
ਲੋਪੋਕੇ: ਜਮੂਹਰੀ ਕਿਸਾਨ ਸਭਾ ਦੇ ਕਾਰਕੁਨਾਂ ਨੇ ਅਮਰੀਕੀ ਹਾਕਮਾਂ ਵੱਲੋਂ ਵੈਨੇਜ਼ੁਏਲਾ ਤੇ ਹਮਲੇ ਅਤੇ ਉੱਥੋਂ ਦੇ ਪ੍ਰਧਾਨ ਮਦੂਰੋ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਕੇ ਟਰੰਪ ਦਾ ਪੁਤਲਾ ਫੂਕਿਆ। ਇਸ ਮੌਕੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਪੁਰਜ਼ੋਰ ਮੰਗ ਕੀਤੀ ਕਿ ਉਹਨਾਂ ਦੋਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਵੈਨੇਜ਼ੁਏਲਾ ਵਾਪਸ ਭੇਜਿਆ ਜਾਵੇ। ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਅਜਿਹਾ ਹਮਲਾ ਕੌਮਾਂਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਹੈ ਤੇ ਦੂਸਰੇ ਦੇਸ਼ਾਂ ਵਿੱਚ ਟਰੰਪ ਸਰਕਾਰ ਸਰਕਾਰਾਂ ਬਦਲਣ ਤੇ ਆਪਣੀ ਪਿੱਠੂ ਸਰਕਾਰ ਬਣਾਉਣ ਦੀ ਸ਼ਰੇਆਮ ਗੁੰਡਾ ਗਰਦੀ ਹੈ।
ਉਹਨਾਂ ਦੱਸਿਆ ਕਿ ਅਮਰੀਕਾ ਦਾ ਮੰਤਵ ਵੈਨੇਜ਼ੁਏਲਾ ਦੇ ਤੇਲ ਭੰਡਾਰਾਂ ‘ਤੇ ਕਬਜ਼ਾ ਕਰਨ ਦਾ ਹੈ। ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਮੂਚੀ ਦੁਨੀਆਂ ਇਸ ਹਮਲੇ ਦੀ ਨਿਖੇਧੀ ਹੋ ਰਹੀ ਹੈ ਪ੍ਰੰਤੂ ਕਾਰਪੋਰੇਟ ਪੱਖੀ ਭਾਰਤ ਦੀ ਮੋਦੀ ਸਰਕਾਰ ਨੇ ਅਜੇ ਤੱਕ ਇਸ ਟਰੰਪ ਦੀ ਘਿਨੌਣੀ ਕਾਰਵਾਈ ਵਿਰੁੱਧ ਇੱਕ ਲਫ਼ਜ਼ ਨਹੀਂ ਬੋਲਿਆ। ਅਜਿਹਾ ਕਰਕੇ ਮੋਦੀ ਸਰਕਾਰ ਨੇ ਭਾਰਤੀ ਲੋਕਾਂ ਦਾ ਸਿਰ ਨੀਵਾਂ ਕੀਤਾ ਹੈ, ਪ੍ਰੰਤੂ ਭਾਰਤ ਦੇ ਬਹਾਦਰ ਲੋਕ ਇਸ ਹਮਲੇ ਵਿਰੁੱਧ ਥਾਂ- ਥਾਂ ‘ਤੇ ਰੋਸ ਪ੍ਰਦਰਸ਼ਨ ਤੇ ਟਰੰਪ ਦੇ ਪੂਤਲੇ ਫੂਕ ਰਹੇ ਹਨ।
ਇਸ ਸਮੇਂ ਕਿਸਾਨ ਸਭਾ ਲੋਪੋਕੇ ਦੇ ਪ੍ਰਧਾਨ ਪ੍ਰਭਜੋਤ ਸਿੰਘ, ਮੀਤ ਪ੍ਰਧਾਨ ਗੁਰਨਾਮ ਸਿੰਘ, ਸੈਕਟਰੀ ਧਿਆਨ ਸਿੰਘ, ਸਹੈ ਸਕੱਤਰ ਕਸ਼ਮੀਰ ਸਿੰਘ ਅਤੇ ਸਮਾਜ ਸੇਵੀ ਬੀਬੀ ਸਰਬਜੀਤ ਕੌਰ, ਰਣਜੀਤ ਕੌਰ, ਬਲਜਿੰਦਰ ਕੌਰ ਤੇ ਦੱਸਪ੍ਰੀਤ ਕੌਰ ਆਦਿ ਨੇ ਵੀ ਆਪਣਾ ਟਰੰਪ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਸਤਨਾਮ ਸਿੰਘ, ਬਖਸ਼ੀਸ਼ ਸਿੰਘ, ਜਰਮਨਜੀਤ ਸਿੰਘ, ਕਸ਼ਮੀਰ ਸਿੰਘ, ਜਸਕਰਨ ਸਿੰਘ, ਗੁਰਕੀਰਤ ਸਿੰਘ ਆਦਿ ਵੀ ਹਾਜ਼ਰ ਸਨ।