
ਜੰਡਿਆਲਾ ਗੁਰੂ: ਸ਼ਹੀਦ ਭਗਤ ਸਿੰਘ ਸ਼ਹੀਦੀ ਦਿਨ ਨੂੰ ਸਮਰਪਿਤ ਸਾਮਰਾਜ ਵਿਰੋਧੀ ਦਿਵਸ ਵਜੋਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ 29 ਮਾਰਚ ਨੂੰ ਜੰਡਿਆਲਾ ਗੁਰੂ ਕੀਤੀ ਜਾ ਰਹੀ ਰੈਲੀ ਸਬੰਧੀ ਇਥੇ ਮੀਟਿੰਗ ਕੀਤੀ ਗਈ ਅਤੇ ਆਮ ਲੋਕਾਂ ਨੂੰ ਰੈਲੀ ਵਿਚ ਪਹੁੰਚਣ ਦਾ ਸੱਦਾ ਦਿਤਾ ਗਿਆ। ਪਾਰਟੀ ਦੇ ਸੂਬਾਈ ਆਗੂ ਮਖਤਾਰ ਸਿੰਘ ਮੱਲਾ, ਡਾਕਟਰ ਗੁਰਮੇਜ ਸਿੰਘ ਤਿਮੋਵਾਲ ਨੇ ਕਿਹਾ ਕਿ ਇਹ ਰੈਲੀ ਮਜ਼ਦੂਰਾਂ ਕਿਸਾਨਾਂ ਅਤੇ ਦੁਕਾਨਦਾਰਾਂ ਦੇ ਮਸਲਿਆਂ ਨੂੰ ਲੈ ਕੇ ਕੀਤੀ ਜਾ ਰਹੀ ਅਤੇ ਜੋ ਭਗਵੰਤ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਲੋਕਾਂ ਦੇ ਕਾਰੋਬਾਰ ਬੰਦ ਹੋ ਰਹੇ ਹਨ, ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਕਿਸਾਨੀ ਕਿੱਤਾ ਤਬਾਹੀ ਦੇ ਕੰਢੇ ਵੱਲ ਜਾ ਰਿਹਾ ਹੈ, ਮੁਲਾਜ਼ਮ ਇਹਨਾਂ ਨੀਤੀਆਂ ਤੋਂ ਅਤਿ ਦੁਖੀ ਹਨ। ਇਹਨਾਂ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੇ ਰਾਜ ਕਾਲ ਦੌਰਾਨ ਪੰਜਾਬ ਦੀ ਕਾਨੂੰਨ ਅਵਸਥਾ ਡਾਵਾਂ ਡੋਲ ਹੋਈ ਫਿਰਦੀ ਹੈ, ਗੈਂਗਸਟਰਵਾਦ ਜੋਬਨ ਤੇਹੈ, ਆਮ ਲੋਕਾਂ ਕੋਲੋ ਫਰੌਤੀਆਂ ਮੰਗੀਆਂ ਜਾ ਰਹੀਆਂ ਹਨ। ਇਥੋਂ ਤੱਕ ਕੇ ਭਗਵੰਤ ਮਾਨ ਸਰਕਾਰ ਦੇ ਚੁਣੇ ਹੋਏ ਸਰਪੰਚ ਕਤਲ ਕੀਤੇ ਜਾ ਰਹੇ ਹਨ ਸਰਕਾਰ ਨੂੰ ਕੋਈ ਚਿੰਤਾ ਨਹੀਂ ਅਫਸਰ ਸ਼ਾਹੀ ਮਨ ਮਰਜੀ ਕਰ ਰਹੀ ਹੈ। ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮੌਤ ਤੇ ਘਾਤ ਉਤਾਰਿਆ ਜਾ ਰਿਹਾ ਹੈ। ਇਹਨਾਂ ਮਸਲਿਆਂ ਨੂੰ ਲੈ ਕੇ ਮਾਝਾ ਜੋਨ ਦੀ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਲੋਕਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲਾਮਬੰਦ ਹੋਣ ਦੀ ਅਪੀਲ ਕੀਤੀ ਜਾਵੇਗੀ।
ਇਸ ਮੌਕੇ ਥ੍ਰੀਵੀਲ੍ਹਰ ਯੂਨੀਅਨ ਦਾ ਗਠਨ ਵੀ ਕੀਤਾ ਗਿਆ। ਯੂਨੀਅਨ ਦਾ ਗਠਨ ਕਰਨ ਵੇਲੇ ਆਗੂਆਂ ਨੇ ਵਿਸ਼ਵਾਸ ਦਵਾਇਆ ਕਿ ਉਹ ਯੂਨੀਅਨ ਦੀ ਹਰ ਤਰਾਂ ਮਦਦ ਕਰਨਗੇ। ਇਸ ਯੂਨੀਅਨ ਦੇ ਅੰਮ੍ਰਿਤਪਾਲ ਸਿੰਘ ਏਕਲਗੱਡਾ, ਰਾਜ ਕੁਮਾਰ ਜੰਡਿਆਲਾ ਗੁਰੂ, ਪ੍ਰਤਾਪ ਸਿੰਘ ਏਕਲਗੱਡਾ ਸਮੇਤ ਹੋਰ ਅਹੁਦੇਦਾਰ ਚੁਣੇ ਗਏ।