
ਨਕੋਦਰ: “ਸੁਤੰਤਰਤਾ ਪ੍ਰਾਪਤੀ ਲਈ ਜੂਝ ਰਹੇ ਭਾਰਤੀਆਂ ਦੀ ਇਕਜੁੱਟਤਾ ਭੰਗ ਕਰਨ ਅਤੇ ਭਾਈਚਾਰਕ ਸਾਂਝ ਤੇ ਫਿਰਕੂ ਇਕਸੁਰਤਾ ਨੂੰ ਖੇਰੂੰ-ਖੇਰੂੰ ਕਰਨ ਦੀ ਸਾਜ਼ਿਸ਼ ਤਹਿਤ, 1925 ‘ਚ ਬਸਤੀਵਾਦੀ ਅੰਗ੍ਰੇਜ਼ ਹਾਕਮਾਂ ਵਲੋਂ ਖੜ੍ਹੇ ਕੀਤੇ ਗਏ ‘ਰਾਸ਼ਟਰੀ ਸੋਇਮ ਸੇਵਕ ਸੰਘ’ (ਆਰ.ਐਸ.ਐਸ.) ਤੋਂ ਦੇਸ਼ ਤੇ ਦੇਸ਼ ਵਾਸੀਆਂ ਦੇ ਭਲੇ ਦੀ ਆਸ ਉੱਕਾ ਹੀ ਨਹੀਂ ਕੀਤੀ ਜਾ ਸਕਦੀ। ‘ਰਾਸ਼ਟਰ ਨਿਰਮਾਣ’ ਜਾਂ ‘ਚਰਿਤਰ ਉੱਥਾਨ’ ਦੇ ਫਰਜੀ ਦਾਅਵੇ ਕਰਨ ਵਾਲਾ ਆਰ.ਐਸ.ਐਸ., ਦਰ ਹਕੀਕਤ ਵੱਖੋ-ਵੱਖ ਧਰਮਾਂ ਨੂੰ ਮੰਨਣ ਵਾਲੇ ਹਿੰਦ ਵਾਸੀਆਂ ਦਰਮਿਆਨ ਘ੍ਰਿਣਾ ਫੈਲਾਉਣ ਅਤੇ ਫਿਰਕੂ ਵੰਡ ਤਿੱਖੀ ਕਰਨ ਦੇ ਆਪਣੇ ਕੋਝੇ ਯਤਨਾਂ ਰਾਹੀਂ ਦੇਸ਼ ਦੀ ਏਕਤਾ-ਅਖੰਡਤਾ ਦੇ ਜੜ੍ਹੀਂ ਤੇਲ ਦੇਣ ਦਾ ਕੰਮ ਰਿਹਾ ਹੈ।” ਉਕਤ ਸ਼ਬਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਇੱਥੇ ਸੱਦੀ ਤਹਿਸੀਲ ਪੱਧਰੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਹੇ ਹਨ। ਕਾਮਰੇਡ ਪਾਸਲਾ ਨੇ ਕਿਹਾ ਹੈ ਕਿ ਆਰ.ਐਸ.ਐਸ. ਦੀਆਂ ਇਹ ਵੰਡਪਾਊ ਕੁਚਾਲਾਂ, ਆਜ਼ਾਦੀ ਸੰਗਰਾਮ ਦੌਰਾਨ ਕਾਇਮ ਹੋਈਆਂ ਸਾਰੀਆਂ ਨਰੋਈਆਂ ਕਦਰਾਂ-ਕੀਮਤਾਂ ਅਤੇ ਆਜ਼ਾਦੀ ਪ੍ਰਾਪਤੀ ਤੋਂ ਪਿਛੋਂ ਦੀਆਂ ਦੇਸ਼ ਦੀਆਂ ਸਮੁੱਚੀਆਂ ਹਾਂ-ਪੱਖੀ ਪ੍ਰਾਪਤੀਆਂ ਨੂੰ ਘੱਟੇ ਰੋਲਣ ਦਾ ਜਰੀਆ ਬਣ ਰਹੀਆਂ ਹਨ। ਉਨ੍ਹਾਂ ਕਿਹਾ ਹੈ ਕਿ ਆਪਣੇ ਸਿਆਸੀ ਵਿੰਗ ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ ‘ਤੇ ਕਾਬਜ ਆਰ.ਐਸ.ਐਸ., ਦੇਸ਼ ਦਾ ਜਮਹੂਰੀ, ਧਰਮ ਨਿਰਪੱਖ, ਫੈਡਰਲ ਢਾਂਚਾ ਤਹਿਸ-ਨਹਿਸ ਕਰਕੇ ਇੱਥੇ ਤਾਨਾਸ਼ਾਹੀ ਤਰਜ਼ ਦਾ ਧਰਮ ਅਧਾਰਤ ਕੱਟੜ, ਪਿਛਾਖੜੀ ‘ਹਿੰਦੂ ਰਾਸ਼ਟਰ’ ਕਾਇਮ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਆਰ.ਐਸ.ਐਸ. ਤੇ ਭਾਜਪਾ ਇਸੇ ਕਰਕੇ ਮਨੁੱਖੀ ਹੱਕ-ਹਕੂਕ ਤੇ ਸ਼ਹਿਰੀ ਆਜ਼ਾਦੀਆਂ ਦੀ ਗਰੰਟੀ ਕਰਦੇ ਭਾਰਤ ਦੇ ਮੌਜੂਦਾ ਸੰਵਿਧਾਨ ਨੂੰ ਖਾਰਜ ਕਰਕੇ ਇਸ ਦੀ ਥਾਂ ਦਲਿਤਾਂ, ਔਰਤਾਂ ਨੂੰ ਸਦੀਵੀਂ ਗੁਲਾਮ ਬਣਾਈ ਰੱਖਣ ਦੀ ਪੈਰਵੀ ਕਰਦੀ ‘ਮਨੂੰ ਸਿਮਰਤੀ’ ਨੂੰ ਸ਼ਾਸ਼ਨ ਪੱਧਤੀ ਵਜੋਂ ਲਾਗੂ ਕਰਨ ਲਈ ਤਰਲੋ-ਮੱਛੀ ਹੋ ਰਹੇ ਹਨ। ਉਕਤ ਕੋਝੇ ਮਨਸੂਬੇ ਪੂਰੇ ਕਰਨ ਲਈ, ਸੰਘ ਪਰਿਵਾਰ ਦੇ ਖਰੂਦੀ ਟੋਲੇ ਮੁਸਲਮਾਨ ਤੇ ਈਸਾਈ ਘੱਟ ਗਿਣਤੀਆਂ, ਦਲਿਤਾਂ ਅਤੇ ਇਸਤਰੀਆਂ ‘ਤੇ ਅਸਹਿ ਤੇ ਅਕਹਿ ਜ਼ੁਲਮ ਢਾਹ ਰਹੇ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਹੈ ਕਿ ਕਥਿਤ ‘ਹਿੰਦੂ ਰਾਸ਼ਟਰ’ ਦੀ ਕਾਇਮੀ ਰਾਹੀਂ ਆਰ.ਐਸ.ਐਸ. ਦਾ ਅਸਲ ਨਿਸ਼ਾਨਾ ਬਹੁ ਗਿਣਤੀ ਹਿੰਦੂ ਵਸੋਂ, ਖਾਸ ਕਰਕੇ ਕਿਰਤੀ ਸ਼੍ਰੇਣੀ ਦਾ ਭਲਾ ਕਰਨਾ ਨਹੀਂ, ਬਲਕਿ ਮਿਹਨਤਕਸ਼ਾਂ ਦੀ ਲੁੱਟ-ਖਸੁੱਟ ਦੀ ਜਾਮਣੀ ਕਰਦਾ ਅਜੋਕਾ ਪੂੰਜੀਵਾਦੀ-ਜਗੀਰੂ ਨਿਜ਼ਾਮ ਸਦਾ ਲਈ ਕਾਇਮ ਰੱਖਣਾ ਹੈ। ਸਾਥੀ ਪਾਸਲਾ ਨੇ ਦੇਸ਼ ਵਾਸੀਆਂ ਨੂੰ ਆਰ.ਐਸ.ਐਸ. ਦੇ ਫਿਰਕੂ-ਫਾਸ਼ੀ ਏਜੰਡੇ ਨੂੰ ਭਾਂਜ ਦੇਣ, ਸਾਮਰਾਜੀ ਤੇ ਕਾਰਪੋਰੇਟੀ ਲੁੱਟ-ਖਸੁੱਟ ਤੇ ਦਾਬਾ ਕਾਇਮ ਰੱਖਣ ਲਈ ਘੜੀਆਂ, ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੇ ਚੌਖਟੇ ਵਾਲੀਆਂ ਨਵ ਉਦਾਰਵਾਦੀ ਨੀਤੀਆਂ ਤੋਂ ਮੁਕਤੀ ਹਾਸਲ ਕਰਨ ਅਤੇ ਹਰ ਕਿਸਮ ਦੀ ਲੁੱਟ-ਚੋਂਘ ਤੇ ਜਬਰ-ਵਿਤਕਰੇ ਤੋਂ ਰਹਿਤ ਸਾਂਝੀਵਾਲਤਾ ਵਾਲਾ ਸਮਾਨਤਾਵਾਦੀ ਸਮਾਜ ਕਾਇਮ ਕਰਨ ਦਾ ਮਾਨਵੀ ਸੰਗਰਾਮ ਪ੍ਰਚੰਡ ਕਰਨ ਦਾ ਸੱਦਾ ਦਿੱਤਾ ਹੈ।
ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਮਜ਼ਦੂਰ-ਕਿਸਾਨ ਏਕਾ ਕਾਇਮ ਕਰਦਿਆਂ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਸਮੇਤ ਮੋਦੀ ਸਰਕਾਰ ਦੇ ਲੋਕ ਵਿਰੋਧੀ ਹੱਲਿਆਂ ਖਿਲਾਫ ਤਕੜਾ ਆਵਾਮੀ ਪ੍ਰਤੀਰੋਧ ਉਸਾਰਨ ਦੀ ਅਪੀਲ ਕੀਤੀ ਹੈ।
ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਦਰਸ਼ਨ ਨਾਹਰ ਨੇ ਹਿੰਦੂ ਕਿਰਤੀਆਂ ਸਮੇਤ ਭਾਰਤ ਦੇ ਹਰ ਧਰਮ ਨੂੰ ਮੰਨਣ ਵਾਲੇ ਗਰੀਬਾਂ ਦੀਆਂ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਕੰਗਾਲੀ, ਭੁਖਮਰੀ, ਇਕਸਾਰ ਤੇ ਮਿਆਰੀ ਸਿਖਿਆ ਅਤੇ ਸਿਹਤ ਸਹੂਲਤਾਂ ਦੀ ਅਸਲੋਂ ਘਾਟ, ਜਨਤਕ ਵੰਡ ਪ੍ਰਣਾਲੀ ਤੇ ਸਮਾਜਿਕ ਸੁਰੱਖਿਆ ਦੀ ਅਣਹੋਂਦ, ਹਵਾ-ਪਾਣੀ ਦੇ ਖਰਾਬੇ ਅਤੇ ਚੌਗਿਰਦੇ ਦੇ ਘਾਤਕ ਵਿਗਾੜ, ਅਸਾਧ ਬੀਮਾਰੀਆਂ ਤੇ ਘਾਤਕ ਮਹਾਮਾਰੀਆਂ ਦੇ ਬੇਰੋਕ ਵਾਧੇ ਆਦਿ ਮੁਸੀਬਤਾਂ ‘ਚ ਅੰਤਾਂ ਦੇ ਵਾਧੇ ਲਈ ਜਿੰਮੇਵਾਰ ਕੇਂਦਰੀ ਤੇ ਪ੍ਰਾਂਤਕ ਸਰਕਾਰਾਂ ਦੀਆਂ ਨੀਤੀਆਂ ਖਿਲਾਫ ਤਿੱਖਾ, ਬੱਝਵਾਂ ਲੋਕ ਯੁੱਧ ਛੇੜਨ ਦਾ ਸੱਦਾ ਦਿੱਤਾ ਹੈ।
ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਸਰਬਜੀਤ ਮੁਠੱਡਾ, ਪਾਰਟੀ ਦੀ ਜਲੰਧਰ-ਕਪੂਰਥਲਾ ਜਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਦੇ ਮੈਂਬਰਾਨ ਮਨੋਹਰ ਸਿੰਘ ਗਿੱਲ, ਰਾਮ ਸਿੰਘ ਕਾਇਮ ਵਾਲਾ ਤੇ ਸੰਤੋਖ ਸਿੰਘ ਬਿਲਗਾ, ਜਿਲ੍ਹਾ ਕਮੇਟੀ ਦੇ ਮੈਂਬਰ ਮੇਜਰ ਸਿੰਘ ਖੁਰਲਾਪੁਰ, ਨਿਰਮਲ ਸਿੰਘ ਮਲਸੀਆ ਆਦਿ ਨੇ ਵੀ ਸੰਬੋਧਨ ਕੀਤਾ। ਕਾਨਫਰੰਸ ਦੀ ਪ੍ਰਧਾਨਗੀ ਸਾਥੀ ਸੁਖਦੇਵ ਦੱਤ ਬਾਂਕਾ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਸਾਥੀ ਦਲਵਿੰਦਰ ਸਿੰਘ ਕੁਲਾਰ ਨੇ ਅਦਾ ਕੀਤੇ।