ਸ਼ਮਸ਼ੇਰ ਸਿੰਘ ਬਟਾਲਾ
ਗ਼ਦਰ ਪਾਰਟੀ, 20 ਵੀਂ ਸਦੀ ਦੇ ਆਰੰਭ ’ਚ ਹੋਂਦ ’ਚ ਆਈ ਇੱਕ ਕੌਮਾਂਤਰੀ ਸਿਆਸੀ ਲਹਿਰ ਸੀ। ਇਸਦੀ ਸਥਾਪਨਾ ਵਿਦੇਸ਼ਾਂ ’ਚ ਵਸਦੇ ਹਿੰਦੀਆਂ ਨੇ ਭਾਰਤ ’ਚੋਂ ਬਸਤੀਵਾਦੀ ਬ੍ਰਿਟਿਸ਼ ਸ਼ਾਸਨ ਦੀਆਂ ਜੜ੍ਹਾਂ ਉਖਾੜ ਸੁੱਟਣ ਲਈ ਕੀਤੀ ਸੀ। ਬੇਮਿਸਾਲ ਕੁਰਬਾਨੀਆਂ ਦੀ ਮਹਾਨ ਗਾਥਾ ਲਿਖਣ ਵਾਲੀ ਇਹ ਲਹਿਰ ਭਵਿੱਖ ਦੇ ਆਜ਼ਾਦੀ ਸੰਗਰਾਮੀਆਂ ਲਈ ਮਹਾਨ ਪ੍ਰੇਰਣਾ ਸਰੋਤ ਹੋ ਨਿਬੱੜੀ ਸੀ। ਸੁਤੰਤਰਤਾ ਤੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਦੁਨੀਆਂ ਭਰ ਦੇ ਲੋਕਾਂ ਦੇ ਸਾਂਝੇ ਵਿਸ਼ਵ ਇਤਿਹਾਸ ਦੇ ਸੁਨਹਿਰੀ ਵਰਕ ਦਾ ਦਰਜਾ ਹਾਸਲ ਕਰ ਚੁੱਕੀ ਇਹ ਲਹਿਰ ਅੱਜ ਵੀ ਮਾਨਵ ਕਲਿਆਣ ਲਈ ਜੂਝ ਰਹੇ ਇਨਕਲਾਬੀਆਂ ਲਈ ਪ੍ਰੇਰਣਾ ਦਾ ਵਿਸ਼ਾਲ ਸੋਮਾ ਬਣੀ ਹੋਈ ਹੈ। ਯਾਦ ਰਹੇ, ਗ਼ਦਰ ਲਹਿਰ ਹੀ ਸੁਤੰਤਰਤਾ ਸੰਗਰਾਮ ਦੀ ਉਹ ਪਹਿਲੀ ਤਹਿਰੀਕ ਸੀ, ਜਿਸ ਨੇ ਅੰਗ੍ਰੇਜ਼ੀ ਸਾਮਰਾਜ ਦੀ ਗੁਲਾਮੀ ਤੋਂ ਮੁਕਤੀ ਦੇ ਨਾਲ ਹੀ ਦੇਸ਼ ਵਾਸੀਆਂ ਸਾਹਵੇਂ ਇਨਕਲਾਬੀ ਸਿਆਸੀ ਬਦਲ ਦਾ ਖਾਕਾ ਵੀ ਰੱਖਿਆ ਸੀ। ਭਾਵ ਇਸ ਲਹਿਰ ਨੇ ਅੰਗ੍ਰੇਜ਼ ਸਾਮਰਾਜ ਨੂੰ ਦੇਸ਼ ’ਚੋਂ ਚਲਦਾ ਕਰਨ ਤੇ ਭਾਰਤ ਅੰਦਰ ਭਵਿੱਖ ਦਾ ਲੋਕ-ਪੱਖੀ ਨਿਜ਼ਾਮ ਸਿਰਜਣ ਦਾ ਸੁਪਨਾ ਸਾਹਮਣੇ ਲਿਆਂਦਾ ਸੀ। ਇਹ ਸੁਪਨਾ ਸੰਪੂਰਨ ਕਰਨ ਲਈ ਗ਼ਦਰੀਆਂ ਨੇ ਸਿਆਸੀ ਪਾਰਟੀ ਦੀ ਉਸਾਰੀ ਤੇ ਸਿਆਸਤ ਦੇ ਮਹੱਤਵ ਨੂੰ ਬਾਖੂਬੀ ਸਮਝਿਆ ਤੇ ਉਭਾਰਿਆ। ਗ਼ਦਰੀਆਂ ਦੀ ਇਸ ਸਮਝ ਨੇ ਹਿੰਦ ਵਾਸੀਆਂ, ਖਾਸ ਕਰਕੇ ਨੌਜਵਾਨਾਂ ਨੂੰ ਬਸਤੀਵਾਦੀਆਂ ਦੀ ਗੁਲਾਮੀ ਦਾ ਤੀਬਰ ਅਹਿਸਾਸ ਕਰਵਾਇਆ ਤੇ ਆਜ਼ਾਦੀ ਪ੍ਰਾਪਤੀ ਲਈ ਜੂਝ ਮਰਨ ਦੇ ਰਾਹ ਤੋਰਿਆ। ਗ਼ਦਰ ਲਹਿਰ ਦੀ ਇਸੇ ਸ਼ਾਨਾਮੱਤੀ ਵਿਰਾਸਤ ਨੂੰ ਅਪਨਾਉਣ ਵਾਲਿਆਂ ਨੇ ਅਖੀਰ ਉਹ ਸਲਤਨਤ, ਜਿਸ ਬਾਰੇ ਇਹ ਮਸ਼ਹੂਰ ਸੀ ਕਿ ਇਸ ਦਾ ਸੂਰਜ ਕਿਸੇ ਵੇਲੇ ਵੀ ਗ਼ਰੂਬ ਨਹੀਂ ਹੁੰਦਾ, ਦੀ ਇਕ ਸ਼ਕਤੀਸ਼ਾਲੀ ਸਾਮਰਾਜ ਵਜੋਂ ਹੋਂਦ ਮਿਟਾ ਦਿੱਤੀ ਸੀ। ਇਹ ਲਹਿਰ, ਮਾਮੂਲੀ ਸਾਧਨਾਂ ਦੇ ਬਾਵਜੂਦ ਅਮਰੀਕਾ ਦੀ ਧਰਤੀ ਤੋਂ ਜਨਮ ਲੈ ਕੇ ਕੈਨੇਡਾ, ਅਰਜਨਟੀਨਾ, ਚੀਨ, ਸਿੰਘਾਪੁਰ, ਮਲੇਸ਼ੀਆ, ਮਲਾਇਆ, ਜਪਾਨ, ਬਰਮਾ ਆਦਿ ਦੇਸ਼ਾਂ ਸਮੇਤ ਸੰਸਾਰ ਦੇ ਕੋਨੇ-ਕੋਨੇ ’ਚ ਜਾ ਪਹੁੰਚੀ ਸੀ। ਸੁਤੰਤਰਤਾ ਸੰਗਰਾਮ ਦੀ ਰਹਿਨੁੰਮਾਈ ਕਰਨ ਵਾਲੀ ਇਹ ਲਹਿਰ ਆਮ ਲੋਕਾਂ ਦੀ ਹਰਮਨ ਪਿਆਰੀ ਲਹਿਰ ਬਣ ਗਈ ਤੇ ਲੋਕਾਂ ਨੇ ਲਹਿਰ ਲਈ ਆਪਣਾ ਤਨ, ਮਨ, ਧਨ ਕੁਰਬਾਨ ਕਰਨ ਦਾ ਤਹੱਈਆ ਕਰ ਲਿਆ ਸੀ। ਇਹੋ ਨਹੀਂ ਇਸ ਲਹਿਰ ਨੇ 1857 ਦੇ ਗ਼ਦਰ ਦੀ ਭੁੱਲੀ-ਵਿਸਰੀ ਕਹਾਣੀ ਨੂੰ ਵੀ ਲੋਕਾਂ ਦੇ ਚੇਤਿਆਂ ਚ ਮੁੜ ਉਜ਼ਾਗਰ ਕਰ ਕਰ ਦਿੱਤਾ ਸੀ।
ਗ਼ਦਰੀਆਂ ਦੇ ਇਸ ਮਾਣਮੱਤੇ ਸੰਗਰਾਮ ਦੌਰਾਨ ਬੜੀਆਂ ਅਹਿਮ ਘਟਨਾਵਾਂ ਵਾਪਰੀਆਂ ਸਨ। ਇਨ੍ਹਾਂ ’ਚ ਗ਼ਦਰੀਆਂ ਦੀ ਜਲਾਵਤਨੀ ਤੇ ਕਾਲੇ ਪਾਣੀ ਜੇਲ੍ਹ ਦੀਆਂ ਲੰਮੀ ਮਿਆਦ ਦੀਆਂ ਸਖਤ ਕੈਦਾਂ, ਕਾਮਾਗਾਟਾਮਾਰੂ ਜਹਾਜ਼ ਦੀ ਵਤਨ ਵਾਪਸੀ, ਬਜਬਜ ਘਾਟ ਦਾ ਸ਼ਹੀਦੀ ਸਾਕਾ, ਭਾਈ ਭਾਗ ਸਿੰਘ ਹੋਰਾਂ ਦਾ ਕਤਲ, ਗ਼ਦਰੀ ਮੇਵਾ ਸਿੰਘ ਨੂੰ ਕੈਨੇਡਾ ਵਿਖੇ ਫਾਂਸੀ ਚਾੜ੍ਹ ਕੇ ਸ਼ਹੀਦ ਕਰਨਾ, ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੀ ਸ਼ਹਾਦਤ, ਗ਼ਦਰੀਆਂ ਦਾ ਦੇਸ਼ ਪਰਤਣਾ, ਫੌਜੀਆਂ ਵਿਚ ਬਗ਼ਾਵਤ ਦਾ ਪ੍ਰਚਾਰ ਕਰਨਾ ਤੇ ਉਹਨਾਂ ਦਾ ਬਾਗ਼ੀ ਹੋ ਜਾਣਾ ਆਦਿ ਪ੍ਰਮੁੱਖ ਹਨ।
