਼ਾਰਾਂ ਨਿਰਦੋਸ਼ ਲੋਕਾਂ ਦੀ ਬਲੀ ਲੈਣ ਵਾਲੀ ਨਿਹੱਕੀ ਜੰਗ ਨੇ ਭਾਰਤ ਸਣੇ ਸੰਸਾਰ ਦੇ ਸਾਰੇ ਦੇਸ਼ ਡੂੰਘੇ ਆਰਥਕ ਸੰਕਟ ਵੱਲ ਧੱਕ ਦਿੱਤੇ ਹਨ ਅਤੇ ਲੋਕੀਂ ਤੇਲ-ਗੈਸ, ਅਨਾਜ ਤੇ ਹੋਰ ਖੁਰਾਕੀ ਵਸਤਾਂ ਦੀ ਭਾਰੀ ਕਿੱਲਤ, ਮਹਿੰਗਾਈ ਤੇ ਕਾਲਾ ਬਾਜ਼ਾਰੀ ਦਾ ਸੰਤਾਪ ਭੋਗ ਰਹੇ ਹਨ।” ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ) ਵਲੋਂ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦਾ ਦਿਹਾੜਾ ਮਨਾਉਣ ਲਈ ਇੱਥੋਂ ਦੀ ਅਨਾਜ ਮੰਡੀ ‘ਚ ਸੱਦੀ ਗਈ “ਸਾਮਰਾਜ ਭਜਾਓ ਮਾਨਵਤਾ ਬਚਾਓ ਮੋਦੀ ਹਟਾਓ ਦੇਸ਼ ਬਚਾਓ” ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਉਕਤ ਸ਼ਬਦ ਕਹੇ ਹਨ। ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ, ਸੂਬਾ ਸਕੱਤਰੇਤ ਦੇ ਮੈਂਬਰਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਸਾਥੀ ਸ਼ਿਵ ਕੁਮਾਰ ਪਠਾਨਕੋਟ ਨੇ ਵੀ ਵਿਚਾਰ ਰੱਖੇ। ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ, ਨੱਥਾ ਸਿੰਘ ਤੇ ਚਮਨ ਲਾਲ ਦਰਾਜਕੇ ਨੇ ਕੀਤੀ। ਮੰਚ ਸੰਚਾਲਨ ਸਾਥੀ ਹਰਪ੍ਰੀਤ ਸਿੰਘ ਬੁਟਾਰੀ ਨੇ ਕੀਤਾ। ਪਾਸਲਾ ਤੇ ਸਾਥੀਆਂ ਨੇ ਫੌਰੀ ਜੰਗਬੰਦੀ ਤੇ ਈਰਾਨ ਦੇ ਨੁਕਸਾਨ ਦੀ ਮੁਕੰਮਲ ਭਰਪਾਈ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੰਸਾਰ ਅਮਨ ਦੇ ਦੋਖੀ ਟਰੰਪ-ਨੇਤਨਯਾਹੂ ਨਾਲ ਜੰਗੀ ਅਪਰਾਧੀਆਂ ਵਾਲਾ ਸਲੂਕ ਕੀਤਾ ਜਾਣਾ ਚਾਹੀਦਾ ਹੈ। ਇਜ਼ਰਾਇਲ-ਅਮਰੀਕਾ ਮੂਹਰੇ ਗੋਡੇ ਟੇਕ ਕੇ ਭਾਰਤ ਦੀ ਸਾਖ ਨੂੰ ਬੱਟਾ ਲਾਉਣ ਵਾਲੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਬੁਲਾਰਿਆਂ ਨੇ ਕਿਹਾ ਕਿ ਆਰਐੱਸਐੱਸ ਦੇ ਚਾਟੜਿਆਂ ਨੇ ਦੇਸ਼ ਦੀ ਹੋਣੀ ਜ਼ਾਲਿਮ ਧਾੜਵੀਆਂ ਨਾਲ ਨੱਥੀ ਕਰ ਦਿੱਤੀ ਹੈ, ਕਿਉਂਕਿ ਤਾਨਾਸ਼ਾਹ ਟਰੰਪ, ਘੋਰ ਨਸਲਵਾਦੀ ਨੇਤਨਯਾਹੂ ਤੇ ਲੋਕਰਾਜ ਦਾ ਜਨਮਜਾਤ ਵੈਰੀ ਮੋਦੀ ਮੁਸੁਲਿਨੀ ਤੇ ਹਿਟਲਰ ਵਰਗੇ ਫਾਸਿਸਟਾਂ ਦੀ ਅਮਾਨਵੀ ਸੋਚ ਦੇ ਪਿਛਲੱਗ ਹਨ।
ਆਗੂਆਂ ਨੇ ਭਾਰਤੀ ਕਿਰਤੀਆਂ ਤੇ ਮਿਹਨਤੀ ਵਸੋਂ ਨੂੰ ਸਾਮਰਾਜੀ ਦੇਸ਼ਾਂ, ਬਹੁਕੌਮੀ ਕਾਰਪੋਰੇਸ਼ਨਾਂ ਤੇ ਅਡਾਨੀ-ਅੰਬਾਦੀ ਜਿਹੇ ਜੁੰਡੀ ਪੂੰਜੀਪਤੀਆਂ ਦੇ ਹਿਤ ਪੂਰਨ ਲਈ ਘੜੀਆਂ ਨਵ-ਉਦਾਰਵਾਦੀ ਨੀਤੀਆਂ; ਦੇਸ਼ ਦੀ ਸਵੈ ਨਿਰਭਰਤਾ ਤੇ ਖੁਦ ਮੁਖਤਿਆਰੀ ਦਾ ਖਾਤਮਾ ਕਰਨ ਵਾਲੇ ‘ਵਿਦੇਸ਼ ਵਪਾਰ ਸਮਝੌਤਿਆਂ’ ਰੂਪੀ ਨਵਬਸਤੀਵਾਦੀ ਗੁਲਾਮੀ ਤੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਤੋਂ ਮੁਕਤੀ ਦਾ ਨਵਾਂ ਸੁਤੰਤਰਤਾ ਸੰਗਰਾਮ ਛੇੜਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਫਿਰਕੂ-ਜਾਤੀਵਾਦੀ ਵੰਡ ਤਿੱਖੀ ਕਰਨ ਤੇ ਧਰਮ ਆਧਾਰਿਤ ਪਿਛਾਖੜੀ ਢਾਂਚਾ ਕਾਇਮ ਕਰਨ ਲਈ ਸੰਘ-ਭਾਜਪਾ ਤੇ ਮੋਦੀ ਸਰਕਾਰ ਵਲੋਂ ਮੁਸਲਿਮ ਤੇ ਈਸਾਈ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਕਬਾਇਲੀਆਂ ਦੇ ਕੀਤੇ ਜਾ ਰਹੇ ਕਤਲ ਤੇ ਇਨ੍ਹਾਂ ‘ਤੇ ਢਾਹੇ ਜਾ ਰਹੇ ਅਕਹਿ ਜ਼ੁਲਮਾਂ ਦਾ ਅੰਤਮ ਨਿਸ਼ਾਨਾ ਦੇਸ਼ ਦੀ ਸਮੁੱਚੀ ਕਿਰਤੀ ਵਸੋਂ, ਖਾਸ ਕਰਕੇ ਹਿੰਦੂ ਭਾਈਚਾਰੇ ਦੇ ਮਿਹਨਤੀ ਤੇ ਅਗਾਂਹਵਧੂ ਲੋਕ ਬਣਨਗੇ। ਖੇਤੀ-ਬਾੜੀ, ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰ ਤੇ ਪ੍ਰਚੂਨ ਵਪਾਰ ਦਾ ਯੋਜਨਾਬੱਧ ਖਾਤਮਾ ਕੀਤੇ ਜਾਣ ਤੇ ਕਿਰਤ ਕਾਨੂੰਨ ਖਾਰਜ ਕਰਕੇ ਕਿਰਤੀ ਮਾਰੂ ਚਾਰ ਕਿਰਤ ਕੋਡ ਘੜਨ ਰਾਹੀਂ ਇਸ ਤੱਥ ਦੀ ਬਾਖੂਬੀ ਪੁਸ਼ਟੀ ਹੋ ਜਾਂਦੀ ਹੈ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਾ ਤਸਕਰੀ, ਭ੍ਰਿਸ਼ਟਾਚਾਰ, ਅਪਰਾਧਿਕ ਵਾਰਦਾਤਾਂ, ਰੇਤ-ਬਜਰੀ ਮਾਫੀਆ ਦੀ ਲੁੱਟ ਅਤੇ ਲੜ ਰਹੇ ਲੋਕਾਂ ‘ਤੇ ਪੁਲਸ ਜਬਰ ਦਾ ਬੇਲਗਾਮ ਵਾਧਾ ਦੱਸਦਾ ਹੈ ਕਿ ‘ਆਪ’ ਦਾ ਬਦਲਾਅ ਦਾ ਦਮਗਜਾ ਸੂਬੇ ਦੇ ਲੋਕਾਂ ਨਾਲ ਅੱਜ ਤਾਈਂ ਦਾ ਸਭ ਤੋਂ ਵੱਡਾ ਸਿਆਸੀ ਧੋਖਾ ਹੈ। ‘ਆਪ’ ਸਰਕਾਰ ਦੇ ਅਨੇਕਾਂ ਹੀ ਚੁਣੇ ਹੋਏ ਨੁਮਾਇੰਦੇ ਆਪਣੇ ਬਦ ਇਖਲਾਕ ਕਾਰਿਆਂ, ਭ੍ਰਿਸ਼ਟ ਤੌਰ ਤਰੀਕਿਆਂ ਤੇ ਧੱਕੇਸ਼ਾਹੀ ਅਤੇ ਨਸ਼ੇ ਦੇ ਧੰਦੇ ‘ਚ ਭਾਗੀਦਾਰ ਦੇ ਦੋਸ਼ਾਂ ਅਧੀਨ ਜੇਲ੍ਹਾਂ ‘ਚ ਬੰਦ ਹਨ। ਉਨ੍ਹਾਂ ਕਿਹਾ ਕਿ ਹਰ ਮੁਹਾਜ ‘ਤੇ ਆਪਣੀ ਅਸਲੋਂ ਨਖਿੱਧ ਕਾਰਗੁਜ਼ਾਰੀ ਦੀ ਪਰਦਾਪੋਸ਼ੀ ਲਈ ਮੁੱਖ ਮੰਤਰੀ ਇਸ਼ਤਿਹਾਰਬਾਜੀ ‘ਤੇ ਹਜ਼ਾਰਾਂ ਕਰੋੜ ਰੁਪਏ ਫੂਕ ਰਿਹਾ ਹੈ ਤੇ ਵੋਟਾਂ ਬਟੋਰਨ ਲਈ ਰਿਆਇਤਾਂ ਦੇ ਗੱਫੇ ਵੰਡ ਰਿਹਾ ਹੈ। ਇਹੋ ਨਹੀਂ ਆਪਣੇ ਪਾਪ ਕੱਜਣ ਲਈ ਮੁੱਖ ਮੰਤਰੀ ਪ੍ਰੈਸ ਦੀ ਆਜ਼ਾਦੀ ਦਾ ਵੀ ਗਲਾ ਘੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸੰਕਟਮਈ ਦੌਰ ‘ਚ ਸਿੱਖ ਗੁਰੂ ਸਾਹਿਬਾਨ ਦੀ ਮਾਨਵੀ ਬਾਣੀ ਤੇ ਭਗਤੀ ਲਹਿਰ ਦੇ ਰਹਿਬਰਾਂ ਦੀਆਂ ਸਿਖਿਆਵਾਂ ਦੇ ਪੈਰੋਕਾਰਾਂ, ਭਗਤ ਸਿੰਘ ਦੀ ਸੋਚ ਨੂੰ ਪ੍ਰਣਾਏ ਖੱਬੇ ਪੱਖੀਆਂ, ਲੋਕਰਾਜ ਤੇ ਧਰਮ ਨਿਰਪੱਖਤਾ ਨੂੰ ਦਿਲੋਂ ਪਿਆਰ ਕਰਨ ਵਾਲਿਆਂ ਅਤੇ ਅੰਬੇਦਕਰ ਦੀ ਸੋਚ ਦੇ ਖਰੇ ਪੈਰੋਕਾਰਾਂ ਦਾ ਸਾਂਝਾ ਮੁਹਾਜ ਅਤੇ ਬੱਝਵਾਂ ਲੋਕ ਯੁੱਧ ਹੀ ਲੋਕਾਈ ਨੂੰ ਭੁੱਖ-ਦੁੱਖ ਤੇ ਜਿੱਲਤ ਤੋਂ ਮੁਕਤੀ ਦੁਆ ਸਕਦਾ ਹੈ ਅਤੇ ਇਹੀ 23 ਮਾਰਚ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਰਘਬੀਰ ਸਿੰਘ ਪਕੀਵਾਂ, ਮਹੀਪਾਲ, ਧਰਮਿੰਦਰ ਸਿੰਘ, ਹਰਿੰਦਰ ਸਿੰਘ ਰੰਧਾਵਾ, ਮੁਖਤਿਆਰ ਸਿੰਘ ਮੱਲ੍ਹਾ, ਗੁਰਮੇਜ ਸਿੰਘ ਤਿੰਮੋਵਾਲ, ਠਾਕੁਰ ਧਿਆਨ ਸਿੰਘ, ਕੁਲਵੰਤ ਸਿੰਘ ਮੱਲੂ ਨੰਗਲ, ਸ਼ਮਸ਼ੇਰ ਸਿੰਘ ਬਟਾਲਾ, ਬਲਦੇਵ ਸਿੰਘ ਸੈਦਪੁਰ, ਦਲਜੀਤ ਸਿੰਘ ਦਿਆਲਪੁਰਾ, ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਪੰਡੋਰੀ, ਗੁਰਨਾਮ ਸਿੰਘ ਭਿੰਡਰ ਵੀ ਹਾਜ਼ਰ ਸਨ।

Scroll To Top