Now Reading
ਵੀਰਇੰਦਰ ਸਿੰਘ ਪੁਰੀ ਜ਼ਿਲ੍ਹਾ ਪ੍ਰਧਾਨ ਅਤੇ ਜਸਮੇਲ ਸਿੰਘ ਰਾਂਹੀ ਜ਼ਿਲ੍ਹਾ ਸਕੱਤਰ ਚੁਣੇ

ਵੀਰਇੰਦਰ ਸਿੰਘ ਪੁਰੀ ਜ਼ਿਲ੍ਹਾ ਪ੍ਰਧਾਨ ਅਤੇ ਜਸਮੇਲ ਸਿੰਘ ਰਾਂਹੀ ਜ਼ਿਲ੍ਹਾ ਸਕੱਤਰ ਚੁਣੇ

ਕੋਟਕਪੂਰਾ: ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਫਰੀਦਕੋਟ ਦੀ ਜਥੇਬੰਦਕ ਕਨਵੈਨਸ਼ਨ ਅੱਜ ਸਥਾਨਕ ਧਰਮਸ਼ਾਲਾ ਵਿੱਚ ਇਨਕਲਾਬੀ ਉਤਸ਼ਾਹ ਨਾਲ ਸੰਪੰਨ ਹੋਈ। ਜ਼ਿਲ੍ਹੇ ਭਰ ਵਿੱਚੋਂ ਹਾਜ਼ਰ ਹੋਏ ਚੋਣਵੇਂ ਡੈਲੀਗੇਟਾਂ ਵਲੋਂ ਸਰਬਸੰਮਤੀ ਨਾਲ ਜ਼ਿਲ੍ਹੇ ਦੇ ਪ੍ਰਧਾਨ ਵੀਰਇੰਦਰ ਜੀਤ ਸਿੰਘ ਪੁਰੀ, ਸਕੱਤਰ ਜਸਮੇਲ ਸਿੰਘ ਰਾਂਹੀ, ਖ਼ਜ਼ਾਨਚੀ ਅਜੀਤ ਸਿੰਘ ਖ਼ਾਲਸਾ ਅਤੇ ਮੁੱਖ ਸਲਾਹਕਾਰ ਡਾ. ਮਨਜੀਤ ਸਿੰਘ ਸਮੇਤ 17 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੰਦਿਆਂ ਆਖਿਆ ਕਿ ਜਿੱਥੇ ਇਹ ਕਮੇਟੀ ਕਿਰਤੀ ਕਿਸਾਨਾਂ ਦੀਆਂ ਮੰਗਾਂ ਮੁਸ਼ਕਲਾਂ ਦੇ ਹੱਲ ਵਿੱਚ ਸਹਾਈ ਹੋਵੇਗੀ, ਉੱਥੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕਿਰਤੀ ਕਿਸਾਨਾਂ ਨੂੰ ਲਾਮਬੰਦ ਵੀ ਕਰੇਗੀ। ਉਹਨਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਇਹ ਟੀਮ ਜ਼ਿਲ੍ਹਾ ਫਰੀਦਕੋਟ ਵਿੱਚ ਕਿਸਾਨਾਂ ਨੂੰ ਜਬੇਬੰਦ ਕਰਕੇ ਸਭਾ ਨੂੰ ਹੋਰ ਤਕੜਿਆਂ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀ ਛੱਡੇਗੀ।

ਇਸ ਮੌਕੇ ਭਰਾਤਰੀ ਸੰਦੇਸ਼ ਦਿੰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਮਹੀਪਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਜਤਿੰਦਰ ਕੁਮਾਰ ਮੁਲਾਜ਼ਮ ਆਗੂ ਸਿਮਰਜੀਤ ਸਿੰਘ ਬਰਾੜ ਨੇ ਆਖਿਆ ਕਿ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਨੌਜਵਾਨਾਂ ਦਾ ਏਕਾ ਹੀ ਚੱਲ ਰਹੇ ਹੱਕੀ ਸੰਘਰਸ਼ ਨੂੰ ਜਿੱਤ ਤੱਕ ਲੈ ਜਾ ਸਕਦਾ ਹੈ। ਇਸ ਮੌਕੇ ਆਰਗੈਨਿਕ ਖੇਤੀ ਦੇ ਮਾਹਿਰ ਡਾ. ਮਨਜੀਤ ਸਿੰਘ ਨੇ ਨਵੀਂ ਚੁਣੀ ਕਮੇਟੀ ਨੂੰ ਹਲਦੀ ਦੇ ਪੈਕਿਟ ਵੀ ਭੇਟ ਕੀਤੇ। ਅੰਤ ਵਿੱਚ ਪ੍ਰਧਾਨ ਵੀਰਇੰਦਰ ਸਿੰਘ ਪੁਰੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਮਿਲੀ ਜਿਮੇਵਾਰੀ ਨੂੰ ਪੁਰੀ ਤਨਦੇਹੀ ਨਾਲ ਨਿਭਾਉਣਗੇ।

Scroll To Top