Now Reading
ਗਣਤੰਤਰ ਦਿਵਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਮੁਖ ਸ਼ਹਿਰਾਂ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾਵੇਗਾ ਟਰੈਕਟਰ ਮਾਰਚ

ਗਣਤੰਤਰ ਦਿਵਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਮੁਖ ਸ਼ਹਿਰਾਂ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾਵੇਗਾ ਟਰੈਕਟਰ ਮਾਰਚ

ਪਟਿਆਲਾ: ਸੰਯੁਕਤ ਕਿਸਾਨ ਮੋਰਚਾ ਪਟਿਆਲਾ ਦੀ ਮੀਟਿੰਗ ਅਵਤਾਰ ਸਿੰਘ ਕੌਰਜੀਵਾਲਾ ਦੀ ਪਰਧਾਨਗੀ ਹੇਠ ਗੁਰਦਵਾਰਾ ਦੁਖ ਨਿਵਾਰਨ ਵਿਖੇ ਕੀਤੀ ਗਈ। ਮੀਟਿੰਗ ਦੇ ਸ਼ੁਰੂ ਵਿਚ ਸੋਲਾਂ ਜਨਵਰੀ ਦੇ ਜ਼ਿਲ੍ਹਾ ਪੱਧਰ ਦੇ ਧਰਨੇ ਦੀ ਵੱਡੀ ਸਫਲਤਾ ਤੇ ਤਸੱਲੀ ਪਰਗਟ ਕਰਦੇ ਹੋਏ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਆਗੂਆਂ ਲਈ ਧੰਨਵਾਦ ਕਰਕੇ ਭਵਿੱਖ ਵਿਚ ਵੀ ਜਥੇਬੰਦਕ ਸੰਘਰਸ਼ਾਂ ਲਈ ਸਮਰਪਿਤ ਰਹਿਣ ਦੀ ਆਸ ਪਰਗਟ ਕੀਤੀ ਗਈ। ਇਸ ਉਪਰੰਤ ਮੀਟਿੰਗ ਵਿਚ ਪਟਿਆਲਾ, ਨਾਭਾ, ਭਾਦਸੋਂ, ਸਮਾਣਾ, ਪਾਤੜਾਂ, ਘਨੌਰ, ਦੇਵੀਗੜ, ਰਾਜਪੁਰਾ ਸ਼ਹਿਰਾਂ ਵਿਚ ਟਰੈਕਟਰ ਤੇ ਗੱਡੀਆਂ ਦਾ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਮਾਰਚ ਮੌਕੇ ਦਿੱਲੀ ਕਿਸਾਨ ਮੋਰਚੇ ਦੀ ਸਫਲ ਜਿੱਤ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫੈਸਲੇ ਤੇ ਨਵੇਂ ਲੋਕ ਉਜਾੜੂ ਕਾਨੂੰਨ ਵਾਪਸ ਕਰਨ ਲਈ ਵੰਗਾਰਿਆ ਤੇ ਲਲਕਾਰਿਆ ਜਾਵੇਗਾ। ਜਿਨਾਂ ਵਿਚ ਬਿਜਲੀ ਬਿਲ, ਬੀਜ ਬਿਲ, ਚਾਰ ਲੇਬਰ ਕੋਡ, ਮਨਰੇਗਾ ਸੋਧ ਕਾਨੂੰਨਾਂ ਦੀ ਵਾਪਸੀ ਦੇ ਨਾਲ ਨਾਲ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਗਈਆਂ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਜਾਵੇਗੀ । ਇਹ ਮੰਗਾਂ ਹਨ, ਐੱਮਐੱਸਪੀ ਦੀ ਕਾਨੂੰਨਨ ਗਾਰੰਟੀ, ਕਿਸਾਨਾਂ ਤੇ ਮੜੇ ਝੂਠੇ ਕੇਸਾਂ ਦੀ ਵਾਪਸੀ , ਫਸਲਾਂ ਦੇ ਬੀਮੇ ਦੀ ਨੀਤੀ ਆਦਿ ਸ਼ਾਮਲ ਹਨ । ਉਪਰੋਕਤ ਸਾਰੇ ਸ਼ਹਿਰਾਂ ਵਿਚ ਇਸ ਮਾਰਚ ਨੂੰ ਸਫਲ ਬਣਾਉਣ ਲਈ ਵੱਖਵੱਖ ਕਿਸਾਨ ਆਗੂਆਂ ਦੀਆਂ ਜਿੰਮੇਵਾਰੀਆਂ ਵੀ ਲਾਈਆਂ ਗਈਆਂ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਮੌਲਵੀਵਾਲਾ, ਬਲਰਾਜ ਜੋਸ਼ੀ, ਦਵਿੰਦਰ ਸਿੰਘ ਪੂਨੀਆ, ਗੁਰਬਚਨ ਸਿੰਘ, ਹਰਬੰਸ ਸਿੰਘ ਦਦਹੇੜਾ, ਗੁਰਮੀਤ ਛੱਜੂਭੱਟ, ਪਵਨ ਸ਼ੋਗਲਪੁਰ, ਦਰਸ਼ਨ ਬੇਲੂਮਾਜਰਾ, ਹਰਭਜਨ ਧੂਹੜ, ਜੈ ਰਾਮ ਭਾਨਰਾ, ਜਗਮੇਲ ਸੁਧੇਵਾਲ, ਗੁਰਮੀਤ ਸਿੰਘ, ਪਿਰਤਪਾਲ ਸਿੰਘ, ਭੁਪਿੰਦਰ ਸਿੰਘ, ਜਗਦੀਪ ਕੁਮਾਰ, ਕਰਮ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।

Scroll To Top