
ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਲੋਕ ਵਿਰੋਧੀ ਕਾਨੂੰਨ ਜਿਨ੍ਹਾਂ ਵਿੱਚ ਚਾਰ ਲੇਬਰ ਕੋਡ, ਮਨਰੇਗਾ ਨੂੰ ਖਤਮ ਕਰਕੇ ਨਵਾਂ ਕਾਨੂੰਨ ਲਿਆਉਣਾ, ਬਿਜਲੀ ਸੋਧ ਬਿਲ, ਬੀਜ ਬਿਲ ਅਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਅੱਜ ਬੀਜੇਪੀ ਦੇ ਦਫਤਰ ਦੇ ਸਾਹਮਣੇ ਲੁਧਿਆਣਾ ਵਿਖੇ ਧਰਨਾ ਦਿੱਤਾ ਗਿਆ। ਇਸੇ ਤਰ੍ਹਾਂ ਅੱਜ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਉਸ ਦੇ ਮੰਤਰੀਆਂ ਦੇ ਖਿਲਾਫ ਧਰਨੇ ਦਿੱਤੇ ਗਏ। ਅੱਜ ਦਾ ਇਹ ਧਰਨਾ ਐੱਸਕੇਐੱਮ, ਟ੍ਰੇਡ ਯੂਨੀਅਨਾਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਪੱਖੀ ਹੈ ਅਤੇ ਲੋਕ ਵਿਰੋਧੀ ਹੈ। ਜਿੰਨੇ ਵੀ ਕਾਨੂੰਨ ਲਿਆਂਦੇ ਜਾ ਰਹੇ ਹਨ ਉਹ ਵੱਡੇ ਵੱਡੇ ਧਨਾਢਾਂ ਨੂੰ ਖੁਸ਼ ਕਰਨ ਲਈ ਲਿਆਂਦੇ ਜਾ ਰਹੇ ਹਨ ਅਤੇ ਮਿਹਨਤਕਸ਼ਾਂ ਦਾ ਖੂਨ ਨਿਚੋੜਿਆ ਜਾ ਰਿਹਾ ਹੈ। ਭਾਰਤ ਅਮਰੀਕਾ ਸਮਝੌਤੇ ਨੇ ਤਾਂ ਦੇਸ਼ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੰਬੋਧਨ ਕਰਨ ਵਾਲਿਆਂ ਵਿੱਚ ਡਾਕਟਰ ਰਜਿੰਦਰ ਪਾਲ ਸਿੰਘ ਔਲਖ, ਰਘਬੀਰ ਸਿੰਘ ਬੈਨੀਪਾਲ, ਜਮੀਰ ਹੁਸੈਨ, ਅਵਤਾਰ ਸਿੰਘ, ਲਖਵਿੰਦਰ ਸਿੰਘ, ਅਜੀਤ ਸਿੰਘ ਧਾਂਦਰਾ, ਡੀਪੀ ਮੌੜ, ਨਰੇਸ਼ ਗੌੜ, ਸੁਖਵਿੰਦਰ ਸਿੰਘ ਲੋਟੇ, ਕੇਵਲ ਸਿੰਘ ਬਨਵੈਤ, ਅਵਤਾਰ ਸਿੰਘ ਮੇਹਲੋ , ਸਰਬਜੀਤ ਸਿੰਘ ਸਰਹਾਲੀ, ਗੁਰਪ੍ਰੀਤ ਸਿੰਘ ਵੜੈਚ, ਜਗਦੀਸ਼ ਚੰਦ, ਹਰਜਿੰਦਰ ਸਿੰਘ, ਰਵਿੰਦਰ ਕੌਰ, ਜਸਵੰਤ ਜ਼ੀਰਖ, ਮਨਿੰਦਰ ਸਿੰਘ ਭਾਟੀਆ, ਜਗਦੀਪ ਸਿੰਘ, ਹਰਜਿੰਦਰ ਕੌਰ, ਗੁਰਪ੍ਰੀਤ ਸਿੰਘ ਮਹਿਦੂਦਾ ਅਤੇ ਚਰਨ ਸਿੰਘ ਨੂਰਪੁਰਾ ਸ਼ਾਮਿਲ ਸਨ। ਪ੍ਰਧਾਨਗੀ ਮੰਡਲ ਵਿੱਚ ਅਮਰਨਾਥ ਕੂਮ ਕਲਾਂ, ਪਰਮਜੀਤ ਸਿੰਘ, ਵਿਜੇ ਕੁਮਾਰ, ਦੇਵਰਾਜ, ਲਖਵਿੰਦਰ ਸਿੰਘ, ਜਸਵੀਰ ਝੱਜ, ਜਸਪ੍ਰੀਤ ਸਿੰਘ, ਰਣਵੀਰ ਸਿੰਘ ਰੁੜਕਾ ਅਤੇ ਗੁਰਜੀਤ ਸਿੰਘ ਜਗਪਾਲ ਸ਼ਾਮਿਲ ਸਨ।
ਸਟੇਜ ਦੀ ਕਾਰਵਾਈ ਹਰਨੇਕ ਸਿੰਘ ਗੁੱਜਰਵਾਲ, ਚਰਨਜੀਤ ਸਿੰਘ ਫੱਲੇਵਾਲ ਅਤੇ ਨੌਜਵਾਨ ਕਿਸਾਨ ਆਗੂ ਮਨੂ ਬੁਆਣੀ ਨੇ ਬਾਖੂਬੀ ਨਿਭਾਈ।
ਜਿਨਾਂ ਜਥੇਬੰਦੀਆਂ ਨੇ ਹਿੱਸਾ ਲਿਆ ਉਹਨਾਂ ਵਿੱਚ ਏਟਕ, ਇੰਟਕ, ਸੀਟੂ, ਸੀਟੀਯੂ ਪੰਜਾਬ, ਕਾਰਖਾਨਾ ਮਜ਼ਦੂਰ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ 1936, ਟੈਕਨੀਕਲ ਸਰਵਿਸ ਯੂਨੀਅਨ, ਪਾਵਰਕਾਮ ਠੇਕਾ ਮੁਲਾਜ਼ਮ ਯੂਨੀਅਨ, ਪੈਨਸ਼ਨਰਜ਼ ਯੂਨੀਅਨ, ਬੀਕੇਯੂ ਲੱਖੋਵਾਲ, ਬੀਕੇਯੂ ਉਗਰਾਹਾਂ, ਵੇਰਕਾ ਆਊਟ ਸੋਰਸ ਮੁਲਾਜ਼ਮ ਯੂਨੀਅਨ, ਬੀਕੇਯੂ ਡਕੌਂਦਾ (ਧੰਨੇਰ) ਸ਼ਾਮਿਲ ਸਨ।