
ਪ੍ਰੋ. ਜੈਪਾਲ ਸਿੰਘ
ਪੰਜਾਬ ’ਚ ਆਪਣੇ ਦਮ ’ਤੇ ਜਾਂ ਕਿਸੇ ਨਾਲ ਗਠਜੋੜ ਕਰਕੇ ਸਰਕਾਰ ਬਨਾਉਣ ਲਈ ਲਟੋ-ਪੀਂਘ ਹੋ ਰਹੀ ਭਾਰਤੀ ਜਨਤਾ ਪਾਰਟੀ ਵੱਲੋਂ ਲੰਘੀ 14 ਮਾਰਚ ਨੂੰ ਮੋਗਾ ਵਿਖੇ ਇਕ ਰੈਲੀ ਕੀਤੀ ਗਈ ਸੀ। ਰੈਲੀ ਦੇ ਮੁੱਖ ਬੁਲਾਰੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਆਮ ਚਲੰਤ ਗੱਲਾਂ ਤੋਂ ਇਲਾਵਾ ਦੋ ਮੁੱਦਿਆਂ, ਪੰਜਾਬ ’ਚ ਡਬਲ ਇੰਜਨ ਦੀ ਸਰਕਾਰ ਬਨਾਉਣ ਤੇ ਸਰਕਾਰ ਬਣਨ ਪਿੱਛੋਂ ਧਰਮ ਬਦਲੀ ਵਿਰੋਧੀ ਕਾਨੂੰਨ ਘੜਣ, ਦਾ ਉਚੇਚਾ ਜ਼ਿਕਰ ਕੀਤਾ ਸੀ। । ਹਾਲਾਂਕਿ ਮੋਗਾ ਰੈਲੀ ’ਚੋਂ ਇਹ ਆਵਾਜ਼ ਵੀ ਉਠੀ ਸੀ ਕਿ ਮੋਗੇ ਨੂੰ ਹੀ ਪੰਜਾਬ ਦੀ ਰਾਜਧਾਨੀ ਬਣਾ ਦਿੱਤਾ ਜਾਵੇ। ਇਸ ਲਈ ਦਲੀਲ ਤਾਂ ਇਹ ਦਿੱਤੀ ਗਈ ਸੀ ਕਿ ਮੋਗਾ ਸਾਰੇ ਪੰਜਾਬ ਦੇ ਕੇਂਦਰ ’ਚ ਪੈਂਦਾ ਹੈ, ਪਰ ਅਸਲੀ ਮੰਸ਼ਾ ਇਹੋ ਸੀ ਕਿ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਦੀ ਮੰਗ ਦਾ ਪੱਕਾ ਭੋਗ ਪਾ ਦਿੱਤਾ ਜਾਵੇ। ਹੱਥਲੇ ਲੇਖ ’ਚ ਅਸੀਂ ਆਪਣਾ ਧਿਆਨ ਡਬਲ ਇੰਜਨ ਦੀ ਸਰਕਾਰ ਕਾਇਮ ਕਰਨ ਦੇ ਭਾਜਪਾਈ ਫਾਰਮੂਲੇ ਤੇ ਧਰਮ ਬਦਲੀ ਵਿਰੋਧੀ ਕਾਨੂੰਨ ’ਤੇ ਹੀ ਕੇਂਦਰਤ ਰੱਖਾਂਗੇ।
ਪ੍ਰਸਿੱਧ ਅਖਬਾਰ ‘ਦ ਹਿੰਦੂ’ ਦੇ 23 ਮਾਰਚ 2026 ਦੇ ਅੰਕ ’ਚ ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਸ਼੍ਰੀ ਐਸ.ਵਾਈ.ਕੁਰੈਸ਼ੀ ਨੇ ‘‘ਡਬਲ ਇੰਜਣ ਸਰਕਾਰ-ਸੁੰਦਰ ਨਾਹਰਾ, ਪਰ ਫੈਡਰਲ ਢਾਂਚੇ ਲਈ ਗੰਭੀਰ ਸਵਾਲ’’ ਸਿਰਲੇਖ ਅਧੀਨ ਇਕ ਲੇਖ ਲਿਖਿਆ ਹੈ। ਉਨ੍ਹਾਂ ਦੀ ਦਲੀਲ ਹੈ ਕਿ ਇਹ ਨਾਹਰਾ ਆਪਣੇ ਆਪ ’ਚ ਹੀ ਭਾਰਤੀ ਸੰਵਿਧਾਨ ਦੇ ਫੈਡਰਲ ਢਾਂਚੇ ਦਾ ਨਿਖੇਧ ਹੈ। ਇਸ ਦਾ ਸਿੱਧਮ-ਸਿੱਧਾ ਅਰਥ ਇਹ ਹੈ ਕਿ ਜੋ-ਜੋ ਸੂਬੇ ਕੇਂਦਰ ’ਚ ਰਾਜ ਕਰਦੀ ਪਾਰਟੀ ਦੇ ਵਿਰੋਧੀ ਦਲਾਂ ਦੀ ਸਰਕਾਰ ਬਨਾਉਣਗੇ, ਉਹ ਫੰਡਾਂ ਨੂੰ ਤਰਸਣਗੇ। ਦੂਜੇ ਭਾਵ ‘ਡਬਲ ਇੰਜਣ ਵਾਲੇ’ ਖੂਬ ਤਰੱਕੀਆਂ ਕਰਨਗੇ। ਹਾਲਾਂਕਿ ਸਾਰੇ ਸੂਬਿਆਂ ਦੇ ਲੋਕ ਕੇਂਦਰ ’ਚ ਰਾਜ ਕਰਦੀ ਪਾਰਟੀ ਨੂੰ ਨਹੀਂ, ਸਗੋਂ ਕੇਂਦਰੀ ਸਰਕਾਰ ਨੂੰ ਟੈਕਸ ਅਦਾ ਕਰਦੇ ਹਨ, ਜਿਸ ਨੇ ਅੱਗੋਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਵੱਖੋ-ਵੱਖ ਸੂਬਿਆਂ ਨੂੰ ਫੰਡ ਅਲਾਟ ਕਰਨੇ ਹੁੰਦੇ ਹਨ। ਪਰ ਮੌਜੂਦਾ ਕੇਂਦਰੀ ਸਰਕਾਰ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਭਾਜਪਾ ਵਿਰੋਧੀ ਦਲਾਂ ਦੀ ਅਗਵਾਈ ਵਾਲੀਆਂ ਸੂਬਾਈ ਸਰਕਾਰਾਂ ਨਾਲ ਘੋਰ ਵਿਤਕਰਾ ਕਰਦੀ ਹੈ। ਇਨ੍ਹਾਂ ਨਾਹਰਿਆਂ ਨਾਲ ਤੇ ਵੱਖੋ-ਵੱਖ ਸਮਿਆਂ ’ਤੇ ਆਪਣੇ ਭਾਈਵਾਲਾਂ ਨੂੰ ਠਿੱਬੀ ਲਾ ਕੇ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ, ਆਸਾਮ, ਬਿਹਾਰ ਉੜੀਸਾ, ਮਹਾਰਾਸ਼ਟਰ ਆਦਿ ਸੂਬਿਆਂ ’ਚ ਆਪਣੀਆਂ ਸਰਕਾਰਾਂ ਕਾਇਮ ਕੀਤਿਆਂ ਹਨ। ਚੇਤੇ ਰਹੇ, ਮੱਧ ਪ੍ਰਦੇਸ਼, ਰਾਜਸਥਾਨ, ਛੱਡੀਸਗੜ੍ਹ, ਉਤਰਾਖੰਡ ਆਦਿ ਸੂਬਿਆਂ ਦੀਆਂ ਡਬਲ ਇੰਜਣ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ, ਲੋਕਾਂ ਨੂੰ ਰੁਜ਼ਗਾਰ ਦੇਣ, ਖੇਤੀ ਸੰਕਟ ਦਾ ਹੱਲ ਲੱਭਣ, ਦਲਿਤਾਂ, ਔਰਤਾਂ ਤੇ ਹੋਰ ਦੱਬੇ-ਕੁੱਚਲੇ ਲੋਕਾਂ ਨੂੰ ਇਨਸਾਫ਼ ਦੇਣ ਆਦਿ ਪੱਖੋਂ ਸਿਰੇ ਦੀ ਨਿਰਾਸ਼ਾਜਨਕ ਰਹੀ ਹੈ। ਜੇ ਕਿਸੇ ਮੁੱਦੇ ’ਤੇ ਇਨ੍ਹਾਂ ਡਬਲ ਇੰਜਨ ਦੀਆਂ ਸਰਕਾਰਾਂ ਨੇ ‘ਤਰੱਕੀ’ ਕੀਤੀ ਹੈ ਤਾਂ ਉਹ ਹੈ ਫਿਰਕੂ ਨਫ਼ਰਤ ਭੜਕਾਉਣ ਤੇ ਮੁਸਲਮਾਨਾਂ, ਇਸਾਈਆਂ, ਦਲਿਤਾਂ-ਔਰਤਾਂ ਤੇ ਆਦਿਵਾਸੀਆਂ ’ਤੇ ਢਾਹੇ ਜਾਂਦੇ ਜ਼ੁਲਮਾਂ ਦਾ ਅਥਾਹ ਵਾਧਾ। ਹੱਥਲੇ ਲੇਖ ’ਚ ਅਸੀਂ ‘ਡਲਬ ਇੰਜਣ’ ਮਾਰਕਾ ਸਾਰੀਆਂ ਸਰਕਾਰਾਂ ਦੀ ਗੱਲ ਨਾ ਕਰਕੇ, ਸਿਰਫ ਉੜੀਸਾ ਦੀ ਹੀ ਗੱਲ ਕਰਾਂਗੇ। ਇੱਥੇ ਬੀਜੇਪੀ ਨੇ ਜੂਨ 2024 ’ਚ ਪਹਿਲੀ ਵਾਰ ਡਬਲ ਇੰਜਣ ਦੀ ‘ਨਵੀਂ-ਨਵੇਲੀ’ ਸਰਕਾਰ ਬਣਾਈ ਸੀ।
9 ਮਾਰਚ 2026 ਨੂੰ ਉੜੀਸਾ ਦੀ ਵਿਧਾਨ ਸਭਾ ’ਚ ਪੁੱਛੇ ਗਏ ਇਕ ਸਵਾਲ ਦੇ ਲਿਖਤੀ ਜਵਾਬ ’ਚ ਇਕਬਾਲੀਆ ਬਿਆਨ ਵਰਗਾ ਜਵਾਬ ਦਿੰਦਿਆਂ ਸੂਬੇ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ ਨੇ ਸਾਫ ਮੰਨਿਆ ਹੈ ਕਿ ਜੂਨ 2024 ’ਚ ਸਰਕਾਰ ਬਣਨ ਦੇ ਡੇਢ ਸਾਲ ਦੇ ਅੰਦਰ ਹੀ ਸੂਬੇ ’ਚ ਨਫਰਤੀ ਅਪਰਾਧਾਂ ਕਾਰਨ ਫਿਰਕੇਦਾਰਾਨਾ ਦੰਗਾ-ਫਸਾਦ ਭੜਕਣ ਦੀਆਂ 54 ਵਾਰਦਾਤਾਂ ਵਾਪਰ ਚੁੱਕੀਆਂ ਹਨ । ਸੂਬੇ ’ਚ ਭੀੜ ਤੰਤਰ ਵੱਲੋਂ ਹਿੰਸਾ ਕਰਨ ਦੀਆਂ ਵੀ 7 ਘਟਨਾਵਾਂ ਵਾਪਰੀਆਂ ਹਨ। ਸੂਬੇ ਦੇ ਬਾਲਾਸੋਰ ਜ਼ਿਲ੍ਹੇ ’ਚ 24 ਦੰਗੇ ਭੜਕੇ ਹਨ, ਜਦਕਿ ਜਿਸ ਜ਼ਿਲ੍ਹੇ ਖੁਰਦਾ ’ਚ ਰਾਜਧਾਨੀ ਭੁਵਨੇਸ਼ਵਰ ਪੈਂਦੀ ਹੈ, ਉੱਥੇ ਵੀ 16 ਦੰਗੇ ਭੜਕੇ ਹਨ।’’ ਇਸ ਜਵਾਬ ’ਤੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਜੰਮ ਕੇ ਘੇਰਿਆ ਹੈ। ‘ਸਬਰੰਗ ਇੰਡੀਆ’ ਦੇ 10 ਮਾਰਚ 2026 ਦੇ ਲੇਖ ਮੁਤਾਬਕ, ਇਨ੍ਹਾਂ 20 ਮਹੀਨਿਆਂ ’ਚ ਉੜੀਸਾ ਦੇ ਅੱਧੀ ਦਰਜਨ ਸ਼ਹਿਰਾਂ ’ਚ ਕਰਫਿਊ ਅਤੇ ਇੰਟਰਨੈਂਟ ’ਤੇ ਪਾਬੰਦੀ ਲਾਉਣੀ ਪਈ ਹੈ, ਜਿਸ ਤੋਂ ਲੋਕ ਡਾਢੇ ਤੰਗ ਹੋਏ ਹਨ। ਤੱਥ ਗਵਾਹ ਹਨ ਕਿ ਬੰਗਲਾ ਭਾਸ਼ਾ ਬੋਲਦੇ ਮੁਸਲਮਾਨਾਂ ਨੂੰ ਬੰਗਲਾਦੇਸ਼ੀ ਕਹਿਣ ਅਤੇ ਸੰਗਠਿਤ ਭੀੜਾਂ, ਖਾਸ ਕਰਕੇ ਸੱਜੇ ਪਿਛਾਖੜੀ ਜਥੇਬੰਦੀਆਂ ਵੱਲੋਂ ਉਨ੍ਹਾਂ ’ਤੇ ਹਮਲੇ ਕਰਨ ਰਾਹੀਂ ਫਿਰਕੂ ਤਨਾਅ ਵਿਉਂਤਬੱਧ ਵਧਾਇਆ ਜਾਂਦਾ ਹੈ।
ਲੰਘੀ 14 ਜਨਵਰੀ ਨੂੰ ਸ਼ੇਖ ਮੁਕੰਦਰ ਮੁਹੰਮਦ ਨਾਂ ਦਾ ਨੌਜਵਾਨ ਪਸ਼ੂਆਂ ਵਾਲੀ ਵੈਨ ਚਲਾ ਰਿਹਾ ਸੀ। ਅਖੌਤੀ ਗਊ ਰੱਖਿਅਕਾਂ ਨੇ ਉਸਦਾ ਸ਼ਿਕਾਰ ਪਿੱਛਾ ਕੀਤਾ। ਗੱਡੀ ਪਲਟਣ ਕਾਰਨ, ਉਹ ਗੰਭੀਰ ਫੱਟੜ ਹੋ ਗਿਆ। ਗੁੰਡਿਆਂ ਨੇ ਉਸਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਤੇ ਉਸ ਤੋਂ ਜਬਰੀ ‘ਜੈ ਸ਼੍ਰੀਰਾਮ’ ਤੇ ‘ਗਊ ਮਾਤਾ ਕੀ ਜੈ’ ਦੇ ਨਾਹਰੇ ਲਗਵਾਏ। ਪੁਲਿਸ ਦੀ ਗਸ਼ਤ ਕਰਨ ਵਾਲੀ ਟੀਮ ਉਸਨੂੰ ਹਸਪਤਾਲ ਲੈ ਕੇ ਗਈ। ਜਿੱਥੇ ਉਹ ਜਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਚਲ ਵਸਿਆ। ਪੁਲਿਸ ਨੇ ਉਲਟਾ ਉਸੇ ਖ਼ਿਲਾਫ਼ ਹੀ ਪਸ਼ੂ ਤਸਕਰੀ ਦਾ ਕੇਸ ਦਰਜ ਕਰ ਲਿਆ। ਵੈਸੇ ਖਲੜੀ ਬਚਾਉਣ ਲਈ ਖਰੂਦੀ ਭੀੜ ਵਿਰੁੱਧ ਵੀ ਪਰਚਾ ਦਰਜ ਕੀਤਾ ਗਿਆ ਹੈ। ‘ਦ ਵਾਇਰ’ ਦੇ 17 ਜਨਵਰੀ 2026 ਦੇ ਲੇਖ ਅਨੁਸਾਰ ਉਕਤ ਘਟਨਾ ਤੋਂ ਮਹਿਜ਼ 24 ਘੰਟੇ ਪਿੱਛੋਂ ਸੁੰਦਰਗੜ੍ਹ ਜ਼ਿਲ੍ਹੇ ਦੇ ਰੀਜੈਂਟ ਮਾਰਕੀਟ ਏਰੀਏ ’ਚ ਅਖੌਤੀ ਗਊ ਮਾਸ ਵੇਚਣ ਦੀਆਂ ਅਫ਼ਵਾਹਾਂ ਨਾਲ ਤਣਾਅ ਫੈਲ ਗਿਆ। ਆਪਸੀ ਝੜਪਾਂ ’ਚ ਘੱਟੋ-ਘੱਟ 12 ਜਣਿਆਂ ਦੇ ਸੱਟਾਂ ਵੱਜੀਆਂ ਤੇ ਇੰਟਰਨੈਂਟ ਵੀ 24 ਘੰਟੇ ਲਈ ਬੰਦ ਰਿਹਾ।
ਬੀਜੇਪੀ ਸਰਕਾਰ ਬਣਨ ਦੇ ਮਹਿਜ਼ ਇਕ ਹਫ਼ਤੇ ਦੇ ਅੰਦਰ ਹੀ ਮੁਸਲਮਾਨਾਂ ਦੀ ਵੱਡੀ ਆਬਾਦੀ ਵਾਲੇ ਬਾਲਾਸੌਰ ਕਸਬੇ ’ਚ ਕਰਫਿਊ ਲਾਉਣਾ ਪਿਆ ਸੀ। ਮੁਸਲਮਾਨ ਤੇ ਇਸਾਈ ਭਾਈਚਾਰੇ ਦੇ ਲੋਕ, ਜਿਨ੍ਹਾਂ ਨੂੰ ਧਰਮ ਬਦਲੀ ਕਰਾਉਣ ਜਾਂ ਗਊ ਰੱਖਿਆ ਦੇ ਨਾਂ ’ਤੇ ਨਿਸ਼ਾਨਾ ਬਣਾਇਆ ਜਾਂਦਾ ਹੈ, ਇਨ੍ਹਾਂ ਹਿੰਦੂਤਵੀਆਂ ਦੇ ਸੌਖੇ ਸ਼ਿਕਾਰ (ਸਾਫਟ ਟਾਰਗੇਟ) ਹਨ। ਦਸੰਬਰ 2024 ’ਚ ਬੀਜੇਪੀ ਦੀ ਸਰਕਾਰ ਬਣਨ ਦੇ 6 ਮਹੀਨੇ ਪਿੱਛੋਂ ਹੀ ਫਿਰਕੂ ਗੁੰਡਿਆਂ ਦੀਆਂ ਫਸਾਦੀ ਭੀੜਾਂ ਨੇ ਦੋ ਆਦਿਵਾਸੀ ਇਸਾਈ ਔਰਤਾਂ ਨੂੰ ਇਕ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ। ਇਲਜ਼ਾਮ ਇਹ ਲਾਇਆ ਗਿਆ ਕਿ ਉਹ ਬਲਾਸੌਰ ਵਿਖੇ ਕਿਸੇ ਹਿੰਦੂ ਸ਼ਖਸ ਦੀ ਧਰਮ ਬਦਲੀ ਕਰਾਉਣ ਦਾ ਯਤਨ ਕਰ ਰਹੀਆਂ ਸਨ। ਉਨ੍ਹਾਂ ਤੋਂ ਜਬਰੀ ‘ਜੈ ਸ਼੍ਰੀ ਰਾਮ’ ਦੇ ਨਾਹਰੇ ਲਗਵਾਏ ਗਏ ਤੇ ਉਨ੍ਹਾਂ ਦੇ ਮੂੰਹਾਂ ਤੇ ਕੇਕ ਮਲਿ੍ਹਆ ਗਿਆ। ਜਾਹਿਰ ਹੈ ਪੁਲਸ ਉਕਤ ਨਫਰਤੀ ਕਾਰੇ ਦੀ ਵੀਡਿਓ ਵਾਇਰਲ ਹੋਣ ਤੋਂ ਪਿਛੋਂ ਹੀ ਹਰਕਤ ’ਚ ਆਈ ਸੀ। ਕਿ੍ਰਸਮਸ ਤੋਂ 3 ਦਿਨ ਪਹਿਲਾਂ 22 ਦਸੰਬਰ 2025 ਨੂੰ ਪੁਰੀ ਵਿਖੇ ਸਾਂਟਾ ਕਲਾਸ ਦੇ ਟੋਪ ਤੇ ਹੋਰ ਤੋਹਫੇ ਆਦਿ ਵੇਚਣ ਵਾਲੇ ਰੇਹੜੀ-ਫੜ੍ਹੀ ਵਾਲਿਆਂ ਨੂੰ ਹਿੰਦੂਤਵੀ ਖਰੂਦੀਆਂ ਵੱਲੋਂ ਗਾਲਾਂ ਕੱਢੀਆਂ ਗਈਆਂ ਤੇ ਇਹ ਧਮਕੀਆਂ ਦਿੱਤੀਆਂ ਕਿ ਤੁਹਾਡੀ ਭਗਵਾਨ ਜਗਨਨਾਥ ਦੇ ਸ਼ਹਿਰ ’ਚ ਇਸਾਈ ਮੱਤ ਦੀਆਂ ਚੀਜਾਂ ਵੇਚਣ ਦੀ ਜ਼ੁਅਰਤ ਕਿਵੇਂ ਹੋਈ? ਲੰਘੇ ਸਾਲ ਜੂਨ ਮਹੀਨੇ ’ਚ ਗੰਜਮ ਜ਼ਿਲ੍ਹੇ ’ਚ ਦੋ ਦਲਿਤ ਭਰਾ ਆਪਣੀ ਬੇਟੀ ਦੇ ਦਾਜ ’ਚ ਦਿੱਤੀਆਂ ਦੋ ਗਊਆਂ ਤੇ ਇਕ ਵੱਛਾ ਆਟੋ ਰਿਕਸ਼ਾ ਰਾਹੀਂ ਧੀ ਦੇ ਸਹੁਰੇ ਛੱਡਣ ਜਾ ਰਹੇ ਸਨ। ਅਖੌਤੀ ਗਊ ਰੱਖਿਅਕਾਂ ਨੇ ਉਨ੍ਹਾਂ ਨੂੰ ਫੜ੍ਹ ਕੇ ਕੁੱਟਿਆ ਤੇ ਉਨ੍ਹਾਂ ਦੇ ਮੂੰਹਾਂ ’ਚ ਘਾਹ-ਫੂਸ ਤੁੰਨ ਕੇ ਉਨ੍ਹਾਂ ਨੂੰ ਕੂਹਣੀਆਂ ਭਾਰ ਰਿੜ੍ਹਨ ਲਈ ਮਜ਼ਬੂਰ ਕੀਤਾ। ਇਹੋ ਨਹੀਂ, ਉਨ੍ਹਾਂ ਨੂੰ ਗੰਦੇ ਨਾਲੇ ਦਾ ਪਾਣੀ ਪੀਣ ਲਈ ਵੀ ਮਜ਼ਬੂਰ ਕੀਤਾ ਗਿਆ।
ਜਦੋਂ ਅਮਿਤ ਸ਼ਾਹ ਪੰਜਾਬ ’ਚ ਧਰਮ ਬਦਲੀ ਵਿਰੋਧੀ ਕਾਨੂੰਨ ਬਨਾਉਣ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦਾ ਸਾਫ਼ ਇਸ਼ਾਰਾ ਇਸਾਈ ਭਾਈਚਾਰੇ ਵੱਲ ਹੈ। ਉਸ ਦੀਆਂ ਏਜੰਸੀਆਂ ਪਿਛਲੇ ਕਾਫ਼ੀ ਸਮੇਂ ਤੋਂ ਇਹ ਮੁੱਦਾ ਚੁੱਕ ਰਹੀਆਂ ਹਨ ਤੇ ਇਸਾਈਆਂ ਵਿਰੁੱਧ ਨਫ਼ਰਤੀ ਕੂੜ ਪ੍ਰਚਾਰ ਫੈਲਾ ਰਹੀਆਂ ਹਨ। ਸਾਂਝੀਵਾਲਤਾ ’ਤੇ ਅਧਾਰਤ ਪੰਜਾਬ ਦੇ ਨਰੋਏ ਸੱਭਿਆਚਾਰ ਕਰਕੇ, ਪੰਜਾਬ ਦੇ ਕਾਲੇ ਦੌਰ ’ਚ ਅੱਤਵਾਦੀਆਂ ਵੱਲੋਂ ਹਿੰਦੂ ਭਾਈਚਾਰੇ ਦੇ ਅੰਨ੍ਹੇਵਾਹ ਸਮੂਹਿਕ ਕਤਲ ਕੀਤੇ ਜਾਣ ਦੇ ਬਾਵਜੂਦ, ਪੰਜਾਬ ’ਚ ਹਿੰਦੂ-ਸਿੱਖਾਂ ਦਰਮਿਆਨ ਇਕ ਵੀ ਦੰਗਾ ਨਹੀਂ ਸੀ ਭੜਕਿਆ। ਹੁਣ ਕਿਉਂਕਿ ਬਜਰੰਗ ਦਲ ਵਰਗੀਆਂ ਜਥੇਬੰਦੀਆਂ ਸਾਰੇ ਦੇਸ਼ ’ਚ ਦਹਿਸ਼ਤ ਫੈਲਾ ਰਹੀਆਂ ਹਨ। ਇਸ ਲਈ ਫਿਰਕੂ ਕਸ਼ੀਦਗੀ ਤੇ ਝੜਪਾਂ ਦਾ ਖਤਰਾ ਹੁਣ ਪੰਜਾਬ ਦੇ ਸਿਰ ਵੀ ਆਣ ਖੜ੍ਹਾ ਹੈ। ਦੱਸ ਦੇਈਏ ਕਰਨਾਟਕ ਸੂਬੇ ’ਚ ਕਾਂਗਰਸ ਨੇ ਬਜਰੰਗ ਦਲ ਦਾ ਨਾਂ ਲੈ ਕੇ ਵੋਟਾਂ ਲਈਆਂ ਸਨ ਤੇ ਇਹ ਕਹਿ ਕੇ ਆਪਣੀ ਸਰਕਾਰ ਬਣਾਈ ਸੀ ਕਿ ਜੇਕਰ ਇਸ ਨੇ ਕੋਈ ਗੜਬੜ ਕੀਤੀ ਤਾਂ ਇਸ ’ਤੇ ਪਾਬੰਦੀ ਲਾ ਦਿਆਂਗੇ। ਬਜਰੰਗ ਦਲ ਨੇ ਉਥੇ ਹੁਣ ਤਾਈਂ ਵੀ ਗੜਬੜ ਕਰਨ ਦੀ ਕੋਈ ਜੁਅਰਤ ਨਹੀਂ ਕੀਤੀ। ਬਾਕੀ ਸੂਬਿਆਂ ’ਚ ਵਿਰੋਧੀ ਦਲ, ਖਾਸ ਕਰਕੇ ਕਾਂਗਰਸ ਅਜਿਹਾ ਸਟੈਂਡ ਨਹੀਂ ਲੈਂਦੇ। ਆਓ, ਹੁਣ ਉੜੀਸਾ ਵਿਖੇ ਵਾਪਰੀਆਂ ਦੋ ਵੱਡੀਆਂ ਘਟਨਾਵਾਂ ਦੀ ਗੱਲ ਕਰੀਏ।
ਪਹਿਲੀ ਘਟਨਾ 4 ਜਨਵਰੀ 2026 ਦੀ ਹੈ। ਉੜੀਸਾ ਦੇ ਧਨਕਨਾਲ ਜ਼ਿਲ੍ਹੇ ਦੇ ਪਿੰਡ ਪਰਜੰਗ ਵਿਖੇ ਉਸ ਦਿਨ ਭੀੜ ਨੇ ਉੱਥੋਂ ਦੇ ਪਾਦਰੀ ਬਿਪਨ ਬਿਹਾਰੀ ਨਾਇਕ ਨੂੰ, ਇਹ ਇਲਜ਼ਾਮ ਲਗਾ ਕੇ ਕਿ ਉਹ ਜਬਰੀ ਧਰਮ ਪਰਿਵਰਤਨ ਕਰਵਾ ਰਿਹਾ ਸੀ, ਬੇਤਹਸ਼ਾ ਕੁੱਟਿਆ। ਮਾਰ-ਕੁੱਟ ਤੋਂ ਪਿੱਛੋਂ ਉਸਦੇ ਗਲ ’ਚ ਛਿੱਤਰਾਂ ਦਾ ਹਾਰ ਪਾ ਕੇ ਉਸਦਾ ਜਲੂਸ ਕੱਢਿਆ ਗਿਆ। ‘ਸਬਰੰਗ ਇੰਡੀਆ’ ਦੇ 21 ਜਨਵਰੀ 2026 ਦੇ ਲੇਖ ’ਚ ‘ਟੈਲੀਗਰਾਫ’ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ, “ਚਾਰ ਜਨਵਰੀ ਨੂੰ ਉਕਤ ਪਾਦਰੀ ਹਿੰਦੂਆਂ ਦੀ ਬਹੁਗਿਣਤੀ ਵਸੋਂ ਵਾਲੇ ਪਿੰਡ ਪਰਜੰਗ ਗਿਆ ਸੀ। ਇੱਥੇ ਇਸਾਈ ਭਾਈਚਾਰੇ ਦੇ ਸਿਰਫ 7 ਪਰਿਵਾਰ ਵੱਸਦੇ ਹਨ। ਉਸਨੇ ਆਪਣੀ ਪਤਨੀ, ਬੱਚਿਆਂ ਤੇ ਹੋਰਾਂ ਨਾਲ ਰਲ ਕੇ ਉੱਥੇ ਪ੍ਰਾਰਥਨਾ ਕੀਤੀ। ਖਲਲ ਉਦੋਂ ਪਿਆ ਜਦੋਂ ਬਜਰੰਗ ਦਲ ਦੇ 40 ਬੰਦੇ ਜਬਰੀ ਉਸਦੇ ਘਰ ’ਚ ਆਣ ਵੜੇ। ਪਾਦਰੀ ਦੀ ਪਤਨੀ ਵੰਦਨਾ ਨੇ ਦੱਸਿਆ ਹੈ ਕਿ ਉਹ ਭੀੜੀ ਗਲੀ ਰਾਹੀਂ ਥਾਣੇ ਚਲੀ ਗਈ। ਭੀੜ ਨੇ ਉਸ ਨੂੰ ਡੰਡਿਆਂ ਨਾਲ ਕੁੱਟਿਆ। ਉਸ ’ਤੇ ਸਿੰਧੂਰ ਮਲਿਆ, ਗਲ ’ਚ ਛਿੱਤਰਾਂ ਦਾ ਹਾਰ ਪਾਇਆ ਤੇ ਸਾਰੇ ਪਿੰਡ ਦਾ ਚੱਕਰ ਲਵਾ ਕੇ ਉਸਨੂੰ ਹਨੂੰਮਾਨ ਜੀ ਦੇ ਮੰਦਰ ’ਚ ਲੈ ਗਏ। ਉਥੇ ਉਸਦੇ ਹੱਥ ਪਿੱਠ ਪਿੱਛੇ ਡੰਡੇ ਨਾਲ ਬੰਨ੍ਹ ਦਿੱਤੇ। ਉਸਨੂੰ ਜਬਰੀ ਗਊ ਦਾ ਗੋਬਰ ਖੁਆਇਆ ਤੇ ਧੱਕੇ ਨਾਲ ‘ਜੈ ਸ਼੍ਰੀ ਰਾਮ ਦੇ ਨਾਹਰੇ’ ਲਵਾਏ। ਵੰਦਨਾ ਮੁਤਾਬਕ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਪੁਲਸ ਉਥੇ ਦੋ ਘੰਟਿਆਂ ਪਿੱਛੋਂ ਪਹੁੰਚੀ। ਭੀੜ ਬੜੇ ਆਰਾਮ ਨਾਲ ਉਥੋਂ ਨਿੱਕਲ ਗਈ। ਪੁਲਿਸ ਨੇ ਉਲਟਾ ਪਾਦਰੀ, ਜਿਸਦਾ ਖੂਨ ਵੱਗ ਰਿਹਾ ਸੀ, ਨੂੰ ਹੀ ਬਿਨਾਂ ਕੋਈ ਡਾਕਟਰੀ ਸਹਾਇਤਾ ਦਵਾਏ ਤੋਂ ਇਕ ਘੰਟਾ ਥਾਣੇ ਬਿਠਾਈ ਰੱਖਿਆ। ਪੁਲਸ ਨੇ ਹਾਲਾਂਕਿ ਭੀੜ ਖਿਲਾਫ ਤਾਂ ਪਰਚਾ ਦਰਜ ਕੀਤਾ ਹੈ। ਪਰ ਨਾਲ ਹੀ ਪਾਦਰੀ ਵਿਰੁੱਧ ਵੀ ਬਿਨਾਂ ਕਿਸੇ ਸਬੂਤ ਦੇ ਜਬਰੀ ਧਰਮ ਬਦਲੀ ਕਰਵਾਉਣ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਇਸ ਪਿੱਛੋਂ ਪਿੰਡ ਦੇ ਸੱਤੇ ਇਸਾਈ ਪਰਿਵਾਰ ਕਿਤੇ ਦੂਰ ਜਾ ਲੁਕੇ ਹਨ। ਉਨ੍ਹਾਂ ਨੂੰ ਸਮਾਜਿਕ ਬਾਈਕਾਟ ਤੇ ਹਿੰਸਾ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪਾਦਰੀ ਦਾ ਪਰਿਵਾਰ ਵੀ ਲੁਕ-ਛਿਪ ਕੇ ਰਹਿਣ ਲਈ ਮਜ਼ਬੂਰ ਹੈ। ਇਸਦੇ ਬਾਵਜੂਦ ਪਾਦਰੀ ਨਾਇਕ ਨੇ 13 ਜਨਵਰੀ ਨੂੰ ਜ਼ਿਲ੍ਹੇ ਦੇ ਪੁਲਿਸ ਕਪਤਾਨ ਨੂੰ ਕਿਹਾ, “ਮੈਂ ਨਾ ਸਿਰਫ਼ ਆਪਣੇ ਹਮਲਾਵਰਾਂ ਨੂੰ, ਬਲਕਿ ਉਨ੍ਹਾਂ ਨੂੰ ਵੀ ਮਾਫ ਕਰਦਾ ਹਾਂ ਜਿਨ੍ਹਾਂ ਨੇ ਉਸਨੂੰ ਝੂਠੇ ਕੇਸ ’ਚ ਫਸਾਇਆ ਹੈ। ਠੀਕ ਉਵੇਂ ਹੀ ਜਿਵੇਂ ਗਰਾਹਮ ਸਟੇਨਜ਼ ਦੀ ਪਤਨੀ ਗਲੈਡੀਜ਼ ਸਟੇਨਜ਼ ਨੇ ਆਪਣੇ ਪਤੀ ਦੇ ਕਾਤਲਾਂ ਨੂੰ ਮਾਫ ਕੀਤਾ ਸੀ।’’ ਯਾਦ ਰਹੇ ਗਰਾਹਮ ਸਟੇਨਜ਼ ਉਹ ਮਿਸ਼ਨਰੀ ਡਾਕਟਰ ਸੀ ਜੋ ਕੋਹੜੀਆਂ ਦਾ ਮੁਫ਼ਤ ਇਲਾਜ਼ ਕਰਦਾ ਸੀ। ਬਜਰੰਗ ਦਲ ਦੇ ਬੰਦਿਆਂ, ਖਾਸ ਕਰਕੇ ਦਾਰਾ ਸਿੰਘ ਨੇ ਸਾਲ 1999 ’ਚ ਉਸ ਨੂੰ ਉਸਦੇ 2 ਬੇਟਿਆਂ; 6 ਸਾਲਾਂ ਦੇ ਫਿਲਿਪ ਤੇ 10 ਸਾਲਾਂ ਦਾ ਟਿਮੋਥੀ ਸਮੇਤ ਜਿਊਂਦਿਆਂ ਸਾੜ ਕੇ ਮਾਰ ਦਿੱਤਾ ਸੀ। ਇਉਂ ਇਨ੍ਹਾਂ ਹਿੰਦੂਤਵੀ ਗੁੰਡਿਆਂ ਨੇ ਆਪਣੀ ਜ਼ਾਲਿਮਾਨਾ ਕਰਤੂਤ ਰਾਹੀਂ ਸੂਬਾ ਸਰਹੰਦ ਨੂੰ ਵੀ ਸ਼ਰਮਸਾਰ ਕਰ ਦਿੱਤਾ ਸੀ। ਪਾਦਰੀ ਨੇ ਅੱਗੋਂ ਕਿਹਾ, “ਮੇਰੀ ਸਿਰਫ ਇਕੋ ਸਨਿਮਰ ਬੇਨਤੀ ਹੈ ਕਿ ਮੈਂ, ਮੇਰਾ ਪਰਿਵਾਰ ਤੇ ਇਸਾਈ ਭਾਈਚਾਰੇ ਦੇ ਲੋਕ ਸ਼ਾਂਤੀ ਨਾਲ ਰਹਿ ਸਕਣ ਤੇ ਰੱਬ ’ਚ ਵਿਸ਼ਵਾਸ਼ ਦੀ ਤਾਕਤ ਅਸੀਂ ਆਜ਼ਾਦੀ ਨਾਲ ਮਾਣ ਸਕੀਏ।’’
ਦੂਜੀ ਘਟਨਾ 4 ਅਕਤੂਬਰ 2025 ਦੀ ਹੈ। ਆਪਣੇ ਧਰਮ ਨਿਰਪੱਖ ਸੱਭਿਆਚਾਰ ਲਈ ਜਾਣਿਆ ਜਾਂਦਾ ਸ਼ਹਿਰ ਕਟਕ, ਜੋ ਕਿਸੇ ਸਮੇਂ ਉੜੀਸਾ ਦੀ ਰਾਜਧਾਨੀ ਵੀ ਰਿਹਾ ਹੈ, ਵਿਖੇ ਪਿੱਛਲੇ 1000 ਸਾਲਾਂ ਤੋਂ ਦੁਰਗਾ ਪੂਜਾ ਦੇ ਜਸ਼ਨ ਮਨਾਏ ਜਾਂਦੇ ਹਨ। ਉਸ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਮੂਰਤੀਆਂ ਦੇ ਵਿਸਰਜਨ ਲਈ ਜੋ ਜਲੂਸ ਜਾ ਰਿਹਾ ਸੀ, ਉਸ ਵਿਚ ‘‘ਜੈ ਸ਼੍ਰੀ ਰਾਮ’’ ਦੇ ਨਾਹਰੇ ਲੱਗ ਰਹੇ ਸਨ। ਜਦੋਂ ਜਲੂਸ ਮੁਸਲਿਮ ਆਬਾਦੀ ਵਾਲੇ ਦਰਗਾਹ ਬਾਜ਼ਾਰ ’ਚੋਂ ਲੰਘਿਆ ਤਾਂ ਕੁੱਝ ਲੋਕਾਂ ਨੇ ਡੀਜੇ ਤੇ ਵੱਜ ਰਹੇ ਗਾਣਿਆਂ ਤੇ ਇਤਰਾਜ਼ ਕੀਤਾ। ਆਪਾਂ ਜਾਣਦੇ ਹੀ ਹਾਂ ਕਿ ਬਹੁਤੇ ਸੂਬਿਆਂ ’ਚ ਭੜਕਾਹਟ ਪੈਦਾ ਕਰਨ ਦਾ ਹਿੰਦੂਤਵੀ ਖਰੂਦੀਆਂ ਦਾ ਇਹੋ ‘ਸਟੈਂਡਰਡ ਫਾਰਮੂਲਾ’ ਹੈ। ਇਉਂ ਹੀ ਇਥੇ ਵੀ ਹਿੰਸਾ ਭੜਕ ਉੱਠੀ, ਜਿਸ ਨਾਲ ਝੰਜੀਰ ਮੰਗਲਾ ਪੂਜਾ ਕਮੇਟੀ ਦਾ ਜਲੂਸ ਤਾਂ ਰੁਕਿਆ ਹੀ, ਪਰ ਪਿੱਛੋਂ ਇਕ ਹੋਰ ਪੂਜਾ ਕਮੇਟੀ ਜਰੋਸ ਪਤਾਨਾ ਦਾ ਜਲੂਸ ਵੀ ਰੁਕ ਗਿਆ। ਪੁਲਿਸ ਨੇ ਦੂਜੀ ਕਮੇਟੀ ਨੂੰ ਭੇਜ ਦਿੱਤਾ ਤੇ ਪਹਿਲੀ ਕਮੇਟੀ ਨੂੰ ਕੁੱਝ ਦੇਰ ਹੋਰ ਰੁਕਣਾ ਪਿਆ। ਬਸ ਫੇਰ ਕੀ ਸੀ? ਵਿਸ਼ਵ ਹਿੰਦੂ ਪਰੀਸ਼ਦ ਨੂੰ ਫਿਰਕੂ ਗੰਦ ਖਿਲਾਰਨ ਦਾ ਸੁਨਹਿਰੀ ਮੌਕਾ ਮਿਲ ਗਿਆ। ਉਸਨੇ ਇਹ ਕਹਿੰਦਿਆਂ ਕਿ ‘ਇਹ ਹਿੰਦੂਆਂ ’ਤੇ ਹਮਲਾ ਹੈ’, 6 ਅਕਤੂਬਰ ਨੂੰ ਸਾਰੇ ਕਟਕ ’ਚ ਹੜਤਾਲ ਦਾ ਸੱਦਾ ਦੇ ਦਿੱਤਾ। ਆਪਣੀ ਤਾਕਤ ਦਿਖਾਉਣ ਲਈ ਵੀਐਚਪੀ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੋਕੇ ਜਾਣ ਦੇ ਬਾਵਜੂਦ 5 ਜਨਵਰੀ ਨੂੰ ਰੈਲੀ ਕੀਤੀ। ਰੈਲੀ ’ਚ ਸ਼ਾਮਲ ‘ਭੀੜ’ ਹਿੰਸਕ ਹੋ ਗਈ ਤੇ ਨਾ ਕੇਵਲ ਦੁਕਾਨਾਂ ਦੀ ਭੰਨ-ਤੋੜ ਕੀਤੀ ਬਲਕਿ ਆਪਣੇ ਅਖੌਤੀ ‘ਦੁਸ਼ਮਣਾਂ’ ਦੀ ਮਾਰ-ਕੁਟਾਈ ਵੀ ਕੀਤੀ। ਸਿੱਟੇ ਵਜੋਂ 8 ਪੁਲਿਸ ਕਰਮਚਾਰੀਆਂ ਸਮੇਤ 25 ਜਣੇ ਜਖ਼ਮੀ ਹੋਏ। ਇਸ ਕਾਰਨ ਸਾਰੇ ਕਟਕ ਵਿਚ 36 ਘੰਟੇ ਕਰਫਿਊ ਲਾਉਣਾ ਪਿਆ ’ਤੇ ਇੰਟਰਨੈਂਟ ਵੀ ਬੰਦ ਰਿਹਾ।
ਉਕਤ ਤੋਂ ਇਲਾਵਾ ਹੋਰ ਕਿੰਨੀਆਂ ਹੀ ਘਟਨਾਵਾਂ ਹਨ। ਔਰਤਾਂ ਤੇ ਹਮਲਿਆਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ‘ਬੀਜੂ ਜਨਤਾ ਦਲ’ ਤੇ ‘ਕਾਂਗਰਸ’ ਸਰਕਾਰ ਨੂੰ ਲਗਾਤਾਰ ਘੇਰਦੀਆਂ ਆ ਰਹੀਆਂ ਹਨ। ਬੀਜੇਡੀ ਦੇ ਐਮ.ਐਲ.ਏ. ਨਤਿਕਾ ਪ੍ਰਧਾਨ ਨੇ ਕਿਹਾ ਹੈ ਕਿ ‘‘ਉੜੀਸਾ ਫਿਰਕੂ ਸਦਭਾਵਨਾ ਲਈ ਜਾਣਿਆ ਜਾਂਦਾ ਸੂਬਾ ਹੈ, ਪਰ ਮੌਜੂਦਾ ਸਰਕਾਰ ਆਉਣ ਨਾਲ ਘੱਟ ਗਿਣਤੀਆਂ ’ਤੇ ਵਧੇ ਹਮਲਿਆਂ ਨਾਲ ਇਸ ਦੇ ਰੁਤਬੇ ਨੂੰ ਠੇਸ ਪਹੁੰਚੀ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪ੍ਰਭੂ ਰਾਮ ਸਭ ਦੇ ਹਨ ਅਤੇ ਗਊਆਂ ਸਮੇਤ ਸਾਰੇ ਪਸ਼ੂਆਂ ਦੀ ਰਾਖੀ ਹਰੇਕ ਦੀ ਜ਼ਿੰਮੇਵਾਰੀ ਹੈ। ਇਸ ਦਾ ਠੇਕਾ ਕਿਸੇ ਵਿਸ਼ੇਸ਼ ਫਿਰਕੇ ਨੂੰ ਨਹੀਂ ਮਿਲਿਆ ਹੋਇਆ। ਇਸ ਲਈ, ਧਰਮ ਦੀ ਰਾਖੀ ਜਾਂ ਗਊ ਰੱਖਿਆ ਦੇ ਨਾਂ ’ਤੇ ਦੂਜਿਆਂ ’ਤੇ ਹਮਲੇ ਕਰਨਾ ਜ਼ੁਰਮ ਹੈ, ਜੋ ਹਰ ਹਾਲ ’ਚ ਰੁਕਣਾ ਚਾਹੀਦਾ ਹੈ। ਇਹ ਬੁਹੁਤ ਚਿੰਤਾਜਨਕ ਹੈ, ਪਰ ਇਹ ਤੱਤ ਬਿਨਾਂ ਸੋਚ-ਸਮਝ ਦੇ ਹਿੰਸਾ ਕਰਨ ਲੱਗੇ ਹੋਏ ਹਨ।’’ ਇਵੇਂ ਹੀ ਕਾਂਗਰਸੀ ਬੁਲਾਰੇ ਐਮੀਆ ਪਾਂਡਵ ਨੇ ਅਖੌਤੀ ਰਾਮ ਭਗਤਾਂ ਦੀ ਨਿੰਦਾ ਕਰਦਿਆਂ ਕਿਹਾ ਹੈ, “ਗਊ ਰੱਖਿਆ ਦੇ ਨਾਂ ’ਤੇ ਕਿਸੇ ਦਾ ਕਤਲ ਕਰਨਾ ਘੋਰ ਗੁਨਾਹ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।’’ ਬਦਕਿਸਮਤੀ ਨਾਲ ਸਾਰੇ ਉੜੀਸਾ, ਖਾਸ ਤੌਰ ’ਤੇ ਬਾਲਾਸੌਰ ’ਚ ਅਜਿਹੀਆਂ ਘਟਨਾਵਾਂ ਵੱਧ ਰਹੀਆਂ ਹਨ ਜਿੱਥੇ ਮੁਸਲਮਾਨਾਂ ਤੇ ਇਸਾਈਆਂ ’ਤੇ ਹਮਲੇ ਵਧੇ ਹਨ।
ਅਮਿਤ ਸ਼ਾਹ ਜੀ ਹੁਣ ਪੰਜਾਬ ਨੂੰ ਵੀ ਅਜਿਹੀ ਪ੍ਰਯੋਗਸ਼ਾਲਾ ਬਨਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ। ਸਾਨੂੰ ਪੂਰਨ ਉਮੀਦ ਹੈ ਕਿ ਸਮੂਹ ਪੰਜਾਬੀ ਇਨ੍ਹਾਂ ਕੁਚਾਲਾਂ ਦਾ ਮੂੰਹ-ਤੋੜ ਜਵਾਬ ਦੇਣਗੇ।
