
ਅਜਨਾਲਾ: ਅਮਰੀਕਨ ਸਾਮਰਾਜ ਟਰੰਪ ਤੇ ਜੰਗਬਾਜ਼ ਨੇਤਨਯਾਹੂ ਵਲੋਂ ਇਰਾਨ ਤੇ ਬਿਨ੍ਹਾਂ ਵਜ੍ਹਾ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਅਤੇ ਆਮ ਪਬਲਿਕ ਨੂੰ ਸਾਮਰਾਜ ਦੇ ਅਸਲ ਖ਼ਾਸੇ ਬਾਰੇ ਤੇੜਾਂ ਰਾਜਪੂਤਾਂ ਵਿਖੇ ਸਾਬਕਾ ਸਰਪੰਚ ਤੇ ਸਮਾਜ ਸੇਵਕ ਲਖਬੀਰ ਸਿੰਘ ਤੇੜਾਂ ਦੀ ਪ੍ਰਧਾਨਗੀ ਵਿੱਚ ਆਯੋਜਿਤ ਮੀਟਿੰਗ ਵਿੱਚ ਬੋਲਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਜੇ. ਪੀ. ਐੱਮ. ਓ. (ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ) ਦੇ ਕਨਵੀਨਰ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਹੋਰਾ ਨੇ ਆਮ ਲੋਕਾਂ ਨੂੰ ਦੱਸਿਆ ਸੀ ਕਿ ਜਿਨ੍ਹਾਂ ਚਿਰ ਦੁਨੀਆਂ ‘ਚ ਸਾਮਰਾਜ ਰਹੇਗਾ ਉਹਨਾਂ ਚਿਰ ਕਦੀਂ ਵੀ ਅਮਨ ਸਥਾਪਿਤ ਨਹੀਂ ਹੋ ਸਕਦਾ ਕਿਉਂਕਿ ਸਾਮਰਾਜ, ਸ਼ਕਤੀਸ਼ਾਲੀ ਦੇਸ਼ ਅਮਰੀਕਾ ਜਾਂ ਹੋਰ ਕੋਈ ਹੋਵੇ, ਉਹ ਸਦਾ ਹੀ ਆਪਣੀ ਤਾਕਤ ਆਰਥਿਕ ਤੇ ਰਾਜਨੀਤਿਕ ਤਾਕਤ ਅਤੇ ਫੌਜੀ ਸ਼ਕਤੀ ਦੇ ਬਲਬੂਤੇ ਕਮਜ਼ੋਰ ਦੇਸ਼ਾਂ ਦੇ ਕੀਮਤੀ ਖਣਿਜ ਪਦਾਰਥ ਜਿਵੇਂ ਤੇਲ-ਗੈਸ; ਸੋਨਾ ਤੇ ਹੋਰ ਕੀਮਤੀ ਤੋਂ ਕੀਮਤੀ ਖਣਿਜ ਪਦਾਰਥ ਨੂੰ ਹਥਿਆਉਣ ਲਈ ਉਹਨਾਂ ਦੇਸ਼ਾਂ ਤੇ ਫ਼ੌਜੀ ਹਮਲਾ ਕਰਦਾ ਤੇ ਸਾਡੇ ਸਾਹਮਣੇ ਮਿਸਾਲ ਹੈ ਕਿ ਉਸ ਨੇ ਵੈਨਜ਼ੂਏਲਾ ਦੇ ਖਣਿਜ ਪਦਾਰਥਾਂ ਨੂੰ ਹੜੱਪਣ ਲਈ ਉੱਥੇ ਆਪਣੇ ਪੱਖ ਦੀ ਸਰਕਾਰ ਬਣਾ ਲਈ ਹੈ।
ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਅਮਰੀਕਨ ਸਾਮਰਾਜ ਤੇ ਜੰਗਬਾਜ਼ ਇਜ਼ਰਾਈਲ ਨੇ ਵੀ ਇਰਾਨ ਦਾ ਤੇਲ ਹਥਿਆਉਣ ਲਈ ਉਹਦੇ ਉੱਤੇ ਚੱਲ ਰਹੀ ਗੱਲਬਾਤ ਦੌਰਾਨ 28 ਫਰਵਰੀ ਨੂੰ ਅਚਾਨਕ ਵੱਡਾ ਹਮਲਾ ਕਰਕੇ ਉਹਨਾਂ ਦੇ ਖਮੀਨੀ ਸਮੇਤ ਪਹਿਲੀਂ ਕਤਾਰ ਦੇ ਰਾਜਨੀਤਿਕ ਲੀਡਰ ਅਤੇ ਉੱਚ ਪੱਧਰ ਦੇ ਫੌਜੀ ਜਰਨੈਲ ਮਾਰ ਦਿੱਤੇ ਪ੍ਰੰਤੂ ਇਰਾਨ ਦੇ ਨਾਲ ਦੁਨੀਆਂ ਭਰ ‘ਚੋਂ ਜਿਤਾਈ ਜਾ ਰਹੀ ਹਮਦਰਦੀ ਅਤੇ ਟਰੰਪ ਵਿਰੁੱਧ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ। ਇਸ ਹੌਸਲੇ ਦੇ ਬਲਬੂਤੇ ਪਿਛਲੇ 27 ਦਿਨਾਂ ਵਿੱਚ ਜੰਗ ਦੇ ਮੈਦਾਨ ਵਿੱਚ ਇਹਨਾਂ ਦੋਨਾਂ ਜੰਗਬਾਜ਼ਾਂ ਤੇ ਇਸ ਦੇ ਹਮਦਰਦਾਂ ਦੇ ਦੰਦ ਖੱਟੇ ਕਰ ਦਿੱਤੇ ਹਨ। ਜੇ. ਪੀ.ਐਮ. ਓ. ਦੇ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਲੋਕਾਂ ਨੂੰ ਹੋਕਾ ਦਿੱਤਾ ਕਿ ਆਉ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਮਰਾਜ ਵਿਰੁੱਧ ਇੱਕਜੁਟ ਹੋ ਕੇ ਅੱਗੇ ਆਈਏ ਅਤੇ ਇਜ਼ਰਾਈਲ ਦੇ ਜੋਟੀਦਾਰ ਅਤੇ ਟਰੰਪ ਦੇ ਯਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਦਾਨ ਵਿੱਚੋਂ ਹਰਾਉਣ ਲਈ ਆਪਣੇ ਰਾਜਨੀਤਿਕ ਮੱਤਭੇਦ ਦੂਰ ਕਰਕੇ ਸੰਘਰਸ਼ਾਂ ਦੇ ਪਿੜ ਮੱਲੀਏ ਅਤੇ ਇਸ ਨਾਅਰੇ ‘ਸਾਮਰਾਜ ਭਜਾਉ, ਮੋਦੀ ਹਰਾਉ ਤੇ ਦੇਸ਼ ਬਚਾਓ’ ‘ਤੇ ਅਮਲ ਕਰੀਏ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸਾਬਕਾ ਥਾਣੇਦਾਰ ਲਖਬੀਰ ਸਿੰਘ ਤੇੜਾਂ, ਸਰਬਜੀਤ ਸਿੰਘ, ਪਿਆਰਾ ਸਿੰਘ, ਵੀਰ ਸਿੰਘ ਮੈਂਬਰ, ਜੋਗਿੰਦਰ ਸਿੰਘ, ਧਨਵਿੰਦਰ ਸਿੰਘ, ਬੀਰਾ ਸਿੰਘ, ਗੁਰਮੁੱਖ ਸਿੰਘ, ਬਲਵਿੰਦਰ ਸਿੰਘ ਤੇੜਾਂ, ਨੌਜਵਾਨ ਆਗੂ ਪੱਪੂ ਸਿੰਘ, ਅਜੇ ਸਿੰਘ, ਹਰਿੰਦਰ ਸਿੰਘ ਹਰਦੀਪ ਸਿੰਘ, ਜਸ਼ਨ ਸਿੰਘ ਹਰਨੇਕ ਸਿੰਘ ਨੇਪਾਲ ਆਦਿ ਨੇ ਵੀ ਸਾਮਰਾਜ ਦਾ ਚੋਰਾਹੇ ‘ਚ ਭਾਂਡਾ ਭੰਨਣਾ ਸਕੰਲਪ ਲਿਆ।
ਉਧਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ ਦੀ ਅਗਵਾਈ ਵਿੱਚ ਭਾਰਤ – ਪਾਕਿ ਸਰਹੱਦੀ ਪਿੰਡਾਂ ਡੱਲਾ ਰਾਜਪੂਤਾਂ, ਹਮੀਰਪੁਰਾ, ਭੂਤਨਪੂਰ, ਕੱਚਾ ਡੱਲਾ, ਬੱਲ ਲੱਬੇ ਦਰਿਆ, ਸਾਹੋਵਾਲ, ਜਗਦੇਵ ਪੁਰਦ ਆਦਿ ਪਿੰਡਾਂ ਵਿਚ ਭਗਤ ਸਿੰਘ ਦੇ ਨਾਅਰਿਆਂ ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ ਤੇ ਦੁਨੀਆਂ ਭਰ ਦੇ ਮਿਹਨਤਕਸ਼ ਇੱਕ ਹੋ ਜਾਓ ਦਾ ਹੋਕਾ ਦੇ ਰਹੇ ਹਨ।