Category: Article

  • ਬੱਝਵਾਂ ਗਾਰੰਟੀਸ਼ੁਦਾ ਰੁਜ਼ਗਾਰ ਦਿੰਦਾ ਮਗਨਰੇਗਾ ਕਾਨੂੰਨ ਖ਼ਤਮ- ਨਵਾਂ ਰੁਜ਼ਗਾਰ ਵਿਹੂਣਾ ‘ਵੀਬੀ ਜੀ ਰਾਮ ਜੀ’ ਕਾਨੂੰਨ ਲਾਗੂ

    ਬੱਝਵਾਂ ਗਾਰੰਟੀਸ਼ੁਦਾ ਰੁਜ਼ਗਾਰ ਦਿੰਦਾ ਮਗਨਰੇਗਾ ਕਾਨੂੰਨ ਖ਼ਤਮ- ਨਵਾਂ ਰੁਜ਼ਗਾਰ ਵਿਹੂਣਾ ‘ਵੀਬੀ ਜੀ ਰਾਮ ਜੀ’ ਕਾਨੂੰਨ ਲਾਗੂ


    ਪਿੰਡਾਂ ‘ਚ ਵੱਸਦੇ, ਅੱਤ ਦੀ ਗੁਰਬਤ ਹੰਢਾਅ ਰਹੇ, ਬੇਜ਼ਮੀਨੇ-ਸਾਧਨਹੀਣ ਕਿਰਤੀ ਪਰਿਵਾਰਾਂ ਨੂੰ ਸਾਲ ‘ਚ 100 ਦਿਨ ਗਾਰੰਟੀਸ਼ੁਦਾ ਰੁਜ਼ਗਾਰ ਦੇਣ ਲਈ ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਕੇਂਦਰ ਦੀ ਯੂਪੀਏ ਵੰਨ ਸਰਕਾਰ ਵਲੋਂ ਬਣਾਇਆ ਗਿਆ ‘ਮਗਨਰੇਗਾ’ (‘ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਇਮੈਂਟ ਗਰੰਟੀ ਐਕਟ’ ਜਾਂ ‘ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਕਾਨੂੰਨ’), ਦਾ ਕੇਂਦਰੀ ਦੀ ਮੋਦੀ ਸਰਕਾਰ ਨੇ 18 ਦਸੰਬਰ 2025 ਨੂੰ ਤਕਰੀਬਨ ਭੋਗ ਪਾ ਦਿੱਤਾ ਹੈ। ਇਸ ਦੀ ਥਾਂ ਲਿਆਂਦਾ ‘ਵੀਬੀ -ਜੀ ਰਾਮ- ਜੀ’ ਬਿੱਲ ਲੋਕ ਸਭਾ ਵਲੋਂ ਪਾਸ ਕਰ ਦਿੱਤਾ ਗਿਆ ਹੈ। ਦੇਸ਼ ਦੀ ਰਾਸ਼ਟਰਪਤੀ ਨੇ ਗਜ਼ਬ ਦੀ ਫੁਰਤੀ ਦਿਖਾਉਂਦਿਆਂ 21 ਦਸੰਬਰ 2025 ਨੂੰ ਐਤਵਾਰ ਵਾਲੇ ਦਿਨ ਹੀ ਇਸ ‘ਤੇ ਦਸਤਖ਼ਤ ਵੀ ਕਰ ਦਿੱਤੇ ਸਨ। ਸਿੱਟੇ ਵਜੋਂ ਮਗਨਰੇਗਾ ਦੀ ਥਾਂ ਉਕਤ ਨਵਾਂ ਕਾਨੂੰਨ ਹੋਂਦ ‘ਚ ਆ ਗਿਆ ਹੈ। ਲੋਕਾਂ ‘ਚ ਭੁਲੇਖੇ ਖੜ੍ਹਾ ਕਰਨ ਲਈ ਕੇਂਦਰੀ ਕੈਬਨਿਟ ਨੇ ਇਸ ਤੋਂ ਪਹਿਲਾਂ 10 ਦਸੰਬਰ ਨੂੰ ਵੀ ਕਈ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਸੀ। ਉਦੋਂ ਕਿਹਾ ਗਿਆ ਸੀ ਕਿ ਮਗਨਰੇਗਾ ਦਾ ਨਾਂ ‘ਮਹਾਤਮਾ ਗਾਂਧੀ’ ਦੀ ਥਾਂ ‘ਪੂਜਿਆ ਬਾਪੂ’ ਕੀਤਾ ਜਾਵੇਗਾ ਅਤੇ ਕੰਮ ਦੇ ਦਿਨ 100 ਤੋਂ ਵਧਾ ਕੇ 125 ਕੀਤੇ ਜਾਣਗੇ। ਪਰ ਜਦੋਂ ਸਰਕਾਰ ਨੇ ਬਿੱਲਕੁੱਲ ਹੀ ਨਵੇਂ ਨਾਂ ਵਾਲਾ ‘ਵਿਕਸਿਤ ਭਾਰਤ (ਵੀਬੀ) ਗਾਰੰਟੀ (ਜੀ) ਰੁਜ਼ਗਾਰ ਤੇ ਆਜੀਵਿਕਾ ਮਿਸ਼ਨ (ਰਾਮ) ਗ੍ਰਾਮੀਣ ਭਾਵ ‘ਵੀਬੀ-ਜੀ ਰਾਮ ਜੀ’ ਬਿੱਲ ਲਿਆਂਦਾ ਤਾਂ ਪਤਾ ਲੱਗਾ ਕਿ ਇਹ ਸਿਰਫ ਨਾਂ ਦੀ ਹੀ ਤਬਦੀਲੀ ਨਹੀਂ ਸੀ, ਬਲਕਿ ਮੋਦੀ ਸਰਕਾਰ ਨੇ ਮਗਨਰੇਗਾ ਰਾਹੀਂ ਮਿਲਦਾ ਫਾਇਦਾ ਇਕੋ ਝਟਕੇ ਨਾਲ ਮੁੱਢੋਂ-ਸੁੱਢੋਂ ਰੱਦ ਹੀ ਕਰ ਦਿੱਤਾ ਹੈ।

    ਦੋਹਾਂ ਕਾਨੂੰਨਾਂ ਵਿਚਲਾ ਅੰਤਰ

    (1) ਪਹਿਲੇ ਮਗਨਰੇਗਾ ਕਾਨੂੰਨ ਅਧੀਨ 260 ਕੰਮਾਂ ਦੀ ਸੂਚੀ ‘ਚੋਂ ਪਿੰਡ ਪੱਧਰ ‘ਤੇ ਪੰਚਾਇਤ ਜਾਂ ਗ੍ਰਾਮ ਸਭਾ ਕੋਈ ਵੀ ਕੰਮ ਕਰਾਉਣ ਦਾ ਫੈਸਲਾ ਲੈ ਸਕਦੀ ਸੀ। ਪਰ ਨਵੇਂ ‘ਜੀ- ਰਾਮ ਜੀ’ ਕਾਨੂੰਨ ‘ਚ ਇਹ ਫੈਸਲਾ ਨਾ ਪੰਚਾਇਤ ਕਰੇਗੀ ਤੇ ਨਾ ਹੀ ਸੂਬਾ ਸਰਕਾਰ ਕਰ ਸਕੇਗੀ। ਹੁਣ ਇਹ ਨਿਰਣਾ ਕੇਂਦਰ ਸਰਕਾਰ ਕਰੇਗੀ। ਇਸ ਲਈ ਕੇਂਦਰ ਸਰਕਾਰ ਕੁੱਝ ਪੈਮਾਨੇ ਨਿਰਧਾਰਤ ਕਰੇਗੀ, ਜਿਨ੍ਹਾਂ ਦੇ ਆਧਾਰ ‘ਤੇ ਤੈਅ ਕੀਤਾ ਜਾਵੇਗਾ ਕਿ ਵੱਖੋ-ਵੱਖ ਸੂਬਿਆਂ ਨੂੰ ਕਿੰਨੇ ਫੰਡ ਦਿੱਤੇ ਜਾਣਗੇ। ਕੇਵਲ ਚਾਰ ਤਰਜੀਹੀ ਖੇਤਰਾਂ; ਪਹਿਲਾ ਪਾਣੀ ਸੁਰੱਖਿਆ, ਦੂਜਾ ਮੂਲ ਪੇਂਡੂ ਆਧਾਰ ਭੂਤ ਢਾਂਚਾ, ਤੀਜਾ ਆਜੀਵਿਕਾ ਸਬੰਧੀ ਢਾਂਚਾ ਤੇ ਚੌਥਾ ਜਲਵਾਯੂ ਅਨੂਕੂਲ ਕਾਰਜ, ਦੇ ਕੰਮ ਹੀ ਕੀਤੇ ਜਾ ਸਕਣਗੇ। ਕੇਂਦਰੀ ਸਰਕਾਰ ਸੂਬਾ ਸਰਕਾਰਾਂ ਨੂੰ ਇਹ ਵੀ ਨਿਰਦੇਸ਼ ਦੇਵੇਗੀ ਕਿ ਕਿਹੜੇ ਪੇਂਡੂ ਖੇਤਰਾਂ ‘ਚ ਕਿਹੜੇ ਕੰਮ ਕਰਨੇ ਹਨ ਤੇ 125 ਦਿਨ ਕੰਮ ਕਿੱਥੇ ਦੇਣਾ ਹੈ।

    (2) ਮਗਨਰੇਗਾ ਕਾਨੂੰਨ ਮੁਤਾਬਕ ਪਿੰਡਾਂ ਦੇ ਕੰਮ ਕਰਨ ਦੇ ਚਾਹਵਾਨ ਲੋਕ ਜਦੋਂ ਕੰਮ ਦੀ ਲਿਖਤੀ ਮੰਗ ਕਰਦੇ ਸਨ ਤਾਂ ਉਨ੍ਹਾਂ ਨੂੰ ਕੰਮ ਦੇਣਾ ਹੀ ਪੈਂਦਾ ਸੀ। ਕੰਮ ਨਾ ਦੇਣ ਦੀ ਸੂਰਤ ‘ਚ ਬੇਰੁਜ਼ਗਾਰੀ ਭੱਤਾ ਦੇਣਾ ਪੈਂਦਾ ਸੀ। ਬੇਸ਼ੱਕ ਇਹ ਮੁਆਵਜ਼ਾ ਵਧੇਰੇ ਕਰਕੇ ਦਿੱਤਾ ਨਹੀਂ ਗਿਆ, ਪਰ ਘੱਟੋ- ਘੱਟ ਕਾਨੂੰਨ ‘ਚ ਇਸ ਦੀ ਵਿਵਸਥਾ ਤਾਂ ਸੀ। ਲੋਕ ਸਭਾ ‘ਚ ਪੁੱਛੇ ਗਏ ਸਵਾਲ ਨੰ. 1494 ਦੇ 9 ਦਸੰਬਰ 2025 ਨੂੰ ਕੇਂਦਰੀ ਰਾਜ ਮੰਤਰੀ ਕਮਲੇਸ਼ ਪਾਸਵਾਨ ਵਲੋਂ ਦਿੱਤੇ ਗਏ ਲਿਖਤੀ ਜਵਾਬ ਤੋਂ ਇਸ ਨੂੰ ਹੋਰ ਵੱਧ ਸਪੱਸ਼ਟਤਾ ਨਾਲ ਸਮਝਿਆ ਜਾ ਸਕਦਾ ਹੈ।

    ਪਾਰਲੀਮੈਂਟ ‘ਚ ਪਾਸ ਕੀਤੇ ਮਗਨਰੇਗਾ ਕਾਨੂੰਨ ਮੁਤਾਬਕ ਮੂਲ ਮੁੱਦਾ ਮਜ਼ਦੂਰਾਂ ਵੱਲੋਂ ਕੀਤੀ ਗਈ ਕੰਮ ਦਿੱਤੇ ਜਾਣ ਦੀ ਮੰਗ ਹੈ ਨਾ ਕਿ ਨਿਰਧਾਰਤ ਕੀਤਾ ਬਜਟ। ਯਾਦ ਕਰੋ, ਕੋਵਿਡ ਮਹਾਮਾਰੀ ਦੌਰਾਨ ਮੋਦੀ ਵੱਲੋਂ ਅਚਾਨਕ ਲੋਕ ਡਾਉਨ ਲਾਏ ਜਾਣ ਕਰਕੇ ਜਦੋਂ ਫੈਕਟਰੀਆਂ-ਕਾਰਖਾਨੇ ਤੇ ਹੋਰ ਕਾਰੋਬਾਰ ਬੰਦ ਹੋ ਗਏ ਸਨ ਤਾਂ ਚੰਗੀਆਂ-ਚੋਖੀਆਂ ਤਨਖਾਹਾਂ ਲੈਂਦੇ ਲੱਖਾਂ ਮਜ਼ਦੂਰ ਬੇਕਾਰ ਹੋ ਗਏ ਸਨ। ਨਤੀਜਾ-ਦੇਸ਼ ਭਰ ’ਚ, ਖਾਸ ਕਰਕੇ ਯੂ.ਪੀ., ਬਿਹਾਰ ਆਦਿ ਸੂਬਿਆਂ ‘ਚ ਮਗਨਰੇਗਾ ਅਧੀਨ ਕੰਮ ਦੀ ਮੰਗ ਵੱਧ ਗਈ ਸੀ।

    ਉਦੋਂ ਬਜਟ ‘ਚ ਮਗਨਰੇਗਾ ਲਈ ਰਾਖਵਾਂ ਰੱਖਿਆ ਗਿਆ ਫੰਡ ਤਾਂ ਬੇਸ਼ੱਕ ਕੇਵਲ 61ਹਜਾਰ 500 ਕਰੋੜ ਰੁਪਏ ਹੀ ਸੀ। ਪਰ ਕੰਮ ਦੀ ਮੰਗ ਵੱਧ ਜਾਣ ਕਰਕੇ ਖਰਚ 1 ਲੱਖ 11 ਹਜ਼ਾਰ 171 ਕਰੋੜ ਰੁਪਏ ਕੀਤੇ ਗਏ ਸਨ। ਇਉਂ ਹੀ ਹੋਰ ਸਾਲਾਂ ‘ਚ ਵੀ ਹੋਇਆ ਸੀ।

    ਕਿਉਂਕਿ ਮਗਨਰੇਗਾ ਕਾਨੂੰਨ ਮੁਤਾਬਕ ਸਰਕਾਰ ਮਜ਼ਦੂਰਾਂ ਦੀ ਕੰਮ ਦੀ ਮੰਗ ਮੁਤਾਬਕ ਪੈਸੇ ਦੇਣ ਲਈ ਵਚਨਬੱਧ ਸੀ। ਦੇਸ਼ ਦੀਆਂ ਮਜ਼ਦੂਰ ਜਥੇਬੰਦੀਆਂ ਮਗਨਰੇਗਾ ਅਧੀਨ ਕੰਮ ਦੇ ਦਿਨ ਵਧਾਉਣ ਦੀ ਮੰਗ ਕਰ ਰਹੀਆਂ ਸਨ। ਇਨ੍ਹਾਂ ਚੋਂ ਕਈ ਸਾਲ ‘ਚ 200 ਦਿਨ ਤੇ ਕੋਈ ਸਾਰਾ ਸਾਲ ਕਰਨ ਦੀ ਮੰਗ ਕਰਦੀਆਂ ਆ ਰਹੀਆਂ ਹਨ। ਮਜ਼ਦੂਰ ਸੰਗਠਨ ਦਿਹਾੜੀ ਵਧਾਉਣ ਜਾਂ ਘੱਟੋ- ਘੱਟ ਉਜਰਤ ਦੇ ਬਰਾਬਰ ਕਰਨ ਦੀ ਮੰਗ ਵੀ ਕਰਦੇ ਆ ਰਹੇ ਸਨ। ਲੇਕਿਨ ਇਹ ਮੰਗਾਂ ਪੂਰੀਆਂ ਕਰਨ ਦੀ ਬਜਾਏ ਮੋਦੀ ਸਰਕਾਰ ਨੇ ਮੰਗ ‘ਤੇ ਅਧਾਰਿਤ ਰਕਮ ਮੁਹੱਈਆ ਕਰਵਾਉਣ ਵਾਲੇ ਕਾਨੂੰਨ ਦਾ ਹੀ ਫਸਤਾ ਵੱਢ ਦਿੱਤਾ ਹੈ। ਇਸਦੀ ਥਾਂ ਨਿਰੋਲ ਸਰਕਾਰ ਵੱਲੋਂ ਨਿਰਧਾਰਤ ਕੀਤੀ ਰਕਮ ‘ਤੇ ਅਧਾਰਿਤ ਕੰਮ ਦੇਣ ਦਾ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ । ਨਵੇਂ ਕਾਨੂੰਨ ਅਨੁਸਾਰ ਇਹ ਕੇਂਦਰੀ ਸਰਕਾਰ ਤਹਿ ਕਰੇਗੀ ਕਿ ਕਿੰਨੀ ਰਕਮ ਖਰਚਣੀ ਹੈ। ਬੱਸ ਉਸੇ ਮੁਤਾਬਕ ਹੀ ਕੰਮ ਦਿੱਤਾ ਜਾਵੇਗਾ। ਭਾਵ ਕੰਮ ਦਾ ਅਧਿਕਾਰ ਹੀ ਖਤਮ ਕਰ ਦਿੱਤਾ ਹੈ।

    (3) ਨਵੇਂ ਕਾਨੂੰਨ ‘ਵੀਬੀ -ਜੀ ਰਾਮ ਜੀ’ ਵਿਚ ਜੋ ਅਗਲਾ ਵੱਡਾ ਧੱਕਾ ਕੀਤਾ ਗਿਆ ਹੈ ਉਹ ਇਹ ਹੈ ਕਿ ਹੁਣ ਸਾਲ ‘ਚ 60 ਦਿਨ ਕੋਈ ਵੀ ਕੰਮ ਨਹੀਂ ਦਿੱਤਾ ਜਾਵੇਗਾ। ਸੂਬਾ ਸਰਕਾਰਾਂ ਨਿਰਧਾਰਤ ਕਰਨਗੀਆਂ ਕਿ ਸਬੰਧਤ ਸੂਬੇ ‘ਚ ਫਸਲ ਦੀ ਬਿਜਾਈ-ਕਟਾਈ ਦੌਰਾਨ ਇਹ 60 ਦਿਨ ਕਿਹੜੇ ਮਹੀਨਿਆਂ ‘ਚ ਹੋਣਗੇ। ਇਸ ਪਿੱਛੇ ਦਲੀਲ ਇਹ ਦਿੱਤੀ ਗਈ ਹੈ ਕਿ ਫਸਲ ਕਟਾਈ ਦੇ ਸੀਜਨ ‘ਚ ਖੇਤੀ ਲਈ ਮਜ਼ਦੂਰਾਂ ਦੀ ਘਾਟ ਪੈਦਾ ਹੋ ਜਾਂਦੀ ਹੈ। ਕਿਉਂਕਿ ਮਜ਼ਦੂਰ ਖੇਤੀ ਦੇ ਕੰਮ ‘ਤੇ ਜਾਣ ਦੀ ਬਜਾਏ ਮਗਨਰੇਗਾ ਅਧੀਨ ਕੰਮ ਕਰਨ ਜਾਂਦੇ ਹਨ ਜਾਂ ਜ਼ਿਆਦਾ ਦਿਹਾੜੀ ਮੰਗਦੇ ਹਨ। ਮਗਨਰੇਗਾ ਤੋਂ ਪਹਿਲਾਂ ਵੀ ਸੀਜ਼ਨ ਦੌਰਾਨ ਮਜ਼ਦੂਰਾਂ ਦੀ ਦਿਹਾੜੀ ਆਮ ਦਿਨਾਂ ਨਾਲੋਂ ਵੱਧ ਹੁੰਦੀ ਹੈ ਤੇ ਕਿਸਾਨੀ ਕਿੱਤੇ ‘ਚ ਆਮ ਤੌਰ ‘ਤੇ ਦਿਹਾੜੀ ਥੋੜ੍ਹੀ ਦਿੱਤੀ ਜਾਂਦੀ ਹੈ। ਸਰਕਾਰ ਇਹ ਤਜ਼ਵੀਜ਼ ਵੱਡੇ ਜਗੀਰਦਾਰਾਂ ਜਾਂ ਹੋਰ ਕਾਰੋਬਾਰੀਆਂ ਨੂੰ ਸਸਤੇ ਮਜ਼ਦੂਰ ਮੁਹੱਈਆ ਕਰਵਾਉਣ ਦੀ ਮੰਸ਼ਾ ਨਾਲ ਲਿਆਈ ਹੈ ਤੇ ਇਸਨੂੰ ਵਾਹੋ-ਦਾਹੀ ਪਾਸ ਵੀ ਕਰ ਦਿੱਤਾ ਹੈ। ਸੰਨ 2011 ਵਿਚ ਉਦੋਂ ਦੇ ਖੇਤੀ ਮੰਤਰੀ ਸ਼ਰਦ ਪਵਾਰ ਨੇ ਵੀ ਮਗਨਰੇਗਾ ਦਾ ਕੰਮ ਤਿੰਨ ਮਹੀਨਿਆਂ ਲਈ ਬੰਦ ਕਰਨ ਦੀ ਤਜ਼ਵੀਜ਼ ਲਿਆਂਦੀ ਸੀ ਜੋ ਭਖਵੀਂ ਵਿਚਾਰ-ਚਰਚਾ ਤੋਂ ਪਿੱਛੋਂ ਰੱਦ ਕਰ ਦਿੱਤੀ ਗਈ ਸੀ। ਮਗਨਰੇਗਾ ਬਣਨ ਵੇਲੇ ਵੀ ਕਈ ਅਖੌਤੀ ਆਰਥਿਕ ਮਾਹਿਰਾਂ ਨੇ ਮਜ਼ਦੂਰਾਂ ਦੀ ਘਾਟ ਹੋਣ ਦੀਆਂ ਦੁਹਾਈਆਂ ਪਾਈਆਂ ਸਨ । ਸਰਮਾਏਦਾਰਾਂ-ਜਗੀਰਦਾਰਾਂ ਨੂੰ ਮਜ਼ਦੂਰਾਂ ਨੂੰ ਮਗਨਰੇਗਾ ਅਧੀਨ ਦਿੱਤਾ ਜਾਂਦਾ ਅਸਲੋਂ ਨਿਗੂਣਾ ਜਿਹਾ ਕੰਮ ਵੀ ਬੜਾ ਚੁੱਭਦਾ ਹੈ। ਉਹ ਚਾਹੁੰਦੇ ਹਨ ਕਿ ਬੇਰੁਜ਼ਗਾਰਾਂ ਦੀਆਂ ਰਾਖਵੀਆਂ (ਰਿਜਰਵ) ਫੌਜਾਂ, ਮਾਮੂਲੀ ਉਜਰਤ ਲੈ ਕੇ ਉਨ੍ਹਾਂ ਦਾ ਕੰਮ ਕਰਨ ਵਾਸਤੇ ਸਦਾ ਤਿਆਰ ਬਰ ਤਿਆਰ ਖੜ੍ਹੀਆਂ ਰਹਿਣ।

    (4) ਨਵੇਂ ਕਾਨੂੰਨ ਰਾਹੀਂ ਮੋਦੀ ਸਰਕਾਰ ਵਲੋਂ ਬੋਲਿਆ ਗਿਆ ਅਗਲੇਰਾ ਵੱਡਾ ਹੱਲਾ ਵੀ ਬੜਾ ਘਾਤਕ ਹੈ। ਮਗਨਰੇਗਾ ‘ਤੇ ਹੁੰਦੇ ਖਰਚ ਦਾ 90% ਹਿੱਸਾ ਕੇਂਦਰ ਸਰਕਾਰ ਤੇ 10% ਹਿੱਸਾ ਸੂਬਾ ਸਰਕਾਰ ਦਿੰਦੀ ਸੀ। ਕੁਲ ਰਕਮ ਦਾ 60% ਹਿੱਸਾ ਮਜ਼ਦੂਰਾਂ ਦੀ ਦਿਹਾੜੀ ‘ਤੇ ਅਤੇ 40% ਹਿੱਸਾ ਪ੍ਰਬੰਧਨ ਤੇ ਸਾਜੋ-ਸਮਾਨ ‘ਤੇ ਖਰਚ ਹੁੰਦਾ ਸੀ। ਮਜ਼ਦੂਰਾਂ ਦੀ ਉਜਰਤ 100% ਕੇਂਦਰੀ ਸਰਕਾਰ ਦਿੰਦੀ ਸੀ, ਜਦਕਿ ਸਾਜੋ-ਸਮਾਨ ਤੇ ਪ੍ਰਬੰਧਨ ‘ਤੇ ਕੀਤੇ ਜਾਂਦੇ ਖਰਚੇ ਦਾ 75% ਹਿੱਸਾ ਕੇਂਦਰੀ ਸਰਕਾਰ ਤੇ 25% ਸੂਬਾ ਸਰਕਾਰ ਸਹਿਣ ਕਰਦੀ ਸੀ। ਕਈ ਵਾਰ ਪੰਚਾਇਤਾਂ ਵੱਲੋਂ ਖਰਚੇ ਕਰਨ ਦੇ ਬਾਵਜੂਦ ਵੀ ਇਹ ਪੈਸੇ ਮਿਲਦੇ ਨਹੀਂ ਸਨ, ਜਿਸ ਕਰਕੇ ਕਈ ਥਾਵਾਂ ‘ਤੇ ਕੰਮ ਹੀ ਬੰਦ ਹੋ ਜਾਂਦਾ ਸੀ। ਇਸ ਦਾ ਹੱਲ ਕੱਢਣ ਦੀ ਬਜਾਏ ਨਵੇਂ ਕਾਨੂੰਨ ‘ਚ ਜੰਮੂ-ਕਸ਼ਮੀਰ, ਹਿਮਾਚਲ, ਉਤਰਾਖੰਡ ਅਤੇ ਉਤਰ-ਪੂਰਬੀ ਸੂਬਿਆਂ ਵਾਸਤੇ ਤਾਂ ਪੁਰਾਣੀ 90% ਅਤੇ 10% ਵਾਲੀ ਹੀ ਵਿਵਸਥਾ ਰੱਖੀ ਹੈ। ਬਾਕੀ ਸਾਰੇ ਸੂਬਿਆਂ ਲਈ 60% ਅਤੇ 40% ਵਾਲੀ ਤੁਗਲਕੀ ਵਿਵਸਥਾ ਬਣਾ ਧਰੀ ਹੈ। ਯਾਨਿ ਮਗਨਰੇਗਾ ਦੇ ਕੁੱਲ ਖਰਚ ਦਾ 40% ਹਿੱਸਾ ਸੂਬੇ ਦੇਣਗੇ ਤੇ ਬਾਕੀ 60% ਹਿੱਸਾ ਕੇਂਦਰੀ ਸਰਕਾਰ ਦੇਵੇਗੀ। ਨਿਰਧਾਰਤ ਬਜਟ ਤੋਂ ਵੱਧ ਕੰਮ ਕਰਵਾਉਣ ਵਾਲੇ ਸੂਬਿਆਂ ਨੂੰ ਵਾਧੂ ਕੰਮ ਦਾ 100% ਖਰਚਾ ਵੀ ਕੋਲੋਂ ਹੀ ਕਰਨਾ ਪਵੇਗਾ। ਇਸ ਮੱਦ ‘ਤੇ ਬਹੁਤ ਤਿੱਖੀ ਬਹਿਸ ਹੋਈ ਹੈ। ਸੂਬਿਆਂ ਕੋਲ ਸਿਵਾਏ ਐਕਸਾਈਜ਼ ਤੇ ਰਜਿਸਟਰੀਆਂ ਦੀ ਸਟੈਂਪ ਡਿਊਟੀ ਤੋਂ ਆਮਦਨ ਦੇ ਕੋਈ ਹੋਰ ਸਾਧਨ ਹੀ ਨਹੀਂ ਹਨ। ਸਾਰੇ ਸਾਧਨ ਕੇਂਦਰ ਸਰਕਾਰ ਕੋਲ ਹਨ। ਸੂਬੇ ਇੰਨਾ ਪੈਸਾ ਖਰਚ ਹੀ ਨਹੀਂ ਕਰ ਸਕਣਗੇ। ਚੰਦਰ ਬਾਬੂ ਨਾਇਡੂ ਦੀ ਜਿਸ ਪਾਰਟੀ ਟੀ.ਡੀ.ਪੀ. ਦੇ ਸਹਾਰੇ ਮੋਦੀ ਸਰਕਾਰ ਟਿਕੀ ਹੋਈ ਹੈ, ਉਸ ਦੇ ਮੈਂਬਰਾਂ ਨੇ ਵੀ ਕਿਹਾ ਹੈ ਕਿ ਸੂਬੇ ਇੰਨਾ ਭਾਰ ਨਹੀਂ ਚੁੱਕ ਸਕਣਗੇ। ਸਰਕਾਰ ਦਾ ਅਨੁਮਾਨ ਹੈ ਕਿ ਕੁੱਲ ਸਲਾਨਾ ਖਰਚ 1 ਲੱਖ 51 ਹਜ਼ਾਰ 282 ਕਰੋੜ ਹੋਵੇਗਾ, ਜਿਸ ਵਿਚ ਕੇਂਦਰ ਸਰਕਾਰ 95 ਹਜ਼ਾਰ 692 ਕਰੋੜ ਤੇ ਸੂਬੇ 55 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਪਾਉਣਗੇ । ਸੀ.ਪੀ.ਆਈ.(ਐਮ.) ਦੇ ਰਾਜ ਸਭਾ ਮੈਂਬਰ ਕਾਮਰੇਡ ਜੌਹਨ ਬਰਿਟਾਸ ਨੇ ਵੀ ਇਸ ਨੂੰ ਸੂਬਿਆਂ, ਖਾਸ ਕਰਕੇ ਕੇਰਲਾ ਨਾਲ ਧੱਕਾ ਕਰਾਰ ਦਿੱਤਾ ਹੈ।

    (5) ਅਗਲੀ ਤਕਲੀਫ ਦੇਹ ਗੱਲ ਇਹ ਹੈ ਕਿ ਕੰਮ ਦੇ ਦਿਨ ਤਾਂ ਸਾਲ ‘ਚ 100 ਤੋਂ ਵਧਾ ਕੇ 125 ਦਿਨ ਕਰ ਦਿੱਤੇ ਗਏ ਹਨ। ਇਸਨੂੰ ਖੂਬ ਪ੍ਰਚਾਰਿਆ ਵੀ ਜਾ ਰਿਹਾ ਹੈ। ਇਸ ਬਾਰੇ ‘ਇੰਡੀਅਨ ਐਕਸਪ੍ਰੈਸ’ ‘ਚ ਛਪੇ ਆਪਣੇ ਲੇਖ ਰਾਹੀਂ ਸ਼੍ਰੀ ਹਰੀ ਕ੍ਰਿਸ਼ਨ ਸ਼ਰਮਾ ਦੱਸਦੇ ਹਨ, “ਮਗਨਰੇਗਾ ਐਕਟ ਦਾ ਸੈਕਸ਼ਨ 3 (1) ਕਹਿੰਦਾ ਸੀ ਕਿ ਹਰ ਦਿਹਾਤੀ ਪਰਿਵਾਰ ਨੂੰ ਸਾਲ ‘ਚ 100 ਦਿਨ ਤੋਂ ਘੱਟ ਕੰਮ ਨਹੀਂ ਦਿੱਤਾ ਜਾਵੇਗਾ। ਭਾਵ ਘੱਟੋ ਘੱਟ 100 ਦਿਨਾਂ ਦੇ ਕੰਮ ਦੀ ਗਾਰੰਟੀ ਕੀਤੀ ਗਈ ਸੀ। ਜਿਸਨੂੰ ਹੌਲੀ ਹੌਲੀ ਇਹ ਬਣਾ ਦਿੱਤਾ ਗਿਆ ਕਿ ਵੱਧ ਤੋਂ ਵੱਧ 100 ਦਿਨ ਕੰਮ ਦੇਣਾ ਹੈ। ਜਦੋਂ ਸਾਰਾ ਕੁੱਝ ਪੋਰਟਲਾਂ ‘ਤੇ ਪਾਇਆ ਗਿਆ ਤਾਂ ਇਹ ਪੋਰਟਲ 100 ਦਿਨ ਤੋਂ ਵੱਧ ਦੀ ਐਂਟਰੀ ਚੁੱਕਦੇ ਹੀ ਨਹੀਂ ਸਨ। ਦੂਜਾ ਇਹ ਕਿ ਪਿਛਲੇ ਕਿੰਨੇ ਸਾਲਾਂ ਤੋਂ ਔਸਤ 45-50 ਦਿਨ ਪ੍ਰਤੀ ਸਾਲ ਹੀ ਕੰਮ ਦਿੱਤਾ ਗਿਆ ਹੈ। ਜਿਨ੍ਹਾਂ ਨੂੰ 100 ਦਿਨ ਕੰਮ ਮਿਲਿਆ ਹੈ ਉਨ੍ਹਾਂ ਦੀ ਗਿਣਤੀ 5-6% ਤੋਂ ਵੱਧ ਨਹੀਂ। ਹਰਿਆਣਾ ‘ਚ ਤਾਂ ਇਹ ਗਿਣਤੀ ਅੱਧਾ ਪ੍ਰਸੈਂਟ ਤੋਂ ਵੀ ਨਹੀਂ ਟੱਪੀ। ਸੂਬਿਆਂ ਤੇ ਆਰਥਿਕ ਭਾਰ ਵੱਧਣ ਨਾਲ ਕੰਮ ਦੇ 125 ਦਿਨ ਸਿਰਫ ਕਾਗਜ਼ਾਂ ‘ਚ ਰਹਿਣਗੇ ਜਦਕਿ ਅਮਲੀ ਤੌਰ ‘ਤੇ ਕੰਮ ਸਾਲ ‘ਚ 50 ਦਿਨ ਵੀ ਨਹੀਂ ਮਿਲੇਗਾ। ਪਹਿਲਾਂ ਹੀ ਵੱਡੇ ਕਰਜ਼ਿਆਂ ਹੇਠ ਦੱਬੇ ਸੂਬੇ ਇਹ ਭਾਰ ਚੁੱਕ ਹੀ ਨਹੀਂ ਸਕਣਗੇ ਤੇ ਇਸ ਦਾ ਨਤੀਜਾ ਕਰੋੜਾਂ ਲੋਕਾਂ ਤੋਂ ਕੰਮ ਖੁੱਸ ਜਾਣ ਦੇ ਰੂਪ ‘ਚ ਨਿਕਲੇਗਾ।”

    Screenshot

    ਕੁੱਝ ਮਹੱਤਵਪੂਰਨ ਟਿੱਪਣੀਆਂ

    ‘ਦ ਵਾਇਰ’ ‘ਚ ਗੁਨਾਸੇਕਰ ਲਿਖਦੇ ਹਨ, “ਸਾਰਾ ਕੁੱਝ ਕੇਂਦਰੀ ਸਰਕਾਰ ਤਹਿ ਕਰੇਗੀ, ਪਰ ਸੂਬੇ, ਖਾਸ ਕਰਕੇ ਵਿਰੋਧੀ ਦਲਾਂ ਦੀਆਂ ਸਰਕਾਰਾਂ ਵਾਲੇ ਪ੍ਰਾਂਤ ਲਾਗੂ ਨਾ ਕਰ ਸਕਣ ਕਰਕੇ ਬਦਨਾਮੀ ਖੱਟਣਗੇ।” ਉਨ੍ਹਾਂ ਕਿਹਾ ਕਿ ‘ਜ਼ਿੰਮੇਵਾਰੀ ਜ਼ੀਰੋ ਪਰ ਸਾਰੇ ਕੰਮ ਦੀ ਹੀਰੋ’ ਕੇਂਦਰੀ ਸਰਕਾਰ ਹੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੀ ਰਾਮ ਜੀ ਕੰਮ ਦੀ ਗਾਰੰਟੀ ਤੇ ਕੰਮ ਦੇ ਅਧਿਕਾਰ ਦਾ ਕਾਨੂੰਨ ਨਹੀਂ, ਬਲਕਿ, ਕੇਂਦਰੀ ਸਰਕਾਰ ਵੱਲੋਂ ਐਲਾਨੀਆਂ ਨਿਰੋਲੇ ਥੋਥੇ ਪ੍ਰਚਾਰ ‘ਤੇ ਅਧਾਰਿਤ ਕਿੰਨੀਆਂ ਹੀ ਸਕੀਮਾਂ ਵਰਗੀ ਇਕ ਸਕੀਮ ਹੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਚ ਕੇਂਦਰੀ ਰੁਜ਼ਗਾਰ ਗਾਰੰਟੀ ਕੌਂਸਲ ਵਿਚੋਂ ਗੈਰ ਸਰਕਾਰੀ ਮੈਂਬਰਾਂ ਦਾ ਔਰਤਾਂ ਤੇ ਤੀਜਾ ਹਿੱਸਾ ਅਨੁਸੂਚਿਤ ਜਾਤੀਆਂ/ਕਬੀਲਿਆਂ/ਹੋਰ ਪੱਛੜੇ ਤਬਕਿਆਂ/ਘੱਟ ਗਿਣਤੀਆਂ ਦਾ ਜਾਣ ਬੁੱਝ ਕੇ ਘੱਟੋ ਘੱਟ ਤੀਜਾ ਹਿੱਸਾ ਹਟਾ ਦਿੱਤਾ ਹੈ। ਜਦਕਿ ਸੂਬਾਈ ਕੌਂਸਲਾਂ ‘ਚ ਬਰਕਰਾਰ ਰੱਖਿਆ ਹੈ। ਇੰਡੀਅਨ ਐਕਸਪ੍ਰੈਸ ‘ਚ ਲਗਾਤਾਰ ਖੇਤੀਬਾੜੀ ਤੇ ਲਿਖਦੇ ਹਰੀਸ਼ ਦਮੋਦਰਨ ਕਹਿੰਦੇ ਹਨ ਕਿ ਮਨਰੇਗਾ ਕਾਰਨ ਸੀਜਨ ਦੌਰਾਨ ਵੱਡੀ ਪੱਧਰ ‘ਤੇ ਮਜ਼ਦੂਰਾਂ ਦੀ ਘਾਟ ਹੋਣ ਦੇ ਕੋਈ ਵੀ ਸਬੂਤ ਨਹੀਂ ਹਨ। ਉਹ ਇਹ ਕਹਿੰਦੇ ਹਨ ਕਿ ਪਿਛਲੇ ਦਸ ਸਾਲਾਂ ਦੌਰਾਨ 4 ਸਾਲ ਮਜ਼ਦੂਰਾਂ ਦੀਆਂ ਉਜਰਤਾਂ ‘ਚ ਵਾਧਾ, ਮਹਿੰਗਾਈ ਵਾਧੇ ਦੀ ਦਰ ਨਾਲੋਂ ਘੱਟ ਰਿਹਾ ਹੈ ਤੇ ਬਾਕੀ 6 ਸਾਲ ਲਗਭਗ ਬਰਾਬਰ। ਉਨ੍ਹਾਂ ਨੇ ਤੱਥਾਂ ਸਹਿਤ ਸਰਕਾਰ ਦੀਆਂ ਦਲੀਲਾਂ ਤੇ ਬਹਾਨਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

    ਉਘੇ ਕਾਰਕੁੰਨਾਂ ਨਿਖਿਲ ਡੇ ਅਤੇ ਅਰੁਨਾ ਰੌਏ ਨੇ ਲਿਖਿਆ ਹੈ ਕਿ ਨਵੇਂ ਕਾਨੂੰਨ ‘ਜੀ ਰਾਮ ਜੀ’ ਨਾਲ ਪੇਂਡੂ ਰੁਜ਼ਗਾਰ ਦੀ ਅਵਸਥਾ ਮਗਨਰੇਗਾ ਕਾਨੂੰਨ ਤੋਂ ਪਹਿਲਾਂ ਵਾਲੀ ਹੋ ਗਈ ਹੈ, ਜਦੋਂ ਅਧਿਕਾਰ ਵਜੋਂ ਨਹੀਂ ਬਲਕਿ ਕਦੇ ਕੰਮ ਬਦਲੇ ਅਨਾਜ, ਕਦੇ ਕੌਮੀ ਪੇਂਡੂ ਰੁਜ਼ਗਾਰ ਪ੍ਰੋਗਰਾਮ ਤੇ ਕਦੇ ਜਵਾਹਰ ਰੁਜ਼ਗਾਰ ਯੋਜਨਾ ਦੇ ਨਾਂ ‘ਤੇ ਸਰਕਾਰਾਂ ਦੀ ਅਹਿਸਾਨਮੰਦੀ ਵਜੋਂ ਮਾਮੂਲੀ ਰੁਜ਼ਗਾਰ ਮਿਲਦਾ ਸੀ। ਜਿਸ ਤੋਂ ਅੱਗੇ ਜਾਂਦਿਆਂ ਖੱਬੀਆਂ ਧਿਰਾਂ ਅਤੇ ਉਘੇ ਕਾਰਕੁੰਨਾਂ ਨਿਖਿਲ ਡੇ, ਅਰੁਨਾ ਰੌਏ ਅਤੇ ਪ੍ਰੋਫੈਸਰ ਜੀਨ ਡਰੇਜ਼ ਨੇ ਕਈ ਮੁਹਿੰਮਾਂ ਚਲਾਈਆਂ। ਯਾਦ ਰਹੇ ਬੈਲਜ਼ੀਅਮ ‘ਚ ਜੰਮੇ ਪ੍ਰੋਫੈਸਰ ਜੀਨ ਡਰੇਜ ਤੇ ਅਰੁਨਾ ਰੌਏ ਮਗਨਰੇਗਾ ਕਾਨੂੰਨ ਦਾ ਖਰੜਾ ਤਿਆਰ ਕਰਨ ਵਾਲੀ ਟੀਮ ਦਾ ਹਿੱਸਾ ਵੀ ਰਹੇ ਸਨ।

    ਨਿਖਿਲ ਡੇ ਨੇ ਕਰਨ ਥਾਪਰ ਨੂੰ ਦਿੱਤੀ ਇੰਟਰਵਿਊ ‘ਚ ਕਿਹਾ ਕਿ ਸਾਡਾ ਕੇਂਦਰੀ ਨਾਹਰਾ ਹੁੰਦਾ ਸੀ, ‘ਹਰ ਹਾਥ ਕੋ ਕਾਮ ਦੋ-ਕਾਮ ਕਾ ਪੂਰਾ ਦਾਮ ਦੋ’। ਅਸੀਂ ਪੂਰੇ ਦਾਮ ਲਈ ਮਗਨਰੇਗਾ ਅਧੀਨ ਅਜੇ ਵੀ ਲੜ ਰਹੇ ਹਾਂ। ਪਰ ਸਰਕਾਰ ਨੇ ਉਹ ਕਾਨੂੰਨ ਹੀ ਖਤਮ ਕਰ ਦਿੱਤਾ ਹੈ। ਉਨ੍ਹਾਂ ਨੇ ਬਹੁਤ ਦੇਰ ਤੋਂ ‘ਮਜ਼ਦੂਰ-ਕਿਸਾਨ ਸ਼ਕਤੀ ਸੰਗਠਨ’ ਬਨਾਇਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਹ ਸਭ ਆਪਣੇ ਜਗੀਰਦਾਰ-ਸਰਮਾਏਦਾਰ ਆਕਾਵਾਂ ਲਈ ਕੀਤਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਕਾਨੂੰਨ ਦੇ ਬਣਨ ਵੇਲੇ ਇਤਿਹਾਸਕ ਰਾਜਨੀਤਕ ਸਹਿਮਤੀ ਹੋਈ ਸੀ ਤੇ ਰੱਦ ਕਰਨ ਵੇਲੇ ਹੁਣ ਸਾਰੀ ਵਿਰੋਧੀ ਧਿਰ ਨਵੇਂ ਕਾਨੂੰਨ ਦੇ ਵਿਰੁੱਧ ਹੈ। ਇਹ (ਨਵਾਂ ਕਾਨੂੰਨ) ਮਜ਼ਦੂਰਾਂ ਨੂੰ ਕੰਮ, ਅਧਿਕਾਰ ਵਜੋਂ ਨਹੀਂ, ਭੀਖ ਵਜੋਂ ਦੇ ਰਿਹਾ ਹੈ। ਦੁਨੀਆਂ ਦੇ ਬਹੁਤ ਵੱਡੇ ਅਰਥ ਸ਼ਾਸਤਰੀਆਂ ਨੋਬਲ ਪੁਰਸਕਾਰ ਜੇਤੂ ਜੋਸਫ ਸਟਿਗਲਿਟਜ਼, ਥੌਮਸ ਪਿੱਕਟੀ, ਡੈਰਿਕ ਮਿਲਟਨ, ਪਾਵਲੀਨਾ ਆਰ. ਰੈਨਕਿਲਵਰੇ, ਜੇਮਜ ਗਲਬਰੇਥ ਅਤੇ ਈਸਾਬੈਲ ਫੈਰੇਰਾਜ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖ ਕੇ ਮਗਨਰੇਗਾ ਕਾਨੂੰਨ ਰੱਦ ਨਾ ਕਰਨ ਲਈ ਕਿਹਾ ਹੈ। ਉਨ੍ਹਾਂ ਇਸ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਰੁਜ਼ਗਾਰ ਗਾਰੰਟੀ ਕਾਨੂੰਨ ਕਿਹਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸਨੂੰ ਰੱਦ ਕਰਨਾ ਭਾਰਤ ਸਰਕਾਰ ਦੀ ‘ਇਤਿਹਾਸਕ ਗਲਤੀ ਹੋਵੇਗੀ।

    ਮੋਦੀ ਨੇ 27 ਫਰਵਰੀ 2015 ਨੂੰ ਸਦਨ ‘ਚ ਬੋਲਦਿਆਂ ਮਗਨਰੇਗਾ ਨੂੰ ‘ਪਿਛਲੇ 70 ਸਾਲਾਂ ਦੀਆਂ ਅਸਫਲਤਾਵਾਂ ਦਾ ਸਮਾਰਕ’ ਕਿਹਾ ਸੀ। ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਕਾਂਗਰਸ ਦੀਆਂ ਨਾਕਾਮੀਆਂ ਦੇ ਇਸ ਸਮਾਰਕ ਨੂੰ ਖਤਮ ਨਹੀਂ ਕਰੇਗਾ ਤੇ ਗਾਜ਼ੇ-ਬਾਜ਼ੇ ਨਾਲ ਇਸ ਸਮਾਰਕ ਦਾ ਢੋਲ ਵਜਾਉਂਦਾ ਰਹੇਗਾ। ਉਨ੍ਹਾਂ ਸਵਾਲੀਆ ਲਹਿਜੇ ‘ਚ ਕਿਹਾ ਸੀ, “ਟੋਏ ਪੁੱਟਣਾ ਵੀ ਕੋਈ ਕੰਮ ਹੈ?” ਪਰ 10 ਸਾਲਾਂ ਬਾਅਦ ਉਸੇ ਮੋਦੀ ਨੇ ਉਸੇ ਸਮਾਰਕ ਨੂੰ ਖਤਮ ਕਰ ਦਿੱਤਾ ਹੈ। ਨਵੇਂ ਬਣਾਏ ਕਾਨੂੰਨ ‘ਜੀ ਰਾਮ ਜੀ’ ਬਾਰੇ ਪ੍ਰੋ. ਸੰਤੋਸ਼ ਮਹਿਰੋਤਰਾ ਨੇ ਵਿਅੰਗ ਨਾਲ ਕਿਹਾ ਹੈ ਕਿ, “ਇਹ ਕਾਨੂੰਨ ਕੋਈ ਰਾਮਾਇਣ ਨਹੀਂ ਰਚੇਗਾ ਬਲਕਿ ਇਹ ਕੇਂਦਰ ਤੇ ਸੂਬਿਆਂ ਵਿਚਕਾਰ ਮਹਾਂਭਾਰਤ ਸਿੱਧ ਹੋਵੇਗਾ।” ਅਸਾਨੂੰ ਵੀ ਲੱਗਦਾ ਹੈ ਕਿ ਇਹ ਕਰੋੜਾਂ ਮਜ਼ਦੂਰਾਂ ਅਤੇ ਮੋਦੀ ਸਰਕਾਰ ਤੇ ਸੰਘ-ਭਾਜਪਾ ਦਰਮਿਆਨ ਮਹਾਭਾਰਤ ਹੋਵੇਗਾ, ਜਿਸ ‘ਚ ਲਾਜ਼ਮੀ ਮਜ਼ਦੂਰਾਂ ਦੀ ਜਿੱਤ ਹੋਵੇਗੀ। ਖੇਤੀ ਕਾਨੂੰਨਾਂ ਵਾਂਗ ਕੇਂਦਰ ਸਰਕਾਰ ਨੂੰ ਨਾ ਸਿਰਫ ਮਨਰੇਗਾ ਬਹਾਲ ਕਰਨਾ ਪਵੇਗਾ ਬਲਕਿ ਉਸ ਅੰਦਰ ਰਹਿੰਦੀਆਂ ਖਾਮੀਆਂ ਵੀ ਦੂਰ ਕਰਨੀਆਂ ਪੈਣਗੀਆਂ।

  • ਸਥਾਪਤੀ ਦੇ ਹੱਕ ‘ਚ ਭੁਗਤਦਾ ਹੈ ਕਿਰਤੀ ਜਨਸਮੂਹਾਂ ਨੂੰ ਰਾਜਨੀਤੀ ਤੋਂ ਨਿਰਲੇਪ ਰੱਖਣ ਦਾ ਖੋਟਾ ਬ੍ਰਿਤਾਂਤ

    ਸਥਾਪਤੀ ਦੇ ਹੱਕ ‘ਚ ਭੁਗਤਦਾ ਹੈ ਕਿਰਤੀ ਜਨਸਮੂਹਾਂ ਨੂੰ ਰਾਜਨੀਤੀ ਤੋਂ ਨਿਰਲੇਪ ਰੱਖਣ ਦਾ ਖੋਟਾ ਬ੍ਰਿਤਾਂਤ


    ਪੰਜਾਬ ਦੇ ਵੱਖੋ-ਵੱਖ ਜਨ ਸੰਗਠਨ, ਸਾਂਝੇ ਥੜ੍ਹੇ ਉਸਾਰ ਕੇ ਜਾਂ ਆਜ਼ਾਦਾਨਾ ਤੌਰ ‘ਤੇ ਆਪੋ-ਆਪਣੇ ਤਬਕਿਆਂ ਦੀਆਂ ਆਰਥਿਕ-ਸਮਾਜਿਕ ਮੰਗਾਂ ਦੀ ਪ੍ਰਾਪਤੀ ਲਈ ਨਿਰੰਤਰ ਘੋਲ ਲੜ ਰਹੇ ਹਨ। ਬਿਨਾਂ ਸ਼ੱਕ, ਇਹ ਅਜੋਕੇ ਦੌਰ ਦਾ ਮਾਣ ਕਰਨ ਯੋਗ ਵਰਤਾਰਾ ਹੈ। ਪੰਜਾਬ ਦੇ ਕਿਸਾਨਾਂ ਵਲੋਂ ਆਰੰਭੇ ਅਤੇ ਦੇਸ਼ ਵਿਆਪੀ ਕਿਸਾਨ ਘੋਲ ਬਣੇ ਅਜਿਹੇ ਹੀ ਲੰਮੇ, ਬਾਜ਼ਾਬਤਾ ਸੰਘਰਸ਼ ਦੇ ਨਤੀਜੇ ਵਜੋਂ ਮੋਦੀ ਸਰਕਾਰ ਨੂੰ ਖੇਤੀ-ਕਿਸਾਨੀ ਕਿੱਤਾ ਦੇਸੀ-ਵਿਦੇਸ਼ੀ ਕਾਰਪੋਰੇਟ ਲੋਟੂਆਂ ਦੇ ਹੱਥੀਂ ਸੌਂਪਣ ਦਾ ਮੁੱਢ ਬੰਨ੍ਹਣ ਵਾਲੇ ਆਪਣੇ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ ਸਨ। ਦਿੱਲੀ ਦੀਆਂ ਬਰੂਹਾਂ ‘ਤੇ ਸਾਲ ਭਰ ਮੋਰਚੇ ਮੱਲ ਕੇ ਲੜੇ ਗਏ ਉਸ ਸ਼ਾਂਤਮਈ ਕਿਸਾਨ ਘੋਲ ਦੌਰਾਨ 700 ਤੋਂ ਵਧੇਰੇ ਕਿਸਾਨ-ਮਜ਼ਦੂਰ ਤੇ ਔਰਤਾਂ ਨੇ ਸ਼ਹੀਦੀ ਦਿੱਤੀ ਅਤੇ ਹੋਰ ਅਨੇਕਾਂ ਵੱਖੋ-ਵੱਖ ਰੋਗਾਂ ਦਾ ਸ਼ਿਕਾਰ ਬਣ ਕੇ ਘਰਾਂ ਨੂੰ ਪਰਤੇ। ਘੋਲ ਦੌਰਾਨ ਸਰਕਾਰ, ਕੇਂਦਰੀ ਏਜੰਸੀਆਂ ਤੇ ਇਨ੍ਹਾਂ ਦੇ ਹੱਥਠੋਕੇ ਭੜਕਾਊ ਤੱਤਾਂ ਅਤੇ ਸੰਕੀਰਨ ਸੋਚ ਦੇ ਧਾਰਨੀ ਅਖੌਤੀ ਧਰਮ-ਰੱਖਿਅਕਾਂ ਨੇ ਕਿਸਾਨਾਂ- ਮਜ਼ਦੂਰਾਂ ਅਤੇ ਆਮ ਲੋਕਾਂ ਦਰਮਿਆਨ ਉੱਸਰੀ ਫੌਲਾਦੀ ਏਕਤਾ ਤੋੜਨ ਲਈ ਹਰ ਹਰਬਾ ਵਰਤਿਆ ਸੀ। ਵਿਸ਼ਵ ਭਰ ‘ਚ ਸਰਾਹੇ ਗਏ ਉਕਤ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਸਰਕਾਰੀ ਸ਼ਹਿ ਪ੍ਰਾਪਤ ਅਨੇਕਾਂ ਨਾਮ-ਨਿਹਾਦ ਕਿਸਾਨ ਸੰਗਠਨਾਂ ਅਤੇ ਨੌਜਵਾਨਾਂ ਦੇ ਫਰਜ਼ੀ ਰਹਿਬਰਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸਰਵ ਸੰਮਤ ਫੈਸਲਿਆਂ ਦੇ ਉਲਟ ਭੜਕਾਊ ਨਾਹਰਿਆਂ ‘ਤੇ ਆਧਾਰਿਤ ਅਰਾਜਕਤਾਵਾਦੀ ਐਕਸ਼ਨ ਵੀ ਕੀਤੇ ਸਨ। ਇਨ੍ਹਾਂ ਹੀ ਕੁਚਾਲਾਂ ਦੀ ਕੜੀ ਵਜੋਂ ‘ਨਿਹੰਗ’ ਬਾਣੇ ‘ਚ ਪਲ ਰਹੇ ਕੁੱਝ ਸਰਕਾਰੀ ਗੁੰਡਿਆਂ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾਂ ਦੇ ਇਕ ਨਿਰਦੋਸ਼ ਵਿਅਕਤੀ ਦਾ ਵਹਿਸ਼ੀਆਨਾ ਕਤਲ ਕਰ ਦਿੱਤਾ ਸੀ। ਇਹੋ ਨਹੀਂ ਐਸ.ਕੇ.ਐਮ. ਵਲੋਂ ਦਿੱਲੀ ਦੀਆਂ ਸੜਕਾਂ ‘ਤੇ ਤੈਅਸ਼ੁਦਾ ਰੂਟ ‘ਤੇ ਕੀਤਾ ਜਾਣ ਵਾਲਾ ਵਿਸ਼ਾਲ ਤੇ ਵਿਲੱਖਣ ਟਰੈਕਟਰ ਮਾਰਚ ਵੀ ਸਰਕਾਰੀ ਸਾਜ਼ਿਸ਼ ਤਹਿਤ ਸਾਬੋਤਾਜ ਕੀਤਾ ਗਿਆ ਸੀ। ਮਿਥੇ ਰੂਟ ਦੇ ਮੁਕਾਬਲੇ ਚੰਦ ਕੁ ਲੋਕ ਵੱਖਰੇ ਰਸਤੇ ਰਾਹੀਂ ਲਾਲ ਕਿਲੇ ਵੱਲ ਗਏ, ਉੱਥੇ ਪੁੱਜ ਕੇ ਹੁਲੜਬਾਜ਼ੀ ਕੀਤੀ ਅਤੇ ਵੱਖਵਾਦੀ ਨਾਹਰੇ ਲਾਏ। ਇਹ ਸਮੁੱਚਾ ਕਾਰ-ਵਿਹਾਰ, ਸਰਕਾਰ ਨੂੰ ਤਸ਼ੱਦਦ ਰਾਹੀਂ ਲੋਕਾਂ ਨੂੰ ਖਦੇੜਣ ਦਾ ਬਹਾਨਾ ਦੇ ਕੇ ਕਿਸਾਨ ਲਹਿਰ ਨਾਲ ਧ੍ਰੋਹ ਕਮਾਉਣ ਦਾ ਵੱਡਾ ਯਤਨ ਸੀ। ਐਪਰ ਸੁੱਘੜ-ਸਿਆਣੇ ਕਿਸਾਨ ਆਗੂਆਂ ਦੀ ਸਾਂਝੀ ਤੇ ਸੁਚੱਜੀ ਅਗਵਾਈ ਸਦਕਾ ਕੌਮਾਂਤਰੀ ਪ੍ਰਸਿੱਧੀ ਵਾਲਾ ਇਹ ਵਿਸ਼ਾਲ ਘੋਲ ਕਦਮ ਦਰ ਕਦਮ ਜਿੱਤ ਵੱਲ ਵੱਧਦਾ ਗਿਆ। ਅੰਤ ਪ੍ਰਧਾਨ ਮੰਤਰੀ ਨੂੰ ਟੀ.ਵੀ. ਰਾਹੀਂ ਉਕਤ ‘ਤਿੰਨ ਕਾਲੇ ਕਾਨੂੰਨ’ ਵਾਪਸ ਲੈਣ ਦਾ ਐਲਾਨ ਕਰਨ ਅਤੇ ਪਾਰਲੀਮੈਂਟ ਚ ਰੱਦ ਕਰਨ ਦਾ ਅੱਕ ਚੱਬਣਾ ਪਿਆ ਸੀ।

    ਹੁਣ ਵੀ ਸਨਅਤੀ ਕਾਮਿਆਂ, ਬੇਜ਼ਮੀਨੇ ਪੇਂਡੂ ਕਿਰਤੀਆਂ ਤੇ ਖੇਤ ਮਜ਼ਦੂਰਾਂ, ਕਿਸਾਨਾਂ, ਕੱਚੇ ਕਾਮਿਆਂ, ਮੁਲਾਜ਼ਮਾਂ-ਪੈਨਸ਼ਨਰਾਂ ਤੇ ਬੇਰੁਜ਼ਗਾਰ ਨੌਜਵਾਨੀ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਹਰ ਰੋਜ਼ ਸ਼ਾਨਾਮੱਤੇ ਘੋਲ ਲੜੇ ਜਾ ਰਹੇ ਹਨ। ਇਨ੍ਹਾਂ ਘੋਲਾਂ ਦੌਰਾਨ ਜਿਵੇਂ ਸਬਰ-ਸਿਦਕ ਨਾਲ ਪੁਲਸ ਜ਼ਿਆਦਤੀਆਂ ਦਾ ਟਾਕਰਾ ਕਰਦੇ ਹੋਏ ਇੱਕ ਹੱਦ ਤੱਕ ਮਿਹਨਤਕਸ਼ਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਂਦੀ ਹੈ, ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਥੋੜ੍ਹੀ ਹੈ।

    ਮੁਜ਼ਾਰੇ ਤੇ ਹਜ਼ਾਰਾਂ ਏਕੜ ਬੇਆਬਾਦ ਜ਼ਮੀਨਾਂ ਆਬਾਦ ਕਰਨ ਵਾਲੇ ਆਬਾਦਕਾਰ, ਵੱਖੋ-ਵੱਖ ਰੰਗਾਂ ਦੀਆਂ ਸਰਕਾਰਾਂ ਤੇ ਇਨ੍ਹਾਂ ਦਾ ਥਾਪੜਾ ਹਾਸਲ ‘ਕਬਜ਼ਾ ਕਰੂ ਟੋਲਿਆਂ’ ਦੇ ਜਬਰਦਸਤੀ ਜ਼ਮੀਨਾਂ ਹਥਿਆਉਣ ਦੇ ਕੋਝੇ ਮਨਸੂਬਿਆਂ ਨੂੰ ਭਾਂਜ ਦਿੰਦੇ ਹੋਏ ਅੱਜ ਵੀ ਜੇਕਰ ਇਸੇ ਜ਼ਮੀਨ ‘ਚੋਂ ਆਪਣੇ ਪਰਿਵਾਰ ਪਾਲ ਰਹੇ ਹਨ ਤਾਂ ਇਹ ਵੀ ਕਿਸਾਨ ਅੰਦੋਲਨ ਦੀ ਵੱਡੀ ਪ੍ਰਾਪਤੀ ਹੀ ਸਮਝੀ ਜਾਣੀ ਚਾਹੀਦੀ ਹੈ।

    ਪ੍ਰੰਤੂ ਇਹ ਵੀ ਹਕੀਕਤ ਹੈ ਕਿ ਰੋਜ਼ਾਨਾ ਲੜੇ ਜਾਂਦੇ ਉਕਤ ਆਰਥਿਕ-ਸਮਾਜਿਕ ਘੋਲਾਂ ‘ਚ ਸ਼ਾਮਲ ਹੋਣ ਵਾਲੇ ਪੰਜਾਬ ਦੇ ਕਿਰਤੀ-ਕਿਸਾਨਾਂ ਤੇ ਦੂਜੇ ਮਿਹਨਤੀ ਤਬਕਿਆਂ ਦੇ ਮਨ-ਮਸਤਕ ਅੰਦਰ ਸਿਆਸੀ ਚੇਤਨਾ ਦੀ ਰੜਕਵੀਂ ਘਾਟ ਮਹਿਸੂਸ ਕੀਤੀ ਜਾਂਦੀ ਹੈ। ਇਹ ਘਾਟ ਉਦੋਂ ਹੋਰ ਵਧੇਰੇ ਤਕਲੀਫ ਦੇਹ ਬਣ ਜਾਂਦੀ ਹੈ, ਜਦੋਂ ਆਪਣੇ ਹੱਥਾਂ ‘ਚ ਮਜ਼ਦੂਰ-ਕਿਸਾਨ ਜਥੇਬੰਦੀਆਂ ਦੇ ਝੰਡੇ ਫੜ੍ਹ ਕੇ ਜਾਨ ਹੂਲਵਾਂ ਯੁੱਧ ਲੜਨ ਵਾਲੇ ਸੰਘਰਸ਼ੀ ਯੋਧੇ, ਵੋਟਾਂ ਸਮੇਂ ਹਾਕਮਾਂ ਭਾਵ ਪੂੰਜੀਵਾਦੀ-ਜਗੀਰਦਾਰ ਜਮਾਤਾਂ ਦੇ ਹੱਕਾਂ-ਹਿੱਤਾਂ ਦੀ ਰਾਖੀ ਲਈ ਚੱਤੋ ਪਹਿਰ ਯਤਨਸ਼ੀਲ ਰਹਿਣ ਵਾਲੇ ਸਿਆਸੀ ਦਲਾਂ ਦੇ ਬਦ ਕਿਰਦਾਰ ਆਗੂਆਂ ਦੇ ਹੱਕ ‘ਚ ਨਿੱਤਰ ਆਉਂਦੇ ਹਨ। ਇੰਜ ਇਹ ਅਦਲਾ-ਬਦਲੀ ਕਰਦੇ ਹੋਏ ਲੋਟੂ ਧੜਿਆਂ ਦੇ ਪ੍ਰਤੀਨਿਧ ਕਿਸੇ ਨਾ ਕਿਸੇ ਰਾਜਸੀ ਦਲ ਨੂੰ ਪੰਜਾਬ ਦੀ ਸੱਤਾ ਸੌਂਪ ਦਿੰਦੇ ਹਨ। ਇਸੇ ਕਰਕੇ ਅਤੀਤ ‘ਚ ਕਦੇ ਕਾਂਗਰਸ ਤੇ ਕਦੇ ਅਕਾਲੀ-ਭਾਜਪਾ ਗਠਜੋੜ ਦੀਆਂ, ਲੋਕਾਂ ਨੂੰ ਰੱਜ ਕੇ ਲੁੱਟਣ-ਕੁੱਟਣ ਵਾਲੀਆਂ ਸਰਕਾਰਾਂ ਬਣਦੀਆਂ ਰਹੀਆਂ ਹਨ।

    ਸਾਲ 2022 ‘ਚ ਕੁੱਝ ਕੁ ਮਹੀਨਿਆਂ ਦੇ ਕੂੜ ਪ੍ਰਚਾਰ ਤੇ ਗਾਰੰਟੀਆਂ ਰੂਪੀ ਝੂਠੇ ਲਾਰਿਆਂ ਰਾਹੀਂ, ਲੋਕਾਂ ਨੂੰ “ਬਦਲਾਅ” ਲਿਆਉਣ ਦਾ ਭੁਲੇਖਾ ਦੇ ਕੇ ਸੂਬੇ ਦੀ ਰਾਜਸੱਤਾ ‘ਤੇ ਕਾਬਜ਼ ਹੋਈ ‘ਆਮ ਆਦਮੀ ਪਾਰਟੀ’ – ‘ਆਪ’ ਦੇ ਹੱਕ ‘ਚ ਭੁਗਤਣਾ ਵੀ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਤੇ ਦਰਮਿਆਨੀ ਸ੍ਰੇਣੀ ਦੇ ਹੋਰ ਲੋਕਾਂ ‘ਚ ਪਾਈ ਜਾਂਦੀ ਰਾਜਸੀ ਚੇਤਨਾ ਦੀ ਘਾਟ ਦਾ ਸਪਸ਼ਟ ਨਤੀਜਾ ਹੈ। ਬਿਨਾਂ ਸ਼ੱਕ ਸੂਬੇ ਦੇ ਕੁੱਝ ਕੁ ਵੋਟਰ ਖੱਬੀਆਂ-ਜਮਹੂਰੀ ਸ਼ਕਤੀਆਂ ਦੇ ਹੱਕ ‘ਚ ਵੀ ਭੁਗਤਦੇ ਹਨ। ਪ੍ਰੰਤੂ ਖੱਬੀ ਧਿਰ ਦੀ ਪ੍ਰਭਾਵਸ਼ਾਲੀ ਸਿਆਸੀ ਦਖ਼ਲ ਅੰਦਾਜ਼ੀ ਦੇ ਪੱਖ ਤੋਂ ਇਹ ਗਿਣਤੀ ਅਸਲੋਂ ਨਾਕਾਫ਼ੀ ਹੈ।

    ਅਜੋਕੇ ਜਮਾਤੀ ਕਿਰਦਾਰ ਵਾਲੇ ਸਮਾਜੀ-ਰਾਜਸੀ ਢਾਂਚੇ ਅੰਦਰ ਕਿਸੇ ਵੀ ਕਿੱਤੇ ਨਾਲ ਜੁੜਿਆ ਕੋਈ ਵੀ ਵਿਅਕਤੀ ਜਾਂ ਸੰਗਠਨ ਆਪਣੇ-ਆਪ ਬਾਰੇ ਗੈਰ-ਸਿਆਸੀ ਹੋਣ ਦਾ ਦਾਅਵਾ ਕਦੀ ਵੀ ਨਹੀਂ ਕਰ ਸਕਦਾ। ਜੇਕਰ ਕੋਈ ਸ਼ਖਸ ਅਜਿਹੇ ਦਾਅਵੇ ਕਰਦਾ ਵੀ ਹੈ ਤਾਂ ਸਮਝ ਲਵੋ ਕਿ ਉਹ ਜਾਂ ਤਾਂ ਕੋਰਾ ਝੂਠ ਬੋਲ ਰਿਹਾ ਹੈ ਤੇ ਜਾਂ ਅਜੋਕੀਆਂ ਜ਼ਮੀਨੀ ਸੱਚਾਈਆਂ ਅਤੇ ਰਾਜਸੀ- ਸਮਾਜਿਕ ਅਵਸਥਾਵਾਂ ਤੋਂ ਉੱਕਾ ਹੀ ਨਾਵਾਕਿਫ ਹੈ।

    ਜਿਹੜੀ ਰਾਜਸੀ ਧਿਰ ਭਾਰਤ ਦੀ ਸੱਤਾ ‘ਤੇ ਅੱਜ ਕਾਬਜ਼ ਹੈ ਜਾਂ ਦੇਸ਼ ਦੇ ਆਜ਼ਾਦ ਹੋਣ ਤੋਂ ਪਿੱਛੋਂ ਜੋ ਦਲ ਰਾਜ-ਭਾਗ ਚਲਾਉਂਦੇ ਰਹੇ ਹਨ, ਉਹ ਭਾਰਤੀ ਲੋਕਾਂ ਦੀ ਰਾਜਨੀਤੀ ‘ਚ ਭਾਗੀਦਾਰੀ ਦਾ ਹੀ ਨਤੀਜਾ ਹੈ। ਜਿਨ੍ਹਾਂ ਲੋਕਾਂ ਨੇ ਸਮੇਂ-ਸਮੇਂ ‘ਤੇ ਹੁੰਦੀਆਂ ਵੱਖੋ-ਵੱਖ ਅਦਾਰਿਆਂ ਦੀਆਂ ਵੋਟਾਂ ‘ਚ ਸੁਚੇਤ ਰੂਪ ‘ਚ ਭਾਗ ਨਹੀਂ ਲਿਆ, ਉਨ੍ਹਾਂ ਦੀ ਗਿਣਤੀ ਵੀ ਬੜੀ ਨਿਗੂਣੀ ਹੈ ਤੇ ਉਹ ਜਨ-ਸਮੂਹਾਂ ਤੋਂ ਅਲਹਿਦਾ ਖੜ੍ਹੇ (ਨਿੱਖੜੇ) ਵੀ ਸਪਸ਼ਟ ਨਜ਼ਰ ਆਉਂਦੇ ਹਨ।

    ਅੱਜ, ਭਾਰਤ ਦੀ ਸੱਤਾ ‘ਤੇ ਫਿਰਕੂ-ਫਾਸ਼ੀ ਸੋਚ ਦੀਆਂ ਧਾਰਨੀ ਅਜੇਹੀਆਂ ਰਾਜਸੀ ਤਾਕਤਾਂ ਕਾਬਜ਼ ਹੋ ਚੁੱਕੀਆਂ ਹਨ ਜੋ ‘ਸਰਮਾਏਦਾਰਾਨਾ ਜਮਹੂਰੀਅਤ’ ਦੀਆਂ ਘੋਰ ਵਿਰੋਧੀ ਹਨ। ਭਾਰਤ ਦੇ ਜਮਹੂਰੀ, ਧਰਮ ਨਿਰਪੱਖ, ਫੈਡਰਲ ਖਾਸੇ ਵਾਲੇ ਉਦਾਰ ਢਾਂਚੇ ਦੀ ਥਾਂ ਉਹ ਇੱਥੇ ਇਕ ਧਰਮ ਅਧਾਰਤ, ਕੱਟੜ, ਗੈਰ ਜਮਹੂਰੀ ਰਾਜ-ਪ੍ਰਬੰਧ ਦੀ ਕਾਇਮੀ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਅਜੇਹੇ ਖਤਰਨਾਕ ਮੋੜ ‘ਤੇ ਰਾਜਸੀ ਸਰਗਰਮੀਆਂ, ਜਿਨ੍ਹਾਂ ‘ਚ ਵੋਟਾਂ ਦੀ ਰਾਜਨੀਤੀ ਵੀ ਸ਼ਾਮਿਲ ਹੈ, ‘ਚ ਭਾਗੀਦਾਰੀ ਨੂੰ ਨਕਾਰਨਾ ਜਾਂ ਇਸ ਤੋਂ ਪਾਸਾ ਵੱਟਣਾ ਬਹੁਤ ਹੀ ਅਢੁੱਕਵੇਂ, ‘ਬਚਗਾਨਾ ਖੱਬੇ ਪੱਖੀ ਰੋਗ’ ਦਾ ਪ੍ਰਗਟਾਵਾ ਹੈ। ਆਰਥਿਕ- ਸਮਾਜਿਕ, ਸਭਿਆਚਾਰਕ ਖੇਤਰਾਂ ‘ਚ ਵਿਗਿਆਨਕ ਨਜ਼ਰੀਏ ਤੋਂ ਲੜਿਆ ਜਾਂਦਾ ਜਮਾਤੀ ਘੋਲ ਕਿਸੇ ਵੀ ਤਰਕ ਨਾਲ ਰਾਜਸੀ ਘੋਲ ‘ਚ ਸਰਗਰਮ ਭਾਗੀਦਾਰੀ ਤੋਂ ਨਹੀਂ ਵਰਜਦਾ। ਇਸ ਦੇ ਉਲਟ, ਨਿਰੰਤਰ ਲੜੀ ਜਾਣ ਵਾਲੀ ਰਾਜਸੀ-ਵਿਚਾਰਧਾਰਕ ਜਦੋਜਹਿਦ ਉਪਰ ਲੋੜੀਂਦਾ ਜ਼ੋਰ ਨਾ ਦੇਣਾ ਅਤੇ ਸਿਰਫ ਤੇ ਸਿਰਫ ਆਰਥਿਕ ਘੋਲਾਂ ‘ਤੇ ਹੀ ਟੇਕ ਰੱਖ ਕੇ ਚੱਲਣਾ, ਅਜੋਕੇ ਦੌਰ ਦਾ ਸਭ ਤੋਂ ਭੱਦੀ ਕਿਸਮ ਦਾ ‘ਆਰਥਿਕਤਾਵਾਦ’ ਹੈ।

