
ਰਵੀ ਕੰਵਰ
ਅਜੋਕੇ ਯੂਰਪੀ ਦੇਸ਼ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਕਾਇਮ ਕੀਤਾ ਗਿਆ ਮਜ਼ਦੂਰ ਜਮਾਤ ਦਾ ਪਹਿਲਾ ਰਾਜ, ‘ਪੈਰਿਸ ਕਮਿਊਨ’ ਇਕ ਨਿਵੇਕਲੀ ਇਤਿਹਾਸਕ ਘਟਨਾ ਸੀ। ਸੰਸਾਰ ਦੇ ਇਸ ਪਹਿਲੇ ਕਿਰਤੀ ਰਾਜ ਦੀ ਸਥਾਪਨਾ ਅੱਜ ਤੋਂ 155 ਵਰ੍ਹੇ ਪਹਿਲਾਂ, 18 ਮਾਰਚ 1871 ਨੂੰ ਬਗ਼ਾਵਤ ਦੇ ਜਰੀਏ ਕੀਤੀ ਗਈ ਸੀ। ਇਹ ਰਾਜ, ਹਾਕਮ ਜਮਾਤਾਂ ਨੇ ਵੱਡਾ ਫੌਜੀ ਹਮਲਾ ਕਰਕੇ 28 ਮਈ 1871 ਨੂੰ ਖਤਮ ਕਰ ਦਿੱਤਾ ਸੀ। 19ਵੀਂ ਸਦੀ ’ਚ ਕੇਵਲ 72 ਦਿਨ ਚੱਲੇ ਇਸ ਕਿਰਤੀ ਰਾਜ ਨੇ ਐਸੀਆਂ ਸ਼ਾਨਦਾਰ ਪਿਰਤਾਂ ਪਾਈਆਂ, ਜਿਨ੍ਹਾਂ ਤੋਂ ਮਜ਼ਦੂਰ ਜਮਾਤ ਅੱਜ ਵੀ ਰੌਸ਼ਨੀ ਹਾਸਲ ਕਰਦੀ ਹੈ। ਇਹ ਇਨਕਲਾਬ, 20ਵੀਂ ਸਦੀ ’ਚ ਹੋਏ ਇਨਕਲਾਬਾਂ, ਖਾਸ ਕਰਕੇ 1917 ਦੀ ਰੂਸੀ ਬੋਲਸ਼ਵਿਕ ਕ੍ਰਾਂਤੀ ਲਈ ਪ੍ਰੇਰਣਾ ਸਰੋਤ ਬਣਿਆ ਸੀ। 1917 ਦੀ ਕ੍ਰਾਂਤੀ ਵੇਲੇ ਰੂਸ ਦੀ ਕਮਿਊਨਿਸਟ ਪਾਰਟੀ ਨੇ ਪੈਰਿਸ ਕਮਿਊਨ ਤੋਂ ਹਾਸਿਲ ਸਬਕ ਲਾਗੂ ਕੀਤੇ ਸਨ। ਇਨ੍ਹਾਂ ’ਚੋਂ ਇਕ ਸੀ, ਸਭ ਤੋਂ ਪਲੇਠੇ ਕਦਮਾਂ ਵਜੋਂ ਦੇਸ਼ ਦੇ ਕੇਂਦਰੀ ਬੈਂਕ ’ਤੇ ਕਬਜ਼ਾ ਕਰਨਾ।ਇਨ੍ਹਾਂ 72 ਦਿਨਾਂ ਨੇ ਮਨੁੱਖੀ ਇਤਿਹਾਸ ਨੂੰ ਇਕ ਨਿਵੇਕਲਾ ਮੋੜ ਦਿੱਤਾ ਸੀ। ਪੈਰਿਸ ਦੇ ਮਜ਼ਦੂਰਾਂ ਨੇ ਦੁਨੀਆਂ ’ਚ ਪਹਿਲੀ ਵਾਰੀ ਕਮਿਊਨਿਸਟ ਰਾਜ ਦੀ ਸਥਾਪਨਾ ਕੀਤੀ ਸੀ। ਇਸ ਯੁਗ ਪਲਟਾਊ ਫਲਸਫੇ ਦੇ ਸਿਰਜਕ, ਮਜ਼ਦੂਰ ਜਮਾਤ ਦੇ ਮਹਾਨ ਆਗੂ ਕਾਰਲ ਮਾਰਕਸ, ਉਦੋਂ ਲੰਦਨ ’ਚ ਸਨ। ਉਨ੍ਹਾਂ ਇਸ ਕ੍ਰਾਂਤੀ ਦਾ ਬਾਰੀਕੀ ਨਾਲ ਅਧਿਐਨ ਕੀਤਾ ਤੇ ਇਸਦੀ ਰਾਖੀ ਲਈ ਆਪਣੀ ਬਣਦੀ ਵਿਚਾਰਧਾਰਕ ਭੂਮਿਕਾ ਨਿਭਾਈ। ਮਾਰਕਸ ਨੇ ਇਸ ਨੂੰ ‘ਮਜ਼ਦੂਰਾਂ’ ਦੀ ਦੁਨੀਆਂ ਦੀ ਪਹਿਲੀ ਜਮਹੂਰੀ ਸਰਕਾਰ ਦਾ ਰੁਤਬਾ ਦਿੱਤਾ ਸੀ। ਉਨ੍ਹਾਂ ਪੈਰਿਸ ਕਮਿਊਨ ਨੂੰ ‘ਪੂੰਜੀਪਤੀਆਂ ਦੇ ਸਵਰਗ’ ’ਤੇ ਧਾਵਾ’ ਦੱਸਦਿਆਂ ਕਿਹਾ ਸੀ- ‘‘ਪੈਰਿਸ ਕਮਿਊਨ, ਮਹਾਨ ਸਮਾਜਿਕ ਇਨਕਲਾਬ ਦਾ ਉਹ ਪਹੁ-ਫੁਟਾਲਾ ਹੈ ਜੋ ਮਨੁੱਖ ਨੂੰ ਸ਼ੋਸ਼ਕ ਜਮਾਤਾਂ ਦੀ ਜਮਾਤੀ ਹਕੂਮਤ ਤੋਂ ਸਦਾ-ਸਦਾ ਲਈ ਮੁਕਤ ਕਰ ਦੇਵੇਗਾ।’’