
ਫਤਿਆਬਾਦ: ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਤੁੜ ਵਿੱਖੇ ਭਰਵੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਨਛੱਤਰ ਸਿੰਘ ਤੁੜ ਨੇ ਕੀਤੀ। ਮੀਟਿੰਗ ਵਿੱਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਭੈਲ ਨੇ ਕਿਹਾ ਕੇ ਕੇਂਦਰ ਦੀ ਭਾਜਪਾ ਦੀ ਮੋਦੀ ਸਰਕਾਰ ਨੇ ਗਰੀਬ ਲੋਕਾਂ ਲਈ ਰੋਟੀ ਰੋਜੀ ਦਾ ਬਚਿਆ ਖੁਸਿਆ ਸਹਾਰਾ ਮਨਰੇਗਾ ਨੂੰ ਖਤਮ ਕਰਕੇ ਗਰੀਬ ਵਰਗ ਨਾਲ ਧਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਏਥੇ ਹੀ ਬੱਸ ਨਹੀਂ ਸਗੋਂ ਕਿਰਤੀ ਵਰਗ ਦੇ ਹੱਕ ਦੇ ਸਾਰੇ ਕਾਨੂੰਨ ਬਦਲ ਕੇ ਅਡਾਨੀਆਂ ਅਬਾਨੀਆਂ ਵਰਗੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰ ਰਹੀ ਹੈ। ਦਿਹਾੜੀ ਅੱਠ ਘੰਟੇ ਤੋਂ ਬਾਰਾਂ ਘੰਟੇ ਦੀ ਕੀਤੀ ਗਈ ਹੈ। ਆਰ ਐੱਸ ਐੱਸ ਦੀ ਫਾਸ਼ੀ ਵਿਚਾਰਧਾਰਾ ਦੇਸ਼ ਦੇ ਸੰਵਿਧਾਨ ਦੀ ਮੂਲ ਭਾਵਨਾ ਨੂੰ ਬਦਲਕੇ ਮੰਨੂਵਾਦੀ ਵਿਵਸਥਾ ਲਾਗੂ ਕਰਨ ਲਈ ਕਾਹਲੇਕਦਮੀ ਚੱਲ ਰਹੀ ਹੈ। ਉਹਨਾਂ ਲੋਕਾਂ ਨੂੰ ਸੰਵਿਧਾਨ ਵਿੱਚ ਮਿਲੇ ਅਧਿਕਾਰਾਂ ਦੀ ਰਾਖੀ ਲਈ ਲੜਨ ਦਾ ਸੱਦਾ ਦਿੱਤਾ।
ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਮਸਲਿਆਂ ਲਈ 8 ਅਪਰੈਲ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਕੀਤੀ ਜਾ ਰਹੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਆਗੂ ਸਲੱਖਣ ਸਿੰਘ ਤੁੜ ਅਤੇ ਨੌਜਵਾਨ ਆਗੂ ਖੁਸ਼ਦੀਪ ਸਿੰਘ ਨੇ ਪੂਰਨ ਸਹਿਯੋਗ ਦੇਣ ਅਤੇ ਭਰਵੀਂ ਸ਼ਮੂਲੀਅਤ ਦਾ ਭਰੋਸਾ ਦਵਾਇਆ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਜਮਹੂਰੀ ਲਹਿਰ ਦੇ ਆਗੂ ਪ੍ਰਗਟ ਸਿੰਘ ਜਾਮਾਰਾਏ ਨੇ ਵੀ ਸ਼ਮੂਲੀਅਤ ਕੀਤੀ।