    ਆਰ.ਐਸ.ਐਸ., ਭਾਜਪਾ ਤੇ ਇਨ੍ਹਾਂ ਨਾਲ ਜੁੜੇ ਹਰ ਕਿਸਮ ਦੇ ਹਿੰਦੂਤਵੀ-ਮਨੂੰਵਾਦੀ ਖਰੂਦੀ, ਆਪਣੀ ਹੱਥਠੋਕਾ ਮੋਦੀ ਸਰਕਾਰ ਦੇ ਕੇਂਦਰੀ ਸੱਤਾ ‘ਤੇ ਕਾਬਜ਼ ਹੋਣ ਦਾ ਲਾਹਾ ਲੈ ਕੇ, ਜਿਸ ‘ਹਿੰਦੂ ਰਾਸ਼ਟਰ’ ਦੀ ਕਾਇਮੀ ਲਈ ਪੱਬਾਂ ਭਾਰ ਹਨ, ਉਸ ਰਾਜ-ਪ੍ਰਬੰਧ ਅੰਦਰ ਲੋਕ ਰਾਜ ਦੀ ਬੁਨਿਆਦ ਸਮਝੇ ਜਾਂਦੇ ਮਨੁੱਖੀ ਤੇ ਸੰਵਿਧਾਨਕ ਹੱਕਾਂ ਅਤੇ ਸ਼ਹਿਰੀ ਆਜ਼ਾਦੀਆਂ, ਖਾਸ ਕਰਕੇ ਲਿਖਣ-ਬੋਲਣ ਰਾਹੀਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਤੇ ਅਸਹਿਮਤੀ ਦੇ ਅਧਿਕਾਰ ਦਾ ਖਾਤਮਾ ਹੋਣਾ ਤੈਅ ਹੈ।

    ਦੇਸ਼ ਦੀ ਸੱਤਾ ‘ਤੇ ਕਾਬਜ਼ ਇਹੋ ਰਾਜਸੀ ਧਿਰ, ਨਵ- ਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕਰਨ ਤੇ ਸਾਮਰਾਜ ਨਾਲ ਖੁੱਲ੍ਹਮ-ਖੁੱਲ੍ਹਾ ਯੁੱਧਨੀਤਕ ਸਾਂਝਾਂ ਪਾਉਣ ਲਈ ਵੀ ਦ੍ਰਿੜ੍ਹ ਸੰਕਲਪ ਹੈ। ਸਰਮਾਏਦਾਰੀ ਰਾਜ-ਪ੍ਰਬੰਧ ਅੰਦਰਲੀ ਇਹ ਸਥਿਤੀ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਕਾਇਮ ਹੋਈ ਸੀਮਤ ਲੋਕਰਾਜੀ ਅਧਿਕਾਰਾਂ ਵਾਲੀ ਅਜੋਕੀ ਵਿਵਸਥਾ ਲਈ ਵੀ ਵੱਡੇ ਖਤਰਿਆਂ ਦੀ ਸੂਚਕ ਹੈ। ਯਾਦ ਰਹੇ, ਅਜੋਕਾ ਫੌਰੀ ਨਾਅਰਾ ਸਮਾਜਵਾਦੀ ਢਾਂਚੇ, ਜਿਸ ਰਾਹੀਂ ਸਮਾਜ ਅੰਦਰ ਫੈਲੀਆਂ ਸਾਰੀਆਂ ਬਿਮਾਰੀਆਂ ਦਾ ਹਕੀਕੀ ਇਲਾਜ ਕੀਤਾ ਜਾਣਾ ਹੈ, ਦੀ ਕਾਇਮੀ ਨਹੀਂ ਹੈ। ਬਲਕਿ ਮੌਜੂਦਾ ਦੌਰ ਦਾ ਸਭ ਤੋਂ ਵਿਵਹਾਰਕ ਨਾਹਰਾ ਇਹ ਹੈ ਕਿ, ਪਾਰਲੀਮਾਨੀ ਤੇ ਗੈਰ ਪਾਰਲੀਮਾਨੀ ਭਾਵ ਹਰ ਵੰਨਗੀ ਦੇ ਘੋਲਾਂ ਨਾਲ ਫਿਰਕੂ-ਫਾਸ਼ੀ ਸ਼ਕਤੀਆਂ ਨੂੰ ਪਛਾੜ ਕੇ ਦੇਸ਼ ਦੇ ਵਰਤਮਾਨ ਸੰਵਿਧਾਨ ਅਤੇ ਜਮਹੂਰੀ, ਧਰਮ ਨਿਰਪੱਖ, ਫੈਡਰਲ ਢਾਂਚੇ ਦੀ ਰਾਖੀ ਕੀਤੀ ਜਾਵੇ। ਜੇਕਰ ਦੇਸ਼ ਦੀਆਂ ਖੱਬੀਆਂ ਤੇ ਅਗਾਂਹਵਧੂ ਸ਼ਕਤੀਆਂ ਇਸ ਆਸ਼ੇ ਦੀ ਪ੍ਰਾਪਤੀ ਕਰ ਲੈਂਦੀਆਂ ਹਨ, ਤਾਂ ਲਾਜ਼ਮੀ ਤੌਰ ‘ਤੇ ਦੇਸ਼ ਦੀ ਜਮਹੂਰੀ ਲਹਿਰ, ਸਮਾਜਿਕ ਬਦਲਾਅ ਦੀ ਮਾਨਵੀ ਜਦੋਜਹਿਦ ਦੇ ਅਗਲੇਰੇ ਪੜਾਅ ‘ਚ ਦਾਖ਼ਲ ਹੋ ਜਾਵੇਗੀ। ਕੋਈ ਵੀ ਰਾਜਸੀ ਦਲ ਜਾਂ ਜਨਤਕ ਜਥੇਬੰਦੀ ਜੇਕਰ ਆਪਣੇ-ਆਪ ਬਾਰੇ ਗੈਰ-ਸਿਆਸੀ ਹੋਣ ਦਾ ਦਾਅਵਾ ਕਰਦੀ ਹੋਈ ਅਜੋਕੀ ਮੋਦੀ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰਨ ਦੀ ਚਾਹਵਾਨ ਕਿਸੇ ਵੀ ਰਾਜਸੀ ਧਿਰ ਨਾਲ ਸਬੰਧ ਰੱਖਣ ਨੂੰ ਗੁਨਾਹ ਸਮਝਦੀ ਹੈ, ਤਾਂ ਦਰ ਹਕੀਕਤ ਉਹ ਫਿਰਕੂ-ਫਾਸ਼ੀ ਤਾਕਤਾਂ ਦੀ ਅਜੋਕੀ ਸੱਤਾ ਦੇ ਹੱਕ ‘ਚ ਹੀ ਭੁਗਤਦੀ ਹੈ। ਜਨਤਕ ਜਥੇਬੰਦੀਆਂ, ਸਿਧਾਂਤਕ ਪੱਖੋਂ ਬਿਨਾਂ ਸ਼ੱਕ ਧਰਮ, ਰਾਜਨੀਤੀ, ਜਾਤੀਵਾਦ ਤੇ ਲਿੰਗਕ, ਰੰਗ-ਨਸਲ ਜਾਂ ਕਿਸੇ ਵੀ ਹੋਰ ਭਿੰਨ- ਭੇਦ ਤੋਂ ਬਿਨਾਂ ਸਬੰਧਤ ਤਬਕੇ ਦੇ ਸਮੂਹ ਲੋਕਾਂ ਦਾ ਜਮਹੂਰੀ ਸੰਗਠਨ ਹੁੰਦੀਆਂ ਹਨ । ਪ੍ਰੰਤੂ ਇਨ੍ਹਾਂ ਬਾਰੇ ਰਾਜਨੀਤੀ ਤੋਂ ਨਿਰਲੇਪ ਹੋਣ ਦਾ ਦਾਅਵਾ ਕਰਦਿਆਂ, ਰਾਜਸੀ ਦਲਾਂ ਦੇ ਜਮਾਤੀ ਕਿਰਦਾਰ ਦਾ ਅੰਤਰ ਕੀਤੇ ਤੋਂ ਬਗੈਰ ਹਰ ਰਾਜਸੀ ਧਿਰ ਨਾਲ ਸਬੰਧ ਰੱਖਣ ਤੋਂ ਮੁਨਕਰ ਹੋਣਾ, ਅਸਲ ‘ਚ ਉਨ੍ਹਾਂ ਲੋਕਾਂ ਨੂੰ ਇਨਕਲਾਬੀ ਰਾਜਨੀਤੀ ਤੋਂ ਵਿਰਵੇ ਕਰਨਾ ਹੋਵੇਗਾ, ਜਿਨ੍ਹਾਂ ਦੀ ਅਗਵਾਈ ਕਰਨ ਦਾ ਜ਼ਿੰਮਾ ਸਬੰਧਤ ਸੰਗਠਨਾਂ ਦੇ ਸਿਰ ਹੈ। ਚੇਤੇ ਰਹੇ, ਲੋਟੂ ਜਮਾਤਾਂ ਤੇ ਇਨ੍ਹਾਂ ਦੀਆਂ ਪ੍ਰਤੀਨਿਧ ਸਰਕਾਰਾਂ ਸਦਾ ਇਹ ਪ੍ਰਚਾਰ ਕਰਦੀਆਂ ਹਨ ਕਿ ਮਿਹਨਤੀ ਤਬਕੇ ਰਾਜਨੀਤੀ ਤੋਂ ਕਿਨਾਰਾਕਸ਼ੀ ਕਰਦੇ ਹੋਏ ਸਿਰਫ ਆਪੋ-ਆਪਣੇ ਆਰਥਿਕ ਹਿੱਤਾਂ ਬਾਰੇ ਸੋਚਣ ਤੱਕ ਹੀ ਸੀਮਤ ਰਹਿਣ। ਭਾਵ ਉਹ ਸੱਤਾ ‘ਤੇ ਕਬਜ਼ੇ ਦੀ ਰਾਜਨੀਤੀ ਤੋਂ ਦੂਰ ਰਹਿੰਦੇ ਹੋਏ ਮੌਜੂਦਾ ਹਾਕਮਾਂ ਦੀ ਸੱਤਾ ਨੂੰ ਜਾਰੀ ਰੱਖਣ ‘ਚ ਮਦਦਗਾਰ ਬਣਨ।

    ਪੰਜਾਬ ਦੇ ਕਈ ਕਿਸਾਨ ਸੰਗਠਨਾਂ ਨੇ ਆਪਣੇ ਨਾਂ ਨਾਲ “ਗੈਰ-ਰਾਜਨੀਤਕ” ਸ਼ਬਦ ਜੋੜ ਰੱਖਿਆ ਹੈ। ਪ੍ਰੰਤੂ ਨਾਲ ਹੀ ਇਨ੍ਹਾਂ ਜਥੇਬੰਦੀਆਂ ਦੇ ਕਈ ‘ਵੱਡੇ’ ਨੇਤਾ ਲੋਕਾਂ ਦੀ ਸਭ ਤੋਂ ਵੱਡੀ ਦੁਸ਼ਮਣ ਆਰ.ਐਸ.ਐਸ. ਵਲੋਂ ਥਾਪੇ ‘ਕਿਸਾਨ ਸੰਘ’ ਦੇ ਕੌਮੀ ਆਗੂ ਵੀ ਬਣੇ ਬੈਠੇ ਹਨ। ਅੱਜ ਕੱਲ ਵੈਸੇ ਵੀ ਇਹ ਰਿਵਾਜ਼ ਜਿਹਾ ਹੀ ਬਣ ਗਿਆ ਹੈ ਕਿ ਬਹੁਤੇ ਕਿਸਾਨ ਆਗੂ ਸੰਘਰਸ਼ਾਂ ਦੌਰਾਨ ਆਪਣੇ ਭਾਸ਼ਣਾਂ ‘ਚ ਇਹ ਕਹਿਣ ਤੋਂ ਨਹੀਂ ਉੱਕਦੇ ਕਿ ‘ਉਨ੍ਹਾਂ ਦਾ ਕਿਸੇ ਰਾਜਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਤੇ ਨਾ ਹੀ ਉਹ ਕਿਸੇ ਰਾਜਸੀ ਦਲ ਦੀ ਹਮਾਇਤ ਕਰਦੇ ਹਨ।’ ਆਪਣੇ- ਆਪ ਨੂੰ ਗੈਰ-ਸਿਆਸੀ ਸਿੱਧ ਕਰਨ ਦੀ ਇਹ ਇਕ ਹੋਰ ਵੰਨਗੀ ਹੈ। ਹਾਲਾਂਕਿ ਕਿਸੇ ਨੇ ਉਨ੍ਹਾਂ ਨੂੰ ਇਸ ਬਾਰੇ ਕੋਈ ਸਵਾਲ ਵੀ ਨਹੀਂ ਕੀਤਾ ਹੁੰਦਾ।

    ਬੀਤੇ ਦਿਨੀਂ ਪੰਜਾਬ ਦੇ ਕਿਸਾਨਾਂ ਦੀ ਇਕ ਸਿਰਕੱਢ ਜਥੇਬੰਦੀ ਨੇ ਤਾਂ ਖੁੱਲ੍ਹਾ ਐਲਾਨ ਹੀ ਕਰ ਦਿੱਤਾ ਹੈ ਕਿ, “ਜੇਕਰ ਉਨ੍ਹਾਂ ਦੀ ਜਥੇਬੰਦੀ ਦਾ ਕੋਈ ਆਗੂ ਕਿਸੇ ਰਾਜਸੀ ਦਲ ਜਾਂ ਨੇਤਾ ਨਾਲ ਸਬੰਧ ਰੱਖਦਾ ‘ਫੜ੍ਹਿਆ’ ਗਿਆ ਤਾਂ ਉਸ ਨੂੰ ਜਥੇਬੰਦੀ ‘ਚੋਂ ਫੌਰੀ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ।” ਜਿਵੇਂ ‘ਰਾਜਨੀਤੀ’ ਨਾਲ ਜੁੜਨਾ ਵੱਡਾ ਗੁਨਾਹ ਹੋਵੇ! ਇਸ ‘ਹੁਕਮਨਾਮੇ’ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਇਸ ਸੰਗਠਨ ਦੇ ਨੇਤਾ ਲੋਕ ਪੱਖੀ ਤੇ ਲੋਕ ਵਿਰੋਧੀ ਰਾਜਨੀਤੀ ‘ਚ ਅੰਤਰ ਕਰਨੋਂ ਅਸਮਰੱਥ ਹਨ। ਵੋਟਾਂ ‘ਚ ਭਾਗ ਲੈਣਾ ਜਾਂ ਨਾ ਲੈਣਾ ਕਿਸੇ ਵੀ ਦਲ ਜਾਂ ਸੰਗਠਨ ਦੇ ਇਨਕਲਾਬੀ ਜਾਂ ਇਨਕਲਾਬ ਵਿਰੋਧੀ ਹੋਣ ਦਾ ਮਾਪਦੰਡ ਕਦੀ ਵੀ ਨਹੀਂ ਹੋ ਸਕਦਾ। ਵੋਟਾਂ ‘ਚ ਭਾਗ ਲੈਣਾ ਜਾਂ ਨਾ ਲੈਣਾ ਸਮੇਂ, ਸਥਾਨ ਤੇ ਠੋਸ ਰਾਜਸੀ-ਆਰਥਿਕ ਪ੍ਰਸਥਿਤੀਆਂ, ਇਨਕਲਾਬੀ ਲਹਿਰ ਦੀ ਸ਼ਕਤੀ ਤੇ ਲਹਿਰ ਦੀਆਂ ਦੁਸ਼ਮਣ ਹਾਕਮ ਜਮਾਤਾਂ ਦੀ ਸਥਿਤੀ ਨਾਲ ਜੁੜਿਆ ਹੋਇਆ ਪੈਂਤੜਾ ਹੈ।

    ਲੋਕਾਂ ਦੇ ਆਰਥਿਕ-ਸਮਾਜਿਕ ਘੋਲਾਂ ਦੇ ਮੁੱਦਈ ਹੋਣ ਦਾ ਦਾਅਵਾ ਕਰਨ ਵਾਲਾ ਕੋਈ ਸੰਗਠਨ ਜੇਕਰ ਲੋਕਾਂ ਨੂੰ ਮੌਜੂਦਾ ਸੱਤਾ ਨੂੰ ਬਦਲਣ ਦੀ ਸਮਝਦਾਰੀ ਤੋਂ ਵਿਰਵੇ ਰੱਖਦਾ ਹੈ, ਜਾਂ ਰਾਜਨੀਤੀ ਨੂੰ ‘ਐਬ’ ਦੱਸ ਕੇ ਹਰ ਕਿਸਮ ਦੀ ਸਿਆਸਤ ਤੋਂ ਕਿਨਾਰਾਕਸ਼ੀ ਕਰਨ ਦੀ ‘ਮੱਤ’ ਦਿੰਦਾ ਹੈ, ਤਾਂ ਸਮਝੋ ਉਹ ਮੋਦੀ ਸਰਕਾਰ ਭਾਵ ਅਜੋਕੀ ਰਾਜ ਸੱਤਾ ਦਾ ਸਭ ਤੋਂ ਪੱਕਾ ਮਿੱਤਰ ਹੈ। ਸੰਘਰਸ਼ਾਂ ਦੇ ਦਬਾਅ ਹੇਠ ਜਾਂ ਵੋਟਾਂ ਬਟੋਰਨ ਲਈ ਜੇਕਰ ਮੋਦੀ ਸਰਕਾਰ ਲੋਕਾਂ ਨੂੰ ਕੋਈ ਆਰਥਿਕ ਲਾਭ ਦੇਣ ਨੂੰ ਤਿਆਰ ਵੀ ਹੋ ਜਾਂਦੀ ਹੈ, ਬਸ਼ਰਤੇ ਲੜ ਰਹੇ ਲੋਕ, ਸੱਤਾ ਵਿਰੋਧੀ ਲਹਿਰ ਦਾ ਭਾਗ ਨਾ ਬਣਨ, ਤਾਂ ਸਥਾਪਤੀ ਲਈ ਇਸ ਤੋਂ ਲਾਹੇਵੰਦਾ ਸੌਦਾ ਹੋਰ ਕੀ ਹੋ ਸਕਦਾ ਹੈ ?

    ਕੁੱਝ ਲੋਕ ਦੇਸ਼ ਦੇ ਮੌਜੂਦਾ ਸੰਵਿਧਾਨ ਦੇ ਜਮਾਤੀ ਚੌਖਟੇ ਅਨੁਸਾਰ ਲਾਗੂ ਸੀਮਤ ਜਿਹੀ ਲੋਕ ਰਾਜੀ ਵਿਵਸਥਾ ਨੂੰ ਵੀ ਧੋਖਾ ਦੱਸ ਕੇ ਇਸ ਨੂੰ ਰੱਦ ਕਰਨ ਦਾ ਸੁਨੇਹਾ ਦਿੰਦੇ ਹਨ। ਜੇਕਰ ਅਜਿਹੇ ਲੋਕ ਵੋਟਾਂ ਦੀ ਰਾਜਨੀਤੀ ਨੂੰ ਸਮਾਂ ਵਿਹਾ ਚੁੱਕੀ ਜਾਂ ਨਿਕੰਮੀ ਤੇ ਨੁਕਸਾਨਦੇਹ ਦੱਸਦੇ ਹੋਏ ਕਿਸੇ ਹੋਰ ਵੰਨਗੀ ਦੇ ਰਾਜਸੀ ਸੰਘਰਸ਼ਾਂ ਦੀ ਘੁੰਡ ਚੁਕਾਈ ਨਹੀਂ ਕਰਦੇ, ਤਾਂ ਲਾਜ਼ਮੀ ਤੌਰ ‘ਤੇ ਉਨ੍ਹਾਂ ਦਾ ਪੈਂਤੜਾ ਆਮ ਮਿਹਨਤਕਸ਼ ਲੋਕਾਂ ਨੂੰ ਸਿਧਾਂਤਕ ਰਾਜਨੀਤੀ ਤੋਂ ਕੋਰੇ ਤੇ ਸਿਰਫ ਆਰਥਿਕ ਮੰਗਾਂ ਤੱਕ ਸੀਮਤ ਰੱਖਣ ‘ਚ ਸਹਾਈ ਹੋਵੇਗਾ। ਸਾਡੀ ਜਾਚੇ ਇਹ ਸਮਝਦਾਰੀ ਮੌਜੂਦਾ ਰਾਜਸੀ ਢਾਂਚਾ ਜਾਰੀ ਰੱਖਣ ਦੇ ਹੱਕ ‘ਚ ਭੁਗਤਦੀ ਹੈ। ਇਹ ਤਰਕ ਬਹੁਤ ਹੀ ਹਾਸੋਹੀਣਾ ਤੇ ਗੈਰ ਵਿਗਿਆਨਕ ਹੈ ਕਿ “ਉਨ੍ਹਾਂ ਦਾ ਸੰਗਠਨ ਨਾ ਵੋਟਾਂ ਪਾਉਣ ਲਈ ਕਹਿੰਦਾ ਹੈ ਤੇ ਨਾ ਹੀ ਵੋਟਾਂ ਦਾ ਬਾਈਕਾਟ ਕਰਨ ਲਈ।” ਮੌਜੂਦਾ ਲੋਕ ਰਾਜੀ ਪ੍ਰਕਿਰਿਆ ਨੂੰ ਸਿਰਫ ਨਿੰਦਣ ਤੱਕ ਸੀਮਤ ਰਹਿ ਕੇ ਉਹ ਲੋਕਾਂ ਸਨਮੁੱਖ ਇਸ ਦਾ ਕੋਈ ਬਦਲਵਾਂ ਰੂਪ ਪੇਸ਼ ਨਹੀਂ ਕਰਦੇ।” ਇਹ ਵੀ ਇਕ ਹਕੀਕਤ ਹੈ ਕਿ ਜਿਨ੍ਹਾਂ ਪਿੰਡਾਂ ‘ਚ ਉਪਰੋਕਤ ਜਥੇਬੰਦੀਆਂ ਨਾਲ ਵਧੇਰੇ ਕਿਸਾਨ ਜੁੜੇ ਹੋਏ ਹਨ, ਉਥੇ ਲੁਟੇਰੇ ਰਾਜਸੀ ਦਲਾਂ ਨੂੰ ਦੂਜੇ ਪਿੰਡਾਂ, ਜਿਨ੍ਹਾਂ ‘ਚ ਜ਼ਿਆਦਾਤਰ ਲੋਕ ਕਿਸੇ ਵੀ ਜਥੇਬੰਦੀ ਨਾਲ ਨਹੀਂ ਜੁੜੇ ਹੁੰਦੇ, ਨਾਲੋਂ ਵੱਧ ਵੋਟਾਂ ਮਿਲਦੀਆਂ ਹਨ।

    ਅੱਜ ਦੇਸ਼ ਦੀਆਂ ਧਰਮ ਨਿਰਪੱਖ, ਜਮਹੂਰੀ ਤੇ ਅਗਾਂਹਵਧੂ ਤਾਕਤਾਂ, ਖਾਸ ਕਰਕੇ ਖੱਬੀਆਂ ਧਿਰਾਂ, ਪੂਰੀ ਤਾਕਤ ਨਾਲ ਆਰ.ਐਸ.ਐਸ. ਦੀ ਫਿਰਕੂ-ਫਾਸ਼ੀ ਵਿਚਾਰਧਾਰਾ ਅਤੇ ਇਸ ਦੀ ਹੱਥਠੋਕਾ ਮੋਦੀ ਸਰਕਾਰ ਖਿਲਾਫ਼ ਸਖਤ ਸੰਘਰਸ਼ਾਂ ‘ਚ ਕੁੱਦੀਆਂ ਹੋਈਆਂ ਹਨ। ਸਾਡੇ ਅਨੁਸਾਰ ਇਸ ਵੇਲੇ ਜ਼ਿੰਮੇਵਾਰ ਕਹਾਉਂਦੇ ਕਿਸੇ ਵੀ ਸੰਗਠਨ ਵਲੋਂ, ਲੋਕ ਪੱਖੀ ਤੇ ਲੋਕ ਵਿਰੋਧੀ ਰਾਜਨੀਤੀ ‘ਚ ਕੋਈ ਅੰਤਰ ਕੀਤੇ ਬਗੈਰ, ਆਮ ਲੋਕਾਂ ਨੂੰ ਰਾਜਸੀ ਲੋਕਾਂ ਨਾਲ ਜੁੜਨ ਜਾਂ ਰਾਜਸੀ ਸਰਗਰਮੀਆਂ ‘ਚ ਭਾਗ ਲੈਣ ਤੋਂ ਵਰਜਣ ਦਾ ਪੈਂਤੜਾ ਦਰੁਸਤ ਨਹੀਂ ਕਿਹਾ ਜਾ ਸਕਦਾ। ਅੱਜੋਕੀ ਫੌਰੀ ਲੋੜ ਤਾਂ ਇਹ ਹੈ ਕਿ ਲੋਕ ਪੱਖੀ ਰਾਜਨੀਤੀ ਦੀਆਂ ਸਮਰਥਕ ਸਾਰੀਆਂ ਰਾਜਸੀ ਧਿਰਾਂ, ਗੈਰ ਭਾਜਪਾ ਰਾਜਸੀ ਦਲਾਂ ਤੇ ਜਨ ਸੰਗਠਨਾਂ ਨੂੰ ਮੋਦੀ ਸਰਕਾਰ ਵਿਰੁੱਧ ਲਏ ਜਾਂਦੇ ਹਰ ਰਾਜਸੀ ਤੇ ਵਿਚਾਰਧਾਰਕ ਪੈਂਤੜਿਆਂ ਵਿਰੁੱਧ ਲੜੇ ਜਾਂਦੇ ਘੋਲਾਂ ਅੰਦਰ ਸਰਗਰਮ ਭਾਗੀਦਾਰ ਬਣਾਇਆ ਜਾਵੇ।
    ਮੰਗਤ ਰਾਮ ਪਾਸਲਾ

