
ਪਠਾਨਕੋਟ: ਭੱਠਿਆਂ ਉੱਪਰ ਮਜ਼ਦੂਰਾਂ ਨੂੰ ਰਹਿਣ ਸਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਦੂਰ ਕਰਨ ਲਈ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਜ਼ਿਲ੍ਹਾ ਪਠਾਨਕੋਟ ਡਾਕਟਰ ਪੱਲਵੀ ਨੂੰ ਮੰਗ ਪੱਤਰ ਦਿੱਤਾ ਗਿਆ।
ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਅਤੇ ਸਹਾਇਕ ਸਕੱਤਰ ਕਾਮਰੇਡ ਮਨਹਰਨ ਨੇ ਦੱਸਿਆ ਕਿ ਇੱਟ ਭੱਠਿਆਂ ਉੱਪਰ ਔਰਤ-ਮਰਦ ਬੱਚਿਆਂ ਸਮੇਤ ਰਹਿ ਕੇ ਪਥੇਰ, ਨਿਕਾਸੀ, ਭਰਾਈ, ਜਲਾਈ ਅਤੇ ਪੱਕੀਆਂ ਇੱਟਾਂ ਦੀ ਲੋਡ-ਅਨਲੋਡ ਦਾ ਕੰਮ ਕਰਦੇ ਹਨ ਪਰ ਕਿਧਰੇ ਵੀ ਔਰਤਾਂ ਮਰਦਾਂ ਲਈ ਸ਼ੌਚਾਲਯ, ਪਰਦੇ ਹੇਠ ਬਾਥਰੂਮ ਅਤੇ ਰਹਿਣ ਲਈ ਪੱਕੇ ਕੁਆਟਰਾਂ ਦੀ ਵਿਵਸਥਾ ਨਹੀਂ ਹੈ। ਖੁਲ੍ਹੇਆਮ ਸ਼ੌਚ ਸਮੇਂ ਨੇੜਲੇ ਖੇਤਾਂ ਵਿਚ ਜਾਣ ਸਮੇਂ ਮਾਨਸਿਕ ਪੀੜਾ ‘ਚੋਂ ਗੁਜਰਨਾ ਪੈਂਦਾ ਹੈ। ਰਹਾਇਸ਼ ਲਈ ਟੈਂਪਰੇਰੀ ਝੁਗੀਆਂ ਹੋਣ ਕਰਕੇ ਹਨੇਰੀ-ਤੂਫਾਨ ਮੌਕੇ ਅਕਸਰ ਮਜ਼ਦੂਰਾਂ ਦੇ ਸੱਟ ਲੱਗਣ ਦੀਆਂ ਘਟਨਾਵਾਂ ਵਾਪਰ ਦੀਆਂ ਹਨ। ਰਹਾਇਸ਼ ਦਾ ਠੀਕ ਪ੍ਰਬੰਧ ਨਾ ਹੋਣ ਕਰਕ ਹਰੇਕ ਸਾਲ ਬਿਜਲੀ ਦੇ ਕਰੰਟ ਲੱਗਣ ਨਾਲ, ਸੱਪ ਦੇ ਡੰਗਣ ਨਾਲ ਜਾਂ ਕਿਸੇ ਹੋਰ ਦੁਰਘਟਨਾ ਕਾਰਨ ਕਿਸੇ ਨਾ ਕਿਸੇ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਅਤੇ ਕੇਸ ਨੂੰ ਰਫਾ-ਦਫਾ ਵੀ ਕਰ ਦਿੱਤਾ ਜਾਂਦਾ ਹੈ।
ਇਸ ਸਬੰਧੀ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਜ਼ਿਲਾ ਪਠਾਨਕੋਟ ਵੱਲੋਂ ਪਿਛਲੇ ਕਈ ਸਾਲ ਤੋਂ ਲਗਾਤਾਰ ਭੱਠਾ ਮਾਲਕਾਂ ਨੂੰ ਲਿਖਤੀ ਤੌਰ ‘ਤੇ ਪੱਕੇ ਕਵਾਟਰ ਸਮੇਤ ਸ਼ੌਚਾਲਯ ਅਤੇ ਬਾਥਰੂਮ ਦੀ ਮੰਗ ਕਰਦੇ ਆ ਰਹੇ ਹਾਂ। ਹਰ ਸਾਲ ਭੱਠਾ ਮਾਲਕਾਂ ਵੱਲੋਂ ਭਰੋਸਾ ਦਿੱਤਾ ਜਾਂਦਾ ਹੈ ਪਰ ਅਮਲੀ ਰੂਪ ਵਿਚ ਕੁਝ ਨਹੀਂ ਹੋ ਰਿਹਾ।
ਇਸ ਸਬੰਧੀ ਯੂਨੀਅਨ ਵੱਲੋਂ ਇਸ ਸਾਲ ਮਿਤੀ 1 ਅਪ੍ਰੈਲ 2025 ਨੂੰ ਡਿਪਟੀ ਡਾਇਰੈਕਟਰ ਫੈਕਟਰੀਜ਼ ਨੂੰ ਲਿਖਤੀ ਤੌਰ ‘ਤੇ ਬੇਨਤੀ ਕੀਤੀ ਸੀ ਪਰ ਮਜ਼ਦੂਰਾਂ ਦੇ ਮੰਗ ਪੱਤਰ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਗਿਆ ਹੈ, ਕਿਧਰੇ ਵੀ ਡਿਪਟੀ ਡਾਇਰੈਕਟਰ ਫੈਕਟਰੀਜ਼ ਵੱਲੋਂ ਬਣਦੀ ਕਾਰਵਾਈ ਅਮਲ ਵਿਚ ਨਹੀਂ ਕੀਤੀ।