ਪੈਰਿਸ ਕਮਿਊਨ ਅਸਲ ’ਚ ਸੀ ਵੀ ਪੂੰਜੀਪਤੀਆਂ ਦੇ ਸਵਰਗ ’ਤੇ ਹਮਲਾ। ਉਦੋਂ ਦੇ ਪੈਰਿਸ ਦੀ ਚਕਾਚੌਂਧ ਪੂੰਜੀਵਾਦੀ ਦੁਨੀਆਂ ਦੇ ਹਰ ਤਰ੍ਹਾਂ ਦੇ ਪਰਜੀਵੀ ਸ਼ੋਸ਼ਕਾਂ, ਰਾਜੇ-ਰਜਵਾੜਿਆਂ, ਸਾਮੰਤਾਂ, ਸੱਟੇਬਾਜ਼ਾਂ ਨੂੰ ਆਪਣੇ ਵੱਲ ਖਿੱਚਦੀ ਸੀ। ਦੁਨੀਆਂ ਭਰ ਦੇ ਸ਼ੋਸ਼ਕ ਆਪਣੀਆਂ ਸ਼ਾਮਾਂ ਤੇ ਰਾਤਾਂ ਰੰਗੀਨ ਬਨਾਉਣ ਲਈ ਪੈਰਿਸ ਪੁੱਜਦੇ ਸਨ। ਇੱਥੇ ਉਹ ਐਸ਼ੋ-ਆਰਾਮ ਦੇ ਨਵੇਂ-ਨਿਵੇਕਲੇ ਢੰਗ ਤੇ ਜੁਗਤਾਂ ਘੜਦੇ ਤੇ ਬੇਹਿਯਾਈ ਨਾਲ ਆਪਣੀ ਦੌਲਤ ਦਾ ਭੱਦਾ ਮੁਜ਼ਾਹਰਾ ਕਰਦੇ। ਪੈਰਿਸ ਉਨ੍ਹਾਂ ਲਈ ਫੈਸ਼ਨ, ਆਲੀਸ਼ਾਨ ਹੋਟਲਾਂ ਤੇ ਕਿਲਿਆਂ ਕਰਕੇ ਖਿੱਚ ਦਾ ਕੇਂਦਰ ਘੱਟ ਸੀ, ਬਲਕਿ ਇੱਥੋਂ ਦੀਆਂ ਵੇਸ਼ਵਾਵਾਂ ਉਨ੍ਹਾਂ ਲਈ ਵਧੇਰੇ ਖਿੱਚ ਦੀਆਂ ਵਸਤਾਂ ਸਨ। ਉਹ ਮੌਜਾਂ ਮਾਣਦੇ, ਪੈਰਿਸ ਦੀਆਂ ਰੰਗੀਨੀਆਂ ਦੇ ਕਿੱਸੇ ਦੁਨੀਆਂ ਭਰ ’ਚ ਬਖਾਨਦੇ। ਦੁਨੀਆਂ ਦਾ ਹਰ ਪਰਜੀਵੀ ਸ਼ੋਸ਼ਕ, ਪੂੰਜੀਪਤੀਆਂ ਦੇ ਇਸ ਸਵਰਗ ਦੀਆਂ ਮੌਜਾਂ ਮਾਨਣ ਦੀ ਲਾਲਸਾ ਰੱਖਦਾ ਸੀ। ਪੈਰਿਸ ਦੇ ਮਜ਼ਦੂਰਾਂ ਨੇ, ਪੈਰਿਸ ਕਮਿਊਨ ਦੀ ਸਥਾਪਨਾ ਰਾਹੀਂ, ਪੂੰਜੀਪਤੀਆਂ ਦਾ ਇਹ ਸਵਰਗ ਖੇਰੂੰ-ਖੇਰੂੰ ਕਰ ਦਿੱਤਾ ਸੀ।ਮਜ਼ਦੂਰਾਂ ਦੇ ਇਸ ਪਹਿਲੇ ਰਾਜ ਦੀ ਸਥਾਪਨਾ ਮਜ਼ਦੂਰਾਂ ਤੇ ਕਾਰੀਗਰਾਂ ਨੇ ਕੀਤੀ ਸੀ। ਕਈ ਫੈਕਟਰੀਆਂ ’ਚ ਕੰਮ ਕਰਦੇ ਸਨ ਤੇ ਕਈ ਬੇਕਰੀਆਂ ’ਚ। ਕੋਈ ਕੱਪੜਾ ਰੰਗਣ ਵਾਲਾ ਰੰਗਸਾਜ ਸੀ ਤੇ ਕੋਈ ਘੜੀਸਾਜ। ਇਨ੍ਹਾਂ ਦੀ ਗਿਣਤੀ ਲੱਖਾਂ ’ਚ ਸੀ।ਪੈਰਿਸ ਦੀ ਉਦੋਂ ਦੀ 20 ਕੁ ਲੱਖ ਆਬਾਦੀ ਚੋਂ ਅੱਧੀ ਵਸੋਂ ਮਜ਼ਦੂਰਾਂ ਦੀ ਸੀ। 5 ਲੱਖ ਦੇ ਕਰੀਬ ਸਨਅਤੀ ਮਜ਼ਦੂਰ ਸਨ ਤੇ 3-4 ਲੱਖ ਛੋਟੇ ਕਾਰਖਾਨਿਆਂ ’ਚ ਕੰਮ ਕਰਨ ਵਾਲੇ ਸਨ। ਬਿਲਕੁਲ ਛੋਟੇ ਅਦਾਰਿਆਂ ’ਚ ਕੰਮ ਕਰਦੇ 2 ਲੱਖ ਮਜ਼ਦੂਰ ਚੋਂ ਅੱਧੇ ਤੋਂ ਵੀ ਵੱਧ ਛੋਟੀ-ਮੋਟੀ ਮੁਰੰਮਤ, ਰਾਜਗਿਰੀ, ਦਿਹਾੜੀ-ਦੱਪਾ ਆਦਿ ਕਰਨ ਵਾਲੇ ਸਨ। ਮਜ਼ਦੂਰਾਂ ਦਰਮਿਆਨ ਪ੍ਰਵਾਸੀ ਤੇ ਸਥਾਨਕ ਦਾ ਕੋਈ ਵਿਤਕਰਾ ਨਹੀਂ ਸੀ। ਪੈਰਿਸ ਕਮਿਊਨ ਦੀ ਕਾਇਮੀ ’ਚ ਕੇਵਲ ਫਰਾਂਸੀਸੀ ਹੀ ਨਹੀਂ, ਬਲਕਿ ਬਾਹਰੋਂ ਆਏ ਲਗਭਗ ਇਕ ਲੱਖ ਪ੍ਰਵਾਸੀ ਮਜ਼ਦੂਰਾਂ ਦਾ ਵੀ ਯੋਗਦਾਨ ਸੀ। ਫਰਾਂਸ ਤੇ ਪਰੂਸ਼ੀਆ (ਜਰਮਨੀ) ਦੇ ਹਾਕਮ ਆਪਸ ’ਚ ਲੜ ਰਹੇ ਸਨ। ਪਰ ਪੈਰਿਸ ਦੇ ਮਜ਼ਦੂਰਾਂ ਨੇ ਹਾਕਮਾਂ ਦੀ ਲੜਾਈ ਨੂੰ ਆਪਣੀ ਲੜਾਈ ਨਹੀਂ ਬਣਾਇਆ। ਉਨ੍ਹਾਂ ਨੇ ਕੌਮਾਂਤਰੀਵਾਦ ਦੀ ਨਿਵੇਕਲੀ ਮਿਸਾਲ ਕਾਇਮ ਕਰਦਿਆਂ ਪੈਰਿਸ ਕਮਿਊਨ ’ਚ ਪਰੂਸ਼ੀਆ ਦੇ ਇਕ ਮਜ਼ਦੂਰ ਨੂੰ ਕਿਰਤ ਮੰਤਰੀ ਬਣਾਇਆ ਸੀ। ਇਟਲੀ ਦੇ ਇਨਕਲਾਬੀ ਗੈਰੀਬਾਲਡੀ ਨੂੰ ਕੌਮੀ ਗਾਰਡ (ਫੌਜ) ਦੀ ਕਮਾਨ ਸੰਭਾਲਣ ਦੀ ਪੇਸ਼ਕਸ਼ ਕੀਤੀ ਗਈ ਸੀ। ਹਾਲਾਂਕਿ ਉਹ ਆਏ ਨਹੀਂ, ਪਰ ਇਹ ‘ਦੁਨੀਆਂ ਭਰ ਦੇ ਮਜ਼ਦੂਰੋ ਇਕ ਹੋ ਜਾਊ’ ਦੇ ਨਾਅਰੇ ਨੂੰ ਸਾਕਾਰ ਕਰਨ ਦਾ ਸ਼ਾਨਦਾਰ ਉੱਦਮ ਸੀ।ਪੈਰਿਸ ਕਮਿਊਨ ਨੂੰ ਅੱਗੇ ਵਧਾਉਣ ਤੇ ਇਸਦੀ ਰਾਖੀ ਕਰਨ ’ਚ ਪੈਰਿਸ ਦੀਆਂ ਮਜ਼ਦੂਰ ਔਰਤਾਂ ਨੇ ਵੀ ਵਿਲੱਖਣ ਭੂਮਿਕਾ ਨਿਭਾਈ ਸੀ। ਉਹ ਮਰਦ ਮਜ਼ਦੂਰਾਂ ਨੂੰ ਹੱਲਾਸ਼ੇਰੀ ਦੇਣ, ਦ੍ਰਿੜ੍ਹ ਰਹਿਣ ਤੇ ਪਹਿਲਦਮੀਆਂ ਕਰਦੇ ਰਹਿਣ ਲਈ ਹੌਂਸਲਾ ਤੇ ਹਿੰਮਤ ਦੇਣ ਤੱਕ ਹੀ ਸੀਮਤ ਨਹੀਂ ਸਨ। ਉਨ੍ਹਾਂ ਨੇ ਬਹੁਤ ਸਾਰੇ ਮਹੱਤਵਪੂਰਨ, ਪੇਚੀਦਾ ਤੇ ਰੱਖਿਆ ਨਾਲ ਜੁੜੇ ਦਮ-ਖਮ ਵਾਲੇ ਕੰਮ ਵੀ ਸੰਭਾਲੇ ਸਨ। ਇਨ੍ਹਾਂ ਚੋਂ ਇਕ, ਲੂਈ ਮਿਸ਼ੇਲ ਜੋ ਕਮਿਊਨ ਦੇ ਆਗਾਜ਼ ਤੋਂ ਲੈ ਕੇ ਅੰਤ ਤੱਕ ਸਰਗਰਮ ਰਹੀ ਸੀ, ਕਿਲੇ ਦੀ ਨਿਗਰਾਨੀ ਕਰਨ ਵਾਲੀ ਕਮੇਟੀ ਦੀ ਮੈਂਬਰ ਸੀ। ਰੂਸ ’ਚ ਜੰਮੀ ਏਲੀਜਾ ਬੈਥ ਦਿਮਿਤਰੋਵ ਨੇ ਕਮਿਊਨ ’ਚ ਸਰਗਰਮ ਔਰਤਾਂ ਦੀ ਯੂਨੀਅਨ ਬਣਾਈ, ਜੋ ਬੈਰੀਕੇਡ ਬਨਾਉਣ, ਐਂਬੂਲੈਂਸਾਂ ਦਾ ਸੰਚਾਲਨ ਕਰਨ ਦੇ ਨਾਲ-ਨਾਲ ਕੈਂਟੀਨ ਤੇ ਨਰਸਿੰਗ ਦਾ ਕਾਰਜ ਵੀ ਸੰਭਾਲਦੀਆਂ ਸਨ। ਉਹ ਪੈਰਿਸ ਕਮਿਊਨ ਦੀਆਂ ਸਿਰਜਕ ਤੇ ਰੱਖਿਅਕ ਸਨ। ਉਨ੍ਹਾਂ ਦੀ ਤੁਲਨਾ 15ਵੀਂ ਸਦੀ ਦੀ ਉਸ ਕਿਸਾਨ ਬੇਟੀ ‘ਜਾਨ ਆਫ ਆਰਕ’ ਨਾਲ ਕੀਤੀ ਜਾ ਸਕਦੀ ਹੈ, ਜਿਸਨੇ ਪੂਰੇ ਫਰਾਂਸ ਨੂੰ ਸੰਘਰਸ਼ ਦਾ ਰਾਹ ਦਰਸਾਇਆ ਸੀ। ਭਾਰਤੀ ਸੰਦਰਭ ’ਚ ਉਸ ਦੀ ਤੁਲਨਾ ਸਾਵਿਤਰੀ ਬਾਈ ਫੂਲੇ ਨਾਲ ਕੀਤਾ ਜਾ ਸਕਦੀ ਹੈ।ਪੈਰਿਸ ਕਮਿਊਨ, ਹਕੀਕੀ ਤੌਰ ’ਤੇ ਉਨ੍ਹਾਂ ਮਜ਼ਦੂਰਾਂ, ਮਿਹਨਤਕਸ਼ਾਂ ਦਾ ਰਾਜ ਸੀ, ਜੋ ਰੋਜੀ-ਰੋਟੀ ਕਮਾਉਣ ਲਈ ਪੈਰਿਸ ਆਏ ਸਨ। ਇਸ ’ਚ ਸ਼ਾਮਲ ਮਜ਼ਦੂਰਾਂ ਦਰਮਿਆਨ ਨਾ ਦੇਸ਼-ਨਸਲ ਦੀਆਂ ਵੰਡੀਆਂ ਸਨ ਤੇ ਨਾ ਭਾਸ਼ਾ ਆਦਿ ਦੀਆਂ। ਉਹ ਨਵੇਂ ਇਨਸਾਨ ਸਨ। ਪੈਰਿਸ ਕਮਿਊਨ ਦੇ ਇਨ੍ਹਾਂ ਬਹਾਦਰ ਯੋਧਿਆਂ ਤੇ ਵੀਰਾਂਗਣਾਵਾਂ ਨੂੰ ‘ਕਮਿਊਨਾਰਡ’ ਦਾ ਨਾਂ ਦਿੱਤਾ ਗਿਆ ਸੀ।