  • ਵਰਣ-ਵਿਵਸਥਾ ਦੀ ਬੁਨਿਆਦ ’ਤੇ ਖੜੋਤਾ, ਮਜ਼ਦੂਰਾਂ ਦੇ ਸ਼ੋਸ਼ਣ ਦਾ ਕੇਂਦਰ: ਗੀਤਾ ਪ੍ਰੈਸ

    ਵਰਣ-ਵਿਵਸਥਾ ਦੀ ਬੁਨਿਆਦ ’ਤੇ ਖੜੋਤਾ, ਮਜ਼ਦੂਰਾਂ ਦੇ ਸ਼ੋਸ਼ਣ ਦਾ ਕੇਂਦਰ: ਗੀਤਾ ਪ੍ਰੈਸ


    ਸਵਦੇਸ਼ ਸਿਨ੍ਹਾ
    ਗੀਤਾ ਪ੍ਰੈਸ ਦੀ ਸਥਾਪਨਾ 1923 ’ਚ ਕੋਲਕਾਤਾ ਦੇ ਮਾਰਵਾੜੀ ਸੇਠ ਜੈ ਦਿਆਲ ਗੋਇੰਦਕਾ ਨੇ ਕੀਤੀ ਸੀ। 2023 ਵਿੱਚ ਉਸਦੇ 100 ਸਾਲ ਪੂਰੇ ਹੋਣ ’ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕਮੇਟੀ ਨੇ ‘ਗਾਂਧੀ ਸਾਂਤੀ ਪੁਰਸਕਾਰ’ ਦੇਣ ਲਈ ਗੀਤਾ ਪ੍ਰੈਸ ਨੂੰ ਚੁਣਿਆ ਸੀ। ਜਿਵੇਂ ਗੀਤਾ ਪ੍ਰੈਸ ਦੇ ਮੈਨੇਜਰ ਖੁੱਲ੍ਹੇਆਮ ਮੰਨੁਸਮਿ੍ਰਤੀ ਨੂੰ ਪੂਰੀ ਤਰ੍ਹਾਂ ਮੰਨਣ ਅਤੇ ਆਪਣੀ ਸੰਸਥਾ ਵਿੱਚ ਲਾਗੂ ਕਰਨ ਦੀ ਘੋਸ਼ਣਾ ਕਰਦੇ ਹਨ, ਉਸ ਤਰ੍ਹਾਂ ਤਾਂ ਇਹ ਗੱਲ ਸੰਘ ਪਰਿਵਾਰ ਵਾਲੇ ਵੀ ਨਹੀਂ ਕਰਦੇ, ਜੋ ਆਪ ਵੀ ਵਰਣਵਿਵਸਥਾ ’ਤੇ ਡੂੰਘਾਈ ਨਾਲ ਰੱਖਦੇ ਹਨ।”
    ਲੇਖਕ ਅਕਸ਼ਯ ਮੁਕੁਲ ਨੇ ਆਪਣੀ ਕਿਤਾਬ “ਗੀਤਾ ਪ੍ਰੈਸ ਐਂਡ ਦ ਮੇਕਿੰਗ ਆਫ ਹਿੰਦੂ ਭਾਰਤ’’ ’ਚ ਲਿਖਿਆ ਹੈ ਕਿ ਕਿਵੇਂ ਇਹ ਸੰਸਥਾ ਹਿੰਦੂ ਸਮਾਜ ’ਚ ਉਸ ਦੀ ਸਭ ਤੋਂ ਪਿੱਛੜੀ ਕਦਰ, ਵਰਣ ਵਿਵਸਥਾ ਤੇ ਜਾਤੀ ਪ੍ਰਥਾ ਨੂੰ ਖਾਧ-ਖੁਰਾਕ ਦਿੰਦੀ ਹੈ। ਲੇਖਕ ਨੇ ਸੰਸਥਾ ਅੰਦਰਲਾ ਸੱਚ ਜਾਣਨ ਲਈ ਕੁਝ ਸਮਾਂ ਉੱਥੇ ਰਹਿ ਕੇ ਕੰਮ ਵੀ ਕੀਤਾ ਹੈ। ਕਿਉਂਕਿ ਇਹ ਕਿਤਾਬ ਉਪਲੱਬਧ ਹੈ, ਇਸ ਲਈ ਇੱਥੇ ਉਸ ਬਾਰੇ ਚਰਚਾ ਕਰਨ ਦੀ ਲੋੜ ਨਹੀਂ। ਪਰ ਗੀਤਾ ਪ੍ਰੈਸ ਨਾਲ ਸਬੰਧਿਤ ਮੇਰੇ ਕੁਝ ਨਿੱਜੀ ਤਜ਼ਰਬੇ ਸਾਂਝੇ ਕਰਨੇ ਅਤਿਅੰਤ ਲਾਜ਼ਮੀ ਹਨ। ਦੱਸਿਆ ਜਾ ਰਿਹਾ ਹੈ ਕਿ ਗੀਤਾ ਪ੍ਰੈਸ ਦੇ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਆ ਰਹੇ ਹਨ। ਪਰ ਕੀ ਤੁਹਾਨੂੰ ਪਤਾ ਹੈ, ਜੇ ਉਹ ਪ੍ਰਧਾਨ ਮੰਤਰੀ ਨਾ ਹੁੰਦੇ ਤੇ ਗੀਤਾ ਪ੍ਰੈਸ ਵਿੱਚ ਨੌਕਰੀ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਸੰਪਾਦਕੀ ਵਿਭਾਗ ’ਚ ਨੌਕਰੀ ਨਹੀਂ ਸੀ ਮਿਲਣੀ!
    ਹਾਂ! ਉਨ੍ਹਾਂ ਨੂੰ ਚੌਥੇ ਦਰਜੇ ਦੇ ਕੰਮ, ਜਿਵੇਂ ਮਸ਼ੀਨ ਚਲਾਉਣ, ਜ਼ਿਲ੍ਹਦਾਂ ਬੰਨ੍ਹਣ ਵਰਗੇ ਜਿਸਮਾਨੀ ਮਿਹਨਤ ਵਾਲੇ ਕੰਮ ਜ਼ਰੂਰ ਮਿਲ ਸਕਦੇ ਸਨ। ਇਸ ਦਾ ਕਾਰਣ ਇਹ ਹੈ ਕਿ ਉੱਥੇ ਪੂਰੇ ਅਦਾਰੇ ’ਚ ਪੂਰੀ ਤਰ੍ਹਾਂ ਨਾਲ ਕਠੋਰ ਜਾਤੀ ਪ੍ਰਥਾ ਲਾਗੂ ਹੈ। ਦਿਮਾਗ਼ੀ ਮਿਹਨਤ ਨਾਲ ਜੁੜੇ ਸਾਰੇ ਕੰਮ ਕੇਵਲ ਬ੍ਰਾਹਮਣਾਂ ਨੂੰ ਮਿਲਦੇ ਹਨ। ਇਸ ਦੇ ਸਾਰੇ ਟ੍ਰਸਟੀ ਵੱਡੇ ਮਾਰਵਾੜੀ ਵਪਾਰੀ ਹਨ ਅਤੇ ਪਿ੍ਰੰਟਿੰਗ ਤੇ ਛਪਾਈ ਆਦਿ ਦਾ ਕੰਮ ਕਰਨ ਵਾਲੇ ਜ਼ਿਆਦਾਤਰ ਪਿੱਛੜੀਆਂ ਜਾਤੀਆਂ ’ਚੋਂ ਆਉਂਦੇ ਹਨ। ਦਲਿਤ ਕੋਈ ਵੀ ਨਹੀਂ ਹੈ, ਕਿਉਂਕਿ ਇਸ ਨਾਲ ਬ੍ਰਾਹਮਣਾਂ ਨੂੰ ਛੂਤ ਲੱਗਣ ਦਾ ਖਤਰਾ ਹਮੇਸਾ ਮੌਜੂਦ ਰਹਿੰਦਾ ਹੈ। ਜੇਕਰ ਨੀਵੇਂ ਅਹੁਦਿਆਂ ਲਈ ਵੀ ਬ੍ਰਾਹਮਣ ਮਿਲ ਜਾਣ ਤਾਂ ਪਹਿਲ ਉਨ੍ਹਾਂ ਨੂੰ ਹੀ ਦਿਤੀ ਜਾਂਦੀ ਹੈ। ਇਸੇ ਲਈ ਇੱਥੇ ਗਾਰਡ, ਚਪੜਾਸੀ ਆਦਿ ਵੀ ਜ਼ਿਆਦਾਤਰ ਬ੍ਰਾਹਮਣ ਹੀ ਹਨ।
    ਇਹ ਸ਼ਾਇਦ 2011 ਦੀ ਗੱਲ ਹੈ। ਮੈਂ ਗੋਰਖਪੁਰ ਰਹਿੰਦਾ ਸੀ ਤੇ ਇੱਕ ਅਖ਼ਬਾਰ ’ਚ ਨੌਕਰੀ ਕਰਦਾ ਸੀ। ਉਦੋਂ ਗੀਤਾ ਪ੍ਰੈਸ ਦੇ ਸੰਪਾਦਕੀ ਵਿਭਾਗ ’ਚ ਕੁੱਝ ਪੋਸਟਾਂ ਨਿਕਲੀਆਂ ਸਨ। ਮੇਰਾ ਇੱਕ ਦੋਸਤ ‘ਅਜੈ ਮਾਲਵੀਯਾ’, (ਬਦਲਿਆ ਨਾਂ) ਲੰਮੇ ਸਮੇਂ ਤੋਂ ਉਥੇ ਕੰਮ ਕਰਦਾ ਸੀ। ਉਸ ਨੇ ਗੋਰਖਪੁਰ ਯੂਨੀਵਰਸਿਟੀ ਤੋਂ ਹਿੰਦੀ ਵਿੱਚ ਪੀਐਚ.ਡੀ. ਵੀ ਕੀਤੀ ਸੀ। ਮੈਂ ਉੱਥੇ ਨੌਕਰੀ ਕਰਨ ਲਈ ਉਸ ਤੋਂ ਇਸ ਬਾਬਤ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਕਿਹਾ, “ਗੀਤਾ ਪ੍ਰੈਸ ’ਚ ਇੱਕ ਬਿਨਾਂ ਲਿਖਿਆ ਨਿਯਮ ਹੈ ਕਿ ਉੱਥੋਂ ਦੇ ਸੰਪਾਦਕੀ ਵਿਭਾਗ ’ਚ ਸਿਰਫ ਬ੍ਰਾਹਮਣ ਹੀ ਰੱਖੇ ਜਾਂਦੇ ਹਨ। ਤੁਹਾਨੂੰ ਤਾਂ ਸਾਇਦ ਪਾਣੀ ਪਿਆਉਣ ਵਾਲੀ ਨੌਕਰੀ ਵੀ ਨਾ ਮਿਲੇ, ਕਿਉਂਕਿ ਉੱਚੀ ਜਾਤੀ ਦਾ ਹੋਣ ਦੇ ਬਾਵਜੂਦ ਤੁਹਾਡੀ ਜਾਤੀ ਨੂੰ ਉੱਥੇ ਸ਼ੂਦਰ ਹੀ ਮੰਨਿਆ ਜਾਂਦਾ ਹੈ।” ਇਵੇਂ ਹੀ ਹੋਇਆ। ਪਿੱਛੋਂ ਆਨੰਦ ਨਾਰਾਇਣ ਪਾਂਡੇ ਨਾਂ ਦੇ ਬੰਦੇ ਨੂੰ ਰੱਖਿਆ ਗਿਆ। ਹਾਲਾਂਕਿ ਉਹ ਕਮਿਊਨਿਸਟ ਤੇ ਨਾਸਤਿਕ ਸੀ, ਪਰ ਬ੍ਰਾਹਮਣ ਹੋਣ ਕਰਕੇ ਉਸ ਨੂੰ ਇਹ ਅਹੁਦਾ ਮਿਲ ਗਿਆ ਸੀ।
    ਗੀਤਾ ਪ੍ਰੈਸ ਦੇ ਪ੍ਰੋਡਕਸਨ ਮੈਨੇਜਰ ਆਸ਼ੁਤੋਸ ਉਪਾਧਿਆਇ ਅਤੇ ਧਿਆਨਿੰਦਰ ਤਿਵਾਰੀ ਨੇ ਹਾਲ ਹੀ ’ਚ ‘ਦਿ ਪਿ੍ਰੰਟ’ ਨਾਲ ਕੀਤੀ ਗੱਲਬਾਤ ’ਚ ਦੱਸਿਆ ਹੈ, “ਟ੍ਰਸਟ ਦੇ ਸਾਰੇ 11 ਮੈਂਬਰ ਮਾਰਵਾੜੀ ਹਨ ਅਤੇ ਦੂਜੀ ਜਾਤੀ ਦੇ ਕਿਸੇ ਵੀ ਬੰਦੇ ਨੂੰ ਇਸ ’ਚ ਕਦੀ ਵੀ ਥਾਂ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਪ੍ਰਬੰਧਕੀ ਪੋਸਟਾਂ ’ਤੇ ਦਲਿਤ ਭਾਈਚਾਰੇ ਦਾ ਕੋਈ ਬੰਦਾ ਨਹੀਂ ਰੱਖਿਆ ਜਾਂਦਾ। ਹਾਲਾਂਕਿ ਮਸ਼ੀਨ ਓਪਰੇਟਰ ਅਤੇ ਕਲੀਨਰ ਵਜੋਂ ਦਲਿਤ ਮਜ਼ਦੂਰ ਵੀ ਕੰਮ ਕਰਦੇ ਹਨ।” ਮੈਨੇਜਰ ਤਿਵਾਰੀ ਨੇ ਕਿਹਾ, “ਅਸੀਂ ਅੱਜ ਵੀ ਗੀਤਾ ’ਚ ਲਿਖੀ ਵਰਣ ਵਿਵਸਥਾ ’ਚ ਵਿਸ਼ਵਾਸ ਰੱਖਦੇ ਹਾਂ। ਅਸਾਡਾ ਗੀਤਾ ’ਚ ਭਰੋਸਾ ਹੈ, ਕਿਉਂਕਿ ਇਹੋ ਇਕਲੌਤਾ ਸੱਚ ਹੈ।”
    ਮੈਨੇਜਰ ਹਾਲਾਂਕਿ ਕਹਿੰਦਾ ਹੈ ਕਿ ਚੌਥੇ ਦਰਜ਼ੇ ਦੇ ਮੁਲਾਜ਼ਮਾਂ ’ਚ ਕੁੱਝ ਦਲਿਤ ਜਾਤੀ ਦੇ ਲੋਕ ਵੀ ਹਨ।’’ ਪਰ ਮੇਰੀ ਜਾਣਕਾਰੀ ਅਨੁਸਾਰ ਇਨ੍ਹਾਂ ’ਚ ਵੀ ਜ਼ਿਆਦਾਤਰ ਬ੍ਰਾਹਮਣ ਹੀ ਹਨ ਅਤੇ ਕੱੁਝ ਪਿੱਛੜੇ ਵਰਗਾਂ ਦੇ ਵੀ ਹਨ। ਮੈਂ ਇੱਥੇ ਕਦੇ ਕੋਈ ਇਸਤਰੀ ਮੁਲਾਜ਼ਮ ਨਹੀਂ ਦੇਖੀ। ਕੰਪੋਜ਼ਿੰਗ ਲਈ ਕੰਪਿਊਟਰ ਦੀ ਵਰਤੋਂ ਹੋਣ ਨਾਲ ਦੇਸ਼ ਭਰ ’ਚ ਇਸਤਰੀਆਂ ਦਾ ਦਬਦਬਾ ਵਧਿਆ ਹੈ, ਕਿਉਂਕਿ ਇਸਤਰੀਆਂ ਕੰਪਿਊਟਰ ’ਤੇ ਸਹਿਜਤਾ ਨਾਲ ਕੰਮ ਕਰ ਲੈਂਦੀਆਂ ਹਨ। ਪ੍ਰੰਤੂ ਇੱਥੇ ਸਾਰਾ ਕੰਮ ਮਰਦ ਹੀ ਕਰਦੇ ਹਨ। ਕਿਉਂਕਿ ਹਿੰਦੂ ਵਿਧੀ-ਵਿਧਾਨ ਅਨੁਸਾਰ ਔਰਤਾਂ ਘਰੇਲੂ ਕੰਮ, ਜਿਵੇਂ ਘਰ ਸੰਭਾਲਣ ਜਾਂ ਬੱਚੇ ਪਾਲਣ ਆਦਿ ਕਾਰਜ ਕਰਦੀਆਂ ਹਨ ਅਤੇ ਪੁਰਸ਼ ਬਾਹਰੋਂ ਪੈਸੇ ਕਮਾ ਕੇ ਲਿਆਉਣ ਦਾ ਕੰਮ ਕਰਦੇ ਹਨ। ਦੇਸ਼ ’ਚ ਬੇਸ਼ਕ 73 ਸਾਲ ਪਹਿਲਾਂ ਸੰਵਿਧਾਨ ਲਾਗੂ ਹੋ ਗਿਆ ਸੀ, ਪਰ ਇੱਥੇ ਅਜੇ ਵੀ ਮਨੁੰਸਮਿ੍ਰਤੀ ਦੇ ਕਾਨੂੰਨ ਹੀ ਚੱਲਦੇ ਹਨ, ਜਿਸਨੂੰ ਇੱਥੋਂ ਦੇ ਲੋਕ ਬੜੇ ਗਰਵ ਨਾਲ ਕਬੂਲ ਵੀ ਕਰਦੇ ਹਨ।
    ਗੀਤਾ ਪ੍ਰੈਸ ਇਕ ਗੈਰ-ਵਪਾਰਕ, ਬਿਨਾਂ ਮੁਨਾਫਾ ਚੱਲਣ ਵਾਲੀ, ਧਾਰਮਿਕ ਸੰਸਥਾ ਵਜੋਂ ਸੂਚੀਬੱਧ (ਰਜਿਸਟਰਡ) ਹੈ। ਉਨ੍ਹਾਂ ਦਾ ਮੰਨਣਾ ਹੈ ਕਿ, “ਸੰਸਥਾ ਦਾ ਉਦੇਸ਼ ਲਾਭ ਕਮਾਉਣਾ ਨਹੀਂ, ਹਿੰਦੂ ਧਰਮ ਦੀ ਸੇਵਾ ਕਰਨਾ ਹੈ।” ਪ੍ਰੰਤੂ ਅਜਿਹਾ ਨਹੀਂ ਹੈ। ਕੋਰੋਨਾ ਮਹਾਂਮਾਰੀ ਦੌਰਾਨ ਜਦੋਂ ਸਾਰੀਆਂ ਪ੍ਰਕਾਸ਼ਨ ਸੰਸਥਾਵਾਂ ਨੂੰ ਘਾਟਾ ਝੱਲਣਾ ਪੈ ਰਿਹਾ ਸੀ, ਉਦੋਂ ਗੀਤਾ ਪ੍ਰੈਸ ਨੇ 77 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਖੱਟਿਆ ਸੀ। ਗੀਤਾ ਪ੍ਰੈਸ ਦੇ ਪ੍ਰਸ਼ਾਸਕ ਕਹਿੰਦੇ ਹਨ, “ਗੈਰ-ਵਪਾਰਕ ਹੋਣ ਕਰਕੇ ਸਾਡੇ ’ਤੇ ਕਿਰਤ ਕਾਨੂੰਨ ਲਾਗੂ ਨਹੀਂ ਹੁੰਦੇ।” ਪ੍ਰੰਤੂ ਗੀਤਾ ਪ੍ਰੈਸ ’ਚ ਹੋਈ ਹੜਤਾਲ ਦੌਰਾਨ ਕਿਰਤ ਕਮਿਸ਼ਨਰ ਨੇ ਮੰਨਿਆ ਸੀ ਕਿ ਗੈਰ-ਲਾਭਕਾਰੀ ਸੰਸਥਾ ’ਤੇ ਵੀ ਕਿਰਤ ਕਾਨੂੰਨ ਲਾਗੂ ਹੁੰਦੇ ਹਨ।
    2015 ’ਚ ਗੀਤਾ ਪ੍ਰੈਸ ਦੇ ਮੁਲਾਜ਼ਮਾਂ ਨੇ ਤਨਖਾਹ ’ਚ ਵਾਧੇ ਤੇ ਪੱਕੇ ਕੀਤੇ ਜਾਣ ਆਦਿ ਮੰਗਾਂ ਲਈ ਲੰਬੀ ਹੜਤਾਲ ਕੀਤੀ ਸੀ। ਉਦੋਂ ਇੱਕ ਮੁਲਾਜ਼ਮ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਮੈਨੂੰ ਦੱਸਿਆ ਕਿ ਇੱਥੇ ਮੁਲਾਜ਼ਮਾਂ ਲਈ ਤੈਅਸ਼ੁਦਾ ਤਨਖਾਹਾਂ, ਭੱਤੇ ਆਦਿ ਨਹੀਂ ਹਨ। ਤਨਖਾਹ ਵਧਾਉਣਾ ਜਾਂ ਘਟਾਉਣਾ ਪ੍ਰਬੰਧਕ ਦੀ ਜ਼ਮੀਰ ’ਤੇ ਨਿਰਭਰ ਕਰਦਾ ਹੈ। ਮਨਮਰਜ਼ੀ ਨਾਲ ਕਿਸੇ ਦੀ ਵੀ ਤਨਖਾਹ ਵਧਾਈ-ਘਟਾਈ ਜਾ ਸਕਦੀ ਹੈ। ਵੀਹ-ਵੀਹ ਸਾਲ ਨੌਕਰੀ ਕਰਨ ਪਿੱਛੋਂ ਵੀ ਮੁਲਾਜ਼ਮ ਪੱਕੇ ਨਹੀਂ ਕੀਤੇ ਜਾਂਦੇ। ਗੀਤਾ ਪ੍ਰੈਸ ’ਚ ਤਕਰੀਬਨ 180 ਪੱਕੇ ਅਤੇ 300 ਕੱਚੇ ਮੁਲਾਜ਼ਮ ਕੰਮ ਕਰਦੇ ਹਨ। ਹੜਤਾਲ ਤੋਂ ਪਿਛੋਂ ਪ੍ਰਬੰਧਕਾਂ ਨੇ ਤਾਲਾਬੰਦੀ ਕਰ ਦਿੱਤੀ ਅਤੇ ਪ੍ਰੈਸ ਮਹੀਨਾ ਭਰ ਬੰਦ ਰਿਹਾ। ਹੈਰਾਨੀ ਦੀ ਗੱਲ ਇਹ ਸੀ ਕਿ ਗੋਰਖਪੁਰ ਦੇ ਕਿਸੇ ਵੀ ਅਖ਼ਬਾਰ ਨੇ ਹੜਤਾਲ ਦੀ ਕੋਈ ਖਬਰ ਨਹੀਂ ਸੀ ਛਾਪੀ। ਹਾਂ, ਇਕ-ਦੋ ਅਖ਼ਬਾਰਾਂ ਨੇ ਇਸ ਹੜਤਾਲ ਨੂੰ ਹਿੰਦੂ ਧਰਮ ਵਿਰੁੱਧ ਸਾਜ਼ਿਸ਼ ਦੱਸ ਕੇ ਖਬਰ ਜ਼ਰੂਰ ਛਾਪੀ ਸੀ।
    ਕੇਵਲ ‘ਤਹਲਕਾ’ ਅਖ਼ਬਾਰ ਨੇ ਇਸ ਘੋਲ ਬਾਰੇ ਇਕ ਲੰਮੀ ਰਿਪੋਰਟ ਛਾਪੀ ਸੀ, ਜਿਸ ’ਚ ਦੋਹਾਂ ਧਿਰਾਂ ਦਾ ਪੱਖ ਰੱਖਿਆ ਗਿਆ ਸੀ। ਪਰ ਹੈਰਾਨੀਜਨਕ ਢੰਗ ਨਾਲ ਉਸ ਦਿਨ ‘ਤਹਿਲਕਾ’ ਅਖ਼ਬਾਰ ਦੀਆਂ ਸਾਰੀਆਂ ਕਾਪੀਆਂ ਗੋਰਖਪੁਰ ’ਚੋਂ ਗਾਇਬ ਹੋ ਗਈਆਂ ਸਨ! ਮੈਨੂੰ ਜਦੋਂ ਇਸ ਘੋਲ ਬਾਬਤ ਜਾਣਨ ਦੀ ਲੋੜ ਮਹਿਸੂਸ ਹੋਈ ਤਾਂ ਇਕ ਲੇਖ ਇਕ ਮਜ਼ਦੂਰ ਨੇਤਾ ਨੇ ਲਖਨਊ ਤੋਂ ਫੋਟੋ ਸਟੇਟ ਕਰਵਾ ਕੇ ਮੈੰਨੂ ਭਿਜਵਾਇਆ ਸੀ। ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਉਦੋਂ ਗੋਰਖਪੁਰ ਤੋਂ ਸੰਸਦ ਦੇ ਮੈਂਬਰ ਸੀ। ਇਸ ਅੰਦੋਲਨ ਨੂੰ ਉਸ ਨੇ ‘ਹਿੰਦੂ ਧਰਮ ਖਿਲਾਫ਼ ਮਾਓਵਾਦੀਆਂ ਦੀ ਸਾਜਿਸ਼’ ਦੱਸਿਆ ਸੀ। ਮੁਲਾਜ਼ਮ ਜਦੋਂ ਉਸ ਨੂੰ ਮਿਲਣ ਗਏ ਤਾਂ ਉਸਨੇ ਕਿਹਾ ਸੀ, “ਧਰਮ ਦੀ ਰੱਖਿਆ ਲਈ ਤੁਸੀਂ ਇੰਨਾ ਕੁ ਬਲਿਦਾਨ ਵੀ ਨਹੀਂ ਦੇ ਸਕਦੇ?” ਇਹ ਵੀ ਸੱਚ ਹੈ ਕਿ ਗੋਰਖਪੁਰ ’ਚ ਕੋਈ ਵੀ ਸਿਆਸੀ ਪਾਰਟੀ ਜਾਂ ਟਰੇਡ ਯੂਨੀਅਨ ਮੁਲਾਜ਼ਮਾਂ ਦੇ ਪੱਖ ’ਚ ਖੜ੍ਹੀ ਨਹੀਂ ਸੀ ਹੋਈ। ਖੱਬੇ ਪੱਖ ਰੁਝਾਨ ਰੱਖਣ ਵਾਲੇ ਕੇਵਲ ਕੁੱਝ ਕੁ ਵਿਅਕਤੀ ਇਸ ਅੰਦੋਲਨ ਦੀ ਵਿਅਕਤੀਗਤ ਹਿਮਾਇਤ ਕਰ ਰਹੇ ਸਨ। ਇਸੇ ਕਰਕੇ ਇਸ ਅੰਦੋਲਨ ਨੂੰ “ਮਾਓਵਾਦੀ ਸਮਰਥਿਤ” ਦੱਸਿਆ ਗਿਆ। ਇਹ ਅੰਦੋਲਨ ਲੰਬਾ ਸਮਾਂ ਚੱਲਿਆ। ਡਿਪਟੀ ਕਮਿਸ਼ਨਰ ਤੇ ਕਿਰਤ ਕਮਿਸ਼ਨਰ ਨਾਲ ਕਈ ਦੌਰ ਦੀ ਗੱਲਬਾਤ ਵੀ ਹੋਈ। ਪਰ ਅੰਤ ’ਚ ਇਹ ਅੰਦੋਲਨ ਫੇਲ੍ਹ ਹੋ ਗਿਆ। ਅੰਦੋਲਨ ’ਚ ਭਾਗੀਦਾਰੀ ਕਰਨ ਵਾਲੇ ਅਨੇਕਾਂ ਕਿਰਤੀਆਂ ਨੂੰ ਨੌਕਰੀਓਂ ਕੱਢ ਦਿੱਤਾ ਗਿਆ। ਥੋੜ੍ਹੇ-ਬਹੁਤ ਸੁਧਾਰ ਵੀ ਹੋਏ, ਕੁੱਝ ਲੋਕਾਂ ਦੀ ਤਨਖਾਹ ਵੀ ਵਧਾਈ ਗਈ ਪਰ ਮੁਲਾਜ਼ਮਾਂ ਨੂੰ ਪੱਕਾ ਕੀਤੇ ਜਾਣ ਦੀ ਪ੍ਰਮੁੱਖ ਮੰਗ ਨਜ਼ਰਅੰਦਾਜ਼ ਕਰ ਦਿੱਤੀ ਗਈ। ਗੀਤਾ ਪ੍ਰੈਸ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਗੈਰ ਲਾਭਕਾਰੀ ਸੰਸਥਾ ਹੋਣ ਕਾਰਨ ਉਨ੍ਹਾਂ ਨੂੰ ਉੱਕਾ ਹੀ ਮੁਨਾਫਾ ਨਹੀਂ ਹੁੰਦਾ।
    ਕੀ ਕੋਈ ਕਲਪਨਾ ਵੀ ਕਰ ਸਕਦਾ ਹੈ ਕਿ ਪੰਜਾਹ ਹਜ਼ਾਰ ਕਿਤਾਬਾਂ ਹਰ ਰੋਜ਼ ਵੇਚਣ ਦਾ ਦਾਅਵਾ ਕਰਨ ਵਾਲੀ ਸੰਸਥਾ ਨੂੰ ਉੱਕਾ ਹੀ ਮੁਨਾਫਾ ਨਹੀਂ ਹੁੰਦਾ? ਇਸ ਸੰਸਥਾ ਦੇ ਮੁਨਾਫ਼ੇ ਦਾ ਇੱਕ ਵੱਡਾ ਸਰੋਤ ਕੱਪੜੇ ਵੇਚਣ ਨਾਲ ਹੋਇਆ ਮੁਨਾਫਾ ਵੀ ਹੈ। ਗੋਰਖਪੁਰ ’ਚ ਗੀਤਾ ਪ੍ਰੈਸ ਦੇ ਬਿਲਕੁਲ ਨਾਲ ਗੀਤਾ ਪ੍ਰੈਸ ਦੀ ਹੀ ਕੱਪੜਿਆਂ ਦੀ ਵੱਡੀ ਦੁਕਾਨ ਹੈ। ਵੈਸੇ ਤਾਂ ਇਹ ਪ੍ਰਚੂਨ ਦੀ ਦੁਕਾਨ ਹੈ, ਪਰ ਇਹ ਲੋਕ ਭਾਰੀ ਮਿਕਦਾਰ ’ਚ ਥੋਕ ਵਪਾਰ ਵੀ ਕਰਦੇ ਹਨ। ਇੱਕ ਧਾਰਮਿਕ ਸੰਸਥਾ ਨਾਲ ਜੁੜੇ ਹੋਣ ਕਰਕੇ ਇਨ੍ਹਾਂ ਨੂੰ ਕੱਪੜੇ ਦੇ ਇਸ ਕਾਰੋਬਾਰ ’ਚ ਸਰਕਾਰੀ ਟੈਕਸ ਦਾ ਭੁਗਤਾਨ ਵੀ ਨਹੀਂ ਕਰਨਾ ਪੈਂਦਾ। ਇਸੇ ਕਰਕੇ ਇਨ੍ਹਾਂ ਦੇ ਕੱਪੜੇ ਕੁਝ ਸਸਤੇ ਹੁੰਦੇ ਹਨ, ਤਾਂ ਹੀ ਭਾਰੀ ਵਿਕਰੀ ਕਰਕੇ ਇਨ੍ਹਾਂ ਨੂੰ ਬੇਹੱਦ ਮੁਨਾਫਾ ਵੀ ਹੁੰਦਾ ਹੈ। ਇਸ ਤੋਂ ਇਲਾਵਾ ਗੀਤਾ ਪ੍ਰੈਸ ’ਚ ਬਹੁਤ ਸਾਰੀਆਂ ਆਯੂਰਵੇਦਿਕ ਦਵਾਈਆਂ ਦਾ ਨਿਰਮਾਣ ਤੇ ਕਾਰੋਬਾਰ ਵੀ ਹੁੰਦਾ ਹੈ। ਗੀਤਾ ਪ੍ਰੈਸ ਦੇ ਟ੍ਰਸਟੀ ਗੋਰਖਪੁਰ ਦੇ ਵੱਡੇ ਸਨਅਤਕਾਰ ਹਨ, ਜਿਨ੍ਹਾਂ ਦੇ ਸੀਮੈਂਟ-ਸਰੀਆ ਆਦਿ ਬਣਾਉਣ ਦੇ ਕਾਰਖਾਨੇ ਹਨ। ਇਨ੍ਹਾਂ ’ਚੋਂ ਇੱਕ ਸਨਅਤਕਾਰ ਤਾਂ ਸ਼ੇਅਰ ਬਾਜ਼ਾਰ ’ਚ ਵੀ ਸੂਚੀਬੱਧ ਹੈ। ਇਨ੍ਹਾਂ ਟ੍ਰਸਟੀਆਂ ਦੀ ਛੜੱਪੇ ਮਾਰ ਕੇ ਵਧਦੀ ਦੌਲਤ ਦੇ ਪਿੱਛੇ ‘ਈਸ਼ਵਰ ਦੀ ਕਿਰਪਾ’ ਹੈ ਜਾਂ ‘ਕੁਝ ਹੋਰ’, ਇਹ ਹਾਲੇ ਵੀ ਸੋਧ ਦਾ ਵਿਸ਼ਾ ਹੈ। ਗੀਤਾ ਪ੍ਰੈਸ ਦੇ ਧਰਮ, ਧੰਦੇ ਤੇ ਸ਼ੋਸ਼ਣ ਦੇ ਅਰਥਸ਼ਾਸਤਰ ਅਤੇ ਸਮਾਜ ਸ਼ਾਸਤਰ ਨੂੰ ਸਮਝੇ ਬਿਨਾਂ ਅਸੀਂ ਹਿੰਦੂਤਵ ਦੀ ਅਜੋਕੀ ਰਾਜਨੀਤੀ ਨੂੰ ਨਹੀਂ ਸਮਝ ਸਕਦੇ।
    (ਜਨਚੌਂਕ ’ਚੋਂ ਧੰਨਵਾਦ ਸਹਿਤ)

