
ਲੁਧਿਆਣਾ: ਐੱਸਕੇਐੱਮ ਜ਼ਿਲ੍ਹਾ ਲੁਧਿਆਣਾ ਅਤੇ ਟ੍ਰੇਡ ਯੂਨੀਅਨਾਂ ਦੀ ਸਾਂਝੀ ਮੀਟਿੰਗ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ, ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐੱਸਕੇਐੱਮ ਜ਼ਿਲ੍ਹਾ ਲੁਧਿਆਣਾ ਵਿੱਚ ਤਹਿਸੀਲ ਅਤੇ ਬਲਾਕ ਪੱਧਰੀ ਟਰੈਕਟਰ ਮਾਰਚ ਕਰੇਗੀ। ਟਰੇਡ ਯੂਨੀਅਨਾਂ ਨੇ ਇਸ ਦੇ ਸਮਰਥਨ ਵਿੱਚ ਅਤੇ 12 ਫਰਵਰੀ ਦੀ ਦੇਸ਼ ਵਿਆਪੀ ਆਮ ਹੜਤਾਲ ਦੀ ਤਿਆਰੀ ਹੇਤੂ ਗੇਟ ਰੈਲੀਆਂ ਕਰਨ ਦਾ ਫੈਸਲਾ ਕੀਤਾ ਅਤੇ ਐੱਸਕੇਐੱਮ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਸ਼ਮੂਲੀਅਤ ਦਾ ਫੈਸਲਾ ਕੀਤਾ।
ਅੱਜ ਦੀ ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਡਕੋਦਾ ਧੰਨੇਰ, ਜਮਹੂਰੀ ਕਿਸਾਨ ਸਭਾ,ਏਟਕ, ਇੰਟਕ, ਸੀਟੂ, ਸੀਟੀਯੂ ਪੰਜਾਬ, ਐਫਟੂ ,ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਆਗੂ ਸਾਥੀਆ ਨੇ ਹਿੱਸਾ ਲਿਆ। ਮੀਟਿੰਗ ਵਿੱਚ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਜਿਨਾਂ ਵਿੱਚ ਮਨਰੇਗਾ ਕਾਨੂੰਨ ਨੂੰ ਖਤਮ ਕਰਨਾ, ਚਾਰ ਲੇਬਰ ਕੋਡ ਲਿਆਉਣੇ, ਬਿਜਲੀ ਸੋਧ ਬਿਲ, ਬੀਜ ਬਿਲ ਦੇ ਵਿਰੋਧ ਵਿੱਚ ਅਤੇ ਹੋਰ ਲੋਕ ਪੱਖੀ ਮੰਗਾਂ ਨੂੰ ਲੈ ਕੇ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਦੇ ਲਈ ਲਗਾਤਾਰ ਤਿਆਰੀਆਂ ਜਾਰੀ ਰੱਖਣ ਦਾ ਫੈਸਲਾ ਵੀ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਸੌਦਾਗਰ ਸਿੰਘ ਘੁਡਾਣੀ ਨੇ ਕੀਤੀ ਅਤੇ ਸਟੇਜ ਦਾ ਸੰਚਾਲਨ ਹਰਨੇਕ ਸਿੰਘ ਗੁੱਜਰਵਾਲ ਨੇ ਕੀਤਾ।
ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ, ਹਰਬੰਸ ਸਿੰਘ, ਅਮਰਜੀਤ ਸਿੰਘ ਸਹਿਜ਼ਾਦ, ਮਨੋਹਰ ਸਿੰਘ ਕਲਾਹੜ, ਬੇਅੰਤ ਸਿੰਘ, ਐੱਮ ਐੱਸ ਭਾਟੀਆ, ਗੁਰਜੀਤ ਸਿੰਘ ਜਗਪਾਲ, ਅਮਰਨਾਥ ਕੂਮ ਕਲਾਂ, ਜੋਗਿੰਦਰ ਰਾਮ, ਜਗਦੀਸ਼ ਚੰਦ, ਜੈ ਪ੍ਰਕਾਸ਼ ਨਰਾਇਣ, ਹਰਜਿੰਦਰ ਸਿੰਘ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ।