
ਸਰਦੂਲਗੜ੍ਹ: ਸ਼ਹੀਦੇ ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਤੇ ਗਏ ਸੱਦੇ ਅਨੁਸਾਰ ਸਾਮਰਾਜ ਵਿਰੋਧੀ ਦਿਵਸ ਤੌਰ ‘ਤੇ ਇਹ ਦਿਨ ਮਨਾਇਆ ਗਿਆ। ਮਜ਼ਦੂਰ, ਕਿਸਾਨ ਜਥੇਬੰਦੀਆਂ ਵਲੋਂ ਹਨੂੰਮਾਨ ਮੰਦਿਰ ਕੋਲ ਇਕੱਠੇ ਹੋ ਕੇ ਸ਼ਹਿਰ ਵਿਚ ਮਾਰਚ ਕੱਢਿਆ ਗਿਆ। ਇਸ ਮੌਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਸਾਮਰਾਜੀਆਂ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੋੜਕੀ ਚੌਕ ਵਿੱਚ ਸਥਾਪਤ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਫੁਲ ਮਾਲਾਵਾਂ ਪਾਈਆਂ ਗਈਆਂ। ਇਸ ਮੌਕੇ ਰੈਲੀ ਮੁਜ਼ਾਹਰੇ ਵਿੱਚ ਸ਼ਾਮਲ ਇੱਕਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਅਮਰੀਕਾ ਵਲੋਂ ਭਾਰਤ ਸਮੇਤ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਦੇ ਊਰਜਾ ਸਰੋਤਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਲੁੱਟਣਾ ਚਾਹੁੰਦਾ ਹੈ, ਜਿਸ ਦੀ ਤਾਜ਼ਾ ਮਿਸਾਲ ਵੈਨਜ਼ੂਏਲਾ, ਫ਼ਲਸਤੀਨ, ਇਰਾਨ ਸਾਡੇ ਸਾਹਮਣੇ ਹੈ। ਅੱਜ ਅਮਰੀਕਾ ਅਤੇ ਉਸਦੇ ਜੋਟੀਦਾਰਾਂ ਵਲੋਂ ਸਮੁੱਚੇ ਸੰਸਾਰ ਨੂੰ ਜੰਗ ਦੀ ਭੇਟ ਚੜ੍ਹਾਇਆ ਹੋਇਆ ਹੈ। ਇਜ਼ਰਾਇਲ ਅਤੇ ਅਮਰੀਕਾ ਨਾਲ ਮੋਦੀ ਸਰਕਾਰ ਵੱਲੋਂ ਕੀਤੇ ਗਏ ਫ੍ਰੀ ਟਰੇਡ ਐਗਰੀਮੈਂਟ ਨਾਲ ਸਾਡੇ ਖੇਤੀ ਸੈਕਟਰ, ਡੇਅਰੀ ਫਾਰਮਿੰਗ, ਮਛਲੀ ਫਾਰਮਿੰਗ, ਸਮਾਲ ਸਕੇਲ ਇੰਡਸਟਰੀਜ਼ ਨੂੰ ਤਬਾਹੀ ਦੇ ਕੰਢੇ ‘ਤੇ ਖੜਾ ਕਰ ਦਿੱਤਾ ਹੈ। ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਨਾਲ ਪੇਂਡੂ ਖ਼ੇਤਰ ਦੇ ਮਜ਼ਦੂਰਾਂ ਨੂੰ ਭੁਖਮਰੀ ਵੱਲ ਧੱਕ ਦਿੱਤਾ ਹੈ, ਇਸ ਲਈ ਭਗਤ ਸਿੰਘ ਦਾ ਸਾਮਰਾਜ ਮੁਰਦਾਬਾਦ ਇਨਕਲਾਬ ਜ਼ਿੰਦਾਬਾਦ ਦਾ ਨਾਹਰਾ ਅੱਜ ਵੀ ਸਾਰਥਿਕ ਹੈ। ਇਸ ਰੈਲੀ ਨੂੰ ਕਾਮਰੇਡ ਲਾਲ ਚੰਦ ਸੀ ਟੀ ਯੂ, ਆਤਮਾ ਰਾਮ ਦਿਹਾਤੀ ਮਜ਼ਦੂਰ ਸਭਾ, ਦਰਸ਼ਨ ਸਿੰਘ ਜਟਾਣਾ, ਤੋਤਾ ਸਿੰਘ ਬੀ ਕੇ ਯੂ ਲੱਖੋਵਾਲ, ਜੁਗਰਾਜ ਸਿੰਘ ਹੀਰਕੇ ਕੁਲ ਹਿੰਦ ਕਿਸਾਨ ਸਭਾ, ਜਗਦੇਵ ਸਿੰਘ, ਬਿੱਕਰ ਸਿੰਘ ਦਾਨੇਵਾਲਾ ਪੀ ਕੇ ਯੂ, ਮਿੱਠੂ ਸਿੰਘ ਨੈਬ ਸਿੰਘ ਚੋਟੀਆਂ ਬੀ ਕੇ ਯੂ ਡਕੌਂਦਾ ਬੁਰਜ ਗਿੱਲ, ਰਛਪਾਲ ਸਿੰਘ ਨਾਹਰਾਂ ਗੁਰਦੇਵ ਸਿੰਘ ਲੋਹਗੜ੍ਹ ਜਮਹੂਰੀ ਕਿਸਾਨ ਸਭਾ, ਗੁਰਪਿਆਰ ਸਿੰਘ ਖੇਤ ਮਜ਼ਦੂਰ ਸਭਾ ਸੱਤਪਾਲ ਚੋਪੜਾ ਏਟਕ, ਗੁਰਪ੍ਰੀਤ ਸਿੰਘ ਮਨਪ੍ਰੀਤ ਸਿੰਘ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਡਾਕਟਰ ਰਾਜ ਸਿੰਘ ਝੰਡੂਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਡਾਕਟਰ ਬਿਕੱਰਜੀਤ ਸਿੰਘ ਸਾਧੂ ਵਾਲਾ ਨੇ ਸੰਬੋਧਨ ਕੀਤਾ।