Category: Uncategorized

  • ਜਨਤਕ ਲਾਮਬੰਦੀ (ਸੰਗਰਾਮੀ ਲਹਿਰ – ਫਰਵਰੀ 2020)

    ਜਨਤਕ ਲਾਮਬੰਦੀ (ਸੰਗਰਾਮੀ ਲਹਿਰ – ਫਰਵਰੀ 2020)

    ਲਾਮਿਲਸਾਲ ਰੁਪ ’ਚ ਸਫਲ ਰਹੀ ਕੁਲਹਿੰਦ ਹੜਤਾਲ ਅਤੇ ਪੇਂਡੂ ਭਾਰਤ ਬੰਦ
    ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਰਮਚਾਰੀ ਸੰਗਠਨਾਂ ਦੀਆਂ ਕੁੱਲ ਹਿੰਦ ਫੈਡਰੇਸ਼ਨਾਂ ਵੱਲੋਂ ਦਿੱਤੇ ਗਏ ਕੌਮੀ ਹੜਤਾਲ ਦੇ ਸੱਦੇ ਪ੍ਰਤੀ ਕਿਰਤੀਆਂ ਵਲੋਂ ਜਬਰਦਸਤ ਹੁੰਗਾਰਾ ਭਰਿਆ ਗਿਆ ਹੈ । 8 ਜਨਵਰੀ ਨੂੰ ਕੀਤੀ ਗਈ ਇਸ ਹੜਤਾਲ ਦੇ ਸਮਰਥਨ ਵਿੱਚ ਦੇਸ਼ ਦੇ 250 ਤੋਂ ਵਧੇਰੇ ਕਿਸਾਨ ਸੰਗਠਨਾਂ ‘ਤੇ ਆਧਾਰਿਤ ‘ਕੁੱਲ ਹਿੰਦ ਕਿਸਾਨ ਸੰਘਰਸ਼ ਅਤੇ ਤਾਲਮੇਲ ਕਮੇਟੀ‘ ਵਲੋਂ ਪੇਂਡੂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਦੇਸ਼ ਦੇ ਮਿਹਨਤਕਸ਼ ਆਵਾਮ ਦੇ ਵੱਖੋ-ਵੱਖ ਤਬਕਿਆਂ ਦੇ ਨੁਮਾਇੰਦਾ ਸੰਗਠਨਾਂ ਵਲੋਂ ਵੀ ਇਸ ਹੜਤਾਲ ਨੂੰ ਮੁਕੰਮਲ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਸੀ।ਦੇਸ਼ ਦੇ ਵੱਡੇ ਵਿਦਿਆਰਥੀ ਸੰਗਠਨਾਂ ਅਤੇ ਵੱਖੋ ਵੱਖ ਯੂਨੀਵਰਸਿਟੀਆਂ ਦੀਆਂ ਵਿਦਿਆਰਥੀ ਯੂਨੀਅਨਾਂ  ਵਲੋਂ ਇਸ ਦਿਨ ‘ਯੂਨੀਵਰਸਿਟੀ ਸ਼ਟ ਡਾਊਨ’ ਦਾ ਸੱਦਾ ਦਿੱਤਾ ਗਿਆ ਸੀ। ਇਸ ਵਿਆਪਕ ਸਮਰਥਨ ਸਦਕਾ ਇਹ ਇੱਕ ਰੋਜਾ ਟਰੇਡ ਯੂਨੀਅਨ ਹੜਤਾਲ ਮੋਦੀ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਅਤੇ ਫਿਰਕੂ-ਫਾਸੀ ਸਾਜ਼ਿਸ਼ਾਂ ਵਿਰੁੱਧ ਵਿਸ਼ਾਲ ਲੋਕ ਰੋਹ ਦਾ ਪ੍ਰਗਟਾਵਾ ਹੋ ਨਿੱਬੜੀ ਅਤੇ ਦੇਸ਼ ਦੇ ਅਨੇਕਾਂ ਭਾਗਾਂ ਵਿੱਚ ਇਹ ਬੰਦ ਦੀ ਸ਼ਕਲ ਅਖਤਿਆਰ ਕਰ ਗਈ। ਭਾਜਪਾ ਸਾਸ਼ਿਤ ਰਾਜਾਂ ਵਿੱਚ ਇਸ ਹੜਤਾਲ ਦੀ ਸਫਲਤਾ ਨੇ ਕਿਰਤੀ ਸੰਘਰਸ਼ਾਂ ਅਤੇ ਜਮਹੂਰੀ ਅੰਦੋਲਨ ਲਈ ਬੇਸ਼ੁਮਾਰ ਹਾਂ ਪੱਖੀ ਸੰਭਾਵਨਾਵਾਂ ਪੈਦਾ ਕੀਤੀਆਂ ਹਨ। ਇਸ ਦਿਨ ਹੋਈਆਂ ਹਜਾਰਾਂ ਛੋਟੀਆਂ-ਵੱਡੀਆਂ ਜਨ ਸਭਾਵਾਂ ਦੌਰਾਨ ਸੰਘੀ ਸੰਗਠਨਾਂ ਦੇ ਅਪਰਾਧੀ ਤੱਤਾਂ ਵਲੋਂ ਜੇ.ਐਨ.ਯੂ. ਵਿਖੇ ਕੀਤੀ ਗਈ ਗੁੰਡਾਗਰਦੀ ਦੀ ਜੋਰਦਾਰ ਨਿਖੇਧੀ ਕੀਤੀ ਗਈ। ਹੜਤਾਲ ਅਤੇ ਬੰਦ ਵਾਲੇ ਦਿਨ ਅਤੇ ਇਸ ਦੀ ਤਿਆਰੀ ਨਾਲ ਜੁੜੀ ਸਮੁੱਚੀ ਸਰਗਰਮੀ ਦੌਰਾਨ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਦੇਸ਼ ਤੋੜੂ ਨਾਗਰਿਕਤਾ ਸੋਧ ਕਾਨੂੰਨ-2019(ਸੀਏਏ), ਕੌਮੀ ਨਾਗਰਿਕਤਾ ਸੂਚੀ (ਐਨਆਰਸੀ), ਅਤੇ ਕੌਮੀ ਜਨਸੰਖਿਆ ਰਜਿਸਟਰ (ਐਨਪੀਆਰ) ਵਿਰੁੱਧ ਵੀ ਆਵਾਮ ਨੂੰ ਵੱਡੇ ਪੈਮਾਨੇ ‘ਤੇ ਜਾਗਰੂਕ ਕੀਤਾ ਗਿਆ। ਸ਼ਾਹੀਨ ਬਾਗ ਦਿੱਲੀ ਅਤੇ ਦੇਸ਼ ਦੇ ਅਨੇਕਾਂ ਭਾਗਾਂ ਵਿੱਚ ਉਕਤ ਕਾਨੂੰਨਾਂ ਖਿਲਾਫ਼ ਲੜ ਰਹੇ ਲੋਕਾਂ ਨਾਲ ਯਕਜਹਿਤੀ ਪ੍ਰਗਟ ਕੀਤੀ ਗਈ। ਇਸ ਹੜਤਾਲ ਅਤੇ ਬੰਦ ਵਿੱਚ ਇਸਤਰੀਆਂ ਦੀ ਵਿਸ਼ਾਲ ਸ਼ਮੂਲੀਅਤ ਜਮਹੂਰੀ ਅੰਦੋਲਨ ਦੇ ਰੋਸ਼ਨ ਭਵਿੱਖ ਦੀਆਂ ਅਪਾਰ ਸੰਭਾਵਨਾਵਾਂ ਜਗਾਉਂਦੀ ਹੈ। ਪੰਜਾਬ ਵਿੱਚ ਵੀ ਇਹ ਹੜਤਾਲ ਅਤੇ ਬੰਦ ਲਾਮਿਸਾਲ ਸਫਲ ਰਹੇ। ਸੀ. ਟੀ. ਯੂ. ਪੰਜਾਬ ਅਤੇ ਜੇਪੀਐਮਓ ਦੀਆਂ ਸਮੂਹ ਇਕਾਈਆਂ ਵਲੋਂ ਸ਼ਲਾਘਾਯੋਗ ਸਰਗਰਮੀ ਕੀਤੀ ਗਈ। ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਸੜਕ ਜਾਮ ਅਤੇ ਰੇਲ ਰੋਕੋ ਐਕਸ਼ਨਾਂ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਗਈ। ਸੰਖੇਪ ਰਿਪੋਰਟਾਂ :
    ਬਠਿੰਡਾ : ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਰਮਚਾਰੀ ਸੰਗਠਨਾਂ ਦੀਆਂ ਕੁੱਲ ਹਿੰਦ ਫੈਡਰੇਸ਼ਨਾਂ ਦੇ ਇੱਕ ਦਿਨਾਂ ਦੇਸ਼ ਪੱਧਰੀ ਹੜਤਾਲ ਦੇ ਸੱਦੇ ਪ੍ਰਤੀ  ਭਰਪੂਰ  ਹੁੰਗਾਰਾ ਭਰਦਿਆਂ ਬਠਿੰਡਾ ਸ਼ਹਿਰ  ਦੇ ਵੱਖੋ-ਵੱਖ ਅਦਾਰਿਆਂ ਵਿੱਚ ਮਜ਼ਦੂਰਾਂ-ਮੁਲਾਜ਼ਮਾਂ ਨੇ ਮੁਕੰਮਲ ਹੜਤਾਲ ਕੀਤੀ ।         ਜੰਗਲਾਤ ਵਰਕਰਜ਼ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ, ਪੀ ਆਰ ਟੀ ਸੀ ਵਰਕਰਜ਼ ਯੂਨੀਅਨ ( ਏਟਕ), ਪੰਜਾਬ ਨਿਰਮਾਣ ਮਜਦੂਰ ਯੂਨੀਅਨ( ਸਬੰਧਤ ਸੀ ਟੀ ਯੂ ਪੰਜਾਬ), ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ, ਸੀਵਰੇਜ ਵਰਕਰਜ਼ ਯੂਨੀਅਨ, ਟੈਕਨੀਕਲ ਸਰਵਿਸਜ਼ ਯੂਨੀਅਨ ਥਰਮਲ ਬਠਿੰਡਾ ਅਤੇ ਲਹਿਰਾ ਮੁਹੱਬਤ ਆਦਿ ਨਾਲ ਸਬੰਧਤ ਕਾਰਕੁੰਨਾਂ ਵਲੋਂ ਹੜਤਾਲ ਕਰਨ ਉਪਰੰਤ ਸਥਾਨਕ ਸੌ ਫੁੱਟ ਸੜਕ ‘ਤੇ ਸਥਿਤ ਕੇਨਰਾ ਬੈਂਕ ਦੀ ਬਰਾਂਚ ਮੂਹਰੇ ਜਬਰਦਸਤ ਰੋਸ ਰੈਲੀ ਕੀਤੀ ਗਈ । ਇਸ ਰੈਲੀ ਵਿੱਚ ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇਪੀਐਮਓ) ਵਿੱਚ ਸ਼ਾਮਲ ਜਨਸੰਗਠਨਾਂ ਦੇ ਕਾਰਕੁੰਨਾਂ ਅਤੇ ਪੈਨਸ਼ਨਰਜ਼ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ ।                                 ਰੈਲੀ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਇਸ ਸਫਲ ਹੜਤਾਲ ਲਈ ਸਮੂਹ ਕਿਰਤੀਆਂ ਨੂੰ ਮੁਬਾਰਕਾਂ ਪੇਸ਼ ਕਰਦਿਆਂ ਐਲਾਨ ਕੀਤਾ ਕਿ ਹੜਤਾਲ ਉਪਰੰਤ ਮੋਦੀ ਸਰਕਾਰ ਦੀਆਂ ਲੋਕਾਈ ਦਾ ਕਚੂੰਮਰ ਕੱਢਣ ਵਾਲੀਆਂ ਨੀਤੀਆਂ ਅਤੇ ਫਿਰਕੂ-ਫਾਸੀ ਸਾਜ਼ਿਸ਼ਾਂ ਵਿਰੁੱਧ ਸੰਗਰਾਮ ਹੋਰ ਤਿੱਖੇ ਤੋਂ ਤਿਖੇਰਾ ਕੀਤਾ ਜਾਵੇਗਾ । ਉਨ੍ਹਾਂ ਸਭਨਾ ਮਿਹਨਤਕਸ਼ਾਂ ਨੂੰ ਭਵਿੱਖ ਦੇ ਦੇਸ਼ ਭਗਤਕ ਸੰਗਰਾਮਾਂ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ । ਰੈਲੀ ਉਪਰੰਤ ਸਥਾਨਕ ਸੌ ਫੁੱਟ ਸੜਕ ਤੋਂ ਲੈਕੇ ਬਸ ਸਟੈਂਡ ਤੱਕ ਮੁਜਾਹਰਾ ਵੀ ਕੀਤਾ ਗਿਆ । ਇਥੇ ਪੁੱਜ ਕੇ ਸੜਕ ਜਾਮ ਕੀਤਾ ਗਿਆ ।
    ਕੁੱਲ ਹਿੰਦ ਕਿਸਾਨ ਸੰਘਰਸ਼ ਅਤੇ ਤਾਲਮੇਲ ਕਮੇਟੀ ਵਿੱਚ ਸ਼ਾਮਲ ਜਥੇਬੰਦੀਆਂ ਵਲੋਂ ਬਠਿੰਡਾ-ਚੰਡੀਗੜ੍ਹ ਸੜਕ ਉੱਤੇ  ਲਹਿਰਾ ਮੁਹੱਬਤ ਦੇ ਕੋਲ ਟਰੈਫਿਕ ਜਾਮ ਕੀਤਾ ਗਿਆ ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ।     
    ਬਰਨਾਲਾ : ਇਥੇ ਜੇਪੀਐਮਓ ਵਿੱਚ ਸ਼ਾਮਲ ਜਨਸੰਗਠਨਾਂ ਦੇ ਕਾਰਕੁੰਨਾਂ ਵਲੋਂ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਰੈਲੀ ਅਤੇ ਟਰੈਫਿਕ ਜਾਮ ਕੀਤਾ ।
    ਕੁੱਲ ਹਿੰਦ ਕਿਸਾਨ ਸੰਘਰਸ਼ ਅਤੇ ਤਾਲਮੇਲ ਕਮੇਟੀ ਵਲੋਂ ਸੰਘੇੜਾ ਵਿਖੇ ਬਰਨਾਲਾ-ਲੁਧਿਆਣਾ ਸੜਕ ਤੇ ਹਜਾਰਾਂ ਕਿਸਾਨਾਂ ਮਜ਼ਦੂਰਾਂ ਨੇ ਸੜਕ ਜਾਮ ਕੀਤੀ ।
    ਬਟਾਲਾ : ਅੱਜ ਇੱਥੇ ਏਟਕ, ਸੀਟੂ, ਏਕਟੂ ਅਤੇ ਸੀ.ਟੀ.ਯੂ. ਪੰਜਾਬ ਸਮੇਤ ਦਰਜਨਾ ਯੂਨੀਅਨਾਂ ਦੀ ਅਗਵਾਈ ਵਿਚ ਮਜ਼ਦੂਰਾਂ ਨੇ ਆਪਣੇ ਕੰਮ ਬੰਦ ਰੱਖੇ, ਬਜਾਰਾ ਵਿਚ ਪ੍ਰਦਰਸ਼ਨ ਕੀਤਾ ਅਤੇ ਗਾਧੀ ਚੌਕ ਵਿਚ ਆਪਣੀਆਂ ਮੰਗਾਂ ਦੇ ਹੱਕ ਵਿਚ ਧਰਨਾ ਦਿੱਤਾ। ਗੁਰਮੀਤ ਸਿੰਘ ਬਖਤਪੁਰਾ, ਗੁਰਦਿਆਲ ਘੁਮਾਣ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਅੰਜ ਦੀ ਭਾਰਤ ਪੱਧਰ ਦੀ ਹੜਤਾਲ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਕੀਤੀ ਗਈ ਹੈ। ਇਸ ਸਮੇਂ ਅਮਰਜੀਤ ਰਿਖੀਆ, ਮਨਜੀਤ ਰਾਜ ਬਟਾਲਾ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਜਗੀਰ ਸਿੰਘ, ਅਵਤਾਰ ਸਿੰਘ ਕਿਰਤੀ, ਮੰਗਾ ਜਫਰਵਾਲ, ਕਪਤਾਨ ਸਿੰਘ, ਮੋਹਨ ਲਾਲ, ਸਤਵਿੰਦਰ ਕੌਰ ਵੀ ਹਾਜ਼ਰ ਸਨ।






    ਪੰਚਾਇਤੀ ਜ਼ਮੀਨਾਂ ਧਨਾਢਾਂ ਦੇ ਹਵਾਲੇ ਕਰਨ ਦੇ ਫੈਸਲੇ ਖਿਲਾਫ਼ ਰੋਸ ਐਕਸ਼ਨ

    ਪੰਜਾਬ ਸਰਕਾਰ ਦੇ ਪੰਚਾਇਤੀ, ਸ਼ਾਮਲਾਟ ਅਤੇ ਹੋਰ ਸਾਂਝੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਫੈਸਲੇ ਖਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਬੇਜਮੀਨੇ, ਸਾਧਨਹੀਣ, ਦਲਿਤ ਪੇਂਡੂ ਮਜ਼ਦੂਰਾਂ ਵਿੱਚ ਕੰਮ ਕਰਨ ਵਾਲੀਆਂ ਜੱਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ, ਮਜਦੂਰ ਮੁਕਤੀ ਮੋਰਚਾ, ਪੇਂਡੂ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਮਿਲ ਕੇ ‘ਪੰਚਾਇਤੀ ਜ਼ਮੀਨ ਬਚਾਓ ਐਕਸ਼ਨ ਕਮੇਟੀ ‘ ਦੇ ਗਠਨ ਦਾ ਨਿਰਣਾ ਲਿਆ ਗਿਆ ਹੈ । ਕਮੇਟੀ ਦੇ ਗਠਨ ਲਈ ਉਪਰੋਕਤ ਜਥੇਬੰਦੀਆਂ ਦੀ ਮੋਗਾ ਵਿਖੇ ਹੋਈ ਸਾਂਝੀ ਮੀਟਿੰਗ ਵਿੱਚ ਇਹ ਨਿਰਣਾ ਲਿਆ ਗਿਆ ਕਿ 24 ਜਨਵਰੀ ਨੂੰ ਪੰਜਾਬ ਦਾ ਮੰਤਰੀਆਂ, ਸੱਤਾਧਾਰੀ ਵਿਧਾਇਕਾਂ, ਹਲਕਾ ਇੰਚਾਰਜਾਂ ਆਦਿ ਨੂੰ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਰੈਲੀਆਂ ਕਰਕੇ ਉਕਤ ਮਜ਼ਦੂਰ ਵਿਰੋਧੀ ਫੈਸਲਾ ਵਾਪਸ ਲੈਣ ਦੇ ਨੋਟਿਸ/ ਰੋਸ ਪੱਤਰ ਦਿੱਤੇ ਜਾਣ । ਉਕਤ ਐਕਸ਼ਨਾਂ ਦੀ ਕਾਮਯਾਬੀ ਲਈ ਠੋਸ ਯੋਜਨਾਬੰਦੀ ਹਿੱਤ ਜਿਲ੍ਹਾ ਪੱਧਰੀਆਂ ਸਾਂਝੀਆਂ ਮੀਟਿੰਗਾਂ ਵੀ ਕੀਤੀਆਂ ਗਈਆਂ। 24 ਜਨਵਰੀ ਨੂੰ  ਵਿਸ਼ਾਲ ਸਾਂਝੇ ਇਕੱਠ ਕਰਕੇ ਮੁੱਖ ਮੰਤਰੀ ਪੰਜਾਬ ਦੇ ਜਿਲ੍ਹਾ ਪਟਿਆਲਾ ਸਮੇਤ 19 ਜਿਲ੍ਹਿਆਂ ਵਿੱਚ 26 ਮੰਤਰੀਆਂ/ ਵਿਧਾਇਕਾਂ/ਸੱਤਾਧਾਰੀ ਨੁਮਾਇੰਦਿਆਂ ਦੇ ਘਰਾਂ/ਦਫਤਰਾਂ ਵੱਲ ਨੂੰ ਰੋਹਲੇ ਮਾਰਚ ਕਰਕੇ ਨੋਟਿਸ ਦਿੱਤੇ ਗਏ ।
    ਭੇਜੇ ਗਏ ਨੋਟਿਸਾਂ ਰਾਹੀਂ ਮੰਗ ਕੀਤੀ ਗਈ ਕਿ ਸਾਂਝੀਆਂ ਪੰਚਾਇਤੀ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦਾ ਫੈਸਲਾ ਰੱਦ ਕੀਤਾ ਜਾਵੇ, ਤੀਜਾ ਹਿੱਸਾ ਪੰਚਾਇਤੀ ਜ਼ਮੀਨ ਮਜ਼ਦੂਰ/ਦਲਿਤ ਪਰਿਵਾਰਾਂ ਨੂੰ ਸਸਤੇ ਭਾਅ ਦੇਣਾ ਯਕੀਨੀ ਕੀਤਾ ਜਾਵੇ, ਸਾਰੇ ਬੇਘਰੇ ਤੇ ਲੋੜਵੰਦਾਂ ਨੂੰ ਦਸ-ਦਸ ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਵੱਖ-ਵੱਖ ਮੌਕਿਆਂ ’ਤੇ ਕੱਟੇ ਪਲਾਟਾਂ ਦਾ ਕਬਜ਼ਾ ਦਿੱਤਾ ਜਾਵੇ।
    ਜਥੇਬੰਦੀਆਂ ਨੇ ਕਾਂਗਰਸ ਸਰਕਾਰ ਵੱਲੋਂ ਪਿੰਡਾਂ ਦੀਆਂ ਸਾਂਝੀਆਂ-ਪੰਚਾਇਤੀ ਜ਼ਮੀਨਾਂ ਉਦਯੋਗਿਕ ਵਿਕਾਸ ਦੇ ਨਾਂਅ ਹੇਠ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੇ ਫੈਸਲੇ ਨੂੰ ਦਲਿਤ/ਮਜ਼ਦੂਰਾਂ ਤੇ ਗਰੀਬ ਕਿਸਾਨਾਂ ਦੇ ਵਿਰੋਧੀ ਕਰਾਰ ਦਿੰਦਿਆਂ ਇਸਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਉਦੋਯਿਕ ਵਿਕਾਸ ਦੇ ਨਾਂਅ ਹੇਠ ਅਸਲ ਵਿੱਚ ਪੰਚਾਇਤੀ ਜ਼ਮੀਨਾਂ ’ਚੋਂ ਤੀਜਾ ਹਿੱਸਾ ਕਾਨੂੰਨ ਮੁਤਾਬਕ ਹਾਸਲ ਕਰਨ ਅਤੇ ਬੇਘਰੇ ਤੇ ਲੋੜਵੰਦ ਲੋਕਾਂ ਨੂੰ ਪਲਾਟ ਦੇਣ ਦੀ ਮੰਗ ਨੂੰ ਲੈ ਕੇ ਪੰਜਾਬ ’ਚ ਮਜ਼ਦੂਰਾਂ ਦੇ ਉੱਠੇ ਘੋਲਾਂ ’ਤੇ ਉਹਨਾਂ ’ਚ ਜ਼ਮੀਨ ਤੇ ਆਪਣੇ ਹੱਕ ਹਾਸਲ ਕਰਨ ਲਈ ਵਧ ਰਹੀ ਜਾਗਰਤੀ ਨੂੰ ਫੇਟ ਮਾਰਨਾ ਚਾਹੁੰਦੀ ਹੈ। ਬਠਿੰਡਾ ਦਾ ਥਰਮਲ ਪਲਾਟ ਜਾਣ ਬੁੱਝ ਕੇ ਬੰਦ ਕਰਨ ਅਤੇ ਪਿਛਲੇ ਸਮੇਂ ਪੰਜਾਬ ’ਚ ਬੰਦ ਹੋਏ ਹਜ਼ਾਰਾਂ ਛੋਟੇ ਉਦਯੋਗਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਰਕਾਰ ਵੱਲੋਂ ਕੋਈ ਕਦਮ ਨਾ ਲੈਣ ਦੀ ਨੀਤੀ ਸਪਸ਼ਟ ਕਰਦੀ ਹੈ ਕਿ ਸਰਕਾਰ ਦਾ ਉਦਯੋਗਿਕ ਵਿਕਾਸ ਨਾਲ ਵੀ ਕੋਈ ਸਰੋਕਾਰ ਨਹੀਂ ਬਲਕਿ ਇਹਨਾਂ ਜ਼ਮੀਨਾਂ ਦੀ ਵੇਚ ਵੱਟ ਰਾਹੀਂ ਉਹ ਆਪਣੇ ਤੇ ਆਪਣੇ ਚਹੇਤਿਆਂ ਦੇ ਹੱਥ ਰੰਗਣਾ ਚਾਹੁੰਦੀ ਹੈ। ਉਹਨਾਂ ਦੋਸ਼ ਲਾਇਆ ਕਿ ਇੱਕ ਪਾਸੇ ਲੱਖਾਂ ਮਜ਼ਦੂਰ/ਦਲਿਤ ਪਰਿਵਾਰ ਬੇਘਰੇ ਹੋਣ ਦਾ ਸੰਤਾਪ ਹੰਢਾ ਰਹੇ ਹਨ, ਪਰ ਸਰਕਾਰ ਉਹਨਾਂ ਨੂੰ ਪਲਾਟ ਦੇਣ ਲਈ ਤਿਆਰ ਨਹੀਂ ਹੈ ਤੇ ਦੂਜੇ ਪਾਸੇ ਸਾਂਝੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਲਈ ਤਰਲੋਮੱਛੀ ਹੋ ਰਹੀ ਹੈ। ਇਸ ਕਰਕੇ ਸਰਕਾਰ ਨੇ ‘‘ਕਾਮਨ ਲੈਂਡ ਵਿਲੇਜ ਐਕਟ 1964’’ ਵਿੱਚ ਵੀ ਸੋਧ ਕਰ ਦਿੱਤੀ ਹੈ। ਉਹਨਾਂ ਆਖਿਆ ਕਿ ਇਹ ਮੌਜੂਦਾ ਹਕੂਮਤ ਤੇ ਸਾਬਕਾ ਅਕਾਲੀ ਭਾਜਪਾ ਸਰਕਾਰ ਦੀ ਦਲਿਤ ਵਿਰੋਧੀ ਨੀਤੀ ਦਾ ਹੀ ਸਿੱਟਾ ਹੈ ਕਿ ਸੰਨ 2014 ’ਚ ਮਾਨਯੋਗ ਹਾਈਕੋਰਟ ਵੱਲੋਂ ਕੱਟੇ ਪਲਾਟਾਂ ਦਾ ਮਜ਼ਦੂਰਾਂ ਨੂੰ ਤੁਰੰਤ ਕਬਜ਼ਾ ਦੇਣ ਦੇ ਫੈਸਲੇ ਨੂੰ ਵੀ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਸਰਕਾਰਾਂ ਦੀਆਂ ਗਲ਼ਤ ਨੀਤੀਆਂ ਕਾਰਨ ਨਾ ਸਿਰਫ਼ ਮਜ਼ਦੂਰ ਪਰਿਵਾਰ ਪਲਾਟ ਖਰੀਦ ਕੇ ਮਕਾਨ ਉਸਾਰਨ ਤੋਂ ਅਸਮਰੱਥ ਹਨ ਸਗੋਂ ਉਹ ਆਰਥਿਕ ਤੰਗੀ ਦੇ ਚਲਦਿਆਂ ਖੁਦਕੁਸ਼ੀਆਂ ਕਰਨ ਲਈ ਵੀ ਮਜ਼ਬੂਰ ਹੋ ਰਹੇ ਹਨ। ਪਿੰਡਾਂ ਦੀਆਂ ਇਹੀ ਸਾਂਝੀਆਂ ਜ਼ਮੀਨਾਂ ਹਨ ਜਿਹਨਾਂ ਉੱਤੇ ਮਜ਼ਦੂਰਾਂ/ਦਲਿਤਾਂ ਨੂੰ ਕੋਈ ਕਾਨੂੰਨੀ ਹੱਕ ਹੈ ਜਿਸ ’ਤੇ ਉਹ ਖੇਤੀ ਕਰ ਸਕਦੇ ਹਨ ਅਤੇ ਆਪਣੇ ਆਰਥਿਕ ਤੇ ਸਮਾਜਿਕ ਹਿੱਤਾਂ ਦੀ ਪੂਰਤੀ ਲਈ ਕੁੱਝ ਕਦਮ ਵਧਾ ਸਕਦੇ ਹਨ। ਮਜ਼ਦੂਰਾਂ/ਦਲਿਤਾਂ ਦੀ ਆਰਥਿਕ ਸਮਾਜਿਕ ਨਾ ਬਰਾਬਰੀ ਦੇ ਖਾਤਮੇ ਲਈ ਉਹਨਾਂ ਨੂੰ ਜ਼ਮੀਨ ਦਾ ਮਿਲਣਾ ਬੇਹੱਦ ਮਹੱਤਵ ਰੱਖਦਾ ਹੈ। ਮਜ਼ਦੂਰਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਕਾਂਗਰਸ ਹਕੂਮਤ ਦੇ ਸਾਂਝੀਆਂ ਜ਼ਮੀਨਾਂ ਦੇ ਫੈਸਲੇ ਨੂੰ ਰੱਦ ਕਰਾਉਣ, ਜ਼ਮੀਨ ਤੇ ਪਲਾਟ ਹਾਸਲ ਕਰਨ ਸਮੇਤ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ਾਲ ਸਾਂਝੇ ਤੇ ਜੁਝਾਰੂ ਘੋਲਾਂ ਦੇ ਰਾਹ ਪੈਣ। ਕੇਂਦਰ ਦੀ ਮੋਦੀ ਹਕੂਮਤ ਵੱਲੋਂ ਸੀ.ਏ.ਏ., ਐਨ.ਆਰ.ਸੀ. ਤੇ ਐਨ.ਪੀ.ਆਰ. ਲਾਗੂ ਕਰਨ ਰਾਹੀਂ ਦੇਸ਼ ’ਚ ਫਿਰਕੂ ਵੰਡੀਆਂ ਪਾਉਣ ਲਈ ਚੁੱਕੇ ਜਾ ਰਹੇ ਫਾਸ਼ੀਵਾਦੀ ਕਦਮਾਂ ਖਿਲਾਫ਼ ਮਤੇ ਪਾਸ ਕੀਤੇ ਗਏ। ਇਕੋ ਦਿਨ 26 ਥਾਵਾਂ ’ਤੇ ਕੀਤੇ ਗਏ ਉਕਤ ਰੋਸ ਐਕਸ਼ਨਾਂ ਵਿਚ ਹਜ਼ਾਰਾਂ ਮਜ਼ਦੂਰਾਂ ਨੇ ਇਸਤਰੀਆਂ ਸਮੇਤ ਹਿੱਸਾ ਲਿਆ। ਸੰਖੇਪ ਰਿਪੋਰਟਾਂ :
    ਬਠਿੰਡਾ : ਪੰਜਾਬ ਦੇ ਬੇਜਮੀਨੇ ਪੇਂਡੂ ਮਜ਼ਦੂਰਾਂ ਵਿੱਚ ਕੰਮ ਕਰਦੀਆਂ ਪਰਮੁੱਖ ਜਥੇਬੰਦੀਆਂ ਵਲੋਂ ਮਿਲ ਕੇ ਬਣਾਈ ਗਈ ਪੰਚਾਇਤੀ ਜ਼ਮੀਨ ਬਚਾਓ ਐਕਸ਼ਨ ਕਮੇਟੀ ਦੇ ਸੱਦੇ ਤੇ ਇਕੱਠੇ ਹੋਏ ਭਾਰੀ ਗਿਣਤੀ ਕਾਰਕੁੰਨਾਂ ਨੇ ਅੱਜ ਜਿਲ?ਆ ਕਚੈਹਿਰੀਆਂ ਵਿਖੇ ਪੁੱਜ ਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਕੋਲ ਵਿਸ਼ਾਲ ਰੋਸ ਰੈਲੀ ਕੀਤੀ ਅਤੇ ਉਪਰੰਤ ਮੁੱਖ ਬਾਜ਼ਾਰਾਂ ਵਿੱਚ ਪੰਜਾਬ ਸਰਕਾਰ ਵਲੋਂ ਪੰਚਾਇਤੀ ਅਤੇ ਸ਼ਾਮਲਾਟ ਜ਼ਮੀਨ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਫੈਸਲੇ ਖਿਲਾਫ਼ ਜਬਰਦਸਤ ਰੋਸ ਮੁਜ਼ਾਹਰਾ ਕੀਤਾ। ਕਾਰਕੁੰਨਾਂ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਮੂਹਰੇ ਪੰਜਾਬ ਸਰਕਾਰ ਦੀਆਂ  ਦਲਿਤ ਵਿਰੋਧੀ-ਮਜ਼ਦੂਰ ਮਾਰੂ ਨੀਤੀਆਂ ਖਿਲਾਫ਼ ਧਰਨਾ ਮਾਰਿਆ ਗਿਆ । ਰੋਸ ਐਕਸ਼ਨ ਦੀ ਅਗਵਾਈ ਮਿੱਠੂ ਸਿੰਘ ਘੁੱਦਾ, ਹਰਵਿੰਦਰ ਸੇਮਾ, ਪ੍ਰਕਾਸ਼ ਸਿੰਘ ਨੰਦਗੜ੍ਹ, ਜਸਵੀਰ ਕੌਰ ਸਰਾਂ  ਵੱਲੋਂ ਕੀਤੀ ਗਈ । ਵਿੱਤ ਮੰਤਰੀ ਦੇ ਸਟਾਫ ਨੂੰ ਰੋਸ ਪੱਤਰ ਸੌਂਪਿਆ ਗਿਆ ।                                                   
    ਮਾਨਸਾ : ਸਥਾਨਕ ਗੁਰੂ ਦੁਆਰਾ ਚੌਂਕ ਵਿਖੇ ਪੰਜਾਬ ਖੇਤ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਦਿਹਾਤੀ ਮਜ਼ਦੂਰ ਸਭਾ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ । ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਸਮਾਉਂ, ਕਿ੍ਰਸ਼ਨ ਚੌਹਾਨ, ਆਤਮਾ ਰਾਮ ਸਰਦੂਲਗੜ੍ਹ ਅਤੇ ਬਬਲੀ ਬੁਢਲਾਡਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਚੋਣ ਵਾਅਦਿਆਂ ਤੋਂ ਭੱਜ ਕੇ ਲੋਕਾਂ ਨਾਲ ਵਿਸ਼ਵਾਸ ਘਾਤ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਸਭ ਤੋਂ ਵੱਡਾ ਧੋਖਾ ਅਤੇ ਧੱਕਾ ਬੇਜਮੀਨੇ ਦਲਿਤ ਮਜ਼ਦੂਰਾਂ ਨਾਲ ਕੀਤਾ ਜਾ ਰਿਹਾ ਹੈ, ਕਿਉਂਕਿ ਪੰਜਾਬ ਸਰਕਾਰ ਨੇ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਥਾਵਾਂ ਅਤੇ ਮਕਾਨ ਉਸਾਰੀ ਲਈ ਗਰਾਂਟਾਂ ਦੇਣ ਦੇ ਐਲਾਨ ਕੀਤੇ ਸਨ । ਆਗੂਆਂ ਨੇ ਸਵਾਲ ਕੀਤਾ ਕਿ ਜੇ ਸਾਂਝੀਆਂ ਜ਼ਮੀਨਾਂ ਹੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਤਾਂ ਗਰੀਬਾਂ ਨੂੰ ਪਲਾਟ ਕਿਥੋਂ ਦਿੱਤੇ ਜਾ ਸਕਣ ਗੇ ? ਆਗੂਆਂ ਨੇ ਐਲਾਨ ਕੀਤਾ ਕਿ ਮਜਦੂਰ ਜਥੇਬੰਦੀਆਂ ਇਸ ਵਾਅਦਾ ਖਿਲਾਫ਼ੀ ਅਤੇ ਮਜਦੂਰ ਮਾਰੂ ਨੀਤੀਆਂ ਖਿਲਾਫ਼ ਸੰਘਰਸ਼ ਹੋਰ ਤਿੱਖਾ ਕਰਨ ਗੀਆਂ । ਉਨ੍ਹਾਂ ਸਮੂੰਹ ਬੇਜਮੀਨੇ ਸਾਧਨਹੀਣ ਪੇਂਡੂ ਪਰਿਵਾਰਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ । ਨਿੱਕਾ ਸਿੰਘ ਬਹਾਦਰਪੁਰ, ਸੀਤਾ ਰਾਮ ਗੋਬਿੰਦਪੁਰੀ, ਜਗਸੀਰ ਸਿੰਘ ਕੁਸਲਾ, ਸੁਖਦੇਵ ਸਿੰਘ ਪੰਧੇਰ, ਮੰਗਤ ਰਾਮ ਭੀਖੀ ਆਦਿ ਨੇ ਵੀ ਵਿਚਾਰ ਰੱਖੇ ।                                                                                
    ਫਰੀਦਕੋਟ : ਪੰਚਾਇਤੀ ਜ਼ਮੀਨ ਬਚਾਓ ਐਕਸ਼ਨ ਕਮੇਟੀ ਵਿੱਚ ਸ਼ਾਮਲ ਜਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਨਰੇਗਾ ਰੁਜ਼ਗਾਰ ਪ੍ਰਾਪਤੀ ਯੂਨੀਅਨ ਦੇ ਕਾਰਕੁੰਨਾਂ ਵਲੋਂ ਰੋਹ ਭਰਪੂਰ ਰੈਲੀ ਅਤੇ ਮੁਜ਼ਾਹਰਾ ਕਰਕੇ ਵਿਧਾਇਕ ਕੁਸ਼ਲ ਦੀਪ ਸਿੰਘ ਢਿੱਲੋਂ ਰਾਹੀਂ ਪੰਜਾਬ ਸਰਕਾਰ ਨੂੰ ਰੋਸ ਪੱਤਰ ਭੇਜਿਆ। ਪੰਜਾਬ ਸਰਕਾਰ ਦੇ ਪੰਚਾਇਤੀ ਜ਼ਮੀਨ ਧਨਾਢਾਂ ਦੇ ਹਵਾਲੇ ਕਰਨ ਦੇ ਫੈਸਲੇ ਖਿਲਾਫ਼ ਤਿੱਖਾ ਰੋਸ ਪ੍ਰਗਟਾਉਂਦੇ ਹੋਏ ਇਸ ਕਦਮ ਨੂੰ ਦਲਿਤਾਂ ਬੇਜਮੀਨੇ ਸਾਧਨਹੀਣ ਦਲਿਤ ਮਜ਼ਦੂਰਾਂ ਨਾਲ ਧਰੋਹ ਕਮਾਉਣ ਦਾ ਇਲਜ਼ਾਮ ਲਾਇਆ। ਸਮੁੱਚੇ ਰੋਸ ਐਕਸ਼ਨ ਦੀ ਅਗਵਾਈ ਗੁਰਤੇਜ ਸਿੰਘ ਹਰੀ ਨੌਂ, ਬਲਬੀਰ ਸਿੰਘ ਔਲਖ, ਗੋਰਾ ਸਿੰਘ ਪਿਪਲੀ, ਗੁਰਪਾਲ ਸਿੰਘ ਨੰਗਲ, ਸਿਕੰਦਰ ਸਿੰਘ ਨੇ ਕੀਤੀ । ਜਸਪਾਲ ਸਿੰਘ ਨੰਗਲ (ਬੀਕੇਯੂ ਉਗਰਾਹਾਂ) ਅਤੇ ਸਿਕੰਦਰ ਸਿੰਘ ਦਬੜੀਖਾਨਾ (ਬੀਕੇਯੂ ਕ੍ਰਾਂਤੀਕਾਰੀ) ਵੀ ਭਰਾਤਰੀ ਹਿਮਾਇਤ ਦੇਣ ਲਈ ਪੁੱਜੇ।                                                                                   
    ਸ਼੍ਰੀ ਮੁਕਤਸਰ ਸਾਹਿਬ : ਪੰਚਾਇਤੀ ਜ਼ਮੀਨ ਬਚਾਓ ਐਕਸ਼ਨ ਕਮੇਟੀ ਵਲੋਂ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਮੂਹਰੇ ਜਬਰਦਸਤ ਰੋਸ ਧਰਨਾ ਮਾਰਿਆ ਗਿਆ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਜੋਰਦਾਰ ਪਿੱਟ ਸਿਆਪਾ ਕੀਤਾ ਗਿਆ । ਐਕਸ਼ਨ ਕਮੇਟੀ ਵਿੱਚ ਸ਼ਾਮਲ ਜਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਭਾਰੀ ਗਿਣਤੀ ਕਾਰਕੁੰਨ ਮੁਕਤਾ ਇ ਮੀਨਾਰ ਪਾਰਕ ਵਿੱਚ ਇਕੱਤਰ ਹੋਏ ਅਤੇ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰੇ ਕਰਕੇ ਵਿਧਾਇਕ ਦੀ ਕੋਠੀ ਅੱਗੇ ਪੁੱਜੇ । ਭਰਾਤਰੀ ਜਥੇਬੰਦੀ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਕਾਰਕੁੰਨ ਵੀ ਭਰਾਤਰੀ ਹਿਮਾਇਤ ਦੇਣ ਲਈ ਵੱਡੀ ਗਿਣਤੀ ਵਿੱਚ ਪੁੱਜੇ । ਜਗਜੀਤ ਸਿੰਘ ਜਸੇਆਣਾ, ਹਰਜੀਤ ਸਿੰਘ ਮਦਰਸਾ, ਲਖਵੀਰ ਸਿੰਘ ਤਖਤ ਮਲਾਣਾ, ਹਰਪਾਲ ਸਿੰਘ, ਬਲਰਾਜ ਸਿੰਘ ਲੁਹਾਰਾ, ਬਲਵੰਤ ਸਿੰਘ ਸ਼ੇਖ, ਹਰਜਿੰਦਰ ਸਿੰਘ ਦੋਦਾ, ਬਾਜ ਸਿੰਘ ਭੁੱਟੀਵਾਲਾ, ਗੁਰਦਾਸ ਸਿੰਘ ਆਸਾ ਬੁੱਟਰ, ਸਰਬਜੀਤ ਸਿੰਘ ਖਿੜਕੀਆਂ ਵਾਲਾ ਦੀ ਅਗਵਾਈ ਵਿੱਚ ਵਿਧਾਇਕ ਦੇ ਨਿੱਜੀ ਸਹਾਇਕ ਨੂੰ ਰੋਸ ਪੱਤਰ ਸੌਂਪਿਆ ਗਿਆ ।            
    ਤਰਨਤਾਰਨ : ਦਿਹਾਤੀ ਮਜ਼ਦੂਰ ਸਭਾ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਕਾਰਕੁੰਨਾਂ  ਨੇ ਗਾਂਧੀ ਪਾਰਕ ਵਿਖੇ ਵਿਸ਼ਾਲ ਰੋਸ ਕਰਨ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਅਤੇ ਸਥਾਨਕ ਵਿਧਾਇਕ  ਡਾਕਟਰ  ਧਰਮਵੀਰ ਅਗਨੀਹੋਤਰੀ ਦੇ ਘਰ ਮੂਹਰੇ ਪੰਜਾਬ ਸਰਕਾਰ ਦੇ ਗਰੀਬਾਂ ਨੂੰ ਪੰਚਾਇਤੀ ਜ਼ਮੀਨ ਤੋਂ ਵਾਂਝੇ ਕਰਨ ਦੇ ਫੈਸਲੇ ਖਿਲਾਫ਼ ਜਬਰਦਸਤ ਰੋਸ  ਧਰਨਾ ਮਾਰ ਕੇ  ਰੋਸ ਪੱਤਰ ਦਿੱਤਾ । ਧਰਨੇ ਦੀ  ਪ੍ਰਧਾਨਗੀ ਜਰਨੈਲ ਸਿੰਘ ਰਸੂਲਪੁਰ ਅਤੇ ਸੁਖਦੇਵ ਸਿੰਘ ਕੋਟ ਧਰਮ ਚੰਦ ਵਲੋਂ ਕੀਤੀ ਗਈ। ਇਕੱਤਰ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਚਮਨ ਲਾਲ ਦਰਾਜ ਕੇ, ਦੇਵੀ ਕੁਮਾਰੀ ਸਰਹਾਲੀ ਕਲਾਂ, ਸਵਰਨ ਸਿੰਘ ਨਾਗੋਕੇ, ਜਸਵੀਰ ਸਿੰਘ ਵੈਰੋਵਾਲ, ਹਰਜਿੰਦਰ ਸਿੰਘ ਚੁੰਘ, ਗੁਰਭੇਜ ਸਿੰਘ ਐਮਾ ਕਲਾਂ, ਜੋਗਿੰਦਰ ਸੰਘਾ ਖਡੂਰ ਸਾਹਿਬ, ਗੁਰਵੇਲ ਸਿੰਘ ਚੀਮਾ, ਮੇਜਰ ਸਿੰਘ ਦਾਰਾਪੁਰ, ਬਾਵਾ ਸਿੰਘ ਸੀਤੋ ਨੇ ਐਲਾਨ ਕੀਤਾ ਕਿ ਜੇ ਪੰਜਾਬ ਸਰਕਾਰ ਨੇ ਆਪਣਾ ਮਜ਼ਦੂਰ ਮਾਰੂ ਪੈਂਤੜਾ ਰੱਦ ਨਾ ਕੀਤਾ ਤਾਂ ਸੰਘਰਸ਼ ਹੋਰ ਪ੍ਰਚੰਡ ਕੀਤਾ ਜਾਵੇਗ।                                                                                
    ਸ਼ਾਹਕੋਟ : ਇਥੋਂ  ਦੇ ਵਿਧਾਇਕ ਲਾਡੀ ਸ਼ੋਰੇਵਾਲੀਆ ਦੇ ਘਰ ਮੂਹਰੇ ਦਰਸ਼ਨ ਨਾਹਰ, ਹਰਮੇਸ਼ ਮਾਲੜੀ, ਪਰਮਜੀਤ ਰੰਧਾਵਾ, ਨਿਰਮਲ ਮਲਸੀਆਂ, ਨਿਰਮਲ ਆਧੀ  ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ । ਇਸ ਤੋਂ ਪਹਿਲਾਂ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ।                                                                         
    ਬਾਬਾ ਬਕਾਲਾ : ਸਾਥੀ ਗੁਰਨਾਮ ਸਿੰਘ ਦਾਊਦ, ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ, ਪਰਵਿੰਦਰ ਸਿੰਘ ਮਹਿਸਮਪੁਰ, ਨਿਰਮਲ ਸਿੰਘ ਛੱਜਲਵੱਡੀ, ਨਰਿੰਦਰ ਸਿੰਘ ਵੜਾਲਾ ਦੀ ਅਗਵਾਈ ਵਿਚ ਰੋਹ ਭਰਪੂਰ ਮੁਜ਼ਾਹਰੇ ਉਪਰੰਤ ਸਥਾਨਕ ਵਿਧਾਇਕ ਰਾਹੀਂ ਪੰਜਾਬ ਸਰਕਾਰ ਨੂੰ ਰੋਸ ਪੱਤਰ ਭੇਜਿਆ ਗਿਆ । ਭਰਾਤਰੀ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਕਾਰਕੁੰਨਾਂ ਨੇ ਵੀ ਹਰਮੀਤ ਰਿੰਕਾ ਦੀ ਅਗਵਾਈ ਵਿਚ ਭਰਵੀਂ ਸ਼ਮੂਲੀਅਤ ਕੀਤੀ ।                                                          
    ਮਹਿਲ ਕਲਾਂ : ਇੱਥੇ ਭਾਨ ਸਿੰਘ ਸੰਘੇੜਾ, ਭੋਲਾ ਸਿੰਘ ਕਲਾਲਮਾਜਰਾ ਅਤੇ ਗੁਰਪ੍ਰੀਤ ਸਿੰਘ ਰੂੜੇਕੇ ਦੀ ਅਗਵਾਈ ਵਿੱਚ ਜਨਤਕ ਵਫਦ ਰਾਹੀਂ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਣੌਰੀ ਨੂੰ ਰੋਸ ਪੱਤਰ ਦਿੱਤਾ ਗਿਆ ।
    ਇਸ ਤੋਂ ਬਿਨਾਂ ਮੋਗਾ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਸੰਗਰੂਰ, ਮੋਹਾਲੀ, ਕਪੂਰਥਲਾ, ਨਵਾਂ ਸ਼ਹਿਰ, ਲੁਧਿਆਣਾ, ਹੁਸ਼ਿਆਰਪੁਰ, ਗੁਰਦਾਸਪੁਰ, ਜ਼ਿਲ੍ਹਿਆਂ ਦੇ ਮੰਤਰੀਆਂ/ਵਿਧਾਇਕਾਂ/ਸੱਤਾਧਾਰੀਆਂ ਨੂੰ ਮੰਗ ਪੱਤਰ ਸੌਂਪੇ ਗਏ।  





    ਰੁਜ਼ਗਾਰ ਤੇ ਨਸ਼ਿਆਂ ਦੇ ਮੁੱਦੇ ’ਤੇ ਐਮ.ਐਲ.ਏਜ਼ ਨੂੰ ਮੰਗ ਪੱਤਰ
    ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵਲੋਂ ਸ਼ਹੀਦ ਊਧਮ ਸਿੰਘ ਸੁਨਾਮ ਦੇ ਜਨਮ ਦਿਨ ਨੂੰ ਸਮਰਪਿਤ ਪੰਦਰਵਾੜੇ ਦੌਰਾਨ 26 ਦਸੰਬਰ ਤੋਂ 10 ਜਨਵਰੀ ਤੱਕ ਰੁਜ਼ਗਾਰ ਪ੍ਰਾਪਤੀ ਤੇ ਨਸ਼ਿਆਂ ਦੇ ਖਾਤਮੇ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕਾਂ ਦੇ ਦਫਤਰਾਂ ਅੱਗੇ ਰੋਸ ਧਰਨੇ ਮਾਰਕੇ ਮੰਗ ਪੱਤਰ ਦਿੱਤੇ ਗਏ। ਜਿਸਦੀ ਰਿਪੋਰਟ ਇਸ ਤਰ੍ਹਾਂ ਹੈ :
    ਜਲੰਧਰ : ਹਲਕਾ ਫਿਲੌਰ ਤੇ ਨਕੋਦਰ ਦੇ ਐਮ.ਐਲ.ਏਜ਼. ਦੇ ਦਫਤਰਾਂ ਅੱਗੇ ਰੋਸ ਮੁਜ਼ਾਹਰਾ ਕਰਨ ਉਪਰੰਤ ਮੰਗ ਪੱਤਰ ਦਿੱਤਾ ਗਿਆ। ਮਨਜਿੰਦਰ ਢੇਸੀ, ਮੱਖਣ ਸੰਗਰਾਮੀ, ਦਲਵਿੰਦਰ ਕੁਲਾਰ, ਗੁਰਦੀਪ ਗੋਗੀ, ਭਾਰਤੀ ਮਾਹੂਵਾਲ, ਸੰਨੀ ਫਿਲੌਰ ਆਦਿ ਨੇ ਸੰਬੋਧਨ ਕੀਤਾ।
    ਅੰਮਿ੍ਰਤਸਰ : ਹਲਕਾ ਬਾਬਾ ਬਕਾਲਾ ਤੇ ਅਜਨਾਲਾ ਦੇ ਐਮ.ਐਲ.ਏਜ਼. ਦੇ ਦਫਤਰਾਂ ਅੱਗੇ ਰੋਸ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਗਿਆ। ਸ਼ਮਸ਼ੇਰ ਸਿੰਘ ਬਟਾਲਾ, ਕੁਲਵੰਤ ਮੱਲੂਨੰਗਲ, ਹਰਮੀਤ ਦਾਊਦ, ਸੁਰਜੀਤ ਦੁਧਰਾਏ, ਤਸਵੀਰ ਖਿਲਚੀਆਂ, ਗੁਰਜੰਟ ਮੁੱਛਲ, ਸਤਵਿੰਦਰ ਉਠੀਆਂ ਅਤੇ ਇਕਬਾਲ ਸਿੰਘ ਭੋਰਸ਼ੀ ਰਾਜਪੂਤਾਂ ਨੇ ਸੰਬੋਧਨ ਕੀਤਾ।
    ਤਰਨ ਤਾਰਨ : ਹਲਕਾ ਪੱਟੀ ਦੇ ਐਮ.ਐਲ.ਏ. ਹਰਮਿੰਦਰ ਸਿੰਘ ਗਿੱਲ ਦੇ ਦਫਤਰ ਦਾ ਘਿਰਾਓ ਕਰਕੇ ਮੰਗ ਪੱਤਰ ਦਿੱਤਾ ਗਿਆ। ਸ਼ਮਸ਼ੇਰ ਸਿੰਘ ਬਟਾਲਾ, ਸੁਲੱਖਣ ਸਿੰਘ ਤੁੜ, ਸੁਖਦੇਵ ਸਿੰਘ ਜਵੰਦਾ, ਅਮਰਜੀਤ ਸਿੰਘ ਹਰੀਕੇ, ਪ੍ਰਗਟ ਸਿੰਘ ਪੱਟੀ ਆਦਿ ਨੇ ਸੰਬੋਧਨ ਕੀਤਾ।
    ਫਰੀਦਕੋਟ : ਹਲਕਾ ਵਿਧਾਇਕ ਫਰੀਦਕੋਟ ਦੇ ਐਮ.ਐਲ.ਏ. ਦੇ ਦਫਤਰ ਅੱਗੇ ਰੋਸ ਮੁਜ਼ਾਹਰਾ ਕਰਨ ਉਪਰੰਤ ਮੰਗ ਪੱਤਰ ਦਿੱਤਾ ਗਿਆ। ਜਤਿੰਦਰ ਕੁਮਾਰ ਤੇ ਸਿਮਰਜੀਤ ਸਿੰਘ ਬਰਾੜ ਨੇ ਸੰਬੋਧਨ ਕੀਤਾ।
    ਰਤੀਆ : ਹਲਕਾ ਰਤੀਆ ਦੇ ਐਮ.ਐਲ.ਏ. ਦੇ ਦਫਤਰ ਅੱਗੇ ਰੋਸ ਧਰਨਾ ਦੇਣ ਉਪਰੰਤ ਮੰਗ ਪੱਤਰ ਦਿੱਤਾ ਗਿਆ।  ਸਭਾ ਦੇ ਪ੍ਰਧਾਨ ਮਨਦੀਪ ਰਤੀਆ, ਪਰਮਜੀਤ ਲਾਲੀ, ਮਨਜੀਤ ਅਲਿਕਾ, ਨਵਜੋਤ, ਨਿਰਭੈ ਰਤੀਆ, ਰਵੀ, ਪਰਮਿੰਦਰ  ਨੇ ਸੰਬੋਧਨ ਕੀਤਾ।
    ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ     









    ਜੇ.ਐਨ.ਯੂ. ਦੇ ਵਿਦਿਆਰਥੀਆਂ ’ਤੇ ਹੋਏ ਹਮਲੇ ਖਿਲਾਫ਼ ਐਕਸ਼ਨ
    ਜਵਾਹਰ ਲਾਲ ਨਹਿਰੂ ਯੂਨੀਵਰਸਿਟੀ(ਜੇ.ਐਨ.ਯੂ.) ਦਿੱਲੀ ਵਿਖੇ, ਲੰਘੀ 5 ਜਨਵਰੀ ਨੂੰ ਹਿੰਦੂਤਵੀ ਸੰਗਠਨਾਂ ਦੇ ਗੁੰਡਾ ਅਨਸਰਾਂ ਵੱਲੋਂ ਵਿਦਿਆਰਥੀ ਯੂਨੀਅਨ (ਜੇ.ਐਨ.ਯੂ.ਐਸ.ਯੂ.) ਦੀ ਪ੍ਰਧਾਨ ਆਈਸ਼ੀ ਘੋਸ਼, ਪ੍ਰੋਫੈਸਰ ਸੁਚਰਿਤਾ ਸੇਨ ਅਤੇ ਹੋਰਨਾਂ ਉੱਪਰ ਕੀਤੇ ਗਏ ਕਾਇਰਤਾ ਪੂਰਨ, ਬਰਬਰ ਹਮਲੇ ਵਿਰੁੱਧ ਪੰਜਾਬ ਭਰ ਵਿੱਚ 6 ਅਤੇ 7 ਜਨਵਰੀ ਨੂੰ ਥਾਂ ਪੁਰ ਥਾਂ ਰੋਸ ਪ੍ਰਦਰਸ਼ਨ ਕੀਤੇ ਗਏ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ(ਆਰ.ਐਮ.ਪੀ.ਆਈ.) ਵਲੋਂ ਆਜ਼ਾਦਾਨਾ ਅਤੇ ਦੂਸਰੀਆਂ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਕੀਤੇ ਗਏ ਉਪਰੋਕਤ ਰੋਸ ਐਕਸ਼ਨਾਂ ਵਿੱਚ ਜਿੱਥੇ ਪੀੜਤਾਂ ਨਾਲ ਇਕਜੁੱਟਤਾ ਦਾ ਇਜ਼ਹਾਰ ਕੀਤਾ ਗਿਆ ਉੱਥੇ ਹਮਲਾ ਕਰਨ ਵਾਲੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਅਰਾਜਕਤਾਵਾਦੀ ਸੰਗਠਨਾਂ ਨਾਲ ਸਬੰਧਤ ਖਰੂਦੀ ਕਾਰਕੁੰਨਾਂ ਵਿਰੁੱਧ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਗਈ । ਇਨ੍ਹਾਂ ਰੋਸ ਐਕਸ਼ਨਾਂ ਰਾਹੀਂ ਉਕਤ ਹਮਲਾਵਰਾਂ ਨੂੰ ਮੋਦੀ ਸਰਕਾਰ, ਯੂਨੀਵਰਸਿਟੀ ਪ੍ਰਸ਼ਾਸ਼ਨ ਅਤੇ ਦਿੱਲੀ ਪੁਲਸ ਦੀ ਨੰਗੀ ਚਿੱਟੀ ਸਰਪ੍ਰਸਤੀ ਦੇ ਵੀ ਪਾਜ ਉਧੇੜੇ ਗਏ।







    ਫਾਸ਼ੀਵਾਦੀ ਹਮਲਿਆਂ ਖਿਲਾਫ਼ ਜਮਹੂਰੀ ਫਰੰਟ ਵੱਲੋਂ ਕਨਵੈਨਸ਼ਨਾਂ
     ‘ਫਾਸ਼ੀਵਾਦੀ ਹਮਲਿਆਂ ਖਿਲਾਫ਼ ਜਮਹੂਰੀ ਫਰੰਟ ਪੰਜਾਬ’ ਵਲੋਂ, ਸੰਘ-ਭਾਜਪਾ ਅਤੇ ਮੋਦੀ ਸਰਕਾਰ ਦੇ ਫਿਰਕੂ ਫਾਸ਼ੀ ਅਜੰਡੇ ਨੂੰ ਭਾਂਜ ਦੇਣ ਹਿੱਤ, ਨਾਗਰਿਕਤਾ ਸੋਧ ਕਾਨੂੰਨ-2019 (ਸੀਏਏ), ਕੌਮੀ ਨਾਗਰਿਕਤਾ ਸੂਚੀ (ਐਨਆਰਸੀ), ਅਤੇ ਕੌਮੀ ਜਨਸੰਖਿਆ ਰਜਿਸਟਰ (ਐਨਪੀਆਰ) ਖਿਲਾਫ਼ ਵਿਸ਼ਾਲ ਲਾਮਬੰਦੀ ਲਈ ਜਿਲ੍ਹਾ ਪੱਧਰੀਆਂ ਸਾਂਝੀਆਂ ਕਨਵੈਨਸ਼ਨਾਂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਫੈਸਲੇ ਤਹਿਤ ਵੱਖੋ-ਵੱਖ  ਜ਼ਿਲ੍ਹਿਆਂ ਅੰਦਰ ਕਨਵੈਨਸ਼ਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ।         
    ਤਰਨਤਾਰਨ : ਇੱਥੇ 22 ਜਨਵਰੀ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਕਨਵੈਨਸ਼ਨ  ਅਤੇ ਸ਼ਹਿਰ ਵਿੱਚ ਮੋਦੀ ਸਰਕਾਰ ਦੇ ਫਿਰਕੂ ਫਾਸ਼ੀ ਏਜੰਡੇ ਅਤੇ ਲੋਕ ਮਾਰੂ ਨੀਤੀਆਂ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਵ ਸਾਥੀ ਮੰਗਤ ਰਾਮ ਪਾਸਲਾ (ਜਨਰਲ ਸਕੱਤਰ  ਆਰ.ਐਮ.ਪੀ.ਆਈ.), ਹਰਭਜਨ ਸਿੰਘ (ਮੈਂਬਰ ਪੰਜਾਬ ਕਾਰਜਕਾਰਨੀ  ਸੀ.ਪੀ.ਆਈ.), ਨਰਭਿੰਦਰ ਸਿੰਘ ਪੱਧਰੀ (ਸੂਬਾ ਆਗੂ ਇਨਕਲਾਬੀ ਕੇਂਦਰ ਪੰਜਾਬ) ਪਰਸ਼ੋਤਮ ਸਿੰਘ ਗਹਿਰੀ (ਸੀਨੀਅਰ ਆਗੂ ਨਿਊ ਡੈਮੋਕਰੇਸੀ), ਪਰਗਟ ਸਿੰਘ ਜਾਮਾਰਾਇ (ਕਾਰਜਕਾਰੀ ਸਕੱਤਰ ਆਰ.ਐਮ.ਪੀ.ਆਈ. ਪੰਜਾਬ), ਪਿ੍ਰਥੀਪਾਲ ਸਿੰਘ ਮਾੜੀ ਮੇਘਾ (ਮੀਤ ਸਕੱਤਰ ਸੀ.ਪੀ.ਆਈ. ਪੰਜਾਬ) ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਘਰ-ਘਰ ਜਾ ਕੇ ਮੋਦੀ ਦੀਆਂ ਲੋਕਾਂ ਨੂੰ ਕੰਗਾਲ ਕਰਨ ਵਾਲੀਆਂ  ਨੀਤੀਆਂ ਅਤੇ ਦੇਸ਼ ਤੋੜਨ ਦੀਆਂ ਸਾਜ਼ਿਸ਼ਾਂ ਵਿਰੁੱਧ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਜਿਲਾ ਕਨਵੈਨਸ਼ਨਾਂ ਉਪਰੰਤ ਮਾਰਚ ਦੇ ਆਖਰੀ ਹਫਤੇ ਲੁਧਿਆਣਾ ਵਿਖੇ ਲੱਖਾਂ ਕਿਰਤੀਆਂ ਦਾ ਇਕੱਠ ਕੀਤਾ ਜਾਵੇਗਾ। ਆਗੂਆਂ ਵਲੋਂ ਪੰਜਾਬ ਵਾਸੀਆਂ ਨੂੰ ਉਪਰੋਕਤ ਦੇਸ਼ ਭਗਤਕ ਸੰਗਰਾਮ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਅਤੇ ਹਰ ਕਿਸਮ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ । ਉਨ੍ਹਾਂ ਫਰੰਟ ਤੋਂ ਬਾਹਰ ਰਹਿ ਗਈਆਂ ਖੱਬੀਆਂ ਪਾਰਟੀਆਂ ਅਤੇ ਸੰਗਰਾਮੀ ਧਿਰਾਂ ਨੂੰ ਉਕਤ ਸੰਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਵੀ ਦਿੱਤਾ। ਜਸਬੀਰ ਕੌਰ ਜਾਮਾਰਾਇ, ਕਿਰਨਜੀਤ ਕੌਰ ਵਲਟੋਹਾ, ਸੀਮਾ ਸੋਹਲ,ਨਰਿੰਦਰ ਕੌਰ ਪੱਟੀ, ਰਜਿੰਦਰ ਪਾਲ ਕੌਰ, ਰੁਪਿੰਦਰ ਕੌਰ ਮਾੜੀ ਮੇਘਾ,  ਜਸਪਾਲ ਝਬਾਲ, ਮੁਖਤਿਆਰ ਸਿੰਘ ਮੱਲ੍ਹਾ, ਚਮਨ ਲਾਲ ਦਰਾਜ ਕੇ, ਸੁਖਦੇਵ ਸਿੰਘ ਗੋਹਲਵੜ, ਬਲਦੇਵ ਸਿੰਘ ਪੰਡੋਰੀ, ਦਲਜੀਤ ਸਿੰਘ ਦਿਆਲਪੁਰਾ, ਦਵਿੰਦਰ ਸੋਹਲ, ਜਗੀਰੀ ਰਾਮ, ਤਾਰਾ ਸਿੰਘ ਖਹਿਰਾ, ਗੁਰਦਿਆਲ ਸਿੰਘ ਖਡੂਰ ਸਾਹਿਬ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਚਰਨ ਸਿੰਘ, ਅਰਸਾਲ ਸਿੰਘ ਆਸਲ ਉਤਾੜ, ਪਵਨ ਕੁਮਾਰ ਭਿੱਖੀਵਿੰਡ ਨੇ ਵੀ ਸੰਬੋਧਨ ਕੀਤਾ।                                                           
    ਗੁਰਦਾਸਪੁਰ : ਇੱਥੇ 23 ਜਨਵਰੀ ਨੂੰ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿਖੇ ਜਸਵੰਤ ਸਿੰਘ ਬੁੱਟਰ, ਬਲਬੀਰ ਸਿੰਘ ਕੱਤੋਵਾਲ, ਸਤਵੀਰ ਸਿੰਘ ਮੁਲਤਾਨੀ, ਸੁਖਦੇਵ ਸਿੰਘ ਭਾਗੋਕਾਵਾਂ, ਗੁਰਬਚਨ ਸਿੰਘ ‘ਤੇ ਆਧਾਰਿਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ  ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਸਾਥੀ ਰਘੁਬੀਰ ਸਿੰਘ (ਕੇਂਦਰੀ ਕਮੇਟੀ ਮੈਂਬਰ ਆਰਐਮਪੀਆਈ), ਗੁਰਮੀਤ ਸਿੰਘ ਬਖਤਪੁਰ (ਸੂਬਾ ਸਕੱਤਰ ਲਿਬਰੇਸ਼ਨ) ਉਚੇਚੇ ਪੁੱਜੇ । ਨੀਲਮ ਘੁਮਾਣ, ਧਿਆਨ ਸਿੰਘ ਠਾਕੁਰ,  ਸ਼ਮਸ਼ੇਰ ਸਿੰਘ ਬਟਾਲਾ, ਮੱਖਣ ਕੁਹਾੜ, ਸੰਤੋਖ ਸਿੰਘ ਸੰਘੇੜਾ, ਬਲਵੀਰ ਸਿੰਘ, ਜੋਗਿੰਦਰ ਪਾਲ ਸਿੰਘ ਘੁਰਾਲਾ, ਵਿਜੇ ਕੁਮਾਰ ਸੋਹਲ, ਨਰਿੰਦਰ ਸਿੰਘ, ਮਨਜੀਤ ਰਾਜ ਨੇ ਵੀ ਵਿਚਾਰ ਰੱਖੇ । 

  • ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ – ਫਰਵਰੀ 2020)

    ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ – ਫਰਵਰੀ 2020)

    ਕਹਾਣੀ
    ਆਤੂ ਖੋਜੀ
    – ਗੁਰਮੀਤ ਕੜ੍ਹਿਆਲਵੀ     
    ਆਤੂ ਦੇ ਨਾਂਹ-ਨਾਂਹ ਕਰਦਿਆਂ ਵੀ ਮੈਂ ਦੂਜਾ ਪੈੱਗ ਉਸਦੀ ਗਿਲਾਸੀ ਵਿਚ ਪਾ ਦਿੱਤਾ। ਆੜ ਵਿਚ ਵਗਦੇ ਪਾਣੀ ’ਚੋਂ ਕੱਪ ਭਰਿਆ ਤੇ ਥੋੜ੍ਹਾ ਜਿਹਾ ਉਸਦੀ ਗਿਲਾਸੀ ਵਿਚ ਪਾਉਂਦਿਆਂ ਆਖਿਆ, ‘‘ਚੱਕਦੇ… ਚੱਕਦੇ ਤਾਇਆ। ਕੁਛ ਨੀ ਕਹਿੰਦੀ ਤੈਨੂੰ। ਥੋਡੀਆਂ ਪੁਰਾਣੀਆਂ ਖੁਰਾਕਾਂ ਖਾਧੀਆਂ। ਥੋਨੂੰ ਏਹ ਕੁਛ ਨੀ ਕਰਦੀ। ਨਾਲੇ ਏਹਦੇ ’ਚ ਹੈ ਕੀ, ਤੱਤਾ ਪਾਣੀ, ਵਿਚ ਗੁੜ ਤੇ ਕਿੱਕਰ ਦਾ ਸੱਕ ਜਾਂ ਚਾਰ ਛਿਲੜ ਸੰਤਰੇ ਦੇ। ਹੋਰ ਕੀ-? ਨਾਲੇ ਪਰਖ ਕਰੀਂ… ਕੈਹੋ ਜ੍ਹੀ ਬਣੀ ਏ। ਤੂੰ ਤਾਂ ਫੇਰ ਵੀ ਖੋਜੀ ਬੰਦਾ।’’
    -ਚੀਜ ਤਾਂ ਮਛਟਰਾ ਠੀਕੈ। ਅੰਦਰ ਜ੍ਹਾ ਨੀ ਵੱਢਦੀ ਪਰ ਹੁਣ ਪਚਦੀ ਨੀ। ਬਥੇਰੀ ਪੀਤੀ ਜਵਾਨੀ ਵਾਰੇ। ਮੱਟਾਂ ਦੇ ਮੱਟ ਖਾਲੀ ਕਰਤੇ ਪਰ ਹੁਣ ਉਹ ਗੱਲ ਕਿੱਥੇ ਰਹੀ। ਊਂ ਮਛਟਰਾ, ਗੱਲ ਤੇਰੀ ਵੀ ਸੋਲਾਂ ਆਨੇ। ਸਾਡੀ ਹੱਡੀ ਚੀੜ੍ਹੀ ਐ। ਤੇਰੇ ਹਸਾਬ ਨਾਲ ਮੇਰੀ ਉਮਰ ਕੈ ਸਾਲ ਹੋਊ?’’ ਆਤੂ ਨੇ ਇਕੋ ਸਾਹੇ ਗਿਲਾਸੀ ਖਾਲੀ ਕਰਕੇ ਪਾਸੇ ਰੱਖ ਦਿੱਤੀ। ਸਰੋ੍ਹਂ ਦੀ ਗੰਦਲ ਤੋੜ ਕੇ ਉਸ ਨੇ ਮੂੰਹ ਵਿਚ ਪਾ ਲਈ।
    – ਹੋਊ ਕੋਈ ਪਚਵੰਜਾ-ਸੱਠ ਦੇ ਲਾਗੇ-ਚਾਗੇ।’’ ਮੈਂ ਐਵੇਂ ਅੱਟੇ-ਸੱਟੇ ਨਾਲ ਆਖ ਦਿੱਤਾ। ਉਂਝ ਆਤੂ ਦੀ ਸਿਹਤ ਮੁਤਾਬਕ ਉਸਦੀ ਉਮਰ ਪੰਜਾਹਾਂ ਕੁ ਦੇ ਨੇੜੇ-ਤੇੜੇ ਲਗਦੀ ਸੀ।
    – ਖਾ ਗਿਆ ਕਨ੍ਹੀ ਟਪਲਾ। ਐਸ ਟੈਮ ਮੇਰੀ ਉਮਰ ਪੂਰੇ ਦੋ ਘੱਟ ਅੱਸੀ ਸਾਲ ਐ। ਜਿਹੜੇ ਸਾਲ ਕੱਤੇ ਦੀ ਤਪਾਲੀ ਪਈ ਸੀ, ਓਸ ਵਰ੍ਹੇ ਦਾ ਜਰਮ ਆ ਮੇਰਾ।’’
    -ਲਗਦਾ ਨੀ…ਕਮਾਲ ਐ।’’ ਸੱਚਮੁੱਚ ਮੇਰੇ ਲਈ ਇਹ ਹੈਰਾਨੀ ਦਾ ਸਬੱਬ ਸੀ।
    – ਆਹੀ ਸਾਡੀ ਕੌਮ ’ਚ ਖਾਸੀਅਤ ਐ। ਮਛਟਰਾ! ਸਾਡੀ ਕੌਮ ’ਚ ਨਾ ਮਿਲੂ ਥੋਨੂੰ ਕੋਈ ਡਿੱਗਿਆ-ਢੱਠਿਆ ਜਿਆ। ਜਮ੍ਹਾ ਨੌ-ਬਰ-ਨੌ ਮਿਲਣਗੇ। ਸਾਡਾ ਬੰਦਾ ਛੇਤੀ ਕੀਤਿਆਂ ਗੋਡੇ ਰਗੜ-ਰਗੜ ਕੇ ਨਹੀਂ ਮਰਦਾ। ਤੁਰਦਾ-ਫਿਰਦਾ ਚੜ੍ਹਾਈ ਕਰਜੂ।’’
    – ਹੈਂ?’’ ਮੈਂ ਆਤੂ ਦੀ ਬਰਾਦਰੀ ਨਾਲ ਸੰਬੰਧਤ ਪਿੰਡ ਦੇ ਲੋਕਾਂ ’ਤੇ ਨਿਗਾਹ ਮਾਰੀ। ਸੱਚਮੁੱਚ ਕੋਈ ਬਜ਼ੁਰਗ ਮੰਜੇ ’ਤੇ ਪੈ ਕੇ ਹੱਡ ਗੋਡੇ ਨਹੀਂ ਸੀ ਰਗੜ ਰਿਹਾ। ਜਦਕਿ ਬਾਕੀ ਪਿੰਡ ਵਿਚਲੇ ਸਰਦਾਰਾਂ ਦੇ ਕਈ ਬਜ਼ੁਰਗ ਮੰਜੇ ’ਤੇ ਪਏ-ਪਏ ਗਲ-ਸੜ ਰਹੇ ਸਨ ਅਤੇ ਘਰਦਿਆਂ ਦੀਆਂ ਗਾਲ੍ਹਾਂ-ਦੁੱਪੜ ਖਾਂਦੇ ਰੱਬ ਨੂੰ ਚੱਕ ਲੈਣ ਦੀਆਂ ਅਰਦਾਸਾਂ ਕਰਦੇ ਰਹਿੰਦੇ ਸਨ।
    – ਮਛਟਰਾ ਸਾਡੀ ਕੌਮ ਅਣਖੀ ਬਹੁਤ ਐ। ਅਸੀਂ ਰਾਜਪੂਤਾਂ ਦੀ ਅਣਸ਼ ’ਚੋਂ ਹੁੰਨੇ ਆਂ। ਚੌਹਾਨ ਰਾਜਪੂਤ। ਤੂੰ ਤਾਂ ਲਿਖਿਆ-ਪੜ੍ਹਿਆਂ। ਪਿ੍ਰਥੀ ਚੰਦ ਚੌਹਾਨ ਰਾਜੇ ਬਾਰੇ ਸੁਣਿਆ ਈ ਹੋਊ। ਉਹ ਸਾਡਾ ਵੱਡ-ਵਡੇਰਾ ਆ। ਤੁਸੀਂ ਸਾਰੇ ਮੈਨੂੰ ਆਤੂ-ਆਤੂ ਕਹੀ ਜਾਨੇ ਓਂ। ਅਸਲੀ ਨਾਉਂ ਮੇਰਾ ਥੋਨੂੰ ਪਤਾ ਨੀ ਹੋਣਾ। ਮੇਰਾ ਸਿੱਧਾ ਨਾਉਂ ‘ਆਤਮਾ ਰਾਮ ਚੌਹਾਨ’ ਐ। ਕਿਸੇ ਟੈਮ ਦੂਰ ਦੂਰ ਤਕ ਰਾਜ ਪਾਟ ਹੁੰਦਾ ਸੀ ਸਾਡਾ। ਫਿਰ ਜਦੋਂ ਮੁਗਲਾਂ ਹੱਥੋਂ ਹਾਰ ਹੋਗੀ, ਸਾਡੀ ਕੌਮ ਜੰਗਲਾਂ-ਪਹਾੜਾਂ ਅੱਲੀਂ ਚਲੇ ਗਈ। ਜੰਗਲਾਂ-ਬੇਲਿਆਂ ’ਚ ਰਹਿਕੇ ਗੁਜ਼ਾਰਾ ਕਰ ਲਿਆ ਪਰ ਮੁਗਲਾਂ ਦੀ ਈਨ ਨੀ ਮੰਨੀ। ਸਾਢੇ ਚਾਰ ਸੌ ਸਾਲ ਜੰਗਲਾਂ-ਪਹਾੜਾਂ ’ਚ ਰਹੀ ਐ ਸਾਡੀ ਕੌਮ। ਚੋਰੀ ਕਰਨ ਦੀ ਵਾਦੀ ਵੀ ਪੈਗੀ। ਫੇਰ ਗਰੇਜ਼ ਆਗੇ। ਸਾਡੀ ਕੌਮ ਨੇ ਈਨ ਇਹਨਾਂ ਦੀ ਵੀ ਨੀ ਮੰਨੀ। ਮਛਟਰਾ ਸਾਲੀ ਗਰੇਜ਼ ਕੌਮ ਬੜੀ ਚਾਲੂ ਸੀ ਸਾਡੇ ਤੋਂ। ਗਰੇਜ਼ ਨੇ ਪਾਬੰਦ ਲਾਈ ਰੱਖੀ ਸਾਡੀ ਕੌਮ ’ਤੇ। ਮੈਂ ਗਹੁ ਨਾਲ ਆਤੂ ਦੀਆਂ ਅੱਖਾਂ ਵਿਚ ਵੇਖਿਆ, ਉਸ ਵਿਚ ਸਵੈਮਾਣ ਤਾਰੀਆਂ ਲਾ ਰਿਹਾ ਸੀ। ਮੈਨੂੰ ਉਸਦੀ ਗੱਲ ਸੌ ਫੀਸਦੀ ਸੱਚ ਲੱਗੀ। ਅਜਿਹੇ ਲੋਕ ਕਿਸੇ ਦੀ ਈਨ ਮੰਨ ਈ ਕਿਵੇਂ ਸਕਦੇ ਸਨ। ਇਨ੍ਹਾਂ ਕਿਹੜਾ ਰਾਏ ਬਹਾਦਰੀਆਂ, ਸਰਦਾਰੀਆਂ, ਚੋਬਦਾਰੀਆਂ, ਸਫੈਦਪੋਸ਼ੀਆਂ, ਜਗੀਰਦਾਰੀਆਂ ਜਾਂ ਲੰਬੜਦਾਰੀਆਂ ਲੈਣੀਆਂ ਸਨ। ਮੈਂ ਪਿੰਡ ਵਿਚ, ਆਪਣੇ ਆਲੇ-ਦੁਆਲੇ ਬਾਰੇ ਸੋਚਿਆ। ਆਤੂ ਦੀ ਗੱਲ ਅਜੇ ਵੀ ਕਿੰਨੀ ਸੱਚ ਸੀ। ਮਜ੍ਹਬੀਆਂ, ਰਮਦਾਸੀਆਂ ਅਤੇ ਹੋਰ ਨੀਵੀਆਂ ਕਹੀਆਂ ਜਾਂਦੀਆਂ ਜਾਤਾਂ ਦੇ ਲੋਕ ਜਿੱਥੇ ਜੱਟਾਂ ਨਾਲ ਸੀਰੀ-ਸਾਂਝੀ ਰਲੇ ਹੋਏ ਸਨ ਉੱਥੇ ਬੌਰੀਆ ਬਰਾਦਰੀ ਦੇ ਲੋਕ ਆਪਣੇ-ਆਪਣੇ ਕੰਮਾਂ ਧੰਦਿਆਂ ਵਿਚ ਲੱਗੇ ਹੋਏ ਸਨ। ਕੋਈ ਸਬਜ਼ੀ ਵੇਚਦਾ ਸੀ, ਕੋਈ ਸਾਈਕਲ ’ਤੇ ਫੇਰੀ ਲਾਉਂਦਾ ਸੀ, ਕਿਸੇ ਪਰਿਵਾਰ ਨੇ ਜੱਟਾਂ ਤੋਂ ਜ਼ਮੀਨ ਠੇਕੇ ’ਤੇ ਲੈ ਕੇ ਸਬਜ਼ੀ-ਭਾਜ਼ੀ, ਖੱਖੜੀਆਂ-ਖਰਬੂਜੇ, ਤਰਾਂ-ਮਤੀਰੇ ਆਦਿ ਬੀਜੇ ਹੋਏ ਸਨ। ਕਈ ਘਰ ਬੇਰੀਆਂ ਦੇ ਠੇਕੇ ਲੈਣ ਲਈ ਦੂਰ-ਦੂਰ ਗਏ ਹੋਏ ਸਨ। ਕਈ ਬੰਦੇ ਸ਼ਹਿਰ ਰਿਕਸ਼ਾ ਚਲਾਉਣ ਲੱਗੇ ਸਨ।
    – ਸਾਲੀ ਅੰਗਰੇਜ਼ ਕੌਮ ਨੂੰ ਕੀ ਤਕਲੀਫ ਸੀ? ਮੰਨਿਆ ਕੋਈ ਇਕ-ਅੱਧ ਬੰਦਾ ਮਾੜਾ ਪਰ ਕੋਈ ਕੌਮ ਤਾਂ ਨੀ ਮਾੜੀ ਸਾਰੀ ਦੀ ਸਾਰੀ। ਇਹ ਤਾਂ ਜੱਗੋਂ ਤੇ੍ਹਰਵੀਂ ਗੱਲ ਸੀ, ਅਖੇ ਸਾਰੀ ਕੌਮ ’ਤੇ ਈ ਪਾਬੰਦੀ ਲਾਤੀ।’’ ਜਦੋਂ ਬਾਪੂ ਜਿਉਂਦਾ ਸੀ ਅਕਸਰ ਅਜਿਹੀਆਂ ਗੱਲਾਂ ਸੁਣਾਉਂਦਾ ਰਹਿੰਦਾ ਸੀ। ਬੌਰੀਆ ਬਰਾਦਰੀ ਨੂੰ ਜੁਰਾਇਮ ਪੇਸ਼ਾ ਕਰਾਰ ਦੇਣ ਅਤੇ ਅਠਾਰਾਂ ਸਾਲਾਂ ਤੋਂ ਵੱਧ ਉਮਰ ਵਾਲੇ ਬੌਰੀਆ ਬਰਾਦਰੀ ਦੇ ਹਰੇਕ ਨੌਜੁਆਨ ਅਤੇ ਬਜ਼ੁਰਗ ਲਈ ਥਾਣੇ ਹਾਜ਼ਰੀ ਲਵਾਉਣੀ ਜ਼ਰੂਰੀ ਰਹੀ ਹੋਣ ਬਾਰੇ ਬਾਪੂ ਨੇ ਹੀ ਜਾਣਕਾਰੀ ਦਿੱਤੀ ਸੀ।
    – ਮਛਟਰਾ! ਹੁਣ ਕਿੱਥੇ ਰਹੀਆਂ ਉਹ ਗੱਲਾਂ… ਬੜੇ ਮਾੜੇ ਦਿਨ ਦੇਖੇ। ਗਰੇਜ਼ ਕੌਮ ਬੜੀ ਚਾਲੂ ਸੀ ਸਾਡੇ ਤੋਂ। ਉਹ ਤਾਂ ਸਾਡੀ ਬੋਲੀ ਤੋਂ ਵੀ ਡਰਦੀ ਸੀ। ਕੁੱਲ ਦੁਨੀਆਂ ’ਤੇ ਰਾਜ ਕੀਤਾ ਉਹਨੇ। ਘਾਟ-ਘਾਟ ਦਾ ਪਾਣੀ ਵੀ ਪੀਤਾ ਪਰ ਪਤੰਦਰ ਨੂੰ ਸਾਡੀ ਬੋਲੀ ਸਮਝ ਨੀ ਆਈ। ਬਥੇਰਾ ਮੱਥਾ ਮਾਰਿਆ। ਕੁੱਲ ਦੁਨੀਆਂ ਦੀਆਂ ਪੋਥੀਆਂ ਫਰੋਲ ਮਾਰੀਆਂ, ਪਰ ਇਹ ਨ੍ਹੀ ਪਤਾ ਲੱਗਾ ਵਈ ਏਹ ਬੋਲੀ ਹੈ ਕਿਹੜੀ। ਏਹਦਾ ਨਾਂਅ ਕੀ ਐ? ਮਛਟਰਾ! ਤੂੰ ਤਾਂ ਲਿਖਿਆ-ਪੜ੍ਹਿਆਂ। ਸਾਡੇ ਆਲੀ ਬੋਲੀ, ਕਿਤੇ ਲਿਖਣ-ਪੜ੍ਹਨ ਵਿਚ ਤਾਂ ਆਉਂਦੀ ਨੀ, ਪੱਲੇ ਕੀ ਪੈਣਾ ਸੀ ਛੁਣਛੁਣਾ?’’
    – ਤਾਇਆ ਸਾਡੇ ਨਾਲ ਤਾਂ ਤੁਸੀਂ ਚੰਗੀ-ਭਲੀ ਪੰਜਾਬੀ ’ਚ ਗੱਲਾਂ ਕਰਦੇ ਓਂ, ਜਦੋਂ ਕਦੇ ਆਪਸ ਵਿਚ ਬੈਠੇ ਹੋਵੋਂ, ਥੋਡੀ ਗਿੱਟ-ਮਿੱਟ, ਗਿੱਟ-ਮਿੱਟ ਕਿਸੇ ਦੇ ਪੱਲੇ ਨੀ ਪੈਂਦੀ।’’ ਮੈਨੂੰ ਅੱਠਵੀਂ ਤਕ ਪੜ੍ਹਦੇ ਰਹੇ ਸੁਖਦੇਵ ਅਤੇ ਖੁਸ਼ਹਾਲਾ ਚੇਤੇ ਆਏ। ਅਸੀਂ ਦੋ-ਤਿੰਨ ਮੁੰਡੇ ਉਨ੍ਹਾਂ ਤੋਂ ਬੋਲੀ ਸਿੱਖਣ ਦੀ ਕੋਸ਼ਿਸ਼ ਕਰਦੇ ਰਹੇ। ਬਹੁਤ ਮੱਥਾ ਮਾਰਨ ਤੋਂ ਬਾਅਦ ਵੀ ਸਾਡੇ ਪਿੜ ਪੱਲੇ ਕੱੁਝ ਨਹੀਂ ਸੀ ਪਿਆ।
    – ਮਛਟਰਾ! ਬੱਸ ਏਸੇ ਗਿੱਟ-ਮਿੱਟ, ਗਿੱਟ-ਮਿੱਟ ਤੋਂ ਈ ਡਰਦੀ ਸੀ ਗਰੇਜ਼ ਕੌਮ।’’ ਆਤੂ ਹਿੜ-ਹਿੜ ਕਰਕੇ ਕਿੰਨਾ ਚਿਰ ਹੱਸਦਾ ਰਿਹਾ।
    – ਮਛਟਰਾ ! ਇਕ ਗੱਲ ਦਾ ਮੈਨੂੰ ਬੜਾ ਫਿਕਰ ਆ। ਸਾਡੇ ਹੁਣ ਆਲੇ ਛੋਹਰ, ਲੌਡੀ ਦੇਣੇ, ਆਵਦੀ ਬੋਲੀ ਭੁੱਲੀ ਜਾਂਦੇ। ਹੁਣ ਤੂੰ ਈ ਦੱਸ, ਜਦੋਂ ਬੰਦੇ ਦੀ ਬੋਲੀ ਈ ਨਾ ਰਹੀ, ਪਿੱਛੇ ਕੀ ਰਹਿਜੂ, ਛੁਣਛੁਣਾ?’’ ਦਿਨੋਂ ਦਿਨ ਖਤਮ ਹੁੰਦੀਆਂ ਜਾਂਦੀਆਂ ਖੇਤਰੀ ਅਤੇ ਕਬੀਲਾਈ ਬੋਲੀਆਂ ਬਾਰੇ ਚਿੰਤਾ ਕਰਨ ਵਾਲੇ ਭਾਸ਼ਾ ਵਿਗਿਆਨੀਆਂ ਜਿਹੀ ਚਿੰਤਾ ਆਤੂ ਵਰਗੇ ਸਾਧਾਰਨ ਅਨਪੜ੍ਹ ਬੰਦੇ ਅੰਦਰ ਵੇਖਕੇ ਮੈਂ ਹੈਰਾਨ ਰਹਿ ਗਿਆ। ਮੈਨੂੰ ਆਤੂ ਕੋਈ ਚੇਤੰਨ ਭਾਸ਼ਾ ਵਿਗਿਆਨੀ ਜਾਪਿਆ।
    – ਮਛਟਰਾ! ਗਰੇਜ਼ ਕੌਮ ਨੇ ਪਾਬੰਦੀ ਪਤਾ ਕਦੋਂ ਲਾਈ?’’ ਆਤੂ ਨੇ ਮੈਨੂੰ ਗੁਆਚਿਆ ਜਿਹਾ ਦੇਖਕੇ ਮੇਰਾ ਹੁੰਗਾਰਾ ਭਰਾਇਆ।
    – ਕਦੋਂ?’’
    – ਫਰੀਦਕੋਟੀਏ ਰਾਜੇ ਦਾ ਮਹਿਲ ਸੀ ਬੜਾ ਉੱਚਾ। ਉਹਦੇ ਚਾਰ-ਚੁਫੇਰੇ ਸ਼ੀਸ਼ੇ ਅਰਗਾ ਪੱਥਰ ਲੱਗਾ, ਤਿਲਕਵਾਂ। ਮਹਿਲ ਉੱਤੇ ਬਣਾਇਆ ਗੁੰਬਦ ਤੇ ਗੁੰਬਦ ਉੱਤੇ ਸੋਨੇ ਦਾ ਕਲਸ। ਮਹਿਲ ਐਸ ਹਸਾਬ ਨਾਲ ਬਣਾਇਆ ਵਈ ਬੰਦਾ ਤਾਂ ਕੀ, ਜਾਨਵਰ ਵੀ ਉੱਤੇ ਨਾ ਚੜ੍ਹ ਸਕੇ। ਚੜ੍ਹਨਾ ਕੀ? ਚਾਰ-ਚੁਫੇਰੇ ਤਿਲਕਵਾਂ ਪੱਥਰ, ਤੇ ਹੱਥ ਪਾਉਣ ਨੂੰ ਥਾਂ ਕੋਈ ਨਾ। ਰਾਜੇ ਦੇ ਰੱਖੇ ਵੱਡੇ-ਵੱਡੇ ਕੁੱਤੇ। ਬੰਦੇ ਨੂੰ ਪਾੜਕੇ ਖਾ ਜਾਣ ਵਾਲੇ। ਸਾਡੀ ਕੌਮ ਦੇ ਚੋਰ ਹੋਏ ਆ ਟੇਕੂ ਤੇ ਪੇਕੂ। ਸਾਦਕ ਕੰਨੀ ਦੇ ਸੀਗੇ। ਬੜੀ ਮਸ਼ਹੂਰੀ ਸੀਗੀ ਦੋਵਾਂ ਭਰਾਵਾਂ ਦੀ। ਰਾਜੇ ਨੇ ’ਲਾਨ ਕਰਤਾ ਵਈ ਜੇ ਟੇਕੂ ਤੇ ਪੇਕੂ ਏਡੇ ਈ ਸ਼ੇਰ ਨੇ ਮੇਰੇ ਮਹਿਲਾਂ ’ਚੋਂ ਚੋਰੀ ਕਰਕੇ ਵਿਖਾਉਣ। ਜਦੋਂ ਟੇਕੂ ਤੇ ਪੇਕੂ ਨੂੰ ਪਤਾ ਲੱਗਾ-ਉਨ੍ਹਾਂ ਰਾਜੇ ਦੀ ਹਿੰਡ ਜਿਹੀ ਭੰਨਣ ਦੀ ਸਕੀਮ ਬਣਾਈ। ਉਨ੍ਹਾਂ ਪਾਲੀ ਹੋਈ ਸੀ ਗੋਹ। ਇਹ ਬੜਾ ਔਤਰਾਂ ਜੀਅ ਐ। ਸ਼ੈਂਤ ਤੂੰ ਕਿਤੇ ਦੇਖੀ ਹੋਵੇ। ਅੱਬਲ ਤਾਂ ਅੱਜ ਕੱਲ੍ਹ ਕਿਤੇ ਦਿਖਦੀ ਨੀ। ਜਿਮੇ ਪਾਥੀ ਹੁੰਦੀ ਐ। ਐਕਣ ਦੀ ਹੁੰਦੀਓ। ਜਿੱਥੇ ਚੁੰਬੜਜੇ ਲਹਿੰਦੀ ਨੀ। ਸੁਣਿਆ ਨੀ ਅਖੇ ਫਲਾਣੇ ਦਾ ਜੱਫਾ ਤਾਂ ਗੋਹ ਆਲਾ। ਉਨ੍ਹਾਂ ਰੱਬ ਦਿਆਂ ਬੰਦਿਆਂ ਗੋਹ ਦੀ ਪੂੰਛ ਨੂੰ ਪਾਇਆ ਲੰਮਾ ਰੱਸਾ ਤੇ ਵਗਾਹ ਮਾਰੀ ਬੰਗਲੇ ਦੇ ਗੁੰਬਦ ’ਤੇ। ਮਰੇ ਜਾਨਵਰ ਦੇ ਸਿੰਗ ਲੈਗੇ ਸੀ ਨਾਲ। ਸਿੰਗਾਂ ਦੇ ਪੋਪਲਿਆਂ ਵਿਚ ਕੁੱਟ ਕੁੱਟ ਕੇ ਚੂਰੀ ਭਰੀ ਸੀ। ਸਿੰਗ ਹੌਲੀ ਜਏ ਕੁੱਤਿਆਂ ਵੱਲ ਨੂੰ ਚਲਾ ਮਾਰੇ। ਕੁੱਤੇ ਸਿੰਗਾਂ ’ਚ ਮੂੰਹ ਫਸਾਕੇ ਲੱਗੇ ਚੂਰੀ ਕੱਢਣ। ਕੱੁਤਿਆਂ ਨੂੰ ਐਸਾ ਆਹਰ ਲਾਇਆ, ਉਹ ਤਾਂ ਕਿਸੇ ਪਾਸੇ ਝਾਕਣ ਵੀ ਨਾ। ਉਧਰ ਗੋਹ ਨੇ ਜੱਫਾ ਪਾ ਲਿਆ ਗੁੰਬਦ ਨੂੰ। ਦੋਵੇਂ ਭਾਈ ਚੜ੍ਹ ਗਏ ਉਤਾਂਹ, ਮਿਲਟੀਂ-ਸਕਿੰਲਟੀ। ਸੋਨੇ ਦਾ ਕਲਸ਼ ਲਾਹਿਆ ਤੇ ਹੋਗੇ ਰਫੂ ਚੱਕਰ। ਦਿਨ ਚੜ੍ਹੇ ਰਾਜੇ ਦੇ ਨੌਕਰਾਂ-ਚਾਕਰਾਂ ਰੌਲਾ ਪਾਤਾ, ਅਖੇ ਕਲਸ ਹੈਨੀ। ਰਾਜਾ ਹੈਰਾਨ-ਪ੍ਰੇਸ਼ਾਨ, ਏਹ ਹੋ ਕੀ ਗਿਆ? ਲੈ ਵੀ ਮਛਟਰਾ, ਉਹਨੇ ਮੁਨਿਆਦੀ ਕਰਾਤੀ ਵਈ ਜੀਹਨੇ ਚੋਰੀ ਕੀਤੀ ਐ, ਆਪ ਆਕੇ ਪੇਸ਼ ਹੋਜੇ। ਚੋਰ ਨੂੰ ਸਜ਼ਾ ਕੋਈ ਨ੍ਹੀ, ਸਗੋਂ ਅਨਾਮ ਦਿੱਤਾ ਜਾਊ। ਸਾਡੇ ਆਲੇ ਸੂਰਮੇ ਜਾ ਪੇਸ਼ ਹੋਏ। ਰਾਜਾ ਉਨ੍ਹਾਂ ਦੇ ਅੱਗੇ-ਪਿੱਛੇ, ਉਤੇ-ਹੇਠਾਂ ਦੇਖੀ ਜਾਵੇ, ਨਾਲੇ ਸੋਚੀ ਜਾਵੇ ਵਈ ਆਹ ਚਿੱਬ-ਖੜਿੱਬੇ ਜਏ ਦੇਗੇ ਦੱਖੂ-ਦਾਣਾ। ਲੈ ਵਈ ਮਛਟਰਾ ਰਾਜਾ ਜ਼ੁਬਾਨ ਦਾ ਪੱਕਾ ਸੀ। ਉਨ੍ਹੇਂ ਭਲੇਮਾਣਸਾਂ ਨੂੰ ਆਖਿਆ ਵੀ ਕੁੱਝ ਨਾ, ਇਨਾਮ ਵੀ ਦਿੱਤਾ ਤੇ ਕਲਸ ਵੀ ਉਨ੍ਹਾਂ ਕੋਲ ਈ ਰਹਿਣ ਦਿੱਤਾ। ਰਾਜੇ ਨੇ ਸਾਰੀ ਰਾਮ ਘਾਣੀ ਜਾ ਸੁਣਾਈ ਵੱਡੇ ਲਾਟ ਸਾਬ੍ਹ ਨੂੰ ਵਈ ਕੌਮ ਬੜੀ ਖਤਰਨਾਕ ਆ। ਲਾਟ ਸਾਬ੍ਹ ਨੇ ਉਸੇ ਟੈਮ ਕੌਮ ’ਤੇ ਪਾਬੰਦ ਲਾਤੀ। ਕਰਨੀ ਦੋ ਬੰਦਿਆਂ ਦੀ, ਸਜ਼ਾ ਸਾਰੀ ਕੌਮ ਨੂੰ। ਬੱਸ ਜੀ ਉਦੋਂ ਲੱਗੀ ਫਿਰ ਕੌਮ ’ਤੇ ਪਾਬੰਦੀ।’’
    – ਤਾਇਆ ਸਿਆਂ! ਆਂਏ ਈ ਹੁੰਦਾ।’’ ਮੈਂ ਗੋਲ-ਮੋਲ ਜਿਹਾ ਜੁਆਬ ਦਿੱਤਾ। ਉਂਝ ਮੇਰਾ ਜੀਅ ਕੀਤਾ ਸੀ ਕਿ ਆਤੂ ਨੂੰ ਆਖਾਂ, ‘‘ਬੀਬੀ ਮਾਰੀ ਤਾਂ ਦੋ ਬੰਦਿਆਂ ਨੇ ਸੀ, ਸਜ਼ਾ ਸਾਰੀ ਕੌਮ ਨੂੰ ਭੁਗਤਣੀ ਪਈ।’’ ਪਰ ਮੈਂ ਚੁੱਪ ਹੀ ਰਿਹਾ।
    – ਪਰ ਏਹ ਨਸਾਫ਼ ਆਲੀ ਤਾਂ ਗੱਲ ਹੈਨੀ ਸੀ। ਗੋਰੇ ਦੀ ਲਾਈ ਪਾਬੰਦ ’ਜ਼ਾਦੀ ਮਿਲਣ ਤੋਂ ਬਾਅਦ ਵੀ ਪੰਜ ਸਾਲ ਲੱਗੀ ਰਈ।’’
    – ਹਾਂ! ਹਾਅੋ….।’’ ਮੈਨੂੰ ਪਤਾ ਨਾ ਲੱਗਾ, ਮੈਂ ਆਪਣੀ ਹੀ ਗੱਲ ਦਾ ਜੁਆਬ ਦਿੱਤਾ ਸੀ ਕਿ ਆਤੂ ਦੀ ਗੱਲ ਦਾ।
    – ਇਨਸਾਫ਼ ਹੈ ਕਿਥੇ?’’ ਮੇਰੇ ਅੰਦਰੋਂ ਆਪ ਮੁਹਾਰੇ ਠੰਡਾ ਹਉਕਾ ਨਿਕਲ ਗਿਆ। ਮੇਰੇ ਆਪਣੇ ਸਮੇਤ ਪੀਰਾਂ ਵਾਲੀ ਹਾਈ ਸਕੂਲ ਵਿਚ ਪੜ੍ਹਾਉਂਦੇ ਚਾਰ ਮਾਸਟਰਾਂ ਨਾਲ ਹੋਈ ਧੱਕੇਸ਼ਾਹੀ ਸਾਹਮਣੇ ਆ ਖਲੋਤੀ। ਅਸੀਂ ਨਵੇਂ-ਨਵੇਂ ਭਰਤੀ ਹੋਏ ਚਾਰਾਂ ਹੀ ਮਾਸਟਰਾਂ ਨੇ ਦਿਨ-ਰਾਤ ਮਿਹਨਤ ਕਰਕੇ ਸਕੂਲ ਨੂੰ ਨੰਬਰ ਇਕ ’ਤੇ ਲੈ ਆਂਦਾ ਸੀ। ਸਾਡੀ ਦੇਖਾ-ਦੇਖੀ ਕੁਝ ਹੋਰ ਅਧਿਆਪਕ ਵੀ ਮਿਹਨਤ ਕਰਨ ਲੱਗੇ ਸਨ। ਲੋਕਾਂ ਨੇ ਨੇੜੇ-ਤੇੜੇ ਚਾਹ-ਗੁੜ ਦੀਆਂ ਦੁਕਾਨਾਂ ਵਾਂਗ ਖੁਲ੍ਹੇ ਪ੍ਰਾਈਵੇਟ ਸਕੂਲਾਂ ’ਚੋਂ ਜੁਆਕ ਹਟਾ ਕੇ ਸਰਕਾਰੀ ਸਕੂਲ ਵਿਚ ਦਾਖਲ ਕਰਵਾ ਦਿੱਤੇ ਸਨ। ਸਾਡੇ ਈ ਸਕੂਲ ਪੜ੍ਹਾਉਂਦੇ ਮਾਸਟਰ ਗੁਲਵੰਤ ਸਿੰਘ ਉਰਫ ਗਿੱਲ ਸਾਹਬ ਨੂੰ ਇਸਦੀ ਬੜੀ ਤਕਲੀਫ ਸੀ। ਇਸ ਤਕਲੀਫ ਦੇ ਛੋਟੇ-ਛੋਟੇ ਕਾਰਨ ਤਾਂ ਹੋਰ ਵੀ ਸਨ ਪਰ ਵੱਡਾ ਕਾਰਨ ਇਹ ਸੀ ਕਿ ਉਸਦੀ ਬਾਰਾਂ ਜਮਾਤਾਂ ਪਾਸ ਘਰ ਵਾਲੀ ਵੱਲੋਂ ਪੰਜ-ਸੱਤ ਮੈਟਿ੍ਰਕ ਪਾਸ ਕਰੀ ਬੈਠੀਆਂ ਕੁੜੀਆਂ ਰੱਖਕੇ, ਸਾਡੇ ਸਕੂਲ ਦੇ ਨੇੜੇ ਹੀ ‘‘ਗੁਰੂ ਨਾਨਕ ਪਬਲਿਕ ਮਾਡਲ ਸਕੂਲ’’ ਚਲਾਇਆ ਜਾ ਰਿਹਾ ਸੀ। ਸਾਡੀ ਮਿਹਨਤ ਸਦਕਾ ‘‘ਗਿੱਲ ਸੈ੍ਹਬਣੀ’’ ਦੇ ਸਕੂਲ ਵਿਚ ਭਾਂ-ਭਾਂ ਹੋਣ ਲੱਗੀ ਸੀ। ਸਾਨੂੰ ਆਪਣੀ ਮਿਹਨਤ ’ਤੇ ਮਾਣ ਸੀ। ਅਸੀਂ ਸਾਰੀ ਛੁੱਟੀ ਤੋਂ ਬਾਅਦ ਚੌੜੇ ਹੋ-ਹੋ ਕੇ ਸਾਈਕਲਾਂ ਸਕੂਟਰਾਂ ’ਤੇ ਘਰਾਂ ਨੂੰ ਜਾਂਦੇ। ਸਾਡਾ ਮਾਣ ਉਸ ਦਿਨ ਕੱਚ ਵਾਂਗ ਤਿੜਕ ਗਿਆ ਸੀ ਜਿਸ ਦਿਨ ਪ੍ਰਬੰਧਕੀ ਆਧਾਰ ’ਤੇ ਹੋਈਆਂ ਬਦਲੀਆਂ ਦੇ ਆਰਡਰ ਹੈਡਮਾਸਟਰ ਨੇ ਸਾਡੇ ਹੱਥਾਂ ਵਿਚ ਫੜਾ ਦਿੱਤੇ ਸਨ। ਪਰਾਂਹ ਟਾਹਲੀ ਥੱਲੇ ਖੜ੍ਹੇ ‘ਗਿੱਲ ਸਾਹਬ’ ਦੀਆਂ ਕਰੜ-ਬਰੜੀਆਂ ਚੂਹੇ ਦੀ ਪੂਛ ਵਰਗੀਆਂ ਮੁੱਛਾਂ ਖਚਰੀ ਹਾਸੀ ਹੱਸਦੀਆਂ ਸਨ। ਅਸੀਂ ਬਦਲੀ ਦਾ ਕਾਰਨ ਜਾਨਣ ਲਈ ਡੀ.ਈ.ਓ. ਦਫਤਰ ਜਾ ਵੱਜੇ। ਸਾਡੇ ਚਾਰਾਂ ’ਤੇ ਸਕੂਲ ਵਿਚ ਸ਼ਰਾਬ ਪੀਣ, ਲੜਕੀਆਂ ਨੂੰ ਗੁੰਮਰਾਹ ਕਰਨ ਅਤੇ ਮਾਸਟਰਣੀਆਂ ਨੂੰ ਅਸ਼ਲੀਲ ਇਸ਼ਾਰੇ ਕਰਨ ਦਾ ਦੋਸ਼ ਲਾਇਆ ਗਿਆ ਸੀ। ਸਾਡੇ ਖਿਲਾਫ ਦਰਖਾਸਤ ਵੀ ਪਿੰਡ ਦੀ ਪੰਚਾਇਤ ਵੱਲੋਂ ਸੀ। ਹਿਸਾਬ ਵਾਲਾ ਮਹਿੰਦਰ ਸਿੰਘ ਤਾਂ ਹੁਬਕੀਂ-ਹੁਬਕੀਂ ਰੋਣ ਲੱਗ ਗਿਆ ਸੀ। ਇਸ ਸ਼ਿਕਾਇਤ ’ਤੇ ਉੱਚ ਅਧਿਕਾਰੀ ਵੱਲੋਂ ਸਕੂਲ ਵਿਚ ਜਾ ਕੇ ਕੀਤੀ ਇਨਕੁਆਰੀ ਦੀ ਰਿਪੋਰਟ ਵੀ ਦਰਜ ਸੀ, ਜਿਸਨੇ ਇਸ ਸ਼ਿਕਾਇਤ ਦੀ ਪੁਸ਼ਟੀ ਕੀਤੀ ਸੀ। ਅਸੀਂ ਹੈਰਾਨ ਰਹਿ ਗਏ। ਇਹ ਇਨਕੁਆਰੀ ਹੋਈ ਕਦੋਂ? ਇਹ ਘਟਨਾ ਚੇਤੇ ਆਉਂਦਿਆਂ ਹੀ ਮੂੰਹ ਕੁੜੱਤਣ ਨਾਲ ਭਰ ਗਿਆ ਜਿਵੇਂ ਕੁਨੈਣ ਪੀਤੀ ਹੋਵੇ। ਮੈਂ ਬੋਤਲ ਚੁੱਕੀ, ਮੂੰਹ ’ਤੇ ਲੱਗਾ ਗੁੱਲ ਬਾਹਰ ਖਿੱਚਿਆ ਤੇ ਦੂਰ ਵਗਾਹ ਮਾਰਿਆ। ਜਿਵੇਂ ਗਿੱਲ ਮਾਸਟਰ ਦੇ ਮੂੰਹ ’ਤੇ ਮਾਰਿਆ ਹੋਵੇ।
    – ਲੈ ਤਾਇਆ, ਨਬੇੜੀਏ ਕੰਮ!’’ ਮੈਂ ਬਾਕੀ ਬਚਦੀ ਸ਼ਰਾਬ ਦੋਵਾਂ ਗਿਲਾਸੀਆਂ ਵਿਚ ਪਾ ਕੇ ਬੋਤਲ ਟਿੱਬੇ ਵੱਲ ਵਗਾਹ ਦਿੱਤੀ। ਆਤੂ ਨੇ ਵੀ ਹੁਣ ਕੋਈ ਨਾਂਹ-ਨੁੱਕਰ ਨਹੀਂ ਸੀ ਕੀਤੀ, ਸ਼ਾਇਦ ਪਹਿਲਾਂ ਪੀਤੀ ਦੇ ਸਰੂਰ ਵਿਚ ਹੀ। ਮੈਂ ਕੱਪੀ ਨਾਲ ਥੋੜ੍ਹਾ-ਥੋੜ੍ਹਾ ਪਾਣੀ ਦੋਵਾਂ ਗਿਲਾਸੀਆਂ ਵਿਚ ਪਾਇਆ। ਆਤੂ ਨੇ ਅੱਧੀ ਗਿਲਸੀ ਚਾੜ੍ਹਕੇ ਬਾਕੀ ਵੱਟ ’ਤੇ ਰੱਖ ਦਿੱਤੀ।
    – ਤਾਇਆ! ਬੰਦਾ ਕਾਹਨੂੰ ਬੁੱਢਾ ਹੁੰਦਾ, ਬੰਦੇ ਨੂੰ ਤਾਂ ਬੱਸ ਐਧਰ-ਉਧਰ ਦੀਆਂ ਸੱਟਾਂ ਬੁੱਢਾ ਕਰਦੀਆਂ।’’ ਮੈਂ ਆਵਦੇ ਵੱਲੋਂ ‘ਇਧਰ-ਉਧਰ’ ਦੀਆਂ ਬੇਇਨਸਾਫੀਆਂ ਕਹਿਣਾ ਸੀ ਪਰ ਪਤਾ ਨਹੀਂ ਕਿਉਂ ਮੈਥੋਂ ‘ਇਧਰ-ਉਧਰ’ ਦੀਆਂ ਸੱਟਾਂ ਕਹਿ ਹੋ ਗਿਆ ਸੀ। ਮੈਨੂੰ ਆਪਣੇ ਨਾਲ ਹੋਈ ਬੇਇਨਸਾਫੀ ਅੰਦਰੋਂ-ਅੰਦਰੀਂ ਵੱਢਦੀ ਰਹਿੰਦੀ ਸੀ। ਅਸੀਂ ਇਸ ਬੇਇਨਸਾਫੀ ਦੇ ਖਿਲਾਫ ਡੀ.ਪੀ.ਆਈ. ਦਫਤਰ, ਸੈਕਟਰੀਏਟ ਅਤੇ ਮੰਤਰੀ ਦੇ ਘਰ ਦੀਆਂ ਪੌੜੀਆਂ ਚੜ੍ਹਦੇ ਉਤਰਦੇ ਰਹੇ, ਪਰ ਇਨਸਾਫ਼ ਕਿਤੋਂ ਨਹੀਂ ਸੀ ਮਿਲਿਆ। ਵਾਹ ਨਾ ਚਲਦੀ ਵੇਖ ਅਸੀਂ ਚਾਰਾਂ ਨੇ ਹੀ ਨਵੇਂ ਸਕੂਲ ਵਿਚ ਜੁਆਇਨ ਕਰ ਲਿਆ ਸੀ।     
    – ਮਛਟਰਾ! ਤੀਹ ਸਾਲ ਨੀ ਸੀ ਮਰਦਾ ਹਜੇ ਮੈਂ। ਜਮਦੂਤ ਲੈਣ ਵੀ ਆਉਂਦੇ, ਸਾਲਿਆਂ ਨੂੰ ਡਾਂਗਾਂ ਮਾਰ-ਮਾਰ ਮੋੜ ਦੇਣਾ ਸੀ ਪਰ ਧੀਆਂ ਦਾ ਦੁੱਖ ਬੁਰਾ, ਏਹ ਲੈ ਬੈਠਾ। ਏਹਨੇ ਅੰਦਰੋਂ-ਅੰਦਰੀਂ ਖੋਰਤਾ ਲੂਣ ਦੀ ਡਲੀ ਵਾਂਗੂੰ। ਰੱਬ ਨੇ ਪੁੱਤ ਦਿੱਤਾ ਕੋਈ ਨਾ, ਸੋਚਿਆ ਜਵਾਈ ਪੁੱਤਾਂ ਵਰਗੇ ਈ ਹੁੰਦੇ। ਧੀ ਦੇ ਕੇ ਪੁੱਤ ਬਣਾਈ ਦੇ। ਰੱਬ ਦੀ ਕੈਸੀ ਮਰਜ਼ੀ… ਦੋ ਧੀਆਂ, ਔਖੋ ਹੋ ਕੇ ਵਿਆਹੀਆਂ, ਦੋਵੇਂ ਈ ਬਾਪ ਦੇ ਬੂਹੇ ਆ ਬੈਠੀਆਂ।’’ ਅੱਥਰੂ ਆਤੂ ਦੀਆਂ ਅੱਖਾਂ ਵਿਚੋਂ ਨਿਕਲਕੇ ਉਸਦੀ ਵਿਰਲੀ-ਵਿਰਲੀ ਤੇ ਖੋਦੀ ਜਿਹੀ ਦਾੜ੍ਹੀ ਵਿਚ ਗੁਆਚ ਗਏ।
    – ਮਛਟਰਾ! ਪੂਰੇ ਪੱਚੀ ਸਾਲ ਐਨ੍ਹਾਂ ਬੁੱਢੇ ਹੱਡਾਂ ਨਾਲ ਮਿਹਨਤ ਕਰਕੇ ਦੋਵੇਂ ਧੀਆਂ ਦੇ ਜੀਅ-ਜੰਤ ਨੂੰ ਪਾਲਿਆ। ਜਿੰਨਾ ਚਿਰ ਵਿਧਵਾ ਧੀਆਂ ਦੀ ਕਬੀਲਦਾਰੀ ਨੀ ਕਿਉਂਟੀ ਗਈ, ਡੋਲਣ ਨੀ ਦਿੱਤਾ ਆਪਣੇ ਆਪ ਨੂੰ, ਪਰ ਹੁਣ?… ਹੁਣ ਬੱਸ ਹੋਗੀ। ਮਛਟਰਾ, ਕੀ ਦੱਸਾਂ? ਧੀਆਂ ਦੇ ਦੁੱਖ ਬੁਰੇ।’’
    – ਤਾਇਆ… ਰੱਬ ਨੂੰ ਕੌਣ ਆਖੇ ਇਉਂ ਨੀ ਇਉਂ ਕਰ।’’ ਮੈਨੂੰ ਸਮਝ ਨਹੀਂ ਸੀ ਆਈ ਕਿ ਆਤੂ ਨਾਲ ਕਿਹੜੇ ਸ਼ਬਦਾਂ ਦੁਆਰਾ ਹਮਦਰਦੀ ਪ੍ਰਗਟਾਈ ਜਾਏ।
    – ਮਛਟਰਾ ! ਵੱਡੀ ਕੁੜੀ ਦੇ ਘਰ ਆਲਾ, ਮੋਟਰ ਲਾਰੀ ਦੇ ਐਕਸੀਡੰਟ ’ਚ ਪੂਰਾ ਹੋ ਗਿਆ। ਮੈਂ ਸਬਰ ਕਰ ਲਿਆ, ਚਲੋ ਕੁਜ਼ਰਤ ਦੀ ਮਰਜ਼ੀ। ਛੋਟੀ ਤਾਂ ਸਮਝ ਲੈ ਆਵਦੇ ਹੱਥੀਂ ਰੰਡੀ ਕੀਤੀ।’’ ਆਤੂ ਨੇ ਗਿਲਾਸੀ ਮੂੰਹ ਨੂੰ ਲਾ ਲਈ।
    – ਆਵਦੇ ਹੱਥੀਂ……..?’’
    – ਹਾਂਅ………. ਆਵਦੇ ਹੱਥੀਂ!’’
    – ਆਵਦੇ ਹੱਥੀਂ?’’
    – ਬਸ ਕਿਸਬ ਈ ਵੈਰੀ ਬਣ ਖਲੋਤਾ…।’’ ਆਤੂ ਖਿਲਾਅ ਵਿਚ ਦੇਖਣ ਲੱਗਾ ਜਿਵੇਂ ਬੀਤੀਆਂ ਘਟਨਾਵਾਂ ਦੀਆਂ ਤੰਦਾਂ ਫੜ ਰਿਹਾ ਹੋਵੇ।
    – ਤਾਇਆ ਪੂਰੀ ਗੱਲ ਦੱਸ… ਮਨ ਹੌਲਾ ਹੋਜੂ।’’ ਮੈਂ ਆਤੂ ਦੇ ਰਿਸਦੇ ਜ਼ਖਮ ’ਚੋਂ ਪੱਸ ਕੱਢ ਦੇਣ ਦੀ ਨੀਅਤ ਨਾਲ ਪੁੱਛਿਆ। ਮੈਂ ਸੋਚਿਆ, ਇਸ ਨਾਲ ਆਤੂ ਨੂੰ ਆਰਾਮ ਮਿਲਣਾ ਸੀ।
    ਆਤੂ ਨੇ ਦੋ-ਤਿੰਨ ਲੰਮੇ ਹਉਕੇ ਭਰੇ।
    – ਮਛਟਰਾ! ਵਖਤ-ਵਖਤ ਦੀਆਂ ਗੱਲਾਂ ਹੁੰਦੀਆਂ। ਕੋਈ ਟੈਮ ਆ, ਆਤੂ ਤੇਰੇ ਸਾਹਮਣੇ ਰਿੱਗੀ ਢਾਹੀ ਬੈਠਾ, ਕੋਈ ਟੈਮ ਸੀ ਏਹੀ ਆਤੂ ਸੌ-ਸੌ ਕੋਹ ਤਕ ਮਸ਼ਹੂਰ ਸੀ। ਤੂੰ ਤਾਂ ਹਜੇ ਕੱਲ ਜੰਮਿਆਂ। ਤੇਰਾ ਪਿਉ ਵੀ ਮੈਂ ਹੱਥੀਂ ਖਿਡਾਇਆ। ਤੈਨੂੰ ਕੀ ਪਤਾ ਆਤੂ ਖੋਜੀ ਬਾਰੇ। ਬਾਹਰਲੇ ਪਿੰਡਾਂ ਆਲੇ ਆਪਣੇ ਪਿੰਡ ਨੂੰ ਆਤੂ ਖੋਜੀ ਆਲਾ ਬੁੱਟਰ ਆਂਹਦੇ ਸੀ। ਮਾਰ ਬਠਿੰਡੇ-ਮਾਨਸੇ ਤੱਕ ਦੇ ਲੋਕ ਲਿਜਾਂਦੇ ਸੀ, ਪੈੜ ਕਢਵਾਉਣ ਵਾਸਤੇ।’’ ਆਤੂ ਉਠਕੇ ਗੰਦਲ ਤੋੜਨ ਚਲਾ ਗਿਆ। ਭਾਵੇਂ ਉਹ ਮੇਰੀ ਸੁਰਤ ਤੋਂ ਪਹਿਲਾਂ ਹੀ ਖੋਜਪੁਣੇ ਦਾ ਕੰਮ ਛੱਡ ਚੁੱਕਾ ਸੀ ਪਰ ਉਸਦੇ ਇਕ ਮੰਨਿਆ ਦੰਨਿਆ ਖੋਜੀ ਰਿਹਾ ਹੋਣ ਬਾਰੇ ਮੈਨੂੰ ਪਤਾ ਸੀ। ਆਤੂ ਨੂੰ ਪਿੰਡ ਦੇ ਲੋਕ ਅਜੇ ਵੀ ਆਤੂ ਖੋਜੀ ਹੀ ਆਖਦੇ। ਆਤੂ ਬਾਰੇ ਮਸ਼ਹੂਰ ਸੀ ਕਿ ਚੋਰੀ ਦੇ ਜਿਸ ਮਾਮਲੇ ਦੀ ਪੈੜ ਕੱਢਣ ਦਾ ਕੰਮ ਆਪਣੇ ਹੱਥ ਲੈ ਲੈਂਦਾ ਸੀ, ਚੋਰ ਫੜੇ ਜਾਣ ਦੇ ਡਰੋਂ ਰਾਤ-ਬਰਾਤੇ ਚੋਰੀ ਕੀਤੇ ਸਾਮਾਨ ਮਾਲਕਾਂ ਘਰ ਸੁੱਟ ਜਾਂਦਾ ਸੀ। ਕਈ ਤਾਂ ਗਿੜਗਿੜਾ ਕੇ ਘਰ ਵਾਲਿਆਂ ਤੋਂ ਜਾਨ ਬਖਸ਼ੀ ਕਰਵਾ ਲੈਂਦੇ ਸਨ। ਮੈਂ ਇਹ ਵੀ ਸੁਣਿਆ ਸੀ ਕਿ ਜਿੱਥੇ ਦੂਜੇ ਖੋਜੀ ਕਈ ਵਾਰ ਚੋਰਾਂ ਨਾਲ ਰਲ ਜਾਂਦੇ ਸਨ ਉੱਥੇ ਆਤੂ ਅਜਿਹਾ ਨਹੀਂ ਸੀ ਕਰਦਾ। ਬਾਪੂ ਦੱਸਦਾ ਹੁੰਦਾ ਸੀ ਕਿ ਆਤੂ ਖੋਜੀ ਦੇ ਨਾਂਅ ਤੋਂ ਹੀ ਚੋਰ ਭੈਅ ਖਾਂਦੇ ਸਨ। ਇਲਾਕੇ ਦੇ ਪੱਕੇ ਚੋਰਾਂ ਪੈਸੇ ਦੇ ਕੇ ਆਤੂ ਨੂੰ ਆਪਣੇ ਨਾਲ ਗੰਢਣ ਦੀ ਕੋਸ਼ਿਸ਼ ਵੀ ਕੀਤੀ। ਫੇਰ ਵਾਹ ਨਾ ਚਲਦੀ ਵੇਖ ਆਤੂ ਨੂੰ ਮਾਰਨ ਦੀ ਚਾਲ ਚੱਲੀ ਪਰ ਚੰਗੀ ਕਿਸਮਤ ਨੂੰ ਆਤੂ ਬਚ ਗਿਆ।
    – ਮਛਟਰਾ! ਆਪਣੇ ਕਿਸਬ ਨੂੰ ਇਮਾਨਦਾਰੀ ਨਾਲ ਕਰਨਾ ਈ ਬੰਦੇ ਦਾ ਧਰਮ ਹੁੰਦਾ। ਜਿਮੇਂ ਤੂੰ ਮਛਟਰੀ ਕਰਦੈਂ, ਪੜ੍ਹਾਉਣਾ ਤੇਰਾ ਧਰਮ ਐ। ਬਾਜੇ-ਬਾਜੇ ਬੰਦੇ ਏਹ ਗੱਲ ਨੀ ਸਮਝਦੇ। ਆਹ ਸੂਰਜ ਮੱਥੇ ਲੱਗਦਾ, ਮੈਂ ਆਪਣੇ ਕਿਸਬ ਨੂੰ ਧਰਮ ਸਮਝਦਾ ਰਿਹਾਂ, ਏਸੇ ਕਰਕੇ ਛੋਟੀ ਕੁੜੀ ਬੂਹੇ ਬਹਾਈ।’’ ਆਪਣੀ ਗੱਲ ਦੇ ਹੁੰਗਾਰੇ ਲਈ ਆਤੂ ਗਹੁ ਨਾਲ ਮੇਰੀਆਂ ਅੱਖਾਂ ਵਿਚ ਝਾਕਿਆ। ਮੈਨੂੰ ਆਪਣੇ ਆਪ ’ਤੇ ਸ਼ਰਮ ਆਈ। ਮੈਂ ਤਲਵੰਡੀ ਆਪਣੇ ਹੁਣ ਵਾਲੇ ਸਕੂਲ ਪਹੁੰਚ ਗਿਆ ਸਾਂ। ਕਲਾਸ ਅੰਦਰ ਕੁਰਸੀ ਵਿਚ ਘੁਸਿਆ ਅਤੇ ਮੂਹਰਲੇ ਟੇਬਲ ’ਤੇ ਲੱਤਾਂ ਪਸਾਰੀ ਪਿਆ ਸਾਇੰਸ ਮਾਸਟਰ ਮੱਖਣ ਸਿੰਘ ਮਾਨ ਮੇਰੀਆਂ ਅੱਖਾਂ ਅੱਗੇ ਆ ਖੜੋਤਾ।
    – ਸੰਧੂ ਸੈਬ੍ਹ… ਐਸ਼ ਕਰਿਆ ਕਰੋ ਐਸ਼। ਐਏਂ ਨਾ ਮੱਥਾ ਮਾਰਿਆ ਕਰੋ ਕੋਟੇ ਆਲਿਆਂ ਨਾਲ…. ਇਹਨਾਂ ਪੜ੍ਹਕੇ ਆਪਣੇ ਹੈਡਮਾਸਟਰ ਵਾਂਗੂੰ ਆਪਣੇ ਜੁਆਕਾਂ ’ਤੇ ਈ ਅਫਸਰ ਆ ਲੱਗਣਾ। ਆਪਣੇ ਐਕਸ਼ਨ ਦਾ ਉਲਟਾ ਰੀਐਕਸ਼ਨ ਹੋਣਾ। ਸੁਣਿਆ ਨੀ, ਐਕਸ਼ਨ ਐਂਡ ਰੀਐਕਸ਼ਨ ਆਰ ਈਕੁਅਲ ਐਂਡ ਆਪੋਜ਼ਿਟ। ਇਹ ਸਾਲਾ ਚੀਂਗਰਪੋਟ ਅਨਪੜ੍ਹ ਈ ਠੀਕ ਹੈ। ਨਾ ਪੜ੍ਹਨ ਨਾ ਕੁਰਸੀਆਂ ਸਾਂਭਣ। ਕੀ ਖਿਆਲ?’’ ਮਾਸਟਰ ਮਾਨ ਹੱਥ ’ਤੇ ਹੱਥ ਮਾਰ ਹੱਸਿਆ, ਜਿਵੇਂ ਸਾਰੇ ਸਿੱਖਿਆ ਢਾਂਚੇ ਨੂੰ ਦੰਦੀਆਂ ਚਿੜਾ ਰਿਹਾ ਹੋਵੇ। ਮੈਂ ਉਸਦੀ ਗੱਲ ਅਣਸੁਣੀ ਕਰਕੇ ਤੁਰ ਪਿਆ ਸਾਂ।
    – ਇਕ ਤਾਂ ਇਹਨਾਂ ਨੂੰ ਕਾਮਰੇਟੀ ਨੀ ਟਿਕਣ ਦਿੰਦੀ…।’’ ਆਵਦੇ ਵੱਲੋਂ ਉਸਨੇ ਮੈਨੂੰ ਭੱਦੀ ਗਾਹਲ ਕੱਢੀ ਸੀ।
    – ਸੁਣਦੈਂ?’’ ਆਤੂ ਦੀ ਆਵਾਜ਼ ਨੇ ਮੈਨੂੰ ਨੀਂਦ ’ਚੋਂ ਕੱਢ ਲਿਆਂਦਾ।
    – ਹਾਂਅ!’’
    – ਕੀ ਆਖਿਆ ਭਲਾ?’’ ਆਤੂ ਨੂੰ ਲੱਗਾ ਸੀ ਜਿਵੇਂ ਮੈਂ ਉਸਦੀ ਗੱਲ ਧਿਆਨ ਨਾਲ ਸੁਣ ਨਹੀਂ ਸੀ ਰਿਹਾ।
    – ਏਹੀ ਕਿ ਆਪਣੇ ਕਿਸਬ ਨੂੰ ਇਮਾਨਦਾਰੀ ਨਾਲ ਕਰਨਾ ਈ ਬੰਦੇ ਦਾ ਅਸਲੀ ਧਰਮ ਹੁੰਦਾ। ਏਸ ਧਰਮ ਨੂੰ ਨਿਭਾਉਣ ਲਈ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ।’’ ਮੇਰੇ ਜੁਆਬ ਨਾਲ ਆਤੂ ਸੰਤੁਸ਼ਟ ਹੋ ਗਿਆ ਸੀ।
    – ਮਛਟਰਾ! ਮਾੜਾ ਜਿਹਾ ਧਰਮ ਛੱਡਣ ਦੀ ਲੋੜ ਸੀ, ਰੁਪਈਏ ਭਮੇ ਫਹੁੜੀ ਨਾਲ ਕੱਠੇ ਕਰ ਲੈਂਦਾ। ਨਹੀਂ ਛੱਡਿਆ। ਮਛਟਰਾ, ਧਰਮ ਨੀ ਛੱਡਿਆ ਮੈਂ। ਧੀ ਜਰੂਰ ਬੂਹੇ ਬਹਾਲੀ ਪਰ ਧਰਮ ਨੀ ਛੱਡਿਆ ਆਤੂ ਖੋਜੀ ਨੇ।’’ ਨਸ਼ਾ ਆਤੂ ਦੇ ਸਿਰ ਉਤੋਂ ਦੀ ਹੋ ਗਿਆ ਸੀ ਜਾਂ ਫਿਰ ਯਾਦਾਂ ਨੇ ਹੀ ਆਤੂ ਨੂੰ ਬੌਰਾ ਕਰ ਦਿੱਤਾ ਸੀ।
    – ਹੱਲੂ ਪੱਤੀ ਆਲੇ ਜੂੰ-ਖਾਣੇ ਲੱਭੂ ਨੂੰ ਜਾਣਦੈਂ?’’
    – ਜਾਣਦਾਂ!’’
    – ਏਹਨਾਂ ਦਾ ਬੁੜ੍ਹਾ ਹੁੰਦਾ ਸੀ ਨੌਹਰੀਆ। ਬੜਾ ਔਂਤਰਾ ਬੁੜ੍ਹਾ ਸੀ। ਕੰਜਰ ਨੇ ਗਰੀਬ-ਗੁਰਬੇ ਨੂੰ ਦਾਸਾ-ਬੀਸਾ ਦੇ ਕੇ ਵਹੀ ’ਤੇ ਗੂੰਠਾ ਲਵਾ ਲੈਣਾਂ। ਵਿਆਜ ਲਾ ਕੇ ਡੂਢਾ-ਸਵਾਇਆ ਕਰੀ ਜਾਣਾਂ। ਰੱਤ ਚੂਸ ਲੈਂਦਾ ਸੀ ਅਗਲੇ ਦੀ। ਏਹਨਾਂ ਦੇ ਸੀਰੀ ਹੁੰਦਾ ਸੀ ਗੁੱਦੜ ਮਜ੍ਹਬੀ। ਕੇਰਾਂ ਵਿਚਾਰੇ ਦੀ ਘਰਵਾਲੀ ਬਿਮਾਰ-ਠਮਾਰ ਹੋਗੀ। ਉਸਨੂੰ ਦਾਸਾ-ਬੀਸਾ ਫੜਨਾ ਪੈ ਗਿਆ ਜੂੰ-ਖਾਣੀਏਂ ਤੋਂ। ਏਹਨੇ ਵਿਆਜ ਤੇ ਵਿਆਜ, ਵਿਆਜ ਤੇ ਵਿਆਜ ਲਾ ਕੇ ਬਣਾ ਧਰੀ ਰਕਮ। ਗੁੱਦੜ ਵਿਚਾਰੇ ਤੋਂ ਦੇ ਕਿੱਥੋਂ ਹੋਣੇ ਸੀ। ਨੌਹਰੀਏ ਨੇ ਏਸੇ ਰਕਮ ਦੇ ਵੱਟੇ ਗੁੱਦੜ ਦੀ ਸੱਜਰ ਸੂਈ ਝੋਟੀ ਕਿੱਲੇ ਤੋਂ ਖੋਹਲ ਲੀ। ਵਿਚਾਰੇ ਗਰੀਬ ਦੇ ਢਿੱਡ ’ਤੇ ਲੱਤ ਮਾਰੀ।’’
    – ਹੱਤ ਤੇਰੇ….।’’ ਮੈਂ ਨੌਹਰੀਆ ਬੁੜ੍ਹਾ ਦੇਖਿਆ ਨਹੀਂ ਸੀ ਪਰ ਉਸਦੀ ਥਾਵੇਂ ਗਿੱਲ ਮਾਸਟਰ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਗਿਆ।
    – ਮਛਟਰਾ! ਕਰਨੀ ਰੱਬ ਦੀ, ਜੂੰ-ਖਾਣਿਆਂ ਦੇ ਕਿੱਲੇ ਤੋਂ ਚੋਰ ਰਾਤ-ਬਰਾਤੇ ਝੋਟੀ ਖੋਹਲਣ ਆ ਪਿਆ। ਨੌਹਰੀਏ ਕਾ ਬਿਮਾਰੀ ਖਾਧਾ ਬੁੜ੍ਹਾ ਪਿਆ ਸੀ ਪਸ਼ੂਆਂ ਦੀ ਰਾਖੀ। ਮਾੜੀ ਕਿਸਮਤ, ਉਹਨੂੰ ਕਿਤੇ ਜਾਗ ਆਗੀ। ਉਹਨੇ ਚੋਰ ਨੂੰ ਪਿੱਛੋਂ ਜੱਫਾ ਮਾਰ ਲਿਆ। ਅੱਗਿਉਂ ਚੋਰ ਸੀ ਮੁੰਡਾ-ਖੁੰਡਾ, ਉਹਨੇ ਬੁੜ੍ਹੇ ਨੂੰ ਭੂਆਂ ਮਾਰਿਆ। ਬੁੜ੍ਹਾ ਕਿਤੇ ਰੌਲਾ ਨਾ ਪਾ ਦੇਵੇ ਚੋਰ ਨੇ ਗੋਹਾ ਹਟਾਉਣ ਵਾਲਾ ਫਹੁੜਾ ਬੁੜ੍ਹੇ ਦੇ ਸਿਰ ’ਚ ਟਿਕਾਤਾ। ਬੁੜ੍ਹਾ ਤਾਂ ਰੇਲ ਦੇ ਕੰਨ ਆਂਗੂੰ ਉਥੇ ਹੀ ਟੇਢਾ ਹੋ ਗਿਆ। ਚੋਰ ਲੈ ਗਿਆ ਕੱਟਰੂ ਸਣੇ ਝੋਟੀ ਖੋਹਲ ਕੇ। ’’
    – ਸੁਆਦ ਆ ਗਿਆ!’’ ਮੈਨੂੰ ਅਥਾਹ ਖੁਸ਼ੀ ਹੋਈ। ਬਿਲਕੁਲ ਉਸੇ ਤਰ੍ਹਾਂ ਦੀ ਖੁਸ਼ੀ ਜਿਹੋ ਜਿਹੀ ਮਾਸਟਰ ਮੱਖਣ ਸਿੰਘ ਮਾਨ ਦੇ ਫਰਜ਼ੰਦ ਦੇ ਪ੍ਰੈਪ ਵਿਚੋਂ ਲਗਾਤਾਰ ਦੂਜੀ ਵਾਰ ਫੇਹਲ ਹੋ ਜਾਣ ਬਾਰੇ ਪਤਾ ਲੱਗਣ ’ਤੇ ਹੋਈ ਸੀ। ਮਾਨ ਮਾਸਟਰ ਆਪਣੇ ਇਸ ਫਰਜ਼ੰਦ ਨੂੰ ਡਾਕਟਰ ਬਣਾਉਣ ਦੇ ਸੁਪਨੇ ਲੈਂਦਾ ਰਹਿੰਦਾ ਸੀ।
    – ਲਉ ਜੀ, ਦੁਪਹਿਰ ਨੂੰ ਥਾਣਾ ਚੜ੍ਹਕੇ ਆ ਗਿਆ। ਚੋਰੀ ਤੋਂ ਵਧਕੇ ਮਾਮਲਾ ਕਤਲ ਅਤੇ ਡਾਕੇ ਦਾ ਬਣ ਗਿਆ। ਸਪ੍ਹਾਟਿਆਂ ਨੇ ਖੋਜੀ ਕੁੱਤੇ ਲਿਆਂਦੇ। ਉਨ੍ਹਾਂ ਇਧਰ-ਉਧਰ ਨੱਕ-ਮੂੰਹ ਮਾਰਿਆ। ਪੈੜਾਂ ਸੁੰਘਦੇ ਥੋੜ੍ਹੀ ਦੂਰ ਗਏ ਤੇ ਪਿੰਡ ਆਲੇ ਟਿੱਬਿਆਂ ’ਚ ਜਾ ਕੇ ਬਹਿਗੇ। ਅਗਾਂਹ ਤੁਰਨ ਈ ਨਾ। ਸਪ੍ਹਾਟੇ ਤੇ ਥਾਣੇਦਾਰ ਸਿਰ ਫੇਰ ਗਏ। ਜਾਣ ਤਾਂ ਕਿਧਰ ਜਾਣ? ਫੇਰ, ਜੂੰ-ਖਾਣਿਆਂ, ਸਪ੍ਹਾਟਿਆਂ ਨੂੰ ਹੱਥ ਪੱਲਾ ਝਾੜਿਆ ਕੋਈ ਨਾ। ਉਨ੍ਹਾਂ ਕਾਗਤੀਂ-ਪੱਤਰੀਂ ਤਿੰਨ-ਪੰਜ ਕੀਤੀ ਤੇ ਤੁਰਗੇ। ਪਿੰਡ ਦੇ ਸਿਆਣੇ ਬੰਦਿਆਂ ਜੂੰ-ਖਾਣਿਆਂ ਨੂੰ ਰੈਅ ਦਿੱਤੀ, ਅਖੇ ਆਤੂ ਨੂੰ ਲਿਆਉ। ਉਹ ਕੱਢੂ ਖੁਰਾ ਖੋਜ। ਬੰਦੇ ‘ਕੱਠੇ ਹੋਕੇ ਮੇਰੇ ਕੋਲ ਆਗੇ। ਮੈਂ ਅੱਗੋਂ ਸਤਿ ਬਚਨ ਆਖ ਦਿੱਤਾ। ਤੈਨੂੰ ਪਤਾ ਸਾਡੀ ਕੌਮ ਗੁਰੂ ਗੁਸਾਂਈ ਨੂੰ ਬੜਾ ਮੰਨਦੀ ਆ। ਮੈਂ ਗੁਰੂ ਗੁਸਾਂਈ ਨੂੰ ਧਿਆਇਆ, ਮੱਥਾ ਟੇਕਿਆ ਤੇ ਜਾ ਪੈੜ ਨੱਪੀ।’’
    – ਖੋਜੀ ਨੂੰ ਪੈੜ ਦੀ ਪਛਾਣ ਕਿਵੇਂ ਆ ਜਾਂਦੀ?’’ ਮੈਂ ਪੁੱਛਿਆ।
    – ਮਛਟਰਾ ! ਜਿਵੇਂ ਤੁਸੀਂ ਜੁਆਕਾਂ ਦੀ ਲਿਖਾਈ ਪਛਾਣ ਲੈਨੇ ਓਂ, ਉਵੇਂ ਜਿਵੇਂ ਸਾਨੂੰ ਪੈੜ ਦੀ ਸਿਆਣ ਆ ਜਾਂਦੀ। ਕੁਜ਼ਰਤ ਵੱਲੋਂ ਕਿਸੇ ਬੰਦੇ ਦਾ ਪੈਰ ਦੂਜੇ ਬੰਦੇ ਦੇ ਪੈਰ ਨਾਲ ਨੀ ਰਲਦਾ। ਇਕ ਦੀ ਤੋਰ ਵੀ ਨਈਂ ਰਲਦੀ ਦੂਜੇ ਨਾਲ। ਕਿਸੇ ਦਾ ਪੈਰ ਲੰਮਾ ਹੁੰਦਾ ਕਿਸੇ ਦਾ ਮਧਰਾ। ਕੋਈ ਚਪਟਾ ਹੁੰਦਾ, ਕੋਈ ਡੂੰਘ ਆਲਾ। ਕਿਸੇ ਦੀਆਂ ਉਂਗਲਾਂ ਲੰਮੀਆਂ ਹੁੰਦੀਆਂ ਕਿਸੇ ਦੀਆਂ ਛੋਟੀਆਂ। ਕਿਸੇ ਦੇ ਪੈਰ ਦਾ ਅੰਗੂਠਾ ਮੋਟਾ ਹੁੰਦਾ ਕਿਸੇ ਦਾ ਪਤਲਾ। ਕਿਸੇ ਦੀ ਅੱਡੀ ਚੌੜੀ ਹੁੰਦੀ, ਚਾਪੜ ਅਰਗੀ। ਕਿਸੇ ਦੀ ਛੋਟੀ ਠੀਕਰੀ ਅਰਗੀ। ਇਵੇਂ ਤੋਰ ਦਾ ਹੁੰਦਾ। ਤੁਰਨ ਲੱਗੇ ਕਿਸੇ ਦਾ ਪੱਬ ਧਰਤੀ ’ਤੇ ਪੂਰਾ ਲੱਗਦਾ ਕਿਸੇ ਦਾ ਅੱਧਾ। ਕੋਈ ਉਂਗਲਾਂ ਦਬਾ ਕੇ ਤੁਰਦਾ ਤਾਂ ਕੋਈ ਅੱਡੀ ’ਤੇ ਜ਼ੋਰ ਦੇ ਕੇ। ਕਈਆਂ ਦੇ ਤੁਰਦਿਆਂ ਅੱਡੀ ਭੁੰਜੇ ਲਗਦੀ ਈ ਨ੍ਹੀ। ਕਈ ਟੇਢੇ ਰੋਕ ਪੈਰ ਚੱਕਦੈ ਕਈ……।’’
    – ਤਾਇਆ ਸਿਆਂ! ਤੂੰ ਪੈੜ ਜਾ ਨੱਪੀ, ਫੇਰ ਕੀ ਹੋਇਆ?’’ ਮੈਂ ਵਿਚਾਲਿਉਂ ਟੋਕ ਦਿੱਤਾ। ਮੈਨੂੰ ਲੱਗਾ ਪੈੜਾਂ ਦੀ ਤਫ਼ਸੀਲ ਦੱਸਦਾ ਆਤੂ ਕਿਤੇ ਸ਼ੁਰੂ ਕੀਤੀ ਤਵਾਰੀਖ ਹੀ ਭੁੱਲ ਨਾ ਜਾਵੇ।
    – ਭਤੀਜ ! ਮੈਂ ਪੈੜ ਫੜੀ ਤੇ ਹੋ ਲਿਆ ਪੈੜ ਦੇ ਮਗਰ। ਪਿੰਡ ਦੀ ਖਲਕਤ ਮੇਰੇ ਮਗਰ-ਮਗਰ। ਤੈਨੂੰ ਪਤਾ ਈਆ, ਤਮਾਸ਼ਾ ਦੇਖਣ ਵਾਲੇ ਭੂੰਡਾਂ ਦੀ ਖੱਖਰ ਆਂਗੂ ਆ ਜੁੜਦੇ। ਹੋ…ਹੋਅ ਕਰਦੀ ਮੁੰਡੀਹਰ ਮਗਰੇ ਤੁਰੀ ਆਵੇ। ਮੈਂ ਪੈੜ ਸਿਆਣਦਾ-ਸਿਆਣਦਾ ਲੈ ਆਇਆ ਗੱਜੂਪੁਰੇ ਬੁੱਟਰਾਂ ਤੋਂ ਪੰਜਵੇਂ ਪਿੰਡ। ਪਿੰਡ ’ਚ ਆ ਕੇ ਪੈੜ ਔਟਲ ਗੀ। ਮੈਂ ਜੂੰ-ਖਾਣੀਏ ਨੌਹਰੀਏ ਨੂੰ ਆਖਿਆ ਥੋਡਾ ਚੋਰ ਐਸੇ ਪਿੰਡ ਐ। ਥੋਡੀ ਮੱਝ ਐਦੂੰ ਗਾਂਹ ਨੀ ਗਈ। ਚੋਰ ਵੀ ਐਸ ਪਿੰਡ ਤੋਂ ਗਾਂਹ ਨੀ ਗਿਆ।’’
    – ਗੱਜੂਪੁਰੇ ਆ ਕੇ ਪੈੜ ਕਿਵੇਂ ਗੁਆਚਗੀ?’’ ਗੱਲ ਮੇਰੀ ਸਮਝੋਂ ਬਾਹਰ ਹੋ ਚੱਲੀ ਸੀ।
    – ਮਛਟਰਾ! ਚੋਰੀ ਆਲੀ ਗੱਲ ਨੂੰ ਤੀਆ ਦਿਨ ਹੋ ਗਿਆ ਸੀ। ਪਿੰਡ ’ਚ ਸੁਆਣੀਆਂ ਬਹੁਕਰ-ਬਹਾਰੀ ਕਰ ਦਿੰਦੀਆਂ। ਮਿਟ ਜਾਂਦੀਆਂ ਪੈੜਾਂ। ਬਾਕੀ ਪਿੰਡ ’ਚ ਆਵਾਜਾਈ ਵੀ ਹੁੰਦੀ ਰਹਿੰਦੀ ਆ। ਪੈੜਾਂ ’ਤੇ ਚੜ੍ਹ ਜਾਂਦੀਆਂ। ਆਂਏ ਪੈੜ ਦਾ ਪੂਰਾ ਲੱਖਣ ਨੀ ਲਗਦਾ। ਡਰ ਰਹਿੰਦਾ ਐਮੇ ਨਜ਼ੈਜ਼ ਬੰਦੇ ਘਰ ਨਾ ਚਲੇ ਜਾਈਏ। ਐਮੇ ਖਾਹ-ਮਖਾਹ ਕੋਈ ਔਬੜ ਬੰਦਾ ਫਸਜੇ। ਕਈ ਬਾਜੇ-ਬਾਜੇ ਖੋਜੀ ਫਸਾ ਵੀ ਦਿੰਦੇ ਸੀਗੇ ਮਾਤੜ੍ਹ-ਤੁਮਾਤੜ੍ਹ ਨੂੰ।’’
    – ਰਹਿਗੀ ਫਿਰ ਵਿਚੇ ਕੀਤੀ ਕੱਤਰੀ?’’
    – ਕਾਹਨੂੰ? ਆਤੂ ਦੇ ਹੁੰਦਿਆਂ-ਸੁੰਦਿਆਂ ਵਿਚੇ ਕਿੱਥੇ ਰਹਿਣੀ ਸੀ। ਮੈਂ ਆਖਿਆ ਮੈਨੂੰ ਪਿੰਡ ਦੇ ਕੱਲੇ-ਕੱਲੇ ਬੰਦੇ ਦੀ ਪੈੜ ਦਿਖਾ ਦਿਉ, ਮੈਂ ਚੋਰ ਦੀ ਪੈੜ ਸਿਆਣ ਦੂੰ। ਨਾਲ ਗਏ ਬੰਦਿਆਂ ਗੱਜੂਪੁਰੀਏ ਸਰਪੈਂਚ ਨਾਲ ਗੱਲ ਕੀਤੀ। ਸਰਪੈਂਚ ਮੇਰਾ ਵੀ ਵਾਕਫ਼ ਸੀ। ਛੋਟੀ ਕੁੜੀ ਉਥੇ ਈ ਤਾਂ ਵਿਆਹੀ ਸੀ। ਕੁੜੀ ਕੋਲ ਆਉਣ-ਜਾਣ ਤਾਂ ਬਣਿਆ ਈ ਰਹਿੰਦਾ ਸੀ। ਨਾਲੇ ’ਲਾਕੇ ਦਾ ਐਹੇ ਜ੍ਹਾ ਕਿਹੜਾ ਬੰਦਾ ਸੀ ਜਿਹੜਾ ਆਤੂ ਨੂੰ ਭੁੱਲਿਆ ਹੋਵੇ। ਸਰਪੈਂਚ ਨੇ ਆਵਦੇ ਪੰਚੈਤੀ ਬੰਦਿਆਂ ਨਾਲ ਗੱਲ ਕੀਤੀ। ਫੈਸਲਾ ਹੋਇਆ ਵਈ ਪਿੰਡ ਦੇ ਅਠਾਰਾਂ ਸਾਲ ਤੋਂ ਉੱਤੇ ਆਲੇ ਬੰਦਿਆਂ ਦੀ ਪੈੜ ਵੇਖੀ ਜਾਵੇ। ਸਪੀਕਰ ’ਚ ਲੋਸਮੈਂਟ ਕਰਤੀ ਵਈ ਜਿਹੜਾ ਘਰੇ ਰਿਹਾ, ਸਮਝ ਲੋ ਉਹੀ ਚੋਰ ਆ ਬੁੱਟਰ ਆਲਿਆਂ ਦਾ। ਚੋਰੀ ਉਹਦੇ ਨਾਉਂ ਲੱਗੂ। ਘਰੇ ਫਿਰ ਕੀਹਨੇ ਰਹਿਣਾ ਸੀ? ਸਾਰਾ ਪਿੰਡ ਆ ’ਕੱਠਾ ਹੋਇਆ ਸ਼ਾਮਲਾਟ ’ਚ।’’
    – ਲੈ….।’’ ਆਤੂ ਦੀ ਸਿਖਰ ਵੱਲ ਜਾਂਦੀ ਕਹਾਣੀ ਨੇ ਮੇਰੀ ਉਤਸੁਕਤਾ ਵਧਾ ਦਿੱਤੀ।
    – ਮੇਲਾ ਲੱਗ ਗਿਆ ਉਥੇ ਤਾਂ। ਦੋ ਪਿੰਡ ਤਾਂ ਜੁੜੇ ਵੀ ਸੀ। ਮੈਂ ਕਹੀ ਮੰਗਾ ਕੇ ਥੋੜ੍ਹੀ ਜਿਹੀ ਥਾਂ ਪੁੱਟਕੇ ਮਿੱਟੀ ਪੋਲੀ ਕਰ ਲੀ। ਵਾਰੋ-ਵਾਰੀ ਕੱਲਾ-ਕੱਲਾ ਬੰਦਾ ਮਿੱਟੀ ਤੋਂ ਦੀ ਲੰਘਣ ਲੱਗਾ। ਆਪਣੀ ਕੁੜੀ ਦੇ ਪ੍ਰਾਹੁਣੇ ਹੱਥੀਂ ਝਾੜੂ ਫੜਿਆ ਵਿਐ ਸੀ। ਜਦੋਂ ਕੋਈ ਬੰਦਾ ਲੰਘਜੇ, ਮੈਂ ਪੈੜ ਧਿਆਨ ਨਾਲ ਦੇਖਾਂ। ਮੇਰੇ ਨਾਂਹ ਵਿਚ ਸਿਰ ਫੇਰਦਿਆਂ ਹੀ ਪ੍ਰਾਹੁਣਾ ਪੈੜ ਸਾਫ ਕਰ ਦੇਵੇ। ਲਉ ਜੀ, ਇਕ-ਇਕ ਕਰਕੇ ਸਾਰਾ ਪਿੰਡ ਲੰਘ ਗਿਆ। ’ਕੱਠ ’ਚੋਂ ਆਵਾਜ਼ਾਂ ਵੀ ਆਈ ਜਾਣ, ਅਖੇ ਆਤੂਆ, ਕਿਉਂ ਭਕਾਈ ਕਰਾਉਨਾਂ ਪਿੰਡ ਆਲਿਆਂ ਦੀ, ਐਤਕੀਂ ਨੀ ਚੱਲਣੀ ਤੇਰੀ ਕਾਰਾਗਰੀ। ਪਰੇਸ਼ਾਨ ਮੈਂ ਵੀ ਸੀਗਾ। ਪਿੱਛੇ ਰਹਿ ਗਿਆ ’ਕੱਲਾ ਜੁਆਈ। ਉਹਦਾ ਕਿਸੇ ਪਿੰਡ ਆਲੇ ਨੂੰ ਚਿੱਤ ਚੇਤਾ ਈ ਨਾ। ਮੈਂ ਪ੍ਰਾਹੁਣੇ ਨੂੰ ਆਖਿਆ, ‘‘ਲਿਆ ਵਈ ਜੁਆਨਾ, ਝਾੜੂ ਫੜਾ ਮੈਨੂੰ ਤੇ ਲੰਘ ਤੂੰ ਵੀ ਭਉਜਲ।’’ ਲਉ ਜੀ ਪ੍ਰਾਹੁਣਾ ਪੋਲੇ-ਪੋਲੇ ਪੈਰੀਂ ਲੰਘ ਗਿਆ। ਮੈਂ ਧਿਆਨ ਨਾਲ ਪੈੜ ਦੇਖੀ ਗਿਆ। ਮੇਰਾ ਸਿਰ ਚਕਰਾਉਣ ਲੱਗ ਪਿਆ। ਸਿਰ ਵਿਚ ਜਿਵੇਂ ਬੰਬ ਫਟਣ ਲੱਗੇ। ਮੈਂ ਸਿਰ ਫੜ ਕੇ ਬੈਠ ਗਿਆ। ਲੋਕ ਹੈਰਾਨ।’’
    – ਹੱਛਾ।’’ ਆਪ ਮੁਹਾਰੇ ਮੇਰੇ ਮੂੰਹੋਂ ਨਿਕਲ ਗਿਆ।
    – ਡਮਾਕ ਕੁਛ ਦਾ ਕੁਛ ਸੋਚ ਗਿਆ। ਸੋਚਿਆ ਜੂੰ ਖਾਣੀਏ ਦੀ ਕਿਹੜੀ ਦਸਾਂ ਨੁਹਾਂ ਦੀ ਕਿਰਤ ਐ। ਇਹਨੇ ਵਿਚਾਰੇ ਗਰੀਬ ਗੁੱਦੜ ਨਾਲ ਗਰੀਬ ਮਾਰ ਕੀਤੀ ਐ। ਜੇ ਚੋਰੀ ਨਾ ਵੀ ਫੜੀ ਗਈ ਫੇਰ ਕਿਹੜਾ ਸਾਲੇ ਜੂੰ-ਖਾਣੇ ਨੌਹਰੀਏ ਦੀ ਕੋਈ ਗੁੱਠ ਲਿੱਸੀ ਪੈਜੂ। ਮਛਟਰਾ! ਵਿਧਵਾ ਹੋ ਕੇ ਘਰੇ ਬੈਠੀ ਧੀ ਮੇਰੀਆਂ ਅੱਖਾਂ ਅੱਗੇ ਆ ਖੜੋਤੀ। ਵਾਰ-ਵਾਰ ਡਮਾਕ ’ਚ ਇਹੀ ਆਈ ਜਾਵੇ ਵਈ ਇਕ ਤਾਂ ਵਿਧਵਾ ਹੋ ਕੇ ਆਈ ਆ, ਦੂਜੀ ਨੂੰ ਕਿਉਂ ਬਹਾਵਾਂ। ਕਤਲ ਡਾਕੇ ਦੇ ਕੇਸ ’ਚ ਪ੍ਰਾਹੁਣਾ ਫਾਹੇ ਲੱਗੂ, ਨਹੀਂ ਵੀਹ ਸਾਲ ਦੀ ਬੱਝੂ ਈ ਬੱਝੂ। ਮੈਂ ਨਾਂਹ ਵਿਚ ਸਿਰ ਮਾਰਨ ਦਾ ਫੈਸਲਾ ਕੀਤਾ ਪਰ ਸਿਰ ਤਾਂ ਸੱਜੇ-ਖੱਬੇ ਹਿੱਲੇ ਈ ਨਾ। ਫੇਰ ਜਾਣੀਦਾ ਅੰਦਰੋਂ ’ਵਾਜ਼ ਆਈ, ‘ਆਤੂਆ ਏਹ ਕੋਈ ਧਰਮ ਨੀ। ਕੁਜ਼ਰਤ ਨੇ ਤੇਰੇ ਹੱਥ ਨਸਾਫ਼ ਦੀ ਤੱਕੜੀ ਦਿੱਤੀ ਐ… ਸੱਚੋ….ਸੱਚ ਤੋਲ।’’ ਫੇਰ ਮਛਟਰਾ….।’’ ਆਤੂ ਦੀ ਆਵਾਜ਼ ਭਾਰੀ ਹੋਣ ਲੱਗੀ। ਉਹਦਾ ਗੱਚ ਭਰ ਆਇਆ ਸੀ। ਉਹਨੇ ਨੱਕ ’ਚ ਵਗ ਆਏ ਪਾਣੀ ਨੂੰ ਸਾਫ ਕੀਤਾ ਅਤੇ ਬੋਲਿਆ, ‘‘ਲਊ ਫੜੋ ਐਹ ਜੇ ਥੋਡਾ ਚੋਰ।’’ ਮਛਟਰਾ! ਮੈਂ ਪ੍ਰਾਹੁਣੇ ਨੂੰ ਗਲ੍ਹਮਿਓਂ ਫੜਕੇ ਨੌਹਰੀਏ ਵੱਲ ਧੱਕ ਦਿੱਤਾ ਤੇ ਵਾਹੋ-ਦਾਹੀ ਪਿੰਡ ਵੱਲ ਨੂੰ ਭੱਜ ਪਿਆ।
    – ਮਛਟਰਾ! ਪ੍ਰਾਹੁਣੇ ਕੋਲੋਂ ਚੋਰੀ ਬਰਾਮਦ ਹੋਗੀ। ਕਤਲ ਦਾ ਕੇਸ ਪੈ ਗਿਆ। ਮੈਂ ’ਦਾਲਤਾਂ ਦੇ ਚੱਕਰ ਕੱਟੇ। ਪੈਰਵਾਈ ਕੀਤੀ। ਏਹ ਵੀ ਮੇਰਾ ਧਰਮ ਸੀ। ਜੁਆਈ ਸੀ-ਕਰਨੀਓਂ ਸੀ। ਪਰ….ਹੋਣੀਹਾਰ। ਦੂਜੀ ਕੁੜੀ ਵੀ ਸਿਰੋਂ ਨੰਗੀ ਹੋ ਕੇ ਪਿਉ ਦੇ ਬੂਹੇ ਆ ਬੈਠੀ। ਮੇਰਾ ਬੁਢਾਪਾ ਰੁਲ ਗਿਆ।’’ ਆਤੂ ਨੇ ਲੰਬਾ ਸਾਹ ਲਿਆ।
    ਮੈਂ ਆਤੂ ਨਾਲ ਅੱਖਾਂ ਨਾ ਮਿਲਾ ਸਕਿਆ। ਉਸ ਕੋਲੋਂ ਦੂਰ ਜਾ ਕੇ ਅੱਖ ’ਚ ਸਿੰਮ ਆਇਆ ਪਾਣੀ ਸਾਫ਼ ਕੀਤਾ। ਵਗਦੀ ਆੜ ’ਚੋਂ ਪਾਣੀ ਦੇ ਛਿੱਟੇ ਅੱਖਾਂ ’ਤੇ ਮਾਰੇ। ਕਿੰਨਾ ਚਿਰ ਆਵਾਗੌਣ ਹੀ ਵੱਟਾਂ ’ਤੇ ਫਿਰਦਾ ਰਿਹਾ। ਇਕ ਹਲਚਲ ਜਿਹੀ ਮੇਰੇ ਦਿਮਾਗ ਵਿਚ ਮੱਚ ਗਈ ਸੀ। ਮਾਸਟਰ ਮੱਖਣ ਸਿੰਘ ਮਾਨ ਮੇਰਾ ਜ਼ਿਹਨ ਮੱਲ ਖੜੋਤਾ ਸੀ। ਇਸ ਸਾਲ ਅਧਿਆਪਕ ਦਿਵਸ ’ਤੇ ਸਿੱਖਿਆ ਮੰਤਰੀ ਨੇ ਉਸਨੂੰ ‘ਸਟੇਟ ਅਵਾਰਡ’ ਨਾਲ ਸਨਮਾਨਤ ਕੀਤਾ ਸੀ। ਅੱਜਕੱਲ੍ਹ ਉਹ ਆਪਣੇ ਨਾਂਅ ਨਾਲ ਸਟੇਟ ਐਵਾਰਡੀ ਲਿਖਣ ਲੱਗਿਆ ਸੀ। ਉਸਦੇ ਬਾਰੇ ਲੇਖ ਵੀ ਅਖਬਾਰਾਂ ਵਿਚ ਛਪੇ ਸਨ।
    – ਤਾਇਆ! ਤੂੰ ਪ੍ਰਾਹੁਣੇ ਨੂੰ ਬਚਾਅ ਸਕਦਾ ਸੀ ਨਾ? ਕੀ ਲੋੜ ਸੀ ਤੈਨੂੰ ਚੋਰੀ ਫੜਾਉਣ ਦੀ? ਠੀਕ ਕੀਤੈ ਸੀ ਤੂੰ?
    – ਮਛਟਰਾ! ਆਵਦੇ ਜਾਣੀ ਤਾਂ ਠੀਕ ਕੀਤਾ ਸੀ। ਬਾਕੀ ਤੂੰ ਸਿਆਣਾ। ਤੂੰ ਦੱਸ ਠੀਕ ਕੀਤੈ ਮੈਂ?’’ ਆਤੂ ਨੇ ਉਲਟਾ ਮੈਨੂੰ ਸਵਾਲ ਕਰ ਦਿੱਤਾ ਸੀ। ਕੀ ਜੁਆਬ ਦਿੰਦਾ ਮੈਂ? 

  • ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਫਰਵਰੀ 2020)

    ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਫਰਵਰੀ 2020)

    ਰਵੀ ਕੰਵਰ

    ਅਮਰੀਕੀ ਸਾਮਰਾਜ ਦੀ ਧੱਕੜਸ਼ਾਹੀ,ਇਰਾਨੀ ਜਨਰਲ ਕਾਸਿਮ ਸੋਲੇਮਾਨੀ ਦਾ ਕਤਲ ਦੁਨੀਆਂ ਨੂੰ ਝੋਕ ਸਕਦਾ ਸੰਸਾਰ ਜੰਗ ਦੀ ਭੱਠੀ ਵਿਚ
    ਨਵੇਂ ਸਾਲ ਦੇ ਚੜ੍ਹਦਿਆਂ ਹੀ 3 ਜਨਵਰੀ ਦੀ ਅੱਧੀ ਰਾਤ ਨੂੰ ਅਮਰੀਕੀ ਫੌਜ ਦੇ ਇਕ ਡਰੋਨ ਹਮਲੇ ਵਿਚ ਇਰਾਨ ਦੇ ਫੌਜੀ ਜਰਨੈਲ ਕਾਸਿਮ ਸੋਲੇਮਾਨੀ ਅਤੇ ਉਨ੍ਹਾਂ ਨਾਲ 6 ਹੋਰ ਫੌਜੀ ਅਧਿਕਾਰੀਆਂ ਦੇ ਕਤਲ ਨੇ ਸਮੁੱਚੀ ਦੁਨੀਆਂ ਨੂੰ ਹਿਲਾਅ ਕੇ ਰੱਖ ਦਿੱਤਾ ਅਤੇ ਮੱਧ ਪੂਰਬੀ ਏਸ਼ੀਆ ਵਿਚ ਗੁੱਸੇ ਦੀ ਲਹਿਰ ਦੌੜ ਗਈ। ਮੇਜਰ ਜਨਰਲ ਕਾਸਿਮ ਦੇ ਕਾਫ਼ਲੇ ਨੂੰ ਉਸ ਵੇਲੇ ਇਸ ਡਰੋਨ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਇਰਾਕ ਦੀ ਰਾਜਧਾਨੀ ਬਗਦਾਦ ਵਿਖੇ ਇਕ ਅਮਨ ਮਿਸ਼ਨ ਵਜੋਂ ਪੁੱਜੇ ਸਨ ਅਤੇ ਬਗਦਾਦ ਕੌਮਾਂਤਰੀ ਹਵਾਈ ਅੱਡੇ ਤੋਂ ਬਾਹਰ ਆ ਰਹੇ ਸਨ। ਮੇਜਰ ਜਨਰਲ ਕਾਸਿਮ ਸੋਲੇਮਾਨੀ ਇਰਾਕ ਦੀ ਵਿਸ਼ੇਸ਼ ਫੌਜ ਰੈਵੋਲਿਊਸ਼ਨਰੀ ਗਾਰਡਜ ਨਾਲ ਸਬੰਧਤ ਕੁਐਡਸ ਫੌਜੀ ਬਲਾਂ ਦੇ ਮੁੱਖ ਕਮਾਂਡਰ ਸਨ। ਉਹ ਦੇਸ਼ ਵਿਚ ਬਹੁਤ ਹੀ ਸਨਮਾਨੇ ਜਾਣ ਵਾਲੇ ਫੌਜੀ ਜਰਨੈਲ ਸਨ, ਜਿਨ੍ਹਾਂ ਦਾ ਰੁਤਬਾ ਸਮੁੱਚੇ ਮੱਧ ਏਸ਼ੀਆ ਵਿਚ ਇਸਲਾਮ ਦੀ ਸ਼ੀਆ ਧਾਰਾ ਨਾਲ ਸਬੰਧ ਰੱਖਣ ਵਾਲੇ ਮੁਸਲਮਾਨਾਂ ਵਿਚ ਇਕ ਨਾਇਕ ਦਾ ਸੀ।
    ਇੱਥੇ ਇਹ ਵਰਣਨਯੋਗ ਹੈ ਕਿ ਸਮੁੱਚੇ ਮੱਧ ਪੂਰਬ ਵਿਚ ਸ਼ੀਆ ਧਾਰਾ ਨਾਲ ਸਬੰਧਤ ਗੁਰੀਲਾ ਫੌਜੀ ਗਰੁੱਪਾਂ ਦਾ ਇਕ ਜਾਲ ਵਿਛਿਆ ਹੋਇਆ ਹੈ। ਇਹ ਹਿਜਬੁਲਾਹ ਗੁਰੀਲਾ ਗਰੁੱਪ ਵਜੋਂ ਜਾਣੇ ਜਾਂਦੇ ਹਨ ਅਤੇ ਚਾਹੇ ਫਲਤਸਤੀਨੀ ਲੋਕਾਂ ਦਾ ਇਜਰਾਇਲ ਵਿਰੁੱਧ ਸੰਘਰਸ਼ ਹੋਵੇ ਜਾਂ ਫਿਰ ਆਈ.ਐਸ.ਆਈ.ਐਸ. ਵਰਗੇ ਬਰਬਰ ਕੱਟੜਵਾਦੀ ਇਸਲਾਮਿਕ ਗੁਰੀਲਾ ਗਰੁੱਪ ਵਿਰੁੱਧ ਸੰਘਰਸ਼ ਹੋਵੇ, ਉਸ ਵਿਚ ਇਹ ਗਰੁੱਪ ਆਪਣੀ ਫੌਜੀ ਭੂਮਿਕਾ ਨਿਭਾਉਂਦੇ ਹਨ ਜਿਹੜੀ ਕਿ ਮੌਜੂਦਾ ਸਥਿਤੀਆਂ ਵਿਚ ਲੋਕ ਪੱਖੀ ਸਾਬਤ ਹੋ ਰਹੀ ਹੈ। ਮੇਜਰ ਜਨਰਲ ਕਾਸਿਮ ਦੇ ਸਨਮਾਨਤ ਥਾਂ ਹਾਸਲ ਕਰਨ ਦਾ ਮੁੱਖ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੇ ਪਿਛਲੇ ਸਮੇਂ ਵਿਚ ਆਈ.ਐਸ.ਆਈ.ਐਸ. ਦੇ ਖਾਤਮੇਂ ਵਿਚ ਇਰਾਕੀ ਫੌਜ, ਕੁਰਦਾਂ ਅਤੇ ਸੀਰੀਆਈ ਫੌਜਾਂ ਦਰਮਿਆਨ ਤਾਲਮੇਲ ਸਥਾਪਤ ਕਰਨ ਵਿਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਸੀ। ਇਸੇ ਕਰਕੇ ਵਿਸ਼ਲੇਸ਼ਕਾਂ ਅਨੁਸਾਰ ਕਾਸਿਮ ਦੇ ਕਤਲ ਨਾਲ ਆਈ.ਐਸ.ਆਈ.ਐਸ. ਨੂੰ ਮੁੜ ਪਨਪਣ ਵਿਚ ਮਦਦ ਮਿਲੇਗੀ। ਉਨ੍ਹਾਂ ਨਾਲ ਹੀ ਕਤਲ ਕੀਤੇ ਜਾਣ ਵਾਲੇ ਦੂਜੀ ਅਹਿਮ ਫੌਜੀ ਸ਼ਖਸ਼ੀਅਤ ਸਨ, ਇਰਾਕ ਦੀਆਂ ਪਾਪੂਲਰ ਮੋਬੀਲਾਈਜੇਸ਼ਨ ਫੋਰਸਿਜ (ਪੀ.ਐਮ.ਐਫ.) ਦੇ ਡਿਪਟੀ ਕਮਾਂਡਰ ਅਬੁ-ਮਾਹਦੀ ਅਲ-ਮੁਹਾਂਡਿਸ, ਜਿਹੜੇ ਕਿ ਹੁਣ ਇਰਾਕੀ ਫੌਜ ਦਾ ਹਿੱਸਾ ਬਣ ਚੁੱਕੇ ਹਨ।  
    ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਮਲੇ ਲਈ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਲੈਣੀ ਵੀ ਜ਼ਰੂਰੀ ਨਹੀਂ ਸਮਝੀ। ਸਿਰਫ ਉਨ੍ਹਾਂ ਦੇ ਬਹੁਤ ਹੀ ਨਜ਼ਦੀਕੀ ਇਕ-ਦੋ ਲੋਕਾਂ ਨੂੰ ਹੀ ਇਸ ਬਾਰੇ ਪਤਾ ਸੀ। ਅਮਰੀਕੀ ਕਾਂਗਰਸ ਨੂੰ ਤਾਂ ਬਾਅਦ ਵਿਚ 1973 ਵਿਚ ਬਣੇ ‘ਵਾਰ ਪਾਵਰ ਐਕਟ’ ਦੀ ਖਾਨਾਪੂਰਤੀ ਹਿੱਤ ਜਦੋਂ ਸਮੁੱਚੀ ਦੁਨੀਆਂ ਵਿਚ ਸ਼ੋਰ ਮੱਚ ਗਿਆ ਤਾਂ ਦੱਸਿਆ ਗਿਆ। ਇੱਥੇ ਇਹ ਵਰਣਨਯੋਗ ਹੈ ਕਿ ਅਮਰੀਕਾ ਵਿਚ ਜੰਗ ਦਾ ਹੁਕਮ ਦੇਣ ਦਾ ਅਧਿਕਾਰ ਸਿਰਫ ਅਮਰੀਕੀ ਕਾਂਗਰਸ ਕੋਲ ਹੈ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ 1950-53 ਦੀ ਕੋਰੀਆਈ ਜੰਗ, ਜਿਸ ਵਿਚ 40000 ਅਮਰੀਕੀ ਫੌਜੀ ਮਰੇ ਸੀ ਤੇ 10 ਲੱਖ ਤੋਂ ਵਧੇਰੇ ਕੋਰੀਆਈ ਸ਼ਹੀਦ ਹੋਏ ਸੀ, ਪੈਂਟਾਗਨ ਅਨੁਸਾਰ ਇਕ ‘ਪੁਲਸ ਕਾਰਵਾਈ’ ਸੀ ਅਤੇ ਵਿਅਤਨਾਮ ਜੰਗ ਜਿਸ ਵਿਚ ਕੁੱਲ 34 ਲੱਖ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ 60000 ਅਮਰੀਕੀ ਫੌਜੀ ਸ਼ਾਮਲ ਸਨ ਵੀ ਅਮਰੀਕੀ ਕਾਂਗਰਸ ਵਲੋਂ ਜੰਗ ਨਹੀਂ ਐਲਾਨੀ ਗਈ ਸੀ। ਇਸਦੇ ਮੱਦੇਨਜ਼ਰ ਹੀ 1973 ਵਿਚ ‘ਵਾਰ ਪਾਵਰ ਐਕਟ’ ਹੋਂਦ ਵਿਚ ਆਇਆ ਸੀ।
    ਰਾਸ਼ਟਰਪਤੀ ਟਰੰਪ ਨੇ ਹਮਲਾ ਕਰਨ ਤੋਂ ਫੌਰੀ ਬਾਅਦ ਕਿਹਾ ਸੀ ਕਿ ਜਨਰਲ ਕਾਸਮੀ ਦੇ ਹੱਥ ਹਜ਼ਾਰਾਂ ਅਮਰੀਕੀਆਂ ਦੇ ਖੂਨ ਨਾਲ ਰੰਗੇ ਹੋਏ ਸਨ ਅਤੇ ਉਹ ਨਵੀਂ ਦਿੱਲੀ ਤੋਂ ਲੈ ਕੇ ਲੰਦਨ ਤੱਕ ਹਮਲਿਆਂ ਦੀ ਵਿਉਂਤ ਬਣਾ ਰਿਹਾ ਸੀ, ਇਸ ਕਰਕੇ ਉਸਨੂੰ ਮਾਰਿਆ ਗਿਆ। ਜਦੋਂ ਕਿ 20 ਜਨਵਰੀ ਦੀਆਂ ਅਖਬਾਰਾਂ ਮੁਤਾਬਕ ਟਰੰਪ ਨੇ ਆਪਣੀ ਪਾਰਟੀ ਨੂੰ ਫੰਡ ਦੇਣ ਵਾਲਿਆਂ ਦੀ ਇਕ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਸਿਮ ਸੋਲੇਮਾਨੀ ਨੂੰ ਇਸ ਲਈ ਮਾਰਿਆ ਗਿਆ ਕਿਉਂ ਕਿ ਉਹ ਅਮਰੀਕਾ ਲਈ ਬੁਰਾ ਬੋਲਦਾ ਸੀ ਤੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਟਰੰਪ ਦਾ ਇਹ ਘਿਨਾਉਣਾ ਤੇ ਦੁਨੀਆਂ ਨੂੰ ਜੰਗ ਦੀ ਭੱਠੀ ਵਿਚ ਝੋਕਣ ਵਾਲਾ ਕਦਮ ਸਿਰਫ ਉਸਦੀ ਹੈਂਕੜ ਦਾ ਨਤੀਜਾ ਸੀ, ਇਸਦੇ ਪਿੱਛੇ ਕੋਈ ਠੋਸ ਆਧਾਰ ਨਹੀਂ ਸੀ। ਰਾਜਨੀਤਕ ਵਿਸ਼ਲੇਸ਼ਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਸਨੇ ਇਹ ਕਦਮ ਇਸ ਸਾਲ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਆਪ ਨੂੰ ਦੇਸ਼ ਦੇ ਰਾਖੇ ਵਜੋਂ ਪੇਸ਼ ਕਰਨ ਹਿੱਤ ਚੁਕਿਆ ਹੈ। ਇਸੇ ਤਰ੍ਹਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਵਿਰੁੱਧ ਸੀਨੇਟ ਵਿਚ ਚੱਲਣ ਵਾਲੀ ਮਹਾਂਦੋਸ਼ ਦੀ ਕਾਰਵਾਈ ਦੌਰਾਨ ਲਾਹਾ ਲੈਣ ਅਤੇ ਅਮਰੀਕੀ ਅਵਾਮ ਦਾ ਇਸ ਤੋਂ ਧਿਆਨ ਲਾਂਭੇ ਕਰਨ ਹਿੱਤ ਇਹ ਕਦਮ ਚੁੱਕਿਆ ਗਿਆ ਹੈ। ਇੱਥੇ ਇਹ ਵਰਣਨਯੋਗ ਹੈ ਕਿ ਅਮਰੀਕਾ ਦੇ 42ਵੇਂ ਰਾਸ਼ਟਰਪਤੀ ਬਿਲ ਕਲਿੰਟਨ   ਨੇ ਵੀ ਦਸੰਬਰ 1998 ਵਿਚ ਉਨ੍ਹਾਂ ਵਿਰੁੱਧ ਮੋਨੀਕਾ ਲੇਵੈਂਸਕੀ ਨਾਲ ਨਜਾਇਜ਼ ਸਬੰਧ ਬਨਾਉਣ ਦੇ ਆਧਾਰ ’ਤੇ ਮਹਾਂਦੋਸ਼ ਕਾਰਵਾਈ ਚੱਲਣੀ ਸੀ ਤਾਂ ਈਰਾਕ ਉਤੇ ਬੰਬਾਰੀ ਕਰਵਾ ਦਿੱਤੀ ਸੀ।
    ਸਮੁੱਚੀ ਦੁਨੀਆਂ ਨੂੰ ਡੋਨਾਲਡ ਟਰੰਪ ਦੀ ਇਸ ਕਾਰਵਾਈ ਨੇ ਹੈਰਾਨ ਪ੍ਰੇਸ਼ਾਨ ਕਰ ਦਿੱਤਾ ਸੀ। ਇਜਰਾਇਲ ਸਿਰਫ ਇਕ ਅਜਿਹਾ ਦੇਸ਼ ਸੀ ਜਿਸਨੇ ਇਸ ਕਾਰਵਾਈ ਦਾ ਖੁਲ੍ਹਕੇ ਸਮਰਥਨ ਕੀਤਾ ਸੀ। ਅਮਰੀਕਾ ਦੇ ਸਹਿਯੋਗੀ ਪੱਛਮੀ ਦੇਸ਼ਾਂ, ਬਿ੍ਰਟੇਨ, ਜਰਮਨੀ, ਫਰਾਂਸ ਆਦਿ ਨੇ ਵੀ ਉਸਨੂੰ ਜੰਗੀ ਤਨਾਅ ਘਟਾਉਣ ਲਈ ਕਿਹਾ ਸੀ। ਲਗਭਗ ਸਮੁੱਚੀ ਦੁਨੀਆਂ ਇਸ ਗੱਲ ਤੋਂ ਚਿੰਤਤ ਹੈ ਕਿ ਕਿਤੇ ਇਹ ਘਟਨਾ ਦੁਨੀਆਂ ਨੂੰ ਇਕ ਹੋਰ ਸੰਸਾਰ ਜੰਗ ਵੱਲ ਨਾ ਲੈ ਜਾਵੇ। ਰੂਸ ਨੇ ਜਨਰਲ ਕਾਸਿਮ ਦੀ ਹੱਤਿਆ ਨੂੰ ਕੌਮਾਂਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਦੱਸਦਿਆਂ ਇਸਦੀ ਸਖਤ ਨਿਖੇਧੀ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਤਾਂ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ ਇਸ ਧੱਕੜਸ਼ਾਹ ਇਕਪਾਸੜ ਕਾਰਵਾਈ ਵਿਚ ਚੀਨ ਇਰਾਨ ਦੇ ਨਾਲ ਖਲੋਵੇਗਾ।
    ਅਮਰੀਕਾ ਵਿਚ ਵੀ ਟਰੰਪ ਦੀ ਇਸ ਕਾਰਵਾਈ ਦਾ ਜਬਰਦਸਤ ਵਿਰੋਧ ਹੋ ਰਿਹਾ ਹੈ। ਸਾਬਕਾ ਫੌਜੀ ਜਰਨੈਲ, ਮਜ਼ਦੂਰ ਜਥੇਬੰਦੀਆਂ ਤੇ ਦੇਸ਼ ਦੀਆਂ ਖੱਬੀਆਂ ਧਿਰਾਂ ਇਸ ਵਿਰੁੱਧ ਸਮੁੱਚੇ ਦੇਸ਼ ਵਿਚ ਜੰਗ-ਵਿਰੋਧੀ ਰੈਲੀਆਂ ਕਰ ਰਹੀਆਂ ਹਨ ਅਤੇ 25 ਜਨਵਰੀ ਨੂੰ ਦੁਨੀਆਂ ਭਰ ਵਿਚ ‘ਜੰਗ ਵਿਰੋਧੀ ਦਿਵਸ’ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ। ਆਉਣ ਵਾਲੀ ਰਾਸ਼ਟਰਪਤੀ ਚੋਣ ਵਿਚ ਡੈਮੋਕ੍ਰੇਟਿਕ ਉਮੀਦਵਾਰ ਦੀ ਦੌੜ ਵਿਚ ਸ਼ਾਮਲ ਬਰਨੀ ਸੈਂਡਰਜ਼ ਨੇ ਲਿਖਿਆ ‘‘ਜਦੋਂ ਮੈਂ 2002 ਵਿਚ ਇਰਾਕ ਜੰਗ ਵਿਰੁੱਧ ਵੋਟ ਪਾਇਆ ਸੀ, ਉਸ ਵੇਲੇ ਮੈਨੂੰ ਡਰ ਸੀ ਕਿ ਇਸ ਨਾਲ ਸਾਡਾ ਦੇਸ਼ ਤੇ ਖੇਤਰ ਵਧੇਰੇ ਅਸਥਿਰ ਹੋਣ ਵੱਲ ਵਧੇਗਾ, ਇਹ ਦੁੱਖ ਭਰਿਆ ਡਰ ਹੁਣ ਮੁੜ 17 ਸਾਲ ਬਾਅਦ ਸੱਚ ਸਾਬਤ ਹੋ ਰਿਹਾ ਹੈ। ਟਰੰਪ ਦੀ ਇਹ ਜੰਗੀ ਤਨਾਅ ਵਧਾਉਣ ਵਾਲੀ ਕਾਰਵਾਈ ਮੱਧ ਪੂਰਬ ਵਿਚ ਇਕ ਹੋਰ ਤਬਾਹਕੁੰਨ ਜੰਗ ਦਾ ਕਾਰਨ ਬਣ ਸਕਦੀ ਹੈ ਜਿਸਦੀ ਕੀਮਤ ਅਣਗਿਣਤ ਜਾਨਾਂ ਅਤੇ ਖਰਬਾਂ ਡਾਲਰਾਂ ਦੇ ਰੂਪ ਵਿਚ ਤਾਰਨੀ ਪੈ ਸਕਦੀ ਹੈ।’’ ਅਮਰੀਕੀ ਕਾਂਗਰਸ ਦੀਆਂ ਔਰਤ ਮੈਂਬਰਾਂ ਅਲੈਗਜੈਂਡਰੀਆ ਉਸੀਉ ਕੋਰਟਜ ਤੇ ਇਲਹਾਨ ਉਮਾਰ ਨੇ ਵੀ ਇਸਦੀ ਘੋਰ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਡੌਮੇਕ੍ਰੇਟਿਕ ਪਾਰਟੀ ਦੇ ਆਗੂਆਂ ’ਤੇ ਵੀ ਇਸ ਸੰਦਰਭ ਵਿਚ 1973 ਦੇ ‘ਵਾਰ ਪਾਵਰ ਐਕਟ’ ਦੀ ਹੁੰਦੀ ਉਲੰਘਣਾ ਵਿਰੁੱਧ ਆਵਾਜ਼ ਬੁਲੰਦ ਨਾ ਕਰਨ ਲਈ ਨੁਕਤਾਚੀਨੀ ਕੀਤੀ ਹੈ।
    ਇਰਾਕ ਨੇ ਵੀ ਇਸ ਹਮਲੇ ਨੂੰ ਆਪਣੇ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਦੱਸਦੇ ਹੋਏ ਇਸਦੀ ਸਖਤ ਨਿਖੇਧੀ ਕੀਤੀ ਹੈ ਅਤੇ ਅਮਰੀਕਾ ਨੂੰ ਦੇਸ਼ ਵਿਚੋਂ ਅਮਰੀਕੀ ਫੌਜਾਂ ਤੇ ਅੱਡੇ ਵਾਪਸ ਬੁਲਾ ਲੈਣ ਲਈ ਕਿਹਾ ਹੈ। ਇੱਥੇ ਇਹ ਵਰਣਨਯੋਗ ਹੈ ਕਿ ਪੀ.ਐਮ.ਐਫ. ਦੇ ਡਿਪਟੀ ਕਮਾਂਡਰ ਮੁਹਾਨਡੀਸ ਤੇ ਮਰਨ ਵਾਲੇ 4 ਹੋਰ ਇਰਾਕੀ ਫੌਜੀ ਸਨ। ਇਰਾਕ ਦੇ ਸ਼ੀਆ ਆਗੂ ਅਲ-ਸਦਰ ਨੇ ਤਾਂ ਇਸ ਹਮਲੇ ਦਾ ਬਦਲਾ ਲੈਣ ਦਾ ਵੀ ਸੱਦਾ ਦਿੱਤਾ ਹੈ ਅਤੇ ਰਾਜਧਾਨੀ ਬਗਦਾਦ ਦੇ ਗ੍ਰੀਨ ਜੋਨ, ਜਿੱਥੇ ਕਿ ਅਮਰੀਕਾ ਸਮੇਤ ਕਈ ਵਿਦੇਸ਼ੀ ਦੂਤਾਵਾਸ ਹਨ, ਉਤੇ ਮਿਜ਼ਾਇਲ ਹਮਲੇ ਵੀ ਹੋਏ ਹਨ, ਪ੍ਰੰਤੂ ਇਨ੍ਹਾਂ ਨਾਲ ਕੋਈ ਨੁਕਸਾਨ ਨਹੀਂ ਹੋਇਆ।
    ਮੇਜਰ ਜਨਰਲ ਕਾਸਿਮ ਸੋਲੇਮਾਨੀ, ਜਿਹੜਾ ਇਕ ਮਜ਼ਦੂਰ ਦੇ ਰੂਪ ਵਿਚ ਜ਼ਿੰਦਗੀ ਸ਼ੁਰੂ ਕਰਕੇ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਫੌਜੀ ਬਲ, ਕੁਐਡ ਦੀ ਅਗਵਾਈ ਕਰਨ ਤੱਕ ਪੁੱਜਿਆ ਸੀ, ਆਪਣੇ ਦੇਸ਼ ਵਿਚ ਐਨਾ ਹਰਮਨ ਪਿਆਰਾ ਸੀ ਕਿ ਉਸਦੇ ਕਤਲ ਦੀ ਖ਼ਬਰ ਨਾਲ ਸਮੁੱਚਾ ਦੇਸ਼ ਗੁੱਸੇ ਵਿਚ ਹੈ ਅਤੇ ਲਗਭਗ ਸਮੁੱਚੇ ਦੇਸ਼ ਵਿਚ ਹੀ ਅਮਰੀਕਾ ਵਿਰੁੱਧ ਪ੍ਰਚੰਡ ਰੋਹ ਭਰਪੂਰ ਰੋਸ ਐਕਸ਼ਨ ਹੋਏ ਸਨ। ਦੇਸ਼ ਦੇ ਸਰਵ ਉਚ ਤੇ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਰਾਜਨੀਤਕ ਤੇ ਧਾਰਮਕ ਆਗੂ ਆਇਤੁਲਾਹ ਖੁਮੈਨੀ ਨੇ ਇਨ੍ਹਾਂ ਕਤਲਾਂ ਦਾ ਬਦਲਾ ਲੈਣ ਦਾ ਸੱਦਾ ਦਿੱਤਾ ਸੀ। ਇਰਾਨ ਨੇ ਕਿਹਾ ਸੀ ਕਿ ਉਹ ਈਰਾਕ ਵਿਚ ਜਿੱਥੇ ਉਸਦੇ ਆਗੂ ਦਾ ਕਤਲ ਕੀਤਾ ਗਿਆ ਹੈ ਵਿਚ ਸਥਿਤ ਅਮਰੀਕਾ ਦੇ ਫੌਜੀ ਅੱਡਿਆਂ ’ਤੇ ਹੀ ਇਸ ਹਮਲੇ ਦੇ ਅਨੁਪਾਤ ਦਾ ਹਮਲਾ ਕਰਕੇ ਬਦਲਾ ਲਵੇਗਾ। ਇਸ ਤਰ੍ਹਾਂ ਨਾਲ ਉਸਨੇ ਬਦਲੇ ਦੀ ਕਾਰਵਾਈ ਕਰਦੇ ਹੋਏ ਵੀ ਜਾਬਤੇ ਵਿਚ ਰਹਿਣ ਦਾ ਸਬੂਤ ਦਿੱਤਾ ਸੀ। 7 ਜਨਵਰੀ ਨੂੰ ਈਰਾਨ ਨੇ ਇਰਾਕ ਵਿਚ ਸਥਿਤ ਇਰਬਿਲ ਤੇ ਐਨ ਅਲ ਅਸਦ ਅਮਰੀਕੀ ਫੌਜੀ ਅੱਡਿਆਂ ’ਤੇ 22 ਮਿਜਾਇਲਾਂ ਦਾਗੀਆਂ ਸਨ ਅਤੇ ਇਸਨੂੰੂ ਦੇਸ਼ ਦੇ ਸਰਵਉਚ ਆਗੂ ਆਇਤੁਲਾਹ ਖੁਮੈਨੀ ਨੇ ਅਮਰੀਕੀ ਸਾਮਰਾਜ ਦੇ ਮੁੰਹ ’ਤੇ ਚਪੇੜ ਦੱਸਿਆ ਸੀ ਜਦੋਂਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਘਟਨਾਕ੍ਰਮ ਦੇ ਹੀ ਦੌਰਾਨ 8 ਜਨਵਰੀ ਨੂੰ ਈਰਾਨ ਵਿਚ ਯੁਕਰੇਨ ਦਾ ਇਕ ਸਿਵਲ ਹਵਾਈ ਜਹਾਜ ਤੇਹਰਾਨ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਫੌਰੀ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿਚ ਸਵਾਰ ਸਾਰੇ ਦੇ ਸਾਰੇ 176 ਯਾਤਰੀ ਮਾਰੇ ਗਏ ਸਨ, ਜਿਨ੍ਹਾਂ ਵਿਚ ਵਧੇਰੇ ਕਰਕੇ ਇਰਾਨੀ ਤੇ ਯੁਕਰੇਨੀ ਨਾਗਰਿਕ ਸਨ। ਪਹਿਲਾਂ ਤਾਂ ਇਰਾਨ ਨੇ ਇਸਨੂੰ ਹਾਦਸਾ ਹੀ ਦੱਸਿਆ ਸੀ ਪ੍ਰੰਤੂ ਦੋ ਦਿਨ ਬਾਅਦ 10 ਜਨਵਰੀ ਨੂੰ ਇਰਾਨ ਦੀ ਸਰਕਾਰ ਨੇ ਐਲਾਨ ਕਰਦੇ ਹੋਏ ਕਿ ਗਲਤੀ ਨਾਲ ਅਮਰੀਕੀ ਮਿਜਾਇਲ ਸਮਝਦੇ ਹੋਏ ਇਸ ਹਵਾਈ ਜਹਾਜ ਨੂੰ ਮਿਜਾਇਲ ਦਾਗਕੇ ਡੇਗ ਦਿੱਤਾ ਗਿਆ ਜਿਸ ਲਈ ਬਾਕਾਇਦਾ ਇਰਾਨੀ ਸਰਕਾਰ ਨੇ ਮਾਫੀ ਮੰਗੀ ਹੈ ਅਤੇ ਇਸ ਲਈ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਵੀ ਕੀਤੀ ਹੈ।
    ਜਨਰਲ ਸੋਲੇਮਾਨੀ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਕਾਮਰਾਨ ਵਿਚ ਦਫਨ ਕੀਤਾ ਗਿਆ, ਉਨ੍ਹਾਂ ਦੇ ਜਨਾਜੇ ਵਿਚ 10 ਲੱਖ ਤੋਂ ਵਧੇਰੇ ਲੋਕ ਸ਼ਾਮਲ ਸਨ। ਭਾਰੀ ਭੀੜ ਸਦਕਾ ਹੋਏ ਹਾਦਸੇ, ਜਿਸ ਵਿਚ 50 ਲੋਕ ਮਾਰੇ ਗਏ ਅਤੇ 200 ਜਖ਼ਮੀ ਹੋਏ, ਕਰਕੇ ਉਨ੍ਹਾਂ ਨੂੰ ਦੂਜੇ ਦਿਨ ਦਫਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਦਫਨ ਕਰਨ ਸਮੇਂ ਧਾਰਮਿਕ ਰਸਮਾਂ ਦੇਸ਼ ਦੇ ਸਰਵਉਚ ਧਾਰਮਿਕ ਆਗੂ ਆਇਤੁਲਾਹ ਖੁਮੈਨੀ ਨੇ ਖ਼ੁਦ ਨਿਭਾਈਆਂ।
    ਇਰਾਨ ਅਤੇ ਇਰਾਕ ਵਿਚ ਦੇਸ਼ ਦੀਆਂ ਸਰਕਾਰਾਂ ਵਿਰੁੱਧ ਵੀ ਅੰਦੋਲਨ ਵਿਆਪਕ ਪੱਧਰ ’ਤੇ ਸ਼ੁਰੂ ਹੋ ਗਏ ਹਨ। ਇਰਾਨ ਵਿਚ ਇਨ੍ਹਾਂ ਦਾ ਕਾਰਨ ਵਰ੍ਹਿਆਂਬੱਧੀ ਸਰਕਾਰ ਦੀਆਂ ਜਨਵਿਰੋਧੀ ਨੀਤੀਆਂ ਕਰਕੇ ਪੈਦਾ ਹੋਈਆਂ ਮੁਸ਼ਕਲਾਂ ਦੇ ਨਾਲ ਨਾਲ ਯੁਕਰੇਨੀ ਜਹਾਜ ਹਾਦਸੇ ਬਾਰੇ ਸਰਕਾਰ ਵਲੋਂ ਪਹਿਲਾਂ ਬੋਲੇ ਝੂਠ ਅਤੇ ਇਰਾਨੀਆਂ ਦੇ ਮਾਰੇ ਜਾਣ ਤੋਂ ਪੈਦਾ ਹੋਇਆ ਗੁੱਸਾ ਵੀ ਹੈ। ਇਰਾਕ ਵਿਚ ਵੀ ਦੇਸ਼ ਦੇ ਹਾਕਮਾਂ ਦੀਆਂ ਜਨਵਿਰੋਧੀ ਨੀਤੀਆਂ ਵਿਰੁੱਧ ਚਲ ਰਿਹਾ ਅੰਦੋਲਨ ਮੁੜ ਜੋਰ ਫੜ ਰਿਹਾ ਹੈ। ਇਨ੍ਹਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਜੇਕਰ ਇਨ੍ਹਾਂ ਨੂੰ ਲੋਕ ਪੱਖੀ ਕਦਮਾਂ ਰਾਹੀਂ ਨਹੀਂ ਨਬੇੜਦੀਆਂ ਤਾਂ ਲਾਜ਼ਮੀ ਹੀ ਇਨ੍ਹਾਂ ਦਾ ਲਾਹਾ ਅਮਰੀਕੀ ਸਾਮਰਾਜ ਲੈਣ ਵਿਚ ਕਾਮਯਾਬ ਹੋਵੇਗਾ।
    ਅਮਰੀਕੀ ਸਾਮਰਾਜ, ਖਾਸ ਕਰਕੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਇਕਪਾਸੜ ਤੇ ਧੱਕੜਸ਼ਾਹ ਕਾਰਵਾਈਆਂ ਦੁਨੀਆਂ ਨੂੰ ਇਕ ਹੋਰ ਸੰਸਾਰ ਜੰਗ ਵੱਲ ਧੱਕ ਸਕਦੀਆਂ ਹਨ। 2015 ਵਿਚ ਇਰਾਨ ਅਤੇ ਅਮਰੀਕਾ ਤੇ ਦੁਨੀਆਂ ਦੀਆਂ ਪੰਜ ਸ਼ਕਤੀਆਂ ਦਰਮਿਆਨ ਹੋਏ ਪਰਮਾਣੂ ਸਮਝੌਤੇ ਤੋਂ ਪਿੱਛੇ ਹਟਣਾ ਅਤੇ ਹੁਣ ਸੰਯੁਕਤ ਰਾਸ਼ਟਰ ਚਾਰਟਰ ਤੇ ਨਿਉਰਮਬਰਗ ਸਿਧਾਂਤਾਂ ਦੀ ਉਲੰਘਣਾ ਕਰਕੇ ਈਰਾਨ ਤੇ ਈਰਾਕ ਦੀ ਪ੍ਰਭੂਸੱਤਾ ਦੀ ਘੋਰ ਉਲੰਘਣਾ ਕਰਦੇ ਹੋਏ ਕੀਤਾ ਗਿਆ ਕਾਸਿਮ ਸੋਲੇਮਾਨੀ ਤੇ 6 ਹੋਰਾਂ ਦਾ ਕਤਲ ਇਸਦੇ ਪ੍ਰਤੱਖ ਸਬੂਤ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਦੁਨੀਆਂ ਦੀ ਪਹਿਲੀ ਸੰਸਾਰ ਜੰਗ ਜਿਸਦੀ ਹੁਣੇ ਹੀ 100ਵੀਂ ਵਰੇ੍ਹਗੰਢ ਮਨਾਕੇ ਹਟੇ ਹਾਂ, ਪਿੱਛੇ ਕਾਰਨ ਤਾਂ ਮੰਡੀ ’ਤੇ ਕਬਜ਼ਾ ਕਰਨਾ ਸੀ ਪ੍ਰੰਤੂ ਇਸ ਲਈ ਚਿੰਗਾਰੀ ਦਾ ਕੰਮ ਇਕ ਕਤਲ ਨੇ ਹੀ ਕੀਤਾ ਸੀ, ਆਸਟ੍ਰੀਆ ਦੇ ਆਰਕਡਿਊਕ ਫਰਾਂਜ ਫੇਰਡੀਨਾਂਡ ਦਾ ਬੋਸੀਨੀਆ ਦੇ ਸਰਵ ਆਗੂ ਗਾਵਰੀਲੋ ਪਿ੍ਰੰਸਿਪ ਵਲੋਂ ਕੀਤਾ ਗਿਆ ਕਤਲ।
    ਤੀਜੀ ਸੰਸਾਰ ਜੰਗ ਦੁਨੀਆਂ ਲਈ ਕਿੰਨੀ ਘਾਤਕ ਹੋ ਸਕਦੀ ਹੈ। ਇਸ ਬਾਰੇ ਵਿਗਿਆਨੀਆਂ ਦਾ ਕਹਿਣਾ ਹੈ-ਦੂਜੀ ਸੰਸਾਰ ਜੰਗ ਦੌਰਾਨ 1945 ਵਿਚ ਹੀਰੋਸ਼ੀਮਾ ਤੇ ਨਾਗਾਸਾਕੀ ਨੂੰ ਨਸ਼ਟ ਕਰਨ ਲਈ ਪ੍ਰਮਾਣੂ ਬੰਬਾਂ ਨਾਲੋਂ ਅੱਜ ਸਾਡੇ ਕੋਲ 5 ਲੱਖ ਗੁਣਾ ਵਧੇਰੇ ਸ਼ਕਤੀ ਦੇ ਪ੍ਰਮਾਣੂ ਹਥਿਆਰ ਹਨ ਅਤੇ ਸਥਿਤੀ ਇਹ ਹੈ ਕਿ ਜੰਗ ਦੀ ਸੂਰਤ ਵਿਚ ਜ਼ਰੂਰੀ ਨਹੀਂ ਹੈ ਕਿ ਜਾਣ ਬੁੱਝਕੇ ਹੀ ਪ੍ਰਮਾਣੂ ਹਥਿਆਰ ਵਰਤੇ ਜਾਣ ਬਲਕਿ ਹਾਦਸੇ ਵਜੋਂ ਜਾਂ ਗਲਤੀ ਨਾਲ ਵੀ ਇਹ ਚਲ ਸਕਦੇ ਹਨ ਅਤੇ ਉਸਦਾ ਸਿੱਟਾ ਹੋਵੇਗਾ ਇਸ ਧਰਤੀ ’ਤੇ ਸਥਿਤ ਸਭਿਅਤਾ ਦੇ ਸੰਪੂਰਨ ਨਾਸ਼ ਤੋਂ ਵੀ ਅਗਾਂਹ ਸਮੁੱਚੇ ਜੈਵਿਕ ਖੇਤਰ ਦਾ ਸੰਪੂਰਨ ਨਾਸ਼। ਇਸ ਲਈ ਸਪੱਸ਼ਟ ਹੈ ਕਿ ਜੇਕਰ ਦੁਨੀਆਂ ਦੀਆਂ ਅਮਨ ਪਸੰਦ ਸ਼ਕਤੀਆਂ ਅਮਰੀਕੀ ਸਾਮਰਾਜ ਤੇ ਵਿਸ਼ੇਸ਼ ਰੂਪ ਵਿਚ ਡੋਨਾਲਡ ਟਰੰਪ ਦੇ ਇਸ ਇਕਪਾਸੜ, ਧੱਕੜਸ਼ਾਹ ਵਤੀਰੇ ਨੂੰ ਨਾ ਰੋਕ ਸਕੀਆਂ ਤਾਂ ਦੁਨੀਆਂ ਦੀ ਹੋਂਦ ਖਤਰੇ ਵਿਚ ਪੈ ਸਕਦੀ ਹੈ।
                    (20.1.2020)





    ਪਾਕਿ ਦੇ ਵਿਦਿਆਰਥੀਆਂ ਵਲੋਂ ਭਾਰਤ ਦੇ ਵਿਦਿਆਰਥੀਆਂ ਪ੍ਰਤੀ ਇਕਜੁਟਤਾ

    ਸਾਡੇ ਹਮਸਾਇਆ ਦੇਸ਼ ਪਾਕਿਸਤਾਨ ਦੇ ਵਿਦਿਆਰਥੀਆਂ ਨੇ ਸਾਡੇ ਦੇਸ਼ ਵਿਚ ਚਲ ਰਹੇ ਵਿਦਿਆਰਥੀ ਅੰਦੋਲਨ ਦੇ ਨਾਲ ਇਕਜੁਟਤਾ ਜਾਹਿਰ ਕਰਦੇ ਹੋਏ ਆਵਾਜ਼ ਬੁਲੰਦ ਕੀਤੀ ਹੈ। ਪਾਕਿਸਤਾਨ ਦੀ ਮੁੱਖ ਵਿਦਿਆਰਥੀ ਜਥੇਬੰਦੀ ਰੈਵੋਲਿਊਸ਼ਨਰੀ ਸਟੂਡੈਂਟਸ ਫਰੰਟ (ਆਰ.ਐਸ.ਐਫ.) ਦੇ ਸੱਦੇ ’ਤੇ 9 ਜਨਵਰੀ ਨੂੰ ਕਰਾਚੀ ਦੇ ਪਨੋਰਮਾ ਸੈਂਟਰ ਤੋਂ ਕਰਾਚੀ ਪ੍ਰੈਸ ਕਲੱਬ ਤੱਕ ਵਿਦਿਆਰਥੀਆਂ ਵਲੋਂ ਭਾਰਤ ਦੇ ਵਿਦਿਆਰਥੀਆਂ ਦੇ ਚਲ ਰਹੇ ਦੇਸ਼ ਵਿਆਪੀ ਸੰਘਰਸ਼ ਦੇ ਹੱਕ ਵਿਚ ਮਾਰਚ ਕੀਤਾ ਗਿਆ। ਇਸ ਮਾਰਚ ਦੌਰਾਨ ਵਿਦਿਆਰਥੀਆਂ ਨੇ ਭਾਰਤੀ ਵਿਦਿਆਰਥੀਆਂ ਦੇ ਸੰਘਰਸ਼ ਨਾਲ ਇਕਜੁਟਤਾ ਪ੍ਰਗਟ ਕਰਦੇ ਬੈਨਰ ਅਤੇ ਪਲੇਕਾਰਡ ਚੁੱਕੇ ਹੋਏ ਸਨ। ਵਿਦਿਆਰਥੀ ਬੁਲੰਦ ਆਵਾਜ਼ ਵਿਚ ‘‘ਏਸ਼ੀਆ ਸੁਰਖ਼ ਹੋਗਾ’’, ‘‘ਇਨਕਲਾਬ ਜ਼ਿੰਦਾਬਾਦ’’, ‘‘ਭਾਰਤ ਦੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਲਾਲ ਸਲਾਮ’’ ਨਾਅਰੇ ਲਗਾ ਰਹੇ ਸਨ।
    ਕਰਾਚੀ ਪ੍ਰੈਸ ਕਲੱਬ ਦੇ ਬਾਹਰ ਵਿਸ਼ਾਲ ਜਨਤਕ ਰੈਲੀ ਕੀਤੀ ਗਈ ਜਿਸ ਵਿਚ ਸ਼ਹਿਰ ਭਰ ਦੇ ਸਿੱਖਿਆ ਅਦਾਰਿਆਂ ਦੇ ਵਿਦਿਆਰਥੀਆਂ ਤੋਂ ਬਿਨਾਂ ਵੱਡੀ ਗਿਣਤੀ ਵਿਚ ਟਰੇਡ ਯੂਨੀਅਨ ਕਾਰਕੁੰਨਾਂ ਤੇ ਬੁੱਧੀਜੀਵੀਆਂ ਨੇ ਵੀ ਭਾਗ ਲਿਆ। ਇਸ ਰੈਲੀ ਨੂੰ ਆਰ.ਐਸ.ਐਫ. ਦੇ ਕਰਾਚੀ ਦੇ ਆਗੂ ਹਾਤਿਮ ਲੁੰਡ ਨੇ ਸੰਬੋਧਨ ਕੀਤਾ। ਉਨ੍ਹਾਂ ਭਾਰਤ ਵਿਚ ਚਲ ਰਹੇ ਵਿਦਿਆਰਥੀ ਅੰਦੋਲਨ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸਰਹੱਦ ਦੇ ਦੋਵੇਂ ਪਾਸੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਰਾਸ਼ਟਰ ਵਿਰੋਧੀ ਕਰਾਰ ਦੇਣ ਅਤੇ ਉਨ੍ਹਾਂ ਉਤੇ ਤਸ਼ੱਦਦ ਕੀਤੇ ਜਾਣ ਦੀ ਸਖਤ ਨਿਖੇਧੀ ਕੀਤੀ।
    ਇਸ ਤੋਂ ਪਹਿਲਾਂ 17 ਦਿਸੰਬਰ ਨੂੰ ਵੀ ਆਰ.ਐਸ.ਐਫ. ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਭਾਰਤ ਦੇ ਸੰਘਰਸ਼ਰਤ ਵਿਦਿਆਰਥੀਆਂ ਨਾਲ ਇਕਜੁਟਤਾ ਦਾ ਇਜਹਾਰ ਕੀਤਾ ਸੀ। ਇਸ ਬਿਆਨ ਵਿਚ ਕਿਹਾ ਗਿਆ ਸੀ ‘‘ਅਸੀਂ, ਰੈਵੋਲਿਊਸ਼ਨਰੀ ਸਟੂਡੈਂਟਸ ਫਰੰਟ (ਆਰ.ਐਸ.ਐਫ.) ਅਮਨਪਸੰਦ ਬੇਹਥਿਆਰੇ ਵਿਦਿਆਰਥੀਆਂ ’ਤੇ ਕੀਤੇ ਜਾ ਰਹੇ ਇਸ ਸਰਕਾਰੀ ਤਸ਼ੱਦਦ ਤੇ ਪੁਲਸ ਵਲੋਂ ਹਿੰਸਾ ਦੀ ਵਰਤੋਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ। ਅਸੀਂ ਮੋਦੀ ਤੇ ਬੀ.ਜੇ.ਪੀ. ਦੇ ਫਾਸ਼ੀਵਾਦੀ ਅਜੰਡੇ ਵਿਰੁੱਧ ਸੰਘਰਸ਼ ਕਰ ਰਹੇ ਆਪਣੇ ਕਾਮਰੇਡਾਂ ਨਾਲ ਪੂਰਨ ਇਕਜੁਟ ਹੋ ਕੇ ਖੜ੍ਹੇ ਹਾਂ।’’
    ਇੱਥੇ ਇਹ ਵਰਣਨਯੋਗ ਹੈ ਕਿ ਪਾਕਿਸਤਾਨ ਵਿਚ ਵਿਦਿਆਰਥੀ ਇਕ ਸਾਂਝਾ ਮੋਰਚਾ ਬਣਾਕੇ ਆਪਣੀਆਂ ਭੱਖਦੀਆਂ ਮੰਗਾਂ ਤੇ ਸਿੱਖਿਆ ਅਦਾਰਿਆਂ ’ਚ ਸਟੂਡੈਂਟ ਯੁਨੀਅਨ ਦੀਆਂ ਚੋਣਾਂ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਸੰਘਰਸ਼ ਕਰ ਰਹੇ ਹਨ। 27 ਨਵੰਬਰ ਨੂੰ ਦੇਸ਼ ਪੱਧਰ ’ਤੇ ਬਹੁਤ ਹੀ ਸ਼ਾਨਦਾਰ ‘ਵਿਦਿਆਰਥੀ ਇਕਜੁਟਤਾ ਦਿਵਸ’ ਮਨਾਇਆ ਗਿਆ ਸੀ। ਜਿਸਦੀ ਸਫਲਤਾ ਤੋਂ ਬੌਖਲਾ ਕੇ ਉਥੋਂ ਦੇ  ਬੁਨਿਆਦ ਪ੍ਰਸਤ ਤੇ ਸਰਕਾਰ ਉਨ੍ਹਾਂ ’ਤੇ ਰਾਸ਼ਟਰ ਵਿਰੋਧੀ ਹੋਣ ਦੀਆਂ ਤੋਹਮਤਾਂ ਲਗਾ ਰਹੀ ਹੈ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਸਾਡੇ ਦੇਸ਼ ਦੇ ਹਾਕਮ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ‘ਟੁਕੜੇ ਟੁਕੜੇ ਗੈਂਗ’ ਦੱਸ ਰਹੇ ਹਨ।




    ਲੇਬਨਾਨ ਵਿਚ ਜਨਸੰਘਰਸ਼
    ਮੱਧ ਪੂਰਬ ਏਸ਼ੀਆ ਦੇ ਦੇਸ਼ ਲੇਬਨਾਨ ਵਿਚ ਪਿਛਲੇ 4 ਮਹੀਨੇ ਤੋਂ ਲੋਕ ਸੰਘਰਸ਼ ਦੇ ਮੈਦਾਨ ਵਿਚ ਹਨ। ਇਹ 60 ਲੱਖ ਦੀ ਅਬਾਦੀ ਵਾਲਾ ਦੇਸ਼, ਲੇਬਨਾਨ ਗਣਰਾਜ, ਇਸ ਖਿੱਤੇ ਦਾ ਉਚ ਸਾਖਰਤਾ ਦਰ ਵਾਲਾ ਦੇਸ਼ ਹੈ, ਜਿਹੜਾ ਰਵਾਇਤੀ ਤੌਰ ’ਤੇ ਵਪਾਰਕ ਸਭਿਆਚਾਰ ਕਰਕੇ ਮੱਧ ਪੂਰਬ ਦਾ ਮਹੱਤਵਪੂਰਨ ਵਪਾਰਕ ਕੇਂਦਰ ਹੈ। ਇਸ ਦੇਸ਼ ਦਾ ਰਾਜਨੀਤਕ ਢਾਂਚਾ ਵੀ ਵੱਖਰੀ ਕਿਸਮ ਦਾ ਹੈ, ਅਜਿਹੇ ਰਾਜਨੀਤਕ ਢਾਂਚੇ ਵਾਲੇ ਦੁਨੀਆਂ ਵਿਚ ਕੁੱਝ ਕੁ ਦੇਸ਼ ਹੀ ਹਨ। ਇਹ ਅਰਧ ਰਾਸ਼ਟਰਪਤੀ ਸੰਸਦੀ ਜਮਹੂਰੀ ਪ੍ਰਣਾਲੀ ਵਾਲਾ ਗਣਰਾਜ ਹੈ, ਜਿਸ ਵਿਚ ਕਾਰਜਕਾਰਨੀ ਤੇ ਸੰਸਦ ਦੀ ਪ੍ਰਤੀਨਿਧਤਾ ਵਿਚ ਧਾਰਮਕ ਤੇ ਨਸਲੀ ਆਧਾਰ ’ਤੇ ਵੰਡ ਸ਼ਾਮਲ ਹੈ। ਦੇਸ਼ ਦਾ ਰਾਸ਼ਟਰਪਤੀ ਮਾਰਨਾਇਟ ਇਸਾਈ ਹੁੰਦਾ ਹੈ, ਪ੍ਰਧਾਨ ਮੰਤਰੀ ਸੁੰਨੀ ਮੁਸਲਮਾਨ, ਸੰਸਦ ਦਾ ਸਪੀਕਰ ਸ਼ੀਆ ਮੁਸਲਮਾਨ, ਉਪ ਪ੍ਰਧਾਨ ਮੰਤਰੀ ਤੇ ਸੰਸਦ ਦਾ ਉਪ ਸਪੀਕਰ ਪੂਰਬੀ ਆਰਬੋਡੋਕਸ ਨਸਲ ਨਾਲ ਸਬੰਧਤ ਹੁੰਦਾ ਹੈ। ਰਾਸ਼ਟਰਪਤੀ ਨੂੰ ਸੰਸਦ ਚੁਣਦੀ ਹੈ, ਉਸਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ। ਜਦੋਂਕਿ ਸੰਸਦ ਲਈ ਹਰ 4 ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਸੰਸਦ ਦੀਆਂ 128 ਸੀਟਾਂ ਦੀ ਇਸਾਈਆਂ, ਮੁਸਲਮਾਨਾਂ ਤੇ 18 ਵੱਖ-ਵੱਖ ਨਸਲਾਂ ਦੇ 26 ਧਾਰਮਕ ਗਰੁੱਪਾਂ ਦਰਮਿਆਨ ਬਰਾਬਰ ਦੀ ਵੰਡ ਹੁੰਦੀ ਹੈ। ਇਕ ਤਰ੍ਹਾਂ ਇਸ ਢੰਗ ਨਾਲ ਰਾਖਵੀਆਂ ਸੀਟਾਂ ’ਤੇ ਸੰਸਦ ਮੈਂਬਰ ਸਿੱਧੀ ਚੋਣ ਪ੍ਰਣਾਲੀ ਰਾਹੀਂ ਚੁਣੇ ਜਾਂਦੇ ਹਨ। ਦੇਸ਼ ਨੇ ਅਜਿਹੀ ਰਾਜਨੀਤਕ ਪ੍ਰਣਾਲੀ ਨੂੰ 1975-1990 ਦੌਰਾਨ ਚੱਲੀ ਖਾਨਾਜੰਗੀ ਤੋਂ ਬਾਅਦ ਅਪਨਾਇਆ ਸੀ।
    ਦੇਸ਼ ਵਿਚ ਅਕਤੂਬਰ ਮਹੀਨੇ ਤੋਂ ਹੀ ਜਨਤਕ ਸੰਘਰਸ਼ ਚਲ ਰਿਹਾ ਹੈ। 18 ਜਨਵਰੀ ਨੂੰ ਦੇਸ਼ ਭਰ ਵਿਚੋਂ ਆਏ ਹਜ਼ਾਰਾਂ ਲੋਕਾਂ ਨੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਮੰਤਰੀ ਹਸਨ ਦਿਆਬ ਵਲੋਂ ਆਪਣਾ ਮੰਤਰੀ ਮੰਡਲ ਬਨਾਉਣ ਵਿਚ ਨਾਕਾਮ ਰਹਿਣ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਦੇਸ਼ ਦੀ ਰਾਜਧਾਨੀ ਬੇਰੂਤ ਸਥਿਤ ਸੰਸਦ ਵੱਲ ਮਾਰਚ ਕੀਤਾ ਜਿਸ ਦੌਰਾਨ ਉਨ੍ਹਾਂ ਨੂੰ ਖਿੰਡਾਉਣ ਲਈ ਅੰਦਰੂਨੀ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ 400 ਲੋਕ ਜਖ਼ਮੀ ਹੋਏ। ਅਜਿਹਾ ਮੁਜ਼ਾਹਰਾ 19 ਜਨਵਰੀ ਨੂੰ ਵੀ ਕੀਤਾ ਗਿਆ, ਜਿਸ ਦੌਰਾਨ ਹੋਈਆਂ ਝੜਪਾਂ ਵਿਚ 100 ਲੋਕ ਜਖ਼ਮੀ ਹੋਏ।
    ਇੱਥੇ ਵਰਣਨਯੋਗ ਹੈ ਕਿ ਭਿ੍ਰਸ਼ਟ ਰਾਜਨੀਤਕ ਵਿਵਸਥਾ, ਵੱਧ ਰਹੀ ਅਸਮਾਨਤਾ ਤੇ ਬੇਰੁਜ਼ਗਾਰੀ ਵਿਰੁੱਧ ਅਕਤੂਬਰ ਮਹੀਨੇ ਤੋਂ ਦੇਸ਼ ਵਿਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਵਿਆਪਕ ਪੱਧਰ ’ਤੇ ਫੈਲਿਆ ਭਿ੍ਰਸ਼ਟਾਚਾਰ ਤੇ ਰਾਜਨੀਤਕ ਆਗੂਆਂ ਦੀ ਨਾਕਾਮੀ ਕਰਕੇ ਜਨਤਕ ਸੇਵਾਵਾਂ ਦੇਸ਼ ਵਿਚ ਠੱਪ ਹੋ ਕੇ ਰਹਿ ਗਈਆਂ ਹਨ ਅਤੇ ਦੇਸ਼ ਦੀ ਆਰਥਿਕਤਾ ਮਾੜੀ ਸਥਿਤੀ ਵਿਚ ਪੁੱਜ ਗਈ ਹੈ। ਉਨ੍ਹਾਂ ਦੀ ਮੰਗ ਹੈ ਕਿ ਸਮੁੱਚੇ ਢਾਂਚੇ ਵਿਚ ਵਿਉਂਤਬੱਧ ਸੁਧਾਰ ਕੀਤੇ ਜਾਣ ਅਤੇ ਖਾਨਾਜੰਗੀ (1975-1990) ਤੋਂ ਬਾਅਦ ਦੇਸ਼ ਦੀ ਰਾਜਨੀਤਕ ਵਿਵਸਥਾ ਭਾਵ ਸੰਸਦ ਤੇ ਕਾਰਜਕਾਰਨੀ ਵਿਚ ਲਾਗੂ ਕੀਤਾ ਗਿਆ ਨਸਲੀ ਤੇ ਧਾਰਮਕ ਆਧਾਰ ’ਤੇ ਰਾਖਵਾਂਕਰਨ ਖਤਮ ਕੀਤਾ ਜਾਵੇ। ਇਸ ਅੰਦੋਲਨ ਦੇ ਦਬਾਅ ਕਾਰਨ ਅਤੇ ਦੇਸ਼ ਵਿਚ ਪਸਰੇ ਆਰਥਕ ਸੰਕਟ ਨੂੰ ਹੱਲ ਕਰਨ ਵਿਚ ਨਾਕਾਮ ਰਹਿਣ ਤੇ ਕੁਝ ਨਵੇਂ ਟੈਕਸ ਲਾਉਣ ਕਰਕੇ ਪੈਦਾ ਹੋਏ ਜਨਤਕ ਗੁੱਸੇ ਦੇ ਮੱਦੇਨਜ਼ਰ ਹੀ 29 ਅਕਤੂਬਰ ਨੂੰ ਉਸ ਵੇਲੇ ਦੇ ਦੇਸ਼ ਦੇ ਪ੍ਰਧਾਨ ਮੰਤਰੀ ਸਾਅਦ ਹਰੀਰੀ ਨੂੰ ਆਪਣੇ ਅਹੁਦੇ ਨੂੰ ਤਿਆਗਣਾ ਪਿਆ ਸੀ ਅਤੇ ਹਸਨ ਦਿਆਬ ਲਗਭਗ ਇਕ ਮਹੀਨੇ ਚੱਲੀ ਸਹਿਮਤੀ ਪ੍ਰਕਿਰਿਆ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਨਿਯੁਕਤ ਹੋਏ ਸਨ।
    ਜਨਵਰੀ ਦੇ ਸ਼ੁਰੂ ਵਿਚ ਅਮਰੀਕੀ ਡਾਲਰਾਂ ਨੂੰ ਕਢਵਾਉਣ ਉਤੇ ਬੈਂਕਾਂ ਵਲੋਂ ਲਾਈਆਂ ਗਈਆਂ ਬੰਦਸ਼ਾਂ ਵਿਰੁੱਧ ਬੈਂਕਾਂ ਤੇ ਦੇਸ਼ ਦੇ ਕੇਂਦਰੀ ਬੈਂਕ ਸਾਹਮਣੇ ਰੋਸ ਮੁਜ਼ਾਹਰਿਆਂ ਦੇ ਰੂਪ ਵਿਚ ਜਨ ਸੰਘਰਸ਼ ਮੁੜ ਸ਼ੁਰੂ ਹੋ ਗਿਆ ਸੀ ਕਿਉਂਕਿ ਇੱਥੇ ਲੋਕ ਅਮਰੀਕੀ ਡਾਲਰ ਦੀ ਨਿੱਤ ਦਿਨ ਇਕ ਬਦਲਵੀਂ ਕਰੰਸੀ ਦੇ ਰੂਪ ਵਿਚ ਵਰਤੋਂ ਕਰਦੇ ਹਨ।
    ਇੱਥੇ ਇਹ ਵੀ ਵਰਣਨਯੋਗ ਹੈ ਕਿ ਦਿਆਬ ਉਨ੍ਹਾਂ ਨੂੰ ਸਮਰਥਨ ਦੇਣ ਵਾਲੀਆਂ ਕੁਝ ਰਾਜਨੀਤਕ ਧਿਰਾਂ, ਵਿਸ਼ੇਸ਼ ਰੂਪ ਵਿਚ ਹਿਜਬੁਲਾਹ ਵਲੋਂ ਇਕ ਟੈਕਨੋਕ੍ਰੇਟਸ ਅਧਾਰਤ ਮੰਤਰੀ ਮੰਡਲ ਬਨਾਉਣ ਦੀ ਯੋਜਨਾ ਪ੍ਰਤੀ ਅਸਹਿਮਤੀ ਕਰਕੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਨ ਵਿਚ ਅਸਫਲ ਰਿਹਾ ਸੀ। ਹੁਣ ਰਾਸ਼ਟਰਪਤੀ ਮਾਈਕਲ ਔਊਨ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਫੌਰੀ ਮੀਟਿੰਗ ਬੁਲਾਉਣ ਦਾ ਭਰੋਸਾ ਦਿੱਤਾ ਹੈ।

  • ਸੰਪਾਦਕੀ ਟਿੱਪਣੀ : ਪੰਜਾਬ ਵਿਧਾਨ ਸਭਾ ਵਲੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਮਤਾ ਪਾਸ ਕਰਨਾ ਪ੍ਰਸ਼ੰਸਾਯੋਗ

    ਸੰਪਾਦਕੀ ਟਿੱਪਣੀ : ਪੰਜਾਬ ਵਿਧਾਨ ਸਭਾ ਵਲੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਮਤਾ ਪਾਸ ਕਰਨਾ ਪ੍ਰਸ਼ੰਸਾਯੋਗ

    ਲੰਘੀ 17 ਜਨਵਰੀ ਨੂੰ, ਪੰਜਾਬ ਵਿਧਾਨ ਸਭਾ ਵਿੱਚ, ਮੋਦੀ-ਸ਼ਾਹ ਸਰਕਾਰ ਵਲੋਂ ਆਪਣੇ ਆਕਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਕੱਟੜ ਹਿੰਦੂ ਰਾਸ਼ਟਰ ਦੀ ਕਾਇਮੀ ਦੇ ਕੋਝੇ ਮਕਸਦ ਨੂੰ ਮਜਬੂਤੀ ਨਾਲ ਅੱਗੇ ਵਧਾਉਣ ਦੀ ਸਾਜਿਸ਼ ਅਧੀਨ ਘੜੇ ਗਏ ਨਾਗਰਿਕਤਾ ਸੋਧ ਕਾਨੂੰਨ-2019 (ਸੀਏਏ) ਨੂੰ ਮਨਸੂਖ਼ ਕਰਨ ਦੀ ਮੰਗ ਕਰਦਾ ਇੱਕ ਮਤਾ ਪਾਸ ਕੀਤਾ ਗਿਆ ਹੈ । ਇਸ ਵਿਵਾਦਗ੍ਰਸਤ ਕਾਨੂੰਨ ਖਿਲਾਫ਼ ਮਤਾ ਪਾਸ  ਕਰਨ ਵਾਲਾ, ਦੱਖਣੀ ਸੂਬੇ ਕੇਰਲਾ ਤੋਂ ਬਾਅਦ ਪੰਜਾਬ ਦੂਜਾ ਪ੍ਰਾਂਤ ਹੈ। ਪੰਜਾਬ ਵਿਧਾਨ ਸਭਾ ਦੇ ਦੋ ਦਿਨਾਂ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਇਹ ਮਤਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਮੈਂਬਰਾਂ ਦੇ ਵਿਚਾਰ ਕਰਨ ਲਈ ਪੇਸ਼ ਕੀਤਾ ਗਿਆ। ਸੱਤਾਧਾਰੀ ਕਾਂਗਰਸ ਪਾਰਟੀ, ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਮਤੇ ਦੇ ਪੱਖ ਵਿੱਚ ਭੁਗਤੇ ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਨਕਾਰਾਂ ਨੇ ਇਸ ਮਤੇ ਦੇ ਖਿਲਾਫ਼ ਰਾਇ ਰੱਖੀ। ਇੰਜ ਇਹ ਮਤਾ ਬਹੁਸੰਮਤੀ ਨਾਲ ਪਾਸ ਕੀਤਾ ਗਿਆ।
    ਮਤੇ ਦੇ ਹੱਕ ਵਿੱਚ ਬੋਲਣ ਵਾਲੇ ਵਿਧਾਨਕਾਰਾਂ ਨੇ ਉਕਤ ਕਾਨੂੰਨ (ਸੀਏਏ-2019) ਨੂੰ, ਭਾਰਤੀ ਸੰਵਿਧਾਨ ਦੀ ਬੁਨਿਆਦੀ ਭਾਵਨਾ  ਦੇ ਉਲਟ, ਭਾਰਤੀ ਵਸੋਂ ਦੇ ਵਿਸ਼ੇਸ਼ ਹਿੱਸੇ ਨਾਲ ਧਾਰਮਿਕ ਪਛਾਣ ਦੇ ਆਧਾਰ ’ਤੇ ਵਿਤਕਰਾ ਕਰਨ ਵਾਲਾ, ਫੁੱਟ ਪਾਊ ਅਤੇ ਸਭਨਾਂ ਨੂੰ ਇੱਕਸਾਰ ਨਾਗਰਿਕ ਅਧਿਕਾਰਾਂ ਦੀ ਜਾਮਣੀ ਕਰਦੇ ਉਦਾਰ ਲੋਕਤੰਤਰ ਦੇ ਬੁਨਿਆਦੀ ਲੱਛਣਾਂ ਦੇ ਵਿਰੁੱਧ ਦੱਸਿਆ। ਇਨ੍ਹਾਂ ਵਿਧਾਨਕਾਰਾਂ ਨੇ ਇਹ ਵੀ ਕਿਹਾ ਕਿ ਇਸ ਕਾਨੂੰਨ ਦੇ ਬਣਨ ਨਾਲ ਨਵੇਂ ਤੌਖਲੇ ਅਤੇ ਸੰਸੇ ਖੜੇ ਹੋਏ ਹਨ ਅਤੇ ਪਾਰਲੀਮੈਂਟ ਵਲੋਂ ਉਕਤ ਕਾਨੂੰਨ ਪਾਸ ਕੀਤੇ ਜਾਣ ਤੋਂ ਬਾਅਦ ਦੇਸ਼ ਵਿਆਪੀ ਰੋਸ ਅਤੇ ਸਮਾਜਿਕ ਬੇਚੈਨੀ ਪੈਦਾ ਹੋਈ ਹੈ ਜਿਸ ਦੇ ਸਿੱਟੇ ਵੱਜੋਂ ਪੰਜਾਬ ਸਮੇਤ ਸਾਰੇ ਦੇਸ਼ ਵਿੱਚ ਸਮਾਜ ਦੇ ਸਾਰੇ ਭਾਗਾਂ ਦੀ ਵਿਸ਼ਾਲ ਭਾਗੀਦਾਰੀ ਵਾਲੇ ਅਮਨ-ਪੂਰਬਕ ਸੰਘਰਸ਼ ਛਿੜ ਪਏ ਹਨ। ਬਹਿਸ ਦੀ ਸ਼ੁਰੂਆਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 1947 ‘ਚ ਫਿਰਕੂ ਆਧਾਰ ‘ਤੇ ਸਾਜਿਸ਼ਨ ਕੀਤੀ ਗਈ ਦੇਸ਼ ਦੀ ਵੰਡ ਵੇਲੇ ਲੱਖਾਂ ਬੇਕਸੂਰਾਂ ਦੇ ਕਤਲੇਆਮ ਦੀ ਯਾਦ ਦਿਵਾਉਂਦਿਆਂ ਭਾਰਤੀ ਆਵਾਮ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ । ‘ਆਪ’ ਵਿਧਾਨਕਾਰਾਂ ਨੇ ਉਕਤ ਕਾਨੂੰਨਾਂ ਨੂੰ ਨਾ ਕੇਵਲ ਮੁਸਲਿਮਾਂ ਬਲਕਿ ਸਾਰੇ ਗਰੀਬਾਂ ਖਾਸ ਕਰਕੇ ਦਲਿਤਾਂ/ਆਦਿਵਾਸੀਆਂ ਦੇ ਹਿਤਾਂ ਦਾ ਘਾਣ ਕਰਨ ਵਾਲਾ ਦੱਸਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੂ ਪੀ ਵਿੱਚ ਲੋਕਾਂ ਦੇ ਮਾਰੇ ਜਾਣ ਅਤੇ ਵਿਦਿਆਰਥੀਆਂ ਦੇ ਦੇਸ਼ ਵਿਆਪੀ ਰੋਸ ਪ੍ਰਦਰਸ਼ਨਾਂ ਨਾਲ 1930 ਦਾ ਜਰਮਨੀ ਯਾਦ ਆਉਂਦਾ ਹੈ ਜਦੋਂ ਉੱਥੋਂ ਦੇ ਰਾਜ-ਭਾਗ ’ਤੇ ਹਿਟਲਰ ਦੀ ਅਗਵਾਈ ਵਿੱਚ ਨਾਜ਼ੀਆਂ ਦਾ ਕਬਜ਼ਾ ਸੀ। ਉਨ੍ਹਾਂ ਕਿਹਾ ਕਿ ਉਦੋਂ ਹੁੰਦੇ ਅੱਤਿਆਚਾਰਾਂ ਖਿਲਾਫ਼ ਜਰਮਨ ਲੋਕਾਂ ਨੇ ਆਵਾਜ਼ ਬੁਲੰਦ ਨਹੀਂ ਕੀਤੀ ਜਿਸ ਦਾ ਜਰਮਨ ਲੋਕਾਂ ਨੂੰ ਬਾਅਦ ਵਿੱਚ ਬਹੁਤ ਖਮਿਆਜ਼ਾ ਭੁਗਤਨਾ ਪਿਆ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਆਵਾਮ ਨੂੰ ਜਰਮਨ ਦੇ ਤਜਰਬੇ ਤੋਂ ਦਰੁਸਤ ਸਬਕ ਲੈਂਦਿਆਂ ਸਾਡੇ ਆਪਣੇ ਦੇਸ਼ ਵਿੱਚ ਕੀਤੇ ਜਾ ਰਹੇ ਹਿਟਲਰੀ ਤਰਜ਼ ਦੇ ਜ਼ੁਲਮਾਂ ਖਿਲਾਫ਼ ਨਿੱਤਰਨਾ ਚਾਹੀਦਾ ਹੈ। ਮਤੇ ਦੇ ਪੱਖ ਵਿਚ ਬੋਲਣ ਵਾਲੇ ਵਿਧਾਨਕਾਰਾਂ ਨੇ ਫਿਰਕੂ ਵੰਡ ਤਿੱਖੀ ਕਰਨ ਦੇ ਹਥਿਆਰ ਐਨਆਰਸੀ ਅਤੇ ਐਨਪੀਆਰ ਵਿਰੁੱਧ ਵੀ ਵਿਚਾਰ ਰੱਖੇ।
    ਮਤਾ ਪਾਸ ਹੋਣ ਤੋਂ ਬਾਅਦ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਐਨਪੀਆਰ ਦੇ ਨਵੇਂ ਫਾਰਮ ਅਤੇ ਦਸਤਾਵੇਜ਼ਾਂ ਦੀ ਮੰਗ ਨੂੰ ਬਿਲਕੁਲ ਵੀ ਲਾਗੂ ਨਹੀਂ ਕਰੇਗੀ।   
    ਅਸੀਂ ਇਹ ਗੱਲ ਬੇਝਿਜਕ ਕਹਿਣਾ ਚਾਹੁੰਦੇ ਹਾਂ ਕਿ ਮੌਜੂਦਾ ਪੰਜਾਬ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਅਤੇ ਨੁਕਸਦਾਰ ਪ੍ਰਸ਼ਾਸਕੀ ਕਾਰਗੁਜ਼ਾਰੀ ਨਾਲ ਸਾਡੇ ਡਾਢੇ ਮਤਭੇਦ ਹਨ। ਪਰ ਲੋਕ ਸਭਾ ਵਿੱਚ ਆਪਣੇ ਫੈਸਲਾਕੁੰਨ ਬਹੁਮਤ ਦੇ ਜੋਰ ‘ਤੇ ਦੇਸ਼ ਨੂੰ ਫਿਰਕੂ ਅੱਗ ਦੀ ਭੱਠੀ ਵਿੱਚ ਝੋਕ ਦੇਣ ਦੇ ਮੋਦੀ ਸਰਕਾਰ ਦੇ ਕੁਲਹਿਣੇ ਫੈਸਲਿਆਂ ਖਿਲਾਫ਼ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਵਾਲੇ ਵਿਧਾਨਕਾਰਾਂ ਦੀ ਅਸੀਂ ਦਿਲੋਂ ਪ੍ਰਸ਼ੰਸਾ ਕਰਦੇ ਹਾਂ ਅਤੇ ਇਸ ਇਤਿਹਾਸਕ ਮਤੇ ਲਈ ਉਨ੍ਹਾਂ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ। ਨਾਲ ਹੀ ਅਸੀਂ ਇਹ ਸਨਿੱਮਰ ਸੁਝਾਅ ਵੀ ਦੇਣਾ ਚਾਹੁੰਦੇ ਹਾਂ ਕਿ ਅਸੰਬਲੀ ਵਿੱਚ ਪਾਸ ਕੀਤੇ ਗਏ ਮਤੇ ਦੀਆਂ ਦੇਸ਼ ਹਿਤੂ ਭਾਵਨਾਵਾਂ ਤੋਂ ਸਮੁੱਚੇ ਆਵਾਮ ਨੂੰ ਜਾਣੂੰ ਕਰਵਾਉਣ ਲਈ ਸਾਰੀਆਂ ਸਬੰਧਤ ਧਿਰਾਂ ਠੋਸ ਅਤੇ ਪ੍ਰਭਾਵੀ ਯੋਜਨਾਬੰਦੀ ਕਰਨ। 

    ਮਹੀਪਾਲ
  • ਆਕਸਫਾਮ ਰਿਪੋਰਟ-2020

    ਆਕਸਫਾਮ ਰਿਪੋਰਟ-2020

    ਅਮੀਰ ਗਰੀਬ ’ਚ ਨਿਰੰਤਰ ਵੱਧ ਰਿਹਾ ਹੈ ਪਾੜਾ
    ਔਰਤਾਂ ਵਲੋਂ ਕੀਤਾ ਜਾਂਦਾ ਬਿਨਾਂ ਮਿਹਨਤਾਨੇ ਤੋਂ ਘਰੇਲੂ ਕੰਮ ਅਰਥਚਾਰੇ ਦਾ ਇੰਜਣ


    ਸਵਿਟਜਰਲੈਂਡ ਦੇ ਸ਼ਹਿਰ ਦਾਵੋਸ ਵਿਖੇ 21 ਜਨਵਰੀ ਤੋਂ ਸ਼ੁਰੂ ਹੋਈ ‘ਸੰਸਾਰ ਆਰਥਕ ਫੋਰਮ’ ਦੀ 50ਵੀਂ ਸਾਲਾਨਾ ਬੈਠਕ ਤੋਂ ਇਕ ਦਿਨ ਪਹਿਲਾਂ 20 ਜਨਵਰੀ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਨੁੱਖੀ ਅਧਿਕਾਰਾਂ, ਖਾਸ ਤੌਰ ’ਤੇ ਦੁਨੀਆਂ ਦੇ ਗਰੀਬ ਲੋਕਾਂ ਦੇ ਹਿਤਾਂ ਦਾ ਲੇਖਾ-ਜੋਖਾ ਰੱਖਣ ਵਾਲੀ ਸੰਸਥਾ ‘ਆਕਸਫਾਮ’ (ਆਕਸਫੋਰਡ ਕਮੇਟੀ ਆਨ ਫੇਮਿਨ ਰਲੀਫ) ਨੇ ਸੰਸਾਰ ਅਸਮਾਨਤਾ ਰਿਪੋਰਟ-‘ਟਾਈਮ ਟੂ ਕੇਅਰ’ (ਦੇਖਭਾਲ ਦਾ ਸਮਾਂ) ਦੇ ਸਿਰਲੇਖ ਅਧੀਨ ਜਾਰੀ ਕੀਤੀ ਹੈ। ਇਸ ਵਾਰ ਇਹ ਰਿਪੋਰਟ ਆਕਸਫਾਮ ਦੇ ਭਾਰਤ ਅਧਿਆਏ ਦੇ ਮੁਖੀ ਅਮਿਤਾਬ ਬੇਹਰ ਨੇ ਪੇਸ਼ ਕੀਤੀ।
    ਇਸ ਰਿਪੋਰਟ ਅਨੁਸਾਰ ਸਾਡੇ ਦੇਸ਼ ਭਾਰਤ ਵਿਚ
     ਸਭ ਤੋਂ ਅਮੀਰ 1% ਲੋਕਾਂ ਕੋਲ ਸਾਡੀ ਆਬਾਦੀ ਦੇ ਸਭ ਤੋਂ ਹੇਠਲੇ 95 ਕਰੋੜ 30 ਲੱਖ ਲੋਕਾਂ, ਜਿਹੜੇ ਕਿ ਕੁੱਲ ਆਬਾਦੀ ਦਾ 70% ਬਣਦੇ ਹਨ, ਦੀ ਕੁਲ ਸੰਪਤੀ ਨਾਲੋਂ ਵੀ 4 ਗੁਣਾ ਤੋਂ ਵੀ ਵਧੇਰੇ ਸੰਪਤੀ ਹੈ।
     ਦੇਸ਼ ਦੇ 63 ਅਰਬਪਤੀਆਂ ਦੀ ਕੁਲ ਸੰਪਤੀ ਦੇਸ਼ ਦੇ ਸਾਲ 2018-19 ਦੇ ਬਜਟ, ਜਿਹੜਾ ਕਿ 24 ਲੱਖ 42 ਹਜ਼ਾਰ 200 ਕਰੋੜ ਰੁਪਏ ਸੀ, ਨਾਲੋਂ ਵੀ ਵਧੇਰੇ ਹੈ।
     ਭਾਰਤ ਵਿਚ ਇਕ ਸਾਲ ਵਿਚ ਇਕ ਸਿਖਰਲੀ ਤਕਨੀਕੀ ਕੰਪਨੀ ਦਾ ਸੀ.ਈ.ਓ. ਜਿੰਨੀ ਕਮਾਈ ਕਰਦਾ ਹੈ, ਓਨੀ ਕਮਾਈ ਕਰਨ ਲਈ ਇਕ ਇਸਤਰੀ ਘਰੇਲੂ ਮਜ਼ਦੂਰ ਨੂੰ 22,777 ਸਾਲ ਕੰਮ ਕਰਨਾ ਪਵੇਗਾ।
     ਉਪਰੋਕਤ ਸੀ.ਈ.ਓ. 106 ਰੁਪਏ ਪ੍ਰਤੀ ਸੈਕੰਡ ਕਮਾਉਂਦਾ ਹੈ, 10 ਮਿੰਟਾਂ ਦੀ ਹੀ ਉਸਦੀ ਕਮਾਈ ਇਕ ਘਰੇਲੂ ਇਸਤਰੀ ਕਾਮੇ ਦੀ ਇਕ ਸਾਲ ਦੀ ਤਨਖਾਹ ਦੇ ਬਰਾਬਰ ਹੁੰਦੀ ਹੈ।
     ਭਾਰਤ ਵਿਚ ਔਰਤਾਂ ਤੇ ਕੁੜੀਆਂ ਪ੍ਰਤੀ ਦਿਨ ਬਿਨਾਂ ਮਿਹਨਤਾਨੇ ਤੋਂ 3.26 ਅਰਬ ਘੰਟੇ ਘਰੇਲੂ ਤੇ ਸਾਂਭ-ਸੰਭਾਲ ਦਾ ਕੰਮ ਕਰਦੀਆਂ ਹਨ, ਜਿਵੇਂ ਘਰ ਵਿਚ ਰੋਟੀ-ਪਾਣੀ ਬਨਾਉਣਾ, ਬੱਚਿਆਂ ਤੇ ਬੁਢਿਆਂ ਨੂੰ ਸਾਂਭਣਾ ਆਦਿ।
     ਆਪਣੇ ਇਸ ਕੰਮ ਨਾਲ ਉਹ ਭਾਰਤੀ ਅਰਥਚਾਰੇ ਵਿਚ ਹਰ ਸਾਲ ਘੱਟੋ-ਘੱਟ 19 ਲੱਖ ਕਰੋੜ ਰੁਪਏ ਦੇ ਬਰਾਬਰ ਦਾ ਯੋਗਦਾਨ ਪਾਉਂਦੀਆਂ ਹਨ, ਜਿਹੜਾ ਕਿ ਭਾਰਤ ਦੇ 2019 ਦੇ ਸਮੁੱਚੇ ਸਿੱਖਿਆ ਬਜਟ (93000 ਕਰੋੜ ਰੁਪਏ) ਨਾਲੋਂ 20 ਗੁਣਾ ਵਧੇਰੇ ਬਣਦਾ ਹੈ।
     ਜੇਕਰ ਸਾਂਭ-ਸੰਭਾਲ ਦੇ ਅਰਥਚਾਰੇ ਵਿਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 2% ਦੇ ਬਰਾਬਰ ਸਿੱਧਾ ਜਨਤਕ ਨਿਵੇਸ਼ ਕੀਤਾ ਜਾਵੇ ਤਾਂ 1 ਕਰੋੜ 10 ਲੱਖ ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ, ਜਿੰਨੀਆਂ ਕਿ ਅਸੀਂ 2018 ਵਿਚ ਗੁਆਈਆਂ ਹਨ।
     ਔਰਤਾਂ ਤੇ ਕੁੜੀਆਂ ਘਰ ਦੇ ਕੰਮਾਂ, ਖਾਣਾ ਬਨਾਉਣ, ਸਾਫ ਸਫਾਈ ਕਰਨ ਤੇ ਬੱਚਿਆਂ-ਬੁਢਿਆਂ ਦੀ ਸਾਂਭ ਸੰਭਾਲ ਵਿਚ ਅਰਬਾਂ ਘੰਟੇ ਖਰਚ ਕਰਦੀਆਂ ਹਨ। ਉਨ੍ਹਾਂ ਵਲੋਂ ਕੀਤਾ ਜਾਂਦਾ ਇਹ ਬਿਨ੍ਹਾਂ ਮਿਹਨਤਾਨੇ ਤੋਂ ਕੰਮ ਸਾਡੇ ਅਰਥਚਾਰਿਆਂ, ਵਪਾਰਾਂ ਤੇ ਸਮਾਜ ਦੀ ਗਤੀਸ਼ੀਲਤਾ ਦਾ ਲੁਕਵਾਂ ਇੰਜਣ ਹੈ। ਇਹ ਸਮਾਜ ਦਾ ਉਹ ਹਿੱਸਾ ਹੈ ਜਿਹੜਾ ਕਿ ਸਿੱਖਿਆ, ਚੰਗੇ ਰਹਿਣ-ਸਹਿਣ ਦੇ ਮਾਮਲੇ ਵਿਚ ਸਮਾਜ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਰਿਪੋਰਟ ਅਨੁਸਾਰ ਭਾਰਤ ਸਮੇਤ ਦੁਨੀਆਂ ਭਰ ਦੀਆਂ ਸਰਕਾਰਾਂ ਸਭ ਤੋਂ ਵਧੇਰੇ ਅਮੀਰ ਵਿਅਕਤੀਆਂ ਤੇ ਵਪਾਰਕ ਅਦਾਰਿਆਂ ਤੋਂ ਟੈਕਸ ਵਸੂਲਣ ਵਿਚ ਨਾਕਾਮ ਰਹਿ ਰਹੀਆਂ ਹਨ, ਜਿਸ ਨਾਲ ਕਿ ਇਹ ਗਰੀਬੀ ਤੇ ਅਸਮਾਨਤਾ ਦੂਰ ਕੀਤੀ ਜਾ ਸਕਦੀ ਹੈ।
    ਆਕਸਫਾਮ ਦੀ ‘ਅਸਮਾਨਤਾ ਰਿਪੋਰਟ’ ਅਨੁਸਾਰ ਸੰਸਾਰ ਵਿਚ
     2019 ਵਿਚ ਸੰਸਾਰ ਭਰ ਵਿਚ 2153 ਅਰਬਪਤੀ ਸਨ, ਜਿਨ੍ਹਾਂ ਦੀ ਕੁਲ ਸੰਪਤੀ ਸੰਸਾਰ ਦੇ ਸਭ ਤੋਂ ਹੇਠਲੇ ਪੱਧਰ ਦੇ 4 ਅਰਬ 60 ਕਰੋੜ ਲੋਕਾਂ ਦੀ ਕੁੱਲ ਸੰਪਤੀ ਨਾਲੋਂ ਵੀ ਵਧੇਰੇ ਸੀ, ਜਿਹੜੇ ਕਿ ਸੰਸਾਰ ਦੀ ਕੁਲ ਆਬਾਦੀ ਦਾ 60% ਹਨ।
     ਸੰਸਾਰ ਦੇ ਸਭ ਤੋਂ ਅਮੀਰ 22 ਲੋਕਾਂ ਦੀ ਸੰਪਤੀ ਅਫਰੀਕਾ ਮਹਾਂਦੀਪ ਦੀਆਂ ਸਮੁੱਚੀਆਂ ਔਰਤਾਂ ਦੀ ਕੁੱਲ ਸੰਪਤੀ ਨਾਲੋਂ ਵੀ ਵਧੇਰੇ ਹੈ।
     ਸੰਸਾਰ ਦੇ ਸਭ ਤੋਂ ਅਮੀਰ 1% ਲੋਕਾਂ ਦੀ ਕੁੱਲ ਸੰਪਤੀ ਸਭ ਤੋਂ ਹੇਠਲੇ 6 ਅਰਬ 90 ਕਰੋੜ ਲੋਕਾਂ ਦੀ ਕੁੱਲ ਸੰਪਤੀ ਨਾਲੋਂ ਵੀ ਵਧੇਰੇ ਹੈ।
     ਜੇਕਰ ਲੋਕਾਂ ਨੂੰ ਉਨ੍ਹਾਂ ਦੀ ਸੰਪਤੀ ਨੂੰ 100-100 ਅਮਰੀਕੀ ਡਾਲਰ ਦੇ ਨੋਟਾਂ ਵਿਚ ਤਬਦੀਲ ਕਰਕੇ ਉਸ ਉਤੇ ਬਿਠਾਇਆ ਜਾਵੇ ਤਾਂ ਸੰਸਾਰ ਦੇ ਵਧੇਰੇ ਲੋਕਾਂ ਨੂੰ ਫਰਸ਼ ’ਤੇ ਹੀ ਬੈਠਣਾ ਪਵੇਗਾ, ਅਮੀਰ ਦੇਸ਼ਾਂ ਦੇ ਦਰਮਿਆਨੇ ਤਬਕੇ ਦੇ ਲੋਕ ਕੁਰਸੀ ਦੀ ਉਚਾਈ ’ਤੇ ਬੈਠ ਸਕਣਗੇ; ਅਤੇ ਦੁਨੀਆਂ ਦੇ ਦੋ ਸਭ ਤੋਂ ਅਮੀਰ ਵਿਅਕਤੀਆਂ ਨੂੰ ਧਰਤੀ ਦੇ ਬਾਹਰੀ ਖਲਾਅ ( ) ਵਿਚ ਬੈਠਣਾ ਪਵੇਗਾ।
     ਸਭ ਤੋਂ ਉਪਰਲੇ 1% ਅਮੀਰਾਂ ਦੀ ਸੰਪਤੀ ’ਤੇ ਜੇਕਰ ਅਗਲੇ 10 ਸਾਲਾਂ ਲਈ 0.5% ਵਧੇਰੇ ਟੈਕਸ ਲਾ ਦਿੱਤਾ ਜਾਵੇ ਤਾਂ ਉਸ ਆਮਦਣ ਨਾਲ ਸਿੱਖਿਆ, ਸਿਹਤ ਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਖੇਤਰਾਂ ਵਿਚ 1 ਅਰਬ 17 ਲੱਖ ਨੌਕਰੀਆਂ ਪੈਦਾ ਹੋ ਸਕਦੀਆਂ ਹਨ।
     2011 ਤੋਂ 2017 ਦਰਮਿਆਨ ਜੀ-7 ਦੇਸ਼ਾਂ ਵਿਚ ਤਨਖਾਹਾਂ ਵਿਚ ਔਸਤਨ ਵਾਧਾ 3% ਦੀ ਦਰ ਨਾਲ ਹੋਇਆ ਹੈ ਜਦੋਂਕਿ ਅਮੀਰਾਂ ਦੇ ਸ਼ੇਅਰਾਂ ਦੀ ਵਾਧਾ ਦਰ 31% ਰਹੀ ਹੈ।

  • ਸੋਹਣ ਸਿੰਘ ਭਕਨਾ ਦੀ ਕਹਾਣੀ ਉਨ੍ਹਾਂ ਦੀ ਆਪਣੀ ਜੁਬਾਨੀ

    ਸੋਹਣ ਸਿੰਘ ਭਕਨਾ ਦੀ ਕਹਾਣੀ ਉਨ੍ਹਾਂ ਦੀ ਆਪਣੀ ਜੁਬਾਨੀ

    ਬਾਬਾ ਜੀ ਦੀ 150ਵੀਂ ਵਰ੍ਹੇਗੰਢ 4 ਜਨਵਰੀ ’ਤੇ ਵਿਸ਼ੇਸ਼
    ਡਾ. ਕਰਮਜੀਤ ਸਿੰਘ
    ‘‘ਵੀਹਵੀਂ ਸਦੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਵਦੇਸ਼ ਲਹਿਰ ਦਾ ਆਗਾਜ਼ ਹੋਣ ਨਾਲ ਹਿੰਦੁਸਤਾਨ ਦੀ ਕੌਮੀ ਲਹਿਰ ਨੇ ਅੱਗੇ ਵੱਲ ਵੱਡੀ ਛਾਲ ਮਾਰੀ । ਬੰਗਾਲ ਅਤੇ ਹਿੰਦੁਸਤਾਨ ਦੇ  ਹੋਰ ਹਿੱਸਿਆਂ ਤੋਂ ਔਰਤਾਂ, ਵਿਦਿਆਰਥੀ ਅਤੇ ਵੱਡੀ ਤਾਦਾਦ ਵਿੱਚ ਸ਼ਹਿਰੀ ਤੇ ਪੇਂਡੂ ਵਸੋਂ ਪਹਿਲੀ ਦਫ਼ਾ ਸਿਆਸਤ ਵਿੱਚ ਸਰਗਰਮੀ ਨਾਲ ਸ਼ਾਮਲ ਹੋਏ।’’ (ਗਦਰ ਲਹਿਰ ਅਤੇ ਹਿੰਦੁਸਤਾਨ ਦੀ ਸਾਮਰਾਜ ਵਿਰੋਧੀ ਜੱਦੋਜਹਿਦ, ਸੰਪਾਦਕ ਡਾ. ਪਿ੍ਰਥਵੀ ਰਾਜ ਕਾਲੀਆ, ਅਨੁਵਾਦਕ ਬੂਟਾ ਸਿੰਘ, ਪੰਨਾ 73)। 1905-14  ਦੇ ਦੌਰਾਨ ਕੈਨੇਡਾ-ਅਮਰੀਕਾ ਗਏ ਮੁੱਢਲੇ ਪ੍ਰਵਾਸੀਆਂ ਵਿੱਚ ਇੱਕ ਵੱਖਰੀ ਚੇਤਨਾ ਦਾ ਸੰਚਾਰ ਹੋਇਆ ਕਿਉਂਕਿ ਉਨ੍ਹਾਂ ਨੂੰ ਨਸਲ ਪ੍ਰਸਤੀ ਦੇ ਨਾਲ-ਨਾਲ ਅੰਗਰੇਜ਼ ਸਾਮਰਾਜ ਦੀਆਂ ਸਖ਼ਤੀਆਂ ਦਾ ਵੀ ਸ਼ਿਕਾਰ ਹੋਣਾ ਪਿਆ, ਜਿਸ ਕਾਰਨ ਉਨ੍ਹਾਂ ‘ਚ ਮੁਲਕ ਦੀ ਆਜ਼ਾਦੀ ਅਤੇ ਰਾਜ ਪਲਟੇ ਲਈ ਤੇ ਨਵਾਂ ਸਮਾਜ ਸਿਰਜਣ ਲਈ ਪ੍ਰਤੀਬੱਧਤਾ ਦੇ ਨਾਲ-ਨਾਲ ਜਾਨਾਂ ਵਾਰਨ ਦਾ ਜਜ਼ਬਾ ਵੀ ਪੈਦਾ ਹੋਇਆ । ਇਨ੍ਹਾਂ ਸਥਿਤੀਆਂ ਵਿੱਚ ਹੀ ਗ਼ਦਰ ਲਹਿਰ ਦਾ ਉਭਾਰ ਹੁੰਦਾ ਹੈ । ਸੋਹਣ ਸਿੰਘ ਭਕਨਾ ਦੀ ਪ੍ਰਧਾਨਗੀ ਹੇਠ ਗ਼ਦਰ ਪਾਰਟੀ ਦੇ 8 ਹਜਾਰ ਦੇ ਕਰੀਬ ਪੰਜਾਬੀ ਕਾਰਕੁੰਨ, ਅੰਗਰੇਜਾਂ ਦੇ ਰਾਜ ਨੂੰ ਪਲਟਾਉਣ ਲਈ ਦੇਸ਼ ਨੂੰ ਤੁਰ ਪਏ । ਮੁਖ਼ਬਰਾਂ ਦੀ ਗੱਦਾਰੀ, ਆਪਣੀਆਂ ਮੁੱਢਲੀਆਂ ਗਲਤੀਆਂ ਤੇ ਅੰਗਰੇਜ਼ੀ ਸਾਮਰਾਜ ਦੀਆਂ ਸਖ਼ਤੀਆਂ ਨੇ ਇਸ ਅੰਦੋਲਨ ਨੂੰ ਸਿਰੇ ਨਾ ਚੜ੍ਹਣ ਦਿੱਤਾ । ਪਰ ਇਸ ਲਹਿਰ ਨੇ ਸਾਮਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਅੱਜ ਤੱਕ ਇਸ ਲਹਿਰ ਦਾ ਪ੍ਰਭਾਵ ਭਾਰਤੀ/ਪੰਜਾਬੀ ਰਾਜਨੀਤੀ ਅਤੇ ਸਮਾਜ ਵਿੱਚ ਵੇਖਿਆ ਜਾ ਸਕਦਾ ਹੈ ।
    ਇਸ ਅੰਦੋਲਨ ਵਿੱਚ 42 ਦੇਸ਼ ਭਗਤਾਂ ਨੂੰ ਬਾਦਸ਼ਾਹ ਦੇ ਖਿਲਾਫ਼ ਜੰਗ ਛੇੜਣ ਲਈ ਫਾਂਸੀ ਹੋਈ। 114 ਨੂੰ ਉਮਰ ਕੈਦ ਦੀ ਸਜ਼ਾ ਹੋਈ ਤੇ ਉਨ੍ਹਾਂ ਨੂੰ ਸੈਲੂਲਰ ਜੇਲ੍ਹ ਦੇ ਤਸੀਹਾ ਘਰਾਂ ਵਿੱਚ ਭੇਜ ਦਿੱਤਾ ਗਿਆ। 93 ਦੇਸ਼ ਭਗਤਾਂ ਨੂੰ ਹੋਰ ਸਜ਼ਾਵਾਂ ਹੋਈਆਂ । ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਗਈ । ਪਿੰਡਾਂ ਦੇ ਪਿੰਡਾਂ ਨੂੰ ਜੁਰਮਾਨੇ ਕੀਤੇ ਗਏ। ਅਨੇਕਾਂ ਨੂੰ ਜੂਹਬੰਦ ਕੀਤਾ ਗਿਆ । ਹਰ ਦੇਸ਼ ਭਗਤ ਦਾ ਆਪਣਾ ਯੋਗਦਾਨ ਅਤੇ ਕੁਰਬਾਨੀ ਦੀ ਦਾਸਤਾਨ ਹੈ। ਕੁੱਝ ਦੇਸ਼ ਭਗਤਾਂ ਨੇ ਆਪਣੇ ਬਿਆਨਾਂ ਰਾਹੀਂ ਇਸ ਲਹਿਰ ਵਿੱਚ ਕੀਤੀ ਸਰਗਰਮੀ ਨੂੰ ਕਲਮਬੱਧ ਕੀਤਾ ਜਾਂ ਕਰਵਾਇਆ । ਇਨ੍ਹਾਂ ਵਿਚੋਂ ਬਾਬਾ ਸੋਹਣ ਸਿੰਘ ਭਕਨਾ, ਬਾਬਾ ਹਰਨਾਮ ਸਿੰਘ ਕੋਟਲਾ ਨੌਧ ਸਿੰਘ, ਬਾਬਾ ਵਸਾਖਾ ਸਿੰਘ ਦਦੇਹਰ, ਬਾਬਾ ਕੇਸਰ ਸਿੰਘ ਆਦਿ ਸ਼ਾਮਲ ਹਨ। ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਗ਼ਦਰੀਆਂ ਨੇ ਆਪਣੇ ਨਾਲ ਹੋਈ ਬੀਤੀ ਨੂੰ ਕਿਸੇ ਲਾਗ ਲਪੇਟ ਤੋਂ ਬਗੈਰ ਸਹੀ ਰੂਪ ਵਿੱਚ ਪੇਸ਼ ਕੀਤਾ ।   
    ਬਾਬਾ ਸੋਹਣ ਸਿੰਘ ਭਕਨਾ (1870ਈ.-1968ਈ .)  ਨੇ ਆਪਣੇ ਜੀਵਨ ਨੂੰ ਆਪ ਅੰਕਿਤ ਕੀਤਾ ਜਿਸ ਵਿੱਚੋਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਕਈ ਪੱਖ ਉੱਭਰ ਕੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਬਾਰੇ ਅਸੀਂ ਇੱਥੇ ਸੰਖੇਪ ਜਿਹੀ ਚਰਚਾ ਕਰਾਂਗੇ । ਸੋਹਣ ਸਿੰਘ ਭਕਨਾ ਆਪਣੇ ਪਿੱਛੇ, ‘‘ਸਮਾਜਿਕ ਨਿਆਂ ਅਤੇ ਸਰਗਰਮੀ ਦੀ ਇੱਕ ਐਸੀ ਵਿਰਾਸਤ ਛੱਡ ਗਏ ਹਨ ਜੋ ਸਮਕਾਲੀ ਦੁਨੀਆਂ ਲਈ ਅੱਜ ਵੀ ਪ੍ਰਸੰਗਿਕ ਹੈ ਕਿਉਂਕਿ ਸਾਮਰਾਜਵਾਦ ਅਤੇ ਫਾਸ਼ੀਵਾਦੀ ਤਾਕਤਾਂ ਵਲੋਂ ਬਹੁਤ ਸਾਰੀਆਂ ਕੌਮਾਂ ਅਤੇ ਖਿੱਤਿਆਂ ਉੱਪਰ ਕਬਜ਼ਾ, ਮਹਾਂਸ਼ਕਤੀਆਂ ਦੀ ਮਦਦ ਨਾਲ ਵੱਡੀਆਂ ਕਾਰਪੋਰੇਸ਼ਨਾਂ ਵਲੋਂ ਕੁਦਰਤੀ ਵਸੀਲਿਆਂ ਦੀ ਲੁੱਟ-ਮਾਰ, ਮੂਲਵਾਸੀਆਂ, ਗਰੀਬਾਂ ਅਤੇ ਬੇਘਰਿਆਂ ਨੂੰ ਹਾਸ਼ੀਏ ’ਤੇ ਧੱਕੇ ਜਾਣ ਦਾ ਵਰਤਾਰਾ, ਨਸਲਵਾਦ ਅਤੇ ਵਿਤਕਰੇ ਵਾਲੀਆਂ ਇਮੀਗ੍ਰੇਸ਼ਨ ਨੀਤੀਆਂ, ਮਜਹਬੀ ਟਕਰਾਅ ਅਤੇ ਔਰਤਾਂ ਉੱਪਰ ਸਿਲਸਿਲੇਵਾਰ ਹਿੰਸਾ ਅੱਜ ਵੀ ਜਾਰੀ ਹੈ ।’’                (ਗੁਰਪ੍ਰੀਤ ਕੌਰ, ਉਪਰੋਕਤ,ਪੰਨਾ 263)
    ਸੋਹਣ ਸਿੰਘ ਭਕਨਾ ਦੇ ਸਵੈ ਕਥਨਾਂ ਦੀ ਵੱਡੀ ਖੂਬੀ ਇਹ ਹੈ ਕਿ ਉਹ ਬਾਹਰਮੁਖੀ ਹੋ ਕੇ ਆਪਣੀਆਂ ਕਮਜੋਰੀਆਂ ਨੂੰ ਵੀ ਉਜਾਗਰ ਕਰਨ ਤੋਂ ਨਹੀਂ ਝਿਜਕਦੇ । ਨਾਲ ਦੀ ਨਾਲ ਉਨ੍ਹਾਂ ਦਾ ਵਿਕਾਸਮਈ ਜੀਵਨ ਵੀ ਦੀਦਾਰ ਦਿੰਦਾ ਜਾਂਦਾ ਹੈ । ਸੋਹਣ ਸਿੰਘ ਭਕਨਾ ਸ਼ਾਇਦ ਪਹਿਲੇ ਐਸੇ ਲੇਖਕ ਹਨ ਜੋ ਮਤਰੇਈ ਮਾਂ ਨੂੰ ਧਰਮ-ਮਾਂ ਕਹਿ ਕੇ ਸੰਬੋਧਿਤ ਹੁੰਦੇ ਹਨ। ‘‘ਸੱਚਾਈ ਤਾਂ ਇਹ ਹੈ ਕਿ ਏਨਾ ਪਿਆਰ ਕਰਨ ਵਾਲੀਆਂ ਧਰਮ ਮਾਵਾਂ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀਆਂ ਹਨ।’’ ਜਦੋਂ ਘਰ ਦਾ ਸਾਰਾ ਪ੍ਰਬੰਧ ਸੋਹਣ ਸਿੰਘ ਭਕਨਾ ਦੇ ਹੱਥ ਆਇਆ ਤਾਂ ‘ਨਾਦਾਨੀ ਤੋਂ ਫਾਇਦਾ ਉਠਾਉਣ ਵਾਲਿਆਂ’ ਨੇ ਉਨ੍ਹਾਂ ਨੂੰ ਭੈੜੀ ਸੁਹਬਤ ਵਿੱਚ ਖਿੱਚ ਲਿਆ ਜਿਸ ਵਿੱਚ ਉਹ ਦਸ ਸਾਲ ਰਹੇ, ਜਦੋਂ ਤੱਕ ਉਹ ਬਾਬਾ ਕੇਸਰ ਸਿੰਘ ਦੇ ਪ੍ਰਭਾਵ ਹੇਠ ਨਾਮਧਾਰੀ ਨਹੀਂ ਬਣ ਗਏ। ਉਨ੍ਹਾਂ ਦੀ ਸੰਗਤ ਵਿੱਚ ਹੀ ਭਕਨਾ ਫਿਰਕਾਪ੍ਰਸਤੀ, ਛੂਤ-ਛਾਤ ਅਤੇ ਜਾਤ-ਪਾਤ ਤੋਂ ਉੱਪਰ ਉੱਠੇ। ਇਹ ਖਾਸੀਅਤ ਬਾਬਾ ਕੇਸਰ ਸਿੰਘ ਦੀ ਸੀ, ਨਹੀਂ ਤਾਂ ਜਾਤ-ਪਾਤ ਬਾਰੇ ਤਾਂ ਅੱਜ ਵੀ ਨਾਮਧਾਰੀ ਕੁੱਝ ਨਹੀਂ ਕਹਿੰਦੇ । ਨਾਮਧਾਰੀ ਲਹਿਰ ਵਿੱਚ ਉਹ ਬਾਰਾਂ ਸਾਲ ਵਿਚਰਦੇ ਹਨ । ‘ਪ੍ਰੇਮ ਸੰਗਤ’ ਨਾਂਅ ਦੀ ਸੁਸਾਇਟੀ ਅਤੇ ਨਾਮਧਾਰੀਆਂ ਲਈ ਉਹ ਆਪਣੀ ਸਾਰੀ ਜਾਇਦਾਦ ਲਾ ਦਿੰਦੇ ਹਨ ਤੇ ਆਪ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਂਦੇ ਹਨ। ਸਾਥੀਆਂ ਦਾ ਅਹਿਸਾਨ ਲੈਣ ਦੀ ਬਜਾਇ ਉਹ ਸੁਹਲ ਤਬੀਅਤ, ਪ੍ਰਵਾਸ ਦੀਆਂ ਔਕੜਾਂ ਝਾਗਣ ਲਈ ਅਮਰੀਕਾ ਰਵਾਨਾ ਹੋ ਜਾਂਦੇ ਹਨ।
    ਹੋਰਨਾਂ ਭਾਰਤੀਆਂ ਵਾਂਗ ਉਨ੍ਹਾਂ ਨੂੰ ਵੀ ਗੁਲਾਮ ਹੋਣ ਦਾ ਅਹਿਸਾਸ ਇੱਥੋਂ ਹੀ ਹੁੰਦਾ ਹੈ । ਉਹ ਦੋ ਘਟਨਾਵਾਂ ਦਾ ਜਿਕਰ ਕਰਦੇ ਹਨ। ਇੱਕ ਕਾਰਖਾਨੇ ਦੇ ਮਾਲਕ ਕੋਲ ਕੰਮ ਮੰਗਣ ਜਾਂਦੇ ਹਨ ਤਾਂ ਉਨ੍ਹਾਂ ਦਾ ਸਿੱਧਾ ਜਵਾਬ ਸੀ, ‘‘ਕੰਮ ਤਾਂ ਬਹੁਤ ਹੈ ਪਰ ਤੁਹਾਡੇ ਲਈ ਨਹੀਂ।’’ ਕਾਰਨ ਪੁੱਛਣ ’ਤੇ ਉਸ ਮਾਲਕ ਨੇ ਹੋਰ ਵੀ ਤਲਖ਼ੀ ਨਾਲ ਕਿਹਾ, ‘‘ਮੇਰਾ ਤਾਂ ਜੀਅ ਕਰਦਾ ਐ ਤੁਹਾਨੂੰ ਗੋਲੀ ਮਾਰ ਦਿਆਂ … ਕੰਮ ਭਾਲਣ ਦੀ ਬਜਾਇ ਜਾ ਕੇ ਪਹਿਲਾਂ ਆਪਣਾ ਮੁਲਕ ਆਜ਼ਾਦ ਕਰਾਓ। ਉਸਤੋਂ ਬਾਅਦ ਜਦੋਂ ਅਮਰੀਕਾ ਆਓਗੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਮੈਂ ਕਰਾਂਗਾ।’’ (ਚੈਨ ਸਿੰਘ ਚੈਨ, ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜੁਬਾਨੀ, ਪੰਨਾ-15) ਇਵੇਂ ਹੀ ਇੱਕ ਅਮਰੀਕਣ ਹੋਟਲ ਦੇ ਮਾਲਕ ਨੇ ਉਨ੍ਹਾਂ ਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਘਟਨਾਵਾਂ ਦਾ ਬਿਰਤਾਂਤ ਦੇਣ ਤੋਂ ਬਾਅਦ ਸੋਹਣ ਸਿੰਘ ਭਕਨਾ ਨਤੀਜਾ ਕੱਢਦੇ ਹਨ ਕਿ ‘‘ਉਪਰੋਕਤ  ਕਿਸਮ ਦੀਆਂ ਕੁੱਝ ਘਟਨਾਵਾਂ ਅਤੇ ਅੰਗਰੇਜ਼ੀ ਸਰਕਾਰ ਦੀ ਅਣਮਨੁੱਖੀ ਨੀਤੀ, ਜੋ ਉਸਨੇ ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਦੀਆਂ ਬਸਤੀਆਂ ਵਿੱਚ ਗਏ ਹਿੰਦੋਸਤਾਨੀ ਮਜ਼ਦੂਰਾਂ ਦੇ ਖਿਲਾਫ਼ ਅਖਤਿਆਰ ਕੀਤੀ ਹੋਈ ਸੀ, ਨੇ ਅਮਰੀਕਾ ਵਸਦੇ ਹਿੰਦੀਆਂ ਵਿਚ ਜਾਗਿ੍ਰਤੀ ਪੈਦਾ ਕੀਤੀ ਤੇ ਗ਼ਦਰ ਲਈ ਮੈਦਾਨ ਤਿਆਰ ਹੋ ਗਿਆ।’’ ਸੋਹਣ ਸਿੰਘ ਭਕਨਾ ਨੇ ਸਾਮਰਾਜੀ ਕੈਦ ਵਿੱਚ ਜਾਣ ਤੋਂ ਬਾਅਦ ਦਸ ਬਾਰ ਭੁੱਖ ਹੜਤਾਲ ਕੀਤੀ। ਉਨ੍ਹਾਂ ਦੇ ਕਹਿਣ ਅਨੁਸਾਰ ਪਹਿਲੀ ਹੜਤਾਲ ਨੂੰ ਛੱਡ ਕੇ ਉਨ੍ਹਾਂ ਦੀਆਂ ਸਾਰੀਆਂ ਹੜਤਾਲਾਂ ਦੂਸਰਿਆਂ ਲਈ ਅਤੇ ਅੰਗਰੇਜ਼ੀ ਸਾਮਰਾਜ ਦੇ ਮਾੜੇ ਪ੍ਰਬੰਧਾਂ ਬਾਰੇ ਸਨ। ਬੜੌਦਾ ਜੇਲ੍ਹ ਵਿਚ ਭਕਨਾ ਤੇ ਸਾਥੀਆਂ ਨੇ ਪੱਗ ਤੇ ਕੱਛੇ ਲੁਹਾਣ ‘ਤੇ ਹੜਤਾਲ ਕੀਤੀ। ਇਸ ਹੜਤਾਲ ਦੀ ਖਾਸ ਘਟਨਾ ਇਹ ਰਹੀ ਕਿ ਪਰਮਾਨੰਦ ਝਾਂਸੀ ਅਤੇ ਹਿਰਦੇ ਰਾਮ ਵੀ ਇਸ ਹੜਤਾਲ ਵਿਚ ਸ਼ਾਮਲ ਹੋਏ ਭਾਵੇਂ ਉਹ ਪਗੜੀਧਾਰੀ ਨਹੀਂ ਵੀ ਸਨ। ਇਹ ਸਪਿਰਟ ਸੀ ਗਦਰ ਪਾਰਟੀ ਦੀ, ਗੈਰ ਸੰਪਰਦਾਇਕ। ਇੱਥੇ ਹੀ ਉਨ੍ਹਾਂ ਗਾਂਧੀਵਾਦੀਆਂ ਨਾਲ ਵੀ ਵਰਤ ਰੱਖਿਆ।   
    ਸੋਹਣ ਸਿੰਘ ਭਕਨਾ ਨੂੰ ਫਾਂਸੀ ਦੇਣ ਵਾਲੀ ਕੋਠੜੀ ਦੇ ਸਾਹਮਣੇ ਵਾਲੀ ਕੋਠੜੀ ਵਿੱਚ ਰੱਖਿਆ ਗਿਆ ਤਾਂ ਕਿ ਉਨ੍ਹਾਂ ਦਾ ਹੌਂਸਲਾ ਤੋੜਿਆ ਜਾ ਸਕੇ । ਪਰ ਉਨ੍ਹਾਂ ਦੇ ਆਪਣੇ ਕਹਿਣ ਅਨੁਸਾਰ ਉਹ ਫਾਂਸੀਆਂ ਦੇਖ ਕੇ ਪਹਿਲਾਂ ਨਾਲੋਂ ਵੀ ਤਕੜੇ ਹੋ ਗਏ। ਇਹ ਸੀ ਆਲਮੀ ਗ਼ਦਰ ਮੁਹਿੰਮ ਚਲਾਉਣ ਵਾਲੇ ਪ੍ਰਧਾਨ ਦਾ ਹੌਂਸਲਾ। ਜੇਲ੍ਹ ਵਿੱਚ ਹਿੰਦੂ-ਸਿੱਖ ਦਾ ਨਾਂਅ ਲੈ ਕੇ ਪਾੜਣ ਦੀ ਕੋਸ਼ਿਸ਼ ਵੀ ਕੀਤੀ ਗਈ । ਜਾਇਦਾਦ, ਜਾਗੀਰਾਂ ਦਾ ਲਾਲਚ ਵੀ ਦਿੱਤਾ ਗਿਆ। ਪੈਨਸ਼ਨ ਲੁਆਉਣ ਦੀ ਪੇਸ਼ਕਸ਼ ਕੀਤੀ ਗਈ । ਇੱਥੋਂ ਤੱਕ ਕਿ ਮਾਵਾਂ ਤੇ ਪਰਿਵਾਰ ਦੇ ਹੋਰ ਜੀਆਂ ਨੂੰ ਲਿਆ ਕੇ ਭਾਵੁਕ ਤੌਰ ‘ਤੇ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਪਰ ਭਕਨਾ ਕਿਤੇ ਵੀ ਡੋਲੇ ਨਹੀਂ । ਉਹ ਮਾਤਾ ਜੀ ਨੂੰ ਪੁੱਛਦੇ ਹਨ, ‘‘ਇਹ ਤਾਂ ਮੈਨੂੰ ਮੁਖ਼ਬਰ ਬਣਾ ਕੇ ਮੇਰੇ ਸੈਂਕੜੇ ਸਾਥੀਆਂ ਨੂੰ ਫਾਂਸੀ ਚਾੜ੍ਹਨਾ ਚਾਹੁੰਦੇ ਹਨ । ਕੀ ਤੁਹਾਨੂੰ ਇਹ ਗੱਲ ਚੰਗੀ ਲੱਗੇਗੀ ਕਿ ਮੈਂ ਤੁਹਾਡੀ ਖਾਤਰ ਦੂਜਿਆਂ ਨੂੰ ਫਾਂਸੀ ਚੜ੍ਹਵਾ ਕੇ ਆਪ ਬਚ ਜਾਵਾਂ?’’ ਮਾਂ ਦਾ ਜਵਾਬ ਸੀ ,‘‘ਪੁੱਤਰ ਮੈਂ ਬਿਲਕੁਲ ਨਹੀਂ ਚਾਹੁੰਦੀ ਕਿ ਦੂਜਿਆਂ ਨੂੰ ਮਰਵਾ ਕੇ ਤੂੰ ਬਚ ਜਾਵੇਂ। ਉਨ੍ਹਾਂ ਦੀਆਂ ਮਾਵਾਂ ਵੀ ਤਾਂ ਮੇਰੇ ਵਰਗੀਆਂ ਹੀ ਹਨ।’’ (ਉਪਰੋਕਤ ਪੰਨਾ-24) ਚਿੰਤਾ ਮੁਕਤ ਹੋ ਭਕਨਾ ਨੇ ਵਿਛੜਨ ਲੱਗਿਆਂ ਕਿਹਾ ,‘‘ਮੈਂ ਤੁਹਾਡੀ ਕੁੱਖ ਨੂੰ ਕਲੰਕਿਤ ਨਹੀਂ ਕਰਾਂਗਾ।’’ ਮੌਲਵੀ ਨਾਂਅ ਦੇ ਜੇਲ੍ਹ ਅਧਿਕਾਰੀ ਨੇ ਭਕਨਾ ਨੂੰ ਕੂਕਿਆਂ ਵਾਂਗ ਤੋਪ ਨਾਲ ਉਡਾਉਣ ਦਾ ਡਰ ਵੀ ਦਿੱਤਾ ਪਰ ਉਨ੍ਹਾਂ ਦਾ ਇਰਾਦਾ ਅਟਲ ਸੀ । ਉਨ੍ਹਾਂ ਕਿਹਾ ,‘‘ਮੈਂ ਗੁਨਾਹ ਦੀ ਜਿੰਦਗੀ ਨਾਲੋਂ ਮੌਤ ਨੂੰ ਤਰਜੀਹ ਦਿੰਦਾ ਹਾਂ।’’ ਜਦੋਂ ਸੋਹਣ ਸਿੰਘ ਭਕਨਾ ਹੁਰਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋਈ ਤਾਂ ਉਨ੍ਹਾਂ ਨੂੰ ਕੋਈ ਖੁਸ਼ੀ ਨਹੀਂ ਹੋਈ ਸਗੋਂ ਸਾਰੀ ਉਮਰ ਫਾਂਸੀ ਨਾ ਲੱਗਣ ਦਾ ਰੰਜ ਰਿਹਾ।         
    ਜੇ ਫਾਂਸੀ ਦਾ ਡਰ ਕੁੱਝ ਖੋਹ ਨਹੀਂ ਸਕਿਆ ਤਾਂ ਕਾਲੇ ਪਾਣੀ ਦੇ ਤਸ਼ੱਦਦ ਉਨ੍ਹਾਂ ਨੂੰ ਕੀ ਡਰਾ ਸਕਦੇ ਸਨ? ਜਿਨ੍ਹਾਂ ਨੂੰ ਨਾ ਸਹਿੰਦਿਆਂ ਸਾਵਰਕਰ ਮੁਆਫੀਆਂ ਮੰਗ ਕੇ ਬਾਹਰ ਆਇਆ ਸੀ। ਜੇਲ੍ਹ ਵਿੱਚ ਸਾਵਰਕਰ ਭਰਾਵਾਂ ਦੇ ਕਿਰਦਾਰ ਨੂੰ ਭਕਨਾ ਨੇ ਨੰਗਾ ਕੀਤਾ ਹੈ ਜੋ ਮੁਖ਼ਬਰਾਂ ਵਾਲਾ ਰੋਲ ਅਦਾ ਕਰ ਰਹੇ ਸਨ ਅਤੇ ਸਖ਼ਤੀਆਂ ਤੋਂ ਬਚਦੇ ਸਨ।    
    ਭਕਨਾ ਹੋਰਾਂ ਵਲੋਂ ਉਨ੍ਹਾਂ ਨੂੰ ਦਿੱਤੇ ਗਏ ਤਸੀਹਿਆਂ ਦਾ ਵੇਰਵਾ ਕਾਫੀ ਵਿਸਤਿ੍ਰਤ ਹੈ । ਬੇੜੀਆਂ ਵਿੱਚ ਦੋ-ਦੋ ਕੈਦੀਆਂ ਨੂੰ ਇੱਕ ਥਾਂ ਬੰਨ੍ਹ ਕੇ ਸੀਖਾਂ ਵਾਲੇ ਡੱਬਿਆਂ ਵਿਚ ਤਾੜਿਆ ਗਿਆ ਜਿਸ ਕਾਰਨ ਜੰਗਲ ਪਾਣੀ ਜਾਣਾ ਵੀ ਮੁਸ਼ਕਿਲ ਸੀ। ਇੱਕ ਦਿਨ ਵਿੱਚ ਤੀਹ ਪੌਂਡ ਤੇਲ ਕੱਢਣ ਦੀ ਮੁਸ਼ੱਕਤ ਹੁੰਦੀ ਜੋ ਪੂਰੀ ਨਾ ਹੋਣ ’ਤੇ ਤੀਹ ਕੋੜਿਆਂ ਦੀ ਸਜ਼ਾ ਦੇਣ ਲਈ ਪਠਾਣ ਮੰਗਵਾਏ ਹੋਏ ਹੁੰਦੇ ਸਨ ਅਤੇ ਇਸ ਸਜ਼ਾ ਨਾਲ ਕਈਆਂ ਦੀ ਮੌਤ ਹੋਈ ਸੀ। ਪਿੰਜਰਿਆਂ ਵਿੱਚ ਤਾੜ ਦਿੱਤਾ ਜਾਂਦਾ ਜਿੱਥੇ ਟੱਟੀ ਪਿਸ਼ਾਬ ਵੀ ਅੰਦਰੇ ਹੀ ਕਰਨਾ ਪੈਂਦਾ। ਕੈਦੀਆਂ ਨੂੰ ਸਿਆਲ ਵਿੱਚ ਠੰਡੇ ਪਾਣੀ ਵਿੱਚ ਗੋਤੇ ਲਵਾਏ ਜਾਂਦੇ। ਕੰਬਲਾਂ ਉੱਪਰ ਠੰਡਾ ਪਾਣੀ ਪਾਇਆ ਜਾਂਦਾ। ਅਜਿਹੀ ਸਜ਼ਾ ਕਾਰਨ ਹੀ ਰੁਲੀਆ ਸਿੰਘ ਅਤੇ ਨੰਦ ਸਿੰਘ ਦੀ ਮੌਤ ਹੋਈ ਸੀ। ਅਜਿਹੇ ਅਣਮਨੁੱਖੀ ਤਸੀਹਿਆਂ ਖਿਲਾਫ਼ ਹੀ ਭੁੱਖ ਹੜਤਾਲਾਂ ਕੀਤੀਆਂ ਗਈਆਂ। ਪੜ੍ਹੇਲਿਖੇ ਬੰਗਾਲੀ ਦੇਸ਼ ਭਗਤਾਂ ਨੇ ਇਸ ਅਮਾਨਵੀ ਵਤੀਰੇ ਦੀਆਂ ਖਬਰਾਂ ‘ਮਾਡਰਨ ਰੀਵਿਊ’ ਅਖਬਾਰ ਵਿੱਚ ਛਪਵਾ ਕੇ ਅੰਗਰੇਜ਼ੀ ਸਾਮਰਾਜ ਦਾ ਕਰੂਰ ਚਿਹਰਾ ਬੇਪਰਦ ਕੀਤਾ। ਇਸ ਪਿੱਛੋਂ ਕਮਿਸ਼ਨ ਬਣਿਆ ਅਤੇ ਇਹ ਜੇਲ੍ਹ ਤੋੜੀ ਗਈ। ਭਕਨਾ ਇੱਕ ਹੋਰ ਦਿਲ ਹਿਲਾ ਦੇਣ ਵਾਲੀ ਘਟਣਾ ਦਾ ਜਿਕਰ ਕਰਦੇ ਹਨ ਜਿਸ ਵਿੱਚ 100 ਮੋਪਲਾ ਕੈਦੀਆਂ ਨੂੰ ਇੱਕ ਮਾਲ ਗੱਡੀ ਵਿੱਚ ਬੰਦ ਕਰਕੇ ਲਿਆਇਆ ਜਾਂਦਾ ਹੈ ਤਾਂ ਅਖੀਰ ਸੌ ਵਿੱਚੋਂ 40 ਕੁ ਹੀ ਸਹਿਕਦੇ ਮਿਲਦੇ ਹਨ। ਇਹ ਤਾਂ ਸੀ ਅੰਗਰੇਜ਼ਾਂ ਦਾ ਜ਼ੁਲਮ ਪਰ ਕਾਂਗਰਸ ਦੇ ਹੱਥ ਸੱਤਾ ਆਉਣ ‘ਤੇ ਉਨ੍ਹਾਂ ਨੂੰ ਕਿਵੇਂ ਜਲੀਲ ਕੀਤਾ ਗਿਆ ਉਸਦਾ ਵੇਰਵਾ ਪ੍ਰੇਸ਼ਾਨ ਕਰਨ ਵਾਲਾ ਹੈ। 1948 ਵਿਚ ਚਾਲੀ ਦਿਨ ਦੀ ਕੈਦ ਸਮੇਂ ਕੈਦੀਆਂ ਨਾਲ ਕਮੀਨਾ ਵਰਤਾਅ ਇਹ ਕੀਤਾ ਗਿਆ ਕਿ ਇੱਕੋ ਬੈਰਕ ਵਿੱਚ ਕੈਦੀ ਇੱਕ ਦੂਜੇ ਨਾਲ ਬੋਲ ਨਹੀਂ ਸਕਦੇ, ਟਹਿਲ ਨਹੀਂ ਸਕਦੇ, ਇਕੱਠੇ ਰੋਟੀ ਨਹੀਂ ਖਾ ਸਕਦੇ। ਰੋਜ਼ ਉਨ੍ਹਾਂ ਦੀ ਬਿਸਤਰਾ ਤਲਾਸ਼ੀ ਹੁੰਦੀ ਜੋ ਅੰਗਰੇਜ਼ਾਂ ਵੇਲੇ ਕਦੀ ਵੀ ਨਹੀਂ ਸੀ ਹੋਈ।
    ਸੋਹਣ ਸਿੰਘ ਭਕਨਾ ਹੁਰਾਂ ਦੀ ਵਿਚਾਰਧਾਰਕ ਪਰਪੱਕਤਾ  ਹੀ ਹੈ ਕਿ ਇੱਕ ਅੰਦੋਲਨ ਦੇ ਪ੍ਰਧਾਨ ਹੋਣ ਦੇ ਨਾਤੇ ਅੰਦੋਲਨ ਦੇ ਫੇਲ੍ਹ ਹੋਣ ਦੇ ਕਾਰਨਾਂ ਨੂੰ ਉਹ ਬੜੇ ਹੀ ਬਾਹਰਮੁਖੀ ਢੰਗ ਨਾਲ ਪੇਸ਼ ਕਰਦੇ ਹਨ, ਬਿਨਾਂ ਕਿਸੇ ਭਾਵੁਕਤਾ ਤੋਂ । ਉਨ੍ਹਾਂ ਨੇ ਗ਼ਦਰ ਪਾਰਟੀ ਦੇ ਫੇਲ੍ਹ ਹੋਣ ਦੇ ਚਾਰ ਕਾਰਨ ਗਿਣਾਏ ਹਨ। ਪਹਿਲਾ,‘‘ਗ਼ਦਰ ਪਾਰਟੀ ਦੀ ਉਮਰ ਅਜੇ ਇੱਕ ਸਾਲ ਦੀ ਵੀ ਨਹੀਂ ਸੀ, ਜਦੋਂ ਯੂਰੋਪ ਵਿੱਚ ਜੰਗ ਸ਼ੁਰੂ ਹੋ ਗਈ।’’ ਇਸ ਕਾਰਨ ਬਾਹਰੀ ਅਤੇ ਦੇਸ਼ ਦੇ ਅੰਦਰ ਪੂਰੀ ਤਿਆਰੀ ਨਹੀਂ ਹੋ ਸਕੀ । ਦੂਸਰਾ, ‘‘ਗ਼ਦਰ ਪਾਰਟੀ ਦੇ ਮੈਂਬਰਾਂ ਦਾ ਇਨਕਲਾਬੀ ਕੰਮ ਦਾ ਪਹਿਲਾ ਅਵਸਰ ਸੀ। ਉਨ੍ਹਾਂ ਨੂੰ ਭਾਰਤ ਦੀ ਪੈਟੀ ਬੁਰਜੁਆ ਲੀਡਰਸ਼ਿਪ ਤੇ ਜਨਤਾ ਦੀ ਅਵਸਥਾ ਦਾ ਗਿਆਨ ਨਹੀਂ ਸੀ।’’ ਗ਼ਦਰੀ ਆਗੂ ਸਮਝਦੇ ਸਨ ਕਿ ਜਨਤਾ ਅਤੇ ਲੀਡਰਸ਼ਿਪ ਸਾਥ ਦੇਵੇਗੀ ਪਰ ਅਜਿਹਾ ਨਹੀਂ ਹੋਇਆ । ਤੀਸਰਾ ਇੱਕ ਸਿਰਕੱਢ ਨੇਤਾ ਦਾ ਨਾ ਹੋਣਾ।’’ ਗ਼ਦਰ ਪਾਰਟੀ ਅੰਦਰ ਤਾਂ ਸਾਰੇ ਗਰੀਬ, ਮਜ਼ਦੂਰ, ਕਿਸਾਨ ਹੀ ਸਨ, ਜਿੰਨ੍ਹਾਂ ਦੇ ਰੋਮ-ਰੋਮ ਵਿਚ ਜਮਹੂਰੀਅਤ ਤੇ ਦੇਸ਼ ਭਗਤੀ ਰਚੀ ਹੋਈ ਸੀ । ਉਹ ਕਿਸੇ ਲੀਡਰ ਦੀ ਬੁੱਤ ਭਗਤੀ ਜਾਂ ਅੰਨ੍ਹੇਵਾਹ ਨਕਲ ਨਹੀਂ ਕਰਦੇ ਸਨ।’’ ਤੇ ਚੌਥਾ,‘‘ਪਹਿਲੀ ਵਾਰ ਇਨਕਲਾਬ ਦੇ ਰਾਹ ਤੁਰਨ ਕਾਰਨ ਨਾ ਤਜ਼ੁਰਬਾਕਾਰੀ ਬਹੁਤ ਸੀ।’’ ਨਤੀਜੇ ਵਜੋਂ ਜਹਾਜੋਂ ਉੱਤਰਦੇ ਹੀ ਗ਼ਦਰੀ ਦੇਸ਼ ਭਗਤ ਫੜ੍ਹੇ ਗਏ ਤੇ ਇਨਕਲਾਬੀ ਕੰਮ ਅਧੂਰਾ ਰਹਿ ਗਿਆ । ਤੱਤ ਸਾਰ ਇਹ ਹੈ ਕਿ ਦੋ ਕਾਰਨ ਵੱਡੇ ਸਨ । ਪਹਿਲਾ, ਉਸ ਸਮੇਂ ਦੀ ਹਿੰਦੁਸਤਾਨ ਦੀ ਲੀਡਰਸ਼ਿਪ ਦੀ ਕੁਤਾਹੀ ਜਿਸ ਨੇ ਮੌਕੇ ਦੀ ਨਜ਼ਾਕਤ ਨੂੰ ਨਾ ਸਮਝਿਆ । ਦੂਜਾ ਕਾਰਨ ਜਨਤਾ ਵਿੱਚ ਜਾਗਿ੍ਰਤੀ ਦੀ ਅਣਹੋਂਦ ਸੀ । ਭਕਨਾ, ਸਟਰੈਟਿਜੀ ਪੱਖੋਂ ਵੀ ਕਈ ਗਲਤੀਆਂ ਦਾ ਜਿਕਰ ਕਰਦੇ ਹਨ ਜਿਵੇਂ, ‘‘ਪਾਰਟੀ ਦੇ ਜਿੰਮੇਵਾਰ ਸਾਥੀਆਂ ਨੇ ਪਾਰਟੀ ਦੇ ਕੇਂਦਰ ਨੂੰ ਛੱਡ ਕੇ ਭਾਰੀ ਗਲਤੀ ਕੀਤੀ ਸੀ।’’ ਸੀ ਆਈ ਡੀ ਨੂੰ ਪਾਰਟੀ ਦੇ ਫੈਸਲਿਆਂ ਦਾ ਪਤਾ ਲੱਗ ਚੁੱਕਾ ਸੀ। ‘‘ਅਜਿਹੇ ਸਮੇਂ ਜਦੋਂ ਸਰਕਾਰ ਚੌਕੰਨੀ ਹੋ ਚੁੱਕੀ ਸੀ ਸਾਨੂੰ ਸੌ-ਸੌ ਦੇ ਗਰੁੱਪਾਂ ਵਿੱਚ ਨਹੀਂ ਆਉਣਾ ਚਾਹੀਦਾ ਸੀ।’’ ਦੋ-ਦੋ, ਤਿੰਨ-ਤਿੰਨ ਗਰੁੱਪਾਂ ਵਾਲੇ ਪਹੁੰਚ ਗਏ । ਸਾਦੇ ਕਪੜਿਆਂ ਵਾਲੇ ਪਹੁੰਚ ਗਏ । ਕੋਟ ਪੈਂਟਾਂ ਵਾਲੇ ਤੇ ਵੱਡੇ ਜੱਥਿਆਂ ਵਾਲੇ ਫੜੇ ਗਏ । ‘‘ਚੀਨ ਦੀ ਇਨਕਲਾਬੀ ਪਾਰਟੀ ਨੇ ਇਸ ਗੱਲੋਂ ਚੌਕਸ ਕੀਤਾ ਹੋਇਆ ਸੀ।’’
    ਸੋਹਣ ਸਿੰਘ ਭਕਨਾ ਗ਼ਦਰ ਪਾਰਟੀ ਦੇ ਸ਼ਹੀਦਾਂ ਦੀ ਪ੍ਰਤੀਬੱਧਤਾ ਤੇ ਸਿਰੜ ਦੀ ਦਾਦ ਦਿੰਦੇ ਹਨ ਜੋ ਇੱਕ ਪ੍ਰਧਾਨ ਦਾ ਫਰਜ਼ ਬਣਦਾ ਹੈ । ਉਨ੍ਹਾਂ ਨੂੰ ਆਪਣੇ ਨਾਲੋਂ ਦੂਜਿਆਂ ਦੀ ਚਿੰਤਾ ਵਧੇਰੇ ਹੈ । ਫਾਂਸੀ ਚੜ੍ਹੇ ਦੇਸ਼ ਭਗਤਾਂ ਨੇ,‘‘ ਫਾਂਸੀ ਲੱਗਣ ਵੇਲੇ ਨਿਹਾਇਤ ਸੰਜੀਦਗੀ ਤੇ ਮੁਸਤਕਿਲ ਮਜ਼ਾਜੀ (ਮਜਬੂਤ ਇਰਾਦੇ) ਦਾ ਸਬੂਤ ਦਿੱਤਾ। ਕਿਸੇ ਦੇ ਚਿਹਰੇ ‘ਤੇ ਜਰਾ ਵੀ ਡਰ ਜਾਂ ਘਬਰਾਹਟ  ਨਹੀਂ ਸੀ । ਉਹ ਕੌਮੀ ਗੀਤ ਗਾਉਂਦੇ ਹੋਏ ਫਾਂਸੀ ਵੱਲ ਵਧੇ ਅਤੇ ਹੱਸਦੇ ਹੋਏ ਫਾਂਸੀ ਲਟਕ ਗਏ। ਫਾਂਸੀ ਲਾਉਣ ਵੇਲੇ ਜਿਹੜੇ ਸਿਪਾਹੀ ਤੇ ਜੇਲ੍ਹ ਅਫਸਰ ਉੱਥੇ ਮੌਜੂਦ ਸਨ, ਉਨ੍ਹਾਂ ਦੇ ਮੂੰਹੋਂ ਇਨ੍ਹਾਂ ਸਾਥੀਆਂ ਦੀ ਮੁਸਤਕਿਲ ਮਜ਼ਾਜੀ ਦੀ ਜਿਹੜੀ ਤਾਰੀਫ ਅਸੀਂ ਸੁਣੀ ਉਸ ਉੱਤੇ ਅਸੀਂ ਜਿਉਂਦੇ ਰਹਿ ਗਏ ਸਾਥੀ ਹਮੇਸ਼ਾਂ ਨਾਜ਼ ਕਰਦੇ ਰਹਾਂਗੇ।’’ ਗੱਦਾਰਾਂ ਤੇ ਮੁਖ਼ਬਰਾਂ ਤੋਂ ਸੁਚੇਤ ਕੀਤਾ ਗਿਆ ਹੈ ਤੇ ਪਾਰਟੀ ਫੈਸਲਿਆਂ ਦੇ ਬਾਹਰ ਜਾਣ ਨਾਲ ਹੁੰਦੇ ਨੁਕਸਾਨ ਬਾਰੇ ਸੁਚੇਤ ਕੀਤਾ ਗਿਆ ਹੈ ।
    ਨਾਮਧਾਰੀ ਲਹਿਰ ਅਤੇ ਅਮਰੀਕੀ ਸਮਾਜਿਕ ਨੈਤਿਕਤਾ ਦੇ ਪ੍ਰਭਾਵ ਸਦਕਾ ਬਾਬਾ ਭਕਨਾ ਔਰਤਾਂ ਪ੍ਰਤੀ ਬੇਹਦ ਸੰਵੇਦਨਸ਼ੀਲ ਸਨ। ਔਲਾਦ ਵਿਹੂਣੇ ਹੋਣ ਦੀ ਜਿੰਮੇਵਾਰੀ ਉਹ ਆਪਣੇ ਸਿਰ ਲੈਂਦੇ ਹਨ । ਗ਼ਦਰ ਪਾਰਟੀ ਦੇ ਦੇਸ਼ ਭਗਤਾਂ ਦੀਆਂ ਪਤਨੀਆਂ ਦੇ ਦੁੱਖਾਂ ਨਾਲ ਸਾਂਝ ਪਾਉਂਦੇ ਹਨ। ਤੇ ਉਨ੍ਹਾਂ ਦੀ ਇਹ ਸਿਫਤ ਹੈ ਕਿ ਉਨ੍ਹਾਂ ਨੇ ਦੇਸ਼ ਭਗਤਾਂ ਦੇ ਰਾਜ਼ ਕਿਸੇ ਨਾਲ ਸਾਂਝੇ ਨਹੀਂ ਕੀਤੇ। ‘‘ਗ਼ਦਰ ਲਹਿਰ ਵਿੱਚ ਅਨੇਕਾਂ ਬਹਾਦਰ ਇਸਤਰੀਆਂ ਵੀ ਸਨ ਜਿਨ੍ਹਾਂ ਦਾ ਨਾਂਅ ਗ਼ਦਰ ਪਾਰਟੀ ਦੇ ਇਤਿਹਾਸ ਵਿੱਚ ਸੁਨਹਿਰੀ ਹਰਫ਼ਾਂ ’ਚ ਲਿਖਣ ਯੋਗ ਹੈ। ਉਨ੍ਹਾਂ ਦੇ ਜੀਵਨ ਸਾਥੀ ਫਾਂਸੀ ਚੜ੍ਹ ਚੁੱਕੇ ਸਨ ਅਤੇ ਪੁਲਸ ਵਲੋਂ ਉਨ੍ਹਾਂ ਨੂੰ ਮਹੀਨਿਆਂ ਬੱਧੀ ਹਿਰਾਸਤ ਵਿੱਚ ਰੱਖਿਆ ਗਿਆ। ਇਨ੍ਹਾਂ ਦੇਵੀਆਂ ਕੋਲ ਪਾਰਟੀ ਦੇ ਬਹੁਤ ਰਾਜ਼ ਸਨ ਕਿਉਂਕਿ ਦੇਸ਼ ਭਗਤਾਂ ਦਾ ਚਿੱਠੀ-ਪੱਤਰ ਇਨ੍ਹਾਂ ਰਾਹੀਂ ਹੀ ਹੁੰਦਾ ਸੀ । ਇਨ੍ਹਾਂ ਨੇ ਪੁਲਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪਾਰਟੀ ਦਾ ਕੋਈ ਭੇਦ ਨਾ ਦੱਸਿਆ ਤੇ ਪੁਲਸ ਦੀ ਹਰ ਸਖ਼ਤੀ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ।’’    
    ਸੋਹਣ ਸਿੰਘ ਭਕਨਾ ਮੰਨਦੇ ਸਨ ਕਿ ਦੇਸ਼ ਭਗਤ ਜੇਲ੍ਹ ਵਿੱਚ ਹੋਵੇ ਜਾਂ ਬਾਹਰ ਉਸਨੂੰ ਲਗਾਤਾਰ ਲੜਨਾ ਚਾਹੀਦਾ ਹੈ । ਇਹੀ ਕਾਰਨ ਹੈ ਕਿ ਫਾਂਸੀ ਤੋਂ ਲੈ ਕੇ ਉਮਰ ਕੈਦ ਤੇ ਕਾਲੇ ਪਾਣੀ ਦੀ ਸਜ਼ਾ ਲਈ ਜਾਣ ਸਮੇਂ ਉਹ ਸਾਥੀਆਂ ਨਾਲ ਅੰਦਰ ਲੜਨ ਦੇ ਤੌਰ ਤਰੀਕੇ ਨਿਸ਼ਚਿਤ ਕਰ ਲੈਂਦੇ ਸਨ । ਰਿਹਾਅ ਹੋਣ ਤੋਂ ਬਾਅਦ ਉਹ ਆਪਣੀ ਰਿਹਾਇਸ਼ੀ ਹਵੇਲੀ ਨੂੰ ‘‘ਕੰਨਿਆ ਪਾਠਸ਼ਾਲਾ’’ ਖੋਲ੍ਹਣ ਲਈ ਦੇ ਦਿੰਦੇ ਹਨ । 67 ਕਨਾਲਾਂ ਦੀ ਜ਼ਮੀਨ ਨੂੰ ਕੌਮੀ ਮਲਕੀਅਤ ਬਣਾ ਕੇ ‘‘ਕਿਰਤੀ ਕਿਸਾਨ ਆਸ਼ਰਮ’’ ਉਸਾਰ ਦਿੰਦੇ ਹਨ । ਇਸ ਸਾਰੀ ਸੋਚ ਪਿੱਛੇ ਉਨ੍ਹਾਂ ਦਾ ਮਕਸਦ ਬੱਚਿਆਂ ਨੂੰ ਆਤਮ ਨਿਰਭਰ ਬਣਾਉਣਾ ਸੀ ਤੇ ਕਿਰਤੀ ਕਿਸਾਨਾਂ ਨਾਲ ਰਾਬਤਾ ਬਨਾਉਣਾ ਸੀ। ਇੱਥੇ ਬਾਬਾ ਭਕਨਾ ਇਕ ਬਾਲ ਮਨੋਵਿਗਿਆਨੀ ਨਜ਼ਰ ਆਉਂਦੇ ਹਨ ਅਤੇ ਆਪਣੀ ਦਿ੍ਰਸ਼ਟੀ ਵੀ ਉਹ ਤਿਆਗਦੇ ਨਹੀਂ। ‘‘ਮੇਰਾ ਮਕਸਦ ਸੀ ਕਿ ਦੇਸ਼ ਭਗਤਾਂ ਦੇ ਬੱਚੇ ਇੱਥੇ ਆ ਕੇ ਪੜ੍ਹਾਈ ਕਰਨ ਤੇ ਦਸਤਕਾਰੀ ਸਿੱਖਣ। ਇਸ ਤਰ੍ਹਾਂ ਬੱਚਾ ਪੜ੍ਹਣ ਦੇ ਨਾਲ-ਨਾਲ ਰੋਟੀ ਕਮਾਉਣ ਦੇ ਕਾਬਲ ਹੋ ਸਕੇਗਾ ਅਤੇ ਅੰਗਰੇਜ਼ੀ ਤਾਲੀਮ ਦੇ ਅਪਾਹਜ ਬਨਾਉਣ ਵਾਲੇ ਅਸਰ ਤੋਂ ਬਚੇਗਾ ਅਤੇ ਸੱਚਾ ਦੇਸ਼ ਭਗਤ ਬਣ ਸਕੇਗਾ।’’ ਇਹੀ ਨਹੀਂ ਉਹ ਯਤੀਮ ਖਾਨਿਆਂ ਵਾਂਗ ਬੱਚਿਆਂ ਨੂੰ ਮੰਗ ਖਾਣੇ ਨਹੀਂ ਸੀ ਬਨਾਉਣਾ ਚਾਹੁੰਦੇ । ਉਨ੍ਹਾਂ ਦੇ ਕਹਿਣ ਮੁਤਾਬਕ, ‘‘ਮੈਂ ਸ਼ੁਰੂ ਵਿੱਚ ਹੀ ਇਹ ਨਿਸ਼ਚਾ ਕਰ ਲਿਆ ਸੀ ਕਿ ਇਨ੍ਹਾਂ ਬੱਚਿਆਂ ਨੂੰ ਭੀਖ ਦੀ ਰੋਟੀ ਨਹੀਂ ਖੁਆਵਾਂਗਾ ਤਾਂ ਕਿ ਇਨ੍ਹਾਂ ਦੀ ਆਤਮਾ ਉਨ੍ਹਾਂ ਬੱਚਿਆਂ ਵਾਂਗ ਮਾਰੀ ਨਾ ਜਾਵੇ ਜੋ ਯਤੀਮ ਖਾਨੇ ਜਾਂ ਅਜਿਹੇ ਆਸ਼ਰਮਾਂ ਵਿੱਚ ਰਹਿੰਦੇ ਹਨ ਜਿੱਥੇ ਬੱਚਿਆਂ ਵਲੋਂ ਰੋਟੀ ਮੰਗ ਕੇ ਲਿਆਉਣ ਦਾ ਰਿਵਾਜ਼ ਹੈ। ਇਸ ਲਈ ਸ਼ੁਰੂ ਤੋਂ ਹੀ ਸੋਚ ਲਿਆ ਕਿ ਅਸੀਂ ਆਪਣੀ ਰੋਟੀ ਆਪ ਪੈਦਾ ਕਰਾਂਗੇ।’’ ਇਸ ਦੇ ਨਤੀਜੇ ਵੀ ਕਮਾਲ ਦੇ ਨਿੱਕਲਦੇ ਹਨ। ਬੱਚੇ ਬਰਾਬਰ ਦਾ ਦੁੱਧ ਪੀਂਦੇ ਹਨ। ਇੱਕ ਦਿਨ ਬਚੇ ਹੋਏ ਛਟਾਂਕ ਦੁੱਧ ਨੂੰ ਪੀਣ ਲਈ ਕੋਈ ਵੀ ਬੱਚਾ ਤਿਆਰ ਨਹੀਂ ਹੁੰਦਾ ਕਿਉਂਕਿ ਉਸ ਨੇ ਆਪਣੇ ਹਿੱਸੇ ਦਾ ਦੁੱਧ ਪੀ ਲਿਆ ਸੀ। ਅਖੀਰ ਪਾਣੀ ਪਾ ਕੇ ਸਾਰਿਆਂ ਵਿੱਚ ਵੰਡਿਆ ਗਿਆ। ਇਸ ਤਰ੍ਹਾਂ ਹੀ ਬਾਗ ਵਿੱਚ ਲੱਗੇ ਪਹਿਲੇ ਆੜੂ ਦੀ ਸਾਰੇ ਬੱਚੇ ਰਾਖੀ ਕਰਦੇ ਹਨ ਅਤੇ ਅਖੀਰ ਵਿੱਚ ਬਣਦਾ ਹਿੱਸਾ ਰਲ ਕੇ ਖਾਂਦੇ ਹਨ। ਵਿਦਿਆਰਥੀਆਂ ਨੂੰ ਰੂਸ ਭੇਜਣ ਲਈ ਵੀ ਬਾਬਾ ਜੀ ਨੇ ਯਤਨ ਕੀਤੇ। ਸੰਨ ਸੰਤਾਲੀ ਦੇ ਦੰਗਿਆਂ ਵਿੱਚ ਮੁਸਲਮਾਨਾਂ ਨੂੰ ਬਚਾਉਣ ਅਤੇ ਸੰਪਰਦਾਇਕ ਏਕਤਾ ਬਣਾਈ ਰੱਖਣ ਲਈ ਸੋਹਣ ਸਿੰਘ ਭਕਨਾ ਨੇ ਆਪਣੀ ਸਿਹਤ ਅਨੁਸਾਰ ਨਿੱਗਰ ਹਿੱਸਾ ਪਾਇਆ। ਆਪਣੇ ਕੀਤੇ ਕੰਮਾਂ ਬਾਰੇ ਜੋ ਕੁੱਝ ਬਾਬਾ ਭਕਨਾ ਕਹਿੰਦੇ ਹਨ ਉਹ ਕੋਈ ਹਲੀਮੀ ਵਾਲਾ ਦੇਸ਼ ਭਗਤ ਹੀ ਕਹਿ ਸਕਦਾ ਹੈ । ਉਹ ਕਹਿੰਦੇ ਹਨ, ‘‘ਮੈਂ ਖੁਸ਼ ਹਾਂ ਕਿ ਮੈਂ ਦੇਸ਼ ਦੀ ਬਹੁਤੀ ਸੇਵਾ ਨਹੀਂ ਵੀ ਕਰ ਸਕਿਆ ਤਾਂ ਵੀ ਮੇਰੀ ਜ਼ਮੀਰ ਇਹ ਲਾਹਣਤ ਤਾਂ ਨਹੀਂ ਪਾ ਰਹੀ ਕਿ ਮੈਂ ਦੇਸ਼ ਜਾਂ ਮਨੁੱਖ ਜਾਤੀ ਨਾਲ ਕੋਈ ਗੱਦਾਰੀ ਕੀਤੀ ਹੈ। ਹੁਣ ਤਾਂ ਮੇਰੀ ਇੱਕੋ ਖਾਹਿਸ਼ ਹੈ ਕਿ ਮੈਂ ਮਰਨ ਤੋਂ ਪਹਿਲਾਂ ਦੇਸ਼ ਤੇ ਦੁਨੀਆਂ ਨੂੰ ਅਮਨ ਤੇ ਸ਼ਾਂਤੀ ਦਾ ਸੁੱਖ ਮਾਣਦਿਆਂ ਦੇਖ ਸਕਾਂ। ਇਸ ਤੋਂ ਸਿਵਾ ਮੇਰੀ ਕੋਈ ਇੱਛਾ ਨਹੀਂ।’’   
    ਬਾਬਾ ਭਕਨਾ ਜੀ ਦੀ ਆਖਰੀ ਇੱਛਾ ਅਜੇ ਅਧੂਰੀ ਹੈ, ਉਸਨੂੰ ਪੂਰਾ ਕਰਨ ਲਈ ਸਾਡਾ ਫਰਜ਼ ਬਣ ਜਾਂਦਾ ਹੈ । 2020 ਦਾ ਸਾਲ ਬਾਬਾ ਜੀ ਦਾ 150ਵਾਂ ਜਨਮ ਵਰ੍ਹਾ ਹੈ, ਇਸ ਵਿੱਚ ਉਨ੍ਹਾਂ ਨੂੰ ਯਾਦ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਇੱਛਾ ਨੂੰ ਪੂਰਾ ਕਰਨ ਲਈ ਸਮਾਜਿਕ ਤੇ ਰਾਜਨੀਤਿਕ ਕਾਰਜ ਵੀ ਉਲੀਕੇ ਜਾਣ ਦੀ ਜਰੂਰਤ ਹੈ। 

  • ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦਾ ਹੋਕਾ 8 ਜਨਵਰੀ ਦਾ ਪੇਂਡੂ ਬੰਦ ਪੂਰੀ ਤਰ੍ਹਾਂ ਸਫ਼ਲ ਕਰੋ

    ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦਾ ਹੋਕਾ 8 ਜਨਵਰੀ ਦਾ ਪੇਂਡੂ ਬੰਦ ਪੂਰੀ ਤਰ੍ਹਾਂ ਸਫ਼ਲ ਕਰੋ

    ਰਘਬੀਰ ਸਿੰਘ

    ਭਾਰਤ ਦੇ ਕਿਰਤੀ ਲੋਕਾਂ ਦੀ ਰੋਜ਼ੀ ਰੋਟੀ ਖੋਹ ਕੇ ਅਤੇ ਉਹਨਾਂ ਦੇ ਵਸੀਲਿਆਂ ਅਤੇ ਕਮਾਈ ਨੂੰ ਲੁਟਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਵਾਲੀਆਂ 1991 ਤੋਂ ਲਾਗੂ ਕੀਤੀਆਂ ਗਈਆਂ ਨਵਉਦਾਰਵਾਦੀ ਨੀਤੀਆਂ ਨਾਲ ਆਰੰਭ ਹੋਇਆ ਅਮਲ ਮੋਦੀ ਸਰਕਾਰ ਦੇ ਸਮੇਂ ਵਧੇਰੇ ਜ਼ਾਲਮਾਨਾ, ਧੱਕੜ, ਗੈਰ-ਜਮਹੂਰੀ, ਗੈਰ-ਸੰਵਿਧਾਨਕ ਅਤੇ ਫਿਰਕੂ ਰੂਪ ਧਾਰਨ ਕਰ ਗਿਆ ਹੈ। ਇਸ ਜ਼ਾਲਮ ਰਾਜ ਵਿਰੁੱਧ ਸਮੇਂ-ਸਮੇਂ ’ਤੇ ਦੇਸ਼ ਦੇ ਕਿਰਤੀ ਲੋਕਾਂ ਨੇ ਆਪਣੀਆਂ ਜਨਤਕ ਜਥੇਬੰਦੀਆਂ ਵਲੋਂ ਜ਼ੋਰਦਾਰ ਜਨਤਕ ਸੰਘਰਸ਼ ਲੜੇ ਹਨ ਅਤੇ ਕਈ ਵਾਰ ਸਰਕਾਰ ਦੇ ਵੱਧਦੇ ਜਾਬਰ ਹਮਲਿਆਂ ਦਾ ਮੂੰਹ ਮੋੜਿਆ ਹੈ। ਪਰ ਮੋਦੀ ਸਰਕਾਰ ਦੇ ਸੰਗਠਤ, ਯੋਜਨਾਬੱਧ ਅਤੇ ਫੁੱਟਪਾਊ ਹਮਲਿਆਂ ਦੇ ਟਾਕਰੇ ਲਈ ਦੇਸ਼ ਪੱਧਰ ’ਤੇ ਕੋਈ ਸਾਂਝਾ ਹੰਭਲਾ ਨਹੀਂ ਸੀ ਮਾਰਿਆ ਜਾ ਸਕਿਆ।
    8 ਜਨਵਰੀ 2020 ਦਾ ਦਿਨ ਦੇਸ਼ ਦੇ ਕਿਰਤੀ ਸੰਗਰਾਮਾਂ ਦੇ ਇਤਿਹਾਸ ਵਿਚ ਇਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ। ਇਸ ਦਿਨ ਦੇਸ਼ ਦੀਆਂ ਕੁਲ ਹਿੰਦ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ’ਤੇ ਜਬਰਦਸਤ ਹੜਤਾਲ ਹੋਵੇਗੀ। ਇਸਤੋਂ ਬਿਨਾਂ ਦੇਸ਼ ਦਾ ਕਿਸਾਨ ਆਪਣੇ ਪੇਂਡੂ ਖੇਤ ਮਜ਼ਦੂਰਾਂ ਅਤੇ ਹੋਰ ਕਿਰਤੀਆਂ ਨਾਲ ਮਿਲਕੇ ਪੇਂਡੂ ਭਾਰਤ ਮੁਕੰਮਲ ਬੰਦ ਕਰਕੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਅਤੇ ਦੇਸ਼ ਦੇ ਬਾਕੀ ਕਿਰਤੀਆਂ ਦੇ ਹਿਤਾਂ ਦੀ ਰਾਖੀ ਲਈ ਆਪਣਾ ਬਣਦਾ ਰੋਲ ਨਿਭਾਵੇਗਾ ਸੋ 8 ਜਨਵਰੀ ਦਾ ਦਿਨ ਭਾਰਤ ਅੰਦਰ ਮਜ਼ਦੂਰ ਕਿਸਾਨਾਂ ਦੇ ਸਾਂਝੇ ਤਾਲਮੇਲ ਅਧਾਰਤ ਐਕਸ਼ਨ ਕਰਨ ਦਾ ਪੜੁੱਲ ਬਣੇਗਾ ਅਤੇ ਸਿੱਟੇ ਵਜੋਂ ਉਸ ਦਿਨ ਭਾਰਤ ਦਾ ਨਜਾਰਾ ਮੁਕੰਮਲ ਬੰਦ ਵਾਲਾ ਹੋਵੇਗਾ। ਉਸ ਦਿਨ ਦੇਸ਼ ਦੀ ਹਕੂਮਤੀ ਸ਼ਕਤੀ ਅਤੇ ਜਨਸ਼ਕਤੀ ਇਕ ਦੂਜੇ ਦੇ ਪੂਰੀ ਤਰ੍ਹਾਂ ਆਹਮੋ-ਸਾਹਮਣੇ ਹੋਣਗੀਆਂ।
    ਇਸ ਇਤਿਹਾਸਕ ਦਿਨ ’ਤੇ ਦੇਸ਼ ਦੇ ਮਜ਼ਦੂਰ ਅਤੇ ਮੁਲਾਜ਼ਮ ਆਪਣੇ ਆਰਥਕ ਮਸਲਿਆਂ ਵਿਸ਼ੇਸ਼ ਕਰਕੇ ਕਿਰਤ ਕਾਨੂੰਨਾਂ ਨੂੰ ਪੁੱਠਾ ਗੇੜਾ ਦੇਣ ਅਤੇ ਅੰਨ੍ਹੇਵਾਹ ਕੀਤੇ ਜਾ ਰਹੇ ਲੋਕ ਵਿਰੋਧੀ ਨਿੱਜੀਕਰਨ ਦੇ ਸਰਕਾਰੀ ਫੈਸਲਿਆਂ ਦਾ ਵਿਰੋਧ ਦੇਸ਼ ਵਿਆਪੀ ਹੜਤਾਲ ਕਰਕੇ ਕਰਨਗੇ। ਉਹਨਾਂ ਦੀ ਕਾਰਵਾਈ ਦਾ ਮੁੱਖ ਖੇਤਰ ਸ਼ਹਿਰੀ ਇਲਾਕਿਆਂ ਵਿਚ ਹੋਵੇਗਾ।
    ਦੇਸ਼ ਦਾ ਕਿਸਾਨ, ਖੇਤ ਮਜ਼ਦੂਰ ਅਤੇ ਪਿੰਡਾਂ ਦੇ ਹੋਰ ਕਿਰਤੀ ਲੋਕ ਉਸ ਦਿਨ ਪੇਂਡੂ ਖੇਤਰ ਵਿਚ ਸਾਰੇ ਕਿਸਾਨੀ ਧੰਦੇ ਠੱਪ ਕਰਨ ਅਤੇ ਨਿਸ਼ਚਿਤ ਥਾਵਾਂ ’ਤੇ ਰੇਲ ਅਤੇ ਸੜਕੀ ਆਵਾਜਾਈ ਰੋਕਣਗੇ। ਇਸ ਤਰ੍ਹਾਂ ਦੇਸ਼ ਦੇ ਸਾਰੇ ਮਜ਼ਦੂਰ ਅਤੇ ਕਿਸਾਨ ਆਪੋ ਆਪਣੀਆਂ ਮੰਗਾਂ ਲਈ ਆਪਣੀ ਸਾਰੀ ਸ਼ਕਤੀ ਲਾ ਕੇ ਦੇਸ਼ ਦੀ ਫਿਰਕੂ ਅਤੇ ਤਾਨਾਸ਼ਾਹੀ ਸਰਕਾਰ ਨੂੰ ਦੇਸ਼ ਨੂੰ ਤਬਾਹ ਕਰਨ ਵਾਲੇ ਰਾਹ ਤੋਂ ਰੋਕਣ ਦਾ ਯਤਨ ਕਰਨਗੇ।
    8 ਜਨਵਰੀ ਨੂੰ ਦੇਸ਼ ਦੀ ਮਜ਼ਦੂਰ ਜਮਾਤ, ਮੁਲਾਜ਼ਮ ਜਥੇਬੰਦੀਆਂ ਆਪਣੇ ਆਰਥਕ ਮੁੱਦਿਆਂ ਲਈ ਸੰਘਰਸ਼ ਕਰਨ ਤੋਂ ਬਿਨਾਂ ‘‘ਦੇਸ਼ ਦਾ ਸੰਵਿਧਾਨ, ਬਚਾਓ’’ ਮੁਹਿੰਮ ਵਿਚ ਆਪਣਾ ਭਰਵਾਂ ਹਿੱਸਾ ਪਾਉਣਗੇ। ਦੋਵੇਂ ਵਰਗ ਇਸ ਗੱਲ ਬਾਰੇ ਬਾਕੀ ਜਮਹੂਰੀ ਅਤੇ ਦੇਸ਼ ਭਗਤ ਲੋਕਾਂ ਵਾਂਗ ਹੀ ਫਿਕਰਮੰਦ ਹਨ ਕਿ ਮੋਦੀ ਸਰਕਾਰ ਨੇ ਭਾਰਤੀ ਸੰਵਿਧਾਨ ਦੀਆਂ ਬੁਨਿਆਦੀ ਸਥਾਪਨਾਵਾਂ, ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਫੈਡਰਲ ਢਾਂਚੇ ਉਪਰ ਖੁੱਲ੍ਹਾ ਹਮਲਾ ਬੋਲ ਦਿੱਤਾ ਹੈ। ਮੋਦੀ ਸਰਕਾਰ ਧਰਮ ਨਿਰਪੱਖ ਢਾਂਚੇ ਨੂੰ ਤੋੜਨ ਲਈ ਮੁਸਲਮਾਨ ਭਾਈਚਾਰੇ ਨੂੰ ਹਰ ਤਰ੍ਹਾਂ ਦੇ ਜ਼ੁਲਮ ਦਾ ਸ਼ਿਕਾਰ ਬਣਾ ਰਹੀ ਹੈ। ਉਹਨਾਂ ਨੂੰ ਰਾਜਨੀਤਕ ਤੌਰ ’ਤੇ ਬੁਰੀ ਤਰ੍ਹਾਂ ਨਿਖੇੜਨ ਪਿਛੋਂ ਉਹਨਾਂ ਨੂੰ ਨਾਗਰਿਕਤਾ ਦਿੱਤੇ ਜਾਣ ਸਮੇਂ ਤਿੱਖੇ ਅਤੇ ਹੇਠੀ ਭਰੇ ਵਤੀਰੇ ਦਾ ਸ਼ਿਕਾਰ ਬਣਾ ਰਹੀ ਹੈ। ਜੰਮੂ ਕਸ਼ਮੀਰ ਵਿਚ ਧਾਰਾ 370 ਅਤੇ 35-ਏ ਖਤਮ ਕਰਨ ਅਤੇ ਉਸਦਾ ਪ੍ਰਾਂਤਕ ਦਰਜਾ ਤੋੜਕੇ ਕੇਂਦਰੀ ਸ਼ਾਸਤ ਇਲਾਕਾ ਬਣਾ ਦੇਣ ਪਿਛੋਂ ਹੁਣ ਨਾਗਰਿਕਤਾ ਦੇ ਕੌਮੀ ਰਜਿਸਟਰ (3) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਦੀ ਚੱਕੀ ’ਚ ਉਹਨਾਂ ਦੀ ਬਾਂਹ ਫਸਾਕੇ ਤਸੀਹੇ ਦੇ ਰਹੀ ਹੈ। ਉਹਨਾਂ ਨੂੰ ਨਾਗਰਿਕਤਾ ਦਿੱਤੇ ਜਾਣ   ਦੇ ਆਮ ਨਿਯਮਾਂ ਤੋਂ ਵੀ ਲਾਂਭੇ ਰੱਖਿਆ ਜਾ ਰਿਹਾ ਹੈ। ਸਰਕਾਰ ਦੇ ਇਸ ਫੁੱਟ ਪਾਊ ਅਤੇ ਗੈਰ ਸੰਵਿਧਾਨਕ ਅਮਲ ਨੂੰ ਰੋਕਣ ਲਈ ਦੇਸ਼ ਦੇ ਮਜ਼ਦੂਰ ਕਿਸਾਨ 8 ਜਨਵਰੀ ਨੂੰ ਦੇਸ਼ ਦੇ ਬਾਕੀ ਲੋਕਾਂ ਨਾਲ ਮਿਲਕੇ ਐਨ.ਆਰ.ਸੀ. ਅਤੇ ਸੀ.ਏ.ਏ. ਵਾਪਸ ਲਏ ਜਾਣ ਦੀ ਮੰਗ ਕਰਨਗੇ। ਇਸ ਤਰ੍ਹਾਂ ਉਹ ਆਪਣੇ ਆਰਥਕ ਮੁੱਦਿਆਂ ਤੋਂ ਬਿਨਾ ਸੰਵਿਧਾਨ ਦੀਆਂ ਬੁਨਿਆਦੀ ਸਥਾਪਨਾਵਾਂ ਦੀ ਰਾਖੀ ਲਈ ਵੀ ਸੰਘਰਸ਼ ਕਰਨਗੇ। ਇਸ ਲਈ 8 ਜਨਵਰੀ ਦਾ ਦਿਨ ਦੇਸ਼ ਦੇ ਕਿਰਤੀ ਲੋਕਾਂ ਦੇ ਆਰਥਕ ਹਿਤਾਂ ਅਤੇ ਸੰਵਿਧਾਨ ਦੇ ਬੁਨਿਆਦੀ ਢਾਂਚੇ ਦੀ ਰਾਖੀ ਲਈ ਸੰਘਰਸ਼ ਦਾ ਚਿੰਨ੍ਹ ਹੋਵੇਗਾ।
    ਪੇਂਡੂ ਭਾਰਤ ਬੰਦ ਦੀਆਂ ਕਿਸਾਨ ਮੰਗਾਂ
    ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਮੰਗਾਂ ਅਤੇ ਸੰਘਰਸ਼ ਦਾ ਸਰੂਪ 29-30 ਨਵੰਬਰ ਨੂੰ ਦਿੱਲੀ ਵਿਚ ਦੋ ਦਿਨਾ ਜਨਰਲ ਕੌਂਸਲ ਦੀ ਮੀਟਿੰਗ ਕਰਕੇ ਤਿਆਰ ਕੀਤਾ ਹੈ। ਇਸ ਮੀਟਿੰਗ ਵਿਚ 250 ਕਿਸਾਨ ਜਥੇਬੰਦੀਆਂ ਨੇ ਭਾਗ ਲਿਆ। ਇਸ ਮੀਟਿੰਗ ਵਿਚ ਸ਼ਾਮਲ ਹੋਏ ਲਗਭਗ 800 ਡੈਲੀਗੇਟਾਂ ਨੇ ਗੰਭੀਰ ਵਿਚਾਰ ਚਰਚਾ ਪਿਛੋਂ ਤਹਿ ਕੀਤਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ 8 ਜਨਵਰੀ ਨੂੰ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪੇਂਡੂ ਭਾਰਤ ਬੰਦ ਕੀਤਾ ਜਾਵੇ। ਇਸ ਬੰਦ ਦੀਆਂ ਹੇਠ ਲਿਖੀਆਂ ਮੁੱਖ ਮੰਗਾਂ ਹਨ :
    1. ਕਿਸਾਨਾਂ ਦੇ ਸਾਰੇ ਕਰਜ਼ੇ ਖਤਮ ਕੀਤੇ ਜਾਣ।
    2. ਕਿਸਾਨਾਂ ਨੂੰ ਸਾਰੀਆਂ ਫਸਲਾਂ ਦਾ ਸੀ-2 ਫਾਰਮੂਲੇ ਨਾਲ ਖਰਚੇ ਨਾਲੋਂ ਡਿਓਢਾ ਭਾਅ ਦਿੱਤਾ ਜਾਵੇ ਇਹਨਾਂ ਦੋ ਮੰਗਾਂ ਬਾਰੇ ਕਿਸਾਨਾਂ ਨੂੰ ਕਾਨੂੰਨੀ ਅਧਿਕਾਰ ਦਿੱਤਾ ਜਾਵੇ।
    3. 60 ਸਾਲ ਦੀ ਉਮਰ ਪਿਛੋਂ ਹਰ ਕਿਸਾਨ ਨੂੰ ਬਿਨਾਂ ਸ਼ਰਤ ਦਸ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ।
    4. ਕਿਸਾਨ ਪੱਖੀ ਫਸਲ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਅਤੇ ਛੋਟੇ ਤੇ ਦਰਮਿਆਨੇ ਕਿਸਾਨਾਂ ਦੀਆਂ ਬੀਮਾ ਕਿਸ਼ਤਾਂ ਸਰਕਾਰ ਆਪ ਅਦਾ ਕਰੇ।
    5. ਸਾਰੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤਹਿ ਕੀਤਾ ਜਾਵੇ ਅਤੇ ਫਸਲਾਂ ਦੀ ਖਰੀਦ ਸਰਕਾਰ ਵਲੋਂ ਕੀਤੀ ਜਾਵੇ।
    6. ਕਰ-ਮੁਕਤ ਵਪਾਰ ਸਮਝੌਤਿਆਂ ਵਿਚੋਂ ਖੇਤੀ ਅਤੇ ਖੇਤੀ ਅਧਾਰਤ ਧੰਦਿਆਂ ਨੂੰ ਬਾਹਰ ਰੱਖਿਆ ਜਾਵੇ।
    7. ਕੁਦਰਤੀ ਆਫ਼ਤਾਂ ਨਾਲ ਹੁੰਦੇ ਫਸਲਾਂ ਦੇ ਨੁਕਸਾਨ ਦੀ ਅਦਾਇਗੀ ਅਸਲ ਵਿਚ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇ।
    ਬੰਦ ਦੀ ਸਫਲਤਾ ਲਈ ਮੁੱਖ ਉਪਰਾਲੇ
    1. ਕਿਸਾਨੀ ਮੰਗਾਂ ਬਾਰੇ ਲੀਫਲੈਟ ਕਢਕੇ ਅਤੇ ਇਸ਼ਤਿਹਾਰ ਛਾਪਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਪੇਂਡੂ ਖੇਤਰਾਂ ਵਿਚ ਜੱਥਾ ਮਾਰਚ ਅਤੇ ਵੱਡੀਆਂ ਮੀਟਿੰਗਾਂ ਕਰਕੇ ਤਿਆਰੀ ਕੀਤੀ ਜਾਵੇਗੀ।
    2. ਦੁੱਧ ਪੈਦਾਵਾਰ ਅਤੇ ਦੁੱਧ ਧੰਦੇ ਨਾਲ ਜੁੜੇ ਲੋਕਾਂ ਅਤੇ ਯੂਨੀਅਨਾਂ, ਮਿੰਨੀ ਬੱਸਾਂ, ਟੈਂਪੂ ਅਤੇ ਥ੍ਰੀ ਵ੍ਹੀਲਰ ਵਾਲਿਆਂ ਦੀਆਂ ਜਥੇਬੰਦੀਆਂ ਅਤੇ ਸਬਜੀ ਵਪਾਰੀਆਂ ਆਦਿ ਨਾਲ ਤਾਲਮੇਲ ਕਰਕੇ ਬੰਦ ਨੂੰ ਕਾਮਯਾਬ ਕੀਤਾ ਜਾਵੇਗਾ।
    3. ਛੋਟੇ ਕਸਬਿਆਂ ਵਿਚ ਦੁਕਾਨਦਾਰਾਂ ਨੂੰ ਹੜਤਾਲ ਤੋਂ ਇਕ ਦੋ ਦਿਨ ਪਹਿਲਾਂ ਦੁਕਾਨਾਂ ਬੰਦ ਕਰਕੇ ਬੰਦ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਵੇਗੀ।
    4. 8 ਜਨਵਰੀ ਨੂੰ ਕੋਈ ਵੀ ਉਤਪਾਦ ਦੁੱਧ, ਫਲ, ਸਬਜੀਆਂ ਅਤੇ ਪਸ਼ੂ ਚਾਰਾ ਪਿੰਡਾਂ ਵਿਚੋਂ ਬਾਹਰ ਨਹੀਂ ਲਿਆਂਦਾ ਜਾਵੇਗਾ।
    5. ਕੁਝ ਚੋਣਵੀਆਂ ਥਾਵਾਂ ’ਤੇ ਰੇਲ ਅਤੇ ਸੜਕੀ ਆਵਾਜਾਈ ਰੋਕੀ ਜਾਵੇਗੀ।
    ਪਰ ਬੰਦ ਦੀ ਸਫਲਤਾ ਲਈ ਲੋਕਾਂ ਦੀ ਪੂਰੀ ਸਹਿਮਤੀ ਨੂੰ ਹੀ ਆਧਾਰ ਬਣਾਇਆ ਜਾਵੇਗਾ। ਕਿਸੇ ’ਤੇ ਦਬਾਅ ਪਾ ਕੇ ਜਾਂ ਉਸਦੇ ਉਤਪਾਦ ਆਦਿ ਦਾ ਨੁਕਸਾਨ ਕਰਕੇ ਕੰਮ ਬੰਦ ਕਰਾਉਣ ਦੀ ਪੂਰੀ ਮਨਾਹੀ ਕੀਤੀ ਗਈ ਹੈ।
    8 ਜਨਵਰੀ ਦੇ ਐਕਸ਼ਨ ਦੀ ਸਫਲਤਾ ਯਕੀਨੀ
    ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੇਸ਼ ਦਾ ਹਰ ਨਾਗਰਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਲਗਾਤਾਰ ਵੱਧ ਰਹੀ ਬੇਰੁਜ਼ਗਾਰੀ, ਮਹਿੰਗਾਈ, ਭਰਿਸ਼ਟਾਚਾਰ ਨਾਲ ਬੁਰੀ ਤਰ੍ਹਾਂ ਸੰਕਟਗ੍ਰਸਤ ਹੋਇਆ ਖੇਤੀ ਸੈਕਟਰ ਜੋ ਲਗਭਗ 4 ਲੱਖ ਕਿਸਾਨਾਂ, ਮਜ਼ਦੂਰਾਂ ਦੀ ਜਾਨ ਲੈ ਚੁੱਕਿਆ ਹੈ ਅਤੇ ਦੇਸ਼ ਦੀਆਂ ਬਹੁ-ਬੇਟੀਆਂ ਦੇ ਹੋ ਰਹੇ ਬਲਾਤਕਾਰਾਂ ਤੋਂ ਹਰ ਦੇਸ਼ ਵਾਸੀ ਦੇ ਮਨ ਵਿਚ ਮੋਦੀ ਸਰਕਾਰ ਵਿਰੁੱਧ ਸਖਤ ਗੁੱਸਾ ਅਤੇ ਨਾਰਾਜਗੀ ਹੈ। ਇਸ ਰੋਸ ਅਤੇ ਨਾਰਾਜਗੀ ਨੂੰ ਐਨ.ਆਰ.ਸੀ. ਅਤੇ ਨਾਗਰਿਕਤਾ ਸੋਧ ਕਾਨੂੰਨ ਨੇ ਸਿਖਰਾਂ ਤੇ ਪਹੁੰਚਾ ਦਿੱਤਾ ਹੈ। ਇਹਨਾਂ ਗੈਰ-ਸੰਵਿਧਾਨਕ ਅਤੇ ਵੰਡਵਾਦੀ ਕਾਨੂੰਨਾਂ ਨੂੰ ਦੇਸ਼ਵਾਸੀਆਂ ਨੇ ਭਾਰਤੀ ਸੰਵਿਧਾਨ ਦੀਆਂ ਮੂਲ ਧਾਰਨਾਵਾਂ, ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਫੈਡਰਲ ਢਾਂਚੇ ’ਤੇ ਗੰਭੀਰ ਹਮਲਾ ਸਮਝਿਆ ਹੈ। ਉਹ ਇਹਨਾਂ ਮੂਲ ਸਥਾਪਨਾਵਾਂ ਦੀ ਰਾਖੀ ਲਈ ਸੜਕ ’ਤੇ ਉਤਰੇ ਹਨ। 19 ਦਸੰਬਰ ਦੇ ਸੱਦੇ ਨੂੰ ਉਹਨਾਂ ਦਿਲੋਂ ਪ੍ਰਵਾਨ ਕਰਦਿਆਂ ਇਸਤੇ ਅਮਲ ਕੀਤਾ ਹੈ। ਥਾਂ-ਥਾਂ ਤੇ ਰੈਲੀਆਂ, ਮੁਜ਼ਾਹਰਿਆਂ ਅਤੇ ਅਨੇਕਾਂ ਥਾਵਾਂ ’ਤੇ ਸੜਕੀ ਤੇ ਰੇਲ ਆਵਾਜਾਈ ਰੋਕੀ ਗਈ ਹੈ। ਉਹ ਇਸ ਸੰਘਰਸ਼ ਨੂੰ ਭਵਿੱਖ ਵਿਚ ਹੋਰ ਵੀ ਤਿੱਖਾ ਅਤੇ ਵਿਆਪਕ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
    ਸਰਕਾਰ ਬਚਾਓ ਦੇ ਰੌਂ ਵਿਚ
    19 ਦਸੰਬਰ ਦੇ ਦੇਸ਼ ਵਿਆਪੀ ਜਨਤਕ ਐਕਸ਼ਨ ਦੀ ਲਾਮਿਸਾਲ ਸਫਲਤਾ ਨੇ ਮੋਦੀ ਸਰਕਾਰ ਦੀ ਇਕ ਵਾਰ ਤਾਂ ਚੱਕਰੀ ਘੁਮਾ ਦਿੱਤੀ ਹੈ। ਉਸਦਾ ਹਰ ਜ਼ੁਲਮ, ਗੁੰਮਰਾਹਕੁੰਨ ਪ੍ਰਾਪੇਗੰਡਾ ਅਤੇ ਫੁੱਟ ਪਾਊ ਚਾਲਾਂ ਬੁਰੀ ਤਰ੍ਹਾਂ ਅਸਫਲ ਹੋਈਆਂ ਹਨ। ਉਹ ਸਾਰਾ ਜ਼ੋਰ ਲਾ ਕੇ ਮੁਸਲਮਾਨ ਭਾਈਚਾਰੇ ਨਾਲੋਂ ਬਾਕੀ ਦੇਸ਼ਵਾਸੀਆਂ ਨੂੰ ਨਹੀਂ ਤੋੜ ਸਕੀ। ਐਨ.ਆਰ.ਸੀ. ਅਤੇ ਨਾਗਰਿਕਤਾ ਸੋਧ ਕਾਨੂੰਨ ਹਰ ਦੇਸ਼ਵਾਸੀ ਨੂੰ ਨਿੱਜੀ ਤੌਰ ’ਤੇ ਅਤੇ ਸਮੂਹਕ ਤੌਰ ’ਤੇ ਖਤਰਨਾਕ ਜਾਪਿਆ ਹੈ। ਕਸ਼ਮੀਰ ਵਿਚੋਂ ਧਾਰਾ 370 ਅਤੇ 35-ਏ ਹਟਾਉਣ ਪਿਛੋਂ ਐਨ.ਆਰ.ਸੀ. ਅਤੇ ਨਾਗਰਿਕਤਾ ਸੋਧ ਕਾਨੂੰਨ ਵਰਗੇ ਸਾਰੇ ਕਦਮ ਦੇਸ਼ ਵਾਸੀਆਂ ਨੂੰ ਭਾਰਤ ਦੇ ਸੰਵਿਧਾਨ ਦੀਆਂ ਮੂਲ ਸਥਾਪਨਾਵਾਂ ’ਤੇ ਨੰਗੇ ਚਿੱਟੇ ਫਾਸ਼ੀ ਹਮਲੇ ਲੱਗੇ ਹਨ। ਇਸ ਲਈ ਉਹ ਇਹਨਾਂ ਸਥਾਪਨਾਵਾਂ ਦੀ ਰਾਖੀ ਲਈ ਅੱਗੇ ਆਏ ਹਨ। ਦੇਸ਼ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਕਬੂਲ ਕਰਦੇ ਹੋਏ ਸਰਕਾਰ ਦੇ ਹਰ ਜਾਬਰ ਕਦਮ ਦਾ ਟਾਕਰਾ ਕਰਦੇ ਹੋਏ ਇਸ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਹੈ। ਦੇਸ਼ ਵਾਸੀਆਂ ਨੇ ਉਹਨਾਂ ਦੇ ਇਸ ਰੋਲ ਦੀ ਸ਼ਲਾਘਾ ਕੀਤੀ ਹੈ।
    19 ਦਸੰਬਰ ਦੇ ਸਫਲ ਵਿਰੋਧ ਐਕਸ਼ਨ ਨੇ 8 ਜਨਵਰੀ ਦੀ ਮਜ਼ਦੂਰ ਹੜਤਾਲ ਅਤੇ ਕਿਸਾਨਾਂ ਵਲੋਂ ਐਲਾਨੇ ਗਏ ਪੇਂਡੂ ਭਾਰਤ ਬੰਦ ਦੇ ਐਕਸ਼ਨ ਦੀ ਸਫਲਤਾ ਪੂਰੀ ਤਰ੍ਹਾਂ ਯਕੀਨੀ ਬਣਾ ਦਿੱਤੀ ਹੈ। ਪਰ ਦੇਸ਼ ਵਾਸੀਆਂ ਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਅਤੇ ਉਹਨਾਂ ਨੂੰ ਲੋਕਾਂ ਦੀ ਲਾਮਬੰਦੀ ਲਈ ਦਿਨ ਰਾਤ ਕੰਮ ਕਰਨਾ ਚਾਹੀਦਾ ਹੈ।

