Now Reading
ਨਵੇਂ ਵਰ੍ਹੇ ਦੌਰਾਨ ਸਰਗਰਮੀਆਂ ਉਲੀਕਣ ਬਾਰੇ ਸਭਿਆਚਾਰਕ ਵਿੰਗ ਦੀ ਵਿਚਾਰ-ਚਰਚਾ

ਨਵੇਂ ਵਰ੍ਹੇ ਦੌਰਾਨ ਸਰਗਰਮੀਆਂ ਉਲੀਕਣ ਬਾਰੇ ਸਭਿਆਚਾਰਕ ਵਿੰਗ ਦੀ ਵਿਚਾਰ-ਚਰਚਾ

ਜਲੰਧਰ: ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਅਤੇ ਸਭਿਆਚਾਰਕ ਵਿੰਗ ਦੇ ਨਾਲ਼ ਜੁੜੇ ਅਤੇ ਵੱਖ-ਵੱਖ ਮੇਲਾ ਪ੍ਰਬੰਧਕੀ ਕਮੇਟੀਆਂ ਅਤੇ ਸਮੇਂ-ਸਮੇਂ ਦੀਆਂ ਸਰਗਰਮੀਆਂ ਵਿੱਚ ਸਹਿਯੋਗੀ ਮੋਢਾ ਲਾਉਣ ਵਾਲੇ ਸਾਹਿਤ/ਸਭਿਆਚਾਰ ਅਤੇ ਕਲਾ ਜਗਤ ਨਾਲ਼ ਜੁੜੇ ਕਾਮਿਆਂ ਦੀ ਮੀਟਿੰਗ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ।
ਇਸ ਮੀਟਿੰਗ ‘ਚ ਹਾਜ਼ਰ ਮੈਂਬਰਾਂ ਨੇ ਬਹੁਤ ਹੀ ਅਮੁੱਲੇ ਵਿਚਾਰ ਅਤੇ ਸੁਝਾਅ ਸਾਂਝੇ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੀ ਨਿਰਧਾਰਤ ਮਾਰਗ ਸੇਧ ਦੀ ਰੌਸ਼ਨੀ ਵਿੱਚ ਇਸ ਵਰ੍ਹੇ ਦੀਆਂ ਸਰਗਰਮੀਆਂ ਦਾ ਕੈਲੰਡਰ ਤਿਆਰ ਕਰਨ ਦਾ ਖ਼ਾਕਾ ਸਰਵ ਸੰਮਤੀ ਨਾਲ ਤਿਆਰ ਕੀਤਾ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਵੇਂ ਵਰ੍ਹੇ ਦੀਆਂ ਸਰਗਰਮੀਆਂ ਦੇ ਖਾਕੇ ਉਪਰ ਰੌਸ਼ਨੀ ਪਾਈ। ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਸਭ ਨੂੰ ਜੀ ਆਇਆਂ ਅਤੇ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦਿੰਦਿਆਂ ਸਭਿਆਚਾਰਕ ਸਰਗਰਮੀਆਂ ਲਈ ਨਵੀਆਂ ਪੁਲਾਂਘਾਂ ਭਰਨ ਦਾ ਸੱਦਾ ਦਿੱਤਾ।
ਇਹ ਵਿਚਾਰਿਆ ਗਿਆ ਕਿ ਦੇਸ਼ ਭਗਤ ਯਾਦਗਾਰ ਹਾਲ ਅੰਦਰ ਹਰ ਮਹੀਨੇ ਵੱਖ-ਵੱਖ ਵਿਧਾਵਾਂ ਵਿੱਚ ਨਿਰੰਤਰ ਸਰਗਰਮੀਆਂ ਨੂੰ ਅੰਜ਼ਾਮ ਦਿੱਤਾ ਜਾਏਗਾ। ਇਹਨਾਂ ਵਿੱਚ ਭਖ਼ਵੇਂ ਮੁੱਦਿਆਂ ਤੇ ਵਿਚਾਰ-ਚਰਚਾ, ਸਖ਼ਸ਼ੀਅਤਾਂ ਨਾਲ ਰੂਬਰੂ, ਪੁਸਤਕ ਪੜਚੋਲ ਅਤੇ ਜਾਣ-ਪਹਿਚਾਣ, ਰੰਗ ਮੰਚ, ਗੀਤ ਸੰਗੀਤ, ਚਿੱਤਰ/ਫੋਟੋ ਕਲਾ, ਫ਼ਿਲਮ ਸ਼ੋਅ, ਵੰਨ-ਸੁਵੰਨੀਆਂ ਕਲਾ ਵਰਕਸ਼ਾਪਾਂ, ਨਵੀਂ ਪਨੀਰੀ ਅਤੇ ਚੜ੍ਹਦੀ ਜੁਆਨੀ ਨੂੰ ਦੇਸ਼ ਭਗਤ, ਵਿਗਿਆਨਕ, ਜਮਹੂਰੀ ਦ੍ਰਿਸ਼ਟੀ ਤੋਂ ਆਪਣੇ ਮਾਣਮੱਤੇ ਇਤਿਹਾਸ ਅਤੇ ਵਿਰਾਸਤ ਨਾਲ ਜੋੜਨ, ਉਸਨੂੰ ਅਪਨਾਉਣ ਅਤੇ ਗ਼ਦਰ ਲਹਿਰ ਦੇ ਸਿਰਜਕਾਂ ਦੇ ਸੁਪਨੇ ਸਾਕਾਰ ਕਰਨ ਲਈ ਆਪਣਾ ਯੋਗਦਾਨ ਪਾਉਣ ਵਾਸਤੇ ਤਿਆਰ ਹੋਣ ਲਈ ਪ੍ਰੇਰਤ ਕੀਤਾ ਜਾਏਗਾ।
ਇਹ ਸਰਵ ਸਾਂਝਾ ਵਿਚਾਰ ਵੀ ਬਣਿਆਂ ਕਿ 24 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਟਰੱਸਟ ਦੀ ਮੀਟਿੰਗ ਵਿੱਚ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ (1926-2026) ਮਨਾਉਣ ਦੇ ਸਮਾਗਮਾਂ ਵਿੱਚ ਸਭਿਆਚਾਰਕ ਵਿੰਗ ਨਾਲ ਜੁੜੇ ਕਾਮੇ ਹਰ ਸੰਭਵ ਢੰਗ ਨਾਲ ਸਾਲ ਭਰ ਦੀ ਮੁਹਿੰਮ ਨੂੰ ਸਫ਼ਲ ਕਰਨ ਲਈ ਆਪਣਾ ਭਰਵਾਂ ਯੋਗਦਾਨ ਪਾਉਣਗੇ ਅਤੇ ਇਸ ਸਬੰਧੀ ਫਰਵਰੀ ਵਿੱਚ ਹੋਣ ਵਾਲੇ ਵਿਸ਼ੇਸ਼ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਜਾਏਗਾ।
ਮੀਟਿੰਗ ‘ਚ ਇਹ ਵਿਚਾਰ ਵੀ ਬਣਿਆਂ ਕਿ 8 ਮਾਰਚ ਕੌਮਾਂਤਰੀ ਔਰਤ ਦਿਹਾੜਾ, 27 ਮਾਰਚ ਵਿਸ਼ਵ ਰੰਗ ਮੰਚ ਦਿਹਾੜਾ ਅਤੇ 21 ਅਪ੍ਰੈਲ ਗ਼ਦਰ ਪਾਰਟੀ ਸਥਾਪਨਾ ਦਿਹਾੜਾ ਸਮਾਗਮ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਮਨਾਉਣ ਲਈ ਸਾਹਿਤ ਅਤੇ ਕਲਾ ਖੇਤਰ ਵਿੱਚ ਸਰਗਰਮ ਸਮੂਹ ਸੰਸਥਾਵਾਂ ਅਤੇ ਵਿਅਕਤੀਆਂ ਦਾ ਸਹਿਯੋਗ ਲਿਆ ਜਾਏਗਾ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਬੱਬਰ ਅਕਾਲੀ ਅਤੇ ਗ਼ਦਰ ਲਹਿਰ ਦੇ ਇਤਿਹਾਸ, ਨਾਇਕਾਂ, ਨਾਇਕਾਵਾਂ ਨਾਲ ਜੁੜੇ ਪਿੰਡਾਂ ਦੇ ਨੁੰਮਾਇੰਦਿਆਂ ਦੀ ਦੇਸ਼ ਭਗਤ ਯਾਦਗਾਰ ਹਾਲ ‘ਚ ਵਿਸ਼ੇਸ਼ ਸਾਂਝੀ ਮੀਟਿੰਗ ਕੀਤੀ ਜਾਏਗੀ। ਤਾਂ ਜੋ ਗ਼ਦਰੀ ਬਾਬਿਆਂ ਦੇ ਮੇਲੇ ਦੇ ਮੁਹਾਂਦਰੇ ਨੂੰ ਵਿਸ਼ੇਸ਼ ਤੌਰ ‘ਤੇ ਜਨਤਕ ਰੂਪ ਦੀ ਨੁਹਾਰ ਨਾਲ ਸਜਾਇਆ ਜਾ ਸਕੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ ਨੇ ਵਿਚਾਰ-ਚਰਚਾ ਦਾ ਸਾਰ ਤੱਤ ਸਾਂਝਾ ਕਰਦਿਆਂ ਕਿਹਾ ਕਿ ਨਵੇਂ ਵਰ੍ਹੇ ਦੀ ਨਵੇਂ ਅਕੀਦਿਆਂ ਨਾਲ ਸ਼ੁਰੂਆਤ ਕਰ ਰਿਹਾ ਦੇਸ਼ ਭਗਤ ਯਾਦਗਾਰ ਹਾਲ ਲੋਕਾਂ ਦੀਆਂ ਉਮੀਦਾਂ ‘ਤੇ ਖੇੜਾ ਲਿਆਏਗਾ।
ਮੀਟਿੰਗ ‘ਚ ਕਮੇਟੀ ਦੇ ਸਹਾਇਕ ਸਕੱਤਰ ਡਾ. ਗੋਪਾਲ ਸਿੰਘ ਬੁੱਟਰ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਕੰਗਣੀਵਾਲ, ਪ੍ਰਿਥੀਪਾਲ ਸਿੰਘ ਮਾੜੀਮੇਘਾ,ਹਰਵਿੰਦਰ ਭੰਡਾਲ, ਰਣਜੀਤ ਸਿੰਘ ਔਲਖ, ਵਿਜੈ ਬੰਬੇਲੀ, ਹਰਮੇਸ਼ ਮਾਲੜੀ, ਡਾ. ਤੇਜਿੰਦਰ ਵਿਰਲੀ, ਡਾ. ਸੈਲੇਸ਼ ਵੀ ਹਾਜ਼ਰ ਸਨ। ਹਾਜ਼ਰ ਸਮੂਹ ਕਮੇਟੀ ਮੈਂਬਰਾਂ ਸਮੇਤ ਸੁਖਦੇਵ ਸਿੰਘ ਫਗਵਾੜਾ, ਬੂਟਾ ਸਿੰਘ ਮਹਿਮੂਦਪੁਰ, ਕੇਸਰ ਸਿੰਘ, ਮਨਦੀਪ ਮਹਿਰਮ, ਮਨਪ੍ਰੀਤ ਮਹਿਰਮ, ਐਸ.ਪੀ.ਸਿੰਘ, ਡਾ. ਹਰਜੀਤ ਸਿੰਘ ਅਤੇ ਪਰਮਜੀਤ ਆਦਮਪੁਰ ਨੇ ਵਿਚਾਰ ਰੱਖੇ।
ਮੀਟਿੰਗ ਦਾ ਆਗਾਜ਼ ਬਾਬਾ ਸੋਹਣ ਸਿੰਘ ਭਕਨਾ, ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ, ਕਾਕੋਰੀ ਕਾਂਡ, ਬੁੱਧੀਮਾਨ ਗਿਆਨ ਰੰਜਨ, ਐਡਵੋਕੇਟ ਦਿਲਜੋਤ ਕੌਰ ਲੁਧਿਆਣਾ, ਬੂਟਾ ਸਿੰਘ ਰੰਗ ਕਰਮੀ ਬਠਿੰਡਾ,ਵਿਨੋਦ ਕੁਮਾਰ ਸ਼ੁਕਲਾ ਅਤੇ ਹਰਬੰਸ ਸਿੰਘ ਅਕਸ਼ ਨੂੰ ਸ਼ਰਧਾਂਜ਼ਲੀ ਦੇਣ ਨਾਲ ਹੋਇਆ।

Scroll To Top