ਪੈਰਿਸ ਕਮਿਊਨ, ਬਹੁਗਿਣਤੀ ਜਮਾਤ ਯਾਨਿ ਮਜ਼ਦੂਰ ਵਰਗ ਦੀ, ਘੱਟਗਿਣਤੀ ਜਮਾਤ ਯਾਨਿ ਪੂੰਜੀਪਤੀਆਂ ਵਿਰੁੱਧ ਇਤਿਹਾਸ ਦੀ ਪਹਿਲੀ ਕ੍ਰਾਂਤੀ ਸੀ। ਇਸ ਤੋਂ ਪਹਿਲਾਂ ਹੋਏ ਇਨਕਲਾਬ ਜਾਂ ਬਗਾਵਤਾਂ ਰਾਹੀਂ ਘੱਟ ਗਿਣਤੀ ਜਮਾਤ ਦੇ ਹੀ ਇਕ ਪ੍ਰਤੀਨਿਧ ਨੇ ਦੂਜੇ ਦੀ ਥਾਂ ਲਈ ਸੀ। ਦੁਨੀਆਂ ਦੀਆਂ ਮਹਾਨ ਕ੍ਰਾਂਤੀਆਂ ’ਚ ਸ਼ੁਮਾਰ, 1789 ਦੀ ਫਰਾਂਸੀਸੀ ਕ੍ਰਾਂਤੀ, ਜੋ ‘ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ’ ਦੀ ਪ੍ਰਤੀਕ ਮੰਨੀ ਜਾਂਦੀ ਹੈ, ਰਾਹੀਂ ਵੀ ਰਾਜਾਸ਼ਾਹੀ ਤੇ ਸਾਮੰਤਵਾਦ ਨੂੰ ਖਤਮ ਕਰਕੇ ਪੂੰਜੀਵਾਦੀ ਜਮਾਤ ਨੇ ਸੱਤਾ ਸੰਭਾਲੀ ਸੀ। ਇਸ ਕ੍ਰਾਂਤੀ ਦਾ ਸਾਥ ਦੇਣ ਵਾਲੀ ਬਹੁਗਿਣਤੀ ਕਿਰਤੀ ਜਮਾਤ ਉਦੋਂ ਠੱਗੀ ਰਹਿ ਗਈ ਸੀ। ਪੈਰਿਸ ਕਮਿਊਨ ਰਾਹੀਂ ਹਕੀਕੀ ਲੋਕਰਾਜ ਲਾਗੂ ਕੀਤਾ ਗਿਆ ਸੀ। ਇਹ ਪੂੰਜੀਪਤੀਆਂ ਦੇ ਅਖੌਤੀ ਲੋਕਰਾਜ ਵਰਗਾ ਨਹੀਂ ਸੀ, ਜੋ ਬਹੁਗਿਣਤੀ ਮਿਹਨਤਕਸ਼ਾਂ ਤੇ ਕਿਸਾਨਾਂ ਲਈ ਅਮਲ ਅਰਥਾਂ ’ਚ ਤਾਨਾਸ਼ਾਹੀ ਹੀ ਹੁੰਦਾ ਹੈ।ਪੈਰਿਸ ਦੇ ਮਜ਼ਦੂਰਾਂ ਨੇ ‘ਪੈਰਿਸ ਕਮਿਊਨ’ ਕਾਇਮ ਕਰਨ ਤੋਂ ਇਕ ਹਫਤੇ ਪਿੱਛੋਂ ਹੀ ਆਮ ਚੋਣਾਂ ਕਰਵਾ ਦਿੱਤੀਆਂ ਸਨ। ਇਸ ਦੇ ਨਿੱਤ ਦਿਨ ਦੇ ਸੰਚਾਲਨ ਲਈ ਕਮਿਊਨ ਕੌਂਸਲ ਦੀ ਚੋਣ ਵੀ ਕਰਵਾ ਦਿੱਤੀ ਸੀ। ਇਹ ਚੋਣਾਂ ਉਦੋਂ ਕਰਵਾਈਆਂ ਗਈਆਂ ਸਨ, ਜਦੋਂ ਜਰਮਨ ਦੀ ਫੌਜ ਨੇ ਪੈਰਿਸ ਦੇ ਬਾਹਰੀ ਇਲਾਕਿਆਂ ਦੀ ਘੇਰਾਬੰਦੀ ਕੀਤੀ ਹੋਈ ਸੀ ਤੇ ਫਰਾਂਸ ਦੀ ਥਿਏਰ ਸਰਕਾਰ ਪੈਰਿਸ ਕਮਿਊਨ ਨੂੰ ਢਹਿਢੇਰੀ ਕਰਨ ਦੀਆਂ ਸਾਜਿਸ਼ਾਂ ਘੜਨ ’ਚ ਗਲਤਾਨ ਸੀ। ਉਹ ਸਿਰਫ ਬਾਹਰੋਂ ਹਮਲਾ ਕਰਨ ਦੀ ਤਿਆਰੀ ਹੀ ਨਹੀਂ ਕਰ ਰਹੀ ਸੀ, ਬਲਕਿ ਪੈਰਿਸ ਦੇ ਅੰਦਰ ਮੌਜੂਦ ਆਪਣੀ ਜਮਾਤ ਦੇ ਲੋਕਾਂ ਤੇ ਉਨ੍ਹਾਂ ਦੇ ਭਾੜੇ ਦੇ ਟੱਟੂਆਂ ਰਾਹੀਂ ਵੀ ਮਜ਼ਦੂਰ ਜਮਾਤ ਦੀ ਇਹ ਪਲੇਠੀ ਹਕੂਮਤ ਢਹਿਢੇਰੀ ਕਰਨ ਦੇ ਯਤਨ ਕਰ ਰਹੀ ਸੀ। ਇਉਂ ਮਜ਼ਦੂਰਾਂ ਦਾ ਇਕ ਹਫਤੇ ਪਿਛੋਂ ਹੀ 26 ਮਾਰਚ ਨੂੰ, ਸੰਕਟਮਈ ਹਾਲਾਤ ਦੌਰਾਨ ਵੀ ਚੋਣਾਂ ਕਰਵਾਉਣਾ, ਉਨ੍ਹਾਂ ਦੇ ਹਿੰਮਤ-ਹੌਂਸਲੇ ਨੂੰ ਹੀ ਰੂਪਮਾਨ ਨਹੀਂ ਕਰਦਾ, ਬਲਕਿ ਲੋਕਰਾਜ ਪ੍ਰਤੀ ਉਨ੍ਹਾਂ ਦੀ ਪ੍ਰਬਲ ਇੱਛਾ ਸ਼ਕਤੀ ਨੂੰ ਵੀ ਦਰਸਾਉਂਦਾ ਹੈ।