  • ਨਵੇਂ ਸਾਲ ਦੇ ਆਗਮਨ ’ਤੇ ਖੱਬੀਆਂ ਧਿਰਾਂ ਨੂੰ ਇਕਮੁੱਠ ਹੋ ਕੇ ਜੂਝਣ ਦਾ ਪ੍ਰਣ ਲੈਣ ਦੀ ਲੋੜ

    ਨਵੇਂ ਸਾਲ ਦੇ ਆਗਮਨ ’ਤੇ ਖੱਬੀਆਂ ਧਿਰਾਂ ਨੂੰ ਇਕਮੁੱਠ ਹੋ ਕੇ ਜੂਝਣ ਦਾ ਪ੍ਰਣ ਲੈਣ ਦੀ ਲੋੜ

    ਮੰਗਤ ਰਾਮ ਪਾਸਲਾ

    ਭਾਰਤੀ ਲੋਕਾਂ ਲਈ 2020 ਦਾ ਨਵਾਂ ਸਾਲ ਵੱਡੀਆਂ ਚੁਣੌਤੀਆਂ ਲੈ ਕੇ ਆ ਰਿਹਾ ਹੈ। ਮੋਦੀ ਸਰਕਾਰ ਦੀ ਦੂਜੀ ਟਰਮ ਦਾ 2 ਕੁ ਮਹੀਨਿਆਂ ਦਾ ਕਾਰਜਕਾਲ ਦਰਸਾਉਂਦਾ ਹੈ ਕਿ ਲੋਕ ਸਭਾ ਅੰਦਰ ਇਕੱਲੀ ਭਾਜਪਾ ਨੂੰ ਪੂਰਨ ਬਹੁਮਤ ਹਾਸਲ ਹੋ ਜਾਣ ਤੋਂ ਬਾਅਦ ਹੁਣ ਸੰਘ ਪਰਿਵਾਰ ਨੇ ਆਜ਼ਾਦੀ ਸੰਗਰਾਮ ਦੇ ਤਪਦੇ ਥਲਾਂ ਵਿਚੋਂ ਉਪਜੀ ਦੇਸ਼ ਦੀ ਆਜ਼ਾਦੀ ਦੀ ਸਭ ਤੋਂ ਅਹਿਮ ਪ੍ਰਾਪਤੀ ਲੋਕ ਰਾਜੀ ਤੇ ਧਰਮ ਨਿਰਪੱਖ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਦੇਸ਼ ਨੂੰ ਇਕ ਧਰਮ ਅਧਾਰਤ (ਹਿੰਦੂ ਰਾਸ਼ਟਰ) ਬਣਾਉਣ ਦੀ ਪੂਰੀ ਠਾਣ ਲਈ ਹੈ। ਇਸ ਕੰਮ ਲਈ ਉਸਨੂੰ ਕਿਸੇ ਹੋਰ ਦਲ ਦੀ ਹਮਾਇਤ ਦੀ ਜ਼ਰੂਰਤ ਨਹੀਂ ਹੈ, ਭਾਵੇਂ ਕਿ ਸੱਤਾ ਦੀ ਲਾਲਸਾ ਹੇਠ ਸਾਰੇ ਸਿਧਾਂਤਾਂ ਤੇ ਸਵੈਮਾਨ ਨੂੰ ਤਿਲਾਂਜਲੀ ਦੇ ਕੇ ਅਕਾਲੀ ਦਲ (ਬਾਦਲ) ਵਾਂਗ ਹੋਰ ਵੀ ਕਈ ਦਲ ਅੱਜ ਵੀ ਕੌਮੀ ਜਮਹੂਰੀ ਗਠਜੋੜ (.4.1.) ਵਿਚ ਰਹਿ ਕੇ ਸੰਘੀ ਕੁਕਰਮਾਂ ਦੇ ਸਹਿਭਾਗੀ ਬਣੇ ਹੋਏ ਹਨ। ਆਰ.ਐਸ.ਐਸ. (ਪਹਿਲਾਂ ਹਿੰਦੂ ਮਹਾਂ ਸਭਾ) 1925 ਵਿਚ ਆਪਣੇ ਜਨਮ ਤੋਂ ਹੀ ਇਸ ਤਾਕ ਵਿਚ ਸੀ ਕਿ ਅੰਗਰੇਜ਼ੀ ਸਾਮਰਾਜ ਵਿਰੁੱਧ ਆਜ਼ਾਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਅੰਦਰ ਕੁੱਦ ਕੇ ਕਿਸੇ ‘ਤਕਲੀਫ’ ਨੂੰ ਸੱਦਾ ਦੇਣ ਦੀ ਥਾਂ ਅਖੌਤੀ ‘ਹਿੰਦੂ’ ਹਿਤਾਂ ਦੀ ਰਾਖੀ ਲਈ ਇਕ ਧਰਮ ਅਧਾਰਤ ਦੇਸ਼ ਦੀ ਸਥਾਪਨਾ ਦਾ ਨਾਅਰਾ ਦੇਣਾ ਵਧੇਰੇ ਲਾਹੇਵੰਦਾ ਹੈ। ਇਸ ਢੰਗ ਨਾਲ ਅੰਗਰੇਜ਼ੀ ਸਾਮਰਾਜ ਵਿਰੁੱਧ ਲੜੇ ਜਾ ਰਹੇ ਸੰਗਰਾਮ ’ਚ ਫਿਰਕੂ ਆਧਾਰ ’ਤੇ ਵੰਡੀਆਂ ਪਾ ਕੇ ਇਕ ਤਾਂ ਉਨ੍ਹਾਂ ਦੀ ‘ਸਾਮਰਾਜ ਭਗਤੀ’ ਦਾ ਨਿਸ਼ਾਨਾ ਪੂਰਾ ਹੋ ਜਾਵੇਗਾ ਤੇ ਦੂਸਰਾ ਧਾਰਮਿਕ ਕੱਟੜਤਾ ਤੇ ਪਿਛਾਖੜੀ ਵਿਚਾਰਾਂ ਦਾ ਫੈਲਾਅ ਕਰ ਕੇ ਸਮਾਜਵਾਦ ਦੀ ਸਥਾਪਤੀ ਲਈ ਸੰਸਾਰ ਭਰ ’ਚ ਉਠ ਰਹੀ ਕਿਰਤੀ ਲਹਿਰ ਦੇ ਸੰਗ ਪਨਪ ਰਹੀ ਭਾਰਤ ਦੀ ਇਨਕਲਾਬੀ ਧਾਰਾ ਨੂੰ ਵੀ ਕਮਜ਼ੋਰ ਕੀਤਾ ਜਾ ਸਕੇਗਾ। ਇਹ ਗੱਲ ਅਲੱਗ ਹੈ ਕਿ ਆਜ਼ਾਦੀ ਦੇ ਰੰਗ ਵਿਚ ਰੰਗੇ ਹੋਏ ਭਾਰਤੀ ਲੋਕਾਂ ’ਤੇ ਵਧੇਰੇ ਕਰਕੇ ਸੰਘ ਦੀ ਫਿਰਕੂ ਵਿਚਾਰਧਾਰਾ ਦਾ ਪ੍ਰਭਾਵ ਨਾ ਮਾਤਰ ਹੀ ਰਿਹਾ। ਫਿਰ ਵੀ ਜਦੋਂ ਫ਼ਿਜ਼ਾ ’ਚ ਜ਼ਹਿਰ ਘੋਲਣ ਦਾ ਕੁਕਰਮ ਕੀਤਾ ਜਾਂਦਾ ਹੈ, ਉਸਦਾ ਕੁਝ ਨਾ ਕੁਝ ਬੁਰਾ ਪ੍ਰਭਾਵ ਪੈਣਾ ਤਾਂ ਲਾਜ਼ਮੀ ਹੈ।
    ਮੋਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ‘ਸੰਘ’ ਨੂੰ ਆਪਣੇ ਇਰਾਦਿਆਂ ਨੂੰ ਬੂਰ ਪੈਣ ਦੀ ਆਸ ਬੱਝੀ। ਕੇਂਦਰੀ ਸਰਕਾਰ ਨੇ ਆਰਥਿਕ ਤੇ ਰਾਜਸੀ-ਸਮਾਜਿਕ ਖੇਤਰ, ਭਾਵ ਦੋਨਾਂ ਮੋਰਚਿਆਂ ਉਪਰ ਹੀ ਸੰਘੀ ਵਿਚਾਰਧਾਰਾ ਅਨੁਸਾਰ ਆਪਣੀ ਕਾਰਗੁਜ਼ਾਰੀ ਆਰੰਭੀ ਹੋਈ ਹੈ। ਦੇਸ਼ ਦੇ ਮੌਜੂਦਾ ਆਰਥਿਕ ਮੰਦਵਾੜੇ ਦੀਆਂ ਜੜ੍ਹਾਂ ਇਸਦੇ ਪੂੰਜੀਵਾਦੀ ਪ੍ਰਬੰਧ ਨਾਲ ਜੁੜੀਆਂ ਹੋਈਆਂ ਹਨ। ਜੀ.ਡੀ.ਪੀ. 5% ਤੋਂ ਹੇਠਾਂ ਚਲੀ ਗਈ ਹੈ, ਖਾਧ ਵਸਤਾਂ ਦੀਆਂ ਕੀਮਤਾਂ ਦੋ ਅੰਕਾਂ ਨੂੰ ਛੂਹ ਗਈਆਂ ਹਨ ਤੇ ਬੇਰੁਜ਼ਗਾਰੀ ਪਿਛਲੇ 45 ਸਾਲਾਂ ਦੇ ਸਮੇਂ ਦੌਰਾਨ ਸਭ ਤੋਂ ਉਪਰਲੀ ਪੱਧਰ ’ਤੇ ਹੈ। ਦੇਸ਼ ਦਾ ਹਰ ਚੌਥਾ ਬੱਚਾ ਕੁਪੋਸ਼ਨ ਦਾ ਸ਼ਿਕਾਰ ਹੈ ਤੇ ਭੁਖਮਰੀ ’ਚ ਸੰਸਾਰ ਭਰ ਦੇ ਦੇਸ਼ਾਂ ਅੰਦਰ ਸਾਡਾ ਸਥਾਨ 102ਵਾਂ (ਲਗਭਗ ਸਿਖਰ ’ਤੇ) ਹੈ। ਆਰਥਿਕ ਸੰਕਟ ਦਾ ਹੱਲ ਕਰਨ ਲਈ ਸਰਕਾਰ ਵਲੋਂ ਪਬਲਿਕ ਪੂੰਜੀਕਾਰੀ ਰਾਹੀਂ ਲੋਕਾਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਦੀ ਖਰੀਦ ਸ਼ਕਤੀ ਵਧਾਉਣ ਦੀ ਜਗ੍ਹਾ ਸਰਕਾਰੀ ਖਜ਼ਾਨੇ ਤੇ ਬੈਂਕਾਂ ਵਿਚੋਂ ਅਰਬਾਂ ਰੁਪਏ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਏ ਜਾ ਰਹੇ ਹਨ। 1 ਲੱਖ 76 ਹਜ਼ਾਰ ਕਰੋੜ ਰੁਪਏ ਆਰ.ਬੀ.ਆਈ. ਦੇ ‘ਸੰਕਟਕਾਲੀਨ ਫੰਡ’ ’ਚੋਂ ਕਢਵਾ ਕੇ ਮੋਦੀ ਜੀ ਨੇ ਅਮੀਰਾਂ ਦੇ ਖਾਤੇ ਪਾ ਦਿੱਤੇ ਹਨ। ਖੇਤੀਬਾੜੀ ਦੇ ਸੰਕਟ ਦੇ ਹੱਲ ਲਈ ਰੱਤੀ ਭਰ ਵੀ ਕੁਝ ਨਹੀਂ ਕੀਤਾ ਜਾ ਰਿਹਾ। ਸ਼ਹਿਰੀ ਤੇ ਪੇਂਡੂ ਬੇਜ਼ਮੀਨੇ ਮਜ਼ਦੂਰਾਂ ਦੀ ਆਰਥਿਕ ਹਾਲਤ ਇਸ ਤੋਂ ਵੀ ਪਤਲੀ ਹੈ। ਆਮ ਲੋਕਾਂ ਦੀ ਪਹੁੰਚ ’ਚੋਂ ਵਿਦਿਆ ਤੇ ਸਿਹਤ ਸਹੂਲਤਾਂ ਪੂਰੀ ਤਰ੍ਹਾਂ ਬਾਹਰ ਹੋ ਗਈਆਂ ਹਨ। ਮੋਦੀ ਸਰਕਾਰ ਨੇ ਜਿਸ ਹੱਦ ਤੱਕ ਦੇਸ਼ ਦੇ ਆਰਥਿਕ ਤਾਣੇ-ਬਾਣੇ ਨੂੰ ਤਬਾਹ ਕਰ ਦਿੱਤਾ ਹੈ, ਉਸ ਦਾ ਖਮਿਆਜ਼ਾ ਆਉਣ ਵਾਲੇ ਦਿਨਾਂ ਅੰਦਰ ਸਾਰੇ ਭਾਰਤੀ ਲੋਕਾਂ, ਭਾਵ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ, ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਨੂੰ ਭੁਗਤਣਾ ਪੈਣਾ ਹੈ। ਬੈਂਕਾਂ ਦੀ  ਉਧਾਰ ਪੂੰਜੀ ਨਾਲ ਕੀਤੇ ਘੁਟਾਲਿਆਂ ਤੇ ਕੇਂਦਰੀ ਸਰਕਾਰ ਦੀਆਂ ਵਿੱਤੀ ਨੀਤੀਆਂ ਸਦਕਾ ਲੋਕਾਂ ਦਾ ਬੈਂਕਿੰਗ ਪ੍ਰਣਾਲੀ ਤੋਂ ਵਿਸ਼ਵਾਸ਼ ਉਠਦਾ ਜਾ ਰਿਹਾ ਹੈ ਤੇ ਡਰ ਕਾਰਨ ਆਮ ਆਦਮੀ ਛੋਟੀਆਂ ਬੱਚਤਾਂ ਰਾਹੀਂ ਬੈਂਕ ’ਚ ਧਨ ਜਮਾਂ ਕਰਾਉਣ ਤੋਂ ਕੰਨੀ ਕਤਰਾਉਂਦਾ ਹੈ। ਪਹਿਲਾਂ ਕਾਲੇ ਧਨ ਨੂੰ ਬਾਹਰ ਕਢਵਾਉਣ ਤੇ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਨੋਟਬੰਦੀ ਦਾ ਦੇਸ਼ ਮਾਰੂ ਕਦਮ ਚੁੱਕਿਆ ਗਿਆ, ਜਿਸ ਨਾਲ ਛੋਟੇ ਕਾਰੋਬਾਰੀਆਂ, ਵਿਉਪਾਰੀਆਂ ਤੇ ਦੁਕਾਨਦਾਰਾਂ ਦਾ ਸਾਰਾ ਕਾਰੋਬਾਰ ਹੀ ਡਗਮਗਾ ਗਿਆ। ਲੱਖਾਂ ਲੋਕਾਂ ਨੂੰ ਆਪਣੇ ਹੀ ਪੈਸੇ ਬੈਂਕਾਂ ’ਚੋਂ ਕਢਵਾਉਣ ਵਾਸਤੇ ਹਫਤਿਆਂ ਬੱਧੀ ਬੈਂਕਾਂ ਸਾਹਮਣੇ ਲੰਬੀਆਂ ਕਤਾਰਾਂ ਵਿਚ ਖੜ੍ਹੇ ਹੋ ਕੇ ਡੰਡੋਤ ਕਰਨ ਲਈ ਮਜ਼ਬੂਰ ਹੋਣਾ ਪਿਆ ਤੇ ਦਰਜਨਾਂ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਗਈਆਂ। ਕਮਾਲ ਦੀ ਗੱਲ ਇਹ ਹੈ ਕਿ ਕਾਨੂੰਨੀ ਤੇ ਗੈਰ ਕਾਨੂੰਨੀ (ਕਾਲਾ ਧਨ) ਕੁਲ ਪ੍ਰਚਲਤ ਨੋਟਾਂ ਦਾ 99.4 ਫੀਸਦੀ ਬੈਂਕਾਂ ’ਚ ਜਮਾਂ ਹੋ ਕੇ ‘ਚਿੱਟਾ ਧਨ’ ਬਣ ਗਿਆ। ਇਸ ਤੋਂ ਵੱਡਾ ਫਰਾਡ ਆਜ਼ਾਦੀ ਤੋਂ ਬਾਅਦ ਮੋਦੀ ਸਰਕਾਰ ਤੋਂ ਬਿਨਾਂ ਹੋਰ ਕਿਸੇ ਸਰਕਾਰ ਸਿਰ ਨਹੀਂ ਮੜ੍ਹਿਆ ਜਾ ਸਕਦਾ। ਹੁਣ ਭਾਜਪਾ ਆਗੂ ਸ਼ਰਮਸਾਰ ਹੋਣ ਕਾਰਨ ਨੋਟਬੰਦੀ ਦਾ ਜ਼ਿਕਰ ਤੱਕ ਨਹੀਂ ਕਰਦੇ, ਪੰ੍ਰਤੂ ਕਾਲੇ ਧਨ ਦੇ ਮਾਲਕ ‘ਮੋਦੀ-ਮੋਦੀ’ ਦੇ ਜੈਕਾਰੇ ਜ਼ਰੂਰ ਛੱਡ ਰਹੇ ਹਨ। ਸਾਰੇ ਦੇਸ਼ ਵਿਚ ‘ਇਕ ਟੈਕਸ ਪ੍ਰਣਾਲੀ’ (ਜੀ.ਐਸ.ਟੀ.) ਰਾਤ ਨੂੰ 12 ਵਜੇ ਲਾਗੂ ਕਰਕੇ ਪ੍ਰਧਾਨ ਮੰਤਰੀ ਨੇ ਇਸਨੂੰ ਦੂਸਰੀ ਆਜ਼ਾਦੀ ਦੀ ਸੰਗਿਆ ਦੇ ਦਿੱਤੀ। ਜੀ.ਐਸ.ਟੀ. ਵਰਗਾ ਜਿੰਨਾ ਮੂਰਖਾਨਾ ਕਦਮ ਮੋਦੀ ਸਰਕਾਰ ਨੇ ਪੁੱਟਿਆ ਹੈ, ਉਸਨੇ ਤਾਂ ਦੁਨੀਆਂ ਭਰ ਦੇ ਅਰਥ ਸ਼ਾਸਤਰੀਆਂ ਦੇ ਹੋਸ਼ ਉਡਾ ਦਿੱਤੇ ਹਨ। ਅਜੇ ਤੱਕ ਜੀ.ਐਸ.ਟੀ. ਦੀ ਮਾਰ ਦੇਸ਼ ਦੇ ਛੋਟੇ ਸਨਅਤਕਾਰ, ਦੁਕਾਨਦਾਰ ਤੇ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨ ਲਈ ਛੋਟਾ-ਮੋਟਾ ਧੰਦਾ ਕਰਨ ਵਾਲਿਆਂ ਨੂੰ ਝੱਲਣੀ ਪੈ ਰਹੀ ਹੈ। ਪ੍ਰੰਤੂ ਸੰਘੀ ਸਕੂਲ ਦੀ ਵਿਦਿਆ ਪ੍ਰਾਪਤ ਨਰਿੰਦਰ ਮੋਦੀ ਜੀ ਕੀ ਹੋਏ, ਜੇਕਰ ਉਹ ਆਪਣੀ ਭੁੱਲ ਨੂੰ ਸੁਧਾਰਨ ਲਈ ਤਿਆਰ ਹੋਣ ਜਾਂ ਘੱਟੋ ਘੱਟ ਦੇਸ਼ ਦੇ ਲੋਕਾਂ ਤੋਂ ਮੁਆਫੀ ਹੀ ਮੰਗ ਲੈਣ!
    ਦੂਸਰੇ ਪਾਸੇ ਦੇਸ਼ ਨੂੰ ਮੁੜ ਜਾਤਪਾਤ ਆਧਾਰਤ ਮਨੂੰਵਾਦੀ ਵਿਵਸਥਾ ਵਿਚ ਧਕੇਲਣ ਦੇ ਨਜ਼ਰੀਏ ਨਾਲ ਸੰਘ ਪਰਿਵਾਰ ਤੇ ਮੋਦੀ ਸਰਕਾਰ ਵਲੋਂ ਤੇਜ਼ੀ ਨਾਲ ਕਦਮ ਪੁੱਟੇ ਜਾ ਰਹੇ ਹਨ। ‘ਗਊ ਰੱਖਿਆ’ ਤੇ ‘ਅੱਤਵਾਦ’ ਦੇ ਨਾਂਅ ਉਪਰ ਧਾਰਮਿਕ ਘੱਟ ਗਿਣਤੀ ਮੁਸਲਮਾਨਾਂ ਉਪਰ ਧਾਵਾ ਬੋਲਿਆ ਗਿਆ ਤੇ ਅਨੇਕਾਂ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ। ਹਜ਼ਾਰਾਂ ਨਿਰਦੋਸ਼ ਲੋਕ ਬਿਨਾਂ ਕਿਸੇ ਦੋਸ਼ ਦੇ ਜੇਲ੍ਹਾਂ ਵਿਚ ਸੜ ਰਹੇ ਹਨ। ਫਿਰਕੂ ਨਜ਼ਰੀਏ ਨਾਲ ਸ਼ਹਿਰਾਂ, ਰੇਲਵੇ ਸਟੇਸ਼ਨਾਂ ਤੇ ਸੜਕਾਂ ਦੇ ਨਾਮ ਬਦਲੇ ਜਾ ਰਹੇ ਹਨ। ਸੰਘ ਵਲੋਂ ਸਮਰਥਤ ਵੱਖ-ਵੱਖ ਸੰਗਠਨਾਂ (ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ, ਅਖਿਲ ਵਿਦਿਆਰਥੀ ਪ੍ਰੀਸ਼ਦ, ਰਾਮ ਸੈਨ ਇਤਿਆਦਿ) ਨੇ ‘ਭੀੜ ਤੰਤਰ’ ਰਾਹੀਂ ਸੈਂਕੜੇ ਬੇਗੁਨਾਹ ਲੋਕਾਂ ਦੀਆਂ ਹੱਤਿਆਵਾਂ ਕੀਤੀਆਂ। ਦਲਿਤਾਂ, ਆਦਿਵਾਸੀਆਂ, ਔਰਤਾਂ ਤੇ ਅਗਾਂਹਵਧੂ ਲੇਖਕਾਂ ਨੂੰ ਵੀ ਫਾਸ਼ੀ ਤੱਤਾਂ ਵਲੋਂ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੰਘ ਦੀਆਂ ਹਦਾਇਤਾਂ ਅਨੁਸਾਰ ਦੇਸ਼ ਦੇ ਵਿਦਿਅਕ ਪਾਠਕ੍ਰਮ ਤੇ ਇਤਿਹਾਸ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ ਅਤੇ ਮਿਥਿਹਾਸਕ ਘਟਨਾਵਾਂ ਨੂੰ ‘ਇਤਿਹਾਸ’ ਦੱਸ ਕੇ ਪਿਛਾਖੜੀ ਵਿਚਾਰਧਾਰਾ, ਵਹਿਮ ਪ੍ਰਸਤੀ ਤੇ ਅੰਧ ਵਿਸ਼ਵਾਸ਼ ਫੈਲਾਇਆ ਜਾ ਰਿਹਾ ਹੈ।
    ਸਾਰੇ ਹੀ ਸੰਵਿਧਾਨਕ ਅਦਾਰਿਆਂ ਉਪਰ ਸੰਘ ਸਮਰਥਕਾਂ ਨੂੰ ਥਾਪ ਕੇ ਇਨ੍ਹਾਂ ਦੀ ਖੁਦਮੁਖਤਿਆਰੀ ਤੇ ਗੈਰ ਪੱਖਪਾਤੀ ਕਾਰਜਸ਼ੈਲੀ ਨੂੰ ਤਬਾਹ ਕਰ ਦਿੱਤਾ ਗਿਆ ਹੈ। ਦੇਸ਼ ਦੀ ਨਿਆਂ ਪਾਲਕਾ ਤੇ ਹਥਿਆਬੰਦ ਸੈਨਾਵਾਂ ਅੰਦਰ ਸੰਘ ਸਮਰਥਕ ਵਿਅਕਤੀਆਂ ਨੂੰ ਫਿਟ ਕੀਤਾ ਜਾ ਰਿਹਾ ਹੈ। ਇਲੈਕਟਰਾਨਿਕ ਮੀਡੀਆ ਦਾ ਮੋਦੀ ਸਰਕਾਰ ਨੇ ਪੂਰੀ ਤਰ੍ਹਾਂ ਭਗਵਾਂਕਰਨ ਕਰ ਦਿੱਤਾ ਹੈ। ਬਹੁਤ ਸਾਰੇ ਟੀ.ਵੀ. ਚੈਨਲ ਬਹਿਸਾਂ ਰਾਹੀਂ ਫਿਰਕਾਪ੍ਰਸਤੀ ਨੂੰ ਹਵਾ  ਦੇ ਕੇ ਘੱਟ ਗਿਣਤੀਆਂ ਬਾਰੇ ਆਮ ਲੋਕਾਂ ਦੇ ਮਨਾਂ ਵਿਚ ਨਫਰਤ ਪੈਦਾ ਕਰਨ ਵਿਚ ਜੁੱਟੇ ਹੋਏ ਹਨ। ਜੋ ਵਿਅਕਤੀ ਜਾਂ ਸੰਸਥਾ ਮੋਦੀ ਸਰਕਾਰ ਦੇ ਕਿਸੇ ਕਦਮ ਜਾਂ ਸੰਘੀ ਵਿਚਾਰਧਾਰਾ ਉਪਰ ਉਂਗਲ ਧਰਦੀ ਹੈ, ਉਸਨੂੰ ‘ਦੇਸ਼ ਧ੍ਰੋਹੀ’ ਹੋਣ ਦਾ ਫਤਵਾ ਜਾਰੀ ਕਰ ਦਿੱਤਾ ਜਾਂਦਾ ਹੈ। ਕਾਨੂੰਨ ਪ੍ਰਬੰਧ ਦੀ ਮਸ਼ੀਨਰੀ ਨੂੰ ਦੇਸ਼ ਦੇ ਸੰਵਿਧਾਨ ਪ੍ਰਤੀ ਜੁਆਬਦੇਹੀ ਤੋਂ ਮੁਕਤ ਕੀਤਾ ਜਾ ਰਿਹਾ ਹੈ, ਜੋ ਕਿ ਲੋਕਰਾਜੀ ਪ੍ਰਣਾਲੀ ਲਈ ਅਤਿਅੰਤ ਖਤਰਨਾਕ ਹੈ।
    ਐਨ.ਸੀ.ਆਰ. (ਕੌਮੀ ਨਾਗਰਿਕਤਾ ਰਜਿਸਟਰ) ਤੇ ਨਾਗਰਿਕਤਾ ਸੋਧ ਐਕਟ (3.1.1.) ਪਾਸ ਕਰਕੇ ਤੇ ਲਾਗੂ ਕਰਨ ਦਾ ਐਲਾਨ ਕਰਕੇ ਮੋਦੀ ਸਰਕਾਰ ਨੇ ਸਿੱਧ ਕਰ ਦਿੱਤਾ ਹੈ ਕਿ ਦੇਸ਼ ਵਿਚੋਂ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਨੂੰ ਬਾਹਰ ਕੱਢਣ ਤੇ ‘ਹਿੰਦੂ ਰਾਸ਼ਟਰ’ ਦੀ ਸਥਾਪਨਾ ਲਈ ਕਿਸੇ ਵੀ ਵਿਅਕਤੀ ਨੂੰ ਧਰਮ ਅਧਾਰਤ ਨਾਗਰਿਕਤਾ ਦੇਣ ਵਾਸਤੇ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਅਸਲ ਵਿਚ ਵੀਰ ਸਾਵਰਕਰ ਤੇ ਮੁਹੰਮਦ ਅਲੀ ਜਿਨਾਹ ਦੀ ‘ਧਰਮ ਅਧਾਰਤ ਦੋ ਕੌਮਾਂ’ ਦੀ ਥਿਊਰੀ ਦਾ ਅਨੁਸਰਣ ਕਰਦਿਆਂ ਅੰਗਰੇਜ਼ ਸਾਮਰਾਜ ਤੇ ਜਿਨਾਹ ਦੀ ਮਿਲੀਭੁਗਤ ਸਦਕਾ ਮੁਸਲਮ ਧਰਮ ਦੇ ਆਧਾਰ ’ਤੇ ਪਾਕਿਸਤਾਨ ਤਾਂ ਹੋਂਦ ਵਿਚ ਆ ਗਿਆ, ਪ੍ਰੰਤੂ ਵੀਰ ਸਾਵਰਕਰ ਦੇ ਅਧੂਰੇ ਸੁਪਨੇ ‘ਹਿੰਦੂ ਧਰਮ ਅਧਾਰਤ ਹਿੰਦੋਸਤਾਨ’ ਨੂੰ ਭਾਰਤ ਦੇ ਧਰਮ ਨਿਰਪੱਖ ਲੋਕਾਂ ਨੇ ਪੂਰਾ ਨਹੀਂ ਹੋਣ ਦਿੱਤਾ। ਹੁਣ ਮੋਦੀ ਸਰਕਾਰ ਸੀ.ਏ.ਏ. (311) ਰਾਹੀਂ ਦੇਸ਼ ਦੇ ਧਰਮ ਨਿਰਪੱਖ ਢਾਂਚੇ ਨੂੰ ਤੋੜ ਕੇ ‘ਹਿੰਦੂ ਰਾਸ਼ਟਰ’ ਦੀ ਕਾਇਮੀ ਵੱਲ ਵੱਧਣਾ ਚਾਹੁੰਦੀ ਹੈ। ਜਿਸ ਢੰਗ ਨਾਲ ਇਨ੍ਹਾਂ ਦੋਨਾਂ ਮੁੱਦਿਆਂ ਬਾਰੇ ਸਾਰੇ ਦੇਸ਼ ਅੰਦਰ ਜਨਤਕ ਰੋਹ ਦੇ ਲਾਵੇ ਨੂੰ ਮੋਦੀ ਸਰਕਾਰ ਲਾਠੀ-ਗੋਲੀ ਨਾਲ ਦਬਾ ਰਹੀ ਹੈ, ਉਸ ਨਾਲ ਦੇਸ਼ ਦੇ ਧਰਮ ਨਿਰਪੱਖ ਤੇ ਲੋਕਰਾਜੀ ਢਾਂਚੇ ਲਈ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਕੇਂਦਰ ਸਰਕਾਰ ਦੇ ਇਨ੍ਹਾਂ ਗੈਰ ਜਮਹੂਰੀ ਤੇ ਫਿਰਕੂ-ਫਾਸ਼ੀ ਕਦਮਾਂ ਦਾ ਅਸਰ ਸਿਰਫ ਭਾਰਤ ਦੀਆਂ ਸੀਮਾਵਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਨਾਲ ਸੰਸਾਰ ਭਰ ਵਿਚ ਦੇਸ਼ ਦੀ ਕਿਰਕਿਰੀ ਹੋਈ ਹੈ।
    ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰਾਂ ਨੂੰ ਧਾਰਾ 370 ਤੇ 35ਏ ਖਤਮ ਕਰਕੇ ਇਸ ਰਾਜ ਨੂੰ ਦੋ ਕੇਂਦਰੀ, ਸ਼ਾਸਤ ਪ੍ਰਦੇਸ਼ਾਂ ਵਿਚ ਤਬਦੀਲ ਕਰਨ ਨਾਲ ਮੋਦੀ ਸਰਕਾਰ ਦੀ ਧਾਰਮਿਕ ਘੱਟ ਗਿਣਤੀਆਂ ਤੇ ਦੇਸ਼ ਦੇ ਸੰਵਿਧਾਨ ਪ੍ਰਤੀ ਖੋਟੀ ਸਮਝਦਾਰੀ ਜੱਗ ਜਾਹਰ ਹੋਈ ਹੈ।  
    ਮੋਦੀ ਸਰਕਾਰ ਦੇ ਉਪਰੋਕਤ ਕਦਮ ਦੇਸ਼ ਦੀ ਜਮਹੂਰੀ ਤੇ ਇਨਕਲਾਬੀ ਲਹਿਰ ਲਈ ਬਹੁਤ ਹੀ ਘਾਤਕ ਹਨ। ਦੇਸ਼ ਦੇ ਰਾਜਨੀਤਕ ਨਕਸ਼ੇ ’ਤੇ ਸਰਮਾਏਦਾਰ-ਜਗੀਰਦਾਰ ਜਮਾਤਾਂ ਦੇ ਗਠਜੋੜ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਨਾਲ ਨਾਲ ਇਨਕਲਾਬੀ ਲਹਿਰ ਦੇ ਜ਼ਿੰਮੇ ਇਸ ਜਮਾਤੀ ਰਾਜ ਦੇ ਫਿਰਕੂ ਫਾਸ਼ੀਵਾਦੀ ਰੂਪ ਨੂੰ ਭਾਂਜ ਦੇਣ ਦਾ ਨਵਾਂ ਨਿਸ਼ਾਨਾ ਹੋਰ ਪੈਦਾ ਹੋ ਗਿਆ ਹੈ। ਆਰ.ਐਸ.ਐਸ. ਫਿਰਕੂ ਜਨੂੰਨੀਆਂ ਦਾ ਇਕ ਗੁੰਦਵਾਂ ਜਥੇਬੰਦਕ ਗਰੋਹ ਹੈ, ਜੋ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਆਪਣਾ ਭੇਸ ਵਟਾ ਕੇ ਲੋਕਾਂ ਨਾਲ ਜੁੜਿਆ ਹੋਇਆ ਹੈ। ਦੇਸ਼ ਦਾ ਜਗੀਰੂ ਤੇ ਅਰਧ-ਜਗੀਰੂ ਸਭਿਆਚਾਰ, ਸੰਘ ਦੀ ਪਿਛਾਖੜੀ ਵਿਚਾਰਧਾਰਾ ਦੇ ਪਨਪਣ ਲਈ ਇਕ ਜਰਖੇਜ਼ ਜ਼ਮੀਨ ਹੈ। ਵਿਦੇਸ਼ੀ ਤੇ ਦੇਸੀ ਕਾਰਪੋਰੇਟ ਘਰਾਣੇ ਪੂਰੀ ਤਰ੍ਹਾਂ ਇਸਦੀ ਪਿੱਠ ’ਤੇ ਹਨ, ਜਿਸ ਕਾਰਨ ਇਸ ਕੋਲ ਵਿੱਤੀ ਸਾਧਨਾਂ ਦੀ ਕੋਈ ਕਮੀ ਨਹੀਂ ਹੈ। ਇਸ ਲਈ ਇਨਕਲਾਬੀ ਤੇ ਜਮਹੂਰੀ ਸ਼ਕਤੀਆਂ ਲਈ ਅਜਿਹੇ ਫਿਰਕੂ ਤੇ ਨਾਜ਼ੀ ਤਰਜ਼ ’ਤੇ ਕੰਮ ਕਰ ਰਹੀ ਸਰਕਾਰ ਨੂੰ ਜਨ ਸਮੂਹਾਂ ਵਿਚੋਂ ਨਿਖੇੜਨਾ ਤੇ ਮਜ਼ਦੂਰ ਲਹਿਰ ਦੀ ਜਿੱਤ ਦਾ ਝੰਡਾ ਲਹਿਰਾਉਣਾ ਅਤੀ ਮੁਸ਼ਕਿਲ ਭਰਿਆ ਅਤੇ ਲੰਮਾ, ਪੰ੍ਰਤੂ ਸੰਭਾਵਨਾਵਾਂ ਭਰਪੂਰ ਨਿਸ਼ਾਨਾ ਹੈ।
    1920 ਵਿਚ ਜਨਮੀ ਕਮਿਊਨਿਸਟ ਲਹਿਰ ਵੱਡੀਆਂ ਕਠਿਨ ਹਾਲਤਾਂ ਵਿਚੋਂ ਗੁਜ਼ਰੀ ਹੈ ਤੇ ਇਸਦੇ ਕਾਰਕੁੰਨਾਂ ਨੇ ਅੰਗਰੇਜ਼ ਸਾਮਰਾਜ ਵਿਰੋਧੀ ਜੰਗ ਵਿਚ ਸ਼ਾਨਾਮਤੀਆਂ ਕੁਰਬਾਨੀਆਂ ਰਾਹੀਂ ਸ਼ਮੂਲੀਅਤ ਕੀਤੀ ਹੈ। ਦੇਸ਼ ਦੇ ਕਿਰਤੀਆਂ, ਕਿਸਾਨਾਂ ਤੇ ਦੂਸਰੇ ਮਿਹਨਤਕਸ਼ ਤਬਕਿਆਂ ਦੇ ਹੱਕਾਂ ਲਈ ਇਨ੍ਹਾਂ ਇਨਕਲਾਬੀ ਧਿਰਾਂ ਤੋਂ ਬਿਨਾਂ ਨਾ ਆਜ਼ਾਦੀ ਤੋਂ ਪਹਿਲਾਂ ਤੇ ਨਾ ਹੀ 1947 ਵਿਚ ਆਜ਼ਾਦੀ ਮਿਲਣ ਉਪਰੰਤ ਕਿਸੇ ਹੋਰ ਧਿਰ ਨੇ ਕਮਿਊਨਿਸਟਾਂ ਦੇ ਹਾਣ ਦੀਆਂ ਜੱਦੋ-ਜਹਿਦਾਂ ਕੀਤੀਆਂ ਹਨ। ਧਰਮ ਨਿਰਪੱਖਤਾ, ਜਮਹੂਰੀਅਤ, ਬਰਾਬਰੀ ਤੇ ਸਰਬੱਤ ਦੇ ਭਲੇ ਲਈ ਜੂਝਣ ਵਿਚ ਕਮਿਊਨਿਸਟਾਂ ਦਾ ਕੋਈ ਸਾਨੀ ਨਹੀਂ ਹੈ। ਪ੍ਰੰਤੂ ਇਹ ਵੀ ਅੱਜ ਦੀ ਕੌੜੀ ਹਕੀਕਤ ਹੈ ਕਿ ਇਨ੍ਹਾਂ ਸਾਰੇ ਮਾਣਮੱਤੇ ਕਾਰਨਾਮਿਆਂ ਦੇ ਬਾਵਜੂਦ ਅਜੇ ਦੇਸ਼ ਦੀ ਕਮਿਊਨਿਸਟ ਲਹਿਰ ਮੌਜੂਦਾ ਲੁਟੇਰੀਆਂ ਜਮਾਤਾਂ ਦੀ ਸੱਤਾ ਨੂੰ ਕੋਈ ਵੱਡੀ ਚੁਣੌਤੀ ਪੇਸ਼ ਕਰਨ ਦੀ ਸਥਿਤੀ ਵਿਚ ਨਹੀਂ ਹੈ। ਉਲਟਾ ਕਈ ਖੇਤਰਾਂ ਵਿਚ ਖੱਬੀ ਲਹਿਰ ਵਿਚ ਖੜੋਤ ਜਾਂ ਗਿਰਾਵਟ ਆਈ ਹੈ। ਇਸ ਘਾਟ ਦੇ ਅਨੇਕਾਂ ਕਾਰਨ ਹੋ ਸਕਦੇ ਹਨ, ਜਿਸਨੂੰ ਹਰ ਕਮਿਊਨਿਸਟ ਪਾਰਟੀ ਜਾਂ ਧੜਾ ਆਪੋ ਆਪਣੇ ਢੰਗ ਨਾਲ ਵਿਚਾਰ ਰਿਹਾ ਹੈ। ਪੰ੍ਰਤੂ ਇਸ ਤੱਥ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਕਿ ਆਪਣੇ ਸ਼ੁਰੂਆਤੀ ਦੌਰ ਤੋਂ ਲੈ ਕੇ ਅੱਜ ਤੱਕ ਕਮਿਊਨਿਸਟ ਲਹਿਰ ਅਨੇਕਾਂ ਵਾਰ ਖੱਬੇ ਤੇ ਸੱਜੇ ਕੁਰਾਹੇ ਦਾ ਸ਼ਿਕਾਰ ਰਹੀ ਹੈ। ਕਦੀ ਆਪਣੀ ਤਾਕਤ ਨੂੰ ਵਧੇਰੇ ਅੰਗਦੇ ਹੋਏ ਦੁਸ਼ਮਣ ਜਮਾਤਾਂ ਦੀ ਸੱਤਾ ਨੂੰ ਕਾਗਜ਼ੀ ਸ਼ੇਰ ਵਾਂਗ ਢਾਅ ਦੇਣ ਦਾ ਅੰਦਾਜ਼ਾ ਲਾਇਆ ਗਿਆ ਤੇ ਕਦੀ ਦੁਸ਼ਮਣ ਹਾਕਮ ਜਮਾਤਾਂ ਨਾਲ ਸਾਂਝ ਪਾ ਕੇ ਜਮਾਤੀ ਘੋਲਾਂ ਦੇ ਰਾਹ ਪੈਣ ਦੀ ਥਾਂ ਜਮਾਤੀ ਮਿਲਵਰਤਨ ਦਾ ਮਰਨਾਊ ਰਾਹ ਚੁਣਿਆ ਗਿਆ। ਬਹੁਤੀ ਵਾਰ ਬਾਹਰਮੁਖੀ ਹਾਲਤਾਂ ਅਨੁਸਾਰ ਯੁੱਧਨੀਤੀ ਘੜਨ ਦੀ ਥਾਂ ਅੰਤਰਮੁਖਤਾ ਦੇ ਆਧਾਰ ’ਤੇ ਬਾਹਰੀ ਸਥਿਤੀ ਦਾ ਮੁਲਾਂਕਣ ਕਰਕੇ ਸੰਕੀਰਨਤਾਵਾਦੀ/ਸੁਧਾਰਵਾਦੀ ਪਹੁੰਚ ਅਪਣਾਈ ਗਈ। ਇਹ ਦੋਨੋਂ ਕੁਰਾਹੇ ਹੀ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤਾਂ ਦੇ ਪੂਰੀ ਤਰ੍ਹਾਂ ਵਿਪਰੀਤ ਸੋਚ ਦੀ ਉਪਜ ਹਨ। ਇਨ੍ਹਾਂ ਗਲਤੀਆਂ ਕਾਰਨ ਕਮਿਊਨਿਸਟ ਲਹਿਰ ਦੇਸ਼ ਦੇ ਵੱਡੇ ਹਿੱਸੇ ਦੇ ਮਿਹਨਤਕਸ਼ ਲੋਕਾਂ ਦਾ ਵਿਸ਼ਵਾਸ਼ ਹਾਸਲ ਕਰਕੇ ਇਕ ਸੰਗਠਤ ਤੇ ਵਿਸ਼ਾਲ ਇਨਕਲਾਬੀ ਲਹਿਰ ਵਿਕਸਤ ਕਰਨ ਵਿਚ ਅਸਫਲ ਰਹੀ ਤੇ ਬਹੁਤ ਸਾਰੇ ਭਾਗਾਂ ਵਿਚ ਵੰਡੀ ਗਈ। ਇਸ ਵੰਡ-ਦਰ-ਵੰਡ ਨੇ ਵੀ ਖੱਬੀ ਲਹਿਰ ਬਾਰੇ ਆਮ ਲੋਕਾਂ ਵਿਚ ਨਾਂਹ ਪੱਖੀ ਅਸਰ ਪਾਇਆ। ਕਿਸੇ ਸਮੇਂ ਠੀਕ ਪੈਂਤੜਾ ਧਾਰਨ ਕਰਕੇ ਜੇਕਰ ਕੋਈ ਕਮਿਊਨਿਸਟ ਪਾਰਟੀ ਇਕ ਹੱਦ ਤੱਕ ਵੱਡੀ ਜਨਤਕ ਲਹਿਰ ਉਸਾਰਨ ਵਿਚ ਕਾਮਯਾਬ ਵੀ ਹੋਈ, ਪ੍ਰੰਤੂ ਕੁੱਝ ਸਮੇਂ ਬਾਅਦ ਥੋੜਚਿਰੇ ਪਾਰਲੀਮਾਨੀ ਲਾਭਾਂ ਖਾਤਰ ਸਥਾਪਤੀ ਦੇ ਸੰਗ ਖੜਕੇ ‘ਰਾਜ ਸੱਤਾ’ ਨੂੰ ਉਖਾੜਨ ਦੇ ਪ੍ਰਮੁੱਖ ਨਿਸ਼ਾਨੇ ਨੂੰ ਤਿਲਾਂਜਲੀ ਦੇ ਕੇ ਉਸ ਵਿਚ ਭਾਗੀਦਾਰ ਬਣਦੀ ਗਈ। ਦੂਸਰੇ ਪਾਸੇ ਕਈ ਕਮਿਊਨਿਸਟ ਗਰੁੱਪਾਂ (ਨਕਸਲਵਾੜੀ) ਵਲੋਂ ਕਿਰਤੀ ਜਨ ਸਮੂਹਾਂ ਦੇ ਵੱਡੇ ਹਿੱਸਿਆਂ ਨੂੰ ਜਿੱਤਣ ਤੇ ਸੰਗਠਤ ਕਰਕੇ ਇਕ ਸਿਰੜੀ, ਲੰਬੇ ਤੇ ਖਾੜਕੂ ਘੋਲਾਂ ਰਾਹੀਂ ਅਨੁਸ਼ਾਸਨਬੱਧ ਇਨਕਲਾਬੀ ਜਥੇਬੰਦੀ ਵਿਚ ਪਰੋਣ ਦੀ ਥਾਂ ਚੰਦ ਸੂਰਮਿਆਂ ’ਤੇ ਆਧਾਰਤ ਹਥਿਆਰਬੰਦ ਘੋਲ ਦੇ ਜਰੀਏ ਰਾਜ ਸੱਤਾ ’ਤੇ ਕਬਜ਼ਾ ਕਰਨ ਦੇ ਸੁਪਨੇ (ਰੋਮਾਂਟਿਕ) ਲੈਣ ਨਾਲ ਕਮਿਊਨਿਸਟ ਲਹਿਰ ਜਨ ਸਮੂਹਾਂ ਨਾਲੋਂ ਨਿੱਖੜਦੀ ਗਈ। ਸਿਧਾਂਤਕ ਭਟਕਾਵਾਂ ਸਦਕਾ ਜਥੇਬੰਦੀ ਵਿਚ ਗੁੱਟਬਾਜ਼ੀ ਦਾ ਉਭਾਰ ਵੀ ਖੱਬੀ ਲਹਿਰ ਦੇ ਵਾਧੇ ਵਿਚ ਵੱਡੀ ਰੁਕਾਵਟ ਬਣਿਆ।
    ਕਮਿਊਨਿਸਟ ਲਹਿਰ ਦੇ ਭਾਰਤੀ ਸਮਾਜ ਵਿਚ ਡੂੰਘੀਆਂ ਜੜ੍ਹਾਂ ਨਾ ਲਾ ਸਕਣ ਦਾ ਸ਼ਾਇਦ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਮਾਰਕਸਵਾਦ-ਲੈਨਿਨਵਾਦ ਨੂੰ ਇਕ ਤਰੱਕੀ ਕਰ ਰਿਹਾ ਵਿਗਿਆਨ ਸਮਝਣ ਦੀ ਥਾਂ ਇਸ ਨੂੰ ਇਕ ਸਥੂਲ ਸਿਧਾਂਤ ਵਾਂਗ ਮਕਾਨਕੀ ਢੰਗ ਨਾਲ ਲਾਗੂ ਕਰਨ ਦੀ ਭੁੱਲ ਕੀਤੀ ਗਈ। ਦੇਸ਼ ਦੀਆਂ ਠੋਸ ਰਾਜਨੀਤਕ, ਸਮਾਜਿਕ, ਆਰਥਿਕ, ਸਭਿਆਚਾਰਕ ਤੇ ਭੂਗੋਲਿਕ ਸਥਿਤੀਆਂ ਬਾਰੇ ਪੂਰੀ ਜਾਣਕਾਰੀ ਤੋਂ ਬਿਨਾਂ ਸਿਰਫ ਮਾਰਕਸ, ਲੈਨਿਨ, ਸਟਾਲਿਨ ਤੇ ਮਾਓ-ਜ਼ੇ-ਤੁੰਗ ਦੀਆਂ ਲਿਖਤਾਂ ’ਚੋਂ ਚੰਦ ਕੁ ਟੂਕਾਂ ਦਾ ਸਹਾਰਾ ਲੈ ਕੇ ਸਥਿਤੀ ਦਾ ਅੰਤਰਮੁਖਤਾ ਨਾਲ ਕੀਤਾ ਮੁਲਾਂਕਣ ਕੁਰਾਹੇ ਪਾਉਣ ਤੋਂ ਬਿਨਾਂ ਹੋਰ ਕੁੱਝ ਕਰ ਹੀ ਨਹੀਂ ਸਕਦਾ। ਲੋਕਾਂ ਨੂੰ ਜਥੇਬੰਦ ਹੋਣ ਲਈ ਪ੍ਰੇਰਤ ਕਰਨ ਵਾਸਤੇ ਭਾਰਤ ਦੇ ਕਮਿਊਨਿਸਟਾਂ ਨੇ ਸੰਸਾਰ ਪੱਧਰ ਦੇ ਨੇਤਾਵਾਂ ਨੂੰ ਆਪਣੇ ਨੇਤਾਵਾਂ ਵਜੋਂ ਪ੍ਰਚਾਰਿਆ, ਜੋ ਲੋਕਾਂ ਦੇ ਮਨਾਂ ਅੰਦਰ ਸਥਾਈ ਤੇ ਸਨਮਾਨਯੋਗ ਸਥਾਨ ਹਾਸਲ ਕਰ ਹੀ ਨਹੀਂ ਸਕਦੇ  ਸਨ। ਕਿਸੇ ਵਿਗਿਆਨ ਦੀ ਵਰਤੋਂ ਨਾਲ ਸਥਿਤੀ ਨੂੰ ਸਮਝਣਾ ਹੋਰ ਗੱਲ ਹੈ ਤੇ ਉਸਨੂੰ ਮਕਾਨਕੀ ਢੰਗ ਨਾਲ ਅੱਖਾਂ ਮੀਟ ਕੇ ਰਟਣ ਮੰਤਰ ਕਰਕੇ ਉਚਾਰਨਾ ਬਿਲਕੁਲ ਭਿੰਨ ਤੇ ਹਾਨੀਕਾਰਕ ਹੈ।
    ਕੀ ਅਸੀਂ ਭਾਰਤ ਅੰਦਰ ਹਜ਼ਾਰਾਂ ਸਾਲਾਂ ਤੋਂ ਜਾਤਾਂ-ਪਾਤਾਂ ਦੇ ਨਾਂਅ ਉਪਰ ਨਪੀੜੇ ਜਾਂਦੇ ਕਰੋੜਾਂ ਲੋਕਾਂ (ਜੋ ਕੁਲ ਵਸੋਂ ਦਾ ਲਗਭਗ 20% ਬਣਦਾ ਹੈ) ਭਾਵ ਤਥਾ ਕਥਿਤ ਅਛੂਤਾਂ ਨਾਲ ਹੋ ਰਹੇ ਅਮਾਨਵੀ ਵਿਵਹਾਰ, ਸਮਾਜਿਕ ਤੇ ਸਭਿਆਚਾਰਕ ਸ਼ੋਸ਼ਣ ਤੇ ਇਥੋਂ ਤੱਕ ਕਿ ਉਨ੍ਹਾਂ ਨੂੰ ਜਾਨਵਰਾਂ ਤੋਂ ਵੀ ਭੈੜੇ ਸਮਝਣ ਦੀ ਹਕੀਕਤ ਨੂੰ ਸਵੀਕਾਰ ਕਰਕੇ ਉਨ੍ਹਾਂ ਨਾਲ ਹੋ ਰਹੇ ਘੋਰ ਸਮਾਜਿਕ ਵਿਤਕਰੇ ਵਿਰੁੱਧ ਜੱਦੋਜਹਿਦ ਨੂੰ ਪ੍ਰਮੁੱਖਤਾ ਨਾਲ ਵਿਢਣ ਤੋਂ ਬਿਨਾਂ, ਕਿਸੇ ਬੁਨਿਆਦੀ ਸਮਾਜਕ ਤਬਦੀਲੀ ਦੀ ਆਸ ਕਰ ਸਕਦੇ ਹਾਂ? ਸ਼ਾਇਦ ਉਸਨੂੰ ਕਮਿਊਨਿਸਟ ਕਹਾਉਣ ਦਾ ਹੀ ਅਧਿਕਾਰ ਨਹੀਂ ਹੈ, ਜੋ ਸਾਡੇ ਸਮਾਜ ਅੰਦਰ ਪ੍ਰਚਲਤ ਜਾਤੀਪਾਤੀ ਵਿਤਕਰਿਆਂ ਵਿਰੁੱਧ ਨਹੀਂ ਜੂਝਦਾ? ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਵਸੇ ਹੋਏ ਕਬੀਲਿਆਂ ਤੇ ਜਨ-ਜਾਤੀਆਂ ਦੀਆਂ ਹਕੀਕੀ ਜੀਵਨ ਅਵਸਥਾਵਾਂ, ਸਭਿਆਚਾਰ, ਰਸਮੋਂ-ਰਿਵਾਜਾਂ ਨੂੰ ਜਾਣੇ ਤੋਂ ਬਿਨਾਂ ਉਨ੍ਹਾਂ ਨੂੰ ਇਨਕਲਾਬੀ ਲਹਿਰ ਸੰਗ ਜੋੜਿਆ ਹੀ ਨਹੀਂ ਜਾ ਸਕਦਾ। ਦੇਸ਼ ਦੀ ਅੱਧੀ ਵਸੋਂ ਔਰਤਾਂ, ਜਿਨ੍ਹਾਂ ਨਾਲ ਇਕ ਪਾਸੇ ਪਸ਼ੂਆਂ ਵਰਗਾ ਸਲੂਕ ਕਰਨ ਨੂੰ ਹੱਕੀ ਠਹਿਰਾਇਆ ਗਿਆ ਹੈ ਬਾਰੇ ਵੀ ਕਮਿਊਨਿਸਟਾਂ ਨੇ ਲੋੜੀਂਦਾ ਧਿਆਨ ਨਹੀਂ ਦਿੱਤਾ। ਔਰਤਾਂ ਨਾਲ ਹਰ ਖੇਤਰ ਵਿਚ ਹੋ ਰਹੇ ਵਿਤਕਰਿਆਂ ਤੇ ਜ਼ਿਆਦਤੀਆਂ ਵਿਰੁੱਧ ਘੋਲ ਵਿੱਢਣ ਦੀ ਜ਼ਿੰਮੇਵਾਰੀ ਸਿਰਫ ਔਰਤ ਜਾਤੀ ’ਤੇ ਹੀ ਨਹੀਂ ਸਗੋਂ ਉਨ੍ਹਾਂ ਲੋਕਾਂ ਤੇ ਜਥੇਬੰਦੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ, ਜੋ ਦੇਸ਼ ਅੰਦਰ ਇਨਕਲਾਬੀ ਤਬਦੀਲੀ ਰਾਹੀਂ ਇਕ ਹਕੀਕੀ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਸੰਘਰਸ਼ਸ਼ੀਲ ਹਨ। ਜਮਾਤ ਰਹਿਤ, ਜਾਤ ਰਹਿਤ ਤੇ ਔਰਤਾਂ ਉਪਰ ਹੋ ਰਹੇ ਜ਼ੁਲਮਾਂ ਦੇ ਖਾਤਮੇਂ ਵਾਲਾ ਸਮਾਜ ਸਿਰਜਣ ਦਾ ਨਾਅਰਾ ਸਾਡੇ ਕਮਿਊਨਿਸਟਾਂ ਦੀ ਜੁਬਾਨ ’ਤੇ ਹੋਣਾ ਚਾਹੀਦਾ ਹੈ। ਕਮਿਊਨਿਟਾਂ ਨੇ ਆਪਣੇ ਦੇਸ਼ ਦੇ ਇਤਿਹਾਸ ਤੇ ਉਸਦੇ ਨਾਇਕਾਂ ਨੂੰ ਜਾਨਣ ਦਾ ਵੀ ਪੂਰਾ ਯਤਨ ਨਹੀਂ ਕੀਤਾ, ਜਿਨ੍ਹਾਂ ਦੀ ਵਿਚਾਰਧਾਰਕ ਦੇਣ ਤੇ ਮਾਨਵੀ ਸਰੋਕਾਰਾਂ ਨਾਲ ਜੁੜੀਆਂ ਕੁਰਬਾਨੀਆਂ ਭਰੀਆਂ ਜ਼ਿੰਦਗੀਆਂ ਮਿਹਨਤਕਸ਼ ਲੋਕਾਂ ਨੂੰ ਚੰਗਾ ਸਮਾਜ ਸਿਰਜਣ ਲਈ ਚਲ ਰਹੇ ਯੁਧ ਵਿਚ ਭਾਈਵਾਲ ਬਣਾ ਸਕਦੀਆਂ ਹਨ। ਸਾਰੀ ਧਰਤੀ ਉਪਰ ਮਾਨਵਤਾ ਦੇ ਕਲਿਆਣ ਕਰਨ ਦੇ ਰਸਤੇ ਤੁਰੇ ਸਮਾਜ ਵਿਗਿਆਨੀ, ਦਾਰਸ਼ਨਿਕ ਇਨਕਲਾਬੀ, ਅਰਥ ਸ਼ਾਸਤਰੀ, ਵਿਦਵਾਨ, ਬੁਧੀਜੀਵੀ ਸਾਡੇ ਲਈ ਪੱਥ ਪ੍ਰਦਰਸ਼ਕ ਹਨ, ਪੰ੍ਰਤੂ ਇਨ੍ਹਾਂ ਦੇ ਵਿਚਾਰਾਂ ਨੂੰ ਅਮਲੀ ਰੰਗਤ ਦੇਣ ਲਈ ਸਾਨੂੰ ਆਪਣੇ ਇਤਿਹਾਸ ਵਿਚਲੇ ਯੋਧਿਆਂ, ਕਲਮਕਾਰਾਂ, ਕਰਮਯੋਗੀਆਂ ਤੇ ਸਮਾਜ ਸੁਧਾਰਕਾਂ ਦੀਆਂ ਸਿੱਖਿਆਵਾਂ ਦੀ ਸਹੀ ਢੰਗ ਨਾਲ ਇਨਕਲਾਬੀ ਲਹਿਰ ਦੇ ਵਾਧੇ ਲਈ ਸੁਯੋਗ ਵਰਤੋਂ ਕਰਨ ਦੀ ਜ਼ਰੂਰਤ ਹੈ। ਇਹ ਯੋਧੇ ਭਾਰਤੀ ਲੋਕਾਂ ਨੂੰ ਵਧੇਰੇ ਆਕਰਸ਼ਤ ਕਰਦੇ ਹਨ।
    ਕਮਿਊਨਿਸਟ ਲਹਿਰ ਅੰਦਰਲੀਆਂ ਉਪਰੋਕਤ ਕਮਜ਼ੋਰੀਆਂ ਦੀ ਸਾਰੇ ਹੀ ਕਮਿਊਨਿਸਟ ਧੜੇ ਆਪੋ ਆਪਣੇ ਢੰਗ ਨਾਲ ਜਾਂਚ ਕਰ ਰਹੇ ਹਨ। ਕੁਝ ਜਥੇਬੰਦੀਆਂ ਅਜੇ ਵੀ ਅਜਿਹੀ ਕਿਸੇ ਵੀ ਕੁਤਾਹੀ ਵਰਤੇ ਜਾਣ ਤੋਂ ਹੀ ਮੁਨੱਕਰ ਹਨ। ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਮਿਊਨਿਸਟ ਸੰਗਠਨ ਉਪਰ ਉਂਗਲ ਧਰੇ ਤੋਂ ਬਿਨਾਂ ਅੱਜ ਦੇ ਸਮੇਂ ਦੀ ਮੁੱਖ ਲੋੜ ਸਾਰੀਆਂ ਹੀ ਕਮਿਊਨਿਸਟ, ਖੱਬੀਆਂ, ਜਮਹੂਰੀ, ਧਰਮ ਨਿਰਪੱਖ ਤੇ ਅਗਾਂਹਵਧੂ ਸ਼ਕਤੀਆਂ ਤੇ ਵਿਅਕਤੀਆਂ ਨੂੰ ਸਿਰ ਜੋੜ ਕੇ ਘੱਟੋ-ਘੱਟ ਪ੍ਰਵਾਨਤ ਸਾਂਝੇ ਪੋ੍ਰੋਗਰਾਮ ’ਤੇ ਇਕਮੁੱਠ ਹੋ ਕੇ ਜਨਤਕ ਘੋਲ ਵਿੱਢਣ ਦੀ ਜ਼ਰੂਰਤ ਹੈ। ਇਹ ਸੰਘਰਸ਼ ਲਾਜ਼ਮੀ ਤੌਰ ’ਤੇ ਰਾਜ ਭਾਗ ’ਤੇ ਬਿਰਾਜਮਾਨ ਫਿਰਕੂ-ਫਾਸ਼ੀਵਾਦੀ ਮੋਦੀ ਸਰਕਾਰ ਤੇ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਵਿਰੁੱਧ ਹੋਵੇਗਾ। ਏਨਾ ਹੀ ਕਾਫ਼ੀ ਨਹੀਂ ਹੈ। ਇਸ ਤੋਂ ਅੱਗੇ ਹਰ ਕਮਿਊਨਿਸਟ ਧਿਰ ਨੂੰ ਆਪਣੇ ਜਨ ਆਧਾਰ ਨੂੰ ਵੱਡੀ ਪੱਧਰ ’ਤੇ ਵਧਾਉਣ ਦੀ ਵੀ ਲੋੜ ਹੈ। ਸਾਰੀਆਂ ਖੱਬੀਆਂ ਸ਼ਕਤੀਆਂ ਦੀ ਮੌਜੂਦਾ ਸਾਂਝੀ ਸ਼ਕਤੀ ਵੀ ਅਜੇ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਨਾਲ ਫਸਵੀਂ ਟੱਕਰ ਲੈਣ ਲਈ ਕਾਫੀ ਨਹੀਂ ਹੈ। ਹਾਂ, ਖੱਬੀਆਂ ਤਾਕਤਾਂ ਦੇ ਇਹ ਸਾਂਝੇ ਘੋਲ ਸਮੁੱਚੀ ਖੱਬੀ ਲਹਿਰ ਨੂੰ ਇਕ ਹੱਦ ਤੱਕ ਵਧਾਉਣ ਲਈ ਮਦਦਗਾਰ ਜ਼ਰੂਰ ਬਣ ਸਕਦੇ ਹਨ। ਜੇਕਰ ਅਜੇ ਵੀ ਕੋਈ ਕਮਿਊਨਿਸਟ ਪਾਰਟੀ ਜਾਂ ਗਰੁੱਪ ਸਿਰਫ ਆਪਣੇ ਆਪ ਨੂੰ ਸ਼ੁੱਧ ਇਨਕਲਾਬੀ ਸਮਝ ਕੇ ਆਪਣੀ ਮੌਜੂਦਾ ਤਾਕਤ ਦੇ ਸਹਾਰੇ ਹੀ ਭਾਰਤੀ ਇਨਕਲਾਬ ਨੂੰ ਸਿਰੇ ਚਾੜ੍ਹਨ ਦੀ ਠਾਣੀ ਬੈਠਾ ਹੈ, ਤਾਂ ਇਹ ਨਿਰਾ ਸ਼ੇਖਚਿੱਲੀਵਾਦ ਹੋਵੇਗਾ। ਕਿਸੇ ਵੀ ਧਿਰ ਦਾ ਅਜਿਹਾ ਦਾਅਵਾ ਮੰਨਣ ਯੋਗ ਨਹੀਂ ਹੈ ਕਿ ਉਸਨੇ ਭਾਰਤੀ ਸਮਾਜ ਦੇ ਸਾਰੇ ਹੀ ਪੱਖਾਂ ਭਾਵ ਰਾਜਨੀਤਕ, ਆਰਥਿਕ ਤੇ ਸਮਾਜਿਕ ਪਰਤਾਂ, ਵੱਖੋ-ਵੱਖ ਵਰਗਾਂ ਦੀ ਹਕੀਕੀ ਸਥਿਤੀ ਤੇ ਭਿੰਨ-ਭਿੰਨ ਸਭਿਆਚਾਰਾਂ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰ ਲਿਆ ਹੈ। ਇਸ ‘ਹੰਕਾਰੀ ਤੇ ਸਵੈ ਪੜਚੋਲ ਤੋਂ ਪਿੱਛਾ ਛੁਡਾਉਣ ਵਾਲੇ ਸੁਭਾਅ’ ਨੂੰ ਸਾਨੂੰ ਸਾਰੇ ਖੱਬੇ ਪੱਖੀ ਲੋਕਾਂ ਨੂੰ ਤਿਆਗਣਾ ਹੋਵੇਗਾ ਤੇ ਇਕ ਸਾਂਝੀ ਜਨਤਕ ਇਨਕਲਾਬੀ ਲਹਿਰ ਉਸਾਰਨ ਵੱਲ ਅੱਗੇ ਵਧਣਾ ਹੋਵੇਗਾ। ਮੌਜੂਦਾ ਸੰਕਟਮਈ ਸਥਿਤੀਆਂ ਅੰਦਰ ਹਾਕਮ ਜਮਾਤਾਂ ਦੇ ਵੱਖ-ਵੱਖ ਧੜਿਆਂ ਵਿਚ ਆਪਸੀ ਵਿਰੋਧਤਾਈਆਂ ਦਾ ਤਿੱਖਿਆਂ ਹੋਣਾ ਜ਼ਰੂਰੀ ਹੈ। ਇਨ੍ਹਾਂ ’ਚੋਂ ਬਹੁਤ ਸਾਰੇ ਤੱਤ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਦੇ ਵਿਰੁੱਧ ਘੋਲ ਵਿਚ ਸਾਡੀ ਸਾਂਝੀ ਲਹਿਰ ਦੇ ਹਮਜੋਲੀ (ਭਾਵੇਂ ਥੋੜ ਸਮੇਂ ਲਈ ਹੀ ਸਹੀ) ਬਣ ਸਕਦੇ ਹਨ। ਪੰ੍ਰਤੂ ਇਹ ਤਦ ਹੀ ਸੰਭਵ ਹੈ ਜਦੋਂ ਕਮਿਊਨਿਸਟ ਇਨਕਲਾਬੀ ਧਿਰਾਂ ਦੀ ਆਪਸੀ ਏਕਤਾ ਤੇ ਘੋਲਾਂ ਦੇ ਮੈਦਾਨ ਵਿਚ ਗਲਵਕੜੀਆਂ ਪਾ ਕੇ ਜੂਝਣ ਦੀ ਸਥਿਤੀ ਨਜ਼ਰ ਆਵੇਗੀ।
    ਨਵੇਂ ਸਾਲ ਦੇ ਆਗਮਨ ਸਮੇਂ ਸਾਨੂੰ ਸਭ ਨੂੰ, ਜੋ ਸਮਾਜਿਕ ਬਦਲਾਅ ਦਾ ਦਮ ਭਰਦੇ ਹਨ, ਇਕਮੁੱਠ ਹੋ ਕੇ ਜੂਝਣ ਦਾ ਪ੍ਰਣ ਲੈਣ ਦੀ ਲੋੜ ਹੈ, ਜੋ ਪੂਰੀ ਤਰ੍ਹਾਂ ਸੰਭਵ ਤੇ ਅਰਥ ਭਰਪੂਰ ਬਣ ਸਕਦਾ ਹੈ।  
      

  • ਸਹਾਇਤਾ (ਸੰਗਰਾਮੀ ਲਹਿਰ-ਜਨਵਰੀ 2019)

    ਸਾਥੀ ਪ੍ਰੇਮ ਚੰਦ, ਸਾਬਕਾ ਮੁਲਾਜਮ ਆਗੂ ਨੇ ਆਪਣੀ ਸਪੁਤਰੀ ਮਨੀਸ਼ਾ ਦੀ ਸ਼ਾਦੀ ਕਾਕਾ ਨਿਸ਼ਾਨ (ਸਪੁੱਤਰ ਸ਼੍ਰੀਮਤੀ ਜਗਮੋਹਨ ਕੌਰ ਅਤੇ ਸ਼੍ਰੀ ਉਂਕਾਰ ਸਿੰਘ) ਨਾਲ ਹੋਣ ਦੀ ਖੁਸ਼ੀ ਮੌਕੇ ਆਰ.ਐਮ.ਪੀ.ਆਈ. ਦੀ ਅੰਮ੍ਰਿਤਸਰ ਸ਼ਹਿਰੀ ਕਮੇਟੀ ਨੂੰ 3100 ਰੁਪਏ ਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇਸਾਥੀ ਹਰਵਿੰਦਰ ਸਿੰਘ ਨੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। ਰੇਲਵੇ ਮੁਲਾਜਮਾਂ ਦੇ ਆਗੂ ਸੇਵਾ ਮੁਕਤ ਚੀਫ ਇੰਸਪੈਕਟਰ ਟਿਕਟ, ਕਾਮਰੇਡ ਨਰਿੰਦਰ ਸਿੰਘ ਪਠਾਨਕੋਟ ਨੇ ਆਪਣੇ ਬੇਟੇ ਗੁਰਜੀਤ ਸਿੰਘ ਦੀ ਸ਼ਾਦੀ ਬੀਬੀ ਸੁਰਜੀਤ ਕੌਰ ਨਾਲ ਹੋਣ ਦੇ ਸ਼ੁਭ ਮੌਕੇ ‘ਤੇ ਆਰ.ਐਮ.ਪੀ.ਆਈ. ਨੂੰ 4500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

  • ਸੰਪਾਦਕੀ : 8 ਜਨਵਰੀ ਦੀ ਹੜਤਾਲ ਦਾ ਖੱਬੀਆਂ ਸ਼ਕਤੀਆਂ ਲਈ ਇਤਿਹਾਸਕ ਮਹੱਤਵ

    ਸੰਪਾਦਕੀ : 8 ਜਨਵਰੀ ਦੀ ਹੜਤਾਲ ਦਾ ਖੱਬੀਆਂ ਸ਼ਕਤੀਆਂ ਲਈ ਇਤਿਹਾਸਕ ਮਹੱਤਵ

    ਨਵੇਂ ਸਾਲ 2020 ਦੀ ਆਉਂਦੀ 8 ਜਨਵਰੀ ਨੂੰ ਦੇਸ਼ ਭਰ ਵਿਚ ਹੜਤਾਲ ਹੋ ਰਹੀ ਹੈ। ਇਸ ਆਮ ਹੜਤਾਲ ਦੇ ‘ਭਾਰਤ ਬੰਦ’ ਦਾ ਰੂਪ ਧਾਰਨ ਕਰ ਜਾਣ ਦੀਆਂ ਵੀ ਸੁਨਹਿਰੀ ਸੰਭਾਵਨਾਵਾਂ ਬਣ ਰਹੀਆਂ ਹਨ। ਇਸ ਹੜਤਾਲ ਦਾ ਸੱਦਾ ਤਾਂ ਦੇਸ਼ ਦੀਆਂ ਮਜ਼ਦੂਰ ਜਥੇਬੰਦੀਆਂ ਦੇ ਪ੍ਰਮੁੱਖ ਕੌਮੀ ਕੇਂਦਰਾਂ ਅਤੇ ਮੁਲਾਜ਼ਮਾਂ ਦੀਆਂ ਕੌਮੀ ਫੈਡਰੇਸ਼ਨਾਂ ਵਲੋਂ ਮਿਲਕੇ ਦਿੱਤਾ ਗਿਆ ਸੀ। ਪ੍ਰੰਤੂ ਬਾਅਦ ਵਿਚ ਕਿਸਾਨਾਂ ਦੀਆਂ ਲਗਭਗ 250 ਸੰਘਰਸ਼ਸ਼ੀਲ ਜਥੇਬੰਦੀਆਂ ’ਤੇ ਆਧਾਰਤ ਕੌਮੀ ਤਾਲਮੇਲ ਕਮੇਟੀ ਨੇ ਵੀ 8 ਜਨਵਰੀ ਨੂੰ ‘‘ਪੇਂਡੂ-ਭਾਰਤ ਬੰਦ’’ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਮੋਦੀ ਸਰਕਾਰ ਵਲੋਂ ਦੇਸ਼ ਅੰਦਰ ਫਿਰਕੂ ਧਰੁਵੀਕਰਨ ਨੂੰ ਹੋਰ ਤਿੱਖਾ ਕਰਨ ਲਈ, ਕਾਹਲੀ ਨਾਲ ‘ਨਾਗਰਿਕਤਾ ਸੋਧ ਕਾਨੂੰਨ’ (311) ਪਾਸ ਕਰਵਾਇਆ ਗਿਆ ਹੈ ਅਤੇ ਅੱਗੋਂ ਸਮੁੱਚੇ ਦੇਸ਼ ਲਈ ‘ਕੌਮੀ ਨਾਗਰਿਕਤਾ ਰਜਿਸਟਰ’ (3) ਤਿਆਰ ਕਰਨ ਵਾਸਤੇ ਆਸਾਮ ਵਰਗੀ ਲੋਕ ਮਾਰੂ ਪ੍ਰਕਿਰਿਆ ਚਲਾਉਣ ਦੇ ਹੈਂਕੜ ਭਰਪੂਰ ਐਲਾਨ ਕੀਤੇ ਗਏ ਹਨ, ਉਸ ਨਾਲ ਵੀ ਦੇਸ਼ ਭਰ ਵਿਚ ਜਨਤਕ ਰੋਹ ਉਬਾਲੇ ਖਾ ਰਿਹਾ ਹੈ। ਨਿਸ਼ਚਿਤ ਰੂਪ ਵਿਚ ਇਹ ਦੋਵੇਂ ਕਦਮ ਦੇਸ਼ ਨੂੰ ਤੋੜਨ ਤੇ ਤਬਾਹ ਕਰਨ ਅਤੇ ਭਾਰਤੀ ਸੰਵਿਧਾਨ ਵਿਚਲੀਆਂ ਲੋਕਤਾਂਤਰਿਕ ਤੇ ਧਰਮ ਨਿਰਪੱਖਤਾ ਨੂੰ ਯਕੀਨੀ ਬਣਾਉਂਦੀਆਂ ਧਾਰਨਾਵਾਂ ਦਾ ਭੋਗ ਪਾਉਣ ਵੱਲ ਸੇਧਤ ਹਨ ਅਤੇ ਆਰ.ਐਸ.ਐਸ. ਦੇ ਏਥੇ ਧਰਮ ਆਧਾਰਤ ਪਿਛਾਖੜੀ ਰਾਜ (“ ) ਸਥਾਪਤ ਕਰਨ ਦੇ ਤਕਰੀਬਨ 100 ਸਾਲ ਪੁਰਾਣੇ ਸੁਪਨੇ ਨੂੰ ਸਾਕਾਰ ਕਰਨ ਲਈ ਅਤੀ ਜ਼ਹਿਰੀਲੇ ਸਾਜ਼ਸੀ ਪੈਂਤੜੇ ਹਨ। ਇਸ ਮੰਤਵ ਲਈ ਜਿਵੇਂ ਧੌਂਸ ਭਰੇ ਢੰਗ ਨਾਲ ਲੋਕ ਸਭਾ ਵਿਚਲੀ ਬਹੁਸੰਮਤੀ ਦੀ ਦੁਰਵਰਤੋਂ ਕੀਤੀ ਗਈ, ਰਾਜ ਸਭਾ ਵਿਚ ਬੇਅਸੂਲੀ ਭੰਨਤੋੜ ਰਾਹੀਂ ਬਹੁਸੰਮਤੀ ਬਣਾਈ ਗਈ ਅਤੇ ਤੁਰੰਤ ਰਾਸ਼ਟਰਪਤੀ ਦੀ ਮੋਹਰ ਲੁਆਈ ਗਈ, ਉਸ ਨਾਲ ਦੇਸ਼ ਅੰਦਰ ਹੀ ਲੋਕ ਰੋਹ ਪ੍ਰਚੰਡ ਨਹੀਂ ਹੋਇਆ, ਬਲਕਿ ਉਸਦੀ ਸਮੁੱਚੇ ਸੰਸਾਰ ਅੰਦਰ, ਏਥੋਂ ਤੱਕ ਕਿ ਯੂ.ਐਨ.ਓ. ਵਲੋਂ ਵੀ, ਸਖਤ ਨੁਕਤਾਚੀਨੀ ਕੀਤੀ ਗਈ ਹੈ। ਅਤੇ, ਸਰਕਾਰ ਦੇ ਇਹਨਾਂ ਅਨੈਤਿਕ ਤੇ ਜਮਹੂਰੀਅਤ ਨੂੰ ਢਾਅ ਲਾਉਣ ਵਲੇ ਕਦਮਾਂ ਦਾ ਪੁਰਅਮਨ ਢੰਗ ਨਾਲ ਵਿਰੋਧ ਕਰਦੇ ਲੋਕਾਂ, ਵਿਸ਼ੇਸ਼ ਤੌਰ ’ਤੇ ਨੌਜਵਾਨ ਵਿਦਿਆਰਥੀ ਮੁੰਡਿਆਂ ਤੇ ਕੁੜੀਆਂ, ਬੁੱਧੀਜੀਵੀਆਂ, ਰਾਜਨੀਤਕ ਆਗੂਆਂ ਤੇ ਘੱਟ ਗਿਣਤੀ ਲੋਕਾਂ ਉਪਰ ਜਿਵੇਂ ਪੁਲਸ ਜਬਰ ਦੀਆਂ ਧਾੜਾਂ ਚਾੜ੍ਹੀਆਂ ਗਈਆਂ ਹਨ, ਉਸਨੇ ਵੀ ਵਿਆਪਕ ਪੱਧਰ ’ਤੇ ਨਵੀਆਂ ਚਿੰਤਾਵਾਂ ਉਭਾਰੀਆਂ ਹਨ ਅਤੇ ਲੋਕਾਂ ਅੰਦਰ ਸਰਕਾਰ ਪ੍ਰਤੀ ਗੁੱਸੇ ਦੀ ਭਾਵਨਾ ਹੋਰ ਤਿੱਖੀ ਕੀਤੀ ਹੈ। ਇਸ ਸਮੁੱਚੇ ਪਿਛੋਕੜ ਵਿਚ, 8 ਜਨਵਰੀ ਦੀ ਹੜਤਾਲ ਦੇ ਇਸ ਸਾਂਝੇ ਐਕਸ਼ਨ ਵਿਚ ਮੋਦੀ-ਸ਼ਾਹ ਸਰਕਾਰ ਦੀਆਂ ਆਰਥਿਕ, ਵਿਚਾਰਧਾਰਕ ਤੇ ਪ੍ਰਸ਼ਾਸਨਿਕ ਨੀਤੀਆਂ ਤੋਂ ਪੀੜਤ ਲੋਕਾਂ ਦੀਆਂ ਸਾਰੀਆਂ ਹੀ ਧਿਰਾਂ ਜਿਵੇਂ ਕਿ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਦਲਿਤਾਂ, ਔਰਤਾਂ, ਘਟਗਿਣਤੀਆਂ, ਆਦਿਵਾਸੀਆਂ, ਛੋਟੇ ਕਾਰੋਬਾਰ ਕਰਨ ਵਾਲੇ ਕਾਰੀਗਰਾਂ ਤੇ ਦੁਕਾਨਦਾਰਾਂ ਅਤੇ ਹੋਰ ਜਮਹੂਰੀਅਤ ਪਸੰਦ ਸੈਕੂਲਰ ਤੇ ਦੇਸ਼ ਭਗਤ ਵਿਅਕਤੀਆਂ  ਤੇ ਬੁੱਧੀਜੀਵੀਆਂ ਵਲੋਂ ਸਰਗਰਮ ਸ਼ਮੂਲੀਅਤ ਕਰਨ ਦੀਆਂ ਸ਼ਾਨਦਾਰ ਸੰਭਾਵਨਾਵਾਂ ਦਿਖਾਈ ਦਿੰਦੀਆਂ ਹਨ। ਜਿਸ ਨਾਲ ਇਹ ਦਿਵਸ ਨਿਸ਼ਚੇ ਹੀ ਭਾਰਤੀ ਲੋਕਾਂ ਦੇ ਆਪਣੇ ਹੱਕਾਂ-ਹਿਤਾਂ ਲਈ ਲੜੇ ਗਏ ਸ਼ਾਨਾਮੱਤੇ ਸੰਘਰਸ਼ਾਂ ਦੇ ਇਤਿਹਾਸ ਵਿਚ ਇਕ ਹੋਰ ਮੀਲ ਪੱਥਰ ਬਣਦਾ ਦਿਖਾਈ ਦਿੰਦਾ ਹੈ।
    ਇਹ ਤੱਥ ਹੁਣ ਜਗ ਜਾਹਰ ਹੈ ਕਿ ਸਾਡੇ ਦੇਸ਼ ਦੇ ਮਜ਼ਦੂਰ-ਮੁਲਾਜ਼ਮ ਤੇ ਕਿਰਤੀ ਲੋਕਾਂ ਨਾਲ ਸੰਬੰਧਤ ਹੋਰ ਸਾਰੇ ਵਰਗ ਹਾਕਮਾਂ ਦੀਆਂ ਨਵਉਦਾਰਵਾਦੀ ਆਰਥਕ ਨੀਤੀਆਂ ਤੋਂ ਬੇਹੱਦ ਦੁੱਖੀ ਹਨ। ਇਹਨਾਂ ਸਰਮਾਏਦਾਰ ਪੱਖੀ ਨੀਤੀਆਂ ਅਧੀਨ ਸਰਕਾਰਾਂ ਨੇ ਮਾਲਕਾਂ ਨੂੰ ਕਿਰਤ ਦੀ ਬੇਰਹਿਮੀ ਨਾਲ ਵੱਧ ਤੋਂ ਵੱਧ ਲੁੱਟ ਕਰਨ ਦੇ ਖੁੱਲ੍ਹੇ ਲਾਇਸੈਂਸ ਦਿੱਤੇ ਹੋਏ ਹਨ। ਕਿਰਤ ਕਾਨੂੰਨਾਂ ਦੀਆਂ ਮਾਲਕਾਂ ਵਲੋਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਹਨਾਂ ਦੇ ਹੱਥ ਹੋਰ ਮਜ਼ਬੂਤ ਕਰਨ ਲਈ ਹੀ ਮੋਦੀ ਸਰਕਾਰ ਵਲੋਂ ਬਹੁਤ ਸਾਰੇ ਕਿਰਤ ਕਾਨੂੰਨਾਂ ਦੀ ਮਜ਼ਦੂਰ ਮਾਰੂ ਭੰਨ ਤੋੜ ਕਰਕੇ ਚਾਰ ਕਿਰਤ ਕੋਡ ਬਣਾਏ ਗਏ ਹਨ। ਦੇਸ਼ ਵਾਸੀਆਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਉਸਾਰੇ ਗਏ ਜਨਤਕ ਖੇਤਰ ਨੂੰ ਹੁਣ ਸਰਕਾਰ ਵਲੋਂ ਪੂਰੀ ਤਰ੍ਹਾਂ ਬਰਬਾਦ ਕੀਤਾ ਜਾ ਰਿਹਾ ਹੈ ਅਤੇ ਇਸ ਨੂੰੂ ਕੌਡੀਆਂ ਦੇ ਭਾਅ ਦੇਸੀ-ਵਿਦੇਸ਼ੀ ਸਰਮਾਏਦਾਰਾਂ ਨੂੰ ਵੇਚਿਆ ਜਾ ਰਿਹਾ ਹੈ। ਨਿੱਜੀਕਰਨ ਦੀ ਇਸ ਅੰਨ੍ਹੀ ਦੌੜ ਵਿਚ ਬੁਨਿਆਦੀ ਜਨਤਕ ਸੇਵਾਵਾਂ ਜਿਵੇਂ ਕਿ ਸਿੱਖਿਆ, ਸਿਹਤ ਸਹੂਲਤਾਂ, ਪੀਣ ਵਾਲੇ ਸਾਫ ਪਾਣੀ ਦੀ ਸਪਲਾਈ, ਆਵਾਜਾਈ ਆਦਿ ਦਾ ਮੁਕੰਮਲ ਵਪਾਰੀਕਰਨ ਕਰਕੇ ਇਹਨਾਂ ਨੂੰ ਪ੍ਰਾਈਵੇਟ ਮੁਨਾਫਾਖੋਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹਨਾਂ ਸਾਰੀਆਂ ਲੋਕ ਮਾਰੂ ਨੀਤੀਆਂ ਦਾ ਸਿੱਟਾ ਹੀ ਹੈ ਕਿ ਦੇਸ਼ ਅੰਦਰ ਬੇਰੁਜ਼ਗਾਰੀ ਵਿਕਰਾਲ ਰੂਪ ਧਾਰਨ ਕਰ ਗਈ ਹੈ। ਨਵਾਂ ਰੁਜ਼ਗਾਰ ਪੈਦਾ ਹੋਣ ਦੀ ਥਾਂ ਉਲਟਾ ਪਹਿਲਾਂ ਕੰਮ ਕਰਦੇ ਕਿਰਤੀ ਕਰੋੜਾਂ ਦੀ ਗਿਣਤੀ ਵਿਚ ਬੇਰੁਜ਼ਗਾਰ ਹੋ ਗਏ ਹਨ। ਮੋਦੀ ਸਰਕਾਰ ਇਹ ਤਾਂ ਪ੍ਰਵਾਨ ਕਰਦੀ ਹੈ ਕਿ ਦੇਸ਼ ’ਚ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਵਿਚ ਸਭ ਤੋਂ ਵੱਧ ਹੈ ਪ੍ਰੰਤੂ ਚਿੰਤਾਜਨਕ ਅਸਲ ਸਥਿਤੀ ਨੂੰ ਲੁਕੋਣ ਲਈ ਵੀ ਮੁਜ਼ਰਮਾਨਾ ਯਤਨ ਕਰਦੀ ਆ ਰਹੀ ਹੈ। ਇਕ ਅਨੁਮਾਨ ਅਨੁਸਾਰ ਦੇਸ਼ ਅੰਦਰ ਕੰਮ ਕਰਨ ਦੇ ਸਮਰੱਥ ਕੁੱਲ ਵੱਸੋਂ ਦਾ 20% ਪੂਰੀ ਤਰ੍ਹਾਂ ਬੇਰੁਜ਼ਗਾਰ ਹੈ। ਪ੍ਰਾਈਵੇਟ ਅਦਾਰਿਆਂ ਵਿਚ ਠੇਕਾ ਭਰਤੀ ਆਦਿ ਅਧੀਨ ਨਿਗੂਣੀਆਂ ਉਜਰਤਾਂ ’ਤੇ ਕੰਮ ਕਰਦੇ ਅਰਧ-ਬੇਰੁਜ਼ਗਾਰਾਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਰੁਜ਼ਗਾਰ ਦੇ ਮੋਰਚੇ ’ਤੇ ਅਜੇਹੀ ਵਿਸਫੋਟਕ ਅਵਸਥਾ ਪੈਦਾ ਹੋ ਜਾਣ ਦੇ ਨਾਲ ਹੀ ਸਮੁੱਚੇ ਤਨਖਾਹਦਾਰ ਤੇ ਦਿਹਾੜੀਦਾਰ ਅਤੇ ਛੋਟੇ ਕਾਰੋਬਾਰਾਂ ਰਾਹੀਂ ਪਰਵਾਰ ਪਾਲਣ ਵਾਲੇ ਕਿਰਤੀਆਂ ਦਾ ਨਿਰੰਤਰ ਵੱਧਦੀ ਹੀ ਜਾ ਰਹੀ ਮਹਿੰਗਾਈ ਨੇ ਬੁਰੀ ਤਰ੍ਹਾਂ ਲਹੂ ਨਿਚੋੜ ਸੁੱਟਿਆ ਹੈ। ਉਜਰਤਾਂ ਵਿਚ ਮਹਿੰਗਾਈ ਨਾਲ ਮੇਚਵਾਂ ਵਾਧਾ ਕਰਨ/ਕਰਵਾਉਣ ਤੋਂ ਸਰਕਾਰਾਂ ਹੁਣ ਇਨਕਾਰੀ ਹੋ ਚੁੱਕੀਆਂ ਹਨ। ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿਚ ਆਕਾਰ ਘਟਾਈ ਦੇ ਮਾਰੂ ਹਥਕੰਡੇ ਰਾਹੀਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ ਅਤੇ ਮੁਲਾਜ਼ਮਾਂ ’ਤੇ ਕੰਮ ਦਾ ਭਾਰ ਲਗਾਤਾਰ ਵਧਾਇਆ ਜਾ ਰਿਹਾ ਹੈ। ਅਜੇਹੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਸਮੁੱਚੇ ਮਜ਼ਦੂਰਾਂ ਤੇ ਮੁਲਾਜਮਾਂ ਅੰਦਰ ਵਿਆਪਕ ਬੇਚੈਨੀ ਹੈ। ਜਿਸਦਾ 8 ਜਨਵਰੀ ਦੀ ਹੜਤਾਲ ਵਿਚ ਬੱਝਵੇਂ ਰੂਪ ਵਿਚ ਪ੍ਰਗਟਾਵਾ ਹੋਣਾ ਲਾਜ਼ਮੀ ਹੈ।
    ਦੇਸ਼ ਦੀ ਕਿਸਾਨੀ ਵਿਸ਼ੇਸ਼ ਤੌਰ ’ਤੇ ਗਰੀਬ ਤੇ ਮਧਵਰਗੀ ਕਿਸਾਨ ਤੇ ਖੇਤ ਮਜ਼ਦੂਰ, ਇਹਨਾਂ ਆਰਥਕ ਨੀਤੀਆਂ ਕਾਰਨ ਕਰਜ਼ੇ ਦੇ ਭਾਰ ਹੇਠ ਬੁਰੀ ਤਰ੍ਹਾਂ ਕਰਾਹ ਰਹੇ ਹਨ। ਬਹੁਕੌਮੀ ਕੰਪਨੀਆਂ ਦੇ ਰੂਪ ਵਿਚ ਕੰਮ ਕਰਦੇ ਕੌਮਾਂਤਰੀ ਲੁਟੇਰਿਆਂ ਨੂੰ ਦਿੱਤੀਆਂ ਜਾ ਰਹੀਆਂ ਖੁੱਲ੍ਹਾਂ ਕਾਰਨ ਖੇਤੀ ਲਾਗਤਾਂ ਲਗਾਤਾਰ ਵਧਦੀਆਂ ਗਈਆਂ ਹਨ। ਜਦੋਂਕਿ ਦੂਜੇ ਪਾਸੇ ਕੌਮਾਂਤਰੀ ਸੱਟੇਬਾਜ਼ਾਂ ਤੇ ਜਖੀਰੇਬਾਜ ਵਪਾਰੀਆਂ ਦੀ ਮਿਲੀਭੁਗਤ ਰਾਹੀਂ ਖੇਤੀ ਜਿਣਸਾਂ ਦੀਆਂ ਕੀਮਤਾਂ ਵਿਚ ਬਹੁਤ ਵੱਡੇ ਉਤਾਰ-ਚੜ੍ਹਾਅ ਪੈਦਾ ਕੀਤੇ ਜਾਂਦੇ ਹਨ। ਜਿਸਦੇ ਫਲਸਰੂਪ ਮੰਡੀ ਵਿਚ ਕਿਸਾਨਾਂ ਦੀਆਂ ਫਸਲਾਂ ਸ਼ਰੇਆਮ ਰੁਲਦੀਆਂ ਹਨ। ਕਿਸਾਨਾਂ ਤੋਂ 2 ਰੁਪਏ ਕਿਲੋ ਦੀ ਦਰ ’ਤੇ ਖਰੀਦੇ ਗਏ ਪਿਆਜ਼ ਦਾ ਖਪਤਕਾਰਾਂ ਨੂੰ 100 ਰੁਪਏ ਕਿਲੋ ਤੋਂ ਵੀ ਵਧੇਰੇ ਤੱਕ ਮਿਲਣਾ ਸੱਟੇਬਾਜ਼ਾਂ ਤੇ ਵੱਡੇ ਵਪਾਰੀਆਂ ਦੀ ਇਸ ਅਨੈਤਿਕ ਮਿਲੀਭੁਗਤ ਨੂੰ ਹੀ ਦਰਸਾਉਂਦਾ ਹੈ। ਇਹੋ ਹਾਲ ਹੋਰ ਸਬਜ਼ੀਆਂ ਦਾਲਾਂ, ਕਪਾਹ ਅਤੇ ਗੰਨੇ ਆਦਿ ਦਾ ਹੈ। ਕਿਸਾਨਾਂ ਨੂੰ ਫਸਲਾਂ ਦੀ ਇਸ ਅੰਨ੍ਹੀ ਲੁੱਟ ਤੋਂ ਰਾਹਤ ਦਿਵਾਉਣਾ ਸਰਕਾਰ ਲਈ ਕੋਈ ਚਿੰਤਾ ਦਾ ਵਿਸ਼ਾ ਹੀ ਨਹੀਂ ਹੈ। ਅਜੇਹੀ ਦੁਵੱਲੀ ਮਾਰ ਦਾ ਸ਼ਿਕਾਰ ਹੋ ਕੇ ਛੋਟੀ ਕਿਸਾਨੀ ਖੇਤੀ ਦਾ ਧੰਦਾ ਤਿਆਗ ਕੇ ਦਿਹਾੜੀਦਾਰ ਮਜ਼ਦੂਰਾਂ ਦੀਆਂ ਪਹਿਲਾਂ ਹੀ ਬੇਹੱਦ ਲੰਬੀਆਂ ਕਤਾਰਾਂ ਵਿਚ ਸ਼ਾਮਲ ਹੋ ਜਾਣ ਲਈ ਮਜ਼ਬੂਰ ਹੈ। ਕਰਜ਼ੇ  ਦੀ ਲਪੇਟ ’ਚ ਆਏ ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ਵਲੋਂ ਨਿਰਾਸ਼ਾਵਸ ਖੁਦਕੁਸ਼ੀਆਂ ਕਰਨ ਦੀਆਂ ਦਰਦਨਾਕ ਘਟਨਾਵਾਂ ’ਚ ਵੀ ਕੋਈ ਕਮੀ ਨਹੀਂ ਆ ਰਹੀ। ਇਹੋ ਕਾਰਨ ਹੈ ਕਿ ਸਮੁੱਚੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਵੀ ਮਿਲਕੇ ਮਜ਼ਦੂਰਾਂ-ਮੁਲਾਜ਼ਮਾਂ ਦੀ 8 ਜਨਵਰੀ ਦੀ ਹੜਤਾਲ ਦੇ ਸੱਦੇ ਨਾਲ ਸਾਂਝ ਪਾਉਂਦਿਆਂ ਉਸ ਦਿਨ ‘‘ਪੇਂਡੂ-ਭਾਰਤ ਬੰਦ’’ ਨੂੰ ਸਫਲ ਬਨਾਉਣ ਲਈ ਕਮਰਕੱਸੇ ਕੀਤੇ ਹੋਏ ਹਨ।
    ਕਿਰਤੀ ਜਨਸਮੂਹਾਂ ਦੇ ਇਹਨਾਂ ਹਕੀਕੀ ਮਸਲਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਲਿਜਾਣ ਲਈ ‘ਸੰਘ ਪਰਿਵਾਰ’ ਤੇ ਮੋਦੀ ਸਰਕਾਰ ਵਲੋਂ ਫੁੱਟ ਪਾਊ ਜਜ਼ਬਾਤੀ ਤੇ ਧਾਰਿਮਕ ਮੁੱਦੇ ਗਿਣਮਿੱਥਕੇ ਉਭਾਰੇ ਜਾ ਰਹੇ ਹਨ। ਉਹ ਅਜੇਹੇ ਗੈਰ ਜਮਾਤੀ ਮੁੱਦਿਆਂ ਦਾ ਆਸਰਾ ਲੈ ਕੇ ਦੇਸ਼ ਭਰ ਵਿਚ ਇਕ ਅਜਿਹਾ ਫਿਰਕੂ ਫਾਸ਼ੀਵਾਦੀ ਢਾਂਚਾ ਬਨਾਉਣਾ ਚਾਹੁੰਦੇ ਹਨ ਜਿਸ ਵਿਚ ਕੋਈ ਵਿਰੋਧੀ ਸੁਰ ਪੈਦਾ ਹੀ ਨਾ ਹੋ ਸਕੇ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਘਸੁੱਟ ਬੇਰੋਕ ਟੋਕ ਵੱਧਦੀ ਜਾਵੇ। ਇਸ ਮੰਤਵ ਲਈ ਉਹਨਾਂ ਦਾ ਸਾਜਸ਼ੀ ਰੂਪ ਤੇ ਕਾਹਲਾਪਨ 5 ਅਗਸਤ ਨੂੰ ਜੰਮੂ-ਕਸ਼ਮੀਰ ਨਾਲ ਸੰਬੰਧਤ ਧਾਰਾ 370 ਤੇ 35-ਏ ਖਤਮ ਕਰਨ ਸਮੇਂ ਵੀ ਸਾਹਮਣੇ ਆਇਆ ਸੀ, ਮਹਾਂਰਾਸ਼ਟਰ ਵਿਚ ਮਿੰਟਾਂ-ਸਕਿੰਟਾਂ ਵਿਚ ਆਪਣੀ 90 ਘੰਟਿਆਂ ਦੀ ਸਰਕਾਰ ਨੂੰ ਸੌਂਹ ਚੁਕਾਉਣ ਸਮੇਂ ਵੀ ਅਤੇ ਹੁਣ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਾਉਣ ਦੇ ਸੰਦਰਭ ਵਿਚ ਵੀ। ਉਹਨਾਂ ਅੱਗੋਂ ਐਨਆਰਸੀ ਰਾਹੀਂ ਏਸੇ ਤਰ੍ਹਾਂ ਦੇਸ਼ ਭਰ ’ਚੋਂ ਅਖਾਉਤੀ ਘੁਸਪੈਠੀਏ ਲੱਭਣ ਦਾ ਐਲਾਨ ਵੀ ਬੜਾ ਠੋਕ ਵਜਾ ਕੇ ਕੀਤਾ ਹੋਇਆ ਹੈ। ਇਹ ਸਪੱਸ਼ਟ ਰੂਪ ਵਿਚ ਆਰ.ਐਸ.ਐਸ. ਤੇ ਉਸ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੀ ਮੋਦੀ-ਸ਼ਾਹ ਸਰਕਾਰ ਦਾ ਮਾਨਵਾਦੀ ਸਮਾਜਿਕ ਵਿਕਾਸ ਨੂੰ ਇਕ ਪੁੱਠਾ ਗੇੜਾ ਦੇਣ ਦਾ ਘਿਨਾਉਣਾ ਮਨਸੂਬਾ ਹੈ ਜਿਸ ਦਾ ਭਾਰਤ ਦੇ ਜਮਹੂਰੀਅਤ ਪਸੰਦ ਤੇ ‘ਅਨੇਕਤਾ ਵਿਚ ਏਕਤਾ’ ਦੇ ਝੰਡਾਬਰਦਾਰ ਲੋਕੀਂ ਲਾਜ਼ਮੀ ਡਟਵਾਂ ਵਿਰੋਧ ਜਾਰੀ ਰੱਖਣਗੇ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਅਗਵਾਈ ਹੇਠ ਲਿਖੇ ਗਏ ਅਤੇ ਆਜ਼ਾਦ ਭਾਰਤ ਦੀ ਕਾਨੂੰਨ ਘੜਨੀ ਅਸੈਂਬਲੀ ਵਲੋਂ ਪ੍ਰਵਾਨ ਕੀਤੇ ਗਏ ਸੰਵਿਧਾਨ ਵਿਚ ਦਰਜ ਬਰਾਬਰਤਾ ਅਤੇ ਵਿਚਾਰਾਂ ਦੀ ਆਜ਼ਾਦੀ ਨਾਲ ਸਬੰਧਤ ਬੁਨਿਆਦੀ ਅਧਿਕਾਰਾਂ ਅਤੇ ਜਮਹੂਰੀ ਤੇ ਸੈਕੂਲਰ ਸਮਾਜ ਸਿਰਜਣ ਨਾਲ ਸਬੰਧਤ ਧਾਰਨਾਵਾਂ ਨੂੰ ਮੌਜੂਦਾ ਹਾਕਮਾਂ ਵਲੋਂ ਮਲੀਆਮੇਟ ਕਰਨ ਦੇ ਯਤਨਾਂ ਨੂੰ ਦੇਸ਼ ਦੇ ਚੇਤਨ ਜਨਸਮੂਹ ਕਦਾਚਿੱਤ ਬਰਦਾਸ਼ਤ ਨਹੀਂ ਕਰ ਸਕਦੇ। ਉਹਨਾਂ ਦੀ ਇਸ ਪੱਖੋਂ ਦਰਿੜ੍ਹਤਾ ਤੇ ਪ੍ਰਤੀਬੱਧਤਾ ਵਿਚ ਵੀ 8 ਜਨਵਰੀ ਨੂੰ ਲਾਜ਼ਮੀ ਹੋਰ ਵਧੇਰੇ ਨਿਖਾਰ ਆਵੇਗਾ।
    ਇਸ ਤਰ੍ਹਾਂ, ਦੇਸ਼ ਦੇ ਮਜ਼ਦੂਰਾਂ, ਕਿਸਾਨਾਂ ਤੇ ਆਮ ਲੋਕਾਂ ਦੀਆਂ ਇਹਨਾਂ ਸਾਰੀਆਂ ਪ੍ਰਸ਼ੰਸਾਯੋਗ ਮੰਗਾਂ-ਉਮੰਗਾਂ ਦੇ ਇਸ ਪਿਛੋਕੜ ਵਿਚ, 8 ਜਨਵਰੀ ਦਾ ਦਿਨ ਭਾਰਤ ਅੰਦਰ ਬਰਾਬਰਤਾ ਅਤੇ ਭਾਈਚਾਰਕ ਇਕਮੁੱਠਤਾ ’ਤੇ ਆਧਾਰਤ ਇਕ ਕਲਿਆਣਕਾਰੀ ਸਮਾਜਿਕ ਬਣਤਰ ਦੀ ਦਿਸ਼ਾ ਵਿਚ ਇਕ ਨਵੀਂ ਸ਼ੁਰੂਆਤ ਦਾ ਮੁੱਢ ਬੱਝਣ ਦੀਆਂ ਠੋਸ ਸੰਭਾਵਨਾਵਾਂ ਉਭਰਦੀਆਂ ਦਿਖਾਈ ਦਿੰਦੀਆਂ ਹਨ। ਖੱਬੀਆਂ ਸ਼ਕਤੀਆਂ, ਸਮੇਂ ਸਮੇਂ ਦੀਆਂ ਸਰਕਾਰਾਂ ਦੇ ਹਰ ਤਰ੍ਹਾਂ ਦੇ ਜ਼ੁਲਮ-ਤਸ਼ੱਦਦ ਦਾ ਟਾਕਰਾ ਕਰਦਿਆਂ, ਲੰਬੇ ਸਮੇਂ ਤੋਂ ਏਸੇ ਦਿਸ਼ਾ ਵਿਚ ਜੂਝਦੀਆਂ ਆ ਰਹੀਆਂ ਹਨ। ਇਸ ਲਈ ਦੇਸ਼ ਅੰਦਰ ਪੈਦਾ ਹੋ ਰਹੇ ਅਜੇਹੇ ਇਤਿਹਾਸਕ ਮੋੜ ’ਤੇ ਉਹਨਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਬਣ ਜਾਂਦੀ ਹੈ। ਭਾਰਤੀ ਜਨ ਸਮੂਹਾਂ ਦੇ ਇਸ ਬਹੁਪੱਖੀ ਤੇ ਵਿਆਪਕ ਰੋਹ ਨੂੰ ਇਸ ਹੜਤਾਲ/ਬੰਦ ਰਾਹੀਂ ਇਕ ਫੈਸਲਾਕੁੰਨ ਦਿਸ਼ਾ ਵਿਚ ਅਗਾਂਹ ਤੋਰਨ ਲਈ ਖੱਬੀਆਂ ਸ਼ਕਤੀਆਂ ਨੂੰ ਆਪਣੀ ਸਮੁੱਚੀ ਸ਼ਕਤੀ ਸੁਹਿਰਦਤਾ ਸਹਿਤ ਅਰਪਿਤ ਕਰਨੀ ਹੋਵੇਗੀ।
    ਇਸ ਮੰਤਵ ਲਈ ਸਾਰੀਆਂ ਖੱਬੀਆਂ ਧਿਰਾਂ ਨੂੰ ਹਰ ਤਰ੍ਹਾਂ ਦੇ ਆਪਸੀ ਮੱਤਭੇਦਾਂ ਤੋਂ ਉਪਰ ਉਠਕੇ ਅਤੇ ਇਕਜੁੱਟ ਹੋ ਕੇ ਭਰਵਾਂ ਹੰਭਲਾ ਮਾਰਨਾ ਪਵੇਗਾ। ਮੌਜੂਦਾ ਸਰਕਾਰ ਦੀਆਂ ਤਬਾਹਕੁੰਨ ਆਰਥਕ ਨੀਤੀਆਂ ਤੇ ਫਿਰਕੂ-ਫੁੱਟਪਾਊ ਤੇ ਫਾਸ਼ੀਵਾਦੀ ਚਾਲਾਂ ਤੋਂ ਤੰਗ ਆਏ ਹੋਏ ਹਰ ਵਰਗ ਦੇ ਲੋਕਾਂ ਨੂੰ ਇਕਜੁੱਟ ਕਰਨ ਵਾਸਤੇ ਸਿਰਤੋੜ ਤੇ ਨਿਸ਼ਚੇ ਭਰਪੂਰ ਯਤਨ ਕਰਨੇ ਵੀ ਜ਼ਰੂਰੀ ਹਨ। ਇਸ ਕਾਰਜ ਦੀ ਪੂਰਤੀ ਲਈ ਵੀ ਖੱਬੀਆਂ ਧਿਰਾਂ ਬਹੁਤ ਹੀ ਵੱਡਮੁੱਲਾ ਯੋਗਦਾਨ ਪਾਅ ਸਕਦੀਆਂ ਹਨ। ਸਾਨੂੰ ਪੂਰਨ ਆਸ ਹੈ ਕਿ ਕੋਈ ਵੀ ਖੱਬੀ ਧਿਰ ਇਹਨਾਂ ਲੋੜਾਂ ਦੀ ਪੂਰਤੀ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਹਨਾਂ ਹਾਲਤਾਂ ਵਿਚ ਫੁਟਪਾਊ, ਫਿਰਕੂ ਤੇ ਫਾਸ਼ੀਵਾਦੀ ਵਿਚਾਰਧਾਰਾਵਾਂ ਦੀ ਹਾਰ ਵੀ ਅਟੱਲ ਹੈ ਅਤੇ ਸੰਘਰਸ਼ਸ਼ੀਲ ਲੋਕਾਂ ਦੀ ਜਿੱਤ ਵੀ।             

    – ਹਰਕੰਵਲ ਸਿੰਘ (23.12.2019)
  • ਮੰਡੀਆਂ ਵਿੱਚ ਸਬਜ਼ੀਆਂ ਅਤੇ ਹੋਰ ਫਸਲਾਂ ਲੈ ਜਾਣ ਲਈ ਲੋੜੀਦੇ ਪ੍ਰਬੰਧ ਕੀਤੇ ਜਾਣ ਦੀ ਮੰਗ

    ਮੰਡੀਆਂ ਵਿੱਚ ਸਬਜ਼ੀਆਂ ਅਤੇ ਹੋਰ ਫਸਲਾਂ ਲੈ ਜਾਣ ਲਈ ਲੋੜੀਦੇ ਪ੍ਰਬੰਧ ਕੀਤੇ ਜਾਣ ਦੀ ਮੰਗ

    ਜਲੰਧਰ, 27 ਮਾਰਚ – ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਵੱਲੋ ਕਰੋਨਾ ਵਾਇਰਸ ਕਾਰਨ ਫੈਲ ਰਹੀ ਬੀਮਾਰੀ ਅਤੇ ਹੋ ਰਹੀਆ ਮੌਤਾਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆ ਲੋਕਾ ਨੂੰ ਬਚਾ ਲਈ ਵਿਗਿਆਨਕਾਂ ਵੱਲੋ ਸੁਝਾਈਆਂ ਪਾਬੰਦੀਆ ਵਿੱਚ ਰਹਿਣ ਦੀ ਅਪੀਲ ਕੀਤੀ ਹੈ।
    ਦੋਹਾਂ ਆਗੂਆਂ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਲੋਕਾਂ ਨੂੰ ਭਾਰੀ ਦੁੱਖ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਕਮਾ ਕੇ ਖਾਣ ਵਾਲੇ ਮਜਦੂਰਾਂ ਕੋਲ ਖਾਦ ਪਦਾਰਥਾਂ ਦੀ ਭਾਰੀ ਘਾਟ ਹੈ। ਦੁੱਧ ਉਤਪਾਦਕ ਕਿਸਾਨਾਂ ਦਾ ਦੁੱਧ ਰੁਲ ਰਿਹਾ ਹੈ। ਸਬਜ਼ੀ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਮੰਡੀ ਵਿੱਚ ਜਾਣ ਤੋਂ ਰੋਕੇ ਜਾਣ ਨਾਲ ਸਬਜ਼ੀਆਂ ਖਰਾਬ ਹੋ ਰਹੀਆ ਹਨ। ਆਗੂਆਂ ਨੇ ਕਿਹਾ ਕੇ ਜਿਥੇ ਕੁਝ ਪਾਬੰਦੀਆਂ ਜ਼ਰੂਰੀ ਹਨ ਪ੍ਰੰਤੂ ਕੁਝ ਗੈਰ ਜਰੂਰੀ ਪਬੰਦੀਆਂ ਕਾਰਨ ਲੋਕਾਂ ਦੀਆਂ ਪਰੇਸ਼ਾਨੀਆਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਜਰੂਰੀ ਵਸਤਾਂ ਦੀ ਥੁੜ ਪੈਦਾ ਹੋ ਰਹੀ ਹੈ, ਜਿਸ ਨਾਲ ਆਮ ਲੋਕਾਂ ਨੂੰ ਲੋੜਵੰਦ ਵਸਤਾਂ ਮਹਿੰਗੀਆਂ ਮਿਲ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮੰਨਣਯੋਗ ਪਾਬੰਦੀਆਂ ਅਤੇ ਲੋੜੀਦੀ ਜਾਗਰੂਕਤਾ ਸਮੇਂ ਦੀ ਲੋੜ ਹੈ ਪਰ ਪੁਲੀਸ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਗਿੱਦੜਕੁੱਟ ਅਤੇ ਜਲੀਲ ਕਰਨਾ ਅਤੀ ਨਿੰਦਣਯੋਗ ਕਾਰਵਾਈ ਹੈ।
    ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋ ਮੰਗ ਕੀਤੀ ਕੇ ਗਰੀਬ ਅਤੇ ਕੰਮ ਤੋ ਘਰੀ ਬੈਠੇ ਮਜ਼ਦੂਰਾਂ ਅਤੇ ਆਮ ਲੋਕਾਂ ਤੱਕ ਖਾਣ ਪੀਣ ਦਾ ਜ਼ਰੂਰੀ ਸਮਾਨ ਅਤੇ ਮੈਡੀਕਲ ਸਹੂਲਤਾਂ ਤਰੰਤ ਮਹੱਈਆਂ ਕੀਤੀਆ ਜਾਣ। ਕਿਸਾਨੀ ਵਸਤਾਂ ਸਬਜ਼ੀਆਂ, ਦੁੱਧ ਖਰੀਦਣ ਦੀ ਵਿਵਸਥਾ ਕੀਤੀ ਜਾਵੇ। ਕਿਸਾਨਾਂ ਲਈ ਮੰਡੀਆਂ ਵਿੱਚ ਸਬਜ਼ੀਆਂ ਅਤੇ ਹੋਰ ਫਸਲਾਂ ਲੈ ਜਾਣ ਲਈ ਲੋੜੀਦੇ ਪ੍ਰਬੰਧ ਕੀਤੇ ਜਾਣ ਅਤੇ ਮੰਡੀ ਵਿਵਸਥਾ ਯਕੀਨੀ ਬਣਾਈ ਜਾਵੇ।
    ਕਿਸਾਨ ਆਗੂਆਂ ਨੇ ਕੇਂਦਰ ਵੱਲੋ ਐਲਾਨੀ ਸਹਾਇਤਾ ਨੂੰ ਤਰੰਤ ਜਾਰੀ ਕਰਨ ਅਤੇ ਗੈਰ ਰਜਿਸਟਰ ਮਜਦੂਰਾਂ ਅਤੇ ਹੋਰ ਧੰਦੇ ਕਰਦੇ ਆਮ ਲੋਕਾਂ ਲਈ ਵੀ ਸਪੈਸ਼ਲ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ।

  • ਪ੍ਰਵਾਸੀ ਮਜ਼ਦੂਰਾਂ ਤੱਕ ਪਹੁੰਚ ਕਰਨ ਲਈ ਟਰੇਡ ਯੂਨੀਅਨਾਂ ਦੀ ਮਦਦ ਲਈ ਜਾਵੇ : ਸੀਟੀਯੂ ਪੰਜਾਬ

    ਪ੍ਰਵਾਸੀ ਮਜ਼ਦੂਰਾਂ ਤੱਕ ਪਹੁੰਚ ਕਰਨ ਲਈ ਟਰੇਡ ਯੂਨੀਅਨਾਂ ਦੀ ਮਦਦ ਲਈ ਜਾਵੇ : ਸੀਟੀਯੂ ਪੰਜਾਬ

    ਜਲੰਧਰ ; 31 ਮਾਰਚ- ਸੀਟੀਯੂ ਪੰਜਾਬ ਵੱਲੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਅਤੇ ਰੋਜਾਨਾ ਵਰਤੋਂ ਦੀਆਂ ਹੋਰ ਜਰੂਰੀ ਵਸਤਾਂ ਮੁਹੱਈਆ ਕਰਨੀਆਂ ਯਕੀਨੀ ਬਣਾਵੇ ਅਤੇ ਇਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨੂੰ ਲੋੜੀਂਦੀਆਂ ਹਿਦਾਇਤਾਂ ਜਾਰੀ ਕੀਤੀਆਂ ਜਾਣ।
    ਅੱਜ ਇਥੋਂ ਜਾਰੀ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਸਾਥੀ ਵਿਜੈ ਮਿਸ਼ਰਾ (ਪ੍ਰਧਾਨ), ਨੱਥਾ ਸਿੰਘ ਡਡਵਾਲ (ਜਨਰਲ ਸਕੱਤਰ) ਅਤੇ ਸ਼ਿਵ ਕੁਮਾਰ (ਵਿੱਤ ਸਕੱਤਰ) ਸੀਟੀਯੂ ਪੰਜਾਬ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਟਾਕਰੇ ਲਈ ਲੋਕਾਈ ਦੀਆਂ ਰੋਜ਼ਾਨਾਂ ਜੀਵਨ ਦੀਆਂ ਗਤੀਵਿਧੀਆਂ ਅਤੇ ਮੇਲ ਮਿਲਾਪ ’ਤੇ ਰੋਕ ਲਾਈ ਜਾਣੀ ਅਤਿ ਜ਼ਰੂਰੀ ਹੈ। ਪਰ ਜੇ ਲੋਕਾਂ ਖਾਸ ਕਰਕੇ ਪਰਵਾਸੀਆਂ ਅਤੇ ਝੁੱਗੀ-ਝੌਂਪੜੀ ਵਾਲਿਆਂ ਨੂੰ ਭੋਜਨ ਨਾ ਮਿਲਿਆ ਤਾਂ ਉਹ ਲਾਜ਼ਮੀ ਬਾਹਰ ਨਿਕਲਣਗੇ ਅਤੇ ਸਿੱਟੇ ਵਜੋਂ ਹਾਲਾਤ ਹੋਰ ਗੁੰਝਲਦਾਰ ਬਣਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
    ਮਜ਼ਦੂਰ ਆਗੂਆਂ ਨੇ ਸੁਝਾਅ ਦਿੱਤਾ ਕਿ ਪ੍ਰਵਾਸੀ ਮਜ਼ਦੂਰਾਂ ਤੱਕ ਪਹੁੰਚ ਕਰਨ ਲਈ ਟਰੇਡ ਯੂਨੀਅਨਾਂ ਦੀ ਮਦਦ ਲੈਣੀ ਲਾਹੇਵੰਦੀ ਰਹੇਗੀ ਅਤੇ ਇਸ ਮਕਸਦ ਲਈ ਸਾਰੀਆਂ ਟਰੇਡ ਯੂਨੀਅਨਾਂ ਦੀ ਮੀਟਿੰਗ ਸੱਦਣੀ ਚਾਹੀਦੀ ਹੈ। ਸਾਥੀਆਂ ਨੇ ਕਿਹਾ ਕਿ ਕਈ ਥਾਈਂ ਪ੍ਰਸ਼ਾਸਨਿਕ ਅਮਲਾ ਲੋੜੀਂਦੀ ਤਤਪਰਤਾ ਅਤੇ ਸੰਵੇਦਨਸ਼ੀਲਤਾ ਤੋਂ ਕੰਮ ਨਹੀਂ ਲੈ ਰਿਹਾ। ਉਨ੍ਹਾਂ ਦੱਸਿਆ ਕਿ ਜਲੰਧਰ ਦੇ ਐਸਡੀਐਮ ਦਫ਼ਤਰ ਦਾ ਲੈਂਡ ਲਾਈਨ ਫੋਨ ਕੋਈ ਨਹੀਂ ਚੁੱਕ ਰਿਹਾ। ਇਸ ਚਿੰਤਾਜਨਕ ਸਥਿਤੀ ਵਿੱਚ ਅਜਿਹਾ ਰਵੱਈਆ ਅਤਿ ਮੰਦਭਾਗਾ ਹੈ । ਉਨ੍ਹਾਂ ਉੱਚ ਅਧਿਕਾਰੀਆਂ ਦੇ ਫੌਰੀ ਦਖਲ ਦੀ ਮੰਗ ਵੀ ਕੀਤੀ।
    ਇਸੇ ਦੌਰਾਨ ਇਥੋਂ ਜਾਰੀ ਇਕ ਵੱਖਰੇ ਬਿਆਨ ਰਾਹੀਂ ਸੀਟੀਯੂ ਦੀ ਜਲੰਧਰ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸਾਥੀ ਰਾਮ ਕਿਸ਼ਨ ਅਤੇ ਸਕੱਤਰ ਹਰੀਮੁਨੀ ਸਿੰਘ ਨੇ ਸਥਾਨਕ ਜਸਵੰਤ ਨਗਰ ਦੇ ਮਕਾਨ ਨੰ. 217 ਵਿਚ ਭੁੱਖਣ ਭਾਣੇ ਬੈਠੇ ਭਾਰੀ ਗਿਣਤੀ ਪ੍ਰਵਾਸੀ ਮਜ਼ਦੂਰਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਫੌਰੀ ਸਾਰ ਲਏ ਜਾਣ ਦੀ ਮੰਗ ਕੀਤੀ।

  • ਲੌਕਡਾੳੂਨ ਦੇ ਚਲਦਿਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ

    ਲੌਕਡਾੳੂਨ ਦੇ ਚਲਦਿਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ

    ਪੰਜਾਬ ਭਰ ’ਚ ਆਰਐਮਪੀਆਈ ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਅੱਜ ਮਈ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਲੌਕਡਾੳੂਨ ਕਾਰਨ ਆਪਣੇ ਘਰਾਂ ’ਚ, ਘਰਾਂ ਦੀਆਂ ਛੱਤਾਂ ਅਤੇ ਸਰੀਰਕ ਦੂਰੀ ਨੂੰ ਕਾਇਮ ਰੱਖਦਿਆਂ ਵੱਖ-ਵੱਖ ਤਰੀਕੇ ਨਾਲ ਇਹ ਦਿਨ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ।

    ਇਸ ਵਾਰ ਫ਼ੋਟੋਆਂ ਰਾਹੀਂ ਇਸ ਰਿਪੋਰਟ ਦੀ ਸਾਂਝ ਆਪ ਨਾਲ ਪਾ ਰਹੇ ਹਾਂ। ਇਨ੍ਹਾਂ ਫ਼ੋਟੋਆਂ ’ਚ ਕੁੱਝ ਦੁਹਰਾਓ ਵੀ ਹੈ ਪਰ ਫਿਰ ਵੀ ਜੇ ਕਿਸੇ ਇਕਾਈ ਜਾਂ ਜਥੇਬੰਦੀ ਦੀ ਫ਼ੋਟੋ ਰਹਿ ਗਈ ਹੋਵੇ ਤਾਂ 98143-64723 ’ਤੇ ਵਟਸਐਪ ਕਰ ਸਕਦੇ ਹੋ। ਅਜਿਹੀਆਂ ਫ਼ੋਟੋਆਂ ਨੂੰ, ਪ੍ਰਕਾਸ਼ਿਤ ਇਨ੍ਹਾਂ ਫ਼ੋਟੋਆਂ ’ਚ ਸ਼ਾਮਲ ਕਰ ਲਿਆ ਜਾਵੇਗਾ। ਉਮੀਦ ਹੈ ਕਿ ਆਪ ਨੂੰ ਸਾਡੀ ਇਹ ਨਵੇਕਲੀ ਰਿਪੋਰਟ ਪਸੰਦ ਆਵੇਗੀ।

  • ਲੋਕ ਦੋਖੀ ਆਰਡੀਨੈਂਸਾਂ ਖ਼ਿਲਾਫ ਸਮੂੰਹ ਖੱਬੀਆਂ, ਸੰਗਰਾਮੀ ਅਤੇ ਪ੍ਰਗਤੀ ਹਾਮੀ ਧਿਰਾਂ ਨੂੰ ਕੀਤੀ ਅਪੀਲ

    ਲੋਕ ਦੋਖੀ ਆਰਡੀਨੈਂਸਾਂ ਖ਼ਿਲਾਫ ਸਮੂੰਹ ਖੱਬੀਆਂ, ਸੰਗਰਾਮੀ ਅਤੇ ਪ੍ਰਗਤੀ ਹਾਮੀ ਧਿਰਾਂ ਨੂੰ ਕੀਤੀ ਅਪੀਲ

    ਜਲੰਧਰ, 4 ਜੂਨ (ਵਿਸ਼ੇਸ਼ ਪ੍ਰਤੀਨਿਧ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਬੀਤੇ ਕੱਲ੍ਹ ਕੇਂਦਰੀ ਮੰਤਰੀ ਮੰਡਲ ਵਲੋਂ ਜਾਰੀ ਕੀਤੇ ਦੋ ਕਿਸਾਨ ਵਿਰੋਧੀ, ਲੋਕ ਮਾਰੂ ਅੰਤਰਿਮ ਕਾਨੂੰਨਾਂ (ਆਰਡੀਨੈਂਸਿਜ਼) ਦੀ ਜੋਰਦਾਰ ਨਿਖੇਧੀ ਕੀਤੀ ਹੈ।
    ਅੱਜ ਇਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਉਕਤ ਆਰਡੀਨੈਂਸ ਵਿਸ਼ਾਲ ਕਿਸਾਨੀ ਵਸੋਂ, ਵਿਸ਼ੇਸ਼ ਤੌਰ ’ਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਅਤੇ ਬੇਜ਼ਮੀਨੇ ਖੇਤੀ ਕਿਰਤੀਆਂ ਸਮੇਤ ਆਮ ਖਪਤਕਾਰਾਂ ਨੂੰ ਮੰਡੀ ਦੀਆਂ ਬੇਰਹਿਮ ਤਾਕਤਾਂ ਵੱਲੋਂ ਪੂਰੀ ਤਰ੍ਹਾਂ ਨਾਲ ਕੰਗਾਲ ਕਰ ਦਿੱਤੇ ਜਾਣ ਦਾ ਰਾਹ ਪੱਧਰਾ ਕਰਦੇ ਹਨ। ਇੰਨਾ ਹੀ ਨਹੀਂ ਮੋਦੀ ਸਰਕਾਰ ਦੇ ਉਕਤ ਫ਼ੈਸਲੇ ਨਾਲ ਸੂਬਿਆਂ ਦਾ ਦਖਲ ਨਾਮਾਤਰ ਵੀ ਨਹੀਂ ਰਹਿ ਗਿਆ ਅਤੇ ਪਹਿਲਾਂ ਹੀ ਤਾਨਾਸ਼ਾਹੀ ਹੱਲਿਆਂ ਦੀ ਮਾਰ ’ਚ ਆਇਆ ਸੰਘਵਾਦ (ਫੈਡਰਲਿਜ਼ਮ) ਹੋਰ ਸਾਹ ਸੱਤ ਹੀਣ ਹੋ ਗਿਆ ਹੈ।
    ਉਨ੍ਹਾਂ ਕਿਹਾ ਕਿ ਕਿਸਾਨੀ ਦੀ ਖੁਸ਼ਹਾਲੀ ਦੇ ਭੁਲੇਖਾ ਪਾਊ ਦਾਅਵੇ ਕਰਦਿਆਂ ਐਲਾਨੇ ਗਏ ਉਕਤ ਦੋਹੇਂ ਆਰਡੀਨੈਂਸ ਲਾਗੂ ਹੋਣ ਨਾਲ ਜਖ਼ੀਰੇਬਾਜਾਂ ਵੱਲੋਂ ਗਰੀਬ ਖਪਤਕਾਰਾਂ ਦੀ ਨਿਰਦਈ ਲੁੱਟ ’ਤੇ ਸੀਮਤ ਹੱਦ ਤੱਕ ਰੋਕ ਲਾਉਣ ਵਾਲਾ 1956 ਦਾ ਜਰੂਰੀ ਸੇਵਾਵਾਂ ਬਾਰੇ ਕਾਨੂੰਨ ਅਸਲੋਂ ਹੀ ਬੇਅਰਥ ਹੋਕੇ ਰਹਿ ਜਾਵੇਗਾ ਅਤੇ ਪਹਿਲਾਂ ਹੀ ਅੰਨ੍ਹੀ ਲੁੱਟ ਮਚਾ ਰਹੇ ਜਖੀਰੇਬਾਜ ਹੋਰ ਬੇਲਗਾਮ ਹੋ ਜਾਣਗੇ।
    ਸਾਥੀ ਪਾਸਲਾ ਅਤੇ ਜਾਮਾਰਾਏ ਨੇ ਦੱਸਿਆ ਕਿ ਉਕਤ ਦੋਹੇਂ ਆਰਡੀਨੈਂਸ ਲਾਗੂ ਹੋਣ ਨਾਲ ਖੇਤੀ ਜਿਣਸਾਂ ਦੇ ਘੱਟੋ-ਘੱਟੋ ਸਮਰਥਨ ਮੁੱਲ ਦੀ ਨੀਤੀ ਅਤੇ ਮਾੜੀ ਮੋਟੀ, ਸਹਿਕਦੀ ਜਨਤਕ ਵੰਡ ਪ੍ਰਣਾਲੀ ਦੇ ਖਾਤਮੇ ਦੀ ਕਾਰਪੋਰੇਟ ਘਰਾਣਿਆਂ ਦੀ ਚਿਰਾਂ ਪੁਰਾਣੀ ਸਾਜ਼ਿਸ਼ ਅਮਲ ਵਿੱਚ ਆ ਗਈ ਹੈ ਅਤੇ ਕਿਸਾਨੀ ਵਸੋਂ ਦੇ ਵਿਸ਼ਾਲ ਭਾਗਾਂ ਨੂੰ ਘਸਿਆਰੇ ਬਨਾਉਣ ਦਾ ਰਾਹ ਪੱਧਰਾ ਹੋ ਗਿਆ ਹੈ।
    ‘ਦੀ ਫਾਰਮਿੰਗ ਪਰੋਡਿਉਸ ਟਰੇਡ ਐਂਡ ਕਾਮਰਸ (ਪ੍ਰੋਮੋਸ਼ਨ ਆਫ ਫੈਸਿਲੀਟੇਸ਼ਨ) ਆਰਡੀਨੈਂਸ 2020’ ਅਤੇ ‘ਫਾਰਮਰਜ਼ (ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ) ਐਗਰੀਮੈਂਟ ਆਨ ਪਰਾਈਸ ਐਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਆਰਡੀਨੈਂਸ 2020’ ਨਾਂ ਦੇ ਉਕਤ ਦੋਹੇਂ ਆਰਡੀਨੈਂਸ ਲਾਗੂ ਹੋਣ ਤੋਂ ਬਾਅਦ ‘ਖੁਰਾਕ ਸੁਰੱਖਿਆ ਕਾਨੂੰਨ’ ਦੀ ਕੋਈ ਵੁਕੱਤ ਹੀ ਨਹੀਂ ਰਹੇਗੀ।
    ਕਮਿਊਨਿਸਟ ਆਗੂਆਂ ਨੇ ਆਪਣੀਆਂ ਹੇਠਲੀਆਂ ਸਫਾਂ ਨੂੰ ਸੱਦਾ ਦਿੱਤਾ ਕਿ ਉਹ ਉਕਤ ਲੋਕ ਦੋਖੀ ਆਰਡੀਨੈਂਸਾਂ ਦੇ ਖ਼ਤਰਨਾਕ ਸਿੱਟਿਆਂ ਤੋਂ ਮਜ਼ਦੂਰਾਂ-ਕਿਸਾਨਾਂ ਅਤੇ ਹੋਰ ਮਿਹਨਤੀ ਤਬਕਿਆਂ ਨੂੰ ਜਾਣੂੰ ਕਰਵਾਉਣ ਅਤੇ ਹਰ ਪੱਧਰ ਦੇ ਪ੍ਰਤੀਰੋਧ ਐਕਸ਼ਨ ਜੱਥੇਬੰਦ ਕਰਨੇ ਫੌਰੀ ਸ਼ੁਰੂ ਕਰ ਦੇਣ। ਸਾਥੀਆਂ ਨੇ ਸਮੂੰਹ ਖੱਬੀਆਂ, ਸੰਗਰਾਮੀ ਅਤੇ ਪ੍ਰਗਤੀ ਹਾਮੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੋਕ ਮਾਰੂ ਹੱਲੇ ਖਿਲਾਫ਼ ਵਿਸ਼ਾਲ ਸਾਂਝੇ ਘੋਲਾਂ ਦਾ ਨਿਰਮਾਣ ਕਰਨ ਦੇ ਸੁਹਿਰਦ ਯਤਨ ਕਰਨ।

  • ਆਰ.ਐਮ.ਪੀ.ਆਈ. ਤੇ ਐਮ.ਸੀ.ਪੀ.ਆਈ.(ਯੂ) ਦੀ ਚੇਨਈ ਵਿਖੇ ਸਾਂਝੀ ਕਨਵੈਨਸ਼ਨ

    ਆਰ.ਐਮ.ਪੀ.ਆਈ. ਤੇ ਐਮ.ਸੀ.ਪੀ.ਆਈ.(ਯੂ) ਦੀ ਚੇਨਈ ਵਿਖੇ ਸਾਂਝੀ ਕਨਵੈਨਸ਼ਨ

    ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ. ਆਈ.) ਅਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ ਯੂਨਾਈਟਿਡ (ਐਮ.ਸੀ.ਪੀ.ਆਈ.-ਯੂ.) ਵਲੋਂ ਸਿੰਗਾਰਾਵੇਲੂ ਮੈਮਪੀਰੀਅਲ ਹਾਲ, ਚੇਨੱਈ ( ਤਾਮਿਲਨਾਡੂ) ਵਿਖੇ ਸਾਂਝੀ ਕੌਮੀ ਕਨਵੈਨਸ਼ਨ ਕੀਤੀ ਗਈ ।
    ਕਨਵੈਨਸ਼ਨ ਦੀ ਪ੍ਰਧਾਨਗੀ ਆਰ.ਐਮ.ਪੀ.ਆਈ. ਦੇ ਚੇਅਰਮੈਨ ਸਾਥੀ ਕੇ. ਗੰਗਾਧਰਨ ਅਤੇ ਐਮ.ਸੀ.ਪੀ.ਆਈ.(ਯੂ) ਦੇ ਪੋਲਿਟ ਬਿਊਰੋ ਮੈਂਬਰ ਸਾਥੀ ਐਨ. ਜੌਰਜ ਵਲੋਂ ਕੀਤੀ ਗਈ । ਮੰਚ ‘ਤੇ ਆਰ.ਐਮ.ਪੀ.ਆਈ. ਵਲੋਂ ਸਰਵ ਸਾਥੀ ਰਜਿੰਦਰ ਪਰਾਂਜਪੇ, ਇੰਦਰਜੀਤ ਗਰੇਵਾਲ, ਕੇ.ਕੇ. ਰੇਮਾ ਅਤੇ ਤਜਿੰਦਰ ਥਿੰਦ, ਜਦਕਿ ਐਮਸੀਪੀਆਈ.(ਯੂ) ਵਲੋਂ ਸਾਥੀ ਕਿਰਨਜੀਤ ਸੇਖੋਂ, ਮਹਿੰਦਰ ਸਿੰਘ ਨੇਹ, ਕੇ.ਨਾਗਭੂਸ਼ਣ, ਤਾਂਦਰਾ ਕੁਮਾਰ, ਜੋਤਿਸ਼ ਮੰਡਲ, ਅਨੁਭਵ ਦਾਸ ਸ਼ਾਸਤਰੀ, ਟੀ.ਐਨ. ਨਾਰਾਇਣ ਬਿਰਾਜਮਾਨ ਸਨ।
    ਆਰ.ਐਮ.ਪੀ.ਆਈ. ਦੀ ਤਾਮਿਲਨਾਡੂ ਰਾਜ ਕਮੇਟੀ ਦੇ ਸਕੱਤਰ ਸਾਥੀ ਸੀ. ਚੇਲਾਸਵਾਮੀ ਵਲੋਂ ਦੇਸ਼ ਭਰ ‘ਚੋਂ ਪੁੱਜੇ ਪ੍ਰਤੀਨਿਧਾਂ ਦਾ ਸੁਆਗਤ ਕੀਤਾ ਗਿਆ । ਕਨਵੈਨਸ਼ਨ ਦੀ ਕਾਰਵਾਈ ਸਾਥੀ ਕੇ. ਗੰਗਾਧਰਨ ਵਲੋਂ ਚਲਾਈ ਗਈ। ਨੁਮਾਇੰਦਿਆਂ ਵਲੋਂ ਵਿਚਾਰ-ਵਟਾਂਦਰੇ ਉਪਰੰਤ ਪਰਵਾਨ ਕਰਨ ਲਈ ਰਾਜਸੀ ਸਮਝਦਾਰੀ ਅਤੇ ਭਵਿੱਖੀ ਸੰਗਰਾਮੀ ਸਰਗਰਮੀ ਬਾਰੇ ਮੁੱਖ ਮਤਾ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵਲੋਂ ਰੱਖਿਆ ਗਿਆ ਜਦਕਿ ਐਮ.ਸੀ.ਪੀ.ਆਈ.(ਯੂ) ਦੇ ਜਨਰਲ ਸਕੱਤਰ ਸਾਥੀ ਮੁਹੰਮਦ ਗਾਊਸ ਵਲੋਂ ਇਸ ਮਤੇ ਦੀ ਪ੍ਰੌੜ੍ਹਤਾ ਕੀਤੀ ਗਈ । ਮਤੇ ਰਾਹੀਂ ਹੇਠ ਲਿਖੇ ਅਨੁਸਾਰ ਮਸਲੇ ਪ੍ਰਮੁੱਖਤਾ ਨਾਲ ਉਭਾਰੇ ਗਏ :-
    1) ਦੇਸ਼ ਦੀ ਗੰਭੀਰ ਆਰਥਿਕ ਸਥਿਤੀ :-
    ਮੋਦੀ ਸਰਕਾਰ ਵਲੋਂ ਬੇਕਿਰਕੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਅਤੇ ਕਾਰਪੋਰੇਟ ਹਿਤਾਂ ਦੀ ਰਾਖੀ ਲਈ ਘੜੀਆਂ ਗਈਆਂ ਨਵਉਦਾਰਵਾਦੀ ਨੀਤੀਆਂ,
    ਇਨ੍ਹਾਂ ਨੀਤੀਆਂ ਦੇ ਸਿੱਟੇ ਵਜੋਂ ਡੂੰਘੇ ਤੋਂ ਡੂੰਘੇਰਾ ਹੁੰਦਾ ਜਾ ਰਿਹਾ ਆਰਥਿਕ ਮੰਦਵਾੜਾ,
    ਵੱਡੇ ਪੱਧਰ ਤੇ ਹਰ ਕਿਸਮ ਦੀਆਂ ਉਦਯੋਗਿਕ ਇਕਾਈਆਂ ‘ਚ ਉਤਪਾਦਨ ਠੱਪ ਹੋ ਜਾਣਾ ਜਾਂ ਮੂਲੋਂ ਹੀ ਘਟ ਜਾਣਾ, ਲੱਖਾਂ ਕਿਰਤੀਆਂ ਦੀ ਛਾਂਟੀ ਅਤੇ ਨਿਕਾਸੀ ਤੇ ਸਿੱਟੇ ਵੱਜੋਂ ਪਹਿਲਾਂ ਹੀ ਖਤਰਨਾਕ ਹੱਦਾਂ ਪਾਰ ਕਰ ਚੁੱਕੀ ਬੇਰੁਜ਼ਗਾਰੀ ‘ਚ ਹੋਰ ਭਿਆਨਕ ਵਾਧਾ,
    ਇਸ ਖ਼ਤਰਨਾਕ ਮੰਦਵਾੜੇ ਦੇ ਹੱਲ ਲਈ ਲੋਕਾਈ ਦੀ ਖਰੀਦ ਸ਼ਕਤੀ ਵਿੱਚ ਵਾਧਾ ਕਰਨ ਹਿੱਤ ਘਰੇਲੂ ਮੰਡੀ ਦੀ ਮਜ਼ਬੂਤੀ ਲਈ ਕਦਮ ਚੁੱਕਣ ਤੋਂ ਪਾਸਾ ਵੱਟਣਾ,
    ਆਰਥਕ ਮੰਦਵਾੜੇ ਦਾ ਬੋਝ ਆਮ ਲੋਕਾਂ ਵਿਸ਼ੇਸ਼ ਕਰਕੇ ਕਿਰਤੀ ਵਰਗਾਂ ’ਤੇ ਲੱਦਣਾ ਅਤੇ ਦੇਸ਼ ਦੇ ਅਰਥਚਾਰੇ ਨੂੰ ਘੁਣ ਵਾਂਗ ਖਾ ਰਹੇ ਕਾਰਪੋਰੇਟ ਘਰਾਣਿਆਂ ਨੂੰ ਹਰ ਕਿਸਮ ਦੀਆਂ ਰਿਆਇਤਾਂ ਅਤੇ ਗੱਫੇ ਦੇਣੇ,
    ਸੰਕਟ ਦੇ ਹੱਲ ਦੇ ਬਹਾਨੇ ਹੇਠ ਰੇਲਵੇ, ਸੁਰੱਖਿਆ, ਹਵਾਈ ਸੇਵਾਵਾਂ, ਪੈਟਰੋਲੀਅਮ ਅਦਾਰਿਆਂ ਅਤੇ ਜਨਤਕ ਖੇਤਰ ਦੀਆਂ ਕੌਮੀ ਮਹੱਤਵ ਦੀਆਂ ਹੋਰ ਇਕਾਈਆਂ ਕੌਡੀਆਂ ਦੇ ਭਾਅ ਦੇਸੀ ਬਦੇਸ਼ੀ ਪੂੰਜੀਪਤੀਆਂ ਦੇ ਹਵਾਲੇ ਕਰਨਾ,
    ਨਵੀਂ ਸਿੱਖਿਆ ਨੀਤੀ ਰਾਹੀਂ ਲੋਕਾਈ ਨੂੰ ਸਿੱਖਿਆ ਤੋਂ ਵਾਂਝੇ ਕਰਨ ਹਿੱਤ, ਸਿੱਖਿਆ ਦਾ ਭਗਵਾਂਕਰਨ-ਵਪਾਰੀਕਰਨ ਕਰਕੇ ਕਿਰਤੀ ਸ਼੍ਰੇਣੀ ਦੇ ਬੱਚਿਆਂ ਨੂੰ ਵਿੱਦਿਆ ਤੋਂ ਮਹਿਰੂਮ ਕਰਨਾ,
    ਨਿੱਜੀਕਰਨ ਦੀ ਪ੍ਰਕਿਰਿਆ ਵਿੱਚ ਨਿੱਤ ਨਵੇਂ ਚੜ੍ਹਦੇ ਦਿਨ ਲਿਆਂਦੀ ਜਾ ਰਹੀ ਬੇਬਹਾ ਤੇਜੀ ਸਦਕਾ ਲੋਕਾਂ ਕੋਲੋਂ ਸਿੱਖਿਆ, ਸਿਹਤ ਸੇਵਾਵਾਂ, ਪੀਣ ਵਾਲੇ ਪਾਣੀ, ਜਨਤਕ ਵੰਡ ਪ੍ਰਣਾਲੀ, ਸਮਾਜਿਕ ਸੁਰੱਖਿਆ ਆਦਿ ਦਾ ਲੱਗਭੱਗ ਪੂਰੀ ਤਰ੍ਹਾਂ ਖੁੱਸ ਜਾਣਾ,
    ਸਿੱਟੇ ਵਜੋਂ ਲੋਕਾਈ ਦੀਆਂ ਦੁਸ਼ਵਾਰੀਆਂ ਜਿਵੇਂ ਗਰੀਬੀ, ਭੁੱਖਮਰੀ, ਕੁਪੋਸ਼ਨ, ਬੇਰੁਜ਼ਗਾਰੀ ‘ਚ ਢੇਰਾਂ ਵਾਧਾ ਹੁੰਦਾ ਜਾ ਰਿਹਾ ਹੈ,
    ਅਮੀਰੀ-ਗਰੀਬੀ ਦਾ ਪਾੜਾ ਸਾਰੀਆਂ ਹੱਦਾਂ ਉਲੰਘ ਗਿਆ ਹੈ, ਲੋਕਾਈ ਦੇ ਕੰਗਾਲੀਕਰਨ ਦੀ ਪ੍ਰਕਿਰਿਆ ਪਲ-ਪਲ ਤਿੱਖੀ ਤੋਂ ਤਿਖੇਰੀ ਹੁੰਦੀ ਜਾ ਰਹੀ ਹੈ,
    ਹਾਕਮਾਂ ਵਰਗਾਂ ਦੀਆਂ ਸਾਰੀਆਂ ਕੌਮੀ ਅਤੇ ਖੇਤਰੀ ਪਾਰਟੀਆਂ ਉਪਰੋਕਤ ਨੀਤੀ ਚੌਖਟੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਅਤੇ ਇੱਕਜੁਟ ਹਨ, ਇਸੇ ਲਈ ਇਨ੍ਹਾਂ ਲੋਕ ਮਾਰੂ ਰਾਸ਼ਟਰ ਵਿਰੋਧੀ ਨੀਤੀਆਂ ਖਿਲਾਫ਼ ਦੇਸ਼ ਦੇ ਸੈਂਕੜੇ ਕਰੋੜ ਲੋਕਾਂ, ਵਿਸ਼ੇਸ਼ ਕਰਕੇ ਕਿਰਤੀ ਵਰਗਾਂ ਨੂੰ ਲਾਮਬੰਦ ਕਰਦਿਆਂ ਸੰਘਰਸ਼ਾਂ ਦੇ ਰਾਹ ਪਾਉਣਾ ਸਾਡੇ ਸਮਿਆਂ ਦੀ ਮੁੱਖ ਚੁਣੌਤੀ ਹੈ ।
    2) ਕੱਟੜ ਹਿੰਦੂ ਰਾਸ਼ਟਰ ਦੀ ਕਾਇਮੀ ਦੇ ਕੋਝੇ ਉਦੇਸ਼ ਅਧੀਨ ਲਾਗੂ ਕੀਤਾ ਜਾ ਰਿਹਾ ਫਿਰਕੂ ਫਾਸ਼ੀ ਅਜੰਡਾ :-
    ਭਾਰਤੀ ਜਨਤਾ ਪਾਰਟੀ ਦੇ ਸਪਸ਼ਟ ਬਹੁਮਤ ਵਾਲੀ, ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੂਜੀ ਵਾਰੀ ਕਾਇਮ ਹੋਈ ਐਨ.ਡੀ.ਏ. ਸਰਕਾਰ ਭਾਰਤ ਦੇ ਸੰਵਿਧਾਨ, ਕਾਨੂੰਨ, ਸਥਾਪਿਤ ਪ੍ਰੰਪਰਾਵਾਂ ਅਤੇ ਲੋਕ ਰਾਜੀ ਸੈਕੂਲਰ ਤੇ ਫੈਡਰਲ ਮਾਨਤਾਵਾਂ ਅਨੁਸਾਰ ਸਾਸ਼ਨ/ ਪ੍ਰਸਾਸ਼ਨ ਚਲਾਉਣ ਦੀ ਥਾਂ ਆਪਣੇ ਆਕਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐਸ ਐਸ) ਦੇ ਹਿੰਦੂ ਰਾਸ਼ਟਰ ਦੀ ਕਾਇਮੀ ਦੇ ਨਿਸ਼ਾਨੇ ਨੂੰ ਆਪਣਾ ਤਰਜੀਹੀ ਅਜੰਡਾ ਬਣਾ ਕੇ ਕੰਮ ਕਰ ਰਹੀ ਹੈ ।
    ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਹਾਲਾਤ ਅਨੁਸਾਰ ਵਿਸ਼ੇਸ਼ ਅਧਿਕਾਰਾਂ ਦੀ ਜਾਮਨੀ ਭਰਦੀ ਧਾਰਾ 370 ਅਤੇ 35-ਏ ਦਾ ਖਾਤਮਾ ਕਰਦਿਆਂ ਸੂਬੇ ਦੀ ਵਿਧਾਨ ਸਭਾ ਦਾ ਦਰਜਾ ਘਟਾ ਕੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦੇਣਾ, ਸੂਬੇ ਦੇ ਲੋਕਾਂ ਨੂੰ ਹਰ ਕਿਸਮ ਦੇ ਮਨੁੱਖੀ ਅਤੇ ਸੰਵਿਧਾਨਕ ਹੱਕਾਂ ਤੋਂ ਮਹਿਰੂਮ ਕਰਨਾ, ਸੂਬੇ ਦੇ ਸਿਆਸੀ, ਜਨਤਕ, ਸਮਾਜਿਕ, ਧਾਰਮਿਕ ਆਗੂਆਂ ਅਤੇ ਆਮ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਦੇਸ਼ ਦੀਆਂ ਵੱਖੋ-ਵੱਖ ਜੇਲ੍ਹਾਂ ਵਿੱਚ ਬੰਦ ਕਰ ਦੇਣਾ ਜਾਂ ਨਜ਼ਰਬੰਦ ਕਰ ਦੇਣਾ, ਇੰਟਰਨੈੱਟ ਸਮੇਤ ਸਾਰੀਆਂ ਜਨਤਕ ਸੇਵਾਵਾਂ ਠੱਪ ਕਰ ਦੇਣੀਆਂ,
    ਦੇਸ਼ ਦੇ ਕਰੋੜਾਂ ਮੁਸਲਮਾਨਾਂ ਨੂੰ ਅਲੱਗ-ਥਲੱਗ ਕਰਨ, ਵਿਦੇਸ਼ੀ ਜਾਂ ਦੁਸ਼ਮਨ ਦੇਸ਼ ਦੇ ਏਜੰਟ ਕਰਾਰ ਦੇਣ ਅਤੇ ਭਾਈਚਾਰਕ ਏਕਤਾ ਨੂੰ ਦੀਰਘ ਨੁਕਸਾਨ ਪਹੁੰਚਾਏ ਜਾਣ ਦੀ ਸਾਜ਼ਿਸ਼ੀ ਵਿਉਂਤਬੰਦੀ ਤਹਿਤ ਕੌਮੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਅਤੇ ਨਾਗਰਿਕਤਾ ਸੋਧ ਕਾਨੂੰਨ-2019 (ਸੀ.ਏ.ਏ.) ਬਨਾਉਣਾ,
    ਦੇਸ਼ ਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ, ਦੰਭੀ ਨਾਵਾਂ ਹੇਠ ਸਰਗਰਮ ਸੰਘੀ ਸੰਗਠਨਾਂ ਦੇ ਕਾਰਕੁੰਨਾਂ ਵਲੋਂ ਕੋਹ-ਕੋਹ ਕੇ ਮਾਰਨਾ,
    ਉਕਤ ਸਭ ਅਸੱਭਿਅਕ ਕਾਰਵਾਈਆਂ ਸੰਘ-ਭਾਜਪਾ ਦੀਆਂ ਹਿੰਦੂ ਰਾਸ਼ਟਰ ਦੀ ਕਾਇਮੀ ਦੀਆਂ ਸਾਜ਼ਿਸ਼ਾਂ ਦੀਆਂ ਕੜੀਆਂ ਹੀ ਹਨ,
    ਇਸੇ ਸਾਜਿਸ਼ ਨੂੰ ਸਿਰੇ ਚੜ੍ਹਾਉਣ ਲਈ ਘੱਟ ਗਿਣਤੀਆਂ, ਵਿਸ਼ੇਸ਼ ਕਰਕੇ ਮੁਸਲਮਾਨਾਂ, ਦਲਿਤਾਂ, ਆਦਿਵਾਸੀਆਂ ਅਤੇ ਔਰਤਾਂ ਉੱਪਰ ਅੱਤਿਆਚਾਰਾਂ ਦੀਆਂ ਸਭ ਹੱਦਾਂ ਮੁੱਕ ਰਹੀਆਂ ਹਨ,
    ਸੰਘ-ਭਾਜਪਾ ਪਿੱਤਰਸੱਤਾ ਅਤੇ ਮੰਨੂ ਸਿਮਰਤੀ ਨੂੰ ਦੇਸ਼ ਦੀ ਸ਼ਾਸਨ ਪ੍ਰਣਾਲੀ ਲਈ ਰਾਹ ਵਿਖਾਵੇ ਵਜੋਂ ਸਥਾਪਤ ਕਰਨਾ ਲੋਚਦੇ ਹਨ । ਇਸ ਤਰਜ਼ ਦੇ ਰਾਜ ਪ੍ਰਬੰਧ ਵਿੱਚ ਕਰੋੜਾਂ ਲੁੱਟੇ ਤੇ ਲਿਤਾੜੇ ਹਿੰਦੂਆਂ ਲਈ ਵੀ ਕੋਈ ਥਾਂ ਨਹੀਂ ਹੋਣੀ ਬਾਕੀਆਂ ਦੀ ਤਾਂ ਗੱਲ ਹੀ ਛੱਡੋ,
    ਆਪਣੇ ਇਨ੍ਹਾਂ ਮੱਧਯੁਗੀ ਸਰੋਕਾਰਾਂ ਦੀ ਜਿੱਤ ਲਈ ਸੰਘ ਨੇ ਹਰ ਪੱਧਰ ਦੇ ਵਿੱਦਿਅਕ ਸਿਲੇਬਸ ਵਿੱਚ ਮੁਜਰਮਾਨਾ ਬਦਲਾਅ ਕੀਤੇ ਹਨ, ਵਿਗਿਆਨਕ-ਪ੍ਰਗਤੀਸ਼ੀਲ- ਸ਼ਾਂਤੀਪੂਰਨ ਸਹਿਹੋਂਦ ਦੀ ਸਾਰੀ ਵਿਸ਼ਾ ਵਸਤੂ ਉਲੱਦ ਕੇ ਹਨੇਰਬਿਰਤੀ ਵਾਦੀ ਫੁੱਟ-ਪਾਊ ਮਿਥਿਹਾਸਕ ਗੰਦ ਨਾਲ ਪਾਠਕ੍ਰਮ ਤੂੜ ਦਿੱਤੇ ਹਨ,
    ਇਸ ਅਵਸਥਾ ਵਿੱਚ ਸਾਡੇ ਸਾਹਮਣੇ ਵਡੇਰਾ ਕਾਰਜ ਇਹ ਹੈ ਕਿ ਅਸੀਂ ਨਵਉਦਾਰਵਾਦੀ ਨੀਤੀਆਂ ਅਤੇ ਫਿਰਕੂ-ਫਾਸ਼ੀ ਅਜੰਡੇ ਵਿਰੁੱਧ ਬੱਝਵੇਂ ਸੰਗਰਾਮ ਵਿੱਢੀਏ । ਇਹ ਸੰਗਰਾਮ ਦੋਹਾਂ ਪਾਰਟੀਆਂ ਵਲੋਂ ਆਜ਼ਾਦਾਨਾ ਤੌਰ ‘ਤੇ ਵੀ ਲੜੇ ਜਾਣੇ ਚਾਹੀਦੇ ਹਨ ਅਤੇ ਖੱਬੀਆਂ-ਜਮਹੂਰੀ ਤਾਕਤਾਂ ਦਾ ਸਾਂਝਾ ਮੋਰਚਾ ਬਣਾ ਕੇ ਵੀ । ਅਜੋਕੇ ਹਾਲਾਤ ਦਾ ਸਹੀ ਅਰਥਾਂ ਵਿੱਚ ਇੱਕੋ-ਇੱਕ ਕਾਰਜ ਇਹ ਹੈ ਕਿ ਦੇਸ਼ ਦਾ ਸਮੁੱਚਾ ਖੱਬਾ ਪੱਖ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦੇ ਆਧਾਰ ’ਤੇ ਸਾਂਝ ਕਾਇਮ ਕਰਦਿਆਂ ਲੋਕਾਂ ਦੀ ਹਰ ਪੱਧਰ ’ਤੇ ਹਰ ਕਿਸਮ ਦੇ ਸੰਘਰਸ਼ਾਂ ਵਿੱਚ ਅਗਵਾਈ ਕਰੇ ।
    ਉਕਤ ਦਿਸ਼ਾ ਵਿੱਚ ਸਾਡਾ ਫੌਰੀ ਪੈਂਤੜਾ ਇਹ ਹੋਣਾ ਚਾਹੀਦਾ ਹੈ ਕਿ ਅਸੀਂ 8 ਜਨਵਰੀ 2020 ਨੂੰ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਰਮਚਾਰੀ ਸੰਗਠਨਾਂ ਵਲੋਂ ਦਿੱਤੇ ਗਏ ਕੌਮੀ ਹੜਤਾਲ ਦੇ ਸੱਦੇ ਨੂੰ ਸਮੂਹ ਮਿਹਨਤਕਸ਼ ਆਵਾਮ ਦੀ ਹੜਤਾਲ ਯਾਨਿ ਕਿ ਭਾਰਤ ਬੰਦ ਵਿੱਚ ਤਬਦੀਲ ਕਰਨ ਦੇ ਹਰ ਸੰਭਵ ਯਤਨ ਕਰੀਏ,
    250 ਤੋਂ ਵਧੇਰੇ ਕਿਸਾਨ ਸੰਗਠਨਾਂ ਦੇ ਸਾਂਝੇ ਮੰਚ ਦਾ ਸੱਦਾ ਵੀ ਸਾਡੀ ਸਮਝਦਾਰੀ ਨਾਲ ਮੇਚਵਾਂ ਹੀ ਹੈ,
    ਸਾਥੀ ਮੰਗਤ ਰਾਮ ਪਾਸਲਾ ਨੇ ਮਤੇ ਰਾਹੀਂ ਸੁਝਾਇਆ ਕਿ ਇਸ ਕੌਮੀ ਕਨਵੈਨਸ਼ਨ ਤੋਂ ਬਾਅਦ ਸੂਬਾ ਪੱਧਰੀ ਅਤੇ ਖੇਤਰੀ ਕਨਵੈਨਸ਼ਨਾਂ ਸੱਦੀਆ ਜਾਣ ਤਾਂ ਕਿ ਅੱਜ ਪਾਸ ਕੀਤੀ ਸਮਝਦਾਰੀ ਨਾਲ ਦੋਹਾਂ ਪਾਰਟੀਆਂ ਦਾ ਸਮੁੱਚਾ ਕਾਡਰ ਲੈਸ ਹੋ ਕੇ ਸਰਗਰਮ ਹੋਵੇ, ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੀ ਕਨਵੈਨਸ਼ਨ ਦਾ ਦੋਹਾਂ ਪਾਰਟੀਆਂ ਦੇ ਏਕੀਕਰਣ ਦੀ ਚੱਲ ਰਹੀ ਪ੍ਰਕਿਰਿਆ ਲਈ ਵੀ ਵੱਡਾ ਮਹੱਤਵ ਹੈ ।
    ਉਨ੍ਹਾਂ ਹਾਜਰ ਸਾਥੀਆਂ ਨੂੰ ਹੈਦਰਾਬਾਦ ਕਿ ਵਿਖੇ ਸਫਲਤਾ ਸਹਿਤ ਸੰਪੰਨ ਹੋਈ ਇਸਤਰੀਆਂ ਦੀ ਏਕੀਕਿ੍ਰਤ ਕੁੱਲ ਹਿੰਦ ਕਾਨਫਰੰਸ ਲਈ ਸੰਗਰਾਮੀ ਮੁਬਾਰਕਾਂ ਪੇਸ਼ ਕਰਦਿਆਂ ਜਾਣਕਾਰੀ ਦਿੱਤੀ ਕਿ ਜਲਦੀ ਹੀ ਯੋਗ ਵਿਚਾਰ ਵਟਾਂਦਰੇ ਉਪਰੰਤ ਬਾਕੀ ਜਨ ਸੰਗਠਨਾਂ ਦੀਆਂ ਕੁੱਲ ਹਿੰਦ ਕਾਨਫਰੰਸਾਂ ਵੀ ਕੀਤੀਆਂ ਜਾਣਗੀਆਂ ।
    ਸਰਵ ਸਾਥੀ ਰਜਿੰਦਰ ਪਰਾਂਜਪੇ, ਰਘੁਬੀਰ ਸਿੰਘ, ਮਹੀਪਾਲ, ਕੇ. ਕੁਮਾਰਨਕੁੱਟੀ, ਕਿਰਨਜੀਤ ਸੇਖੋਂ, ਮਹਿੰਦਰ ਸਿੰਘ ਨੇਹ, ਨਾਗਭੂਸ਼ਣ, ਸ਼ਿਵ ਕੁਮਾਰ, ਰਾਜਾ ਦਾਸ, ਬੀ ਕਿ੍ਰਸ਼ਨਨ ਨੇ ਮਤੇ ਬਾਰੇ ਆਪਣੇ ਵਿਚਾਰ ਰੱਖੇ । ਸਾਰੇ ਸਾਥੀਆਂ ਨੇ ਮਤੇ ਦੀ ਮੁੱਖ ਸੇਧ ਨਾਲ ਮੁਕੰਮਲ ਸਹਿਮਤੀ ਪ੍ਰਗਟ ਕਰਦਿਆਂ ਹੇਠ ਲਿਖੇ ਅਨੁਸਾਰ ਸੁਝਾਅ ਰੱਖੇ :-
    ੳ) ਮਤੇ ਵਿੱਚ ਲੋਕਾਂ ਦੇ ਅਧਿਕਾਰਾਂ ਦਾ ਘਾਣ ਕਰਨ ਵਾਲੇ ਯੂਏਪੀਏ ਅਤੇ ਹੋਰ ਕਾਲੇ ਕਾਨੂੰਨਾਂ ਦਾ ਵੇਰਵਾ ਦਿੱਤਾ ਜਾਵੇ।
    ਅ) ਕੌਮਾਂਤਰੀ ਅਵਸਥਾ ਬਾਰੇ ਜਿਕਰ ਕੀਤਾ ਜਾਵੇ ।
    ੲ) ਠੇਕਾ ਪ੍ਰਣਾਲੀ ਵਿਰੁੱਧ ਸੰਗਰਾਮ ਦਾ ਖਾਕਾ ਜੋੜਿਆ ਜਾਵੇ।
    ਸ) ਮੰਦਰ-ਮਸਜਿਦ ਝਗੜੇ ਸਬੰਧੀ ਸਰਵਉੱਚ ਅਦਾਲਤ ਦੇ ਹਾਲੀਆ ਫੈਸਲੇ ਵਿੱਚ ਅਦਾਲਤ ਵਲੋਂ ਨਜਰਅੰਦਾਜ ਕੀਤੇ ਕਾਨੂੰਨੀ ਪਹਿਲੂਆਂ ਅਤੇ ਆਸਥਾ ’ਤੇ ਜੋਰ ਦੇਣ ਆਦਿ ਦੇ ਵੇਰਵੇ ਜੋੜੇ ਜਾਣ।
    ਹ) ਚੌਗਿਰਦੇ ਸਬੰਧੀ ਮਸਲੇ ਜੋੜੇ ਜਾਣ।
    ਕ) ਪੂੰਜੀਵਾਦੀ ਖੇਮੇ ਦੀਆਂ ਅੰਦਰੂਨੀ ਵਿਰੋਧਤਾਈਆਂ ਅਤੇ ਚਾਰ ਮੁੱਖ ਵਿਰੋਧਤਾਈਆਂ ਦਾ ਵੇਰਵਾ ਦਰਜ ਹੋਵੇ ।
    ਖ) ਗੁਜਰਾਤ ਅਤੇ ਕਰਨਾਟਕਾ ਦੀਆਂ ਔਰਤਾਂ ਦੇ ਸੰਘਰਸ਼ਾਂ ਦਾ ਜਿਕਰ ਕੀਤਾ ਜਾਵੇ ।
    ਕਾਮਰੇਡ ਮੰਗਤ ਰਾਮ ਪਾਸਲਾ ਨੇ ਸਾਥੀਆਂ ਵਲੋਂ ਉਠਾਏ ਨੁਕਤਿਆਂ ਦਾ ਜਵਾਬ ਦਿੰਦਿਆਂ ਉਪਰੋਕਤ ਸਾਰੇ ਸੁਝਾਅ ਪਰਵਾਨ ਕਰਨ ਅਤੇ ਮਤੇ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ । ਉਨ੍ਹਾਂ ਅਤੇ ਸਾਥੀ ਮੁਹੰਮਦ ਗਾਊਸ ਨੇ ਮਤੇ ਦੀ ਰੋਸ਼ਨੀ ਵਿੱਚ ਪੂਰੇ ਦੇਸ਼ ਵਿੱਚ ਦਿਨ ਰਾਤ ਇੱਕ ਕਰਨ ਦਾ ਸੱਦਾ ਦਿੱਤਾ। ਇਨਕਲਾਬੀ ਨਾਅਰਿਆਂ ਦੀ ਗੂੰਜ ਦਰਮਿਆਨ ਰਾਜਸੀ ਮਤਾ ਸਰਵਸੰਮਤੀ ਨਾਲ ਪਾਸ ਕੀਤਾ ਗਿਆ ।
    ਸਾਥੀ ਅਨੀਸ ਜੌਰਜ ਵਲੋਂ ਰੱਖੇ ਗਏ ਇਕ ਮਤੇ ਰਾਹੀਂ ਇਸਤਰੀਆਂ ਖਿਲਾਫ਼ ਹੋ ਰਹੇ ਅਣਕਿਆਸੇ ਅੱਤਿਆਚਾਰਾਂ ਵਿਰੁੱਧ ਹਰ ਪੱਧਰ ਤੇ ਸੰਘਰਸ਼ ਤੇਜ ਕਰਨ ਦਾ ਨਿਰਣਾ ਲਿਆ ਗਿਆ । ਇੱਕ ਹੋਰ ਮਤੇ ਰਾਹੀਂ ਸੀ ਏ ਏ ਖਿਲਾਫ਼ ਚੱਲ ਰਹੇ ਹੱਕੀ ਸੰਗਰਾਮ ਦੀ ਕਾਮਯਾਬੀ ਲਈ ਹਰ ਕਿਸਮ ਦਾ ਸਹਿਯੋਗ ਦੇਣ ਅਤੇ 19 ਦਸੰਬਰ ਦੇ ਦੇਸ਼ ਵਿਆਪੀ ਪ੍ਰਤੀਰੋਧ ਐਕਸ਼ਨਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ।
    ਕਨਵੈਨਸ਼ਨ ਦੇ ਸ਼ੁਰੂ ਵਿੱਚ ਇੱਕ ਸ਼ੋਕ ਮਤੇ ਰਾਹੀਂ, ਸੰਸਾਰ ਕਮਿਊਨਿਸਟ ਲਹਿਰ ਦੇ ਵਿਛੜੇ ਅਤੇ ਸ਼ਹੀਦ ਸਾਥੀਆਂ ਨੂੰ ਦੋ ਮਿੰਟ ਮੌਨ ਖਲੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਅਡੋਲ ਤੁਰਦੇ ਰਹਿਣ ਦਾ ਪ੍ਰਣ ਦਿ੍ਰੜ੍ਹਾਇਆ ਗਿਆ ।
    ਆਰ ਐਮ ਪੀ ਆਈ ਦੇ ਸੂਬਾ ਪ੍ਰਧਾਨ ਸਾਥੀ ਪੀ. ਅਮਾਵੱਸਈ ਵਲੋਂ ਸਾਰਿਆਂ ਦਾ ਧੰਨਵਾਦ ਕਰਨ ਉਪਰੰਤ ਸਾਂਝੀ ਕੌਮੀ ਕਨਵੈਨਸ਼ਨ ਸਫਲਤਾ ਸਹਿਤ ਸੰਪੰਨ ਹੋਈ।
    ਕਨਵੈਨਸ਼ਨ ਵਿੱਚ ਵੱਖੋ-ਵੱਖ ਸੂਬਿਆਂ ’ਚੋਂ ਆਏ 350 ਡੈਲੀਗੇਟਾਂ ਨੇ ਹਿੱਸਾ ਲਿਆ।
    ਰਿਪੋਰਟ : ਮਹੀਪਾਲ

  • ਸੰਪਾਦਕੀ ਟਿੱਪਣੀ (ਸੰਗਰਾਮੀ ਲਹਿਰ – ਜਨਵਰੀ 2020)

    ਸੰਪਾਦਕੀ ਟਿੱਪਣੀ (ਸੰਗਰਾਮੀ ਲਹਿਰ – ਜਨਵਰੀ 2020)

    ਪ੍ਰਧਾਨ ਮੰਤਰੀ ਦਾ ਭਾਸ਼ਣ ਇੱਕ ਹੋਰ ਝੂਠ ਦਾ ਪੁਲੰਦਾ

    ਬੀਤੇ ਐਤਵਾਰ ਨੂੰ ਭਾਜਪਾ ਵਲੋਂ ਦਿੱਲੀ ਦੇ ਰਾਮ-ਲੀਲਾ ਮੈਦਾਨ ਵਿੱਚ ਕੀਤੀ ਗਈ ਵਿਸ਼ਾਲ ਜਨ-ਸਭਾ ਦਾ ਮੁੱਖ ਮਨੋਰਥ ਤਾਂ ਭਾਵੇਂ ਨੇੜ ਭਵਿੱਖ ਵਿੱਚ ਹੋਣ ਜਾ ਰਹੀਆਂ ਦਿੱਲੀ ਦੀਆਂ ਪ੍ਰਦੇਸ਼ਿਕ ਚੋਣਾਂ ਵਿੱਚ, ਲੋਕਾਂ ਨੂੰ ਲੱਛੇਦਾਰ ਭਾਸ਼ਣ ਛਕਾ ਕੇ ਤੇ ਭਰਮਾ ਕੇ, ਵੋਟਾਂ ਬਟੋਰਨ ਦਾ ਇੱਕ ਉਪਰਾਲਾ ਮਾਤਰ ਹੀ ਸੀ । ਪ੍ਰੰਤੂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਕੌਮੀ ਨਾਗਰਿਕਤਾ ਰਜਿਸਟਰ (ਐਨਆਰਸੀ) ਵਿਰੁੱਧ ਉਭਰੇ ਹੋਏ ਦੇਸ਼-ਵਿਆਪੀ ਲੋਕ-ਰੋਹ ਦੇ ਪਿਛੋਕੜ ਵਿੱਚ, ਪ੍ਰਧਾਨ ਮੰਤਰੀ ਨੇ ਸਿਰੇ ਦਾ ਨੰਗਾ-ਚਿੱਟਾ ਝੂਠ ਬੋਲ ਕੇ ਇਸ ਰੈਲੀ ਨੂੰ ਆਪਣੀ ਖੱਲ ਬਚਾਉਣ ਲਈ ਵਰਤਿਆ ਅਤੇ ਸਰਕਾਰ ਦੇ ਇਹਨਾਂ ਮਾਰੂ ਹਥਕੰਡਿਆਂ ਦਾ ਵਿਰੋਧ ਕਰ ਰਹੇ ਸੂਝਵਾਨ ਲੋਕਾਂ ਅਤੇ ਵਿਰੋਧੀ ਰਾਜਨੀਤਕ ਧਿਰਾਂ ਵਿਰੁੱਧ ਜ਼ਹਿਰ ਉਗਲਕੇ ਫਿਰਕੂ ਲਾਂਬੂ ਲਾਉਣ ਦਾ ਕੋਝਾ ਯਤਨ ਕੀਤਾ। ਰੈਲੀ ਦੇ ਪ੍ਰਬੰਧਕਾਂ ਤੇ ਪ੍ਰਧਾਨ ਮੰਤਰੀ ਦੀ ਭੜਕਾਊ ਬਿਆਨਬਾਜ਼ੀ ਦਾ ਸਿੱਟਾ ਹੀ ਹੈ ਕਿ ਭਾਜਪਾ ਵਲੋਂ ਜੁਟਾਈ ਗਈ ਇਸ ਭੀੜ ਨੇ, ਭਾਰਤੀ ਸੰਵਿਧਾਨ ਨਾਲ ਖਿਲਵਾੜ ਕਰਨ ਵਾਲੇ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਲੋਕਾਂ, ਵਿਸ਼ੇਸ਼ ਤੌਰ ‘ਤੇ ਘੱਟ ਗਿਣਤੀਆਂ ਵਿਰੁੱਧ ਗਾਲੀ-ਗਲੋਚ ਨਾਲ ਭਰੀ ਹੋਈ ਜ਼ਹਿਰੀਲੀ ਨਾਅਰੇਬਾਜ਼ੀ ਵੀ ਕੀਤੀ ਅਤੇ ਇਸ ਵਿਆਪਕ ਜਮਹੂਰੀ ਵਿਰੋਧ ਨੂੰ ਦਬਾਉਣ ਲਈ ਫਾਸ਼ੀਵਾਦੀ ਢੰਗ-ਤਰੀਕੇ ਅਪਨਾਉਣ ਦੀਆਂ ਧਮਕੀਆਂ ਵੀ ਸ਼ਰੇਆਮ ਦਿੱਤੀਆਂ।
    ਝੂਠੀ ਬਿਆਨਬਾਜ਼ੀ ਦੇ ਪੱਖੋਂ ਤਾਂ ਇਸ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਨਵੇਂ ‘ਕੀਰਤੀਮਾਨ’ ਸਥਾਪਤ ਕਰ ਦਿੱਤੇ ਹਨ । ਉਨ੍ਹਾਂ ਦਾ ਇਹ ਕਹਿਣਾ ਕਿ ‘‘ਐਨਆਰਸੀ ਬਾਰੇ ਉਹਨਾਂ ਦੀ ਸਰਕਾਰ ਨੇ ਅਜੇ ਤੱਕ ਕੋਈ ਵਿਚਾਰ ਹੀ ਨਹੀਂ ਕੀਤਾ’’, ਰੰਗੇ ਹੱਥੀਂ ਫੜੇ ਗਏ ਮੁਜ਼ਰਿਮ ਦੀ ‘ਮਾਸੂਮੀਅਤ’ ਦਾ ਵਿਖਾਵਾ ਕਰਨ ਦੇ ਤੁੱਲ ਹੈ। ਸਾਰਾ ਸੰਸਾਰ ਜਾਣਦਾ ਹੈ ਕਿ ਉਹਨਾਂ ਦੇ ਆਪਣੇ ਆਪ ਨੂੰ ਚਾਣਕਿਆ ਕਹਾ ਕੇ ਖੁਸ਼ ਹੋਣ ਵਾਲੇ ਗ੍ਰਹਿ ਮੰਤਰੀ ਜੀ ਨੇ ਪਾਰਲੀਮੈਂਟ ਦੇ ਦੋਵੇਂ ਸਦਨਾਂ ਵਿੱਚ ਬੜੇ ਹੀ ਹੰਕਾਰੀ ਲਹਿਜ਼ੇ ਵਿੱਚ ਐਲਾਨਿਆ ਹੈ ਕਿ ਸੀਏਬੀ (ਹੁਣ ਸੀਏਏ) ਤੋਂ ਬਾਅਦ ਪੂਰੇ ਦੇਸ਼ ਵਿੱਚ ਐਨਆਰਸੀ ਵੀ ਆ ਰਿਹਾ ਹੈ । ਅਜਿਹੇ ਐਲਾਨ ਅਮਿਤ ਸ਼ਾਹ ਜੀ ਹਰਿਆਣੇ ਦੀਆਂ ਅਸੰਬਲੀ ਚੋਣਾਂ ਸਮੇਂ ਵੀ ਸ਼ਰੇਆਮ ਕਰਦੇ ਰਹੇ ਹਨ। ਹਾਲ ਹੀ ਵਿੱਚ ਸੰਪਨ ਹੋਈਆਂ ਝਾਰਖੰਡ ਵਿਧਾਨ ਸਭਾ ਚੋਣਾਂ, ਜੋ ਆਪਣੀ ਰੱਦੀ ਕਾਰਗੁਜ਼ਾਰੀ ਸਦਕਾ ਭਾਜਪਾ ਬੁਰੀ ਤਰ੍ਹਾਂ ਨਾਲ ਹਾਰ ਚੁੱਕੀ ਹੈ, ਸਮੇਂ ਇੱਕ ਚੋਣ ਰੈਲੀ ਵਿੱਚ ਬੋਲਦਿਆਂ ਅਮਿਤ ਸ਼ਾਹ ਨੇ ਬੜੀ ਹੈਂਕੜ ਨਾਲ ਇਹ ਦਾਅਵਾ ਕੀਤਾ ਸੀ ਕਿ ਅਗਲੀਆਂ ਭਾਵ 2024 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਭਾਜਪਾ ਪੂਰੇ ਦੇਸ਼ ਵਿੱਚ ਐਨਆਰਸੀ ਲਾਗੂ ਕਰ ਚੁੱਕੀ ਹੋਵੇਗੀ ਅਤੇ ਸਾਰੇ ‘ਘੁਸਪੈਠੀਏ’ ਦੇਸ਼ ਚੋਂ ਕੱਢੇ ਜਾ ਚੁੱਕੇ ਹੋਣਗੇ । ਅਜਿਹੇ ਐਲਾਨ ਅਮਿਤ ਸ਼ਾਹ ਅਨੇਕਾਂ ਹੋਰ ਜਨਤਕ ਇਕੱਠਾਂ ਵਿੱਚ ਬਾਰ-ਬਾਰ ਕਰਦਾ ਰਹਿੰਦਾ ਹੈ । ਪ੍ਰਧਾਨ ਮੰਤਰੀ ਜੀ ਆਪਣੇ ਪਰਮ ਮਿੱਤਰ ਅਮਿਤ ਸ਼ਾਹ ਦੀ ਅਜੇਹੀ ਬਿਆਨਬਾਜ਼ੀ ਬਾਬਤ ਤਾਂ ਅਣਜਾਣਤਾ ਦਾ ਢੌਂਗ ਵੀ ਰਚ ਸਕਦੇ ਹਨ, ਪ੍ਰੰਤੂ ਐਨਆਰਸੀ ਲਾਗੂ ਕਰਨ ਦਾ ਵਾਅਦਾ ਤਾਂ ਭਾਜਪਾ ਦੇ 2019 ਦੀਆਂ ਲੋਕ ਸਭਾ ਚੋਣਾਂ ਬਾਰੇ ਛਾਪੇ ਗਏ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਦਾ ਵੀ ਅਹਿਮ ਅੰਗ ਰਿਹਾ ਹੈ। ਇਸ ਤੋਂ ਇਲਾਵਾ ਲੰਘੀ 20 ਜੂਨ ਨੂੰ ਸੰਸਦ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ,‘‘ਮੇਰੀ ਸਰਕਾਰ ਨੇ ਘੁਸਪੈਠ ਤੋਂ ਪ੍ਰਭਾਵਤ ਇਲਾਕਿਆਂ ਵਿੱਚ ਪਹਿਲ ਦੇ ਆਧਾਰ ਤੇ ਐਨਆਰਸੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ ।’’ ਇਹ ਵੀ ਸਪਸ਼ਟ ਐਲਾਨ ਕੀਤੇ ਜਾਂਦੇ ਰਹੇ ਹਨ ਕਿ ਪਹਿਲੀ ਅਪ੍ਰੈਲ 2020 ਤੋਂ ਕੌਮੀ ਜਨਸੰਖਿਆ ਰਜਿਸਟਰ (ਐਨਪੀਆਰ) ਦੀ ਤਿਆਰੀ ਆਰੰਭੀ ਜਾਵੇਗੀ, ਜਿਸਨੂੰ 30 ਸਤੰਬਰ ਤੱਕ ਮੁਕੰਮਲ ਕਰਕੇ ਐਨਆਰਸੀ ਨੂੰ ਉਸ ‘ਤੇ ਆਧਾਰਿਤ ਕੀਤਾ ਜਾਵੇਗਾ ਅਤੇ 2024 ਦੀਆਂ ਚੋਣਾਂ ਤੋਂ ਪਹਿਲਾਂ ਮੁਕੰਮਲ ਕਰਕੇ ‘ਸਾਰੇ ਘੁਸਪੈਠੀਏ’ ਦੇਸ਼ੋਂ ਬਾਹਰ ਧੱਕ ਦਿੱਤੇ ਜਾਣਗੇ । ਅਜੇਹੇ ਸਰਬ ਪ੍ਰਮਾਣਿਤ ਤੱਥਾਂ ਦੇ ਹੁੰਦਿਆਂ ਵੀ ਪ੍ਰਧਾਨ ਮੰਤਰੀ ਜੀ ਇਹ ਕਿਵੇਂ ਕਹਿ ਸਕਦੇ ਹਨ ਕਿ ਐਨਆਰਸੀ ਬਾਰੇ ਤਾਂ ਅਜੇ ਕੋਈ ਫੈਸਲਾ ਹੀ ਨਹੀਂ ਕੀਤਾ ਗਿਆ ਅਤੇ ਇਸ ਸਬੰਧੀ ਵਿਰੋਧੀ ਧਿਰ ਵਲੋਂ ਪ੍ਰਗਟਾਏ ਜਾ ਰਹੇ ਸਾਰੇ ਤੌਖਲੇ ਨਿਰਮੂਲ ਤੇ ਗੁੰਮਰਾਹਕੁੰਨ ਹਨ? ਇਸ 90 ਮਿੰਟ ਦੇ ਭਾਸ਼ਣ ਵਿੱਚ ਇੱਕ ਹੋਰ ਵੱਡਾ ਤੇ ਸ਼ਰਮਨਾਕ ਝੂਠ ਇਹ ਬੋਲਿਆ ਗਿਆ ਹੈ ਕਿ ‘‘ਦੇਸ਼ ਵਿੱਚ ਕੋਈ ਡਿਟੈਂਸ਼ਨ (ਬੰਦੀ) ਕੈਂਪ ਹੀ ਨਹੀਂ ਹਨ।’’ ਕੀ ਪ੍ਰਧਾਨ ਮੰਤਰੀ ਜੀ ਆਸਾਮ ਨੂੰ ਦੇਸ਼ ਦਾ ਹਿੱਸਾ ਨਹੀਂ ਮੰਨਦੇ?
    2 ਜੁਲਾਈ 2019 ਨੂੰ ਸਾਬਕਾ ਬਦੇਸ਼ ਮੰਤਰੀ ਸ਼ਸ਼ੀ ਥਰੂਰ ਵਲੋਂ ਪੁੱਛੇ ਗਏ ਸੁਆਲ ਦਾ ਜੁਆਬ ਦਿੰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਸ਼ਨ ਰੈਡੀ ਨੇ ਪਾਰਲੀਮੈਂਟ ਵਿੱਚ ਦਸਿਆ ਕਿ ਆਸਾਮ ਵਿੱਚ ਗੋਆਲਪਾੜਾ, ਕੋਕਰਾਝਾਰ, ਸਿਲਚਰ, ਡਿਬਰੂਗੜ੍ਹ, ਜੋਰ-ਹਾਟ ਤੇ ਤੇਜਪੁਰ ਵਿਖੇ ਛੇ ਡਿਟੈਂਸ਼ਨ ਕੈਂਪ ਮੌਜੂਦ ਹਨ। 28 ਬੱਚਿਆਂ ਸਮੇਤ 1133 ਵਿਅਕਤੀ ਇਨ੍ਹਾਂ ਕੈਂਪਾਂ ਵਿੱਚ ਮੌਜੂਦ ਹਨ ਜਿਨ੍ਹਾਂ ਵਿਚੋਂ 769 ਪਿਛਲੇ ਤਿੰਨ ਸਾਲਾਂ ਤੋਂ ਬੰਦ ਹਨ । ਗ੍ਰਹਿ ਮੰਤਰਾਲੇ ਨੇ ਤਾਜਾ ਜਾਣਕਾਰੀ ਇਹ ਦਿੱਤੀ ਹੈ ਕਿ ਇਨ੍ਹਾਂ ਬੰਦੀਆਂ ਵਿੱਚੋਂ 28 ਮੌਤ ਦੇ ਮੂੰਹ ਜਾ ਪਏ ਹਨ ਜਾਂ ਕਹਿ ਲਓ ਕਿ ਯਾਤਨਾਵਾਂ ਨਾਲ ਮਾਰ ਮੁਕਾ ਦਿੱਤੇ ਗਏ ਹਨ । 24 ਜੁਲਾਈ ਨੂੰ ਗ੍ਰਹਿ ਰਾਜ ਮੰਤਰੀ ਨਿੱਤਿਆ ਨੰਦ ਨੇ ਰਾਜ ਸਭਾ ਵਿੱਚ ਦਸਿਆ ਕਿ ਕੇਂਦਰ ਸਰਕਾਰ ਨੇ ਵੱਖ-ਵੱਖ ਰਾਜਾਂ ਵਿੱਚ ਡਿਟੈਂਸ਼ਨ ਕੈਂਪ ਬਨਾਉਣ ਲਈ ਇੱਕ ਮਾਡਲ ਮੈਨੂਅਲ ਤਿਆਰ ਕੀਤਾ ਹੈ ਜੋ ਲੰਘੀ 9 ਜਨਵਰੀ ਨੂੰ ਸਾਰੇ ਸੂਬਿਆਂ ਨੂੰ ਭੇਜਿਆ ਜਾ ਚੁੱਕਾ ਹੈ । ਇਸ ਤੋਂ ਇਲਾਵਾ ਸਰਕਾਰ ਨੇ ਆਸਾਮ ਦੇ ਗੋਆਲਪਾੜਾ ਵਿਖੇ 45.51 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਡਿਟੈਂਸ਼ਨ ਕੈਂਪ ਬਨਾਉਣ ਨੂੰ ਵੀ ਮਨਜੂਰੀ ਦਿੱਤੀ ਹੈ । ਅਖਬਾਰਾਂ ਵਿੱਚ ਵੀ ਇਹਨਾਂ ਕੈਂਪਾਂ ਅਤੇ ਇਨ੍ਹਾਂ ਵਿੱਚ ਤੂੜੇ ਹੋਏ ਮਨੁੱਖ ਜਾਇਆਂ ਦੀਆਂ ਦਰਦਨਾਕ ਹਾਲਤਾਂ ਬਾਰੇ ਬੜਾ ਕੁੱਝ ਛਪ ਚੁੱਕਾ ਹੈ ਤੇ ਵੀਡੀਓਜ਼ ਵੀ ਵਾਇਰਲ ਹੋ ਚੁੱਕੇ ਹਨ । ਇਸ ਸਭ ਕੁੱਝ ਦੀ ਚਰਚਾ ਸਰਵਉੱਚ ਅਦਾਲਤ ਵਿੱਚ ਵੀ ਹੋ ਚੁੱਕੀ ਹੈ ।
    ਕਿਸੇ ਪ੍ਰਧਾਨ ਮੰਤਰੀ ਦੇ ਮੂੰਹੋਂ ਏਨਾ ਸਫੈਦ ਝੂਠ ਪਹਿਲਾਂ ਕਦੇ ਵੀ ਨਹੀਂ ਸੁਣਿਆ ਗਿਆ । ਅਜਿਹੇ ਹਾਕਮਾਂ ਦਾ ਚੁਣਿਆ ਜਾਣਾ ਦੇਸ਼ਵਾਸੀਆਂ ਲਈ ਵੱਡੀ ਲਾਹਣਤ ਵੀ ਹੈ ਅਤੇ ਭਵਿੱਖ ਲਈ ਵੰਗਾਰ ਵੀ । ਆਪਣੇ ਇਸ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਇਹ ਸਵੀਕਾਰ ਕੀਤਾ ਹੈ ਕਿ ਸਰਕਾਰ ਦੀਆਂ ਨੀਤੀਆਂ ਖਿਲਾਫ਼ ਪੈਦਾ ਹੋਏ ਜਨ-ਉਭਾਰ ਨਾਲ ਬਦੇਸ਼ਾਂ ਵਿੱਚ ਭਾਰਤ ਦੀ ਛਵੀ ’ਤੇ ਨਾਕਾਰਾਤਮਿਕ ਪ੍ਰਭਾਵ ਪਿਆ ਹੈ। ਪ੍ਰੰਤੂ ਇਸ ਹੇਠੀ ਲਈ ਦੋਸ਼ੀ ਕੌਣ ਹੈ? ਸੰਘ-ਪਰਿਵਾਰ ਦਾ ਉਹੀ ਫਿਰਕੂ ਲਾਣਾ ਜਿਹੜਾ ਬਲਦੀ ’ਤੇ ਤੇਲ ਪਾ ਰਿਹਾ ਹੈ ।
    ਸਮੁੱਚੇ ਦੇਸ਼ ਵਾਸੀ ਅੱਜ ਬੇਰੁਜ਼ਗਾਰੀ, ਮਹਿੰਗਾਈ, ਸਮਾਜਿਕ ਜਬਰ, ਇਸਤਰੀਆਂ ਖਿਲਾਫ਼ ਹੌਲਨਾਕ ਗੁਨਾਹਾਂ, ਭਰਿਸ਼ਟਾਚਾਰ ਆਦਿ ਤੋਂ ਬੇਹਦ ਪੀੜਤ ਹਨ । ਸਰਕਾਰ ਦੇ ਭਾਰਤੀ ਸੰਵਿਧਾਨ ਦੀਆਂ ਜਮਹੂਰੀ ਅਤੇ ਧਰਮ ਨਿਰਪੱਖਤਾ ਪੱਖੀ ਧਾਰਨਾਵਾਂ ਨੂੰ ਢਾਅ ਲਾਉਂਦੇ ਕਦਮਾਂ ਨੇ ਅਤੇ ਅਮਿਤ ਸ਼ਾਹ ਦੇ ਫੁੰਕਾਰਿਆਂ ਨੇ ਲੋਕ ਬੇਚੈਨੀ ਨੂੰ ਹੋਰ ਪ੍ਰਚੰਡਤਾ ਪ੍ਰਦਾਨ ਕੀਤੀ ਹੈ। ਇਸ ਵਿਆਪਕ ਲੋਕ-ਬੇਚੈਨੀ ਨੂੰ ਸ਼ਾਂਤ ਕਰਨ ਲਈ ਸਾਰੇ ਫਿਰਕੂ, ਫੁੱਟ-ਪਾਊ ਤੇ ਜਮਹੂਰੀਅਤ ਦਾ ਗਲਾ ਘੁੱਟਣ ਵਾਲੇ ਕਦਮ ਤੁਰੰਤ ਵਾਪਸ ਲੈਣ ਦੀ ਲੋੜ ਹੈ । ਐਪਰ ਇਸ ਸਰਕਾਰ ਤੋਂ ਅਜੇਹੀ ਆਸ ਹੀ ਨਹੀਂ ਕੀਤੀ ਜਾ ਸਕਦੀ । ਅਜੇਹੇ ਲੋਕ-ਪੱਖੀ ਨਿਰਣੇ ਤਾਕਤ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਤਾਨਾਸ਼ਾਹਾਂ ਦੀ ਖ਼ਸਲਤ ਦਾ ਹਿੱਸਾ ਨਹੀਂ ਹੁੰਦੇ । ਇਸ ਵਾਸਤੇ ਤਾਂ ਆਮ ਕਿਰਤੀ ਤੇ ਅਮਨਪਸੰਦ, ਜਮਹੂਰੀ ਜਨਤਾ ਦੀ ਵਿਸ਼ਾਲ ਤੇ ਅਨੁਸ਼ਾਸਨਬੱਧ ਇਕਜੁੱਟਤਾ ਦੀ ਲੋੜ ਹੁੰਦੀ ਹੈ, ਜਿਹੜੀ ਆਪ ਮੁਹਾਰੇ ਲੋਕ ਰੋਹ ਨੂੰ ਫੈਸਲਾਕੁੰਨ ਜਿੱਤ ਵਿੱਚ ਵਟਾ ਸਕੇ।
    – ਹ. ਕ. ਸਿੰਘ
    (24-12-2019)