  • ਪੰਜਾਬ ਯੂਨੀਵਰਸਿਟੀ ਦਾ ਮਸਲਾ ਯੂਨੀਵਰਸਿਟੀ ਤੋਂ ਵੱਡਾ ਕਿਉਂ ?

    ਪੰਜਾਬ ਯੂਨੀਵਰਸਿਟੀ ਦਾ ਮਸਲਾ ਯੂਨੀਵਰਸਿਟੀ ਤੋਂ ਵੱਡਾ ਕਿਉਂ ?


    ਡਾ. ਸਵਰਾਜਬੀਰ
    ਕੁੱਝ ਦਿਨ ਪਹਿਲਾਂ ਕੇਂਦਰ ਸਰਕਾਰ ਦੇ ਵਿੱਦਿਆ ਬਾਰੇ ਮਹਿਕਮੇ ਨੇ ਪੰਜਾਬ ਯੂਨੀਵਰਸਿਟੀ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਯੂਨੀਵਰਸਿਟੀ ਦੀ ਸੈਨੇਟ ਦੇ ਮੈਂਬਰ ਘਟਾਉਣ ਦੇ ਹੁਕਮ ਜਾਰੀ ਕੀਤੇ ਸਨ। ਇਹ ਹੁਕਮ ਯੂਨੀਵਰਸਿਟੀ ਦੇ ਜਮਹੂਰੀ ਕਿਰਦਾਰ ਨੂੰ ਖੋਰਾ ਲਾਉਣ ਤੇ ਬਾਅਦ ਵਿੱਚ ਖਤਮ ਕਰਨ ਲਈ ਚੁੱਕੇ ਗਏ ਸਨ। ਇਹ ਹੁਕਮ ਨਾ ਤਾਂ ਚੁਣੀ ਹੋਈ ਸੈਨੇਟ ਤੋਂ ਮਨਜ਼ੂਰ ਕਰਾ ਕੇ ਅਤੇ ਨਾ ਹੀ ਸਬੰਧਿਤ ਧਿਰਾਂ (ਵਿਦਿਆਰਥੀਆਂ, ਅਧਿਆਪਕਾਂ, ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਆਦਿ) ਨਾਲ ਵਿਚਾਰ-ਵਟਾਂਦਰਾ ਕਰ ਕੇ ਅਤੇ ਨਾ ਹੀ ਸੰਸਦ ਵਿੱਚ ਮਨਜ਼ੂਰੀ ਲੈ ਕੇ ਜਾਰੀ ਕੀਤੇ ਗਏ ਸਨ। ਜ਼ਾਹਿਰ ਹੈ ਇਹ ਹੁਕਮ ਗੈਰ-ਕਾਨੂੰਨੀ ਤੇ ਅਸੰਵਿਧਾਨਕ ਹਨ। ਇੱਥੇ ਇਹ ਕਹਿਣਾ ਵੀ ਬਣਦਾ ਹੈ ਕਿ ਜੇ ਅਜਿਹਾ ਫੈਸਲਾ ਕਿਸੇ ਕਾਨੂੰਨੀ ਪ੍ਰਕਿਰਿਆ ਰਾਹੀਂ ਵੀ ਲਿਆ ਗਿਆ ਹੁੰਦਾ ਤਾਂ ਵੀ ਇਸ ਨੇ ਸੈਨੇਟ ਦੇ ਜਮਹੂਰੀ ਕਿਰਦਾਰ ਨੂੰ ਕੁਚਲਣ ਵਾਲਾ ਗੈਰ-ਜਮਹੂਰੀ ਫੈਸਲਾ ਹੀ ਹੋਣਾ ਸੀ। ਵਿਦਿਆਰਥੀਆਂ ਦੀ ਪਹਿਲਕਦਮੀ ਤੇ ਵਿਰੋਧ ਸਦਕਾ ਇਹ ਹੁਕਮ ਵਾਪਸ ਲੈ ਲਏ ਗਏ ਹਨ। ਪੰਜਾਬ ਦੀਆਂ ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀਆਂ, ਸਮਾਜਿਕ ਸੰਗਠਨਾਂ ਤੇ ਕਈ ਹੋਰ ਧਿਰਾਂ ਨੇ ਵਿਦਿਆਰਥੀਆਂ ਦੇ ਘੋਲ ਦੀ ਹਮਾਇਤ ਕੀਤੀ ਹੈ।
    ਇਨ੍ਹਾਂ ਹੁਕਮਾਂ ਦੇ ਜਾਰੀ ਕਰਨ ਨਾਲ ਫੌਰੀ ਤੌਰ ’ਤੇ ਇਹ ਪ੍ਰਭਾਵ ਵੀ ਗਿਆ ਹੈ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਿਸਟੀ ਦੇ ਵਿਧੀ-ਵਿਧਾਨ ਨਾਲ ਖਿਲਵਾੜ ਕਰ ਰਹੀ ਹੈ। ਇਸ ਦੇ ਨਾਲ-ਨਾਲ ਇਹ ਮਸਲਾ ਕੇਂਦਰ ਸਰਕਾਰ ਬਨਾਮ ਪੰਜਾਬ ਦੇ ਰੂਪ ਵਿੱਚ ਉੱਭਰਿਆ ਹੈ ਅਤੇ ਇਸ ਨੇ 59 ਸਾਲ ਪਹਿਲਾਂ ਪੰਜਾਬੀ ਸੂਬਾ ਬਣਾਉਣ ਸਮੇਂ (1966 ਵਿੱਚ) ਪੰਜਾਬ ਨਾਲ ਕੀਤੇ ਅਨਿਆਂ ਤੇ ਉਸ ਕਾਰਨ ਹੋਏ ਜਖ਼ਮਾਂ ਨੂੰ ਉਚੇੜਿਆ ਹੈ। ਉਨ੍ਹਾਂ ਜ਼ਖ਼ਮਾਂ ਵਿੱਚੋਂ ਪ੍ਰਮੁੱਖ ਹਨ :
    1) ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ।
    2) ਪੰਜਾਬ ਦੇ ਪਾਣੀਆਂ ਤੇ ਡੈਮਾਂ ਦਾ ਬੰਦੋਬਸਤ ਪੰਜਾਬ ਨੂੰ ਨਾ ਦੇਣਾ ਤੇ ਉਨ੍ਹਾਂ ਨਾਲ ਸਬੰਧਿਤ ਬੋਰਡਾਂ ਵਿੱਚ ਪੰਜਾਬ ਨੂੰ ਥੱਲੇ ਲਗਾਉਣ ਦੀ ਨੀਤੀ।
    3) ਪੰਜਾਬੀ ਬੋਲਦੇ ਕਈ ਇਲਾਕਿਆਂ ਨੂੰ ਪੰਜਾਬ ਤੋਂ ਬਾਹਰ ਰੱਖਣਾ।
    ਇਨ੍ਹਾਂ ਵਿੱਚੋਂ ਇੱਕ ਸਵਾਲ ਜੋ ਪੰਜਾਬੀ ਲੋਕ-ਮਨ ਵਿੱਚ ਹਮੇਸ਼ਾ ਚੀਸਾਂ ਪਾਉਂਦਾ ਹੈ, ਉਹ ਇਹ ਹੈ ਕਿ ਪੰਜਾਬ ਨੂੰ ਆਪਣੀ ਰਾਜਧਾਨੀ ਤੋਂ ਵਾਂਝਿਆਂ ਕਿਉਂ ਰੱਖਿਆ ਗਿਆ? ਦੇਸ਼ ਵਿੱਚ ਕਈ ਨਵੇਂ ਸੂਬੇ ਬਣੇ : ਗੁਜਰਾਤ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਉਤਰਾਖੰਡ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਆਦਿ ਸਨ। ਇਹ ਸੂਬੇ ਪਹਿਲਾਂ ਤੋਂ ਬਣੇ ਵੱਡੇ ਸੂਬਿਆਂ ਦੀ ਵੰਡ ਰਾਹੀਂ ਹੋਂਦ ਵਿੱਚ ਆਏ ਸਨ। ਹਰ ਵੰਡ ਵਿੱਚ ਨਵੇਂ ਬਣੇ ਸੂਬੇ ਨੂੰ ਆਪਣੀ ਨਵੀਂ ਰਾਜਧਾਨੀ ਬਣਾਉਣ ਲਈ ਕਿਹਾ ਗਿਆ ਤੇ ਉਸ ਲਈ ਫੰਡ ਦਿੱਤੇ ਗਏ। ਸਿਰਫ ਪੰਜਾਬੀ ਸੂਬਾ ਅਤੇ ਹਰਿਆਣੇ ਨੂੰ ਬਣਾਉਂਦੇ ਸਮੇਂ ਇਹ ਬਖੇੜਾ ਖੜ੍ਹਾ ਕੀਤਾ ਗਿਆ। ਕਿਉਂ? ਇਸ ਦਾ ਕਾਰਨ ਵੱਖੋ-ਵੱਖ ਕੌਮੀ ਪਾਰਟੀਆਂ ਵਿੱਚ ਬੈਠੇ ਕੱੁਝ ਸਿਆਸਤਦਾਨਾਂ ਦੀ ਪੰਜਾਬ ਤੇ ਪੰਜਾਬੀ ਵਿਰੋਧੀ ਸੋਚ ਸੀ। ਅਜਿਹੇ ਸਿਆਤਸਦਾਨਾਂ ਨੇ ਹੀ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਤੋਂ ਬੇਗਾਨੇ ਹੋਣ ਤੇ ਆਪਣੀ ਮਾਂ-ਬੋਲੀ ਹਿੰਦੀ ਦਰਜ਼ ਕਰਵਾਉਣ ਲਈ ਕਿਹਾ ਸੀ।
    ਰਾਜਧਾਨੀ ਸੂਬੇ ਦਾ ਦਿਲ ਹੁੰਦੀ ਹੈ; ਉਸ ਸੂਬੇ ਦੀ ਸਿਆਸਤ ਤੇ ਪ੍ਰਸ਼ਾਸਨ ਦਾ ਕੇਂਦਰ ਤਾਂ ਹੁੰਦੀ ਹੈ ਪਰ ਨਾਲ-ਨਾਲ ਉਹ ਸੂਬੇ ਦੇ ਸੱਭਿਆਚਾਰ, ਲੋਕ-ਜੀਵਨ, ਲੋਕ-ਕਲਾਵਾਂ ਤੇ ਸੂਬੇ ਦੇ ਲੋਕਾਂ ਦੀ ਜੀਵਨ-ਜਾਚ ਦੀਆਂ ਤੰਦਾਂ ਫੜਦੀ ਹੋਈ ਇੱਕ ਅਜਿਹੀ ਸੱਭਿਆਚਾਰਕ-ਸਮਾਜਿਕ ਇਕਾਈ ਬਣਦੀ ਹੈ, ਜੋ ਸੂਬੇ ਦੀ ਸਿਆਸੀ-ਸਮਾਜਿਕ, ਸੱਭਿਆਚਾਰਕ ਜ਼ਿੰਦਗੀ ਦਾ ਪ੍ਰਤੀਕ ਬਣ ਜਾਂਦੀ ਹੈ, ਜਿਵੇਂ ਲਾਹੌਰ ਇੱਕ ਅਜਿਹੀ ਹੀ ਇਕਾਈ ਸੀ, ਸਾਂਝੇ ਪੰਜਾਬ ਲਈ।
    ਕੱਟੜਪੰਥੀ ਫਿਰਕੂ ਸਿਆਸਤਦਾਨਾਂ ਦੀ ਸਿਆਸਤ ਕਾਰਨ 1947 ਵਿੱਚ ਪੰਜਾਬ ਵੰਡਿਆ ਗਿਆ। ਸਦੀਆਂ ਤੋਂ ਇਕੱਠੇ ਰਹਿੰਦੇ, ਸਾਂਝੀ ਰਹਿਤਲ ਤੇ ਵਸੇਬ ਉਸਾਰਨ ਵਾਲੇ ਪੰਜਾਬੀ ਇੱਕ-ਦੂਜੇ ਦੇ ਦੁਸ਼ਮਣ ਬਣ ਗਏ। ਬਾਬਾ ਸ਼ੇਖ ਫਰੀਦ, ਗੁਰੂ ਨਾਨਕ ਦੇਵ ਜੀ, ਸਿੱਖ ਗੁਰੂਆਂ, ਸੂਫੀਆਂ, ਨਾਥਾਂ-ਜੋਗੀਆਂ, ਭਗਤੀ ਲਹਿਰ ਦੇ ਭਗਤਾਂ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਮੁਹੰਮਦ ਤੇ ਹੋਰ ਕਰੋੜਾਂ ਲੋਕਾਂ ਦਾ ਸੁਪਨਾ ਉੱਜੜ ਗਿਆ। ਦਸ ਲੱਖ ਤੋਂ ਵੱਧ ਪੰਜਾਬੀ ਮਾਰੇ ਗਏ, ਲੱਖਾਂ ਬੇਘਰ ਹੋਏ ਅਤੇ ਹਜ਼ਾਰਾਂ ਔਰਤਾਂ ਜਬਰ ਜਨਾਹ ਦਾ ਸ਼ਿਕਾਰ ਹੋਈਆਂ। ਸਦੀਆਂ ਤੋਂ ਪਣਪ ਰਹੀ ਨਾਨਕ-ਮਰਦਾਨਾ ਸਾਂਝ ਖਤਮ ਹੋ ਗਈ। ਇਹ ਸਦੀਆਂ ਤੋਂ ਸਿਰਜੀ ਜਾ ਰਹੀ ਪੰਜਾਬੀ ਸੱਭਿਅਤਾ ਦੀ ਅਰਧ-ਮੌਤ ਸੀ। ਧਾਰਮਿਕ ਜਨੂੰਨ ਅਤੇ ਬਸਤੀਵਾਦੀ ਸੋਚ ਵਿੱਚ ਗਿ੍ਰਫ਼ਤਾਰ ਪੰਜਾਬੀਆਂ ਨੇ ਇਸ ਵੰਡ ਦਾ ਕੋਈ ਵਿਰੋਧ ਨਾ ਕੀਤਾ (ਕਮਿਊਨਿਸਟ ਪਾਰਟੀ ਵਿਚਲੇ ਕਿਰਤੀਆਂ ਤੇ ਯੂਨੀਅਨਇਸਟ ਪਾਰਟੀ ਦੇ ਕੁਝ ਆਗੂਆਂ ਤੋਂ ਬਿਨਾਂ)। ਕਾਂਗਰਸ, ਅਕਾਲੀ, ਕਮਿਊਨਿਸਟ, ਸੋਸ਼ਲਿਸਟ, ਕਿਸੇ ਨੇ ਵੀ ਵੰਡ ਵਿਰੁੱਧ ਲੋਕ-ਅੰਦੋਲਨ ਚਲਾਉਣ ਦੀ ਗੱਲ ਵੀ ਨਾ ਕੀਤੀ। ਪੰਜਾਬ ਉੱਜੜਿਆ ਤੇ ਨਾਲ ਹੀ ਉੱਜੜੀ ਪੰਜਾਬ ਤੇ ਪੰਜਾਬੀਆਂ ਦੀ ਮਨੁੱਖਤਾ ਤੇ ਸਾਂਝੀਵਾਲਤਾ ਦੀ ਰਵਾਇਤ।
    ਵੰਡ ਤੋਂ ਬਾਅਦ ਪੰਜਾਬੀਆਂ ਨੇ ਆਪਣੇ-ਆਪ ਤੇ ਪੰਜਾਬ ਨੂੰ ਮੁੜ ਉਸਾਰਿਆ। ਲਹਿੰਦੇ ਪੰਜਾਬ ਵਿੱਚ ਸਭ ਕੁਝ ਗੁਆ ਕੇ ਆਏ ਪੰਜਾਬੀਆਂ ਨੇ ਇਸ ਵਿੱਚ ਵੱਡਾ ਹਿੱਸਾ ਪਾਇਆ। ਚੜ੍ਹਦੇ ਪੰਜਾਬ ਨੇ ਜਮਹੂਰੀ ਨਿਜ਼ਾਮ ਦੇ ਆਸਰੇ ਵੱਡੀਆਂ ਪੁਲਾਂਘਾਂ ਭਰੀਆਂ : ਮੁੜ-ਵਸੇਬਾ, ਚੱਕਬੰਦੀ, ਵਿਦਿਅਕ ਤੇ ਕਾਰੋਬਾਰੀ ਅਦਾਰਿਆਂ ਦੀ ਉਸਾਰੀ, ਸੀਮਤ ਜ਼ਮੀਨੀ ਸੁਧਾਰ, ਜਮਹੂਰੀ ਸੰਸਥਾਵਾਂ ਦੀ ਸਥਾਪਨਾ ਆਦਿ। ਇਸ ਪੁਨਰ-ਉਸਾਰੀ ਵਿੱਚ ਕਈ ਸੰਸਥਾਵਾਂ ਤੇ ਥਾਵਾਂ ਤਰੱਕੀ ਦੇ ਪ੍ਰਤੀਕ ਬਣ ਕੇ ਉੱਭਰੀਆਂ: ਭਾਖੜਾ ਡੈਮ, ਚੰਡੀਗੜ੍ਹ, ਵੇਰਕਾ ਡੇਅਰੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੀ.ਜੀ.ਆਈ. ਆਦਿ। ਜਿੱਥੇ ਇਹ ਸੰਸਥਾਵਾਂ ਨਵ-ਨਿਰਮਾਣ ਦੀਆਂ ਪ੍ਰਤੀਕ ਸਨ, ਉੱਥੇ ਚੰਡੀਗੜ੍ਹ ਪੁਨਰ-ਉਸਾਰੀ ਦੇ ਨਾਲ ਨਾਲ ਪੰਜਾਬ ਦੀ ਮਾਨਸਿਕ ਜ਼ਮੀਨ ਵਿੱਚ ਪਏ ਇੱਕ ਡੂੰਘੇ ਖੱਪੇ ਨੂੰ ਭਰਨ ਦਾ ਵੀ ਯਤਨ ਸੀ; ਲਾਹੌਰ ਦੇ ਗਵਾਚਣ ਦੇ ਸੱਲ ਨੂੰ ਇੱਕ ਆਧੁਨਿਕ ਸ਼ਹਿਰ ਦੇ ਨਿਰਮਾਣ ਨਾਲ ਭੁੱਲਣ ਦੀ ਕੋਸ਼ਿਸ਼।
    ਚੰਡੀਗੜ੍ਹ ਕਿਵੇਂ, ਕਿੱਥੇ ਤੇ ਕਿਉਂ ਬਣਿਆ; ਇਹ ਕਹਾਣੀ ਅਸੀਂ ਸਾਰੇ ਜਾਣਦੇ ਹਾਂ। ਕਿਉਂ ਦਾ ਅਰਧ-ਉੱਤਰ ਉਪਰਲੇ ਪਹਿਰੇ ਵਿੱਚ ਹੈ। ਕਿੱਥੇ ਤੇ ਕਿਵੇਂ ਦੀ ਕਹਾਣੀ ਜੱਗ-ਜ਼ਾਹਿਰ ਹੈ। ਇਹ ਪੰਜਾਬੀ (ਪੁਆਧੀ) ਬੋਲਣ ਵਾਲੇ ਪੰਜਾਬੀਆਂ ਦੀ ਜ਼ਮੀਨ ਲੈ ਕੇ ਬਣਾਇਆ ਗਿਆ, ਇਹ ਪੰਜਾਬ ਤੇ ਪੰਜਾਬੀਆਂ ਦੀ ਜ਼ਮੀਨ ’ਤੇ ਪੰਜਾਬ ਤੇ ਪੰਜਾਬੀਆਂ ਲਈ ਬਣਿਆ; ਉਸ ਇਤਿਹਾਸਕ ਖ਼ਿੱਤੇ ਦੇ ਲੋਕਾਂ ਲਈ ਜਿਸ ਨੂੰ ਸਦੀਆਂ ਤੋਂ ਪੰਜਾਬ ਕਿਹਾ ਜਾਂਦਾ ਹੈ ਤੇ ਜਿੱਥੇ ਵਸਣ ਵਾਲੇ ਆਪਣੇ ਆਪ ਨੂੰ ਪੰਜਾਬੀ ਕਹਾਉਂਦੇ ਹਨ।
    ਇਸ ਸ਼ਹਿਰ ਨੂੰ ਬਣਾਉਣ-ਵਿਉਂਤਣ ਦਾ ਸਿਹਰਾ ਜਵਾਹਰ ਲਾਲ ਨਹਿਰੂ ਦੇ ਸਿਰ ਬੱਝਦਾ ਹੈ। ਅਮਰੀਕੀ ਪਲੈਨਰ ਅਲਬਰਟ ਮੇਅਰ ਨੇ ਰਾਏ ਦਿੱਤੀ ਸੀ ਕਿ ਸ਼ਹਿਰ ਸ਼ਿਵਾਲਿਕ ਦੀਆਂ ਪਹਾੜੀਆਂ ਲਾਗੇ ਬਣਾਇਆ ਜਾਏ। ਅਲਬਰਟ ਮੇਅਰ ਉੱਤਰੀ ਅਮਰੀਕਾ ਵਿੱਚ ਚੱਲੀ ਸਿਟੀ ਬਿਊਟੀਫੁੱਲ ਲਹਿਰ ਤੋਂ ਪ੍ਰਭਾਵਿਤ ਸੀ ਤੇ ਉਸੇ ਨੇ ਇਸ ਸ਼ਹਿਰ ਦੀ ਸ਼ੁਰੂਆਤੀ ਯੋਜਨਾ ਬਣਾਈ। ਬਾਅਦ ਵਿੱਚ ਆਪਣੇ ਸਾਥੀ ਮੈਥਿਊ ਨੋਵਿਕੀ ਦੀ ਮੌਤ ਅਤੇ ਕੁਝ ਹੋਰ ਕਾਰਨਾਂ ਕਰਕੇ ਉਹ ਇਸ ਪ੍ਰੋਜੈਕਟ ਤੋਂ ਅਲੱਗ ਹੋ ਗਿਆ ਤੇ ਇਹ ਜ਼ਿੰਮੇਵਾਰੀ ਸਵਿੱਸ-ਫਰਾਂਸੀਸੀ ਵਿਉਂਤਕਾਰ ਲੀ ਕਾਰਬੂਜੀਏ ਨੂੰ ਸੌਂਪੀ ਗਈ। ਜਵਾਹਰ ਲਾਲ ਨਹਿਰੂ ਪਹਿਲੀ ਵਾਰ 2 ਅਪ੍ਰੈਲ 1952 ਨੂੰ ਏਥੇ ਪਿੰਡ ਨਗਲਾ (ਜਿਹੜਾ ਹੁਣ ਚੰਡੀਗੜ੍ਹ ਦੇ ਸੈਕਟਰ 19 ਤੇ 7 ਦਾ ਹਿੱਸਾ ਹੈ) ਆਇਆ। ਆਪਣੇ ਭਾਸ਼ਨ ਵਿੱਚ ਨਹਿਰੂ ਨੇ ਕਿਹਾ, ‘‘ਇਸ ਸ਼ਹਿਰ ਦਾ ਨਾਂ ਚੰਡੀਗੜ੍ਹ ਰੱਖਿਆ ਜਾਵੇਗਾ, ਪੰਜਾਬੀਆਂ ਦੀ ਸੂਰਬੀਰਤਾ ਨਾਲ ਭਰੀ ਰੂਹ ਦਾ ਪ੍ਰਤੀਕ।’’
    6 ਜਨਵਰੀ 1999 ਨੂੰ ਦਿੱਤੇ ਭਾਸ਼ਨ ਵਿੱਚ ਦੇਸ਼ ਦੇ ਤਤਕਾਲੀਨ ਰਾਸ਼ਟਰਪਤੀ ਕੇ ਆਰ ਨਰਾਇਣਨ ਨੇ ਕਿਹਾ, ‘‘ਨਹਿਰੂ ਦਾ ਵਿਚਾਰ ਸੀ ਕਿ ਪੰਜਾਬ ਦੀ ਰਾਜਧਾਨੀ ਨੂੰ ਹਿੰਦੋਸਤਾਨੀ ਸੱਭਿਅਤਾ ਦੇ ਸਾਂਚੇ ਵਿੱਚ ਜੜਿਆ ਜਾਵੇ। ਚੰਡੀਗੜ੍ਹ ਨਵੇਂ ਭਾਰਤ ਵਾਂਗ ਹੈ; ਇਸ ਦਾ ਜਨਮ ਆਜ਼ਾਦੀ ਦੇ ਖੁਸ਼ੀਆਂ ਤੇ ਦੇਸ਼ ਵੰਡ ਦੀ ਪੀੜਾ ਭਰੇ ਦੁਖਾਂਤ ਦੇ ਵੇਲਿਆਂ ’ਚ ਹੋਇਆ। ਪੰਜਾਬ ਨੇ ਵੰਡ ਦੀ ਪੀੜ ਦੇਸ਼ ਦੇ ਕਿਸੇ ਹਿੱਸੇ ਤੋਂ ਵੀ ਜ਼ਿਆਦਾ ਡੂੰਘੀ ਅਤੇ ਜ਼ਿਆਦਾ ਤੀਬਰਤਾ ਨਾਲ ਸਹੀ। … ਚੰਡੀਗੜ੍ਹ ਪੰਜਾਬ ਦੇ ਲੋਕਾਂ ਦੇ ਉੱਦਮ ਤੇ ਉਨ੍ਹਾਂ ਦੀ ਸਿਰੜੀ ਤੇ ਕਦੇ ਵੀ ਹਾਰ ਨਾ ਮੰਨਣ ਵਾਲੀ ਰੂਹ ਦਾ ਪ੍ਰਤੀਕ ਹੈ।’’ ਕਹਿਣ ਦਾ ਮਤਲਬ ਇਹ ਹੈ ਕਿ 1952 ਤੋਂ ਲੈ ਕੇ ਹੁਣ ਤੱਕ ਸਾਰੇ ਸੁਹਿਰਦ ਸਿਆਸਤਦਾਨ ਇਸ ਗੱਲ ’ਤੇ ਮੋਹਰ ਲਾਉਂਦੇ ਰਹੇ ਹਨ ਕਿ ਚੰਡੀਗੜ੍ਹ ਪੰਜਾਬ ਦਾ ਹੈ; ਇਹ ਨਾਤਾ ਸਜੀਵ ਤੇ ਜੀਵੰਤ ਹੈ। ਅਸੰਵੇਦਨਸ਼ੀਲ ਸਿਆਸਤ ਹੀ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਵਿਰੋਧੀ ਰਹੀ ਹੈ।
    ਨਹਿਰੂ ਦੇ ਭਾਸ਼ਨ (1952) ਤੇ ਕੇ ਆਰ ਨਰਾਇਣਨ ਦੇ ਭਾਸ਼ਨ (1999) ਵਿਚਕਾਰ 1947 ਤੋਂ ਬਾਅਦ ਦੇ ਪੰਜਾਬ ਵਿੱਚ ਇੱਕ ਅਹਿਮ ਤਬਦੀਲੀ ਆਈ ਸੀ। ਉਹ ਸੀ, ਇੱਕ ਵੱਡੇ ਸੰਘਰਸ਼ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬੀ ਸੂਬੇ ਦਾ ਹੋਂਦ ਵਿੱਚ ਆਉਣਾ। ਇਸ ਅੰਦੋਲਨ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ। ਨਵਾਂ ਪੰਜਾਬ ਤਾਂ ਹੋਂਦ ਵਿੱਚ ਆ ਗਿਆ, ਪਰ ਚੰਡੀਗੜ੍ਹ ਬਾਰੇ ਕੋਈ ਫੈਸਲਾ ਨਾ ਹੋ ਸਕਿਆ ਤੇ ਇਸ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ; ਪੰਜਾਬ ਤੇ ਹਰਿਆਣੇ ਦੀ ਸਾਂਝੀ ਰਾਜਧਾਨੀ। ਪੰਜਾਬੀਆਂ ਨੇ ਚੰਡੀਗੜ੍ਹ ਨੂੰ ਪ੍ਰਾਪਤ ਕਰਨ ਲਈ ਅੰਦੋਲਨ ਕੀਤੇ ਅਤੇ ਦਰਸ਼ਨ ਸਿੰਘ ਫੇਰੂਮਾਨ ਨੇ ਇਸ ਲਈ ਸ਼ਹੀਦੀ ਦਿੱਤੀ। ਰਾਜੀਵ-ਲੌਂਗੋਵਾਲ ਸਮਝੌਤੇ (1985) ਦੌਰਾਨ ਇਹ ਤੈਅ ਹੋਇਆ ਕਿ 1986 ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਵੇਗਾ। ਇਸ ਸਮਝੌਤੇ ਦੀਆਂ ਕੁੱਝ ਸ਼ਰਤਾਂ ਤੇ ਗੁੰਝਲਾਂ ਸਨ, ਜਿਨ੍ਹਾਂ ਦਾ ਹੱਲ ਨਾ ਲੱਭਿਆ ਜਾ ਸਕਿਆ ਅਤੇ ਚੰਡੀਗੜ੍ਹ ਪੰਜਾਬ ਨੂੰ ਮਿਲਦਾ-ਮਿਲਦਾ ਰਹਿ ਗਿਆ। ਇਸ ਦਾ ਪ੍ਰਮੁੱਖ ਕਾਰਨ ਸਮਝੌਤੇ ਵਿਚਲੀਆਂ ਗੁੰਝਲਾਂ ਨਹੀਂ ਸਗੋਂ ਸੌੜੀ ਸਿਆਸਤ ਸੀ/ਹੈ। 1980ਵਿਆਂ ਦੇ ਅਤਿਵਾਦ ਤੇ ਸਰਕਾਰੀ ਤਸ਼ੱਦਦ ਨੇ ਪੰਜਾਬ ਤੇ ਪੰਜਾਬੀਆਂ ਨੂੰ ਏਨਾ ਵਲੂੰਧਰਿਆ ਕਿ ਉਹ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਨੂੰ ਲਗਭਗ ਭੁੱਲ ਹੀ ਗਏ। ਪਿਛਲੇ ਸਾਲਾਂ ਵਿੱਚ ਇਹ ਮੰਗ ਕਈ ਵਾਰ ਉੱਭਰੀ ਪਰ ਇਸ ’ਤੇ ਨਾ ਤਾਂ ਕੋਈ ਲੋਕ ਅੰਦੋਲਨ ਉਸਰਿਆ ਅਤੇ ਨਾ ਹੀ ਇਸ ਮੰਗ ਦੇ ਪਸਾਰ ਵਿਆਪਕ ਬਣ ਸਕੇ।
    ਇਸ ਸਭ ਕੱੁਝ ਦੇ ਬਾਵਜੂਦ ਚੰਡੀਗੜ੍ਹ ਦਾ ਪੰਜਾਬ ਨੂੰ ਨਾ ਮਿਲਣਾ ਪੰਜਾਬ ਦੀ ਆਤਮਾ ਵਿੱਚ ਇੱਕ ਜ਼ਖ਼ਮ ਵਾਂਗ ਹੈ, ਜਿਸ ਨੇ ਕਦੇ ਨਹੀਂ ਭਰਨਾ। ਪੁਆਧੀ ਬੋਲਣ ਵਾਲੇ ਲਗਭਗ 50 ਪਿੰਡਾਂ ਦੀ ਜ਼ਮੀਨ ’ਤੇ ਬਣਿਆ ਇਹ ਸ਼ਹਿਰ ਪੰਜਾਬ ਦੀ ਧਰੋਹਰ ਹੈ। ਇਸ ਨੂੰ ਪੰਜਾਬ ਨੂੰ ਨਾ ਸੌਂਪਣਾ ਪੰਜਾਬੀਆਂ ਨਾਲ ਧੋਖਾ ਹੈ ਤੇ ਕਈ ਦਹਾਕਿਆਂ ਤੋਂ ਕੇਂਦਰ ਸਰਕਾਰ ਇਸ ਦੀ ਕਰਨਧਾਰ ਰਹੀ ਹੈ ਅਤੇ ਪੰਜਾਬੀ ਇਸ ਧੋਖੇ ਨੂੰ ਜਿਊਂਦੇ ਤੇ ਇਸ ਵਿੱਚ ਕਦੇ ਧੱੁਖਦੇ, ਕਦੇ ਮੱਘਦੇ ਤੇ ਕਦੇ ਜਲਦੇ ਰਹੇ ਹਨ।
    ਇਹੀ ਕਾਰਨ ਹੈ ਕਿ ਜਦੋਂ ਵੀ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦਾ ਮਸਲਾ ਹੋਵੇ ਜਾਂ ਪੰਜਾਬ ਯੂਨੀਵਰਸਿਟੀ ਦਾ, ਉਸ ਸਮੇਂ ਹੀ ਚੰਡੀਗੜ੍ਹ ’ਤੇ ਪੰਜਾਬ ਦੀ ਹੱਕ ਦੀ ਗੱਲ ਉੱਭਰਦੀ ਹੈ। ਇਸੇ ਲਈ ਇਸ ਸਮੇਂ ਪੰਜਾਬ ਯੂਨੀਵਰਸਿਟੀ ਦਾ ਮਸਲਾ ਯੂਨੀਵਰਸਿਟੀ ਤੱਕ ਸੀਮਤ ਨਹੀਂ, ਇਹ ਪੰਜਾਬੀ ਮਾਨਸਿਕਤਾ ’ਤੇ ਪਏ ਉਨ੍ਹਾਂ ਖਰੀਂਡਾਂ ਨੂੰ ਉਚੇੜ-ਛਿੱਲ ਰਿਹਾ ਹੈ ਜੋ ਕਦੇ ਨਹੀਂ ਭਰਨੇ।
    ਹੁਣ ਕੁਝ ਗੱਲਾਂ ਪੰਜਾਬ ਯੂਨੀਵਰਸਿਟੀ ਬਾਰੇ ਵੀ। ਪੰਜਾਬੀਆਂ ਨੇ ਅੰਗਰੇਜ਼ ਬਸਤੀਵਾਦੀਆਂ ਵਿਰੁੱਧ ਮਹਾਨ ਲੜਾਈਆਂ ਲੜੀਆਂ। ਲੱਖਾਂ ਪੰਜਾਬੀ ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਰੌਲਟ ਐਕਟ ਵਿਰੁੱਧ ਜਲਿ੍ਹਆਂਵਾਲੇ ਬਾਗ਼ ਦੇ ਸਾਕੇ ਵਾਲੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਅੰਦੋਲਨ, ਕਿਸਾਨ ਮੋਰਚਿਆਂ, ਇੰਡੀਅਨ ਨੈਸ਼ਨਲ ਆਰਮੀ (ਆਈ ਐੱਨ ਏ) ਤੇ ਹੋਰ ਅੰਦੋਲਨਾਂ ਵਿੱਚ ਸ਼ਾਮਿਲ ਹੋਏ ਅਤੇ ਕੁਰਬਾਨੀਆਂ ਦਿੱਤੀਆਂ। ਕਾਂਗਰਸ, ਅਕਾਲੀ ਤੇ ਕਿਰਤੀ ਤੇ ਕਮਿਊਨਿਸਟ ਪਾਰਟੀਆਂ ਦੀ ਅਗਵਾਈ ਵਿੱਚ ਅੰਗਰਜ਼ਾਂ ਵਿਰੁੱਧ ਲੜੇ ਪਰ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਇੱਕ ਦਿਨ ’ਚ ਨਹੀਂ ਸੀ ਕੱਢਿਆ ਜਾ ਸਕਦਾ। ਉਨ੍ਹਾਂ ਵਿਰੁੱਧ ਲੜਦਿਆਂ ਤੇ ਉਨ੍ਹਾਂ ਦੇ ਜਬਰ ਦਾ ਸਾਹਮਣਾ ਕਰਦਿਆਂ ਵੀ ਲੋਕਾਂ ਨੂੰ ਉਨ੍ਹਾਂ ਦੇ ਬਣਾਏ ਨਿਜ਼ਾਮ ਅਨੁਸਾਰ ਜਿਊਣਾ ਪੈਣਾ ਸੀ; ਉਸ ਨਿਜ਼ਾਮ ਵਿੱਚੋਂ ਕੱੁਝ ਲੋਕ-ਪੱਖੀ ਅਮਲ ਤੇ ਰਿਆਇਤਾਂ ਹਾਸਿਲ ਕਰਨੀਆਂ ਪੈਣੀਆਂ ਸਨ। ਇਸੇ ਅਮਲ ਤਹਿਤ ਪੰਜਾਬ ਵਿੱਚ ਵਿਦਿਅਕ ਅਦਾਰੇ ਬਣੇ; 1870 ਵਿੱਚ ਲਾਹੌਰ ਵਿੱਚ ਪੰਜਾਬ ਯੂਨੀਵਰਸਿਟੀ ਕਾਲਜ (ਦਿ ਯੂਨੀਵਰਸਿਟੀ ਓਰੀਐਂਟਲ ਕਾਲਜ), 1875 ਵਿੱਚ ਮਹਿੰਦਰਾ ਕਾਲਜ ਪਟਿਆਲਾ, 1892 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ। ਪੰਜਾਬ ਯੂਨੀਵਰਸਿਟੀ 1882 ਵਿੱਚ ਹੋਂਦ ਵਿੱਚ ਆਈ ਜਦੋਂ ਪੰਜਾਬ ਯੂਨੀਵਰਸਿਟੀ ਕਾਲਜ ਲਾਹੌਰ ਨੂੰ ਯੂਨੀਵਰਸਿਟੀ ਆਫ ਦਿ ਪੰਜਾਬ ਵਿੱਚ ਤਬਦੀਲ ਕਰ ਦਿੱਤਾ ਗਿਆ। ਯੂਨੀਵਰਸਿਟੀ ਦੀ ਉਦਘਾਟਨੀ ਕਨਵੋਕੇਸ਼ਨ 18 ਨਵੰਬਰ 1882 ਨੂੰ ਹੋਈ। ਮੰਚ ’ਤੇ ਹਿੰਦੋਸਤਾਨ ਦਾ ਵਾਇਰਸਾਏ ਲਾਰਡ ਜਾਰਜ ਰਿਪਨ ਬਿਰਾਜਮਾਨ ਸੀ; ਨਾਲ ਸੀ ਯੂਨੀਵਰਸਿਟੀ ਦਾ ਚਾਂਸਲਰ ਅਤੇ ਪੰਜਾਬ ਦਾ ਤਤਕਾਲੀ ਲੈਫਟੀਨੈਂਟ ਗਵਰਨਰ ਸਰ ਚਾਰਲਸ ਏਚੇਸਨ; ਖੱਬੇ, ਸੱਜੇ ਬੈਠੇ ਸਨ ਕਪੂਰਥਲਾ ਤੇ ਫਰੀਦਕੋਟ ਦੇ ਰਾਜੇ ਤੇ ਬਹਾਵਲਪੁਰ ਦਾ ਨਵਾਬ। ਵਾਇਸਰਾਏ ਨੇ ਨਵਾਬ ਦਾ ਖਾਸ ਸ਼ੁਕਰੀਆ ਅਦਾ ਕੀਤਾ ਸੀ ਕਿਉਂਕਿ ਉਹਨੇ ਯੂਨੀਵਰਸਿਟੀ ਬਣਾਉਣ ਲਈ ਸਭ ਤੋਂ ਜ਼ਿਆਦਾ ਮਾਇਕ ਸਹਾਇਤਾ ਦਿੱਤੀ ਸੀ। ਬਹਾਵਲਪੁਰ ਲਹਿੰਦੇ ਪੰਜਾਬ ਵਿੱਚ ਹੈ ਤੇ ਕਪੂਰਥਲਾ ਤੇ ਫਰੀਦਕੋਟ ਚੜ੍ਹਦੇ ਪੰਜਾਬ ਵਿੱਚ।
    ਪੰਜਾਬ ਦੀ ਵੰਡ ਤੋਂ ਬਾਅਦ ਇਹ ਪਹਿਲਾਂ ਈਸਟ ਪੰਜਾਬ ਯੂਨੀਵਰਸਿਟੀ ਤੇ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਵਜੋਂ ਸਥਾਪਿਤ ਹੋਈ। ਇਸ ਨੂੰ 1956 ਵਿੱਚ ਚੰਡੀਗੜ੍ਹ ਵਿੱਚ ਨਵਾਂ ਘਰ ਮਿਲਿਆ। ਪੰਜਾਬੀ ਸੂਬੇ ਦੇ ਬਣਨ ਨਾਲ ਇਸ ਨੂੰ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਤਹਿਤ ਇੰਟਰ-ਸਟੇਟ ਬਾਡੀ ਕਾਰਪੋਰੇਟ ਐਲਾਨਿਆ ਗਿਆ। ਭਾਰਤ ਦੇ ਉਪ ਰਾਸ਼ਟਰਪਤੀ ਨੂੰ ਇਸ ਦਾ ਚਾਂਸਲਰ ਬਣਾਇਆ ਗਿਆ। ਉਸ ਸਮੇਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਕਾਲਜ ਵੀ ਇਸ ਨਾਲ ਸਬੰਧਿਤ ਸਨ। ਆਪਣੀਆਂ ਯੂਨੀਵਰਸਿਟੀਆਂ ਬਣਾਉਣ ਤੋਂ ਬਾਅਦ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਨੇ ਆਪਣੇ ਕਾਲਜਾਂ ਦਾ ਨਾਤਾ ਇਸ ਯੂਨੀਵਰਸਿਟੀ ਨਾਲੋਂ ਤੋੜ ਲਿਆ। ਹੁਣ ਸਿਰਫ ਪੰਜਾਬ ਦੇ ਕਾਲਜ ਇਸ ਯੂਨੀਵਰਸਿਟੀ ਨਾਲ ਸਬੰਧਿਤ ਹਨ ਤੇ ਚੰਡੀਗੜ੍ਹ ਦੇ, ਜੋ ਪੰਜਾਬ ਦੀ ਰਾਜਧਾਨੀ ਹੈ। ਇਸ ਤਰ੍ਹਾਂ ਇਸ ਸਮੇਂ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਕਾਲਜਾਂ ਨਾਲ ਸਬੰਧਿਤ ਯੂਨੀਵਰਸਿਟੀ ਹੈ। ਇਸ ਦਾ ਪੰਜਾਬ ਨਾਲ ਸਬੰਧ ਸਜੀਵ, ਇਤਿਹਾਸਕ ਤੇ ਸਦੀਵੀ ਹੈ। ਚਾਹੀਦਾ ਤਾਂ ਇਹ ਹੈ ਕਿ ਕੇਂਦਰ ਸਰਕਾਰ ਨਾ ਸਿਰਫ ਪੰਜਾਬ ਯੂਨੀਵਰਸਿਟੀ ਦਾ ਪ੍ਰਬੰਧ ਪੰਜਾਬ ਸਰਕਾਰ ਦੇ ਹਵਾਲੇ ਕਰ ਦੇਵੇ ਸਗੋਂ ਸਮਾਂ ਮੰਗ ਕਰਦਾ ਹੈ ਕਿ ਚੰਡੀਗੜ੍ਹ ਵੀ ਪੰਜਾਬ ਨੂੰ ਸੌਂਪਿਆ ਜਾਵੇ। ਅਜਿਹਾ ਕਰਨ ਦੀ ਥਾਂ ਵੰਡਪਾਊ ਸਿਆਸਤ ਨੂੰ ਅਗਾਂਹ ਵਧਾਉਣ ਲਈ ਕੇਂਦਰ ਸਰਕਾਰ ਵਾਰ-ਵਾਰ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਮਸਲਿਆਂ, ਪੰਜਾਬ ਯੂਨੀਵਰਸਿਟੀ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆਦਿ ਮਸਲਿਆਂ ਨਾਲ ਛੇੜਖਾਨੀ ਕਰਕੇ ਪੰਜਾਬ ਨੂੰ ਹੀਣਾ ਦਿਖਾਉਣਾ ਚਾਹੁੰਦੀ ਹੈ। ਕੇਂਦਰੀ ਸਰਕਾਰਾਂ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਬੋਲੇ ਉਹ ਸ਼ਬਦ ਯਾਦ ਰੱਖਣੇ ਚਾਹੀਦੇ ਹਨ, ਜੋ ਉਨ੍ਹਾਂ ਨੇ 5 ਮਾਰਚ 1949 ਨੂੰ ਪੰਜਾਬ ਯੂਨੀਵਰਸਿਟੀ (ਓਦੋਂ ਈਸਟ ਪੰਜਾਬ ਯੂਨੀਵਰਸਿਟੀ) ਦੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੋਈ ਪਹਿਲੀ ਕਨਵੋਕੇਸ਼ਨ ਵਿੱਚ ਬੋਲੇ ਸਨ। ਉਨ੍ਹਾਂ ਕਿਹਾ ਸੀ, ‘‘ਸਾਡੇ ਸੂਬੇ (ਭਾਵ ਪੰਜਾਬ) ’ਤੇ ਜੋ ਮੁਸੀਬਤ (ਭਾਵ ਪੰਜਾਬ ਦੀ ਵੰਡ) ਪਈ, ਉਸ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ? ਅਜੇ ਇਹ ਜ਼ਖ਼ਮ ਤਾਜ਼ਾ ਹੈ। ਪਰ ਕੁਝ ਸਮੇਂ ਬਾਅਦ ਇਹ ਜ਼ਖ਼ਮ ਠੀਕ ਹੋ ਜਾਵੇਗਾ, ਤਦ ਵੀ ਅਸੀਂ ਨਹੀਂ ਭੁੱਲਾਂਗੇ ਕਿ ਸਾਡੇ ਸੂਬੇ ਦੀ ਯੂਨੀਵਰਸਿਟੀ ਦੀ ਸ਼ੁਰੂ-ਸ਼ੁਰੂ ਵਿੱਚ ਕੀ ਹਾਲਤ ਸੀ। ਇਸ ਗੱਲ ਨੂੰ ਅਸੀਂ ਕਦੀ ਨਹੀਂ ਭੁੱਲ ਸਕਦੇ। ਨਾ ਹੀ ਭੁੱਲਣਾ ਚਾਹੀਦਾ ਹੈ। ਪੰਜਾਬ ਹਿੰਦੋਸਤਾਨ ਦਾ ਦਿਲ ਹੈ ਤੇ ਜਦੋਂ ਤਕ ਇਹ ਠੀਕ ਨਹੀਂ ਹੋ ਜਾਂਦਾ, ਤਦ ਤਕ ਹਿੰਦੋਸਤਾਨ ਬੇਚੈਨ ਰਹੇਗਾ।’’
    ਪਰ ਜੋ ਕੇਂਦਰੀ ਸਰਕਾਰਾਂ ਕਰਦੀਆਂ ਰਹੀਆਂ ਹਨ, ਉਹ ਵੱਲਭ ਭਾਈ ਪਟੇਲ ਦੇ ਸ਼ਬਦਾਂ ਦੀ ਭਾਵਨਾ ਦੇ ਬਿਲਕੁਲ ਉਲਟ ਹੈ। ਉਹ ਪੰਜਾਬ ਨੂੰ ਬੇਚੈਨ ਰੱਖ ਕੇ ਖੁਸ਼ ਰਹਿੰਦੀਆਂ ਹਨ। ਪੰਜਾਬ ਇੱਕ ਸਰਹੱਦੀ ਸੂਬਾ ਹੈ। ਪਾਕਿਸਤਾਨ ਨਾਲ ਦੋ ਜੰਗਾਂ ਇਸ ਦੀ ਹਿੱਕ ’ਤੇ ਲੜੀਆਂ ਗਈਆਂ। ਪੰਜਾਬ 1947 ਦੀ ਵੰਡ ਤੇ 1980ਵਿਆਂ ਦੇ ਸੰਤਾਪ ਸਮੇਂ ਲਹੂ ਲੁਹਾਣ ਹੋਇਆ। ਕੇਂਦਰੀ ਸਰਕਾਰਾਂ ਕਦੇ ਵੀ ਪੰਜਾਬ ਵਿੱਚ ਉੱਠਦੀਆਂ ਬੇਚੈਨੀ ਦੀਆਂ ਲਹਿਰਾਂ ਵਿੱਚ ਲਿਖੀ ਤਹਿਰੀਰ ਨੂੰ ਪੜ੍ਹ ਨਹੀਂ ਸਕੀਆਂ। ਉਹ ਹਮੇਸ਼ਾ ਅਜਿਹੀ ਬੇਚੈਨੀ ਤੋਂ ਸਿਆਸੀ ਫਾਇਦਾ ਉਠਾਉਂਦੀਆਂ ਰਹੀਆਂ ਹਨ।
    ਰਾਜਧਾਨੀ ਸਿਰਫ਼ ਦਫ਼ਤਰਾਂ, ਬਾਜ਼ਾਰਾਂ, ਇਮਾਰਤਾਂ ਦਾ ਨਾਂ ਨਹੀਂ ਹੁੰਦੀ, ਸਗੋਂ ਇਹ ਹਰ ਸੂਬੇ ਦੇ ਲੋਕਾਂ ਲਈ ਇੱਕ ਇਹੋ ਜਿਹਾ ਪ੍ਰਤੀਕ ਹੁੰਦੀ ਹੈ ਜਿੱਥੇ ਉਹ ਆਪਣੇ ਸੂਬੇ ਦੀ ਸੱਤਾ, ਸੱਭਿਆਚਾਰ, ਵਿਰਸੇ, ਵਰਤਮਾਨ ਤੇ ਭਵਿੱਖ ਦਾ ਊਰਜਾਮਈ ਸੰਗਮ ਵੇਖਣਾ ਚਾਹੁੰਦੇ ਹਨ। ਜੋ ਅਹਿਮੀਅਤ ਦਿੱਲੀ ਦੀ ਭਾਰਤ ਲਈ ਹੈ, ਪੈਰਿਸ ਦੀ ਫਰਾਂਸ ਲਈ, ਮੁੰਬਈ ਦੀ ਮਹਾਰਾਸ਼ਟਰ ਲਈ, ਚੈਨੱਈ ਦੀ ਤਾਮਿਲਨਾਡੂ ਲਈ ਹੈ, ਉਹ ਮਹੱਤਵ ਚੰਡੀਗੜ੍ਹ ਦਾ ਪੰਜਾਬ ਲਈ ਹੈ। ਇਸ ਨਾਲ ਪੰਜਾਬੀਆਂ ਦੀਆਂ ਸਿਮਰਤੀਆਂ, ਭਾਵਨਾਵਾਂ ਤੇ ਆਸਾਂ-ਉਮੀਦਾਂ ਜੁੜੀਆਂ ਹੋਈਆਂ ਹਨ। ਜਦੋਂ ਚੰਡੀਗੜ੍ਹ ਬਣ ਰਿਹਾ ਸੀ ਤਾਂ ਪੰਜਾਬੀਆਂ ਨੂੰ ਲੱਗਦਾ ਸੀ ਨਵਾਂ ਲਾਹੌਰ ਬਣ ਰਿਹਾ ਹੈ। ਸਮੇਂ ਦੇ ਗੇੜ ਨੇ ਇਸ ਉਮੀਦ ਨੂੰ ਨਾ ਸਿਰਫ ਭੰਬਲਭੂਸਿਆਂ ਵਿੱਚ ਪਾ ਦਿੱਤਾ ਸਗੋਂ ਚੰਡੀਗੜ੍ਹ ਸ਼ਹਿਰ ਵੀ ਆਪਣੇ ਬੁਨਿਆਦੀ ਸੁਪਨੇ, ਪੰਜਾਬੀਆਂ ਲਈ ਨਵਾਂ ਲਾਹੌਰ ਬਣਨ ਦੀ ਆਸ ਤੋਂ ਮਹਿਰੂਮ ਹੁੰਦਾ ਗਿਆ।
    ਇਸੇ ਦਲੀਲ ਅਨੁਸਾਰ ਇਹ ਜਰੂਰੀ ਹੈ ਕਿ ਹਰਿਆਣੇ ਦੇ ਲੋਕ ਆਪਣੀ ਨਵੀਂ ਰਾਜਧਾਨੀ ਦਾ ਨਿਰਮਾਣ ਕਰਨ, ਜਿੱਥੇ ਹਰਿਆਣੇ ਵਿੱਚ ਵੱਸਦੇ ਵੱਖੋ-ਵੱਖ ਭਾਈਚਾਰਿਆਂ ਦੇ ਸੱਭਿਆਚਾਰਾਂ ਦੇ ਨਾਲ-ਨਾਲ ਇੱਕ ਸਾਂਝੀ ਹਰਿਆਣਵੀਅਤ ਤੇ ਹਰਿਆਣੇ ਦੇ ਲੋਕ-ਮਨ ਦੇ ਦੀਦਾਰ ਹੋਣ। ਅਜਿਹੀ ਮੰਗ ਕਰ ਕੇ ਹੀ ਹਰਿਆਣੇ ਦੇ ਲੋਕ ਆਪਣੀ ਪਛਾਣ ਤੇ ਸੱਭਿਆਚਾਰ ਨਾਲ ਨਿਆਂ ਕਰ ਸਕਦੇ ਹਨ। ਹਰਿਆਣੇ ਦੀ ਨਵੀਂ ਰਾਜਧਾਨੀ ਹੀ ਹਰਿਆਣਵੀ ਸੱਭਿਆਚਾਰਕ ਝੋਕ ਦੇ ਨਕਸ਼ ਸਿਰਜ ਤੇ ਆਬਾਦ ਕਰ ਸਕਦੀ ਹੈ।
    ਪੰਜਾਬ ਯੂਨੀਵਰਸਿਟੀ ਦੇ ਸਬੰਧ ਵਿੱਚ ਇਹ ਸਪੱਸ਼ਟ ਕਰਨਾ ਬਣਦਾ ਹੈ ਕਿ ਇਹ ਦੋ ਸ਼ਬਦਾਂ ਦਾ ਜੋੜ ਹੈ ਪੰਜਾਬ ਤੇ ਯੂਨੀਵਰਸਿਟੀ। ਪੰਜਾਬ ਸ਼ਬਦ ਤੋਂ ਇਸ ਦਾ ਪੰਜਾਬ ਨਾਲ ਇਤਿਹਾਸਕ ਰਿਸ਼ਤਾ ਹੈ ਜੋ ਕਦੇ ਟੁੱਟ ਨਹੀਂ ਸਕਦਾ; ਉਸ ਨੂੰ ਤੋੜਨ ਦੇ ਯਤਨ ਅਸਫਲ ਸਿੱਧ ਹੋਣਗੇ ਤੇ ਅਜਿਹੇ ਯਤਨਾਂ ਦੀ ਭਾਰੀ ਕੀਮਤ ਅਦਾ ਕਰਨੀ ਪੈ ਸਕਦੀ ਹੈ। ਦੂਸਰੇ ਸ਼ਬਦ ਯੂਨੀਵਰਸਿਟੀ ਤੋਂ ਮੁਰਾਦ ਵਿਦਿਅਕ ਅਦਾਰੇ ਤੋਂ ਹੈ। ਉਸ ਰੂਪ ਵਿੱਚ ਇਸ ਦੇ ਦਰਵਾਜੇ ਹਰ ਵਿਦਿਆਰਥੀ ਲਈ ਖੁੱਲ੍ਹੇ ਹਨ, ਚਾਹੇ ਪੰਜਾਬ ਦਾ ਹੋਵੇ, ਲਾਗਲੇ ਪ੍ਰਾਂਤਾਂ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਜਾਂ ਰਾਜਸਥਾਨ ਦਾ ਹੋਵੇ ਤੇ ਜਾਂ ਫਿਰ ਦੂਰ ਦਰਾਜ ਦੇ ਪ੍ਰਾਂਤਾਂ ਦਾ। ਦੂਸਰੇ ਪ੍ਰਾਂਤਾਂ ਦੇ ਵਿਦਿਆਰਥੀਆਂ ਦਾ ਹੱਕ ਹੈ ਕਿ ਉਹ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਨ ਜਿਵੇਂ ਪੰਜਾਬ ਦੇ ਵਿਦਿਆਰਥੀਆਂ ਨੂੰ ਹੱਕ ਹੈ ਕਿ ਉਹ ਹੋਰ ਪ੍ਰਾਂਤਾਂ ਤੇ ਕੇਂਦਰੀ ਯੂਨੀਵਰਸਿਟੀਆਂ ਵਿੱਚ ਪੜ੍ਹਨ। ਵਿਦਿਆਰਥੀਆਂ ਨੂੰ ਪ੍ਰਾਂਤਾਂ ਦੇ ਆਧਾਰ ’ਤੇ ਵੰਡ ਕੇ ਕਿਸੇ ਵੀ ਯੂਨੀਵਰਸਿਟੀ ਵਿੱਚ ਸਿਆਸਤ ਕਰਨੀ ਜਾਂ ਯੂਨੀਵਰਸਿਟੀ ਦੇ ਬੁਨਿਆਦੀ ਚੌਖਟੇ ਵਿੱਚ ਤਰੇੜਾਂ ਲਿਆਉਣ ਦਾ ਯਤਨ ਕਰਨਾ, ਉਸ ਯੂਨੀਵਰਸਿਟੀ ਲਈ ਘਾਤਕ ਹੋ ਸਕਦਾ ਹੈ।
    ਚੰਡੀਗੜ੍ਹ ਤੇ ਪੰਜਾਬ ਯੂਨੀਵਰਸਿਟੀ ’ਤੇ ਹੱਕੀ ਦਾਅਵੇ ਦੀ ਬੁਨਿਆਦ ਪੰਜਾਬ ਦੇ ਇਤਿਹਾਸ ਨਾਲ ਜੁੜੀ ਹੋਈ ਹੈ। ਕੇਂਦਰ ਸਰਕਾਰ ਨੂੰ ਦੇਰ-ਸਵੇਰ ਇਹ ਫੈਸਲਾ ਲੈਣਾ ਹੀ ਪੈਣਾ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏ ਤੇ ਹਰਿਆਣੇ ਨੂੰ ਨਵੀਂ ਰਾਜਧਾਨੀ ਬਣਾਉਣ ਲਈ ਵੱਡੀ ਪੱਧਰ ’ਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇ। ਇਤਿਹਾਸਕਾਰ ਆਰਨਲਡ ਟੋਇਨਬੀ ਦਾ ਕਹਿਣਾ ਹੈ ਕਿ ਰਾਜਧਾਨੀਆਂ ਸਵੈਮਾਣ ਲਈ ਬਣਾਈਆਂ ਜਾਂਦੀਆਂ ਹਨ। ਚੰਡੀਗੜ੍ਹ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਸਵੈਮਾਣ ਦਾ ਪ੍ਰਤੀਕ ਹਨ। ਇਸੇ ਲਈ ਪੰਜਾਬ ਯੂਨੀਵਰਸਿਟੀ ਨਾਲ ਵਿਵਾਦ ਦੇ ਪਸਾਰ ਯੂਨੀਵਰਸਿਟੀ ਨਾਲੋਂ ਕਿਤੇ ਵੱਡੇ ਹੋ ਜਾਂਦੇ ਹਨ। ਕੇਂਦਰ ਸਰਕਾਰ ਨੂੰ ਅਜਿਹੇ ਵਿਵਾਦਾਂ ’ਚ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੇਸ਼ ਦੀ ਬਿਹਤਰੀ ਇਸ ਵਿੱਚ ਹੈ ਕਿ ਸੌੜੀ ਸਿਆਸਤ ’ਚੋਂ ਨਿਕਲ ਕੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਫੈਸਲਾ ਜਲਦ ਤੋਂ ਜਲਦ ਕੀਤਾ ਜਾਵੇ।
    ਪੰਜਾਬ ਦੇ ਲੋਕ ਇਹ ਵੀ ਜਾਣਦੇ ਹਨ ਕਿ ਅਜਿਹਾ ਫੈਸਲਾ ਸੁਤੇ-ਸਿੱਧ ਜਾਂ ਅਪੀਲਾਂ ਨਾਲ ਨਹੀਂ ਹੋਣਾ। ਆਪਣੇ ਵਾਜਬ ਹੱਕ ਪ੍ਰਾਪਤ ਕਰਨ ਲਈ ਪੰਜਾਬੀਆਂ ਨੂੰ ਓਦਾਂ ਦਾ ਸੰਘਰਸ਼ ਕਰਨਾ ਪੈਣਾ ਹੈ ਜਿਸ ਦੀ ਨੁਹਾਰ 2020-21 ਵਿੱਚ ਪੰਜਾਬ ਦੀ ਧਰਤੀ ਤੋਂ ਉਗਮੇ ਕਿਸਾਨ ਸੰਘਰਸ਼ ਨੇ ਘੜੀ ਸੀ। ਵਿਦਿਆਰਥੀਆਂ ਦੇ ਇਸ ਸੰਘਰਸ਼ ਨੇ ਪੰਜਾਬੀਆਂ ਨੂੰ ਇੱਕ ਵਾਰ ਫਿਰ ਇਹ ਮੌਕਾ ਦਿੱਤਾ ਹੈ ਕਿ ਉਹ ਇਕਮੁੱਠ ਹੋ ਕੇ ਆਪਣੇ ਹੱਕ ਮੰਗਣ; ਅਜਿਹੀ ਲੜਾਈ ਦਹਾਕਿਆਂ ਤੋਂ ਕੇਂਦਰ ਸਰਕਾਰਾਂ ਦੁਆਰਾ ਸੂਬਿਆਂ ਦੇ ਹੱਕ ਖੋਹਣ ਤੇ ਕੇਂਦਰ ਨੂੰ ਇਕਪਾਸੜ ਤਾਕਤਾਂ ਦੇਣ ਦੇ ਵਿਰੁੱਧ ਹੋਣ ਵਾਲੇ ਸੰਘਰਸ਼ ਨਾਲ ਜੁੜੀ ਹੋਈ ਹੈ, ਫੈਡਰਲਇਜ਼ਮ ਦੇ ਲਈ ਸੰਘਰਸ਼ ਨਾਲ। ਅਜਿਹੇ ਲੋਕ-ਅੰਦੋਲਨਾਂ ਨਾਲ ਪੰਜਾਬ ਨਾ ਸਿਰਫ ਆਪਣੀ ਆਤਮਾ ਨੂੰ ਜਗਾਈ ਰੱਖ ਸਕਦਾ ਹੈ, ਸਗੋਂ ਦੇਸ਼ ਦੇ ਦੱਬੇ-ਕੁਚਲੇ ਤੇ ਫਿਰਕਾਪ੍ਰਸਤੀ ਦੇ ਜ਼ਹਿਰ ਤੋਂ ਪੀੜਤ ਲੋਕਾਂ ਨੂੰ ਸੰਘਰਸ਼ ਦੀ ਰਾਹ ਵੀ ਦਿਖਾ ਸਕਦਾ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਲਈ ਇਹ ਸੋਚਣਾ ਜਰੂਰੀ ਹੈ ਕਿ ਅਜਿਹਾ ਸੰਘਰਸ਼ ਹੀ ਉਨ੍ਹਾਂ ਦੀ ਤੇ ਪੰਜਾਬ ਦੀ ਸਿਆਸੀ-ਸੱਭਿਆਚਾਰਕ ਤੇ ਹਕੀਕੀ ਹੋਂਦ ਨੂੰ ਬਚਾ ਸਕਦਾ ਹੈ। ਇੱਥੇ ਇਹ ਸਪੱਸ਼ਟ ਕਰਨਾ ਵੀ ਬਣਦਾ ਹੈ ਕਿ ਅਜਿਹਾ ਸੰਗਰਾਮ ਸੱਚ ਦੀ ਰਾਹ ’ਤੇ ਚੱਲਣ ਵਾਲਾ ਸੰਘਰਸ਼ ਹੋਵੇਗਾ; ਇਸ ਦਾ ਕਿਸੇ ਵੀ ਪ੍ਰਾਂਤ ਦੇ ਲੋਕਾਂ ਨਾਲ ਵਿਰੋਧ ਨਹੀਂ ਹੋਵੇਗਾ। ਗੁਰੂ ਨਾਨਕ ਦੇਵ ਜੀ ਦੇ ਮਾਰੂ ਰਾਗ ਵਿੱਚ ਲਿਖੇ ਇਹ ਸ਼ਬਦ ਸਾਡੇ ਪੱਥ-ਪ੍ਰਦਰਸ਼ਕ ਹੋਣਗੇ :
    ‘‘ਕਿਸ ਹੀ ਮੰਦਾ ਆਖਿ ਨ ਚਲੈ ਸਚਿ ਖਰਾ ਸਚਿਆਰਾ ਹੇ।’’