Now Reading
ਖਾੜੀ ਜੰਗ ਨੇ ਬੇਪਰਦ ਕੀਤੀ ਸਾਮਰਾਜ ਦੀ ਕਰੂਰਤਾ ਤੇ ਮੋਦੀ ਸਰਕਾਰ ਦੀ ਗੋਡੇ ਟੇਕੂ ਵਿਦੇਸ਼ ਨੀਤੀ

ਖਾੜੀ ਜੰਗ ਨੇ ਬੇਪਰਦ ਕੀਤੀ ਸਾਮਰਾਜ ਦੀ ਕਰੂਰਤਾ ਤੇ ਮੋਦੀ ਸਰਕਾਰ ਦੀ ਗੋਡੇ ਟੇਕੂ ਵਿਦੇਸ਼ ਨੀਤੀ

ਖਾੜੀ ਦੇਸ਼ਾਂ ਦੀ ਜੰਗ ਦੇ ਭਿਆਨਕ ਸਿੱਟੇ ਨਾ ਕੇਵਲ ਸਬੰਧਤ ਖਿੱਤੇ ਦੇ ਲੋਕਾਂ, ਬਲਕਿ ਸੰਸਾਰ ਦੇ ਸਾਰੇ ਮੁਲਕਾਂ ਦੀ ਸਮੁੱਚੀ ਵਸੋਂ ਨੂੰ ਭੁਗਤਣੇ ਪੈਣੇ ਹਨ। ਦੁਨੀਆ, ਖਾਸ ਕਰਕੇ ਭਾਰਤ ’ਚ ਜੰਗ ਦੇ ਇਹ ਕੁਲਹਿਣੇ ਨਤੀਜੇ ਵੱਡੀ ਪੱਧਰ ’ਤੇ ਪਹਿਲਾਂ ਹੀ ਨਜ਼ਰ ਆਉਣੇ ਸ਼ੁਰੂ ਵੀ ਹੋ ਚੁੱਕੇ ਹਨ।
ਚੇਤੇ ਰਹੇ, ਅਮਰੀਕਾ-ਇਜ਼ਰਾਇਲ ਨੇ ਬਗੈਰ ਕਿਸੇ ਭੜਕਾਹਟ ਦੇ ਜਾਂ ਕਿਸੇ ਵੀ ਯੋਗ ਕਾਰਨ ਤੋਂ ਬਿਨਾਂ ਹੀ ਕੇਵਲ ਝੂਠ ਦੀ ਬੁਨਿਆਦ ’ਤੇ ਇਰਾਨ ’ਤੇ ਧਾਵਾ ਬੋਲ ਦਿੱਤਾ ਹੈ। ਜੰਗ ਛੇੜਨ ਦਾ ਬਹਾਨਾ ਬੇਸ਼ੱਕ ਇਨ੍ਹਾਂ ਨੇ ਇਹ ਬਣਾਇਆ ਹੈ ਕਿ ਇਰਾਨ ਕੋਲ ਮੌਜੂਦ ਨਿਊਕਲਿਆਈ ਹਥਿਆਰਾਂ ਦੇ ਵਿਸ਼ਾਲ ਭੰਡਾਰਾਂ ਤੋਂ ਅਮਰੀਕਾ-ਇਜ਼ਰਾਇਲ ਨੂੰ ਭਾਰੀ ਖਤਰਾ ਹੈ। ਐਪਰ ਨਾ ਕੇਵਲ ਸੰਸਾਰ ਭਰ ਦੇ ਸੋਝੀਵਾਨ ਲੋਕਾਂ, ਬਲਕਿ ਅਮਰੀਕਾ ਵਿਚਲੇ ਟਰੰਪ ਦੇ ਨੇੜਲੇ ਮਿੱਤਰਾਂ ਨੇ ਵੀ ਹੁਣ ਇਹ ਗੱਲ ਸ਼ਰ੍ਹੇਆਮ ਸਵੀਕਾਰ ਕਰ ਲਈ ਹੈ ਕਿ ਇਰਾਨ ਤੋਂ ਅਮਰੀਕਾ ਨੂੰ ਕੋਈ ਖਤਰਾ ਨਹੀਂ ਸੀ। ਸੰਸਾਰ ਭਰ ’ਚ ਜ਼ਿਆਦਾਤਰ ਲੋਕੀਂ ਇਹ ਮਹਿਸੂਸ ਕਰਦੇ ਹਨ ਕਿ ਡੋਨਾਲਡ ਟਰੰਪ ਨੇ ਇਹ ਜੰਗ ਆਪਣੇ ਚਹੇਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਦੀਆਂ ਉਤੇਜਨਾ ਭਰੀਆਂ ਸਲਾਹਾਂ ਨਾਲ ਵਿੱਢੀ ਹੈ। ਲੇਕਿਨ ਸਦੀਵੀ ਸੱਚ ਤਾਂ ਇਹ ਹੈ ਕਿ ਅਮਰੀਕਾ, ਈਰਾਨ ਸਮੇਤ ਸਮੁੱਚੇ ਮੱਧ ਪੂਰਬ ਖਿੱਤੇ ਦਾ ਤੇਲ-ਗੈਸ ਤੇ ਹੋਰ ਕੁਦਰਤੀ ਤੇ ਮਾਨਵੀ ਭੰਡਾਰ ਹਥਿਆਉਣਾ ਚਾਹੁੰਦਾ ਹੈ। ਇਸ ਜੰਗ ਰਾਹੀਂ ਅਮਰੀਕਾ ਨੂੰ ਸਮੁੱਚੇ ਏਸ਼ੀਆਈ ਮਹਾਦੀਪ ਨੂੰ ਜੰਗ ਦਾ ਅਖਾੜਾ ਬਣਾਉਣ ਦੀ ਆਪਣੀ ਚਿਰੋਕਣੀ ਮੰਸ਼ਾ ਵੀ ਪੂਰੀ ਹੁੰਦੀ ਦਿਖਾਈ ਦੇ ਰਹੀ ਸੀ। ਜੇਕਰ ਤੀਜੀ ਵਿਸ਼ਵ ਜੰਗ ਛਿੜ ਜਾਣ ਦੇ ਨਤੀਜੇ ਵਜੋਂ ਸੰਸਾਰ ਦੇ ਸਾਰੇ ਦੇਸ਼ ਹਥਿਆਰਾਂ ਦੀ ਦੌੜ ’ਚ ਸ਼ਾਮਲ ਹੋ ਜਾਣ ਤਾਂ ਅਮਰੀਕਾ ਇਸ ਸਥਿਤੀ ਨੂੰ ਵਧੇਰੇ ਤੋਂ ਵਧੇਰੇ ਹਥਿਆਰਾਂ ਦੀ ਵਿਕਰੀ ਰਾਹੀਂ ਆਪਣੇ ਲਈ ਵੱਧ ਤੋਂ ਵੱਧ ਮੁਨਾਫੇ ਕਮਾਉਣ ਦਾ ਮੁਫੀਦ ਮੌਕਾ ਵੀ ਸਮਝਦਾ ਹੈ। ਖੈਰ, ਇਹ ਸਕੂਨ ਦੀ ਗੱਲ ਹੈ ਕਿ ਫਿਲਹਾਲ ਅਮਰੀਕੀ ਸਦਰ ਦੀਆਂ ਸਭ ਧਮਕੀਆਂ ਦੇ ਬਾਵਜੂਦ ‘ਨਾਟੋ’ ਦੇ ਭਾਈਵਾਲ ਦੇਸ਼ਾਂ ਨੇ ਅਮਰੀਕਾ ਦਾ ਸਾਥ ਦੇਣ ਤੇ ਇਸ ਯੁੱਧ ’ਚ ਸ਼ਾਮਿਲ ਹੋਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਟਰੰਪ ਨੇ ਜੰਗ ਛੇੜਨ ਦਾ ਇਹ ਪੰਗਾ ਅਮਰੀਕੀ ਸਦਨ ਤੋਂ ਲੋੜੀਂਦੀ ਮਨਜ਼ੂਰੀ ਲੈਣ ਦੀ ਥਾਂ ਆਪਣੇ ਪੁੱਤ, ਧੀ-ਜੁਆਈ ਤੇ ਇਕ ਮਿੱਤਰ ਦੀ ਸਲਾਹ ’ਤੇ ਲਿਆ ਹੈ। ਵਿਸ਼ਵ ਦੇ ਰਾਜਸੀ ਪਟਲ ’ਤੇ ਇਹ ਵਿਚਾਰ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਜਦੋਂ ਦੁਨੀਆਂ ਦੇ ਸਭ ਤੋਂ ਤਾਕਤਵਰ ਸਮਝੇ ਜਾਂਦੇ ਦੇਸ਼, ਅਮਰੀਕਾ ਦੀ ਕਮਾਂਡ ਟਰੰਪ ਵਰਗੇ ਮੂਰਖ ਦੇ ਹੱਥਾਂ ’ਚ ਹੋਵੇ ਤਾਂ ਸੰਸਾਰ ਦੇ ਲੋਕ ਸ਼ਾਂਤੀ ਨਾਲ ਮਿਲ-ਜੁਲ ਕੇ ਰਹਿਣ ਬਾਰੇ ਸੋਚ ਵੀ ਕਿਵੇਂ ਸਕਦੇ ਹਨ? ਉਂਝ ਸਾਮਰਾਜ ਦਾ ਬੁਨਿਆਦੀ ਖਾਸਾ ਹੀ ਦੁਨੀਆ ਭਰ ’ਚ ਆਪਣੀ ਸਰਦਾਰੀ ਕਾਇਮ ਕਰਨ ਤੇ ਮੁਨਾਫ਼ਿਆਂ ’ਚ ਅਥਾਹ ਵਾਧਾ ਕਰਨ ਲਈ ‘ਧਾੜਵੀ ਹੱਲੇ’ ਕਰਨ ਵਾਲਾ ਹੈ। ਇਹ ਤੱਥ ਵਾਰ-ਵਾਰ ਸੱਚ ਸਿੱਧ ਹੋ ਰਿਹਾ ਹੈ ਕਿ ‘ਸਾਮਰਾਜ ਦੀ ਹੋਂਦ ਬਰਕਰਾਰ ਰਹਿੰਦਿਆਂ, ਸੰਸਾਰ ਅਮਨ ਸਦਾ ਹੀ ਖਤਰਿਆਂ ’ਚ ਘਿਰਿਆ ਰਹੇਗਾ।’
ਇਸ ਜੰਗ ਨਾਲ ਸੰਸਾਰ ਭਰ ਦੇ ਦੇਸ਼ਾਂ ਦੀ ਬਹੁ-ਗਿਣਤੀ ਵਸੋਂ ਨੂੰ ਲਾਜ਼ਮੀ ਖੁਰਾਕੀ ਵਸਤਾਂ ਦੀ ਭਾਰੀ ਕਮੀ, ਤੇਲ-ਗੈਸ ਤੇ ਇਸ ਨਾਲ ਸਬੰਧਤ ਵਸਤਾਂ ਦੀ ਕਿੱਲਤ ਤੇ ਕਾਲਾਬਾਜ਼ਾਰੀ, ਮਹਿੰਗਾਈ-ਬੇਰੁਜ਼ਗਾਰੀ ਦੇ ਬੇਲਗਾਮ ਵਾਧੇ, ਜਬਰੀ ਪਲਾਇਣ, ਸਰਕਾਰਾਂ ਵਲੋਂ ਲੋਕ ਭਲਾਈ ਲਈ ਰੱਖੇ ਜਾਂਦੇ ਫੰਡਾਂ ’ਚ ਭਾਰੀ ਕਟੌਤੀ ਆਦਿ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਹੈ। ਜੰਗ ਕਾਰਨ ਲੱਖਾਂ ਬੇਗੁਨਾਹਾਂ ਦੀਆਂ ਜਾਨਾਂ ਅਜਾਈਂ ਜਾਣ ਦੇ ਖਦਸ਼ੇ ਖੜ੍ਹੇ ਹੋ ਗਏ ਹਨ। ਇਰਾਨ ਦੀਆਂ ਸੈਂਕੜੇ ਸਕੂਲੀ ਬੱਚੀਆਂ ਦੀ ਅਮਰੀਕੀ ਬੰਬਾਰੀ ’ਚ ਹੋਈ ਖੌਫਨਾਕ ਮੌਤ ਰਾਹੀਂ ਇਸ ਅਸੱਭਿਅਕ ਵਰਤਾਰੇ ਦਾ ਮਨਹੂਸ ‘ਸ਼੍ਰੀ ਗਣੇਸ਼’ ਹੋ ਵੀ ਚੁੱਕਿਆ ਹੈ। ਇਹ ਜੰਗ ਇਨਸਾਨੀ ਹੋਂਦ ਲਈ ਅਤਿਅੰਤ ਲੋੜੀਂਦੇ ਮਾਨਵੀ ਤੇ ਕੁਦਰਤੀ ਸਰੋਤਾਂ ਦੀ ਭਾਰੀ ਤਬਾਹੀ ਦਾ ਜਰੀਆ ਬਣੇਗੀ। ਵਾਤਾਵਰਣ ’ਚ ਫੈਲ ਰਿਹਾ ਬਾਰੂਦੀ ਧੂੰਆਂ, ਪ੍ਰਦੂਸ਼ਣ ਤੇ ਹੋਰ ਜ਼ਹਿਰਾਂ ਸਮੁੱਚੀ ਮਾਨਵਤਾ ਦੇ ਜੀਅ ਦਾ ਜੰਜਾਲ ਬਣਨਗੀਆਂ। ਜੰਗ ਨੇ ਅਮਰੀਕਾ-ਇਜ਼ਰਾਇਲ ਜੰਗਬਾਜ਼ ਜੁੰਡਲੀ ਦੀ ਵਿਸ਼ਵ ’ਤੇ ਆਪਣੀ ਚੌਧਰ ਕਾਇਮ ਕਰਨ ਦੀ ‘ਦਾਨਵੀ’ ਭੁੱਖ ਦੇ ‘ਦਰਸ਼ਨ’ ਵਿਸ਼ਵ ਲੋਕਾਈ ਨੂੰ ਬਾਖੂਬੀ ਕਰਵਾ ਦਿੱਤੇ ਹਨ। ਦੁਨੀਆ ਦੇ ਸਾਰੇ ਕਾਇਦੇ-ਕਾਨੂੰਨ ਛਿੱਕੇ ਟੰਗ ਕੇ, ਵੈਨਜ਼ੁਏਲਾ, ਇਰਾਕ ਵਰਗੇ ਕਿਸੇ ਵੀ ਆਜ਼ਾਦ ਤੇ ਪ੍ਰਭੂਸੱਤਾ ਸੰਪੰਨ ਦੇਸ਼ ’ਤੇ ਹਮਲਾ ਕਰਕੇ, ਉੱਥੇ ਕਬਜ਼ਾ ਕਰਨ ਦੀ ਅਮਰੀਕਾ ਦੀ ਲਾਲਸਾ ਨੂੰ ਵੀ ਇਸ ਯੁੱਧ ਨੇ ਚੰਗੀ ਤਰ੍ਹਾਂ ਨਾਲ ਬੇਪਰਦ ਕੀਤਾ ਹੈ। ਖਾੜੀ ਦੇਸ਼ਾਂ ਅੰਦਰ ਭੜਕੇ ਜੰਗ ਦੇ ਇਹ ਖਤਰਨਾਕ ਚੰਗਿਆੜੇ, ਅਮਰੀਕੀ ਸਾਮਰਾਜ ਤੇ ਇਸ ਦੇ ਚਹੇਤੇ ਦੇਸ਼ਾਂ ਦੀ ਆਪਣੀ ਹਊਮੈ ਨੂੰ ਪੱਠੇ ਪਾਉਣ ਤੇ ਸੌੜੇ ਸਵਾਰਥੀ ਹਿਤ ਪੂਰੇ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਦੀ ਇਨ੍ਹਾਂ ਜਰਵਾਣਿਆਂ ਦੀ ਕੋਝੀ ਮਨਸ਼ਾ ਦੀ ਪੈਦਾਵਾਰ ਹਨ। ਕਿਸੇ ਵੀ ਦੇਸ਼ ਦੀ ਸਥਾਪਤ ਲੀਡਰਸ਼ਿਪ ਨੂੰ ਐਲਾਨ ਕਰਕੇ ਮਾਰ ਦੇਣਾ ਜਾਂ ਗ੍ਰਿਫਤਾਰ ਕਰ ਲੈਣਾ ਤੇ ਫਿਰ ਉਸ ਦੇਸ਼ ਦਾ ਅੰਦਰੂਨੀ ਢਾਂਚਾ ਬਦਲ ਕੇ ਆਪਣੇ ਹਥਠੋਕਿਆਂ ਨੂੰ ਸੱਤਾਧਾਰੀ ਬਣਾਉਣਾ ਸਾਮਰਾਜ ਲਈ ਹੁਣ ਰੋਜ਼ ਦੀ ਗੱਲ ਬਣ ਗਈ ਹੈ। ਇਹ ਕਾਰਵਾਈਆਂ ਸਾਮਰਾਜ ਦੀ ਉਸੇ ਫਾਸ਼ੀ ਸੋਚ ਦਾ ਹਿੱਸਾ ਹਨ, ਜਿਨ੍ਹਾਂ ਨੂੰ ਉਹ ‘ਜਮਹੂਰੀਅਤ ਦੀ ਬਹਾਲੀ’ ਤੇ ‘ਸੰਸਾਰ ਅਮਨ ਦੀ ਰਾਖੀ’ ਦੇ ਧੋਖੇ ਭਰੇ ਦਾਅਵੇ ਕਰਕੇ ਹੱਕੀ ਠਹਿਰਾਉਣ ਦਾ ਅਸਫਲ ਯਤਨ ਕਰਦਾ ਹੈ। ਸੰਸਾਰ ਦੇ ਹਰ ਦੇਸ਼ ਦੇ ਲੋਕਾਂ ਨੂੰ ਆਪੋ-ਆਪਣੀ ਆਜ਼ਾਦ ਮਰਜ਼ੀ ਨਾਲ ਰਾਜਸੀ-ਆਰਥਿਕ ਵਿਵਸਥਾ ਚੁਣਨ ਜਾਂ ਪੁਰਾਣੀ ਨੂੰ ਬਦਲ ਕੇ ਨਵੀਂ ਦੀ ਸਥਾਪਨਾ ਕਰਨ ਦਾ ਪੂਰਾ-ਪੂਰਾ ਹੱਕ ਹੈ। ਹੰਕਾਰੀ ਸਾਮਰਾਜ, ਗਲੋਬ ’ਤੇ ਆਪਣਾ ਗਲਬਾ ਕਾਇਮ ਕਰਨ ਲਈ, ਸੱਭਿਅਤਾ ਦੀ ਹੋਂਦ ਦੀ ਬੁਨਿਆਦ ਬਣ ਚੁੱਕੇ ਇਸ ਮੁੱਢਲੇ ਅਸੂਲ ਦੀ ਆਏ ਦਿਨ ਘੋਰ ਉਲੰਘਣਾ ਕਰੀ ਜਾ ਰਿਹਾ ਹੈ।
ਇਸ ਜੰਗ ਨੇ, ਅਮਰੀਕੀ ਸਾਮਰਾਜ ਨਾਲ ਪਾਈਆਂ ਯੁੱਧਨੀਤਕ ਸਾਂਝਾਂ ਦੇ ਸਿੱਟੇ ਵਜੋਂ ਭਾਰਤ ਦੀ ਮੋਦੀ ਸਰਕਾਰ ਵੱਲੋਂ ਅਪਣਾਈ ਅਜੋਕੀ ਨਾਕਸ ਵਿਦੇਸ਼ ਨੀਤੀ ਦਾ ਵੀ ਸੰਸਾਰ ਭਰ ’ਚ ਦਿਵਾਲਾ ਕੱਢ ਕੇ ਰੱਖ ਦਿੱਤਾ ਹੈ। ਅਤੀਤ ’ਚ ਭਾਰਤ ਨੇ ਦੋ ਸਮਾਨਾਂਤਰ ਫੌਜੀ ਗੁੱਟਾਂ (‘ਨਾਟੋ’ ਤੇ ‘ਵਾਰਸਾ’) ਤੋਂ ਅਲਹਿਦਾ ਰਹਿ ਕੇ ‘ਗੁੱਟ ਨਿਰਲੇਪ ਦੇਸ਼ਾਂ ਦਾ ਸਾਂਝਾ ਮੰਚ’ ਖੜ੍ਹਾ ਕਰਨ ’ਚ ਵੱਡਮੁੱਲਾ ਹਿੱਸਾ ਪਾਇਆ ਸੀ। ਯਾਦ ਰਹੇ ਗੁੱਟ ਨਿਰਲੇਪ ਦੇਸ਼ਾਂ ਨੇ ਕੌਮੀ ਮੁਕਤੀ ਦੀਆਂ ਲਹਿਰਾਂ ਦੀ ਡੱਟਵੀਂ ਹਮਾਇਤ ਕਰਦਿਆਂ ਸਾਮਰਾਜੀ ਤਾਕਤਾਂ ਵੱਲੋਂ ਕਿਸੇ ਵੀ ਦੇਸ਼ ਵਿਰੁੱਧ ਕੀਤੀਆਂ ਜਾਂਦੀਆਂ ਧਾੜਵੀਆਂ ਕਾਰਵਾਈਆਂ ਦਾ ਹਮੇਸ਼ਾ ਡਟਵਾਂ ਵਿਰੋਧ ਕੀਤਾ ਹੈ। ਪ੍ਰੰਤੂ ਅਮਰੀਕਾ-ਇਜ਼ਰਾਇਲ ਜੰਗਬਾਜ਼ ਜੁੰਡਲੀ ਵਲੋਂ ਇਰਾਨ ’ਤੇ ਕੀਤੇ ਗਏ ਹਾਲੀਆ ਹਮਲੇ ਸਮੇਂ ਭਾਰਤ ਨੇ ਪੀੜਤ ਇਰਾਨ ਸੰਗ ਡੱਟ ਕੇ ਖੜ੍ਹਨ ਦੀ ਥਾਂ ਸ਼ਰ੍ਹੇਆਮ ਧਾੜਵੀਆਂ ਦਾ ਪੱਖ ਪੂਰਿਆ ਹੈ।
ਡੋਨਾਲਡ ਟਰੰਪ ਨੇ ਪਿਛਲੇ ਸਮੇਂ ’ਚ ਪ੍ਰਧਾਨ ਮੰਤਰੀ ਮੋਦੀ ਤੇ ਭਾਰਤ ਦੇ ਲੋਕਾਂ ਦੀ ਐਸੀ ਖਿੱਲੀ ਉਡਾਈ ਹੈ, ਜਿਸਨੂੰ ਕੋਈ ਵੀ ਸਵੈਮਾਨ ਵਾਲਾ ਆਜ਼ਾਦ ਦੇਸ਼ ਕਤਈ ਬਰਦਾਸ਼ਤ ਨਹੀਂ ਕਰ ਸਕਦਾ। ਲੰਘੇ ਸਾਲ ਜੰਮੂ-ਕਸ਼ਮੀਰ ਸੂਬੇ ਦੇ ਪਹਿਲਗਾਮ ਵਿਖੇ ਇਕ ਬਹੁਤ ਹੀ ਦੁਖਦਾਈ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ ਸਰਹੱਦ ਪਾਰੋਂ ਆਏ ਅੱਤਵਾਦੀਆਂ ਨੇ ਦਰਜਨਾਂ ਭਾਰਤੀ ਨਾਗਰਿਕ ਸ਼ਹੀਦ ਕਰ ਦਿੱਤੇ ਸਨ। ਇਸ ਕਾਇਰਾਨਾ ਕਰਤੂਤ ਤੋਂ ਪਿਛੋਂ ਭਾਰਤ ਨੇ ਅੱਤਵਾਦੀਆਂ ਨੂੰ ਸ਼ਹਿ ’ਤੇ ਪਨਾਹ ਦੇਣ ਬਦਲੇ ਪਾਕਿਸਤਾਨ ਵਿਰੁੱਧ ‘ਆਪ੍ਰੇਸ਼ਨ ਸਿੰਧੂਰ’ ਤਹਿਤ ਸੀਮਤ ਫੌਜੀ ਕਾਰਵਾਈ ਕੀਤੀ ਸੀ। ਟਰੰਪ ਸਾਹਿਬ ਨੇ ਉਦੋਂ ਇਹ ਕਾਰਵਾਈ ਰੋਕਣ ਦਾ ਸਿਹਰਾ ਵਾਰ-ਵਾਰ ਆਪਣੇ ਸਿਰ ਸਜਾਉਣ ਦਾ ਖੂਬ ਸੁਆਂਗ ਰਚਿਆ ਸੀ। ਉਸ ਦੇ ਇਨ੍ਹਾਂ ਬੜਬੋਲੇ ਦਾਅਵਿਆਂ ਨਾਲ ਭਾਰਤੀ ਰਾਜ ਨੇਤਾਵਾਂ ਦੀ ਉਕਤ ਗੋਡੇ-ਟੇਕੂ ਰਾਜਨੀਤੀ ਸੰਸਾਰ ਭਰ ’ਚ ਬਾਖੂਬੀ ਬੇਪਰਦ ਹੋਈ ਹੈ। ਦੁਖਦਾਈ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅੱਜ ਤਾਈਂ ਵੀ ਟਰੰਪ ਦੇ ਇਨ੍ਹਾਂ ਹੱਤਕ ਭਰੇ ਬਿਆਨਾਂ ਖ਼ਿਲਾਫ਼ ਆਪਣੀ ਜ਼ੁਬਾਨ ’ਚੋਂ ਇਕ ਸ਼ਬਦ ਤੱਕ ਵੀ ਨਹੀਂ ਬੋਲ ਸਕੇ।
ਇਹ ਵੀ ਸਾਮਰਾਜ ਨਾਲ ਪਾਈਆਂ ਯੁਧਨੀਤਕ ਸਾਂਝਾਂ ਦਾ ਹੀ ਨਤੀਜਾ ਹੈ ਕਿ ਭਾਰਤ ਨੇ ਆਪਣੇ ਪਰਖੇ ਹੋਏ ਮਿੱਤਰ ਦੇਸ਼ ਇਰਾਨ ’ਤੇ ਅਮਰੀਕਾ-ਇਜ਼ਰਾਇਲ ਵੱਲੋਂ ਕੀਤੇ ਹਮਲੇ ਦਾ ਉੱਕਾ ਹੀ ਵਿਰੋਧ ਨਹੀਂ ਕੀਤਾ। ਨਾ ਹੀ ਸਰਕਾਰੀ ਬੁਲਾਰਿਆਂ ਜਾਂ ਰਾਜ ਕਰਦੀ ਧਿਰ ਦੇ ਨੇਤਾਵਾਂ ਨੇ ਇਰਾਨ ਦੇ ਸਰਵ ਉੱਚ ਨੇਤਾ ਅਲੀ ਖੁਮੈਨੇਈ ਤੇ ਹੋਰ ਵੱਡੇ ਆਗੂਆਂ ਦੇ ਕਤਲਾਂ ਦੀ ਨਿਖੇਧੀ ਕੀਤੀ ਹੈ। ਅਧਿਕਾਰਤ ਬਿਆਨ ’ਚ ਖੁਮੈਨੀ ਦੇ ਕਤਲ ਨੂੰ ਸਿਰਫ ਮੌਤ ਹੀ ਦੱਸਿਆ ਗਿਆ ਹੈ। ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦਾ ਨਿਘਾਰ ਕਿਸ ਹੱਦ ਤੱਕ ਪੁੱਜ ਗਿਆ ਹੈ ਕਿ ਇਸ ਦਾ ਅੰਦਾਜ਼ਾ ਹਿੰਦ ਮਹਾਂ ਸਾਗਰ ’ਚ ਵਾਪਰੀ ਇਕ ਹੋਰ ਸ਼ਰਮਨਾਕ ਵਾਰਦਾਤ ਤੋਂ ਬਾਖੂਬੀ ਲਾਇਆ ਜਾ ਸਕਦਾ ਹੈ। ਹੋਇਆ ਇੰਜ ਕਿ ਭਾਰਤ ਦੇ ਸੱਦੇ ’ਤੇ ਨੇਵੀ ਦੀਆਂ ਸਾਂਝੀਆਂ ਮਸ਼ਕਾਂ ’ਚ ਹਿੱਸਾ ਲੈਣ ਆਏ ਇਰਾਨ ਦੇ ਸਮੁੰਦਰੀ ਜਹਾਜ਼ ’ਚ ਸਵਾਰ 97 ਸੈਨਿਕਾਂ ਨੂੰ ਅਮਰੀਕੀ ਸੈਨਾਵਾਂ ਵੱਲੋਂ ਹਮਲਾ ਕਰਕੇ ਉਦੋਂ ਮਾਰ ਮੁਕਾਇਆ ਗਿਆ ਸੀ, ਜਦੋਂ ਉਹ ਆਪਣੇ ਦੇਸ਼ ਇਰਾਨ ਨੂੰ ਵਾਪਸ ਪਰਤ ਰਹੇ ਸਨ। ਅਮਰੀਕਾ ਦੀ ਇਸ ਅਤਿ ਨਿੰਦਣਯੋਗ ਕਾਇਰਾਨਾ ਕਰਤੂਤ ਦੀ ਨਿਖੇਧੀ ਕਰਨੀ ਤਾਂ ਦੂਰ ਭਾਰਤ ਵਲੋਂ ਈਰਾਨੀ ਜਹਾਜਿਆਂ ਦੀ ਦਰਦਨਾਕ ਮੌਤ ’ਤੇ ਸ਼ੋਕ ਦਾ ਰਸਮੀ ਪ੍ਰਗਟਾਵਾ ਤੱਕ ਵੀ ਨਾ ਕੀਤਾ ਗਿਆ। ਹਮਲਾਵਰ ਅਮਰੀਕਾ-ਇਜ਼ਰਾਇਲ ਵੱਲੋਂ ਛੇੜੇ ਗਏ ਇਸ ਯੁੱਧ ’ਚ ਭਾਰਤ ਵਲੋਂ ਇਰਾਨ ਸੰਗ ਖੜ੍ਹਨ ਦੀ ਥਾਂ ਹਮਲਾਵਰਾਂ ਨਾਲ ਖੜ੍ਹੇ ਹੋਣਾ ਜਾਂ ਨਿਰਪੱਖ ਦਰਸ਼ਕ ਬਣੇ ਰਹਿਣ ਦਾ ਝੂਠਾ ਡਰਾਮਾ ਰਚਦਿਆਂ ਆਪਣੇ ਦੇਸ਼ ਤੇ ਦੁਨੀਆਂ ਦੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰਨਾ ਕਿਸੇ ਵੀ ਤਰ੍ਹਾਂ ਤਰਕ ਸੰਗਤ ਨਹੀਂ ਕਿਹਾ ਜਾ ਸਕਦਾ। ਇਨ੍ਹਾਂ ਨੀਤੀਆਂ ਨਾਲ ਭਾਰਤ ਦੀ ਦੁਨੀਆ ਭਰ ’ਚ ਬਹੁਤ ਕਿਰਕਿਰੀ ਹੋਈ ਹੈ।
ਅਮਰੀਕਾ ਨਾਲ ਮੋਦੀ ਸਰਕਾਰ ਦੀ ਦੋਸਤੀ ਦਾ ਭੈੜਾ ‘ਨਤੀਜਾ’ ਭਾਰਤ-ਅਮਰੀਕਾ ਦਰਮਿਆਨ ਹੋਣ ਵਾਲੇ ‘ਮੁਕਤ ਵਪਾਰ ਸਮਝੌਤੇ’ ’ਚ ਭਾਰਤ ਦੇ ਹਿਤ ਕੁਰਬਾਨ ਕੀਤੇ ਜਾਣ ਤੋਂ ਵੀ ਸਾਫ ਦੇਖਿਆ ਜਾ ਸਕਦਾ ਹੈ। ਉਕਤ ਸਮਝੌਤੇ ਰਾਹੀਂ ਭਾਰਤ ਲਈ ਕਈ ਅਣਸੁਖਾਵੀਆਂ ਸ਼ਰਤਾਂ ਸਵੀਕਾਰ ਕੀਤੇ ਜਾਣ ਦੇ ਭਿਆਨਕ ਸਿੱਟੇ ਭਾਰਤ ਦੀ ਖੇਤੀ-ਕਿਸਾਨੀ, ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰ ਤੇ ਪ੍ਰਚੂਨ ਵਪਾਰ ਦੀ ਤਬਾਹੀ ਦੇ ਰੂਪ ’ਚ ਸਾਹਮਣੇ ਆਉਣ ਵਾਲੇ ਹਨ। ਸਮਝੌਤਾ, ਜਿਸ ਦਾ ਅਜੇ ਸਿਰਫ ਚੌਖਟਾ ਹੀ ਤਿਆਰ ਕੀਤਾ ਗਿਆ ਹੈ, ਇਹ ਸੁਨਿਸ਼ਚਤ ਕਰਦਾ ਹੈ ਕਿ ਅਮਰੀਕਾ ਦੇ ਕਿਸਾਨਾਂ ਵਲੋਂ ਭਾਰੀ ਸਬਸਿਡੀਆਂ ਹਾਸਲ ਕਰਕੇ ਤਿਆਰ ਕੀਤੀਆਂ ਮੱਕੀ, ਸੋਇਆਬੀਨ, ਫਲ, ਸੁੱਕੇ ਮੇਵੇ ਆਦਿ ਖੇਤੀ ਵਸਤਾਂ ਨੂੰ ਭਾਰਤੀ ਮੰਡੀ ’ਚ ਉਤਾਰ ਕੇ ਅਮਰੀਕਾ ਸਾਡੇ ਮੁਕਾਬਲੇ ਸਸਤੇ ਭਾਅ ’ਤੇ ਵੇਚੇਗਾ। ਇੰਝ, ਇਹ ਸਾਡੀ ਕਿਸਾਨੀ ਨੂੰ ਖੇਤੀਬਾੜੀ ’ਚੋਂ ਬਾਹਰ ਕੱਢ ਦੇਣ ਦੀਆਂ ਤਿਆਰੀਆਂ ਕਰੀ ਬੈਠਾ ਹੈ। ਖੇਤੀ ਧੰਦੇ ਨਾਲ ਜੁੜਿਆ ਭਾਰਤੀ ਵਸੋਂ ਦਾ ਵੱਡਾ ਹਿੱਸਾ, ਖੁਰਾਕੀ ਵਸਤਾਂ ਦੀ ਕਮੀ, ਵੱਧ ਰਹੀ ਮਹਿੰਗਾਈ-ਬੇਰੁਜ਼ਗਾਰੀ ਤੇ ਗਰੀਬੀ ਕਾਰਨ ਤਬਾਹ ਹੋ ਜਾਵੇਗਾ। ਇਹ ਵੀ ਤੈਅ ਹੈ ਕਿ ਅਮਰੀਕਾ ਨਾਲ ਪਾਈਆਂ ਮੋਦੀ ਸਰਕਾਰ ਦੀਆਂ ਯੁਧਨੀਤਕ ਸਾਂਝਾਂ ਤੇ ‘ਖੁੱਲ੍ਹੇ ਵਿਉਪਾਰ ਸਮਝੌਤੇ’ ’ਤੇ ਸਹੀ ਪਾਉਣ ਦੇ ਸਿੱਟੇ ਵਜੋਂ ਸਾਡਾ ਦੇਸ਼ ਸਾਮਰਾਜੀ ਗੁਲਾਮੀ ਦੇ ਅਜੇਹੇ ‘ਨਵਬਸਤੀਵਾਦੀ’ ਦੌਰ ’ਚ ਪੁੱਜ ਜਵੇਗਾ, ਜਿੱਥੇ ਸਰਕਾਰ ਤਾਂ ਭਾਰਤੀ ਲੋਕਾਂ ਦੀ ਚੁਣੀ ਹੋਈ ਹੋਵੇਗੀ, ਪ੍ਰੰਤੂ ਆਰਥਿਕ, ਵਪਾਰਕ ਤੇ ਰਾਜਸੀ ਫੈਸਲੇ, ਅਮਰੀਕਾ ਦੀ ਮਨਜ਼ੂਰੀ ਨਾਲ ਹੀ ਲਏ ਜਾਣਗੇ। ਖਾੜੀ ਜੰਗ ਦੌਰਾਨ ਊਰਜਾ ਦੀ ਕਮੀ ਦੇ ਮੱਦੇਨਜ਼ਰ, ਅਮਰੀਕਾ ਵਲੋਂ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਦੀ ਬੜੇ ਹੰਕਾਰੀ ਢੰਗ ਨਾਲ ਸਿਰਫ 30 ਦਿਨਾਂ ਲਈ ਇਜ਼ਾਜ਼ਤ ਦਿੱਤੇ ਜਾਣ ਤੋਂ ਇਸ ਨੀਤੀ ਦੇ ਬਾਖੂਬੀ ਦਰਸ਼ਨ ਹੋ ਜਾਂਦੇ ਹਨ। ਯਾਦ ਰਹੇ, ਭਾਰਤ ਨੇ ਅਮਰੀਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਰੂਸ ਤੇ ਇਰਾਨ ਤੋਂ ਤੇਲ ਦੀ ਖਰੀਦ ਬੰਦ ਕੀਤੀ ਹੋਈ ਹੈ। ਇਹ ‘ਨਵਬਸਤੀਵਾਦੀ’ ਗੁਲਾਮੀ ਨਹੀਂ ਤਾਂ ਹੋਰ ਕੀ ਹੈ?
ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ਭਾਰਤ ਨੂੰ ਸਾਮਰਾਜੀ ਅਮਰੀਕਾ ਤੇ ਇਸਦੇ ਭਾਈਵਾਲਾਂ ਦੇ ਆਰਥਿਕ-ਸਿਆਸੀ ‘ਚੱਕਰਵਿਯੂਹ’ ’ਚੋਂ ਬਾਹਰ ਕੱਢਣ ਵਾਸਤੇ ਸਾਨੂੰ ਆਜ਼ਾਦੀ ਦੀ ਇਕ ਹੋਰ ਜੰਗ ਲੜਨੀ ਪੈ ਸਕਦੀ ਹੈ। ਇਹ ਜੰਗ 1947 ’ਚ ਪ੍ਰਾਪਤ ਕੀਤੀ ਆਜ਼ਾਦੀ ਲਈ ਲੜੇ ਗਏ ਲੰਬੇ ਕੌਮੀ ਮੁਕਤੀ ਸੰਗਰਾਮ ਨਾਲੋਂ ਕਿਤੇ ਜ਼ਿਆਦਾ ਕਠਿਨ ਤੇ ਖਤਰਨਾਕ ਹੋਵੇਗੀ। ਅੰਗ੍ਰੇਜ਼ੀ ਸਾਮਰਾਜ ਵਿਰੁੱਧ ਲੜੇ ਗਏ ਆਜ਼ਾਦੀ ਸੰਗਰਾਮ ਦੌਰਾਨ ਭਾਰਤ ਦੇ ਸਮੁੱਚੇ ਲੋਕ ਧਰਮਾਂ, ਜਾਤੀਆਂ, ਕੌਮੀਅਤਾਂ, ਬੋਲੀਆਂ ਤੇ ਇਲਾਕੇ ਆਦਿ ਦੀਆਂ ਸਾਰੀਆਂ ਵੰਡੀਆਂ ਖਤਮ ਕਰਦਿਆਂ ਇਕਮੁੱਠ ਹੋ ਕੇ ਬਸਤੀਵਾਦੀ ਗੁਲ਼ਾਮੀ ਦੇ ਜੂਲੇ ਤੋਂ ਮੁਕਤੀ ਲਈ ਜੂਝੇ ਸਨ। ਪ੍ਰੰਤੂ ਆਰ.ਐਸ.ਐਸ. ਦੀ ਪੁਸ਼ਤ-ਪਨਾਹੀ ਵਾਲੀ ਮੋਦੀ ਸਰਕਾਰ ਤੇ ਸੰਘ ਪਰਿਵਾਰ ਦੇ ਮੈਂਬਰਾਂ ਵੱਲੋਂ ਪਿਛਲੇ 11-12 ਸਾਲਾਂ ਦੌਰਾਨ ਕੀਤੇ ਫਿਰਕੂ ਤੇ ਸੰਕੀਰਨਤਾਵਾਦੀ ਕੂੜ ਪ੍ਰਚਾਰ ਕਾਰਨ ਅਜੋਕਾ ਭਾਰਤੀ ਸਮਾਜ ਵੱਡੀ ਪੱਧਰ ’ਤੇ ਫਿਰਕੂ ਆਧਾਰ ’ਤੇ ਵੰਡਿਆ ਜਾ ਚੁੱਕਿਆ ਹੈ। ਅਜੋਕੇ ਸਮੇਂ ਦੀ ਮੁੱਖ ਲੋੜ ਹੁਣ ਸਿਰਫ ਚੋਣਾਂ ’ਚ ਭਾਜਪਾ ਨੂੰ ਹਾਰ ਦੇ ਕੇ ਕੇਂਦਰ ਤੇ ਰਾਜਾਂ ’ਚ ਗੈਰ ਭਾਜਪਾ ਸਰਕਾਰਾਂ ਕਾਇਮ ਕਰਨ ਤੱਕ ਹੀ ਮਹਿਦੂਦ ਨਹੀਂ ਰਹੀ। ਬਲਕਿ ਦੇਸ਼ ਅੰਦਰ ਆਰ.ਐਸ.ਐਸ. ਤੇ ਮੋਦੀ ਸਰਕਾਰ ਵੱਲੋਂ ਧਰਮ ਨਿਰਪੱਖ ਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਲਾਈ ਜਾ ਰਹੀ ਢਾਹ ਦੇ ਮੱਦੇਨਜ਼ਰ ਇਨ੍ਹਾਂ ਦੀ ਰਾਖੀ ਤੇ ਮਜ਼ਬੂਤੀ ਲਈ ਵੱਡੇ ਯਤਨਾਂ ਦੀ ਜ਼ਰੂਰਤ ਹੈ। ਨਾਲ ਹੀ ਭਾਰਤ ਦੇ ਅਜੋਕੇ ਸੰਵਿਧਾਨ ਦੀ ਰਾਖੀ ਕਰਦਿਆਂ ਸਾਮਰਾਜੀਆਂ ਵੱਲੋਂ ਦੇਸ਼ ਦੇ ਅਰਥਚਾਰੇ ਤੇ ਰਾਜਸੀ-ਪ੍ਰਸ਼ਾਸ਼ਕੀ ਢਾਂਚੇ ਅੰਦਰ ਕੀਤੀ ਘੁਸਪੈਠ ਤੋਂ ਮੁਕਤੀ ਹਾਸਲ ਕਰਨੀ ਵੀ ਅਸਾਡੇ ਲਈ ਅੱਜ ਇਕ ਵੱਡੀ ਵੰਗਾਰ ਹੈ। ਦੇਸ਼ ਨੂੰ ਦੂਜੀ ਆਜ਼ਾਦੀ ਅਸਲ ’ਚ ਜੀ.ਐਸ.ਟੀ. ਕਾਨੂੰਨ, ਜਿਸ ਨੂੰ ਲਾਗੂ ਕਰਨ ਦਾ ਐਲਾਨ ਪ੍ਰਧਾਨ ਮੰਤਰੀ ਮੋਦੀ ਨੇ ਅੱਧੀ ਰਾਤ ਨੂੰ ਪਾਰਲੀਮੈਂਟ ਦਾ ਵਿਸ਼ੇਸ਼ ਸ਼ੈਸ਼ਨ ਬੁਲਾ ਕੇ ਕੀਤਾ ਸੀ, ਲਾਗੂ ਹੋਣ ਨਾਲ ਨਹੀਂ ਸੀ ਮਿਲੀ। ਆਜ਼ਾਦੀ ਦੀ ਦੂਜੀ ਜੰਗ ਤਾਂ ਬਲਕਿ ਸਾਮਰਾਜ ਤੇ ਇਸਦੇ ਭਾਈਵਾਲਾਂ, ਇਨ੍ਹਾਂ ਦੇ ਕਾਬੂ ਹੇਠਲੀਆਂ ਕੌਮਾਂਤਰੀ ਵਿੱਤੀ ਸੰਸਥਾਵਾਂ ਤੇ ਬਹੁ ਕੌਮੀ ਕਾਰਪੋਰੇਸ਼ਨਾਂ ਅਤੇ ਸੱਜ ਪਿਛਾਖੜ ਤੋਂ ਮੁਕਤੀ ਹਾਸਲ ਕਰਕੇ ਹੀ ਜਿੱਤੀ ਜਾ ਸਕਦੀ ਹੈ। ਅਜੋਕੇ ਹਾਲਾਤ ’ਚ ਦੇਸ਼ ਦੀ ਆਜ਼ਾਦੀ ਤੇ ਏਕਤਾ-ਅਖੰਡਤਾ ਨੂੰ ਮਜ਼ਬੂਤ ਕਰਕੇ ਸਾਮਰਾਜੀ ਲੁੱਟ-ਖਸੁੱਟ ਤੇ ਦਖਲ-ਦਾਬੇ ਤੋਂ ਮੁਕਤ ਸਵੈ-ਨਿਰਭਰ ਆਰਥਿਕ ਵਿਕਾਸ ਦੇ ਰਾਹ ਤੁਰਦਿਆਂ ਇਹ ਜੰਗ ਜਿੱਤਣੀ ਹਰ ਦੇਸ਼ ਭਗਤ ਭਾਰਤੀ ਦਾ ਮੂਲ ਫਰਜ਼ ਹੈ।

Scroll To Top