ਪੈਰਿਸ ਕਮਿਊਨ ਦੀ ਸਥਾਪਨਾ ਤੋਂ ਫੌਰੀ ਪਿੱਛੋਂ ਹੋਰ ਵੀ ਅਨੇਕਾਂ ਇਨਕਲਾਬੀ ਕਦਮ ਚੁੱਕੇ ਗਏ। ਕਮਿਉਨ ਨੇ ਭਾੜੇ ਦੀ ਫੌਜ ਖਤਮ ਕਰਕੇ, ਫੌਜ ’ਚ ਭਰਤੀ ’ਤੇ ਪਾਬੰਦੀ ਲਾ ਦਿੱਤੀ ਸੀ। ਸਾਰੇ ਹਥਿਆਰ ਚੁੱਕਣ ਯੋਗ ਨਾਗਰਿਕ ਕਮਿਊਨ ਦੀ ਫੌਜ ਕੌਮੀ ਗਾਰਡ ਦਾ ਹਿੱਸਾ ਸਨ। ਸਥਾਈ ਫੌਜ ਦੇ ਖਾਤਮੇ ਨਾਲ ਪੈਰਿਸ ਦੇ ਲੋਕਾਂ ਦੇ ਸਿਰੋਂ ਇਕ ਵੱਡਾ ਭਾਰ ਲਹਿ ਗਿਆ ਸੀ। ਕੌਮੀ ਗਾਰਡ ਦੇ ਅਫਸਰਾਂ ਦੀ ਚੋਣ ਉਸਦੇ ਮੈਂਬਰ ਹੀ ਕਰਦੇ ਸਨ।ਕਮਿਊਨ ਨੇ ਇਕ ਹੁਕਮ ਰਾਹੀਂ ਅਕਤੂਬਰ 1870 ਤੋਂ ਅਪ੍ਰੈਲ 1871 ਤੱਕ ਦੇ ਮਕਾਨਾਂ ਦੇ ਸਾਰੇ ਕਿਰਾਏ ਮਾਫ ਕਰ ਦਿੱਤੇ ਸਨ ਤੇ ਦਿੱਤੇ ਜਾ ਚੁੱਕੇ ਕਿਰਾਏ ਨੂੰ ਪੇਸ਼ਗੀ ਮੰਨ ਲਿਆ ਗਿਆ ਸੀ। ਇਸ ਕਦਮ ਨਾਲ ਮਜ਼ਦੂਰਾਂ, ਜੋ ਜੰਗ, ਖਾਨਾਜੰਗੀ ਤੇ ਮਹਿੰਗਾਈ ਦੀ ਚੱਕੀ ’ਚ ਦਰੜੇ ਜਾ ਰਹੇ ਸਨ, ਨੂੰ ਬੜੀ ਰਾਹਤ ਮਿਲੀ।ਕਮਿਊਨ ਨੇ ਸਰਕਾਰ ਦੀ ਸਥਾਪਨਾ ਸਮੇਂ ਪ੍ਰਮੁੱਖ ਅਹੁਦੇ ਵਿਦੇਸ਼ੀ ਮਜ਼ਦੂਰਾਂ ਨੂੰ ਦਿੱਤੇ। ਜਿਵੇਂ ਕਿਰਤ ਮੰਤਰੀ ਇਕ ਜਰਮਨ ਮਜ਼ਦੂਰ ਸਨ। ਕਮਿਊਨ ਦੇ ਆਗੂਆਂ ਨੇ ‘ਦੁਨੀਆਂ ਭਰਦੇ ਮਿਹਨਤਕਸ਼ੋ ਇਕ ਹੋ ਜਾਓ ਦਾ’ ਨਾਅਰਾ ਦੇਣ ਵਾਲੇ ਕਾਰਲ ਮਾਰਕਸ ਦੇ ਜਿਉਂਦਿਆਂ ਹੀ ਇਸ ਨਾਅਰੇ ਨੂੰ ਹਕੀਕੀ ਰੂਪ ਦਿੱਤਾ ਤੇ ਕੌਮਾਂਤਰੀਵਾਦ ਦਾ ਪਰਚਮ ਬੁਲੰਦ ਕੀਤਾ।ਕਮਿਊਨ ਨੇ ਤੈਅ ਕੀਤਾ ਕਿ ਕਮਿਊਨ ਦੇ ਕਿਸੇ ਵੀ ਮੁਲਾਜ਼ਮ ਦੀ ਤਨਖਾਹ 6000 ਫਰੈਂਕ ਤੋਂ ਵੱਧ ਨਹੀਂ ਹੋਵੇਗੀ। ਇਉਂ ਮੰਤਰੀਆਂ ਤੇ ਅਫਸਰਾਂ ਨੂੰ ਮਿਲਦੇ ਵਿਸੇਸ਼ ਅਧਿਕਾਰ ਖਤਮ ਕਰਨ ਦੀ ਪਿਰਤ ਪਾਈ ਗਈ ਤੇ ਦੁਨੀਆਂ ਨੂੰ ਦਰਸਾ ਦਿੱਤਾ ਕਿ ਕਿਫਾਇਤੀ ਸਰਕਾਰ ਕਿਹੋ ਜਿਹੀ ਹੁੰਦੀ ਹੈ।ਕਮਿਊਨ ਨੇ ‘ਨਿੱਜੀ ਆਜ਼ਾਦੀ ਤੇ ਜ਼ਮੀਰ ਦੀ ਆਵਾਜ਼ ਦੀ ਆਜ਼ਾਦੀ’ ਦੀ ਸੰਪੂਰਣ ਗਾਰੰਟੀ ਦਿੱਤੀ। ਇਸਨੂੰ 19 ਅਪ੍ਰੈਲ 1871 ਨੂੰ ਜਾਰੀ ਪੈਰਿਸ ਕਮਿਊਨ ਦੇ ਐਲਾਨਨਾਮੇ ’ਚ ਹੇਠ ਲਿਖੇ ਸ਼ਬਦਾਂ ’ਚ ਦਰਜ ਕੀਤਾ ਗਿਆ :‘‘ਕਮਿਊਨ ਦੇ ਮਾਮਲਿਆਂ ’ਚ ਆਪਣੇ ਵਿਚਾਰਾਂ ਦਾ ਮੁਕਤ ਪ੍ਰਗਟਾਵਾ ਕਰਦੇ ਹੋਏ, ਆਪਣੇ ਹਿੱਤਾਂ ਦੀ ਆਜ਼ਾਦਾਨਾ ਰੱਖਿਆ ਦੇ ਨਾਲ, ਕਮਿਊਨ ਵਲੋਂ ਇਨ੍ਹਾਂ ਪ੍ਰਗਟਾਵਿਆਂ ਦੀ ਗਾਰੰਟੀ ਦੇ ਨਾਲ, ਇਕੱਠੇ ਹੋਣ ਤੇ ਪ੍ਰਚਾਰ ਕਰਨ ਦੇ ਪੂਰੀ ਤਰ੍ਹਾਂ ਆਜ਼ਾਦਾਨਾ ਹੱਕ ਨਾਲ ਨਾਗਰਿਕਾਂ ਦੀ ਸਥਾਈ ਦਖਲਅੰਦਾਜ਼ੀ।’’ਪੈਰਿਸ ਕਮਿਊਨ ਨੇ ਸਭ ਤੋਂ ਵੱਡਾ ਯੁਗ ਪਲਟਾਊ ਕਦਮ ਚਰਚ ਨੂੰ ਰਾਜ ਨਾਲੋਂ ਵੱਖ ਕਰਨ ਦਾ ਚੁੱਕਿਆ ਸੀ। ਰਾਜ ਵਲੋਂ ਧਾਰਮਿਕ ਆਯੋਜਕਾਂ ’ਤੇ ਕੀਤੇ ਜਾਣ ਵਾਲੇ ਖਰਚੇ ਦੇ ਭੁਗਤਾਨ ’ਤੇ ਰੋਕ ਲਗਾ ਦਿੱਤੀ ਗਈ। ਚਰਚ ਦੀ ਸਾਰੀ ਸੰਪਤੀ ਨੂੰ ਦੇਸ਼ ਦੀ ਸੰਪਤੀ ਐਲਾਨ ਦਿੱਤਾ। ਸਿੱਖਿਆ ’ਚ ਚਰਚ ਦੀ ਦਖਲਅੰਦਾਜ਼ੀ ਖਤਮ ਕਰ ਦਿੱਤੀ। ਸਕੂਲਾਂ ’ਚ ਧਾਰਮਿਕ ਉਪਦੇਸ਼ਾਂ ਤੇ ਪ੍ਰਾਰਥਨਾਵਾਂ ’ਤੇ ਰੋਕ ਲਗਾ ਕੇ ਸਕੂਲਾਂ ਚੋਂ ਹਰ ਤਰ੍ਹਾਂ ਦੇ ਧਾਰਮਿਕ ਚਿਨ੍ਹ ਹਟਾ ਦਿੱਤੇ। ਧਰਮ ਦਾ ਸਵਾਲ ਬੇਹੱਦ ਵਿਗਿਆਨਕ ਢੰਗ ਨਾਲ ਹੱਲ ਕਰਦੇ ਹੋਏ ਰਾਜ ਤੇ ਸਿੱਖਿਆ ਨੂੰ ਧਰਮ ਨਿਰਪੱਖ ਸਰੂਪ ਪ੍ਰਦਾਨ ਕੀਤਾ।ਪੈਰਿਸ ਕਮਿਊਨ ਨੇ ਅੰਨ੍ਹੀ ਕੌਮਪ੍ਰਸਤੀ ਨੂੰ ਖਤਮ ਕਰਨ ਲਈ ਵੀ ਨਵੇਕਲੇ ਕਦਮ ਚੁੱਕੇ। 16 ਮਈ 1871 ਨੂੰ ਵਾਂਦੋਸ ਵਿਜੇ ਮੀਨਾਰ ਢਾਹ ਦਿੱਤੀ ਗਈ, ਜੋ ਅੰਨ੍ਹੀ ਕੌਮਪ੍ਰਸਤੀ ਨੂੰ ਹੱਲਾਸ਼ੇਰੀ ਦਿੰਦੀ ਸੀ ਤੇ ਦੂਜੇ ਦੇਸ਼ਾਂ ਪ੍ਰਤੀ ਵੈਰ ਭਾਵਨਾ ਦੀ ਪ੍ਰਤੀਕ ਸੀ। ਫਰਾਂਸੀਸੀ ਜਰਨੈਲ ਨੇਪੋਲੀਅਨ ਨੇ ਜੰਗਾਂ ਦੌਰਾਨ ਜਿੱਤੀਆਂ ਗਈਆਂ ਤੋਪਾਂ ਢਾਲ ਕੇ ਇਸ ਮੀਨਾਰ ਦੀ ਤਾਮੀਰ ਕੀਤੀ ਸੀ। ਮਜ਼ਦੂਰਾਂ ਨੇ ਇਹ ਮੀਨਾਰ ਢਾਹਕੇ ’ਕੌਮਾਂਤਰੀ ਭਾਈਚਾਰੇ ਤੇ ਸਦਭਾਵਨਾ’ ਦੀ ਸੋਚ ਅੱਗੇ ਵਧਾਉਣ ਦੀ ਮਹੱਤਵਪੂਰਨ ਪਹਿਲ ਕੀਤੀ ਸੀ। ਫਰਾਂਸ ਤੇ ਜਮਰਨ ਦੇ ਮਜ਼ਦੂਰ ਜਦੋਂ ਰਲ ਕੇ ਇਸ ਕਮਿਊਨ ਨੂੰ ਕਾਇਮ ਕਰਨ ਤੇ ਇਸਨੂੰ ਅੱਗੇ ਵਧਾਉਣ ਦੇ ਯਤਨ ਕਰ ਰਹੇ ਸਨ, ਉਦੋਂ ਫਰਾਂਸ ਤੇ ਜਰਮਨੀ ਦੀਆਂ ਹਾਕਮ ਜਮਾਤਾਂ ਆਪਸ ’ਚ ਕੁੱਤੇ-ਬਿੱਲੀਆਂ ਵਾਂਗ ਲੜ ਰਹੀਆਂ ਸਨ।ਪੈਰਿਸ ਕਮਿਊਨ ਨੇ ਮਜ਼ਦੂਰ ਜਮਾਤ ਦੇ ਹਿਤਾਂ ਦੀ ਰੱਖਿਆ ਲਈ ਮਹੱਤਵਪੂਰਨ ਕਦਮ ਚੁੱਕੇ। ਉਨ੍ਹਾਂ ਲੁੱਟ-ਖਸੁੱਟ ਦੇ ਕਈ ਦਿੱਖ-ਅਦਿੱਖ ਢੰਗ-ਤਰੀਕੇ ਖਤਮ ਕਰ ਦਿੱਤੇ। ਬੇਕਰੀਆਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਰਾਤ ਦੀ ਸ਼ਿਫਟ ’ਤੇ ਪਾਬੰਦੀ ਲਗਾ ਦਿੱਤੀ। ਨਾਲ ਹੀ ਲੁੱਟ-ਖਸੁੱਟ ਦਾ ਅੱਡਾ ਬਣੇ ਮਜ਼ਦੂਰ ਭਰਤੀ ਕੇਂਦਰ ਵੀ ਬੰਦ ਕਰ ਦਿੱਤੇ। ਬੰਦ ਕਾਰਖਾਨੇ ਮੁੜ ਖੋਲ੍ਹਣ ਤੇ ਉਨ੍ਹਾਂ ਨੂੰ ਸਰਕਾਰ ਰਾਹੀਂ ਚਲਾਉਣ ਦੀ ਯੋਜਨਾ ਲਾਗੂ ਕੀਤੀ ਗਈ। ਰਾਤ ਦੀ ਸ਼ਿਫਟ ’ਚ ਕੰਮ ਕਰਦੇ ਮਜ਼ਦੂਰਾਂ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਦੀ ਸਿਹਤ ਤਾਂ ਚੌਪਟ ਹੁੰਦੀ ਹੀ ਹੈ ਨਾਲ ਹੀ ਉਨ੍ਹਾਂ ਦੇ ਪਰਿਵਾਰਕ ਜੀਵਨ ’ਚ ਵੀ ਤਣਾਅ ਪੈਦਾ ਹੁੰਦਾ ਹੈ। ਪੈਰਿਸ ਕਮਿਊਨ ਨੇ ਇਸ ਪ੍ਰਤੀ ਵਿਗਿਆਨਕ ਨਜ਼ਰੀਆ ਅਪਣਾਉਂਦੇ ਹੋਏ ਰਾਤ ਦੀ ਸ਼ਿਫਟ ਬੰਦ ਕਰ ਦਿੱਤੀ ਸੀ।ਪੈਰਿਸ ਕਮਿਊਨ ਨੇ ਮੱਧ ਵਰਗ ਤੇ ਕਿਸਾਨਾਂ ਦੇ ਹਿਤਾਂ ਦੇ ਮੱਦੇਨਜ਼ਰ ਵੱਡੇ-ਵੱਡੇ ਧਨਾਢਾਂ ਵੱਲੋਂ ਉਨ੍ਹਾਂ ਦੀਆਂ ਸੰਪਤੀਆਂ ਹੜੱਪਣ ’ਤੇ ਰੋਕ ਲਾਈ ਤੇ ਕਰਜ਼ੇ ਦੇ ਮਕੜਜਾਲ ਤੋਂ ਮੁਕਤੀ ਦੁਆਈ। ਉਨ੍ਹਾਂ ਤੋਂ ਵਸੂਲੇ ਜਾਂਦੇ ਤਰ੍ਹਾਂ-ਤਰ੍ਹਾਂ ਦੇ ਟੈਕਸਾਂ ਦੀ ਪ੍ਰਣਾਲੀ ਖਤਮ ਕੀਤੀ। ਇਹੋ ਨਹੀਂ ਵਕੀਲਾਂ, ਪਾਦਰੀਆਂ, ਸਰਕਾਰੀ ਅਫਸਰਾਂ ਆਦਿ ਦੇ ਲੁੱਟ-ਤੰਤਰ ਦਾ ਵੀ ਫਸਤਾ ਵੱਡਿਆ।ਮਜ਼ਦੂਰ ਜਮਾਤ ਦਾ ਪਹਿਲੇ, ਵਿਲੱਖਣ ਰਾਜ ਕਾਇਮ ਹੋਣ ਵਾਲੇ ਦਿਨ ਤੋਂ ਹੀ ਫਰਾਂਸ ਤੇ ਪਰੂਸ਼ੀਆ ਦੀਆਂ ਪੂੰਜੀਵਾਦੀ ਸਰਕਾਰਾਂ, ਇਸਨੂੰ ਖਤਮ ਕਰਨ ਲਈ ਤਰਲੋ-ਮੱਛੀ ਹੋ ਰਹੀਆਂ ਸਨ। ਆਖਰਕਾਰ 21 ਮਈ ਨੂੰ ਥਿਅੇਰ ਫੌਜਾਂ ਨੇ ਕਮਿਊਨ ’ਤੇ ਹਮਲਾ ਬੋਲ ਦਿੱਤਾ। ਕਮਿਊਨਾਰਡਾਂ ਨੇ ਆਪਣਾ ਕਿਲ੍ਹਾ ਬਚਾਉਣ ਲਈ ਗਹਿਗੱਚ ਲੜਾਈ ਲੜੀ। ਇਸਦੀ ਰਾਖੀ ਲਈ 900 ਬੈਰੀਕੇਡ ਲਾਏ ਗਏ। ਗਲੀ-ਗਲੀ ’ਚ ਜੰਗ ਹੋਈ। ਕਮਿਊਨਾਰਡਾਂ ਨੇ ਆਖਰੀ ਮੋਰਚਾ ‘ਪਿਅਰੇ ਲਾਚਾਇਜ਼’ ਕਬਰਿਸਤਾਨ ’ਚ ਲੜਿਆ, ਜਿੱਥੇ 150 ਕਮਿਊਨਾਰਡ ਸ਼ਹੀਦ ਹੋਏ ਸਨ। ਇਸਨੂੰ ਅੱਜ ਵੀ ‘ਕਮਿਊਨਾਰਡ ਦੀਵਾਰ’ ਵਜੋਂ ਜਾਣਿਆ ਜਾਂਦਾ ਹੈ। ਜੰਗ ’ਚ 20 ਹਜ਼ਾਰ ਕਮਿਊਨਾਰਡ ਸ਼ਹੀਦ ਹੋਏ ਸਨ, 15 ਹਜ਼ਾਰ ਨੂੰ ਫਾਂਸੀ ਦਿੱਤੀ ਗਈ ਸੀ ਤੇ 43 ਹਜ਼ਾਰ ਤੋਂ ਵੱਧ ਜੇਲ੍ਹਾਂ ’ਚ ਸੁੱਟੇ ਗਏ ਸਨ। 10 ਹਜ਼ਾਰ ਨੂੰ ਸਰਕਾਰ ਨੇ ਡਿਪੋਰਟ ਕਰ ਦਿੱਤਾ ਸੀ। ਸਿਰਲੱਥ ਕਮਿਊਨਾਰਡਾਂ ਦੇ ਸਾਰੇ ਯਤਨਾਂ ਦੇ ਬਾਵਜੂਦ 28 ਮਈ ਨੂੰ ਮਜ਼ਦੂਰ ਜਮਾਤ ਦਾ ਇਹ ਪਹਿਲਾ ਰਾਜ ਢਹਿ ਗਿਆ ਸੀ। ਫਰਾਂਸ ਦੇ ਇਤਿਹਾਸ ’ਚ 21 ਤੋਂ 28 ਮਈ 1871 ਦੇ ਹਫਤੇ ਨੂੰ ‘ਖੂਨੀ ਹਫ਼ਤੇ’ ਵਜੋਂ ਜਾਣਿਆ ਜਾਂਦਾ ਹੈ।ਕਾਰਲ ਮਾਰਕਸ, ਪੈਰਿਸ ਕਮਿਊਨ ਦਾ ਲੰਦਨ ’ਚ ਬੈਠੇ ਅਧਿਐਨ ਕਰ ਰਹੇ ਸਨ। ਉਨ੍ਹਾਂ ਇਸ ਨੂੰ ਮਜ਼ਦੂਰਾਂ ਦਾ ਪਹਿਲਾ ਜਮਾਤੀ ਰਾਜ ’ਤੇ ਜਮਹੂਰੀਅਤ ਹੀ ਨਹੀਂ ਸੀ ਗਰਦਾਨਿਆ, ਬਲਕਿ ਇਸਦੇ ਢਹਿਢੇਰੀ ਹੋੋਣ ਦਾ ਵਿਗਿਆਨਕ ਵਿਸ਼ਲੇਸ਼ਣ ਕਰਦਿਆਂ ‘ਫਰਾਂਸ ’ਚ ਖਾਨਾਜੰਗੀ’ ਨਾਂ ਦੀ ਕਿਤਾਬ ਵੀ ਲਿਖੀ। ਉਨ੍ਹਾਂ ਨੇ ਫਰਾਂਸ ਦੇ ਕੇਂਦਰੀ ਬੈਂਕ ’ਤੇ ਕਬਜ਼ਾ ਨਾ ਕਰਨ ਤੇ ਪੂੰਜੀਵਾਦੀ ਰਾਜ ਤੋਂ ਕਮਿਊਨ ਦੀ ਰਾਖੀ ਲਈ ਲੋੋੜੀਂਦੀ ਟਿਕਾਊ ‘ਕੇਂਦਰਿਤ ਡੀਫੈਂਸ ਕਮਾਂਡ’ ਦੀ ਘਾਟ, ਜਿਸ ਲਈ ਕਮਿਊਨਾਰਡਾਂ ਦੀ ਦੁਚਿੱਤੀ ਜ਼ਿੰਮੇਵਾਰ ਸੀ, ਨੂੰ ਇਸਦਾ ਕਾਰਨ ਦੱਸਿਆ ਹੈ।ਪੈਰਿਸ ਕਮਿਊਨ ਨੇ ਨਵੀਆਂ, ਵਿਲੱਖਣ ਪਿਰਤਾਂ ਤੇ ਪੈੜਾਂ ਪਾਈਆਂ, ਜਿਨ੍ਹਾਂ ਨੇ ਭਵਿੱਖ ’ਚ ਵੱਡੀਆਂ ਲੋਕ ਪੱਖੀ ਘਟਨਾਵਾਂ ਨੂੰ ਜਨਮ ਦਿੱਤਾ। ਇਨ੍ਹਾਂ ਚੋਂ ਸਭ ਤੋਂ ਉੱਘੀ ਸੀ ਰੂਸ ’ਚ ਨਵੰਬਰ 1917 ’ਚ ਹੋਈ ਸਮਾਜਵਾਦੀ ਕ੍ਰਾਂਤੀ। ਹਾਲਾਂਕਿ ਇਹ ਕ੍ਰਾਂਤੀ, ਉਥੋਂ ਦੀ ਕਮਿਊਨਿਸਟ ਪਾਰਟੀ ਦੀਆਂ ਵਿਚਾਰਧਾਰਕ ਥਿੜਕਣਾਂ ਤੇ ਆਗੂਆਂ ਦੀ ਬੇਈਮਾਨੀ ਕਰਕੇ 70-75 ਸਾਲਾਂ ਪਿਛੋਂ ਢਹਿਢੇਰੀ ਹੋ ਗਈ ਸੀ। ਦੂਜੀ ਸੰਸਾਰ ਜੰਗ ਤੋਂ ਪਿਛੋਂ ਸਮੁੱਚੇ ਯੂਰਪ ਦੀਆਂ ਪੂੰਜੀਵਾਦੀ ਸਰਕਾਰਾਂ ਵੱਲੋਂ ਅਪਣਾਇਆ ਗਿਆ ‘ਲੋਕ ਕਲਿਆਣ ਦਾ ਮਾਡਲ’ ਜੋ ਸਿਹਤ, ਸਿੱਖਿਆ ਆਦਿ ਦੀਆਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਸੀਮਤ ਹੱਦ ਤੱਕ ਪੂਰਤੀ ਕਰਦਾ ਸੀ, ਪਹਿਲਾਂ ਪੈਰਿਸ ਕਮਿਊਨ ਤੇ ਪਿਛੋਂ ਰੂਸੀ ਬੋਲਸ਼ਵਿਕ ਇਨਕਲਾਬ ਤੋਂ ਪ੍ਰੇਰਿਤ ਸੀ। ਕਮਿਊਨਿਸਟਾਂ ਤੇ ਲੋਕ ਪੱਖੀ ਖੱਬੀਆਂ ਧਿਰਾਂ ਦਾ ਕਾਫਲਾ ਹਾਰਾਂ-ਜਿੱਤਾਂ ਦਾ ਸਾਹਮਣਾ ਕਰਦਾ ਹੋਇਆ ਦੁਨੀਆ ਭਰ ’ਚ ਅੱਜ ਵੀ ਅੱਗੇ ਵੱਧਦਾ ਜਾ ਰਿਹਾ ਹੈ। ‘ਕਮਿਊਨਿਸਟ ਪਾਰਟੀ ਆਫ ਚਾਇਨਾ’ ਦੀ ਅਗਵਾਈ ’ਚ ‘ਲੋਕ ਚੀਨ’ ਦਾ ਸੰਸਾਰ ਦੀ ਦੂਜੀ ਵੱਡੀ ਸ਼ਕਤੀ ਹੋਣ ਦਾ ਦਾਅਵੇਦਾਰ ਬਣ ਜਾਣਾ ਕੋਈ ਛੋਟੀ ਗੱਲ ਨਹੀਂ। ਆਪਣੇ ਦੇਸ਼ ਦੇ ਅਰਬਾਂ ਲੋਕਾਂ ਦਾ ਜਿਉਣ ਪੱਧਰ ਉੱਚਾ ਚੁੱਕਣ ਤੇ ਦੇਸ਼ ਦੇ ਵਿਕਾਸ ਨੂੰ ਨਵੇਂ ਦਿਸਹੱਦਿਆਂ ਤੱਕ ਲੈ ਜਾਣ ਦੇ ਕਾਰਨਾਮੇ ਪਿੱਛੇ ਵੀ ਪੈਰਿਸ ਕਮਿਊਨ ਤੇ ਉਸਦੀ ਰਾਖੀ ਲਈ ਸਿਰ-ਧੜ ਦੀ ਬਾਜੀ ਲਾ ਕੇ ਜੂਝੇ ਹਜ਼ਾਰਾਂ ਸ਼ਹੀਦਾਂ ਦੀਆਂ ਕੁਰਬਾਨੀਆਂ ’ਚੋਂ ਉਪਜੀ ਪ੍ਰੇਰਣਾ ਕੰਮ ਕਰ ਰਹੀ ਹੈ।ਪਹਿਲੀ ਮਈ ਨੂੰ ਜਦੋਂ ਅਸੀਂ ਸ਼ਿਕਾਗੋ ਵਿਖੇ 8 ਘੰਟੇ ਦੀ ਕੰਮ ਦਿਹਾੜੀ ਲਾਗੂ ਕਰਾਉਣ ਲਈ ਲੜੇ ਗਏ ਜਾਨ ਹੂਲਵੇਂ ਘੋਲ ਦੇ ਸ਼ਹੀਦਾਂ ਨੂੰ ਸੂਹਾ ਸਲਾਮ ਭੇਂਟ ਕਰਦੇ ਹਾਂ, ਉਥੇ ਨਾਲ ਹੀ ਪੈਰਿਸ ਕਮਿਊਨ ਦੇ ਹਜ਼ਾਰਾਂ ਸ਼ਹੀਦ ਕਮਿਊਨਾਰਡਾਂ ਦੀ ਯਾਦ ’ਚ ਵੀ ਆਪਣਾ ਸਿਰ ਝੁਕਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ।ਪੈਰਿਸ ਕਮਿਊਨ ਅਮਰ ਰਹੇ!