
ਫਤਿਹਾਬਾਦ: ਪਿੰਡ ਜਵੰਦਾ ਕਲਾਂ ਵਿੱਚ ਆਰ ਐਮ ਪੀ ਆਈ ਵਲੋਂ ਜਾਗਰੂਕ ਮੁਹਿੰਮ ਤਹਿਤ ਇੱਕ ਮੀਟਿੰਗ ਕੀਤੀ ਗਈ। ਜਿਸ ਦੀ ਅਗਵਾਈ ਔਰਤ ਮੁਕਤੀ ਮੋਰਚੇ ਦੀ ਆਗੂ ਸਰਬਜੀਤ ਕੌਰ ਜਵੰਦਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਖਦੇਵ ਸਿੰਘ ਜਵੰਦਾ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਹਰਭਜਨ ਸਿੰਘ ਚੂਸਲੇਵੜ ਤੇ ਨਰਿੰਦਰ ਕੌਰ ਠੱਕਰਪੁਰਾ ਨੇ ਦੱਸਿਆ ਕਿ ਕਿਵੇਂ ਇਸ ਸਰਮਾਏਦਾਰੀ ਸਿਸਟਮ ਵਿੱਚ ਰਾਜ ਕਰਦੀਆਂ ਧਿਰਾਂ ਆਪਣੇ ਆਪਣੇ ਰਾਜ ਕਾਲ ਦੌਰਾਨ ਪੰਚਾਇਤੀ ਤੇ ਬਲਾਕ ਸਮਿਤੀ ਚੋਣਾਂ ਵਿੱਚ ਵਿਰੋਧੀਆਂ ਦੇ ਕਾਗਜ਼ ਰੱਦ ਕਰਕੇ ਲੋਕ ਰਾਜ ਦੀਆਂ ਧੱਜੀਆਂ ਉਡਾਉਦੀਆਂ ਹਨ।
ਕੇਂਦਰ ਤੇ ਰਾਜ ਸਰਕਾਰਾਂ ਨੇ ਲੋਕਾਂ ਵੱਲੋਂ ਟੈਕਸ ਦੇ ਕੇ ਉਸਾਰੇ ਸਰਕਾਰੀ ਅਦਾਰੇ ਵੇਚਣ ਦਾ ਲੱਕ ਬੱਧਾ ਹੈ। ਮੋਦੀ ਸਰਕਾਰ ਬਿਜਲੀ ਬਿੱਲ 2025 ਲਿਆਕੇ ਬਿਜਲੀ ਦੇ ਨਿਜੀਕਰਨ ਵੱਲ ਵਧ ਰਹੀ ਹੈ। ਮਜਦੂਰਾਂ ਦੇ ਕਿਰਤ ਕਨੂੰਨ ਵਿੱਚ ਤਬਦੀਲੀ ਕਰਕੇ ਮਜਦੂਰਾਂ ਉਪਰ 8 ਘੰਟੇ ਦੀ ਬਜਾਏ 12 ਘੰਟੇ ਕੰਮ ਦੀ ਸ਼ਰਤ ਲਾਈ ਜਾ ਰਹੀ ਹੈ। ਵੱਡੇ ਵੱਡੇ ਮਾਲ ਹੱਟ ਖੋਲ ਲੋਕਾਂ ਦੇ ਘਰਾਂ ਵਿਚ ਆਨਲਾਈਨ ਸੌਦਾ ਭੇਜ ਛੋਟੇ ਦੁਕਾਨਦਾਰ ਬਰਬਾਦ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਕਾਰਪੋਰੇਟ ਕੰਪਨੀਆਂ ਕੋਲੋਂ ਬੀਜ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਰੋਡਵੇਜ ਵਿਭਾਗ, ਰੇਲਾਂ, ਸੜਕਾਂ ਸਭ ਠੇਕੇ ਤੇ ਦਿੱਤੀਆਂ ਜਾ ਰਹੀਆਂ ਹਨ। ਨਸੇ਼ ਦਾ ਦੈਤ ਨੌਜਵਾਨਾਂ ਨੂੰ ਨਿਗਲ ਰਿਹਾ ਹੈ। ਬੇਰੋਜਗਾਰ ਪੜੇ ਲਿਖੇ ਨੌਜਵਾਨ ਵਿਦੇਸ਼ਾਂ ਨੂੰ ਕੂਚ ਕਰ ਗਏ ਹਨ। ਸੋਨੇ ਦੀ ਚਿੜੀ ਭਾਰਤ ਮਾਤਾ ਦੇ ਖੰਭ ਕਾਰਪੋਰੇਟ ਘਰਾਣਿਆਂ ਖੋਹ ਲਏ ਹਨ। ਦੇਸ਼ ਵਿਚ ਫਿਰਕਾਪ੍ਰਸਤੀ ਦਨਦਨਾ ਰਹੀ ਹੈ। ਆਰ ਐਸ ਐਸ ਦੇ ਇਸ਼ਾਰੇ ਮੋਦੀ ਸਰਕਾਰ ਰਾਜ ਚਲਾ ਰਹੀ ਹੈ। ਘੱਟ ਗਿਣਤੀਆਂ ਤੇ ਹਮਲੇ ਹੋ ਰਹੇ ਹਨ, ਲੁੱਟਾ ਖੋਹਾਂ ਫਰੌਤੀਆਂ ਤੋਂ ਲੋਕ ਭੈਭੀਤ ਹਨ। ਬਾਲੜੀਆਂ ਨਾਲ ਦਰਿੰਦਗੀ ਹੱਦਾਂ ਬੰਨੇ ਟੱਪ ਗਈ ਹੈ। ਇਸ ਮੌਕੇ ਸਮੂਹ ਹਜਰੀਨ ਨੇ ਬੁਲਾਰਿਆਂ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਦਿਆਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦ ਹੋਣ ਦਾ ਪ੍ਰਣ ਕੀਤਾ ਤੇ ਭਵਿੱਖ ਵਿਚ ਵਿਸਾ਼ਲ ਮੀਟਿੰਗ ਕਰਨ ਦਾ ਆਹਿਦ ਕੀਤਾ।
ਇਸ ਮੌਕੇ ਸਕੱਤਰ ਦੀ ਡਿਊਟੀ ਸੁਖਦੇਵ ਸਿੰਘ ਨੇ ਨਿਭਾਈ ਤੇ ਸਰਬਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।