
ਪਠਾਨਕੋਟ: ਵਿਸ਼ਵ ਦੇ ਸਾਰੇ ਮਜ਼ਦੂਰ ਸੰਗਠਨਾਂ ਦੇ ਸਾਂਝੇ ਕੌਮਾਂਤਰੀ ਮੰਚ ‘ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼’ (ਵਫਟੂ) ਦੇ ਸੱਦੇ ਤਹਿਤ ਸੈਂਟਰ ਆਫ ਟਰੇਡ ਯੂਨੀਅਨਜ਼ (ਸੀਟੀਯੂ) ਪੰਜਾਬ ਵਲੋਂ ਵੈਨਜ਼ੁਏਲਾ ਦੇ ਲੋਕਾਂ ਨਾਲ ਇਕਜੁੱਟਤਾ ਜਾਹਿਰ ਕਰਨ ਅਤੇ ਅਮਰੀਕੀ ਸਾਮਰਾਜ ਦੇ ਵੈਨਜ਼ੁਏਲਾ ਅੰਦਰ ਧੌਂਸਵਾਦੀ ਦਖ਼ਲ ਤੇ ਧੱਕੇਸ਼ਾਹੀ ਦਾ ਵਿਰੋਧ ਕਰਦਿਆਂ ਪਠਾਨਕੋਟ ਵਿਖੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ ਗਿਆ।
ਇਕ ਸਾਂਝੇ ਬਿਆਨ ਰਾਹੀਂ ਸੀ ਟੀ ਯੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ ਅਤੇ ਵਿੱਤ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਦੱਸਿਆ ਕਿ ਉਕਤ ਰੋਸ ਪ੍ਰਦਰਸ਼ਨਾਂ ਰਾਹੀਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਸੁਪਤਨੀ ਨੂੰ ਫੌਰੀ ਰਿਹਾ ਕੀਤੇ ਜਾਣ ਅਤੇ ਵੈਨਜ਼ੁਏਲਾ ਚੋਂ ਅਮਰੀਕੀ ਫੌਜਾਂ ਤੇ ਟਰੰਪ ਪ੍ਰਸ਼ਾਸ਼ਨ ਦੀ ਫੌਰੀ ਬੇਦਖ਼ਲੀ ਦੀ ਮੰਗ ਜ਼ੋਰ-ਸ਼ੋਰ ਨਾਲ ਉਭਾਰੀ। ਆਗੂਆਂ ਨੇ ਅਮਰੀਕਨ ਸਾਮਰਾਜ ਦੀ ਸਹਿ ਪ੍ਰਾਪਤ ਯੂਕਰੇਨ-ਰੂਸ ਜੰਗ, ਇਜਰਾਇਲ ਦੇ ਫਲਸਤੀਨ ਤੇ ਲਗਾਤਾਰ ਬਰਬਰਤਾ ਪੂਰਨ ਹੱਮਲਿਆਂ ਅਤੇ ਅਜ਼ਾਦ ਦੇਸ਼ ਵੇਨੇਜ਼ੁਏਲਾ ਦੇ ਲੋਕਾਂ ਵੱਲੋਂ ਚੁਣੇ ਹੋਏ ਰਾਸ਼ਟਰਪਤੀ ਤੇ ਉਸਦੀ ਪਤਨੀ ਨੂੰ ਡੋਨਾਲਡ ਟਰੰਪ ਵੱਲੋਂ ਕਿਡਨੈਪ ਕਰਨ ਜਿਹੇ ਅਮਾਨਵੀ ਕਾਰੇ ਸਮੇਂ ਭਾਰਤ ਦੇ ਪ੍ਰਧਾਨ ਨਰਿੰਦਰ ਮੋਦੀ ਸਰਕਾਰ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸੰਸਾਰ ਅਮਨ ਸ਼ਾਂਤੀ ਲਈ ਖਤਰਾ ਬਣੇ ਹੋਏ ਡੋਨਾਲਡ ਟਰੰਪ ਦਾ ਵੱਡੀ ਪੱਧਰ ਤੇ ਵਿਰੋਧ ਕਰਨ ਦੀ ਅਪੀਲ ਕੀਤੀ।
ਰੋਸ ਪ੍ਰਦਰਸ਼ਨ ਦੌਰਾਨ ਟਰੇਡ ਯੂਨੀਅਨ ਦੇ ਸੂਬਾਈ ਆਗੂ ਮਾਸਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਯਾਦ ਰਹੇ ਵਿਸ਼ਵ ਦੇ ਸਾਰੇ ਕਿਰਤੀ ਸੰਗਠਨਾਂ ਦੇ ਸਾਂਝੇ ਕੌਮਾਂਤਰੀ ਮੰਚ ‘ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼’ (ਵਫਟੂ) ਵਲੋਂ 22 ਜਨਵਰੀ ਨੂੰ ਸੰਸਾਰ ਭਰ ‘ਚ ਵੈਨਜ਼ੁਏਲਾ ਨਾਲ ਯਕਜਹਿਤੀ ਦਿਵਸ ਮਨਾਉਣ ਅਤੇ ਟਰੰਪ ਪ੍ਰਸ਼ਾਸ਼ਨ ਦੀ ਦਾਦਾਗਿਰੀ ਖਿਲਾਫ਼ ਰੋਸ ਐਕਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਹੈ। ਉਪਰੋਕਤ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਬਲਵੰਤ ਸਿੰਘ ਘੋਹ, ਨਰਿੰਜਣ ਸਿੰਘ, ਰਘਬੀਰ ਸਿੰਘ ਧਲੌਰੀਆਂ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਆਗੂ ਤਿਲਕ ਰਾਜ ਜਿਆਣੀ, ਰਾਮ ਬਿਲਾਸ ਠਾਕੁਰ, ਬਲਕਾਰ ਚੰਦ ਭਰਿਆਲ ਲਾਹੜੀ, ਯਸਪਾਲ, ਦਿਹਾਤੀ ਮਜ਼ਦੂਰ ਸਭਾ ਆਗੂ ਅਜੀਤ ਰਾਮ ਗੰਦਲਾਂ ਲਾਹੜੀ, ਪ੍ਰਵੀਨ ਕੁਮਾਰ ਬਮਿਆਲ, ਨਰੇਸ਼ ਕੁਮਾਰ ਖੋਜਕੀਚੱਕ, ਬਲਵਿੰਦਰ ਕੁਮਾਰ, ਅਵਤਾਰ ਸਿੰਘ, ਜਨਕ ਰਾਜ, ਨਰੋਤਮ ਸਿੰਘ, ਕੁਲਦੀਪ ਰਾਜ ਅਤੇ ਹੋਰ ਸਾਥੀ ਹਾਜ਼ਰ ਸਨ।