15 ਫਰਵਰੀ 1915 ਦੀ ਸਿੰਘਾਪੁਰ ਬਗ਼ਾਵਤ
ਅੰਗ੍ਰੇਜਾਂ ਦੀਆਂ ਦੋ ਦੇਸੀ ਫੌਜੀ ਪਲਟਨਾਂ ‘ਪੰਜਵੀਂ ਲਾਈਟ ਇਨਫੈਂਟਰੀ’ ਤੇ ‘ਮਲਾਇਆ ਰਿਆਸਤੀ ਗਾਈਡ’, ਜਿਨ੍ਹਾਂ ’ਚ ਸਾਰੇ ਦੇ ਸਾਰੇ ਸਿਪਾਹੀ ਮੁਸਲਮ ਧਰਮ ਨੂੰ ਮੰਨਣ ਵਾਲੇ ਰੰਗੜ ਤੇ ਪਠਾਣ ਰਾਜਪੂਤ ਸਨ, ਸਿੰਘਾਪੁਰ ਵਿਖੇ ਤਾਇਨਾਤ ਸਨ। ਪਲਟਨਾਂ ਦੀ ਕਮਾਂਡ ਅੰਗ੍ਰੇਜ਼ ਤੇ ਭਾਰਤੀ ਅਫਸਰ ਕਰਦੇ ਸਨ, ਜੋ ਫੌਜੀਆਂ ਨਾਲ ਚੰਗਾ ਰਵੱਈਆ ਨਹੀਂ ਸਨ ਰੱਖਦੇ। 1913 ’ਚ ਗ਼ਦਰ ਅਖ਼ਬਾਰ ਤੇ ਹੋਰ ਗ਼ਦਰੀ ਸਾਹਿਤ ਛਪਣ ਲੱਗ ਪਿਆ ਸੀ। ਇਸ ਸਾਹਿਤ ਦੀ ਪਹੁੰਚ ਜਦੋਂ ਦੇਸ਼ਾਂ-ਵਿਦੇਸਾਂ ’ਚ ਹੋਣ ਲੱਗੀ ਤਾਂ ਉਕਤ ਦੋਨਾਂ ਪਲਟਨਾਂ ਦੇ ਸਿਪਾਹੀ ਵੀ ਇਸ ਨੂੰ ਪੜ੍ਹਨ ਲੱਗ ਪਏ। ਸਤੰਬਰ-ਅਕਤੂਬਰ ’ਚ ਕੈਨੇਡਾ, ਅਮਰੀਕਾ, ਹਾਂਗਕਾਂਗ, ਮਨੀਲਾ, ਪੀਨਾਂਗ ਆਦਿ ਦੇਸ਼ਾਂ ਤੋਂ ਆਉਣ ਵਾਲੇ ਗ਼ਦਰੀ ਸਿੰਘਾਪੁਰ ਵਿਖੇ ਠਹਿਰਦੇ ਸਨ। ਉਹ ਗੁਰਦੁਆਰਿਆਂ ਜਾਂ ਛਾਉਣੀਆਂ ’ਚ ਜਾ ਕੇ ਫੌਜੀਆਂ ਨੂੰ ਮਿਲਦੇ ਤੇ ਗ਼ਦਰ ਦਾ ਪ੍ਰਚਾਰ ਕਰਦੇ ਸਨ। ਉਹ ਲੋਕਾਂ ਨੂੰ ਗੁਲਾਮੀ ਦੇ ਸੰਤਾਪ ਦਾ ਅਹਿਸਾਸ ਕਰਾਉਂਦੇ ਤੇ ਉਨ੍ਹਾਂ ਦੇ ਮਨਾਂ ’ਚ ਆਜ਼ਾਦੀ ਲਈ ਜੂਝਣ ਦੀ ਤਾਂਘ ਪੈਦਾ ਕਰਦੇ ਸਨ। ਅੰਗ੍ਰੇਜ਼ ਸਾਮਰਾਜ ਲਈ ਹਥਿਆਰਾਂ ਨਾਲ ਜੂਝਣ ਵਾਲੇ ਫੌਜੀ ਆਜ਼ਾਦੀ ਦੀ ਪ੍ਰਾਪਤੀ ਲਈ ਤੜਫ ਉੱਠਦੇ। ਇਸ ਦੌਰਾਨ ਅੰਗ੍ਰੇਜ਼ ਸਾਮਰਾਜੀਏ ਤੁਰਕੀ ਵਿਰੁੱਧ ਖੜ੍ਹ ਗਏ ਸਨ। ਤੁਰਕੀ ਨਾਲ ਆਪਣੇ ਇਸਲਾਮੀ ਰਿਸ਼ਤੇ ਕਰਕੇ ਵੀ ਫੌਜੀਆਂ ਦੇ ਮਨਾਂ ’ਚ ਅੰਗ੍ਰੇਜ਼ਾਂ ਵਿਰੁੱਧ ਨਫ਼ਰਤ ਹੋਰ ਪ੍ਰਚੰਡ ਹੋ ਗਈ ਸੀ। ਜਦੋਂ ਬਗ਼ਾਵਤ ਭੜਕੀ ਉਦੋਂ ਈ.ਵੀ. ਮਾਰਟਨ ਪੰਜਵੀਂ ਲਾਈਟ ਇਨਫੈਂਟਰੀ ਦਾ ਲੈਫਟੀਨੈਂਟ ਕਰਨਲ ਸੀ। ਇਸ ਰੈਜਮੈਂਟ ’ਚ 800 ਸਿਪਾਹੀ ਸਨ।
ਸਿੰਘਾਪੁਰ ਵਿਖੇ ਗ਼ਦਰੀ ਜਦੋਂ ਫੌਜੀਆਂ ’ਚ ਪ੍ਰਚਾਰ ਕਰ ਰਹੇ ਸਨ ਤਾਂ ਕੋਈ ਗੁਪਤ ਸੂਚਨਾ ਮਿਲ ਜਾਣ ਕਰਕੇ ਸਰਕਾਰ ਨੂੰ ਫੌਜ ’ਚ ਹੋਣ ਜਾ ਰਹੀ ਬਗ਼ਾਵਤ ਦੀ ਅਗਾਊਂ ਭਿਣਕ ਪੈ ਗਈ ਸੀ। ਲਿਹਾਜਾ ਮਲਾਇਆ ਰਿਆਸਤੀ ਗਾਈਡ ਪਲਟਨ ਨੂੰ ਪੀਨਾਂਗ ਵਿਖੇ ਤਬਦੀਲ ਕਰ ਦਿੱਤਾ ਗਿਆ। ਨਾਲ ਹੀ ਛੱਤੀਵੀਂ ਸਿੱਖ ਰਜਮੈਂਟ ਤੋਂ ਵੀ ਹਥਿਆਰ ਰਖਵਾ ਲਏ ਗਏ। ਇਸ ਨੂੰ ਦੇਖਦਿਆਂ ਪੰਜਵੀਂ ਪਲਟਨ ਦੇ ਫੌਜੀਆਂ ਨੇ ਸੋਚਿਆ ਕਿ ਜੇ ਸਾਥੋਂ ਹਥਿਆਰ ਹੀ ਰਖਵਾ ਲਏ ਤਾਂ ਫਿਰ ਅਸੀਂ ਕੀ ਕਰ ਸਕਾਂਗੇ। ਉਨ੍ਹਾਂ ਦੇ ਗ਼ਦਰ ਲਈ ਮਿੱਥੇ ਦਿਨ ਤੋਂ ਪਹਿਲਾਂ ਹੀ ਬਗ਼ਾਵਤ ਕਰ ਦਿੱਤੀ। ਉਨ੍ਹਾਂ ਨੂੰ ਜਦੋਂ ਹਥਿਆਰ ਜਮ੍ਹਾਂ ਕਰਨ ਦਾ ਹੁਕਮ ਦਿੱਤਾ ਗਿਆ ਤਾਂ ਉਨ੍ਹਾਂ ਨੇ ਹਥਿਆਰ ਇਕੱਠੇ ਕਰਨ ਵਾਲੇ ਗੋਰੇ ਅਫਸਰ ਸਮੇਤ ਰਸਤੇ ’ਚ ਆਉਣ ਵਾਲੇ ਸਾਰੇ ਗੋਰੇ ਮਾਰ ਮੁਕਾਏ। ਸ਼ੁਰੂਆਤ ਇਸਮਾਈਲ ਖਾਨ ਨਾਂ ਦੇ ਬਾਗ਼ੀ ਫੌਜੀ ਨੇ ਕੀਤੀ ਸੀ। ਉਨ੍ਹਾਂ ਨੇ ਬੈਰਕਾਂ ਤੇ ਕਬਜ਼ਾ ਕਰਨ ਲਈ ਤਿੰਨ ਟੁਕੜੀਆਂ ਬਣਾ ਲਈਆਂ। ਇੱਕ ਟੁਕੜੀ ਜਰਮਨ ਕੈਦੀਆਂ ਨੂੰ ਛੁਡਾਉਣ ਲਈ ਉਨ੍ਹਾਂ ਦੇ ਕੈਂਪ ਵੱਲ ਚਲੀ ਗਈ, ਦੂਜੀ ਹੈੱਡ ਕੁਆਟਰ ਵੱਲ ਤਾਂ ਜੋ ਹੈਡ ਕੁਆਟਰ ’ਤੇ ਕਬਜ਼ਾ ਕੀਤਾ ਜਾ ਸਕੇ ਅਤੇ ਤੀਜੀ ਸ਼ਹਿਰ ਵੱਲ ਚੱਲ ਪਈ। ਜਰਮਨ ਕੈਂਪ ’ਤੇ ਬਾਗ਼ੀਆਂ ਦਾ ਕਬਜ਼ਾ ਤਾਂ ਹੋ ਗਿਆ, ਪਰ ਜਰਮਨ ਕੈਦੀਆਂ ਨੇ ਇਨ੍ਹਾਂ ਦਾ ਸਾਥ ਨਾ ਦਿੱਤਾ। ਉਹ ਹੈਡ ਕੁਆਟਰ ’ਤੇ ਵੀ ਕਬਜ਼ਾ ਨਾ ਕਰ ਸਕੇ। ਤੀਜੀ ਟੋਲੀ ਨੇ ਰਾਹ ’ਚ ਮਿਲੇ ਗੋਰੇ ਅਫਸਰ ਜਾਂ ਆਮ ਗੋਰੇ ਗੋਲੀਆਂ ਨਾਲ ਉਡਾ ਦਿੱਤੇ।
ਇੱਕਦਮ, ਬਿਨਾਂ ਕਿਸੇ ਯੋਜਨਾਬੰਦੀ ਦੇ ਹਮਲਾ ਕਰਨ ਕਰਕੇ ਗ਼ਦਰੀਆਂ ਦੀ ਕੋਈ ਵੀ ਟੋਲੀ ਸਮੁੰਦਰੀ ਕਿਲੇ ’ਤੇ ਜਾ ਕੇ ਕਬਜ਼ਾ ਨਾ ਕਰ ਸਕੀ। ਉਲਟਾ ਸਗੋਂ ਉਹ ਜਿੱਤ ਦੇ ਜਸ਼ਨਾਂ ’ਚ ਅਵੇਸਲੇ ਹੋ ਗਏ। ਇਸੇ ਦੌਰਾਨ ਬ੍ਰਿਟਿਸ਼ ਗਵਰਨਰ ਨੇ ਵਾਇਰਲੈਸ ਸੰਦੇਸ਼ ਰਾਹੀਂ ਜਪਾਨੀ, ਚੀਨੀ, ਫਰਾਂਸੀਸੀ ਤੇ ਰੂਸੀ ਜੰਗੀ ਜਹਾਜ਼ ਬੁਲਾ ਲਏ ਤੇ ਬਹੁਤ ਸਾਰੇ ਗੋਰੇ ਪੁਲਸ ’ਚ ਭਰਤੀ ਕਰ ਲਏ ਅਤੇ ਕੁੱਝ ਦਿਨਾਂ ਪਿੱਛੋਂ ਸਥਿਤੀ ’ਤੇ ਕਾਬੂ ਪਾ ਲਿਆ। ਸ਼ਹਿਰ ’ਚ ਮਾਰਸ਼ਲ ਲਾਅ ਲਗਾ ਦਿੱਤਾ ਗਿਆ। ਫੌਜੀ ਟੁਕੜੀਆਂ ਐਧਰ-ਓਧਰ ਖਿੰਡ ਗਈਆਂ ਸਨ। ਅੰਗ੍ਰੇਜ਼ਾਂ ਨੇ ਖਿੰਡੇ ਹੋਏ ਬਾਗ਼ੀ ਫੜ੍ਹਨੇ ਸ਼ੁਰੂ ਕਰ ਦਿੱਤੇ। ਵਕਤੀ ਕਚਹਿਰੀਆਂ ਖੜ੍ਹੀਆਂ ਕਰ ਦਿੱਤੀਆਂ ਗਈਆਂ। ਦੋ ਲੀਡਰ ਫੜ੍ਹ ਕੇ ਫਾਂਸੀ ਚਾੜ੍ਹ ਦਿੱਤੇ ਗਏ। ਇਸ ਤੋਂ ਇਲਾਵਾ ਲਗਭਗ 41 ਫੌਜੀਆਂ ਨੂੰ 15 ਹਜ਼ਾਰ ਲੋਕਾਂ ਸਾਹਵੇਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਤਿੰਨ ਹੋਰ ਬਾਗ਼ੀ ਫੌਜੀ ਫਾਂਸੀ ਚਾੜ੍ਹੇ ਗਏ ਤੇ ਬਹੁਤਿਆਂ ਨੂੰ ਜੇਲ੍ਹਾਂ ’ਚ ਸੁੱਟ ਦਿੱਤਾ ਗਿਆ। ਇਹ ਬਾਗ਼ੀਆਂ ਦਾ ਜਜ਼ਬਾਤ ਦੀ ਰੌਂਅ ’ਚ ਵਹਿ ਕੇ ਕੀਤਾ ਗਿਆ ਯੋਜਨਾ ਰਹਿਤ ਹਮਲਾ ਸੀ, ਜਿਸ ਕਰਕੇ ਉਹ ਅਸਫਲ ਹੋ ਗਏ ਸਨ, ਨਹੀਂ ਤਾਂ ਉਹ ਸਿੰਘਾਪੁਰ ਤੇ ਬੜੀ ਆਸਾਨੀ ਨਾਲ ਕਬਜ਼ਾ ਕਰ ਸਕਦੇ ਸਨ। ਇਸੇ ਤਰ੍ਹਾਂ ਸਿੰਘਾਪੁਰ ਦੀ ਬਗ਼ਾਵਤ ਵਾਂਗ ਹੀ 130 ਵੀਂ ਬਲੋਚ ਰਜਮੈਂਟ ਨੇ ਵੀ ਰੰਗੂਨ ’ਚ ਬਗ਼ਾਵਤ ਕਰ ਦਿੱਤੀ ਸੀ। ਸਬਬ ਨਾਲ ਇਸ ਪਲਟਨ ਵਿਚਲੇ ਸਾਰੇ ਫੌਜੀ ਵੀ ਮੁਸਲਮਾਨ ਸਨ। ਉਨ੍ਹਾਂ ਨੇ ਜੰਗ ’ਚ ਜਾਣ ਤੋਂ ਸਾਫ ਨਾਂਹ ਕਰ ਦਿੱਤੀ ਸੀ। ਇਸ ਬਗ਼ਾਵਤ ’ਚ ਇੱਕ ਗੋਰਾ ਅਫਸਰ ਵੀ ਮਾਰਿਆ ਗਿਆ ਸੀ। 16 ਜਨਵਰੀ 1915 ਨੂੰ ਕੋਰਟ ਮਾਰਸ਼ਲ ਕੀਤਾ ਗਿਆ ਸੀ। ਇਸ ’ਚ ਚਾਰ ਫੌਜੀਆਂ ਨੂੰ ਫਾਂਸੀ, 53 ਨੂੰ ਉਮਰ ਕੈਦ ਤੇ 200 ਤੋਂ ਵੱਧ ਨੂੰ ਸਖ਼ਤ ਸਜਾਵਾਂ ਦਿੱਤੀਆਂ ਗਈਆਂ ਸਨ। ਇਹਨਾਂ ਸਾਰਿਆਂ ਦੀ ਦੇਸ਼ ਪ੍ਰੇਮ ਦੀ ਬੇਮਿਸਾਲ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਆਰਐਸਐਸ, ਜੋ ਸੁਤੰਤਰਤਾ ਸੰਗਰਾਮ ਦੌਰਾਨ ਬਸਤੀਵਾਦੀ ਅੰਗ੍ਰੇਜ ਹਾਕਮਾਂ ਦਾ ਚਾਕਰ ਰਿਹਾ ਸੀ, ਤੋਂ ਅਗਵਾਈ ਤੇ ਵਿਚਾਰਧਾਰਕ ਸੇਧ ਲੈਂਦੇ ਭਾਰਤ ਦੇ ਅਜੋਕੇ ਹੁਕਮਰਾਨ, ਸ਼ਾਨਾਮੱਤੇ ਵਿਰਸੇ ਦੇ ਮਾਲਕ ਭਾਰਤੀ ਮੁਸਲਮਾਨਾਂ ਨੂੰ ਘੁਸਪੈਠੀਏ, ਵਿਦੇਸ਼ੀ, ਦੇਸ਼ ਧ੍ਰੋਹੀ, ਪਾਕਿਸਤਾਨ ਦੇ ਏਜੰਟ ਆਦਿ ਕਹਿ ਕੇ ਭੰਡਦੇ ਹਨ। ਇਨ੍ਹਾਂ ਦੇ ਹਜ਼ੂਮੀ ਕਤਲ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਤੇ ਪਨਾਹ ਦਿੰਦੇ ਹਨ। ਮੁਸਲਮਾਨਾਂ ਨੂੰ ਭਾਰਤ ’ਚੋਂ ਖਦੇੜ ਦੇਣ ਜਾਂ ਦੂਜੇ ਦਰਜੇ ਦੇ ਸ਼ਹਿਰੀ ਬਣਾ ਕੇ ਰੱਖਣ ਦੀਆਂ ਟਾਹਰਾਂ ਮਾਰਦੇ ਹਨ। ਇਨ੍ਹਾਂ ਫਿਰਕੂ-ਫਾਸ਼ੀ ਹੁਕਮਰਾਨਾਂ ਨੂੰ ਇਨ੍ਹਾਂ ਦੀ ਅਸਲੀ ਔਕਾਤ ਦਿਖਾਉਣ ਤੇ ਲੋਕਾਂ ਨੂੰ ਸੱਚ ਤੋਂ ਵਾਕਫ ਕਰਾਉਣ ਦੀ ਅੱਜ ਡਾਢੀ ਲੋੜ ਹੈ। ਇਸ ਮਕਸਦ ਲਈ ਗ਼ਦਰ ਲਹਿਰ ਤੋਂ ਪ੍ਰੇਰਣਾ ਲੈ ਕੇ ਅੰਗ੍ਰੇਜ਼ ਸਾਮਰਾਜ ਖਿਲਾਫ ਬਗ਼ਾਵਤ ਦਾ ਬਿਗਲ ਫੂਕਣ ਵਾਲੇ ਸਿੰਗਾਪੁਰ ਦੇ ਭਾਰਤੀ ਫੌਜੀਆਂ ਦੀ ਲਾਮਿਸਾਲ ਕੁਰਬਾਨੀ ਤੋਂ ਹਿੰਦ ਵਾਸੀਆਂ ਨੂੰ ਜਾਣੂੰ ਕਰਵਾਉਣਾ ਹੋਵੇਗਾ।
ਅੱਜ ਜਦੋ ਅਸੀਂ ਸਿੰਘਾਪੁਰ ਦੇ ਬਾਗ਼ੀ ਫੌਜੀਆਂ ਨੂੰ ਯਾਦ ਕਰ ਰਹੇ ਹਾਂ ਤਾਂ ਸਾਨੂੰ ਇਹ ਚੇਤੇ ਰੱਖਣਾ ਹੋਵੇਗਾ ਕਿ ਭਾਰਤ ਦੀ ਗ਼ਦਰ ਲਹਿਰ ਚ ਸ਼ਾਮਲ ਹੋ ਕੇ ਆਜ਼ਾਦੀ ਦੀ ਪ੍ਰਾਪਤੀ ਲਈ ਸ਼ਹੀਦ ਹੋਏ ਇਹੋ ਜਿਹੇ ਅਨੇਕਾਂ ਗੁੰਮਨਾਮ ਸਿਰਲੱਥਾਂ ਦੇ ਇਤਿਹਾਸ ਦੇ ਵਰਕੇ ਮੂਲੋਂ ਹੀ ਪਾੜ ਦਿੱਤੇ ਗਏ ਹਨ। ਅੱਜ ਇਹਨਾਂ ਮਾਣਮੱਤੇ ਬਾਗ਼ੀਆਂ ਨੂੰ ਯਾਦ ਕਰਦਿਆਂ, ਬਹੁਤ ਸਾਰੀ ਖੋਜ ਦੇ ਬਾਵਜੂਦ ਸਾਡੇ ਕੋਲ 800 ਚੋਂ ਕੇਵਲ ਉਂਗਲਾਂ ਤੇ ਗਿਣੇ ਜਾਣ ਜੋਗੋ ਨਾਂ ਹੀ ਹਨ। ਬਾਕੀਆਂ ਬਾਰੇ ਹਾਲੇ ਤਾਈਂ ਕੁਛ ਵੀ ਪਤਾ ਨਹੀਂ ਲੱਗ ਸਕਿਆ। ਯਾਦ ਰਹੇ ਇਸ ਤਹਿਰੀਕ ਨੂੰ ਛੁਟਿਆਉਣ ਜਾਂ ਲੋਕ ਚੇਤਿਆਂ ਚੋਂ ਭੁਲਾ ਦੇਣ ਲਈ ਸਾਮਰਾਜੀ ਹਾਕਮਾਂ ਨੇ ਵੀ ਬੜੇ ਪਾਪੜ ਵੇਲੇ ਸਨ। ਇਹ ਬੜੀ ਵੇਰ ਕਿਹਾ ਜਾ ਚੁੱਕਾ ਹੈ ਕਿ ਸਿੰਘਾਪੁਰ ਦੇ ਫੌਜੀਆਂ ਦੀ ਬਗ਼ਾਵਤ ਦਾ ਗ਼ਦਰ ਲਹਿਰ ਨਾਲ ਕੋਈ ਲੈਣ-ਦੇਣ ਨਹੀਂ ਸੀ। ਇਉਂ ਹੀ ਕੁੱਝ ਲੋਕ ਅੱਜ ਗ਼ਦਰ ਲਹਿਰ ਨੂੰ ਕੇਵਲ ਸਿੱਖਾਂ ਦੀ ਲਹਿਰ ਬਣਾ ਕੇ ਪੇਸ਼ ਕਰ ਰਹੇ ਹਨ। ਇਹ ਅੰਗਰੇਜ਼ਾਂ ਦੀ ਚਾਲ ਸੀ ਤਾਂ ਜੋ ਲੋਕ ਧਰਮਾਂ ਦੇ ਨਾਂ ’ਤੇ ਵੰਡੇ ਰਹਿਣ। ਅਗਰ ਲੋਕ ਉਦੋਂ ਹੀ ਇਹ ਚਾਲ ਸਮਝ ਗਏ ਹੁੰਦੇ ਤਾਂ ਅੰਗ੍ਰੇਜ਼ਾਂ ਨੂੰ ਭਾਰਤ ’ਚੋਂ ਉਦੋਂ ਹੀ ਭੱਜਣਾ ਪੈਣਾ ਸੀ। ਅੱਜ ਸਿੰਘਾਪੁਰ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਨ ਲੱਗਿਆਂ ਧਰਮ ਦੀ ਸਿਆਸਤ ਕਰਨ ਵਾਲਿਆਂ ਵਲੋਂ ਦਿਖਾਏ ਜਾ ਰਹੇ ਗੁਮਰਾਹਕੁੰਨ ਆਇਨੇ ਤੋਂ ਉਤੇ ਉਠ ਕੇ ਇਤਿਹਾਸ ਦੇ ਇਨ੍ਹਾਂ ਸੁਨਹਿਰੀ ਦਸਤਾਵੇਜ਼ਾਂ ’ਤੇ ਘੋਖਵੀਂ ਨਜ਼ਰ ਮਾਰਨ ਦੀ ਲੋੜ ਹੈ। ਤਾਂ ਹੀ ਅਸੀਂ ਗ਼ਦਰੀ ਬਾਬਿਆਂ ਦਾ ਧਰਮ ਨਿਰਪੱਖ ਤੇ ਬਰਾਬਰੀ ਵਾਲਾ ਸਮਾਜ ਸਿਰਜਣ ਦਾ ਸੁਪਨਾ ਸਾਕਾਰ ਕਰ ਸਕਾਂਗੇ। ਭਾਰਤ ਚੋਂ ਲੁੱਟ-ਖਸੁੱਟ, ਜਾਤ-ਪਾਤ ਤੇ ਛੂਤ-ਛਾਤ, ਇਸਤਰੀਆਂ ਨਾਲ ਵਿਤਕਰਾ ਤੇ ਮਜਹੱਬਾਂ ਦੀਆਂ ਵੰਡੀਆਂ ਖਤਮ ਕਰਕੇ ਮਨੁੱਖਤਾ ਦਾ ਭਲੇ ਵਾਲਾ ਸਮਾਜ ਸਿਰਜਣ ਲਈ ਜਨਤਕ ਲਾਮਬੰਦੀ ਤੇ ਸੰਘਰਸ਼ ਹੋਰ ਤੇਜ਼ ਕਰਨੇ ਹੋਣਗੇ। ਤਾਂ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਗ਼ਦਰੀ ਬਾਬਿਆਂ ਦਾ ਸੁਨੇਹਾ ਪਹੁੰਚਾ ਸਕਦੇ ਹਾਂ, ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
‘ਭਾਰਤ ਮਾਤਾ ਦੇ ਪੁੱਤ-ਸਪੂਤ ਬਣ ਗਏ,
ਸਿੰਗਾਪੁਰ ਵਿੱਚ ਗ਼ਦਰ ਮਚਾ ਗਏ ਨੇ।
ਅਸਮਾਈਲ ਮਨਸੂਰ ਸੀ ਸ਼ੇਰ ਬਾਂਕੇ,
ਜਾਨ ਹਿੰਦ ਤੇ ਘੋਲ ਘੁੰਮਾ ਗਏ ਨੇ।
ਮਨ ਵਾਰ ਦਿੱਤਾ ਹਿੰਦੋਸਤਾਨ ਖਾਤਰ,
ਰੈਹੰਦਾ ਸੀਸ ਬਾਕੀ ਉਹ ਵੀ ਲਾ ਗਏ ਨੇ।
ਮਾਇਆ ਵਾਲਿਓ ਕੌਮ ਨੂੰ ਦਾਨ ਕਰ ਦੇਓ,
ਕਾਸਮ ਅਲੀ ਖਾਨ ਜੀ ਸਮਝਾ ਗਏ ਨੇ।
ਅਬਦੁਲ ਗਨੀ, ਚਸਪਾਈ ਖਾਨ,
ਖਾਨ ਦੋਦੇ, ਤਿੰਨੇ ਨਾਮ ਸਰਦਾਰ ਕਹਾ ਗਏ ਨੇ।
ਭਾਵੇਂ ਨਾਮ ਸਰਦਾਰ ਗੁਲਾਮ ਤਾਂਈ,
ਬਾਤ ਸਮਝ ਕੇ ਯੁੱਧ ਮਚਾ ਗਏ ਨੇ।
ਕਦੇ ਬੰਨ੍ਹ ਕੇ ਕਿਰਚ ਨੂੰ ਹੁਕਮ ਕਰਦੇ,
ਅੱਜ ਫਾਂਸੀਆਂ ਤੇ ਲਟਕਾ ਗਏ ਨੇ।
ਰੈਹਮਤ ਅਲੀ ਅਤੇ ਹਾਕਿਮ ਅਲੀ ਦੋਨੋਂ,
ਬਾਜ਼ੀ ਸਿਰਾਂ ਦੇ ਨਾਲ ਨਿਭਾ ਗਏ ਨੇ।
ਚੇਤੇ ਨਾਮ ਨਾ ਹੋਰ ਜਵਾਨ ਬਹੁਤੇ,
ਖਾਤਰ ਹਿੰਦ ਦੇ ਜਿੰਦੜੀ ਲਾ ਗਏ ਨੇ।
ਜਿੱਥੇ ਦੇਖਿਆ ਗੋਰਿਆਂ ਪਾਜੀਆਂ ਨੂੰ,
ਵਾਂਗ ਬਕਰੇ ਦੇ ਝਟਕਾ ਗਏ ਨੇ।’
ਸਿੰਘਾਪੁਰ ਦੀ ਗ਼ਦਰੀ ਬਗ਼ਾਵਤ ਦੀ ਸ਼ਾਨਾਮੱਤੀ ਦਾਸਤਾਨ