ਯੂਨੀਅਨ ਵੱਲੋਂ ਲਿਖਤੀ ਰੂਪ ਵਿੱਚ ਡਿਪਟੀ ਕਮਿਸ਼ਨਰ ਜ਼ਿਲਾ ਪਠਾਨਕੋਟ ਨੂੰ ਦੱਸਿਆ ਕਿ ਜ਼ਿਲੇ ਅੰਦਰ ਪਿੰਡ ਚੋਹਾਣਾ ਵਿਖੇ ਸ਼੍ਰੀ ਪੰਕਜ ਮਹਾਜਨ ਦੇ ਭੱਠੇ ‘ਤੇ ਕੰਮ ਕਰਦੇ ਸਤੀਸ਼ਗੜ੍ਹ ਦੇ ਅੰਤਰਰਾਜੀ ਮਜ਼ਦੂਰ ਦਲੀਪ ਕੁਮਾਰ ਧੀਵਰ ਨਾਮ ਦੇ 28 ਸਾਲਾ ਮਜ਼ਦੂਰ ਨੂੰ 4 ਅਕਤੂਬਰ ਨੂੰ ਸੱਪ ਦੇ ਡੰਗਣ ਨਾਲ 7 ਅਕਤੂਬਰ 2025 ਨੂੰ ਦਾ ਵਾਈਟ ਮੈਡੀਕਲ ਕਾਲਜ ਅਤੇ ਹਸਪਤਾਲ ਚਿੰਤਪੁਰਨੀ ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਭੱਠਾ ਮਾਲਕ ਨੇ ਇਸ ਘੱਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰਨਾ ਜਰੂਰੀ ਨਹੀਂ ਸਮਝਿਆ ਅਤੇ ਸੰਸਕਾਰ ਉਪਰੰਤ ਮੌਤ ਸਰਟੀਫਿਕੇਟ ਪਾਉਣ ਲਈ ਘਰੋਟਾ ਥਾਣਾ ਚੌਂਕੀ ਅਧਿਕਾਰੀ ਨੇ ਰਿਪੋਰਟ ਦਰਜ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਪੀੜਤ ਪਰਿਵਾਰ ਨੂੰ ਮੌਤ ਦਾ ਸਰਟੀਫੀਕੇਟ ਵੀ ਨਹੀਂ ਮਿਲ ਸਕਿਆ।
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵੱਲੋਂ ਮੰਗ ਕੀਤੀ ਕਿ ਮਜ਼ਦੂਰਾਂ ਦੀ ਸਥਿਤੀ ਦੇਖਣ ਪਰਖਣ ਲਈ ਭੱਠਿਆਂ ਉੱਪਰ ਨਿਜੀ ਦੌਰਾ ਕਰਕੇ ਹਾਲਾਤ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਉਣ ਲਈ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਜਾਣ। ਡਿਪਟੀ ਕਮਿਸ਼ਨਰ ਡਾਕਟਰ ਪੱਲਵੀ ਨੇ ਡੈਪੂਟੇਸ਼ਨ ਵਿੱਚ ਗਏ ਆਗੂਆਂ ਤੋਂ ਇਲਾਵਾ ਸ਼ਾਮਲ ਔਰਤਾਂ ਦੀ ਗੱਲਬਾਤ ਸੁਨਣ ਊਪਰੰਤ ਭਰੋਸਾ ਦਿਵਾਇਆ ਕਿ ਜਲਦ ਮੁਸ਼ਕਲਾਂ ਦੂਰ ਕਰਨ ਦਾ ਉਪਰਾਲਾ ਕੀਤਾ ਜਾਵੇਗਾ।
ਇਸ ਮੌਕੇ ਲਗਾਏ ਧਰਨੇ ਵਿੱਚ ਸਾਰੇ ਭੱਠਿਆਂ ਦੇ ਜਮਾਦਾਰਾਂ ਸੈਂਕੜੇ ਔਰਤਾਂ-ਮਰਦਾਂ ਬੱਚਿਆਂ ਸਮੇਤ ਸ਼ਾਮਲ ਸਨ। ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਦੋ ਹਫ਼ਤੇ ਦੇ ਅੰਦਰ ਅੰਦਰ ਡਿਪਟੀ ਡਾਇਰੈਕਟਰ ਫੈਕਟਰੀਜ਼ ਨੇ ਬਣਦੀ ਕਾਰਵਾਈ ਅਮਲ ਵਿਚ ਨਾ ਕੀਤੀ ਤਾਂ ਡਿਪਟੀ ਡਾਇਰੈਕਟਰ ਫੈਕਟਰੀਜ਼ ਦੇ ਖਿਲਾਫ ਜ਼ਿਲਾ ਹੈਡਕੁਆਰਟਰ ਪਠਾਨਕੋਟ ਵਿਖੇ ਭੱਠਾ ਮਜ਼ਦੂਰ ਸੀ ਟੀ ਯੂ ਪੰਜਾਬ ਦੀ ਅਗਵਾਈ ਹੇਠ ਪੱਕਾ ਧਰਨਾ-ਪ੍ਰਦਰਸ਼ਨ ਕਰਨ ਲਈ ਬਜਬੂਰ ਹੋਣਗੇ, ਜਿਸਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ।