Now Reading
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ ਅਹਿਮ ਲਿਖਤਾਂ

ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ ਅਹਿਮ ਲਿਖਤਾਂ


(23 ਮਾਰਚ 1931 ਦੇ ਮਹਾਨ ਸ਼ਹੀਦਾਂ, ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਨਾ ਕੇਵਲ ਭਾਰਤ ਦੇ ਸੁਤੰਤਰਤਾ ਸੰਗਰਾਮ ’ਚ ਅਹਿਮ ਮੁਕਾਮ ਹੈ, ਬਲਕਿ ਉਹ ਲੋਕ ਮਨਾਂ ’ਚ ਸਦੀਵੀ ਸਥਾਨ ਮੱਲਣ ਵਾਲੇ ਭਾਰਤੀ ਆਵਾਮ ਦੇ ਚਹੇਤੇ ਨਾਇਕ ਵੀ ਹੋ ਨਿੱਬੜੇ ਹਨ। ਉਨ੍ਹਾਂ ਦੀ ਬਰਸੀ ਮੌਕੇ ਅਸੀਂ ਸ਼ਰਧਾਂਜਲੀ ਵਜੋਂ ਉਨ੍ਹਾਂ ਦੀ ਸੋਚ ਨੂੰ ਰੂਪਮਾਨ ਕਰਦੀ ਲਿਖਤ ‘ਨੌਜਵਾਨ ਸਭਾ ਦਾ ਮੈਨੀਫੈਸਟੋ’ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ- ਸੰਪਾਦਕੀ ਮੰਡਲ)
ਨੌਜਵਾਨ ਭਾਰਤ ਸਭਾ ਦਾ ਮਨੋਰਥ-ਪੱਤਰ
ਨੌਜਵਾਨ ਸਾਥੀਓ!
ਸਾਡਾ ਦੇਸ਼ ਇੱਕ ਨਾਜ਼ਕ ਹਾਲਾਤ ’ਚੋਂ ਲੰਘ ਰਿਹਾ ਹੈ। ਹਰ ਪਾਸੇ ਆਪਸੀ ਬੇਇਤਬਾਰੀ ਤੇ ਨਿਰਾਸ਼ਾ ਦਾ ਬੋਲ-ਬਾਲਾ ਹੈ। ਉੱਘੇ ਲੀਡਰਾਂ ਦਾ ਆਪਣੇ ਉੱਚ-ਆਦਰਸ਼ਾਂ ’ਚ ਕੋਈ ਵਿਸ਼ਵਾਸ ਨਹੀਂ ਰਿਹਾ ਤੇ ਉਨ੍ਹਾਂ ’ਚੋਂ ਬਹੁਤਿਆਂ ’ਚ ਲੋਕਾਂ ਦਾ ਕੋਈ ਵਿਸ਼ਵਾਸ ਨਹੀਂ ਰਿਹਾ।
ਆਜ਼ਾਦੀ ਦੇ ਨਾਮ-ਧਰੀਕ ਹਾਮੀਆਂ ਕੋਲ ਨਾ ਕੋਈ ਪ੍ਰੋਗ੍ਰਾਮ ਹੈ ਤੇ ਨਾ ਹੀ ਜੋਸ਼ ਤੇ ਉਤਸ਼ਾਹ। ਹਰ ਪਾਸੇ ਹਫੜਾ-ਦਫੜੀ ਮੋਚੀ ਹੋਈ ਹੈ। ਪਰ ਅਜਿਹੀ ਹਫੜਾ-ਦਫੜੀ ਕੋਈ ਨਿਰਮਾਣ ਦਾ ਇਕ ਅਟੱਲ ਤੇ ਲਾਜ਼ਮੀ ਦੌਰ ਹੁੰਦਾ ਹੈ। ਅਜਿਹੇ ਸੰਕਟ ’ਚ ਹੀ ਤਾਂ ਕੰਮ ਕਰਨ ਵਾਲਿਆਂ ਦੀ ਲਗਨ ਦੀ ਪਰਖ ਹੁੰਦੀ ਹੈ, ਉਨ੍ਹਾਂ ਦਾ ਇਖ਼ਲਾਕ ਬਣਦਾ ਹੈ, ਨਿੱਗਰ ਪ੍ਰੋਗ੍ਰਾਮ ਉਲੀਕੇ ਜਾਂਦੇ ਹਨ ਤੇ ਫਿਰ ਨਵੇਂ ਹੌਂਸਲੇ, ਨਵੀਆਂ ਉਮੰਗਾਂ, ਪੂਰੇ ਉਤਸ਼ਾਹ ਤੇ ਪੂਰੇ ਸਿਦਕ ਨਾਲ ਕੰਮ ਆਰੰਭਿਆ ਜਾਂਦਾ ਹੈ। ਇਸ ਲਈ ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ।
ਫਿਰ ਵੀ ਇਹ ਸਾਡੇ ਲਈ ਚੰਗਾ ਹੈ ਕਿ ਅਸੀਂ ਇੱਕ ਨਵੇਂ ਯੁੱਗ ਦੀ ਦਹਿਲੀਜ਼ ’ਤੇ ਖੜ੍ਹੇ ਹਾਂ। ਪਹਿਲਾਂ ਵਾਂਗ ਹੁਣ ਅੰਗ੍ਰੇਜ਼ ਨੌਕਰਸ਼ਾਹੀ ਦੇ ਕੰਨ ਪਾੜਵੇਂ ਸੋਹਲੇ ਨਹੀਂ ਸੁਣਨੇ ਪੈਂਦੇ। ਅੰਗ੍ਰੇਜ਼ ਦਾ ਸਾਡੇ ਉੱਤੇ ਇਹ ਇਤਿਹਾਸਕ ਸਵਾਲ ਕਿ ਤੁਸੀਂ ਕਲਮ ਦੀ ਹਕੂਮਤ ਪ੍ਰਵਾਨ ਕਰਦੇ ਹੋ ਜਾਂ ਤਲਵਾਰ ਦੀ, ਅਜੇ ਤੱਕ ਲਾਜਵਾਬ ਨਹੀਂ ਪਿਆ ਹੋਇਆ। ਉਨ੍ਹਾਂ ਨੇ ਖ਼ੁਦ ਹੀ ਇਸਦਾ ਉੱਤਰ ਵੀ ਦੇ ਦਿੱਤਾ ਹੈ। ਲਾਰਡ ਬਰਕਨਹੈਡ ਦੇ ਸ਼ਬਦਾਂ ’ਚ ਇਹ ਜਵਾਬ ਇਉਂ ਹੈ : “ਤਲਵਾਰ ਦੇ ਜ਼ੋਰ ਨਾਲ ਹੀ ਅਸੀਂ ਭਾਰਤ ਨੂੰ ਫਤਿਹ ਕੀਤਾ ਸੀ ਤੇ ਤਲਵਾਰ ਨਾਲ ਹੀ ਅਸੀਂ ਇਸ ’ਤੇ ਰਾਜ ਕਰਾਂਗੇ।’’ ਸ਼ੁਕਰ ਹੈ! ਇਸ ਸਾਫ਼-ਕਥਨੀ ਨਾਲ ਸਾਰੀ ਸੱਚਾਈ ਸਾਡੇ ਸਾਹਮਣੇ ਆ ਗਈ। ਜਲਿ੍ਹਆਂ ਵਾਲੇ ਤੇ ਮਾਨਾਂ ਵਾਲੇ ਦੇ ਸਾਕਿਆਂ ਦੀਆਂ ਯਾਦਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਕਹਿਣ ਦੀ ਲੋੜ ਨਹੀਂ ਹੈ, ਕਿ ਕੋਈ ਚੰਗੀ ਤੋਂ ਚੰਗੀ ਬਦੇਸ਼ੀ ਸਰਕਾਰ ਵੀ ਆਪਣੀ ਸਰਕਾਰ ਵਰਗੀ ਨਹੀਂ ਹੋ ਸਕਦੀ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ।
