Now Reading
ਚੀਨ ਦੀ ਸਿੱਖਿਆ ਪ੍ਰਣਾਲੀ : ਇੱਕ ਝਾਤ

ਚੀਨ ਦੀ ਸਿੱਖਿਆ ਪ੍ਰਣਾਲੀ : ਇੱਕ ਝਾਤ

ਸਿੱਖਿਆ ਦਾ ਢਾਂਚਾ, ਵਿਧੀ ਤੇ ਸਿੱਖਿਆ ਉੱਤੇ ਖ਼ਰਚਾ ਕਿਸੇ ਦੇਸ਼ ਲਈ ਇਹ ਤਿੰਨ ਮੱਦਾਂ ਉੱਥੇ ਵੱਸਦੇ ਲੋਕਾਂ ਲਈ ਜ਼ਰੂਰੀ ਹੀ ਨਹੀਂ ਹਨ ਸਗੋਂ ਉਸ ਦੇਸ਼ ਦਾ ਭਵਿੱਖ ਤੇ ਲੋਕਾਂ ਦਾ ਭਵਿੱਖ ਵੀ ਤੈਅ ਕਰਦੇ ਹਨ। 21ਵੀਂ ਸਦੀ ਨੂੰ ਗਿਆਨ/ਬੋਧ ਦੀ ਸਦੀ ਵੀ ਕਿਹਾ ਜਾਂਦਾ ਹੈ। ਇਸ ਲਈ ਦੁਨੀਆ ਅੰਦਰ ਕਿਸੇ ਦੇਸ਼ ਦੀ ਅਹਿਮੀਅਤ ਤੇ ਰੋਲ ਵਿੱਚ 21ਵੀਂ ਸਦੀ ਵਿੱਚ ਸਿੱਖਿਆ ਅਹਿਮ ਕਾਰਕਾਂ ਵਿੱਚੋਂ ਇੱਕ ਅਹਿਮ ਕਾਰਕ ਹੈ ਤੇ ਹੋਵੇਗਾ। ਇਸ ਵਿੱਚ ਅਸੀਂ ਚੀਨ ਦੇ ਸਿੱਖਿਆ ਢਾਂਚੇ ਅਤੇ ਪ੍ਰਣਾਲੀ ’ਤੇ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ । ਚੀਨ ਦਾ ਸਿੱਖਿਆ ਖੇਤਰ ਸੰਸਾਰ ਵਿੱਚ ਸਭ ਤੋਂ ਵੱਡਾ ਹੈ।

ਸਕੂਲੀ ਸਿੱਖਿਆ ਢਾਂਚਾ ਤੇ ਸਿਸਟਮ

ਚੀਨ ਦੇ ਸਿੱਖਿਆ ਤੰਤਰ ਨੂੰ ਦੋ ਭਾਗਾਂ ਵਿੱਚ ਸਮਝਿਆ ਜਾ ਸਕਦਾ ਹੈ : ਇੱਕ ਹੈ ਸਕੂਲੀ ਸਿੱਖਿਆ ਤੇ ਦੂਜਾ ਹੈ ਉੱਚ ਸਿੱਖਿਆ ਭਾਵ ਕਾਲਜਾਂ ਦੇ ਯੂਨੀਵਰਸਿਟੀਆਂ ਦੀ ਸਿੱਖਿਆ। ਸਕੂਲੀ ਸਿੱਖਿਆ ਪੂਰਨ ਰੂਪ ਵਿੱਚ ਸਰਕਾਰੀ ਹੈ ਤੇ ਕੇਂਦਰੀ ਤੇ ਸੂਬਿਆਂ ਦੀ ਸਰਕਾਰ ਵੱਲੋਂ ਸੰਚਾਲਿਤ ਤੇ ਨਿਰੰਤ੍ਰਿਤ ਹੈ । ਸਾਰੇ ਸਕੂਲ ਸਰਕਾਰੀ ਹਨ ਤੇ 9 ਸਾਲ ਦੀ ਸਕੂਲੀ ਸਿੱਖਿਆ ਲਾਜ਼ਮੀ ਅਤੇ ਮੁਫ਼ਤ ਹੈ, ਭਾਵ ਹਰੇਕ ਬੱਚੇ ਨੂੰ 9 ਸਾਲ ਸਕੂਲੀ ਪੜ੍ਹਾਈ ਲਾਜ਼ਮੀ ਹੋਣ ਕਰਕੇ ਕਰਨੀ ਹੀ ਪੈਂਦੀ ਹੈ ਅਤੇ ਮੁਫ਼ਤ ਕਰਵਾਈ ਜਾਂਦੀ ਹੈ। 9 ਸਾਲ ਲਾਜ਼ਮੀ ਤੇ ਮੁਫ਼ਤ ਪੜ੍ਹਾਈ ਤੋਂ ਪਹਿਲਾਂ ਪ੍ਰੀ-ਸਕੂਲ ਵੀ 3 ਤੋਂ 6 ਸਾਲਾਂ ਦੀ ਉਮਰ ਦੇ ਬੱਚਿਆਂ ਲਈ ਹੈ ਜੋ ਇੱਛਕ ਤੌਰ ’ਤੇ ਹੈ ਪਰ ਇਹ ਵੱਡੇ ਪੱਧਰ ’ਤੇ ਲੋਕਾਂ ਵੱਲੋਂ ਲਈ ਜਾਂਦੀ ਹੈ। 6 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਨੂੰ ਪ੍ਰਾਇਮਰੀ ਦੀ ਪੜ੍ਹਾਈ 6 ਸਾਲ ਲਈ ਲਾਜ਼ਮੀ ਤੇ ਮੁਫ਼ਤ ਕਰਾਈ ਜਾਂਦੀ ਹੈ। ਇਸ ਤੋਂ ਬਾਅਦ ਜੂਨੀਅਰ ਸੈਕੰਡਰੀ ਭਾਵ ਮਿਡਲ ਸਕੂਲ ਦੀ ਲਾਜ਼ਮੀ ਤੇ ਮੁਫ਼ਤ ਪੜ੍ਹਾਈ 12 ਤੋਂ 15 ਸਾਲ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਇਸ ਦਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਅਧੀਨ ਹੈ। ਪ੍ਰਾਇਮਰੀ ਸਕੂਲ ਵਿੱਚ ਚੀਨੀ ਭਾਸ਼ਾ, ਹਿਸਾਬ ਤੇ ਅੰਗਰੇਜ਼ੀ ਭਾਸ਼ਾ ਕੋਰ ਵਿਸ਼ੇ ਵਜੋਂ ਪੜ੍ਹਾਏ ਜਾਂਦੇ ਹਨ ਪਰ ਅੰਗਰੇਜ਼ੀ ਆਮ ਤੌਰ ’ਤੇ ਤੀਜੇ ਗ੍ਰੇਡ ਭਾਵ ਤੀਜੀ ਜਮਾਤ ਤੋਂ ਸ਼ੁਰੂ ਕੀਤੀ ਜਾਂਦੀ ਹੈ। ਬਾਕੀ ਵਿਸ਼ੇ ਜਿਵੇਂ ਕਿ ਸਾਇੰਸ, ਇਤਿਹਾਸ, ਸਾਹਿਤ ਆਦਿ ਵੀ ਵੱਖਰੀਆਂ ਵੱਖਰੀਆਂ ਜਮਾਤਾਂ ਤੋਂ ਸ਼ੁਰੂ ਕੀਤੇ ਜਾਂਦੇ ਹਨ। ਜਮਾਤਾਂ ਦਾ ਪੱਧਰ ਵੱਧਣ ਨਾਲ ਵਿਸ਼ਿਆਂ ਦੀ ਪੜ੍ਹਾਈ ਦਾ ਪੱਧਰ ਵੀ ਵੱਧਦਾ ਜਾਂਦਾ ਹੈ। ਪ੍ਰਤੱਖ ਹੈ ਕਿ ਇਸ ਪੱਧਰ ’ਤੇ ਕਰਵਾਈ ਜਾਂਦੀ ਪੜ੍ਹਾਈ ਹਰੇਕ ਬੱਚੇ ਨੂੰ ਸਕੂਲੀ ਸਿੱਖਿਆ ਲਾਜ਼ਮੀ ਹੋਣ ਕਰਕੇ ਪ੍ਰਾਪਤ ਹੁੰਦੀ ਹੀ ਹੈ।

 ਜੂਨੀਅਰ ਸੈਕੰਡਰੀ ਤੋਂ ਬਾਅਦ ਸੀਨੀਅਰ ਸੈਕੰਡਰੀ ਭਾਵ ਹਾਈ ਸਕੂਲ ਦੀ ਪੜ੍ਹਾਈ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਜੋ ਲਾਜ਼ਮੀ ਨਹੀਂ ਹੈ ਪਰ ਵੱਡੀ ਪੱਧਰ ’ਤੇ ਆਪਣਾ ਭਵਿੱਖ ਬਣਾਉਣ ਲਈ ਬੱਚੇ ਇਹ ਪੜ੍ਹਾਈ ਕਰਦੇ ਹਨ। ਇਸਦਾ ਪ੍ਰਬੰਧ ਕੇਂਦਰ ਦੇ ਸਿੱਖਿਆ ਮੰਤਰਾਲੇ ਅਧੀਨ ਆਉਂਦਾ ਹੈ ਪਰ ਇਹ ਕਾਲਜਾਂ ਤੇ ਯੂਨੀਵਰਸਿਟੀਆਂ ਨਾਲ ਤਾਲਮੇਲ ਅਧੀਨ ਹੀ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਸੂਬਾ ਸਰਕਾਰਾਂ ਦਾ ਵੀ ਯੋਗਦਾਨ ਹੈ। ਸੀਨੀਅਰ ਸੈਕੰਡਰੀ ਵਿਦਿਆ ਵਿੱਚ ਅਕਾਦਮਿਕ ਤੇ ਕਿੱਤਾ ਮੁਖੀ ਭਾਵ ਵੋਕੇਸਨਲ ਅਲੱਗ ਅਲੱਗ ਹੁੰਦੇ ਹਨ। ਇਹਨਾਂ ਵਿਸ਼ਿਆਂ ਲਈ ਵਿਦਿਆਰਥੀਆਂ ਦੀ ਚੋਣ ਝੌਂਗਕਾਓ (Zhongkao) ਟੈਸਟ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਹਾਈ ਸਕੂਲ ਲਈ ਇਹ ਦਾਖਲਾ ਟੈਸਟ ਜ਼ਰੂਰੀ ਹੈ ਜੋ ਜੂਨੀਅਰ ਸੈਕੰਡਰੀ ਸਕੂਲ ਦੇ ਹਰੇਕ ਵਿਦਿਆਰਥੀ ਨੂੰ ਆਖਰੀ ਸਾਲ ਵਿੱਚ ਦੇਣਾ ਲਾਜ਼ਮੀ ਹੈ ਤੇ ਇਸੇ ਆਧਾਰ ’ਤੇ ਫੈਸਲਾ ਹੁੰਦਾ ਹੈ ਕਿ ਉਸਦਾ ਦਾਖ਼ਲਾ ਸੀਨੀਅਰ ਸੈਕੰਡਰੀ ਸਕੂਲ ਦੇ ਅਕਾਦਮਿਕ ਜਾਂ ਕਿੱਤਾ ਮੁਖੀ ਧਾਰਾ ਵਿੱਚ ਹੋਵੇਗਾ। ਇਹ ਦਾਖ਼ਲਾ ਟੈਸਟ ਵਿਦਿਆਰਥੀ ਦੀ ਭਵਿੱਖੀ ਪੜ੍ਹਾਈ ਦੀ ਯਾਤਰਾ ਤੈਅ ਕਰ ਦਿੰਦਾ ਹੈ । ਸੋ ਹਾਈ ਸਕੂਲ ਭਾਵ ਸੀਨੀਅਰ ਸੈਕੰਡਰੀ ਦੀ ਪੜਾਈ ਦਾ ਫੈਸਲਾ ਝੌਂਗਕਾਓ ਟੈਸਟ ਦੇ ਆਧਾਰ ਤੇ ਹੈ। ਸੀਨੀਅਰ ਸੈਕੰਡਰੀ ਦੀ ਪੜ੍ਹਾਈ ਲਈ ਟਿਊਸ਼ਨ ਫੀਸ ਲੱਗਦੀ ਹੈ ਪਰ ਕਾਫੀ ਘੱਟ। ਆਮ ਤੌਰ ’ਤੇ ਇਸ ਪੜ੍ਹਾਈ ਦਾ ਖਰਚਾ ਕਰੀਬ 100 ਅਮਰੀਕੀ ਡਾਲਰ ਪ੍ਰਤੀ ਸਾਲ ਹੁੰਦਾ ਹੈ ।

 ਇਸ ਤੋਂ ਬਾਅਦ ਸੀਨੀਅਰ ਸੈਕੰਡਰੀ ਦੇ ਆਖਰੀ ਸਾਲ ਵਿੱਚ ਵਿਦਿਆਰਥੀਆਂ ਨੂੰ ਗਾਓਂਕਾਓ (7aokao) ਟੈਸਟ ਦੇਣਾ ਪੈਂਦਾ ਹੈ ਜੋ ਕਿ 1978 ਵਿੱਚ ਸ਼ੁਰੂ ਹੋਇਆ । ਇਸ ਵਿੱਚ ਗਣਿਤ, ਚੀਨੀ ਭਾਸ਼ਾ, ਵਿਦੇਸ਼ੀ ਭਾਸ਼ਾ (ਆਮ ਤੌਰ ’ਤੇ ਅੰਗਰੇਜ਼ੀ ਹੁੰਦੀ ਹੈ) ਦੇ ਨਾਲ-ਨਾਲ ਆਪਣੀ ਚੋਣ ਮੁਤਾਬਿਕ ਸਾਇੰਸ ਜਾਂ ਸਮਾਜਿਕ ਸਾਇੰਸ ਦੇ ਪੇਪਰ ਹੁੰਦੇ ਹਨ। ਇਹ ਦੁਨੀਆਂ ਦੇ ਸਭ ਤੋਂ ਮੁਸ਼ਕਲ ਟੈਸਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ । ਇਸ ਨੂੰ ਰਾਸ਼ਟਰੀ ਪੱਧਰ ਦੀ ਕਾਲਜ ਦਾਖਲਾ ਪ੍ਰੀਖਿਆ ਵੀ ਕਹਿੰਦੇ ਹਨ। ਇਸ ਪ੍ਰੀਖਿਆ ਵਿੱਚ ਲਗਭਗ 1 ਕਰੋੜ 30 ਲੱਖ ਤੋਂ ਜਿਆਦਾ ਵਿਦਿਆਰਥੀ 2025 ਵਿੱਚ ਬੈਠੇ ਸਨ। ਇਹ ਟੈਸਟ ਦੋ ਤੋਂ ਚਾਰ ਦਿਨਾਂ ਦਾ ਹੁੰਦਾ ਹੈ ਤੇ ਜੂਨ ਮਹੀਨੇ ਵਿੱਚ ਹੁੰਦਾ ਹੈ। ਇਸ ਟੈਸਟ ਦੇ ਦਿਨਾਂ ਵਿੱਚ ਨਿਰਮਾਣ, ਟਰੈਫਿਕ ਤੇ ਹੋਰ ਰੌਲ਼ਾ ਪਾਉਣ ਵਾਲੇ ਕੰਮਾਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਜਾਂਦਾ ਹੈ ਜਾਂ ਬਹੁਤ ਹੀ ਘੱਟ ਕਰ ਦਿੱਤਾ ਜਾਂਦਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਤਕਲੀਫ਼ ਜਾਂ ਬੇਚੈਨੀ ਨਾ ਹੋਵੇ । ਇਸ ਟੈਸਟ ਲਈ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਦਿਸ਼ਾ ਨਿਰਦੇਸ਼ ਤੇ ਗਾਈਡਲਾਈਨ ਤਹਿ ਕੀਤੀਆਂ ਜਾਂਦੀਆਂ ਹਨ ਪਰ ਇਸ ਟੈਸਟ ਦਾ ਪ੍ਰਬੰਧ ਸੂਬਿਆਂ ਵੱਲੋਂ ਕੀਤਾ ਜਾਂਦਾ ਹੈ ਤੇ ਇਸ ਵਿੱਚ ਸੂਬਿਆਂ ਅਨੁਸਾਰ ਅੰਤਰ ਵੀ ਹੋ ਸਕਦਾ ਹੈ। ਟੈਸਟ ਦੀਆਂ ਤਾਰੀਖਾਂ ਸਾਰੇ ਚੀਨ ਵਿੱਚ ਇੱਕੋ ਹੀ ਹੁੰਦੀਆਂ ਹਨ। ਇਸ ਟੈਸਟ ਦੀ ਸੁਰੱਖਿਆ ਤੇ ਗੁਪਤ ਰੱਖਣ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ।ਇਸ ਦੇ ਪ੍ਰਸ਼ਨ ਪੱਤਰ ਕੇਂਦਰੀ ਥਾਵਾਂ ਤੋਂ ਪੁਲਿਸ ਦੀ ਦੇਖਰੇਖ ਵਿੱਚ ਜੀਪੀਐਸ (7PS) ਲੱਗੀਆਂ ਗੱਡੀਆਂ ਵਿੱਚ ਲੈ ਕੇ ਜਾਏ ਜਾਂਦੇ ਹਨ ਤੇ ਇਸ ਦੀ ਸਾਰੀ ਪ੍ਰਕਿਰਿਆ ਬਹੁਤ ਸਖਤ ਇੰਤਜਾਮਾਂ ਅਧੀਨ ਪੂਰੀ ਕੀਤੀ ਜਾਂਦੀ ਹੈ । ਇਸ ਟੈਸਟ ਦੇ ਸਕੋਰ ਦੇ ਆਧਾਰ ਤੇ ਹੀ ਵਿਦਿਆਰਥੀਆਂ ਨੂੰ ਆਪਣੀ ਪਸੰਦ ਦੀ ਯੂਨੀਵਰਸਿਟੀ ਵਿੱਚ ਜਾਣ ਦਾ ਮੌਕਾ ਮਿਲਦਾ ਹੈ । ਇੱਥੇ ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਚੀਨ ਵਿੱਚ ਬਹੁਤ ਸਾਰੀਆਂ ਘੱਟ ਗਿਣਤੀਆਂ ਹਨ ਤੇ ਉਹਨਾਂ ਦੀ ਤਰੱਕੀ ਦਾ ਮੁੱਦਾ ਵੀ ਇੱਕ ਅਹਿਮ ਮਸਲਾ ਹੈ। ਇਸ ਲਈ ਘੱਟ ਗਿਣਤੀਆਂ ਲਈ ਇਸ ਦਾ ਸਕੋਰ ਘੱਟ ਰੱਖਿਆ ਜਾਂਦਾ ਹੈ ਤਾਂ ਕਿ ਉਸ ਨਾਲ ਸਬੰਧਤ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰ ਸਕਣ। ਅਸੀਂ ਵੇਖ ਸਕਦੇ ਹਾਂ ਕਿ ਚੀਨ ਨੇ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਕੇ ਤੇ ਇਸ ਦਾ ਪਸਾਰ ਕਰਕੇ ਚੀਨ ਦੇ ਲੋਕਾਂ ਨੂੰ ਵੱਡੀ ਪੱਧਰ ਤੇ ਉੱਚ ਸਿੱਖਿਆ ਪ੍ਰਾਪਤ ਕਰਵਾਈ ਹੈ। 1949 ਵਿੱਚ ਸਿਰਫ 0.26 ਪ੍ਰਤੀਸ਼ਤ ਸਕੂਲੀ ਵਿਦਿਆਰਥੀ ਹੀ ਉੱਚ ਸਿੱਖਿਆ ਪ੍ਰਾਪਤ ਕਰਦੇ ਸਨ ਤੇ ਇਹ ਅਨੁਪਾਤ 1977 ਵਿੱਚ ਵੱਧ ਕੇ 4 ਪ੍ਰਤੀਸ਼ਤ ਹੋਇਆ ਸੀ । ਹੁਣ ਸਕੂਲੀ ਵਿਦਿਆਰਥੀਆਂ ਵਿੱਚੋਂ 65% ਤੋਂ ਵੱਧ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਦੇ ਹਨ ਭਾਵ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਲਈ ਜਾਂਦੇ ਹਨ। ਅਨੁਪਾਤ ਵਿੱਚ 2012 ਤੋਂ ਭਾਰੀ ਵਾਧਾ ਹੋਇਆ ਹੈ, 2012 ਵਿੱਚ ਇਹ ਪ੍ਰਤੀਸ਼ਤਾ 30 ਸੀ ।

 ਇਸ ਦੇ ਨਾਲ ਹੀ ਸਕੂਲੀ ਸਿੱਖਿਆ ਸਮੇਂ ਜਿਹੜੇ ਵਿਦਿਆਰਥੀ ਕਿੱਤਾ ਮੁਖੀ ਕੋਰਸ ਵਿੱਚ ਦਾਖਲ ਹੁੰਦੇ ਹਨ ਉਹ ਵੀ ਟੈਕਨੀਕਲ ਟਰੇਨਿੰਗ ਤੇ ਨੌਕਰੀ ਲਈ ਉੱਚ ਸਿੱਖਿਆ ਸੰਸਥਾਵਾਂ ਤੋਂ ਅੱਗੇ ਦੀ ਪੜ੍ਹਾਈ ਕਰਦੇ ਹਨ ਅਤੇ ਵੱਡੀ ਗਿਣਤੀ ਵਿੱਚ ਇਹਨਾਂ ਵਿੱਚੋਂ ਵਿਦਿਆਰਥੀ ਆਪਣੇ ਕੀਤੇ ਵੀ ਸਥਾਪਤ ਕਰਦੇ ਹਨ।

ਕਾਲਜ ਤੇ ਯੂਨੀਵਰਸਿਟੀਆਂ ਦੀ ਪੜ੍ਹਾਈ

ਸਕੂਲੀ ਸਿੱਖਿਆ ਤੋਂ ਬਾਅਦ ਕਾਲਜ ਤੇ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਵਾਸਤੇ ਪੜ੍ਹਾਈ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਜਿਵੇਂ ਪਿੱਛੇ ਦੱਸਿਆ ਗਿਆ ਹੈ ਕਿ ਕਾਲਜ ਤੇ ਯੂਨੀਵਰਸਿਟੀ ਦਾਖਲਾ ਗਾਓਕਾਓ ਟੈਸਟ ਦੇ ਆਧਾਰ ’ਤੇ ਹੁੰਦਾ ਹੈ ਤੇ ਚੀਨ ਵਿੱਚ ਬੈਚਲਰ ਪੱਧਰ ਦੀ ਡਿਗਰੀ ਆਮ ਤੌਰ ’ਤੇ ਚਾਰ ਸਾਲਾਂ ਦੀ ਹੈ ਤੇ ਮਾਸਟਰ ਡਿਗਰੀ ਦੋ ਤੋਂ ਤਿੰਨ ਸਾਲ ਦੀ ਹੈ ਅਤੇ ਡਾਕਟਰੇਟ ਦੀ ਡਿਗਰੀ ਲਈ ਤਿੰਨ ਤੋਂ ਚਾਰ ਸਾਲ ਲੱਗਦੇ ਹਨ ਜੋ ਪੰਜ ਸਾਲ ਤੱਕ ਵੱਧ ਸਕਦੇ ਹਨ। ਜਿੱਥੇ ਸਕੂਲੀ ਪੜ੍ਹਾਈ ਸਾਰੀ ਸਰਕਾਰੀ ਹੈ ਉੱਥੇ ਹੀ ਸਰਕਾਰੀ ਕਾਲਜ ਤੇ ਸਰਕਾਰੀ ਯੂਨੀਵਰਸਿਟੀਆਂ ਵੱਡੇ ਪੱਧਰ ’ਤੇ ਚੀਨੀ ਉੱਚ ਸਿੱਖਿਆ ਪ੍ਰਦਾਨ ਕਰਦੀਆਂ ਹਨ। ਨਿੱਜੀ ਯੂਨੀਵਰਸਿਟੀਆਂ ਬਹੁਤ ਥੋੜ੍ਹੀਆਂ ਹਨ ਤੇ ਵਿਦਿਆਰਥੀਆਂ ਦੀ ਆਖ਼ਰੀ ਚੋਣ ਹੀ ਹੁੰਦੀਆਂ ਹਨ । ਮੈਨੂੰ ਸੱਤ ਵਾਰ ਚੀਨ ਜਾਣ ਦਾ ਮੌਕਾ ਮਿਲਿਆ ਹੈ ਤੇ 15-16 ਯੂਨੀਵਰਸਿਟੀਆਂ ਵਿੱਚ ਭਾਸ਼ਣ ਦੇ ਅਧਿਆਪਕਾਂ-ਵਿਦਿਆਰਥੀਆਂ ਨਾਲ ਵਿਚਾਰ ਚਰਚਾ ਕਰਨ ਦਾ ਮੌਕਾ ਵੀ ਮਿਲਿਆ ਹੈ । ਚੀਨ ਦੀ ਸਰਕਾਰ ਸੰਸਾਰ ਪੱਧਰ ਦੀ ਯੂਨੀਵਰਸਿਟੀਆਂ ਦੀ ਰੈਂਕਿੰਗ ਨੂੰ ਕੋਈ ਮਹੱਤਵ ਨਹੀਂ ਦਿੰਦੀ ਪਰ ਫਿਰ ਵੀ ਸੰਸਾਰ ਪੱਧਰ ਦੀ ਸੰਸਾਰ ਯੂਨੀਵਰਸਿਟੀਆਂ ਦੀ ਅਕਾਦਮਿਕ ਰੈਂਕਿੰਗ (1PW”) ਵਿੱਚ 1000 ਯੂਨੀਵਰਸਿਟੀਆਂ ਵਿੱਚੋਂ 244 ਯੂਨੀਵਰਸਿਟੀਆਂ ਚੀਨ ਦੀਆਂ ਹਨ ਤੇ ਉੱਪਰਲੀਆਂ 100 ਵਿੱਚੋਂ 13 ਚੀਨੀ ਯੂਨੀਵਰਸਿਟੀਆਂ ਹਨ ਤੇ ਇਹ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਹਨ। ਮੈਨੂੰ ਇਹਨਾਂ ਵਿੱਚੋਂ ਕਈ ਯੂਨੀਵਰਸਿਟੀਆਂ ਜਿਵੇਂ ਪੀਕਿੰਗ (Peking) ਯੂਨੀਵਰਸਿਟੀ, ਬੀਜਿੰਗ, ਚਿੰਗਊਆ (Tsinghua) ਯੂਨੀਵਰਸਿਟੀ ਬੀਜਿੰਗ, ਟੌਂਗਜੀ (Tongji) ਯੂਨੀਵਰਸਿਟੀ, ਸ਼ੰਘਾਈ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਹੁਣੇ ਦਸੰਬਰ 2025 ਵਿੱਚ ਸ਼ੰਘਾਈ ਯੂਨੀਵਰਸਿਟੀ ਆਫ ਫਾਈਨੈਂਸ ਐਂਡ ਇਕਨੋਮਿਕਸ, ਸ਼ੰਘਾਈ, ਸਿਚੁਵਾਨ ਯੂਨੀਵਰਸਿਟੀ, ਸਿਚੁਵਾਨ ਤੇ ਯੂਨਾਨ ਯੂਨੀਵਰਸਿਟੀ, ਕੁਨਮਿੰਗ ਜਾਣ ਦਾ ਮੌਕਾ ਪ੍ਰਾਪਤ ਹੋਇਆ। ਸਿਚੁਵਾਨ ਯੂਨੀਵਰਸਿਟੀ ਵਿੱਚ 75000 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ਤੇ 7500 ਦੇ ਕਰੀਬ ਅਧਿਆਪਕ ਹਨ। ਇਹ ਜਾਣਕਾਰੀ ਸਿਚੁਵਾਨ ਯੂਨੀਵਰਸਿਟੀ ਦੇ ਡੀਨ, ਸਕੂਲ ਆਫ ਇੰਟਰਨੈਸ਼ਨਲ ਸਟਡੀਜ਼ ਪ੍ਰੋਫੈਸਰ ਡਿੰਗ ਯੋਂਗਜੀ ਨੇ ਦਿੱਤੀ। ਪ੍ਰੋਫੈਸਰ ਡਿੰਗ ਯੋਂਗਜੀ ਦੇ ਦੱਸਣ ਅਨੁਸਾਰ ਇਸ ਯੂਨੀਵਰਸਿਟੀ ਦੀ ਸਲਾਨਾ ਗਰਾਂਟ 2025-26 ਵਿੱਚ 2000 ਕਰੋੜ ਯੂਆਨ (Yuan) ਹੈ । 2025 ਵਿੱਚ ਇਕ ਯੂਆਨ 12 ਰੁਪਏ 63 ਪੈਸੇ ਦੇ ਬਰਾਬਰ ਹੈ ਸੋ ਭਾਵ ਮਹਿਜ਼ ਇੱਕ ਸਿਚੁਵਾਨ ਯੂਨੀਵਰਸਿਟੀ ਦੀ ਗਰਾਂਟ 25260 ਕਰੋੜ ਰੁਪਏ ਦੇ ਕਰੀਬ ਹੈ। ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਚੀਨ ਦੀ ਕੇਂਦਰੀ ਸਰਕਾਰ ਤੇ ਸੂਬਾ ਸਰਕਾਰਾਂ ਉਚੇਰੀ ਸਿੱਖਿਆ ਨੂੰ ਕਿੰਨਾ ਮਹੱਤਵ ਦਿੰਦੀਆਂ ਹਨ ਤੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਵਿੱਚੋਂ ਸਿਰਫ ਪੰਜ ਤੋਂ ਛੇ ਪ੍ਰਤੀਸ਼ਤ ਹੀ ਪੜ੍ਹਾਈ ਵਿਚਕਾਰ ਛੱਡਦੇ ਹਨ ਭਾਵ ਡਰਾਪ ਆਫ ਰੇਟ ਬਹੁਤ ਹੀ ਘੱਟ ਹੈ। ਚੀਨੀ ਕੇਂਦਰੀ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੀ ਪ੍ਰਦਾਨ ਕੀਤੇ ਜਾਂਦੇ ਹਨ ਜਿਵੇਂ ਕਿ ਆਮ ਤੌਰ ’ਤੇ ਪੀਐਚ. ਡੀ. ਵਿਦਿਆਰਥੀਆਂ ਨੂੰ 3 ਹਜ਼ਾਰ ਯੂਆਨ ਪ੍ਰਤੀ ਮਹੀਨਾ, ਮਾਸਟਰ ਡਿਗਰੀ ਲਈ 3000 ਪ੍ਰਤੀ ਮਹੀਨਾ ਤੇ ਬੈਚਲਰ ਡਿਗਰੀ 2500 ਯੂਆਨ ਪ੍ਰਤੀ ਮਹੀਨਾ। ਇਹ ਸਕਾਲਰਸ਼ਿਪ ਚੁਣਵੇਂ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ ਪਰ ਫਿਰ ਵੀ ਕਾਫੀ ਗਿਣਤੀ ਵਿੱਚ ਦਿੱਤੇ ਜਾਂਦੇ ਹਨ। ਜਿਵੇਂ ਕਿ 2025 ਵਿੱਚ 1 ਲੱਖ 20 ਹਜ਼ਾਰ ਖੋਜਾਰਥੀਆਂ ਨੂੰ 830 ਕਰੋੜ ਯੂਆਨ ਭਾਵ 10482 ਕਰੋੜ ਰੁਪਏ ਦੇ ਸਕਾਲਰਸ਼ਿਪ ਸਿਰਫ ਪੋਸਟ-ਡਾਕਟਰਲ ਸਾਇੰਸ ਫਾਊਂਡੇਸ਼ਨ ਵੱਲੋਂ ਦਿੱਤੇ ਗਏ।

 ਜਿੱਥੋਂ ਤੱਕ ਫੀਸਾਂ ਦਾ ਸਬੰਧ ਹੈ ਯੂਨੀਵਰਸਿਟੀਆਂ ਦੀ ਫੀਸ 2500 ਡਾਲਰ ਤੋਂ ਲੈ ਕੇ 10 ਹਜ਼ਾਰ ਡਾਲਰ ਪ੍ਰਤੀ ਸਾਲ ਹੈ। ਸੰਸਾਰ ਪੱਧਰ ਦੀਆਂ ਮੰਨੀਆ-ਪ੍ਰਮੰਨੀਆ ਯੂਨੀਵਰਸਿਟੀਆਂ ਚਿੰਗਊਆ ਯੂਨੀਵਰਸਿਟੀ ਤੇ ਪੀਕਿੰਗ ਯੂਨੀਵਰਸਿਟੀ ਦੀਆਂ ਫੀਸਾਂ ਤੇ ਹੋਰ ਖਰਚੇ 4000 ਡਾਲਰ ਤੋਂ 7 ਹਜ਼ਾਰ ਡਾਲਰ ਪ੍ਰਤੀ ਸਾਲ ਹਨ।

ਸਿੱਖਿਆ ਲਈ ਸਰਕਾਰੀ ਵਿੱਤੀ ਪ੍ਰਬੰਧ

ਜਿੱਥੋਂ ਤੱਕ ਸਿੱਖਿਆ ਨੂੰ ਵਿੱਤ ਦੇਣ ਦੀ ਗੱਲ ਹੈ, ਇਹ ਵਿੱਤੀ ਸਾਧਨ ਚੀਨ ਦੀਆਂ ਸੂਬਾ ਸਰਕਾਰਾਂ, ਲੋਕਲ ਬਾਡੀਜ਼ ਤੇ ਕੇਂਦਰੀ ਸਰਕਾਰ ਵੱਲੋਂ ਜੁਟਾਏ ਜਾਂਦੇ ਹਨ। ਕੇਂਦਰੀ ਸਰਕਾਰ ਦਾ ਰਾਸ਼ਟਰੀ ਸਿੱਖਿਆ ਖਰਚਾ 1995 ਵਿੱਚ 18780 ਕਰੋੜ ਯੁਆਨ ਭਾਵ 26.6 ਬਿਲੀਅਨ ਡਾਲਰ ਸੀ ਜੋ 2022 ਵਿੱਚ ਵੱਧ ਕੇ 6 ਲੱਖ 10 ਹਜ਼ਾਰ ਕਰੋੜ ਯੂਆਨ ਭਾਵ 73 ਲੱਖ 20 ਹਜ਼ਾਰ ਕਰੋੜ ਰੁਪਏ ਦੇ ਕਰੀਬ ਹੋ ਗਿਆ ਸੀ। ਜੋ ਹੁਣ ਇਸ ਤੋਂ ਵੀ ਵੱਧ ਹੋਵੇਗਾ। ਯੂਨੈਸਕੋ ਦੀ 2022 ਦੀ ਰਿਪੋਰਟ ਅਨੁਸਾਰ ਚੀਨ ਵਿੱਚ ਸਿੱਖਿਆ ਫੰਡਿੰਗ ਦੇ ਦੋ ਰੇਸ਼ੋ (“wo Ratios) ਤੇ ਤਿੰਨ ਵਾਧੇ (“hree 7rowths) ਸਿਸਟਮ ਨਾਲ ਵਿੱਤ ਦੀ ਉਚਿਤ ਉਪਲਬਧਤਾ, ਬਰਾਬਰਤਾ ਤੇ ਨਿਪੁੰਨਤਾ (efficiency) ਲਈ ਸਿੱਖਿਆ ਵਿੱਤ ਦਾ ਰਾਸ਼ਟਰੀ ਟੀਚਾ ਮਿਥਿਆ ਜਾਂਦਾ ਹੈ । ਦੋ ਰੇਸ਼ੋ ਹਨ (1) ਦੇਸ਼ ਦੀ ਕੁੱਲ ਪੈਦਾਵਾਰ ਦੇ ਅਨੁਸਾਰ ਰਾਸ਼ਟਰੀ ਸਿੱਖਿਆ ਖਰਚੇ ਦਾ ਅਨੁਪਾਤ; (2) ਸਰਕਾਰੀ ਕੁੱਲ ਖਰਚੇ ਦੇ ਅਨੁਸਾਰ ਸਰਕਾਰੀ ਸਿੱਖਿਆ ਖਰਚੇ ਦੀ ਰੇਸ਼ੋ । ਤਿੰਨ ਵਾਧੇ ਦਾ ਭਾਵ ਹੈ; (1) ਮਾਲੀਆ ਵਾਧੇ (revenue growth)) ਦੇ ਮੁਕਾਬਲੇ ਸਿੱਖਿਆ ਲਈ ਸਰਕਾਰੀ ਖਰਚੇ ਦਾ ਵਾਧਾ ਵੱਧ ਭਾਵ ਵਾਧਾ ਦਰ ਵੱਧ ਹੋਣਾ ਚਾਹੀਦਾ ਹੈ ; (2) ਪ੍ਰਤੀ ਵਿਦਿਆਰਥੀ ਖਰਚਾ ਲਗਾਤਾਰ ਵੱਧਦਾ ਰਹਿਣਾ ਚਾਹੀਦਾ ਹੈ ; (3) ਪ੍ਰਤੀ ਵਿਦਿਆਰਥੀ ਕਾਰਜਸ਼ੀਲ ਖਰਚਾ (operating) ਤੇ ਅਧਿਆਪਕਾਂ ਦੀ ਤਨਖਾਹ ਉੱਤੇ ਖਰਚਾ ਵੀ ਲਗਾਤਾਰ ਵਧਦਾ ਰਹਿਣਾ ਚਾਹੀਦਾ ਹੈ। ਸੋ ਇਸ ਅਨੁਸਾਰ ਚੀਨ ਦੀ ਸਰਕਾਰ ਵੱਲੋਂ ਸਿੱਖਿਆ ਖ਼ਰਚੇ ਦਾ ਟੀਚਾ ਮਿਥਿਆ ਜਾਂਦਾ ਹੈ।

ਸੰਖੇਪ ਵਿੱਚ ਯੂਨੈਸਕੋ ਦੀ 2022 ਦੀ ਰਿਪੋਰਟ ਅਨੁਸਾਰ ਚੀਨ ਵਿੱਚ ਪ੍ਰਤੀ ਵਿਦਿਆਰਥੀ ਸਲਾਨਾ ਸਰਕਾਰੀ ਖਰਚਾ 2015 ਵਿੱਚ ਲਿਖੇ ਅਨੁਸਾਰ ਸੀ :-

(1)         ਪ੍ਰੀ-ਪ੍ਰਾਇਮਰੀ ਵਿਦਿਆਰਥੀ ਉੱਤੇ 2654 ਯੂਆਨ ਭਾਵ 27 ਹਜ਼ਾਰ ਰੁਪਏ ਦੇ ਕਰੀਬ ( 2015 ਵਿੱਚ ਇਕ ਯੂਆਨ ਦਾ ਰੇਟ 10 ਰੁਪਏ 21 ਪੈਸੇ ਸੀ)

(2) ਪ੍ਰਾਇਮਰੀ ਵਿਦਿਆਰਥੀ ਉੱਤੇ 9660 ਯੂਆਨ ਭਾਵ 98700 ਰੁਪਏ ਦੇ ਕਰੀਬ

(3)         ਲੋਅਰ ਸੈਕੰਡਰੀ (Junior Secondary) ਵਿਦਿਆਰਥੀ ਉੱਤੇ 8161 ਯੂਆਨ ਭਾਵ 83300 300 ਰੁਪਏ ਦੇ ਕਰੀਬ

(4)         ਅਪਰ ਸੈਕੰਡਰੀ (Upper Secondary) ਵਿਦਿਆਰਥੀ ਉੱਤੇ 12308 ਯੂਆਨ ਭਾਵ 1 ਲੱਖ 26 ਹਜਾਰ ਰੁਪਏ ਦੇ ਕਰੀਬ

(5) ਉਚੇਰੀ ਸਿੱਖਿਆ (Tertiary 5ducation) ਪ੍ਰਤੀ ਵਿਦਿਆਰਥੀ 16257 ਯੂਆਨ ਭਾਵ 1 ਲੱਖ 66 ਹਜ਼ਾਰ ਰੁਪਏ ਦੇ ਕਰੀਬ

 ਇਹ ਪ੍ਰਤੀ ਵਿਦਿਆਰਥੀ ਸਲਾਨਾ ਸਰਕਾਰੀ ਖਰਚਾ 2019 ਵਿੱਚ ਵੱਧ ਕੇ ਹੇਠ ਲਿਖੇ ਅਨੁਸਾਰ ਹੋ ਗਿਆ :

See Also

1)          ਪ੍ਰੀ-ਪ੍ਰਾਈਮਰੀ 4260 ਯੂਆਨ ਭਾਵ 44200 ਰੁਪਏ ਦੇ ਕਰੀਬ (2019) ਵਿੱਚ ਇਕ ਯੂਆਨ 10.39 ਰੁਪਏ ਦੇ ਕਰੀਬ ਸੀ)

