
ਪ੍ਰੋ. ਕੇ ਕਲਿਆਣੀ
ਭਾਰਤ ਭਰ ‘ਚ ਅਤੇ ਵਿਦੇਸ਼ ਵਸਦੇ ਭਾਰਤੀਆਂ ਖ਼ਾਸ ਕਰਕੇ ਦਲਿਤ-ਬਹੁਜਨ ਸਮੂਹਾਂ ਵਲੋਂ ਮਨਾਏ ਜਾਂਦੇ ਡਾ. ਅੰਬੇਡਕਰ ਜੈਯੰਤੀ ਦੇ ਜਸ਼ਨਾਂ ਚੋਂ ਠਾਠਾਂ ਮਾਰਦਾ ਉਤਸ਼ਾਹ ਤੇ ਜੋਸ਼ ਨਜ਼ਰੀਂ ਪੈਂਦਾ ਹੈ। ਇਹ ਜਸ਼ਨ ਜਾਤ-ਵਿਰੋਧੀ ਜੱਦੋਜਹਿਦ ਦੇ ਪ੍ਰਤੀਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ, ਜੋ ਤਾਉਮਰ ਦੱਬੇ-ਕੁਚਲੇ ਵਰਗਾਂ ਪ੍ਰਤੀ ਵਚਨਬੱਧ ਰਹੇ, ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੁੰਦੇ ਹਨ।
ਇਹ ਜਸ਼ਨ ਸਿਆਸੀ ਨਜ਼ਰੀ ਦਾ ਵੀ ਹਿੱਸਾ ਹੈ, ਜਿਸ ‘ਚ ਡਾ. ਅੰਬੇਡਕਰ ਦੀ ਪ੍ਰਤੀਕਾਤਮਕ ਛਵੀ ਉਨ੍ਹਾਂ ਵਿਚਾਰਾਂ ਦੀ ਨੁਮਾਇੰਦਗੀ ਕਰਦੀ ਹੈ, ਜਿਨ੍ਹਾਂ ਨੂੰ ਸਿਆਸੀ ਦਲ ਆਪਣੀ ਸੁਵਿਧਾ ਅਨੁਸਾਰ ਚੁਣਦੇ ਹਨ। ਡਾ. ਅੰਬੇਡਕਰ ਬਾਰੇ ਵੱਖੋ- ਵੱਖਰੀਆਂ, ਇੱਥੋਂ ਤੱਕ ਕਿ ਗਲਤ ਸਿਆਸੀ ਵਿਆਖਿਆਵਾਂ ਦੇ ਬਾਵਜੂਦ, ਅਜੋਕੇ ਜਨਤਕ ਜੀਵਨ ‘ਚ ਉਨ੍ਹਾਂ ਦੀ ਦਿੱਖ ਐਸੀ ਰੁਤਬਾ ਹਾਸਲ ਕਰ ਚੁੱਕੀ ਹੈ, ਜਿਸਦੀ ਵਿਰਾਸਤ ਤੋਂ ਬਚਣਾ ਨਾਮੁਮਕਿਨ ਬਣ ਗਿਆ ਹੈ। ਡਾ. ਅੰਬੇਡਕਰ ਨਾਲ ਨੇੜਤਾ ਬਣਾਉਣ ਦੀ ਇਹੋ ਸਿਆਸੀ ਇੱਛਾ ਉਹ ਕਾਰਨ ਹੈ, ਜਿਸ ਕਰਕੇ ਉਹ ਪ੍ਰਤੀਕ ਦਾ ਦਰਜਾ ਹਾਸਲ ਕਰ ਗਏ ਹਨ । ਡਾ. ਅੰਬੇਡਕਰ ਨੂੰ ਸਿਰਫ਼ ਸਮਾਰਕ ਬਣਾਉਣ ਦੀ ਪ੍ਰਕਿਰਿਆ ’ਚ ਹੀ ਨਹੀਂ, ਸਗੋਂ ਰੋਜ਼ਾਨਾ ਦੇ ਲੋਕਰਾਜੀ-ਪ੍ਰਤੀਕਾਤਮਕ ਢੰਗਾਂ ਨਾਲ ਵੀ ਮੁੜ ਬਿਆਨਿਆ ਜਾਂਦਾ ਹੈ, ਜਿੱਥੇ ਉਨ੍ਹਾਂ ਦੇ ਦਰਸ਼ਨ ਦੀ ਨਵੇਂ ਰੂਪ ‘ਚ ਪੁਨਰ ਸਿਰਜਣਾ ਕੀਤੀ ਜਾਂਦੀ ਹੈ।
ਭਾਰਤ ਨੇ, ਇੱਕ ਲੋਕਰਾਜੀ ਦੇਸ਼ ਵਜੋਂ, ਸਮਾਜਿਕ ਅੰਦੋਲਨਾਂ ਤੇ ਸਰਕਾਰੀ ਨੀਤੀਆਂ ਰਾਹੀਂ ਨਿਰੰਤਰ ਸਮਾਜਿਕ-ਰਾਜਨੀਤਿਕ ਗਤੀਸ਼ੀਲਤਾ ਦੇ ਯਤਨ ਕੀਤੇ ਹਨ, ਅਤੇ ਆਪਣੀ ਪ੍ਰਮਾਣਿਕਤਾ ਦਾ ਦਾਅਵਾ ਸੰਵਿਧਾਨ ਦੇ ਜ਼ਰੀਏ ਕੀਤਾ ਹੈ। ਦਬੇ-ਕੁਚਲੇ ਜਾਤੀ ਸਮੂਹਾਂ ਲਈ ਸਮਾਜਿਕ ਨਿਆਂ ਦੀ ਮੰਗ ਨੂੰ ਇੱਕ ਅਜਿਹੇ ਮੌਲਿਕ ਬੁੱਧੀਜੀਵੀ ਦੀ ਲੋੜ ਸੀ ਜੋ ਉਹਨਾਂ ਦੇ ਰੋਜ਼ਾਨਾ ਦੇ ਅਨੁਭਵਾਂ ਨਾਲ ਦਿਲੋਂ ਜੁੜ ਸਕੇ ਅਤੇ ਉਨ੍ਹਾਂ ਨੂੰ ਪ੍ਰੇਰਿਤ ਵੀ ਕਰ ਸਕੈ। ਇਨ੍ਹਾਂ ਆਵਾਜ਼ਾਂ ਲਈ, ਡਾ. ਅੰਬੇਡਕਰ ਦਾ ਦਰਸ਼ਨ ਸਮਾਜਿਕ ਨਿਆਂ ਦੇ ਅਜਿਹੇ ਵਿਚਾਰ ਨੂੰ ਜਨਮ ਦਿੰਦਾ ਹੈ ਜੋ ਇਕਜੁੱਟਤਾ ਦੀ ਬਣਤਰ ਨੂੰ ਬਲ ਬਖਸ਼ਦੇ ਹਨ।
ਅੰਬੇਡਕਰ ਜਯੰਤੀ ਦੇ ਜਸ਼ਨ ਡਾ. ਅੰਬੇਡਕਰ ਦੀ ਪ੍ਰਤੀਕਾਤਮਕ ਛਵੀ ਦਾ ਮਹੱਤਵ ਦਰਸਾਉਂਦੇ ਹਨ, ਪਰ ਉਨ੍ਹਾਂ ਦੀ ਦੇਖਣ ਹਾਜ਼ਰੀ ਕੇਵਲ ਇੱਥੋਂ ਤੱਕ ਸੀਮਿਤ ਨਹੀਂ। ਇਸ ਤਰ੍ਹਾਂ ਦੀ ਲਿਸ਼ਕੀ-ਪੁਸ਼ਕੀ ਮੂਰਤੀ ਕਲਾ ਤੋਂ ਇਲਾਵਾ, ਜੋ ਕੇਵਲ ਖ਼ਾਸ ਮੌਕਿਆਂ ‘ਤੇ ਹੀ ਜੀਵਤ ਹੁੰਦੀ ਹੈ, ਡਾ. ਅੰਬੇਡਕਰ ਦੀ ਛਵੀ ਰੋਜ਼ਾਨਾ ਜੀਵਨ ਦੇ ਪ੍ਰਤੀਰੋਧ ਐਕਸ਼ਨਾਂ ਤੇ ਜਸ਼ਨਾਂ ਦਾ ਵੀ ਹਿੱਸਾ वै।
ਇਸ ਸੰਦਰਭ ‘ਚ ਇਹ ਯਾਦ ਰੱਖਣ ਹੈ ਕਿ ਡਾ. ਅੰਬੇਡਕਰ ਦੀ ਸੰਵਿਧਾਨ ਸਹਿਤ ਫੋਟੋ ਸੰਘਰਸ਼ ਦੇ ਬਿਰਤਾਂਤ ਦਾ ਅੰਗ ਹੈ। ਸੀਏਏ * ਤੇ ਐਨਆਰਸੀ ਵਿਰੋਧ ਦੌਰਾਨ, ਡਾ. ਅੰਬੇਡਕਰ ਤਸਵੀਰ ਰਚਨਾਤਮਕ ਢੰਗ ਨਾਲ ਇਉਂ ਤਿਆਰ ਕੀਤੀ ਗਈ ਸੀ ਤਾਂ ਜੋ ਉਹ ਜਨਤਕ ਯਾਦ ਦਾ ਹਿੱਸਾ ਬਣ ਸਕੇ। ਇਉਂ ਹੀ, ਚਾਹੇ ਇਹ ਮਹਿਲਾ ਖਿਡਾਰੀਆਂ ਵੱਲੋਂ ਛੇੜਛਾੜ ਖ਼ਿਲਾਫ਼ ਵਿਰੋਧ ਹੋਵੇ, ਜਾਂ ਯੂਜੀਸੀ-ਭੇਦਭਾਵ ਵਿਰੋਧੀ ਬਿਲ ਦੇ ਹੱਕ ‘ਚ ਮੁਜ਼ਾਹਰੇ ਹੋਣ ਜਾਂ ਫਿਰ ‘ਟਰਾਂਸਜੈਂਡਰ ਬਿਲ 2026 ਖ਼ਿਲਾਫ਼ ਅੰਦੋਲਨ ਹੋਵੇ; ਮੂਰਤੀਆਂ ਰਾਹੀਂ ਡਾ. ਅੰਬੇਡਕਰ ਦੀ ਸਰਵ ਵਿਆਪੀ ਮੌਜੂਦਗੀ ਦਿਖਾਈ ਦਿੰਦੀ ਹੈ।
ਪ੍ਰਤੀਰੋਧ ਵਾਲੀਆਂ ਥਾਵਾਂ ‘ਤੇ ਮੂਰਤੀਆਂ ਰਾਹੀਂ ਡਾ. ਅੰਬੇਡਕਰ ਦੀ ਪ੍ਰਤੀਕਾਤਮਕ ਛਵੀ ਦੀ ਵਰਤੋਂ ਇਹ ਦਰਸਾਉਂਦੀ ਹੈ ਕਿ ਸਮਾਜਿਕ ਨਿਆਂ ਦਾ ਵਿਚਾਰ ਕਿਵੇਂ ਫੈਲਦਾ ਹੈ ਤੇ ਪਛਾਣ ਦੇ ਬੰਧਨਾਂ ਤੋਂ ਪਾਰ ਯਾਤਰਾ ਕਿਵੇਂ ਕਰਦਾ ਹੈ। ਹਾਲਾਂਕਿ ਡਾ. ਅੰਬੇਡਕਰ ਦੀ ਜਾਤੀ-ਵਿਰੋਧੀ ਨਾਇਕ ਵਜੋਂ ਬੇਦਾਗ਼ ਸ਼ਿਨਾਖਤ ਹੈ, ਲੇਕਿਨ ਉਨ੍ਹਾਂ ਦਾ ਦਰਸ਼ਨ ਲੋਕਰਾਜੀ-ਸਮਾਜਿਕ ਨਿਆਂ ਦੇ ਵਿਸਤ੍ਰਿਤ ਦਾਇਰਿਆਂ ‘ਚ ਗੂੰਜਦਾ ਹੈ, ਕੁਝ ਇਸ ਤਰ੍ਹਾਂ ਜੋ ਉਨ੍ਹਾਂ ਦੀ ਪ੍ਰਤੀਕਾਤਮਕਤਾ ਛਵੀ ਨੂੰ ਸੰਵਿਧਾਨਕ ਨੈਤਿਕਤਾ ਨਾਲ ਇੱਕ-ਮਿੱਕ ਕਰ ਦਿੰਦਾ ਹੈ।
ਡਾ. ਅੰਬੇਡਕਰ ਦਾ ਪ੍ਰਤੀਕ ਹਾਸ਼ੀਆਗਤ ਪਛਾਣਾਂ ਦੀ ਨਿਤਾਪ੍ਰਤੀ ਦੀ ਇਕਜੁੱਟਤਾ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਦੀ ਤਸਵੀਰ ਹਾਸ਼ੀਆਗਤ ਆਵਾਜ਼ਾਂ ਨੂੰ ਜੋੜਦੀ ਹੈ। ਜੇਕਰ ਕੌਮ ਦੇ ਨਿਰਮਾਣ ਦੇ ਵਿਚਾਰ ਲਈ “ਅਸੀਂ ਪੁਣੇ” ਦੀ ਭਾਵ ਸਮੂਹਿਕਤਾ ਦੀ ਧਾਰਨਾ ਸਾਡੀ ਬੁਨਿਆਦ ਹੈ, ਤਾਂ ਡਾ. ਅੰਬੇਡਕਰ ਦਾ ਰੂਪਕ ਪੱਖ ਇਸ ਨੂੰ ਬੁਣਨ ਵਾਲੇ ਸੂਤਰ ਧਾਗਾ ਹੈ। ਇਹ ਉਸ ਬੋਲ-ਬਾਣੀ ਦਾ ਅਹਿਮ ਹਿੱਸਾ ਹੈ ਜੋ ਲੋਕਰਾਜੀ ਕਦਰਾਂ ਨੂੰ ਜੀਵਤ ਰੱਖਣ ਲਈ ਜੂਝਦੀ ਹੈ।
ਡਾ. ਅੰਬੇਡਕਰ ਮੰਨਦੇ ਸਨ ਕਿ ਦੇਸ਼ ਦੀਆਂ ਲੋਕਰਾਜੀ ਕਦਰਾਂ-ਕੀਮਤਾਂ ਉਦੋਂ ਹੀ ਕਾਇਮ ਰਹਿ ਜਦੋਂ ਲੋਕ ਸਿਆਸੀ ਪ੍ਰਕਿਰਿਆ ਨੂੰ ਜਿਉਂ ਦੀ ਤਿਉਂ ਕਬੂਲ ਕਰ ਲੈਣ ਦੀ ਥਾਂ ਸਵਾਲ ਪੁੱਛਣ ਤੇ ਚੁਣੌਤੀ ਦੇਣ। ਭਾਰਤ ਦੇ ਲੋਕਰਾਜ ਦੀ ਬਣਤਰ ‘ਤੇ ਰੋਸ਼ਨੀ ਪਾਉਂਦਿਆਂ ਉਨ੍ਹਾਂ ਕਿਹਾ ਸੀ, “ਭਾਰਤ ਵਰਗੇ ਦੇਸ਼ ‘ਚ ਇਹ ਬਿਲਕੁਲ ਸੰਭਵ ਹੈ ਕਿ ਲੋਕਰਾਜ ਦੀ ਥਾਂ ਤਾਨਾਸ਼ਾਹੀ ਲੈ ਲਵੇ।” ਉਨ੍ਹਾਂ ਦਾ ਮੰਨਣਾ ਸੀ ਕਿ ਸੰਵਿਧਾਨਕ ਵਿਆਕਰਨ ਨੂੰ ਅਰਾਜਕਤਾ ਦੀ ਵਿਆਕਰਨ ਦਾ ਬਦਲ ਬਣਨਾ ਚਾਹੀਦਾ ਹੈ।
ਡਾ. ਅੰਬੇਡਕਰ ਬਾਬਤ ਮੂਰਤੀ ਕਲਾ ਨੂੰ ਮਾਨਤਾ ਦੇਣ ‘ਚ ਹੀ ਉਨ੍ਹਾਂ ਦੇ ਸਮਾਨਤਾ ਅਤੇ ਸਮਾਜਿਕ ਨਿਆਂ ਦੇ ਫ਼ਲਸਫ਼ੇ ਨੂੰ ਕਬੂਲ ਕਰਨ ਦੀ ਭਾਵਨਾ ਛੁਪੀ ਹੋਈ ਹੈ।
ਡਾ. ਅੰਬੇਡਕਰ ਦੇ ਪ੍ਰਤੀਕ ਅੱਜ ਉਨ੍ਹਾਂ ਬਾਰੇ ਸੌੜੀ ਜਾਂ ਚੋਣਵੀਂ ਪੜ੍ਹਾਈ ਜਾਂ ਉਨ੍ਹਾਂ ਨੂੰ ਸਿਰਫ਼ ਇੱਕ ਦਲਿਤ ਨੇਤਾ ਤੱਕ ਸੀਮਿਤ ਕਰ ਦੇਣ ਤੋਂ ਕਾਫ਼ੀ ਅੱਗੇ ਵੱਧ ਚੁੱਕੇ ਹਨ ਅਤੇ ਇਹ ਮੰਨਣ ਯੋਗ ਹੈ ਕਿ ਸੰਵਿਧਾਨਕ ਨੈਤਿਕਤਾ ਤੇ ਨਜ਼ਰੀਏ ਬਾਰੇ ਵਸੀਹ ਖੇਤਰ ‘ਚ ਫੈਲੇ ਉਨ੍ਹਾਂ ਦੇ ਤੇ ਉਕਤ ਪ੍ਰਤੀਕ ਆਪਸ ‘ਚ ਜੁੜੇ ਹੋਏ ਹਨ। ਹਾਲਾਂਕਿ ਇਹ ਸੱਚ ਹੈ ਕਿ ਪ੍ਰਤੀਕਾਤਮਕਤਾ ਅਕਸਰ ਕਿਸੇ ਵਿਅਕਤੀ ਦੀ ‘ਕਰਿਸ਼ਮਾਈ’ ਛਵੀ ਬਣਾ ਦਿੰਦੀ ਹੈ ਅਤੇ ਮੰਦੇਭਾਗੀਂ ਸ਼ਖਸੀ ਪੂਜਾ ਸਬੰਧਤ ਵਿਅਕਤੀ ਦੇ ਦਰਸ਼ਨ ‘ਤੇ ਭਾਰੂ ਜੋ ਜਾਂਦੀ ਹੈ। ਪਰ ਇੰਝ ਦੇ ਦੁਹਰਾਅ ‘ਚ ਵੀ ਇਤਿਹਾਸ ਦਾ ਦਾਅਵਾ ਅਤੇ ਉਹਨਾਂ ਹਾਸ਼ੀਆਗਤ ਪਛਾਣਾਂ ਦੀ ਭੂਮਿਕਾ ਸ਼ਾਮਲ ਹੈ ਜਿਨ੍ਹਾਂ ਨੂੰ ਇਤਿਹਾਸਕ ਤੌਰ ‘ਤੇ ਖੂੰਜੇ ਲਾਇਆ ਗਿਆ वै।
ਡਾ. ਅੰਬੇਡਕਰ ਬਾਬਤ ਮੂਰਤੀ ਕਲਾ ਭਾਰਤ ਦੇ ਇਤਿਹਾਸ ਤੇ ਸਿਆਸਤ ਦਾ ਪੰਧ ਸਮਝਣ ਦੀਆਂ ਸੰਭਾਵਨਾਵਾਂ ਦਾ ਰਾਹ ਵੀ ਖੋਲ੍ਹਦੀ ਹੈ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੂੰ ਭਾਰਤੀ ਸੰਵਿਧਾਨ ਸੌਂਪਣ ਸਮੇਂ ਦੀਆਂ ਉਨ੍ਹਾਂ ਦੀਆਂ ਪ੍ਰਸਿੱਧ ਤਸਵੀਰਾਂ ਤੋਂ ਲੈ ਕੇ ਉਨ੍ਹਾਂ ਦੇ ਆਲੇ-ਦੁਆਲੇ ਫੈਲੀ ਸਮਕਾਲੀ ਚਿੱਤਰ ਕਲਾ ਤੱਕ ਤਸਵੀਰਾਂ ਦਾ ਸੰਗ੍ਰਿਹ ਆਪਣੇ ਆਪ ‘ਚ ਹੀ ਇਤਿਹਾਸ ਦੀ ਡਗਰ ਹਨ। ਇਹ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਸੰਵਿਧਾਨ ਦੇਸ਼ ਦੀ ਰੂਹ ਬਣਿਆ ਹੋਇਆ ਹੈ ਅਤੇ ਲੋਕਰਾਜ ਦੀ ਨੈਤਿਕਤਾ ਦੇ ਸਹੀ ਅਰਥਾਂ ਪ੍ਰਤੀ ਜਨਤਕ ਚੇਤਨਾ ਪੈਦਾ ਕਰਦੀਆਂ ਹਨ।
ਪ੍ਰਤੀਰੋਧ ਵਾਲੀਆਂ ਥਾਵਾਂ ‘ਤੇ ਡਾ. ਅੰਬੇਡਕਰ ਦੀ ਪ੍ਰਤੀਕਾਤਮਕ ਮੌਜੂਦਗੀ ਉਨ੍ਹਾਂ ਦੇ ਆਪਣੇ ਸਵੈਮਾਨ ਬਹਾਲੀ ਦੇ ਦਾਅਵਿਆਂ ਤੇ ਸੰਘਰਸ਼ਾਂ ਦੀ ਯਾਦ ਦਿਵਾਉਂਦੀ ਹੈ। ਜਾਤੀ- ਵਿਰੋਧੀ ਇਤਿਹਾਸ ਬਾਰੇ ਸੋਚਣਾ ਕਦੇ ਵੀ ਆਸਾਨ ਸਫਰ ਨਹੀਂ ਰਿਹਾ, ਖ਼ਾਸ ਕਰਕੇ ਉਦੋਂ ਜਦੋਂ ਡਾ. ਅੰਬੇਡਕਰ ਲਿਖ ਰਹੇ ਸਨ। ਉਨ੍ਹਾਂ ਦਾ ਜੀਵਨ ਮੁਸੀਬਤਾਂ ਤੇ ਬੰਦਿਸ਼ਾਂ ਨਾਲ ਭਰਿਆ ਹੋਇਆ ਸੀ। ਆਪਣੀ ਸਵੈ ਜੀਵਨੀ ਮੂਲਕ ਲਿਖਤ “ਵੀਜ਼ੇ ਦੀ ਉਡੀਕ” ‘ਚ ਉਹ ਦੱਸਦੇ ਹਨ ਕਿ ਤੇਜ਼ ਬੁੱਧੀ ਅਤੇ ਅਨੇਕਾਂ ਡਿਗਰੀਆਂ ਕੋਲ ਹੋਣ ਦੇ ਬਾਵਜੂਦ “ਅਛੂਤ” ਹੋਣ ਦੇ ਨਾਤੇ ਉਨ੍ਹਾਂ ਨੂੰ ਕਿਨ੍ਹਾਂ ਤਕਲੀਫ਼ਾਂ ਚੋਂ ਲੰਘਣਾ ਪਿਆ ਸੀ। ਉਸ ਅਪਮਾਨ ਤੋਂ ਲੈ ਕੇ ਸਮਾਜਿਕ ਨਿਆਂ ਦੇ ਪ੍ਰਤੀਕ ਵਜੋਂ ਯਾਦ ਕੀਤੇ ਜਾਣ ਤੱਕ ਦਾ ਉਨ੍ਹਾਂ ਦਾ ਪੰਧ ਖੁਦ ਹੀ ਭਾਰਤੀ ਲੋਕਤੰਤਰ ਦੀ ਪਰੀਲਪਨਾ ‘ਚ ਉਨ੍ਹਾਂ ਦੇ ਮਹੱਤਵ ਨੂੰ ਰੂਪਮਾਨ ਕਰਦਾ ਹੈ। ਡਿਜ਼ੀਟਲ ਵਿਸ਼ਵ ਦ੍ਰਿਸ਼ਟੀ ’ਚ ਡਾ. ਅੰਬੇਡਕਰ
ਨਵੇਂ ਮੀਡੀਆ, ਡਿਜ਼ਿਟਲ ਭੂਗੋਲ ਤੇ ਮਸਨੂਈ ਬੁੱਧੀ ਦੇ ਉਭਾਰ ਨਾਲ ਡਾ. ਅੰਬੇਡਕਰ ਦੀ ਪ੍ਰਤੀਕਾਤਮਕਤਾ ਸੜਕਾਂ ਤੋਂ ਹਟ ਕੇ ਆਨਲਾਈਨ ਦੁਨੀਆਂ ਵਿੱਚ ਆ ਗਈ ਹੈ। ਹੁਣ ਤੋਹਫੇ ਵਜੋਂ ਦਿੱਤੇ ਜਾਂਦੇ ਡਿਜ਼ਿਟਲ ਕਾਰਡਾਂ, ਵਟਸਐਪ ਰਾਹੀਂ ਘੱਲੇ ਜਾਂਦੇ ਸੁਨੇਹਿਆਂ, ਰੀਲਾਂ, ਯੂਟਿਊਬ ਦੀਆਂ ਛੋਟੀਆਂ ਰੀਲਾਂ ਅਤੇ ਹੋਰ ਡਿਜ਼ਿਟਲ ਪ੍ਰਚਾਰ ਦੇ ਦੂਜੇ ਮਾਧਿਅਮਾਂ ਰਾਹੀਂ ਉਨ੍ਹਾਂ ਦੀ ਤਸਵੀਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਮੌਜੂਦਗੀ ਨੇ ਜਾਤੀ-ਵਿਰੋਧੀ ਜਾਗਰੂਕਤਾ ਦੇ ਪਸਾਰ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਸ ਦੀ ਪਹੁੰਚ ਵੀ ਹੋਰ ਵਸੀਹ ਬਣਾਈ ਹੈ।
ਜਾਤੀ-ਵਿਰੋਧੀ ਸਿਆਸੀ ਲਹਿਰ ਜਦੋਂ ਪਛੜ ਗਈ ਹੈ ਤਾਂ ਡਿਜ਼ਿਟਲ ਸਪੇਸ ਨੇ ਡਾ. ਅੰਬੇਡਕਰ ਦੇ ਵਿਚਾਰਾਂ ਤੇ ਜਾਤੀ- ਵਿਰੋਧੀ ਚੇਤਨਾ ਦੇ ਪ੍ਰਚਾਰ-ਪ੍ਰਸਾਰ ਲਈ ਇੱਕ ਸੱਜਰਾ ਮੰਚ ਪ੍ਰਦਾਨ ਕੀਤਾ ਹੈ। ਵਿਰੋਧ ਦੇ ਇਨ੍ਹਾਂ ਨਵੇਂ ਜਨਤਕ ਮੰਚਾਂ ਤੇ ਜਿੱਥੇ ਡਾ. ਅੰਬੇਡਕਰ ਨੂੰ ਨਵੇਂ ਢੰਗ ਨਾਲ ਸੋਚਿਆ ਜਾਂਦਾ ਹੈ ਉੱਥੇ ਡਿਜ਼ਿਟਲ ਜਗ੍ਹਾ (ਸਪੇਸ) ਸਭਿਆਚਾਰਕ ਪੁਨਰ-ਕਲਪਨਾ ਲਈ ਨਵਾਂ ਕੈਨਵਸ ਵੀ ਬਣ ਗਈ ਹੈ।
ਡਿਜ਼ਿਟਲ ਜਗ੍ਹਾ ‘ਚ ਦਲਿਤ-ਬਹੁਜਨ ਦੀ ਮੌਜੂਦਗੀ ਸਿਰਫ਼ ਦਰਦ, ਸੰਤਾਪ ਜਾਂ ਹਿੰਸਾ ਤੱਕ ਹੀ ਸੀਮਿਤ ਨਹੀਂ ਰਹਿੰਦੀ, ਸਗੋਂ ਅੰਬੇਡਕਰਵਾਦੀ ਹੋਣ ਦੇ ਗਰਵ ਤੇ ਖੁਸ਼ੀ ਤੱਕ ਵੀ ਫੈਲਦੀ ਹੈ। ਰੋਜ਼ਾਨਾ ਦੀ ਇਹ ਦਾਅਵੇਦਾਰੀ ਅਕਸਰ ਨਿਤਾਪ੍ਰਤੀ ਦੇ ਕੰਮਾਂ ‘ਚ ਡਾ. ਅੰਬੇਡਕਰ ਦੇ ਪ੍ਰਤੀਕਾਂ ਨੂੰ ਦਰਸਾਉਣ ਰਾਹੀਂ ਸਾਹਮਣੇ ਆਉਂਦੀ ਹੈ। ਡਾ. ਅੰਬੇਡਕਰ ਬਾਬਤ ਗੀਤ ਵੀ ਇਸ ਡਿਜ਼ਿਟਲ ਸੰਸਾਰ ਦਾ ਹਿੱਸਾ ਹਨ, ਅਤੇ ਇਹ ਸਾਰੇ ਮਿਲ ਕੇ ਅੰਬੇਡਕਰਵਾਦੀ ਵਿਰਾਸਤ ਦੀ ਲਗਾਤਾਰ ਪੁਸ਼ਟੀ ਕਰਦੇ ਹਨ।
ਡਿਜ਼ਿਟਲ ਜਗ੍ਹਾ ਇੱਕ ਵਿਵਾਦਿਤ ਮੰਚ ਵੀ ਹੈ, ਖ਼ਾਸ ਕਰਕੇ ਨਕਾਰਾਤਮਕ ਟਿੱਪਣੀਆਂ, ਜਾਤੀਵਾਦੀ ਗਾਲ੍ਹਾਂ, ਟਰੋਲਿੰਗ ਆਦਿ ਪੱਖੋਂ। ਇਹ ਇਸਦਾ ਦੂਜਾ ਪਾਸਾ ਹੈ, ਜਿੱਥੇ ਜਾਤੀਵਾਦੀ ਹੰਕਾਰ ਤੇ ‘ਜਾਤ ਦੀ ਉੱਤਮਤਾ’ ਨੂੰ ਚੁਣੌਤੀ ਦੇਣੀ ਸਵਰਨ ਮਾਨਸਿਕਤਾ ਲਈ ਅਜੇ ਵੀ ਕਬੂਲ ਨਹੀਂ। ਹਿੰਸਾ, ਬੇਇਜ਼ਤੀ ਤੇ ਧਮਕੀਆਂ ਦੀ ਭਾਸ਼ਾ ਡਾ. ਅੰਬੇਡਕਰ ਦੀਆਂ ਆਧੁਨਿ ਸੰਵਿਧਾਨਕ ਕਦਰਾਂ ਨੂੰ ਕਬੂਲ ਨਾ ਕਰਨ ਦੀ ਸੋਚ ਨੂੰ ਦਰਸਾਉਂਦੀਆਂ ਹਨ।
ਡਾ. ਅੰਬੇਡਕਰ ਦੇ ਬੁੱਤਾਂ ਤੇ ਤਸਵੀਰਾਂ ਦੀ ਜਨਤਕ ਥਾਵਾਂ ‘ਤੇ ਜਿਸਮਾਨੀ ਤਬਾਹੀ ਤੋਂ ਲੈ ਕੇ ਡਿਜ਼ਿਟਲ ਵਿਰੋਧ ਤੇ ਨਫ਼ਰਤ ਤੱਕ ਇਹ ਗੁੰਝਲਦਾਰ ਸਵਾਲ ਖੜ੍ਹਾ ਰਹਿੰਦਾ ਹੈ ਕਿ ਕੀ ਭਾਰਤ ਦੀ ਸਹੀ ਅਰਥਾਂ ‘ਚ ਆਧੁਨਿਕ ਬਣਨ ਦਾ ਪੰਧ ਨਿਬੇੜਿਆ ਜਾ ਚੁੱਕਾ ਹੈ ? ਫਿਰ ਕੁਝ ਡਿਜ਼ਿਟਲ ਦਰਸ਼ਕਾਂ ਨੂੰ ਡਾ. ਅੰਬੇਡਕਰ ਦੀ ਮੌਜੂਦਗੀ ਤਕਲੀਫਦੇਹ ਕਿਉਂ ਲੱਗਦੀ ਹੈ? ਜਵਾਬ ਹੈ ਕਿ ਡਾ. ਅੰਬੇਡਕਰ ਦਾ ਨਿਰੰਤਰ ਪ੍ਰਭਾਵੀ ਰਹਿਣਾ ਜਾਤੀ ਪ੍ਰਥਾ ਦੀਆਂ ਨੀਹਾਂ ਨੂੰ ਹਿਲਾ ਦਿੰਦਾ ਹੈ। ਡਿਜ਼ਿਟਲ ਮਾਧਿਅਮਾਂ ਰਾਹੀਂ ਮੁੜ ਹਾਸਲ ਕਰਨ, ਦ੍ਰਿਸ਼ ਅਤੇ ਧੁਨੀ ਰਾਹੀਂ ਉਨ੍ਹਾਂ ਦੇ ਇੱਕ ਆਧੁਨਿਕ, ਲੋਕਰਾਜੀ ਭਾਰਤ ਦੇ ਵਾਅਦਿਆਂ ਨੂੰ ਪੁਨਰ ਜੀਵਤ ਕਰਦਾ ਹੈ, ਜੋ ਜਾਤੀ ਨੂੰ ਕਦੇ ਵੀ ਸਵੀਕਾਰ ਨਹੀਂ ਕਰ ਸਕਦਾ।
ਭੀਮ ਜਯੰਤੀ ਇੱਕ ਵਿਰੋਧੀ-ਜਨਤਕ ਮੰਚ ਵਜੋਂ
ਭਾਰਤ ਭਰ ‘ਚ ਤੀਬਰ ਜੋਸ਼ ਨਾਲ ਮਨਾਈ ਜਾਂਦੀ ਭੀਮ ਜੈਯੰਤੀ, ਡਾ. ਅੰਬੇਡਕਰ ਦੇ ਦੈਵੀਕਰਨ ਤੇ ਮਹਿਮਾ ਮੰਡਨ ਦੀ ਨਿਸ਼ਾਨੀ ਹੈ, ਜੋ ਜਾਤੀ ਪ੍ਰਥਾ ਦਾ ਖਾਤਮਾ ਕਰਕੇ ਸਮਾਨਤਾ ਦਾ ਦਾਅਵਾ ਕਰਦੀ ਹੈ। ਦਲਿਤ-ਬਹੁਜਨ ਔਰਤਾਂ, ਜੋ ਆਪਣੀ ਜਾਤੀ ਪਛਾਣ ਕਰਕੇ ਦੂਹਰੇ ਹਾਸ਼ੀਕਰਨ ਦੀ ਮਾਰ ਝੱਲ ਰਹੀਆਂ ਹਨ, ਲਈ ਇਸ ਦਿਹਾੜੇ ਦਾ ਉਚੇਚਾ ਮਹੱਤਵ ਹੈ। ਉਹ ਨੀਲੇ- ਚਿੱਟੇ ਕੱਪੜੇ ਪਾਈ ਇਕੱਠੀਆਂ ਹੋ ਕੇ ਆਉਂਦੀਆਂ ਹਨ ਅਤੇ ਗੀਤ ਗਾਉਂਦੀਆਂ, ਖੁਸ਼ੀ ਮਨਾਉਂਦੀਆਂ ਇਕ ਖੁਸ਼ਗਵਾਰ ਸਾਂਝ ਕਾਇਮ ਕਰਦੀਆਂ ਹਨ।
ਉਨ੍ਹਾਂ ਦੀ ਮੌਜੂਦਗੀ ਡਾ. ਅੰਬੇਡਕਰ ਵਜੋਂ ਲਿੰਗਕ ਸਮਾਨਤਾ ‘ਚ ਪਾਏ ਯੋਗਦਾਨ, ਖ਼ਾਸ ਕਰਕੇ ਬ੍ਰਾਹਮਣਵਾਦੀ ਪਿਤਸੱਤਾ ਖ਼ਿਲਾਫ਼ ਉਨ੍ਹਾਂ ਦੇ ਪੈਂਤੜੇ ਤੇ ਹਿੰਦੂ ਕੋਡ ਬਿੱਲ ਰਾਹੀਂ ਔਰਤਾਂ ਨੂੰ ਜਾਇਦਾਦ ਦੀ ਮਾਲਕੀ ਦੇ ਅਧਿਕਾਰ ਦੇਣ ਤੇ ਹੋਰ ਸੁਧਾਰਾਂ, ਦੀ ਗਾਥਾ ਬਿਆਨਦੀ ਹੈ। ਭੀਮ ਜਯੰਤੀ ਦੀ ਇੱਕ ਖੇਡ-ਤਮਾਸ਼ੇ ਤੋਂ ਵਿਰੋਧ ਪ੍ਰਗਟਾਵੇ ਦੇ ਜਨਤਕ ਮੰਚ ਵੱਲ ਤਬਦੀਲੀ ਇਸ ਦੀ ਲੋਕਰਾਜੀ ਸਮਰਥਾ ਨੂੰ ਦਰਸਾਉਂਦਾ ਹੈ, ਜੋ ਆਲੋਚਨਾਤਮਕ ਸੋਚ ਲਈ ਜਗ੍ਹਾ ਬਣਾਉਂਦੀ ਹੈ ਅਤੇ ਅਨਿਆਂ ਖ਼ਿਲਾਫ਼ ਖੜ੍ਹੀ ਹੁੰਦੀ ਹੈ।
ਡਾ. ਅੰਬੇਡਕਰ ਦੀ ਮੂਰਤੀ ਦੀ ਹਰ ਜਗ੍ਹਾ ਮੌਜੂਦਗੀ ਉਨ੍ਹਾਂ ਦੀ ਵਧਦੀ ਲੋਕਪ੍ਰਿਯਤਾ ਤੇ ਜਨਤਕ ਜੀਵਨ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ‘ਚ ਉਨ੍ਹਾਂ ਦੀ ਮੌਜੂਦਗੀ ਨੂੰ ਦਰਸਾਉਂਦੀ ਹੈ। ਰਾਜਸੀ ਮੰਚ ‘ਤੇ, ਉਨ੍ਹਾਂ ਦੀ ਤਸਵੀਰ ਤੁਰੰਤ ਹਾਸ਼ੀਆਗਤ ਲੋਕਾਂ ਨਾਲ ਸਾਂਝ ਪਾਉਂਦੀ ਹੈ, ਜਦਕਿ ਨਾਗਰਿਕ ਖੇਤਰ ‘ਚ ਉਹ ਸੰਵਿਧਾਨਕਤਾ ਦੇ ਪ੍ਰਤੀਕ ਮੰਨੇ ਜਾਂਦੇ ਹਨ। ਜਾਤੀ ਵਿਰੋਧੀ ਪ੍ਰਤੀਕ ਤੋਂ ਰਾਸ਼ਟਰ-ਨਿਰਮਾਣ ਵਾਲੀ ਹਸਤੀ ਵਜੋਂ ਉਨ੍ਹਾਂ ਦਾ ਬਦਲਾਅ ਕਾਬਿਲੇ-ਗੌਰ ਹੈ।
