
ਫਤਿਹਗੜ੍ਹ ਚੂੜੀਆਂ: ਸੰਯੁਕਤ ਕਿਸਾਨ ਮੋਰਚੇ, ਬਿਜਲੀ ਕਰਮਚਾਰੀਆਂ ਦੀਆਂ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ 2025 ਨੂੰ ਵਾਪਸ ਕਰਵਾਉਣ ਬਿਜਲੀ ਦਫ਼ਤਰ ਸਬ-ਡਵੀਜ਼ਨ ਫਤਿਹਗੜ੍ਹ ਚੂੜੀਆਂ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਬਿਜਲੀ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ।ਜਿਸਦੀ ਅਗਵਾਈ ਲਖਵਿੰਦਰ ਸਿੰਘ ਮੰਜਿਆਂ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਅਵਤਾਰ ਸਿੰਘ ਠੱਠਾ ਜਮਹੂਰੀ ਕਿਸਾਨ ਸਭਾ ਪੰਜਾਬ, ਦਿਲਬਾਗ ਸਿੰਘ ਡੋਗਰ ਕਿਰਤੀ ਕਿਸਾਨ ਯੂਨੀਅਨ ਪੰਜਾਬ, ਅਵਤਾਰ ਸਿੰਘ ਜੱਸੜ ਕਿਰਤੀ ਕਿਸਾਨ ਯੂਨੀਅਨ ਨੇ ਕੀਤੀ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਦਲਜੀਤ ਸਿੰਘ ਚਿਤੌੜਗੜ੍ਹ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਧਨਵੰਤ ਸਿੰਘ ਖਤਰਾਏ ਕਲਾਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ, ਕਰਮਚਾਰੀ ਦਲ ਦੇ ਆਗੂ ਰਾਜਵਿੰਦਰ ਸਿੰਘ,ਟੀਐਸਯੂ ਦੇ ਆਗੂ ਲਾਲੀ ਖਾਲਸਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2025 ਸਾਰੇ ਵਰਗਾਂ ਲਈ ਬਹੁਤ ਹੀ ਖਤਰਨਾਕ ਹੈ। ਮੋਦੀ ਸਰਕਾਰ ਆਪਣੀ ਬਹ ਸੰਮਤੀ ਦਾ ਨਜਾਇਜ਼ ਫਾਇਦਾ ਉਠਾਉਂਦਿਆਂ ਲੋਕ ਵਿਰੋਧੀ ਨੀਤੀਆਂ ਤੇ ਚੱਲ ਰਹੀ ਹੈ ਅਤੇ ਸਾਰੇ ਹੀ ਕੰਮ ਲੋਕਾਂ ਦੇ ਵਿਰੋਧ ਵਿੱਚ ਅਤੇ ਕਾਰਪੋਰੇਟ ਸੈਕਟਰ ਦੇ ਪੱਖ ਵਿੱਚ ਕਰ ਰਹੀ ਹੈ।
ਬਿਜਲੀ ਨੂੰ ਜਨਤਕ ਹਿੱਤ ਦੀ ਵਸਤੂ ਵਜੋਂ ਸਮਝਦਿਆਂ ਅਜ਼ਾਦੀ ਤੋਂ ਸਰਕਾਰੀ ਬਿਜਲੀ ਅਦਾਰੇ ਦਾ ਢਾਂਚਾ ਖੜ੍ਹਾ ਕੀਤਾ ਸੀ। ਪਰ ਹੁਣ ਆਰਥਿਕ ਉਦਾਰੀਕਰਨ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਸਰਕਾਰਾਂ ਦੀ ਇਹ ਨੀਤੀ ਬਦਲ ਗਈ। ਹੁਣ ਬਿਜਲੀ ਨੂੰ ਮੰਡੀ ਦੀ ਵਸਤੂ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਤਾਂ ਇਸ ਸੰਬੰਧੀ ਕਾਰਪੋਰੇਟ ਘਰਾਣਿਆਂ ਦੇ ਸਾਹਮਣੇ ਪੂਰੀ ਤਰ੍ਹਾਂ ਗੋਡੇ ਟੇਕ ਚੁੱਕੀ ਹੈ। ਬਿਜਲੀ ਸੋਧ ਬਿੱਲ 2025 ਬਿਜਲੀ ਦੇ ਵੰਡ ਖੇਤਰ ਦੇ ਨਿੱਜੀਕਰਨ ਦੀ ਕਾਰਪੋਰੇਟ ਦੀ ਲੋੜ ਨੂੰ ਪੂਰਾ ਕਰੇਗਾ, ਜਿਸ ਕਾਰਨ ਦੇਸ਼ ਦੇ ਕਰੋੜਾਂ ਖਪਤਕਾਰਾਂ ਨੂੰ ਪ੍ਰਾਈਵੇਟ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਬਣਾਇਆ ਜਾਵੇਗਾ। ਸਬ-ਸਿਡੀਆਂ ਮੁਕੰਮਲ ਤੌਰ ਤੇ ਖਤਮ ਹੋ ਜਾਣਗੀਆਂ।
ਆਗੂਆਂ ਨੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਇਨ੍ਹਾਂ ਮੁੱਦਿਆਂ ‘ਤੇ ਆਪਣੀ ਪੁਜ਼ੀਸ਼ਨ ਸਪੱਸ਼ਟ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਚੁੱਪ ਦੱਸ ਰਹੀ ਹੈ ਕਿ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਅਤੇ ਵੇਚਣ ਦੀ ਨੀਤੀ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਵਿਰੋਧ ਨਹੀ।ਜੇ ਪੰਜਾਬ ਦੀ ਸਰਕਾਰ ਇਸ ਬਿੱਲ ਦੇ ਵਿਰੋਧ ਵਿੱਚ ਹੈ ਤਾਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਇਸ ਦੇ ਵਿਰੋਧ ਵਿੱਚ ਮਤਾ ਪਾਸ ਕਰੇ।
ਰੋਸ ਪ੍ਰਦਰਸ਼ਨ ਵਿੱਚ ਮੰਗ ਕੀਤੀ ਗਈ ਕਿ ਬਿਜਲੀ ਸੋਧ ਬਿੱਲ ਵਾਪਸ ਲੈਣ, ਸਮਾਰਟ ਚਿੱਪ ਮੀਟਰ ਵਾਪਸ ਲਿਆ ਜਾਵੇ ਅਤੇ ਨਾਲ ਹੀ ਸਰਕਾਰੀ ਅਤੇ ਜਨਤਕ ਅਦਾਰਿਆਂ ਦੀਆਂ ਜ਼ਮੀਨਾਂ ਨੂੰ ਵੇਚਣ ਦੀ ਪੰਜਾਬ ਸਰਕਾਰ ਦੀ ਨੀਤੀ ਨੂੰ ਵੀ ਲੋਕ ਵਿਰੋਧੀ ਕਦਮ ਦੱਸਦਿਆਂ ਇਸ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ। ਜੇਕਰ ਬਿਜਲੀ ਸੋਧ ਬਿੱਲ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਉਪਰੋਕਤ ਆਗੂਆਂ ਤੋਂ ਬਿਨਾਂ ਕੁਲਦੀਪ ਸਿੰਘ ਦਾਦੂਜੋਧ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ,ਸੁੱਚਾ ਸਿੰਘ ਤੇਰਾ,ਟਹਿਲ ਸਿੰਘ ਚੇਤਨਪੁਰਾ, ਮਜ਼ਦੂਰ ਆਗੂ ਮਾਨਾ ਮਸੀਹ ਰਾਊਵਾਲ, ਟੀ ਐਸ ਯੂ ਆਗੂ ਕੰਵਲਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
