
ਬਟਾਲਾ: ਇੱਥੇ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਵਿੱਚ ਸੀਪੀਆਈ, ਸੀਪੀਐੱਮ, ਸੀਪੀਆਈ (ਐੱਮਐੱਲ) ਲਿਬਰੇਸ਼ਨ ਅਤੇ ਆਰਐੱਮਪੀਆਈ ਦੇ ਵਰਕਰਾਂ ਨੇ ਜਰਨੈਲ ਸਿੰਘ, ਅਜੀਤ ਸਿੰਘ ਠਕਰਸੰਧੂ, ਪ੍ਰੇਮ ਮਸੀਹ ਸੋਨਾ ਅਤੇ ਜਨਕ ਰਾਜ ਦੀ ਸਾਂਝੀ ਪ੍ਰਧਾਨਗੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਵੈਨੂਜੂਏਲਾ ਦੇਸ਼ ਉਪਰ ਹਮਲਾ ਕਰਨ ਅਤੇ ਉਥੋਂ ਦੇ ਰਾਸ਼ਟਰਪਤੀ ਮਾਧਰੋ ਅਤੇ ਉਸਦੀ ਪਤਨੀ ਨੂੰ ਅਗਵਾ ਕਰਕੇ ਲੈ ਅਮਰੀਕਾ ਲੈ ਜਾਣ ਦੇ ਵਿਰੁੱਧ ਰੈਲੀ ਕਰਕੇ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਅਤੇ ਗਾਂਧੀ ਚੌਂਕ ਵਿਖੇ ਟਰੰਪ ਦਾ ਪੁਤਲਾ ਫੂਕਿਆ ਗਿਆ।
ਰੈਲੀ ਵਿੱਚ ਬੋਲਦਿਆਂ ਗੁਲਜਾਰ ਸਿੰਘ ਬਸੰਤਕੋਟ, ਮਾਸਟਰ ਰਘਬੀਰ ਸਿੰਘ ਪਕੀਵਾਂ ਕੀਵਾ, ਡਾ ਅਨੂਪ ਸਿੰਘ, ਬਲਦੇਵ ਸਿੰਘ ਖਹਿਰਾ ਅਤੇ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਉਪਰ ਗੈਂਗਸਟਰ ਸਾਮਰਾਜੀਆਂ ਦਾ ਮੁਖੀ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਆਜ਼ਾਦ ਦੇਸ਼ ਉੱਪਰ ਹਮਲਾ ਕਰਕੇ ਉਥੋਂ ਦੇ ਰਾਸ਼ਟਰਪਤੀ ਅਤੇ ਉਸਦੀ ਪਤਨੀ ਨੂੰ ਅਗਵਾ ਕਰਕੇ ਆਪਣੇ ਦੇਸ਼ ਲੈ ਜਾਣ ਦੀ ਕਾਰਵਾਈ ਸਿੱਧੇ ਤੌਰ ਤੇ ਇੱਕ ਸੰਸਾਰ ਅੱਤਵਾਦੀ ਹੋਣ ਦਾ ਸਬੂਤ ਹੈ, ਜਿਸ ਦਾ ਦੁਨੀਆਂ ਭਰ ਦੀਆਂ ਵਧੇਰੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਲੋਕਾਂ ਨੇ ਵਿਰੋਧ ਕੀਤਾ ਹੈ ਪਰ ਅਮਰੀਕੀ ਰਾਸ਼ਟਰਪਤੀ ਦੁਨੀਆਂ ਦੇ ਲੋਕਾਂ ਦੀ ਰਾਏ ਨੂੰ ਮੰਨ ਕੇ ਵੈਨਜੁਏਲਾ ਦੇ ਰਾਸ਼ਟਰਪਤੀ ਅਤੇ ਉਸਦੀ ਪਤਨੀ ਨੂੰ ਰਿਹਾ ਕਰਨ ਦੀ ਬਜਾਏ ਈਰਾਨ, ਗਰੀਨਲੈਂਡ ਅਤੇ ਹੋਰ ਇਸ ਖਿੱਤੇ ਦੇ ਹੋਰ ਦੇਸ਼ਾਂ ਉੱਪਰ ਹਮਲੇ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ।ਅਮਰੀਕੀ ਰਾਸ਼ਟਰਪਤੀ ਦੀਆਂ ਇਹ ਧਮਕੀਆਂ ਦੁਨੀਆਂ ਨੂੰ ਤੀਸਰੇ ਸੰਸਾਰ ਜੰਗ ਵੱਲ ਲੈ ਜਾਣ ਵਾਲੀਆਂ ਹਨ, ਇਸ ਨੀਤੀ ਨੂੂੰ ਦੁਨੀਆਂ ਹਰਗਿਜ ਪਰਵਾਨ ਕਰੇਗੀ।
ਆਗੂਆਂ ਕਿਹਾ ਕਿ ਬੇਸ਼ੱਕ ਸਾਮਰਾਜੀਆਂ ਦੀ ਇਹ ਫਿਤਰਤ ਹੈ ਕਿ ਉਹ ਕਿਸੇ ਵੀ ਉਸ ਦੇਸ਼ ਨੂੰ ਬਰਦਾਸ਼ਤ ਨਹੀਂ ਕਰਦੇ ਜੋ ਆਪਣੇ ਦੇਸ਼ ਅੰਦਰ ਆਪਣੀ ਸਰਕਾਰ ਦੀਆਂ ਨੀਤੀਆਂ ਲਾਗੂ ਕਰਕੇ ਸਰਕਾਰ ਚਲਾਉਣੀਆਂ ਚਾਹੁੰਦੇ ਹਨ। ਅਮਰੀਕੀ ਰਾਸ਼ਟਰਪਤੀ ਨੇ ਖੁਦ ਮੰਨ ਲਿਆ ਕਿ ਵੈਨੂਜੂਏਲਾ ਦਾ ਤੇਲ ਹੁਣ ਅਮਰੀਕੀ ਸਰਕਾਰ ਵੇਚੇਗੀ ਅਤੇ ਵੈਨਜੁਏਲਾ ਵਿੱਚ ਅਮਰੀਕਾ ਦੀ ਮਰਜ਼ੀ ਤੋਂ ਬਿਨਾਂ ਕੋਈ ਨਵੀਂ ਸਰਕਾਰ ਨਹੀਂ ਚੱਲ ਸਕੇਗੀ ਜੋ ਇਹ ਸਾਬਤ ਕਰਦਾ ਹੈ ਕਿ ਵੈਨਜੁਏਲਾ ਦੇ ਰਾਸ਼ਟਰਪਤੀ ਉੱਪਰ ਨਸ਼ਾ ਤਸਕਰ ਹੋਣ ਦੇ ਦੋਸ਼ ਬੇਬੁਨਿਆਦ ਹਨ ਅਤੇ ਅਮਰੀਕਾ ਦਾ ਹਮਲਾ ਕੇਵਲ ਉਥੋਂ ਦੇ ਤੇਲ ਭੰਡਾਰਾਂ ਤੇ ਕਬਜ਼ਾ ਕਰਨ ਅਤੇ ਉਥੋਂ ਦੇ ਰਾਸ਼ਟਰਪਤੀ ਮਾਧੂਰੋ ਵੱਲੋਂ ਆਪਣੇ ਦੇਸ਼ ਅੰਦਰ ਆਪਣੀ ਸਰਕਾਰ ਦੀਆਂ ਨੀਤੀਆਂ ਲਾਗੂ ਕਰਨ ਕਾਰਨ ਟਰੰਪ ਨੂੰ ਬਰਦਾਸ਼ਤ ਨਹੀਂ ਸੀ ਹੋ ਰਿਹਾ, ਅਸਲ ਵਿੱਚ ਵੈਨਜੁਏਲਾ ਉੱਪਰ ਅਮਰੀਕੀ ਹਮਲੇ ਦੇ ਇਹ ਹੀ ਮੁੱਖ ਕਾਰਨ ਹਨ। ਖੱਬੀਆਂ ਪਾਰਟੀਆਂ ਨੇ ਮੰਗ ਕੀਤੀ ਵੈਨਜੂਏਲਾ ਦੇ ਰਾਸ਼ਟਰਪਤੀ ਅਤੇ ਉਸ ਦੀ ਪਤਨੀ ਨੂੰ ਫੌਰੀ ਰਿਹਾ ਕਰੇ, ਵੈਨਜੁਏਲਾ ਚੋਂ ਅਮਰੀਕੀ ਦਖਲ ਖਤਮ ਕੀਤਾ ਜਾਵੇ ਅਤੇ ਅਮਰੀਕਾ ਯੂਐਨਓ ਦੇ ਨਿਯਮਾਂ ਨੂੰ ਲਾਗੂ ਕਰੇ।
ਇਸ ਸਮੇਂ ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ, ਰਾਜੂ ਬਟਾਲਾ, ਜਗੀਰ ਸਿੰਘ ਕਿਲਾ ਲਾਲ ਸਿੰਘ ਅਤੇ ਜੋਗਿੰਦਰ ਪਾਲ ਲੇਹਲ,ਅਵਤਾਰ ਸਿੰਘ ਠੱਠਾ ਨੇ ਵੀ ਵਿਚਾਰ ਪੇਸ਼ ਕੀਤੇ।