2)          ਪ੍ਰਾਇਮਰੀ 12229 ਯੂਆਨ ਭਾਵ 1 ਲੱਖ 27 ਹਜ਼ਾਰ ਰੁਪਏ ਦੇ ਕਰੀਬ

3)          ਲੋਅਰ ਸੈਕੰਡਰੀ 16611 ਯੂਆਨ ਭਾਵ 1 ਲੱਖ 72 ਹਜ਼ਾਰ ਰੁਪਏ ਦੇ ਕਰੀਬ

4)          ਅਪਰ ਸੈਕੰਡਰੀ 17438 ਯੂਆਨ ਭਾਵ 1 ਲੱਖ 81 ਹਜ਼ਾਰ ਰੁਪਏ ਦੇ ਕਰੀਬ

5)          ਉਚੇਰੀ ਸਿੱਖਿਆ 21282 ਯੂਆਨ ਭਾਵ 2ਲੱਖ 21 ਹਜ਼ਾਰ ਰੁਪਏ ਦੇ ਕਰੀਬ

ਇਸੇ ਤਰ੍ਹਾਂ ਜੇ ਅਸੀਂ ਪ੍ਰਤੀ ਵਿਦਿਆਰਥੀ ਸਰਕਾਰੀ ਖਰਚਾ ਪ੍ਰਤੀ ਵਿਅਕਤੀ ਆਮਦਨ ਦੇ ਪ੍ਰਤੀਸ਼ਤ ਦੇ ਤੌਰ ’ਤੇ ਚੀਨ ਵਿੱਚ ਵੇਖਣਾ ਹੋਵੇ ਤਾਂ 2016 ਵਿੱਚ (1) ਪ੍ਰੀ-ਪ੍ਰਾਇਮਰੀ ਵਿਦਿਆਰਥੀ ਉੱਤੇ ਪ੍ਰਤੀ ਵਿਅਕਤੀ ਆਮਦਨ ਦਾ 5.6% (2) ਪ੍ਰਾਇਮਰੀ ਉੱਤੇ 19.4% (3) ਲੋਅਰ ਸੈਕੰਡਰੀ ਉੱਤੇ 26.4% (4) ਅਪਰ ਸੈਕੰਡਰੀ ਉੱਤੇ 25.3% ਅਤੇ (5) ਉਚੇਰੀ ਸਿੱਖਿਆ ਵਿੱਚ ਪ੍ਰਤੀ ਵਿਦਿਆਰਥੀ ਉੱਤੇ ਪ੍ਰਤੀ ਵਿਅਕਤੀ ਆਮਦਨ ਦਾ 31.7% ਖਰਚ ਕੀਤਾ ਜਾਂਦਾ ਸੀ ਜੋ ਕਿ 2019 ਵਿੱਚ 6.1%, 17.5%, 23.7%, 24.9% ਤੇ 30.4% ਹੋ ਗਿਆ।

2015 ਤੋਂ ਬਾਅਦ ਸਿੱਖਿਆ ਉੱਤੇ ਸਰਕਾਰੀ ਖ਼ਰਚ ਵਿੱਚ ਚੀਨੀ ਸਰਕਾਰ ਵੱਲੋਂ ਕਾਫੀ ਵਾਧਾ ਕੀਤਾ ਗਿਆ । 2023 ਵਿੱਚ ਕੇਂਦਰ ਸਰਕਾਰ ਵੱਲੋਂ ਹੀ 6 ਲੱਖ 46 ਹਜ਼ਾਰ ਕਰੋੜ ਯੂਆਨ ਭਾਵ 76 ਲੱਖ 55 ਹਜ਼ਾਰ ਕਰੋੜ ਰੁਪਏ ਦੇ ਕਰੀਬ ਖ਼ਰਚ ਕੀਤਾ ਗਿਆ   ਇਸ ਵਿੱਚੋਂ ਕੇਂਦਰੀ ਸਰਕਾਰ ਵੱਲੋਂ 2 ਲੱਖ 84 ਕਰੋੜ ਯੂਆਨ ਭਾਵ ਲਗਭਗ 33 ਲੱਖ 65 ਹਜ਼ਾਰ ਕਰੋੜ ਰੁਪਏ ਤਾਂ ਸਿਰਫ ਲਾਜ਼ਮੀ ਤੇ ਮੁਫ਼ਤ ਸਕੂਲੀ ਵਿਦਿਆ ਉਤੇ ਹੀ ਖ਼ਰਚ ਕੀਤੇ ਗਏ।

 ਇਸ ਸੰਖੇਪ ਲਿਖਤ ਵਿੱਚ ਦਿੱਤੇ ਉਪਰੋਕਤ ਤੱਥਾਂ ਤੋਂ ਸਪੱਸ਼ਟ ਹੈ ਕਿ ਚੀਨ ਵੱਲੋਂ ਸਿੱਖਿਆ ਖੇਤਰ ਨੂੰ ਪੂਰਨ ਮਹੱਤਵ ਦੇ ਕੇ ਜਿੱਥੇ ਆਰਥਿਕ ਤਰੱਕੀ ਕੀਤੀ ਹੈ, ਉਥੇ ਤਕਨੀਕੀ ਵਿਕਾਸ ਤੇ ਨਵੀਆਂ ਖੋਜਾਂ ਕਰਕੇ ਅੱਜ ਸੰਸਾਰ ਦੀ ਦੂਜੇ ਨੰਬਰ ਦੀ ਆਰਥਿਕਤਾ ਬਣ ਗਈ ਹੈ ਅਤੇ ਅੱਜ ਸੰਸਾਰ ਵਿੱਚ ਵਪਾਰ, ਟੈਕਨੋਲੋਜੀ, ਖੋਜਾਂ, ਪੈਦਾਵਾਰ ਤੇ ਹੋਰ ਖੇਤਰਾਂ ਵਿੱਚ ਚੀਨ ਦੀ ਥਾਂ ਬਹੁਤ ਅਹਿਮ ਬਣ ਗਈ ਹੈ। ਜਦੋਂ ਅਸੀਂ ਬਹੁ-ਧਰੁਵੀ ਸੰਸਾਰ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਪੱਧਰ ਦੇ ਕਿਸੇ ਵੀ ਪਲੇਟਫਾਰਮ ਉੱਤੇ ਇਸ ਸਬੰਧੀ ਚੀਨ ਦਾ ਜ਼ਿਕਰ ਕੀਤੇ ਤੋਂ ਬਿਨਾਂ ਗੱਲ ਨਹੀਂ ਹੋ ਸਕਦੀ । ਸੋਚਣ ਦੀ ਲੋੜ ਹੈ ਕਿ 1949 ਵਿੱਚ ਸਮਾਜਵਾਦੀ ਇਨਕਲਾਬ ਤੋਂ ਬਾਅਦ ਖਾਸ ਤੌਰ ’ਤੇ ਪਿਛਲੇ ਤਕਰੀਬਨ 30 ਸਾਲਾਂ ਵਿੱਚ ਜੋ ਤਰੱਕੀ ਚੀਨ ਵਿੱਚ ਹੋਈ ਹੈ ਉਸਦਾ ਕੋਈ ਸਾਨੀ ਨਹੀਂ ਹੈ । ਇਸ ਵਿੱਚ ਸਿੱਖਿਆ ਦੀ ਭੂਮਿਕਾ ਕੀ ਹੈ ਤੇ ਸਿੱਖਿਆ ਦਾ ਕਿੰਨਾ ਮਹੱਤਵ ਹੈ ਇਹ ਚਿੰਤਨ ਕਰਕੇ ਭਾਰਤ ਸਮੇਤ ਬਾਕੀ ਦੇਸ਼ਾਂ ਨੂੰ ਵੀ ਸਿੱਖਣ ਦੀ ਜ਼ਰੂਰਤ ਹੈ । 

* ਸਾਬਕਾ ਮੁਖੀ ਤੇ ਪ੍ਰੋਫੈਸਰ ਅਰਥ ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

Scroll To Top