ਡਾ. ਅੰਬੇਡਕਰ ਦੀ ਇਹ ਨਵੀਂ “ਜਨਤਕਤਾ” ਲੋਕਰਾਜ ਦੇ ਉਸ ਨਮੂਨੇ ਦੇ ਸਹਿਜ ਵਿਕਾਸ ਨੂੰ ਦਰਸਾਉਂਦੀ ਹੈ, ਜਿਸ ਲਈ ਭਾਰਤ ਜਦੋਜਹਿਦ ਕਰ ਰਿਹਾ ਹੈ। ਸੰਵਿਧਾਨ ਸਭਾ ਦੀਆਂ ਬੈਠਕਾਂ ਦੇ ਆਖ਼ਰੀ ਦਿਨ ਆਪਣੇ ਭਾਸ਼ਣ ਵਿੱਚ ਡਾ. ਅੰਬੇਡਕਰ ਨੇ ਕਿਹਾ ਸੀ, “ਕੋਈ ਸੰਵਿਧਾਨ ਭਾਵੇਂ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਜੇਕਰ ਉਸਨੂੰ ਲਾਗੂ ਕਰਨ ਵਾਲੇ ਲੋਕ ਚੰਗੇ ਨਹੀਂ ਹਨ ਤਾਂ ਉਹ ਮੰਦਾ ਸਾਬਤ ਹੋਵੇਗਾ। ਅਤੇ ਕੋਈ ਸੰਵਿਧਾਨ ਭਾਵੇਂ ਕਿੰਨਾ ਵੀ ਮੰਦਾ ਕਿਉਂ ਨਾ ਹੋਵੇ ਜੇਕਰ ਉਸਨੂੰ ਲਾਗੂ ਕਰਨ ਵਾਲੇ ਲੋਕ ਚੰਗੇ ਹਨ, ਤਾਂ ਉਹ ਚੰਗਾ ਸਾਬਤ ਹੋਵੇਗਾ।” (ਬਾਬਾ ਸਾਹਿਬ ਅੰਬੇਡਕਰ ਰਚਨਾਵਲੀ ਅਤੇ ਭਾਸ਼ਣ, ਖੰਡ 11)
ਡਾ. ਅੰਬੇਡਕਰ ਨਾਲ ਜੁੜੇ ਜਸ਼ਨ; ਚਾਹੇ ਉਹ ਪ੍ਰਤੀਰੋਧ ਵਾਲੀਆਂ ਥਾਵਾਂ ‘ਤੇ ਹੋਣ ਜਾਂ ਕਿਸੇ ਸੱਭਿਆਚਾਰ ਕਾਰਜਕ੍ਰਮ ‘ਚ, ਇਸ ਖੋਜ ਵੱਲ ਸੇਧਤ ਹੋਣੇ ਚਾਹੀਦੇ ਹਨ ਕਿ ਉਨ੍ਹਾਂ ਦੀ ਪ੍ਰਤੀਕਾਤਮਕਤਾ ਅਸਲ ‘ਚ ਦਰਸਾਉਂਦੀ ਕੀ ਹੈ। ਜੇ ਇਹ ਕੇਵਲ ਖੋਖਲੇ ਦੈਵੀਕਰਨ ਤੱਕ ਸੀਮਿਤ ਰਹਿ ਜਾਣ, ਤਾਂ ਇਹ ਡਾ. ਅੰਬੇਡਕਰ ਤੇ ਉਨ੍ਹਾਂ ਦੇ ਦਰਸ਼ਨ ਦੇ ਵਿਰੁੱਧ ਭੁਗਤਣਗੇ ਤੇ ਅੰਤ ਥੋਥੇ ਸ਼ਬਦ ਬਣ ਕੇ ਰਹਿ ਜਾਣਗੇ। ਉਨ੍ਹਾਂ ਨੂੰ ਯਾਦ ਕਰਨ ਦਾ ਪ੍ਰਕ੍ਰਿਆ ਕਿਤੇ ਵੱਧ ਡੂੰਘੇ ਤੇ ਮਜ਼ਬੂਤ ਅਰਥਾਂ ਨੂੰ ਦਰਸਾਉਣ ਵਾਲੀ ਹੋਣੀ ਚਾਹੀਦੀ ਹੈ।
ਅੰਬੇਡਕਰ ਨਾਲ ਜੁੜੇ ਜਸ਼ਨ, ਚਾਹੇ ਉਹ ਵਿਵਾਦਤ ਵਿਰੋਧ ਵਾਲੀਆਂ ਥਾਵਾਂ ‘ਤੇ ਹੋਣ ਜਾਂ ਸਭਿਆਚਾਰਕ ਸਮਾਗਮਾਂ ‘ਚ, ਇਸ ਗੱਲ ਨੂੰ ਯਾਦ ਕਰਨ ਵੱਲ ਸੇਧਤ ਹੋਣੇ ਚਾਹੀਦੇ ਹਨ ਕਿ ਉਨ੍ਹਾਂ ਦਾ ਪ੍ਰਤੀਕਵਾਦ ਅਸਲ ਵਿੱਚ ਕਿਸ ਗੱਲ ਲਈ ਖੜ੍ਹਾ ਹੈ। ਇਨ੍ਹਾਂ ਜਸ਼ਨਾਂ ਨੂੰ ਜੇਕਰ ਸਿਰਫ਼ ਖੋਖਲੀ ਵਿਅਕਤੀ ਪੂਜਾ ਤੱਕ ਘਟਾ ਦਿੱਤਾ ਗਿਆ ਤਾਂ ਇਹ ਅੰਬੇਡਕਰ ਦੀ ਸੋਚ ਤੇ ਫ਼ਲਸਫ਼ੇ ਦੇ ਐਨ ਉਲਟ ਹੋਵੇਗਾ ਤੇ ਅੰਤ ਬੇਅਰਥ ਸਾਬਤ ਹੋਵੇਗਾ।
- ਸਹਾਇਕ ਪ੍ਰੋਫੈਸਰ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ, ਬੈਂਗਲੁਰ
