
ਮਾਨਸਾ: ਅੱਜ ਇਥੇ ਜਮਹੂਰੀ ਕਿਸਾਨ ਸਭਾ ਪੰਜਾਬ, ਜ਼ਿਲ੍ਹਾ ਮਾਨਸਾ ਦੀ ਮੀਟਿੰਗ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਫਫੜੇ ਭਾਈਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਿੱਛਲੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ 26 ਨਬੰਵਰ ਨੂੰ ਚੰਡੀਗੜ੍ਹ ਵਿਖੇ ਕਾਲੇ ਕਾਨੂੰਨਾਂ ਖਿਲਾਫ਼ ਲੜੇ, ਇਤਿਹਾਸਕ ਜੇਤੂ, ਕਿਸਾਨੀ ਸੰਘਰਸ਼ ਦੀ ਮਨਾਈ ਜਾ ਰਹੀ ਵਰ੍ਹੇਗੰਢ ਸਮੇਂ ਕੀਤੀ ਜਾਣ ਵਾਲੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜਥੇਬੰਦੀ ਦੀ ਮੈਂਬਰਸ਼ਿੱਪ ਨਵਿਆਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਆਗੂਆਂ ਦੀਆਂ ਡਿਊਟੀਆਂ ਵੀ ਲਾਈਆਂ। ਇਸ ਦੇ ਨਾਲ ਹੀ ਫੈਸਲਾ ਕੀਤਾ ਕਿ ਰੈਲੀ ਤੋਂ ਬਾਅਦ, ਮੈਂਬਰਾਂ, ਆਗੂਆਂ ਨੂੰ ਮੌਜੂਦਾ ਹਾਲਾਤ ਤੋਂ ਜਾਣੂ ਕਰਾਉਂਣ ਅਤੇ ਸਰਕਾਰੀ ਨੀਤੀਆਂ ਬਾਰੇ ਸਿੱਖਿਅਤ ਕਰਨ ਵਾਸਤੇ, ਸਕੂਲ ਲਾਇਆ ਜਾਵੇਗਾ ਕਿਉਂਕਿ ਅਮਰੀਕਾ ਨਾਲ, ਮੋਦੀ ਸਰਕਾਰ ਵੱਲੋਂ, ਖੇਤੀ, ਡੇਅਰੀ ਉਤਪਾਦਾਂ ਦੇ ਵਪਾਰ ਨੂੰ ਟੈਰਿਫ ਮੁਕਤ ਕਰਨ ਨਾਲ, ਕਿਸਾਨੀ ਸੰਕਟ ਹੋਰ ਵੀ ਡੂੰਘਾ ਹੋਣ ਦੇ ਆਸਾਰ ਬਣਗੇ ਹਨ। ਇਸ ਨਾਲ ਕਿਸਾਨੀ ਦੇ ਉਜਾੜੇ ਅਤੇ ਕੰਗਾਲੀ ਵਿੱਚ ਧੱਕੇ ਜਾਣ ਦੇ ਆਸਾਰ ਸਾਫ ਨਜ਼ਰ ਆ ਰਹੇ ਹਨ।