
ਮਹਿਤਪੁਰ: ਪਿੰਡ ਬੂਟੇ ਦੀਆਂ ਛੰਨਾ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਕੁੱਝ ਨਸ਼ਾ ਤਸਕਰਾਂ ਨੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਅਤੇ ਉਸਦੀ ਪਤਨੀ ਸਰਪੰਚ ਅਮਰ ਕੌਰ ਨੂੰ ਜ਼ਖ਼ਮੀ ਕਰ ਦਿੱਤਾ ਸੀ, ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਮਹਿੰਦਰ ਸਿੰਘ ਦਾ ਪਰਸੋਂ ਦੇਹਾਂਤ ਹੋ ਗਿਆ ਸੀ। ਤਿੰਨ ਦਿਨ ਮਹਿਤਪੁਰ ਥਾਣੇ ਅੱਗੇ ਲਗਾਏ ਧਰਨੇ ਉਪਰੰਤ ਪਰਿਵਾਰ ਨੂੰ ਮੁਆਵਜ਼ਾ ਦੇਣ, ਸ਼ਹੀਦ ਮਹਿੰਦਰ ਸਿੰਘ ਦੇ ਨਾਂ ਦੀ ਯਾਦਗਾਰ ਬਣਾਉਣ ਆਦਿ ਦੀ ਮੰਗ ਮਨਵਾਉਣ ਉਪਰੰਤ ਅੱਜ ਸਸਕਾਰ ਕੀਤਾ ਗਿਆ।
ਇਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ, ਸੂਬਾ ਸਕੱਤਰੇਤ ਦੇ ਮੈਂਬਰ ਡਾ. ਸਰਬਜੀਤ ਮੁਠੱਡਾ, ਸੂਬਾ ਕਮੇਟੀ ਮੈਂਬਰ ਮਨੋਹਰ ਗਿੱਲ, ਸੰਤੋਖ ਸਿੰਘ ਬਿਲਗਾ, ਤਹਿਸੀਲ ਸ਼ਾਹਕੋਟ ਦੇ ਸਕੱਤਰ ਨਿਰਮਲ ਮਲਸੀਆਂ, ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜਰ ਖੁਰਲਾਪੁਰ, ਸੂਬਾ ਕਮੇਟੀ ਮੈਂਬਰ ਰਾਮ ਸਿੰਘ ਕੈਮਵਾਲਾ ਨੇ ਸੂਹਾ ਝੰਡਾ ਪਾ ਕੇ ਇਨਕਲਾਬੀ ਢੰਗ ਨਾਲ ਸਰਪੰਚ ਨੂੰ ਵਿਦਾਇਗੀ ਦਿੱਤੀ। ਅੰਤਿਮ ਸਸਕਾਰ ਮੌਕੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ, ਪੇਂਡੂ ਮਜ਼ਦੂਰ ਯੂਨੀਅਨ ਦੇ ਤਰਸੇਮ ਪੀਟਰ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਮੰਡ, ਸੰਦੀਪ ਅਰੋੜਾ, ਮਹਿੰਦਰ ਪਾਲ ਸਿੰਘ ਟੁਰਨਾ, ਜੁਗਿੰਦਰ ਸਿੰਘ ਵੇਹਰਾ, ਜੁਗਿੰਦਰ ਸਿੰਘ ਬੂਟੇ ਦੀਆਂ ਛੰਨਾ, ਕਰਨੈਲ ਸਿੰਘ, ਸਵਰਨ ਰੱਤੂ, ਤਾਰਾ ਸਿਂਘ ਥੰਮੂਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਵਿਜੈ ਬਾਠ, ਕੁਲਦੀਪ ਵਾਲੀਆ, ਸਰਪੰਚ ਪੰਜਾ ਸਿੰਘ ਰਾਏਪੁਰ ਅਰੀਆਂ, ਜਗੀਰ ਸਿੰਘ ਮਹਿਤਪੁਰ ਆਦਿ ਹਾਜ਼ਰ ਸਨ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਝੰਡੇ ਪਾ ਕੇ ਸਲਾਮੀ ਦਿੱਤੀ ਗਈ।