
ਲੁਧਿਆਣਾ: ਯੂਨਾਈਟਿਡ ਫਰੰਟ ਆਫ ਟ੍ਰੇਡ ਯੂਨੀਅਨਜ ਲੁਧਿਆਣਾ ਨਾਲ ਸਬੰਧਤ ਯੂਨੀਅਨਾਂ ਜਿਨ੍ਹਾਂ ਵਿੱਚ ਏਟਕ, ਇੰਟਕ, ਸੀਟੂ ਅਤੇ ਸੀਟੀਯੂ ਪੰਜਾਬ ਸ਼ਾਮਿਲ ਹਨ, ਦੇ ਆਗੂਆਂ ਦੀ ਇੱਕ ਮੀਟਿੰਗ ਅੱਜ ਹੋਈ, ਜਿਸ ਦੀ ਪ੍ਰਧਾਨਗੀ ਕਾਮਰੇਡ ਵਿਨੋਦ ਤਿਵਾੜੀ ਨੇ ਕੀਤੀ।
ਮੀਟਿੰਗ ਵਿੱਚ ਸਾਰੇ ਆਗੂਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਅਤੇ ਫੈਸਲਾ ਕੀਤਾ ਗਿਆ ਕਿ ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨਜ (ਵਫਟੂ) ਦੇ ਸੱਦੇ ‘ਤੇ ਵੈਨੇਜ਼ੁਏਲਾ ਦੇ ਹੱਕ ਵਿੱਚ ਦੇਸ਼ ਪੱਧਰ ‘ਤੇ ਮਨਾਏ ਜਾ ਰਹੇ ਹਨ।
ਯਕਯਤੀ ਦਿਵਸ ਦੇ ਤੌਰ ਤੇ ਲੁਧਿਆਣੇ ਦੀਆਂ ਟ੍ਰੇਡ ਯੂਨੀਅਨਾਂ 22 ਜਨਵਰੀ ਨੂੰ ਰੋਸ ਮਾਰਚ ਕਰਕੇ ਬੱਸ ਸਟੈਂਡ ਦੇ ਸਾਹਮਣੇ ਟਰੰਪ ਦਾ ਪੁਤਲਾ ਫੂਕਣਗੀਆਂ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਟ੍ਰੇਡ ਯੂਨੀਅਨ ਹੱਕਾਂ ਤੇ ਕੀਤੇ ਜਾ ਰਹੇ ਹਮਲੇ ਦਾ ਸਖਤੀ ਨਾਲ ਵਿਰੋਧ ਕਰਨ ਦੀ ਲੋੜ ਹੈ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 22 ਜਨਵਰੀ ਨੂੰ ਜ਼ਿਲ੍ਹਾ ਲੁਧਿਆਣਾ ਦੀ ਐਸਕੇਐਮ ਅਤੇ ਟਰੇਡ ਯੂਨੀਅਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਜੋ 26 ਜਨਵਰੀ ਦਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ,ਉਸ ਵਿੱਚ ਟਰੇਡ ਯੂਨੀਅਨਾਂ ਵੱਧ ਚੜ ਕੇ ਹਿੱਸਾ ਲੈਣਗੀਆਂ।
ਲੁਧਿਆਣੇ ਦੀਆਂ ਸਾਰੀਆਂ ਯੂਨੀਅਨਾਂ ਆਪਣੇ ਆਪਣੇ ਅਦਾਰਿਆਂ ਵਿੱਚ 27 ਜਨਵਰੀ ਨੂੰ ਹੜਤਾਲ ਦਾ ਨੋਟਿਸ ਦੇਣਗੀਆਂ ਅਤੇ ਸਾਂਝੇ ਤੌਰ ਤੇ ਸਹਾਇਕ ਕਿਰਤ ਕਮਿਸ਼ਨਰ ਦੇ ਦਫਤਰ ਵਿਖੇ 28 ਜਨਵਰੀ ਦੁਪਹਿਰ 12 ਵਜੇ ਨੋਟਿਸ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦੇ ਸੰਬੰਧ ਵਿੱਚ ਪਹਿਲੀ ਫਰਵਰੀ ਦਿਨ ਐਤਵਾਰ ਨੂੰ ਈਸੜੂ ਭਵਨ ਵਿਖੇ ਇੱਕ ਜ਼ਿਲ੍ਹਾ ਪੱਧਰੀ ਸਾਂਝੀ ਕਨਵੈਂਸ਼ਨ ਕੀਤੀ ਜਾਵੇਗੀ।
ਅੱਜ ਦੀ ਮੀਟਿੰਗ ਵਿੱਚ ਜਿਨ੍ਹਾਂ ਟ੍ਰੇਡ ਯੂਨੀਅਨ ਆਗੂਆਂ ਨੇ ਹਿੱਸਾ ਲਿਆ ਉਨ੍ਹਾਂ ਵਿੱਚ ਐਮ ਐਸ ਭਾਟੀਆ, ਅਮਰ ਨਾਥ ਕੂਮ ਕਲਾਂ, ਗੁਰਜੀਤ ਸਿੰਘ ਜਗਪਾਲ, ਜਗਦੀਸ਼ ਚੰਦ, ਵਿਜੇ ਕੁਮਾਰ, ਹਨੂਮਾਨ ਪ੍ਰਸ਼ਾਦ, ਤਹਿਸੀਲਦਾਰ ਯਾਦਵ, ਕੇਵਲ ਸਿੰਘ ਬਨਵੈਤ, ਰਾਮ ਲਾਲ, ਵਿਨੋਦ ਤਿਵਾੜੀ, ਜੋਗਿੰਦਰ ਰਾਮ ਅਤੇ ਟਾਈਗਰ ਸਿੰਘ ਸ਼ਾਮਿਲ ਸਨ।