
ਜਲੰਧਰ: ਸੀਟੀਯੂ ਪੰਜਾਬ ਵਲੋਂ ਵੈਨਜ਼ੁਏਲਾ ਦੇ ਲੋਕਾਂ ਨਾਲ ਇਕਜੁੱਟਤਾ ਜਾਹਿਰ ਕਰਨ ਅਤੇ ਅਮਰੀਕੀ ਸਾਮਰਾਜ ਦੇ ਵੈਨਜ਼ੁਏਲਾ ਅੰਦਰ ਧੌਂਸਵਾਦੀ ਦਖ਼ਲ ਤੇ ਧੱਕੇਸ਼ਾਹੀ ਦਾ ਵਿਰੋਧ ਕਰਨ ਲਈ ਆਉਣ ਵਾਲੀ 22 ਜਨਵਰੀ ਨੂੰ ਵੱਖੋ-ਵੱਖ ਸਨਅਤੀ ਕੇਂਦਰਾਂ ‘ਤੇ ਭਰਵੇਂ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਇਹ ਜਾਣਕਾਰੀ, ਅੱਜ ਇਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਸੀਟੀਯੂ ਪੰਜਾਬ ਦੇ ਜਨਰਲ ਸਕੱਤਰ ਸਾਥੀ ਨੱਥਾ ਸਿੰਘ, ਵਿੱਤ ਸਕੱਤਰ ਸਾਥੀ ਸ਼ਿਵ ਕੁਮਾਰ ਪਠਾਨਕੋਟ ਤੇ ਮੀਤ ਪ੍ਰਧਾਨ ਸਾਥੀ ਜਗਦੀਸ਼ ਚੰਦਰ ਲੁਧਿਆਣਾ ਨੇ ਦਿੱਤੀ।
ਟਰੇਡ ਯੂਨੀਅਨ ਆਗੂਆਂ ਨੇ ਦੱਸਿਆ ਹੈ ਕਿ ਉਕਤ ਰੋਸ ਪ੍ਰਦਰਸ਼ਨਾਂ ਰਾਹੀਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਸੁਪਤਨੀ ਨੂੰ ਫੌਰੀ ਰਿਹਾ ਕੀਤੇ ਜਾਣ ਅਤੇ ਵੈਨਜ਼ੁਏਲਾ ਚੋਂ ਅਮਰੀਕੀ ਫੌਜਾਂ ਤੇ ਟਰੰਪ ਪ੍ਰਸ਼ਾਸ਼ਨ ਦੀ ਫੌਰੀ ਬੇਦਖ਼ਲੀ ਦੀ ਮੰਗ ਜ਼ੋਰ-ਸ਼ੋਰ ਨਾਲ ਉਭਾਰੀ ਜਾਵੇਗੀ।
ਯਾਦ ਰਹੇ ਵਿਸ਼ਵ ਦੇ ਸਾਰੇ ਕਿਰਤੀ ਸੰਗਠਨਾਂ ਦੇ ਸਾਂਝੇ ਕੌਮਾਂਤਰੀ ਮੰਚ ‘ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼’ (ਵਫਟੂ) ਵਲੋਂ 22 ਜਨਵਰੀ ਨੂੰ ਸੰਸਾਰ ਭਰ ‘ਚ ਵੈਨਜ਼ੁਏਲਾ ਨਾਲ ਯਕਜਹਿਤੀ ਦਿਵਸ ਮਨਾਉਣ ਅਤੇ ਟਰੰਪ ਪ੍ਰਸ਼ਾਸ਼ਨ ਦੀ ਦਾਦਾਗਿਰੀ ਖਿਲਾਫ਼ ਰੋਸ ਐਕਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਹੈ।