
ਮੁਕੰਦਪੁਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਸੂਬੇ ਵਿੱਚ ਚਲਾਈ ਜਾ ਰਹੀ “ਮਨੂੰਵਾਦ ਭਜਾਓ ਬੇਗਮਪੁਰਾ ਵਸਾਓ” ਮੁਹਿੰਮ ਤਹਿਤ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ / ਕਾਨਫਰੰਸਾਂ ਕਰਨ ਲਈ ਤਹਿਸੀਲ ਕਮੇਟੀ ਬੰਗਾ ਦੀ ਮੀਟਿੰਗ ਸੋਢੀ ਰਾਮ ਸਾਬਕਾ ਸਰਪੰਚ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲ ਸਕੱਤਰ ਇੰਜੀਨੀਅਰ ਜਸਵੀਰ ਮੋਰੋਂ ਨੇ ਦੱਸਿਆ ਕਿ ਆਰ ਐਸ ਐਸ / ਬੀ ਜੇ ਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਡਾ. ਭੀਮ ਰਾਓ ਅੰਬੇਦਕਰ ਦੇ ਨਿਰਮਤ ਸੰਵਿਧਾਨ ਨੂੰ ਖਤਮ ਕਰਨ ਅਤੇ ਮਨੂੰਵਾਦੀ ਵਿਵਸਥਾ ਕਾਇਮ ਕਰਨ ਦੀ ਲਗਾਤਾਰ ਸਾਜਿਸ਼ ਰਚੀ ਜਾ ਰਹੀ ਹੈ। ਜਿਸ ਨਾਲ ਲੋਕਤੰਤਰ ਅਤੇ ਭਾਈਚਾਰਕ ਏਕਤਾ ਲਈ ਵੱਡਾ ਖਤਰਾ ਖੜ੍ਹਾ ਕੀਤਾ ਜਾ ਰਿਹਾ ਹੈ। ਇਸ ਖਤਰੇ ਤੋਂ ਆਮ ਲੋਕਾਂ ਨੂੰ ਸੁਚੇਤ ਕਰਨ ਲਈ ਮਨੂੰਵਾਦ ਭਜਾਓ ਬੇਗਮਪੁਰਾ ਵਸਾਓ ਮੁਹਿੰਮ ਤਹਿਤ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਨ ਅਤੇ 23 ਦਸੰਬਰ ਨੂੰ ਜਗਤਪੁਰ ਵਿਖੇ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਕਾਰਪੋਰੇਟ ਪੱਖੀ ਚਾਰ ਕੋਡ ਲਾਗੂ ਕਰਨ ਅਤੇ ਬਿਜਲੀ ਬਿੱਲ 2025 ਰਾਹੀਂ ਆਮ ਲੋਕਾਂ ਦਾ ਗਲਾ ਘੁੱਟਣ ਅਤੇ ਕਾਰਪੋਰੇਟਾਂ ਨੂੰ ਖੁਸ਼ ਕਰਨ ਦੀਆਂ ਸਾਜਿਸ਼ਾਂ ਰਚ ਰਹੀ ਹੈ। ਇਸੇ ਤਰ੍ਹਾਂ ਚੰਡੀਗੜ੍ਹ ਨੂੰ ਕੇਂਦਰੀ ਸਾਸ਼ਤ ਪ੍ਰਦੇਸ਼ ਬਣਾਉਣ ਲਈ 131ਵੀਂ ਸੰਵਿਧਾਨਿਕ ਸੋਧ ਲਿਆਉਣ, ਪੰਜਾਬ ਯੂਨੀਵਰਸਿਟੀ ਅਤੇ ਪਾਣੀਆਂ ‘ਤੇ ਪੰਜਾਬ ਦੇ ਹੱਕ ਤੋਂ ਮੁਨਕਰ ਹੋਇਆ ਜਾ ਰਿਹਾ ਹੈ।
ਮੀਟਿੰਗ ਵਿੱਚ ਕੁਲਦੀਪ ਸਿੰਘ ਦੌੜਕਾ, ਹਰਪਾਲ ਸਿੰਘ ਜਗਤਪੁਰ, ਹਰੀ ਬਿਲਾਸ, ਮੋਹਣ ਸਿੰਘ ਪੂੰਨੀਆ, ਸਰਪੰਚ ਬਲਕਾਰ ਸਿੰਘ ਲਾਖਾ, ਕੁਲਦੀਪ ਸਿੰਘ ਬੀਕਾ ਆਦਿ ਹਾਜ਼ਰ ਸਨ।