ਹੁਣ ਭਾਰਤ ’ਚ ਅੰਗਰੇਜ਼ੀ ਰਾਜ ਦੀਆਂ ‘ਬਰਕਤਾਂ’ ਬਾਰੇ ਵੀ ਸੁਣ ਲਓ! ਭਾਰਤ ਦੀਆਂ ਸਨਅਤਾਂ ਦੀ ਗਿਰਾਵਟ ਤੇ ਪਤਨ ਨੂੰ ਸਿੱਧ ਕਰਨ ਲਈ ਕੀ ਦਾਦਾ ਭਾਈ ਨਾਰੋਜੀ, ਰਮੇਸ਼ ਚੰਦਰ ਦੱਤ ਅਤੇ ਵਿਲੀਅਮ ਡਿਗਬੀ ਦੀਆਂ ਸਾਰੀਆਂ ਦੀਆਂ ਸਾਰੀਆਂ ਕਿਤਾਬਾਂ ਦੀ ਗਵਾਹੀ ਦੀ ਕੋਈ ਲੋੜ ਬਾਕੀ ਹੈ ? ਸੰਸਾਰ ਭਰ ’ਚ ਸਭ ਤੋਂ ਉਪਜਾਊ ਜ਼ਮੀਨ ਤੇ ਬੇਅੰਤ ਕੀਮਤੀ ਖਾਨਾਂ ਦੇ ਹੁੰਦਿਆਂ ਹੋਇਆਂ ਵੀ ਭਾਰਤ ਦੁਨੀਆਂ ਦੇ ਸਭ ਤੋਂ ਗ਼ਰੀਬ ਮੁਲਕਾਂ ’ਚੋਂ ਹੈ। ਕੀ ਇਸ ਨੂੰ ਸਿੱਧ ਕਰਨ ਲਈ ਕਿਸੇ ਹੋਰ ਵਿਦਵਾਨ ਦੇ ਕਥਨ ਦੀ ਲੋੜ ਹੈ? ਕੀ ਨੌਜਵਾਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਓਹੀ ਭਾਰਤ ਜੋ ਕਿਸੇ ਸਮੇਂ ਆਪਣੀ ਸ਼ਾਨਦਾਰ ਸਭਿਅਤਾ ’ਤੇ ਮਾਣ ਕਰ ਸਕਦਾ ਸੀ, ਅੱਜ ਸੰਸਾਰ ਦੇ ਸਭ ਤੋਂ ਪਛੜੇ ਹੋਏ ਦੇਸ਼ਾਂ ’ਚੋਂ ਹੈ, ਜਿੱਥੇ ਕੇਵਲ ਪੰਜ ਫ਼ੀਸਦੀ ਲੋਕ ਪੜ੍ਹੇ-ਲਿਖੇ ਹਨ? ਕੀ ਲੋਕ ਇਹ ਨਹੀਂ ਜਾਣਦੇ ਕਿ ਇਸ ਦੇਸ਼ ਨੂੰ ਮਨੁੱਖੀ ਜ਼ਿੰਦਗੀ ਦੇ ਰੂਪ ’ਚ ਸਭ ਤੋਂ ਵੱਧ ਕਰ ਦੇਣਾ ਪੈਂਦਾ ਹੈ ਤੇ ਸੰਸਾਰ ਭਰ ’ਚ ਸਭ ਤੋਂ ਜ਼ਿਆਦਾ ਬੱਚਿਆਂ ਦੀਆਂ ਮੌਤਾਂ ਭਾਰਤ ’ਚ ਹੀ ਹੁੰਦੀਆਂ ਹਨ? ਪਲੇਗ, ਹੈਜ਼ਾ, ਇਨਫਲੂਐਂਜਾ ਵਰਗੀਆਂ ਮਹਾਂਮਾਰੀਆਂ ਤੇ ਹੋਰ ਅਜਿਹੀਆਂ ਬੀਮਾਰੀਆਂ ਦਿਨੋ-ਦਿਨ ਵਧ ਰਹੀਆਂ ਹਨ। ਕੀ ਰੋਜ਼ ਚੜ੍ਹਦੇ ਸੂਰਜ ਸਾਨੂੰ ਇਹ ਸੁਣਕੇ ਸ਼ਰਮ ਨਹੀਂ ਆਉਂਦੀ ਕਿ ਅਸੀਂ ਆਪਣਾ ਰਾਜ ਸੰਭਾਲਣ ਦੇ ਲਾਇਕ ਨਹੀਂ ? ਕੀ ਇਹ ਸਚਮੁੱਚ ਹੀ ਸਾਡੀ ਬੇਇੱਜ਼ਤੀ ਨਹੀਂ ਕਿ ਸਾਨੂੰ ਇਹ ਕਿਹਾ ਜਾਵੇ ਕਿ ਤੁਸੀਂ ਆਪਣੀ ਰੱਖਿਆ ਕਰਨ ਦੇ ਲਾਇਕ ਨਹੀਂ ? ਅਫਸੋਸ! ਕਿ ਅਸੀਂ ਇਸ ਕਥਨ ਨੂੰ ਝੂਠਾ ਸਿੱਧ ਕਰਨ ਲਈ ਅਜੇ ਤੱਕ ਕੁਝ ਨਹੀਂ ਕਰ ਸਕੇ । ਕੀ ਅਸੀਂ ਆਪਣੀਆਂ ਅੱਖਾਂ ਨਾਲ ਆਪਣੇ ਵਣਜ-ਵਪਾਰ ਨੂੰ ਉਸਦੇ ਬਚਪਨ ’ਚ ਹੀ ਕੁਚਲੇ ਜਾਂਦੇ ਨਹੀਂ ਤੱਕਿਆ, ਜਿਸ ਲਈ ਪਹਿਲੀ ਕੋਸ਼ਿਸ਼ 1914 ’ਚ ਬਾਬਾ ਗੁਰਦਿੱਤ ਸਿੰਘ ਵਲੋਂ ਚਲਾਈ ਗਈ “ਗੁਰੂ ਨਾਨਕ ਜਹਾਜ਼ ਕੰਪਨੀ’’ ਨੇ ਕੀਤੀ ਸੀ? ਉਨ੍ਹਾਂ ਨਾਲ ਭਾਰਤ ਤੋਂ ਹਜ਼ਾਰਾਂ ਕੋਹਾਂ ਦੂਰ ਕੋਨੈਡਾ ’ਚ ਪਸ਼ੂਆਂ ਵਾਲਾ ਸਲੂਕ, ਰਸਤੇ ਚ ਵਹਿਸ਼ੀਆਨਾ ਜ਼ੁਲਮ ਅਤੇ ਅੰਤ ਚ ਉਨ੍ਹਾਂ ਥੱਕੇ-ਟੁੱਟੇ ਨਿਤਾਣੇ ਤੇ ਨਿਰਾਸ਼ ਮੁਸਾਫ਼ਰਾਂ ਦਾ ਬਜਬਜ ਦੇ ਘਾਟ ’ਤੇ ਗੋਲੀਆਂ ਦੀ ਵਾਛੜ ਨਾਲ ਖੂਨੀ ਸੁਆਗਤ ਤੇ ਹੋਰ ਅਨੇਕਾਂ ਅਕਹਿ ਜ਼ੁਲਮ, ਤੇ ਹੋਰ ਕੀ-ਕੀ ਨਹੀਂ ਵਾਪਰਿਆ? ਕੀ ਅਸੀਂ ਇਹ ਸਭ ਕੁੱਝ ਆਪਣੀਆਂ ਅੱਖਾਂ ਨਾਲ ਨਹੀਂ ਤੱਕਿਆ ? ਜਿਸ ਭਾਰਤ ਦੇਸ਼ ’ਚ ਕਿਸੇ ਸਮੇਂ ਇੱਕ ਦਰੋਪਦੀ ਦੇ ਸਨਮਾਨ ਦੀ ਰੱਖਿਆ ਲਈ ਮਹਾਂਭਾਰਤ ਜੇਡਾ ਮਹਾਂ ਯੁੱਧ ਲੜਿਆ ਗਿਆ ਸੀ-ਉਸੇ ਦੇਸ਼ ’ਚ 1919 ਦੇ ਸਮੇਂ ਅਨੇਕਾਂ ਦਰੋਪਦੀਆਂ ਦੀ ਪੱਤ ਲੁੱਟੀ ਗਈ; ਉਨ੍ਹਾਂ ਦੇ ਨੰਗੇ ਮੂੰਹਾਂ ’ਤੇ ਥੁੱਕਿਆ ਗਿਆ। ਕੀ ਅਸੀਂ ਇਹ ਸਭ ਕੁਝ ਆਪਣੀ ਅੱਖੀਂ ਨਹੀਂ ਡਿੱਠਾ? ਫਿਰ ਵੀ ਵਰਤਮਾਨ ਹਾਲਤ ਨੂੰ ਅਸੀਂ ਤਮਾਸ਼ਬੀਨਾਂ ਵਾਂਗ ਅਰਾਮ ਨਾਲ ਵੇਖੀ ਜਾਂਦੇ ਹਾਂ। ਕੀ ਇਹ ਜੀਵਨ ਜੀਣ ਯੋਗ ਹੈ ?
ਕੀ ਸਾਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਲਈ ਕਿਸੇ ’ਗ਼ੈਬੀ ਇਲਹਾਮ’ ਦੀ ਲੋੜ ਹੈ ਕਿ ਅਸੀਂ ਗੁਲਾਮ ਹਾਂ ਤੇ ਸਾਨੂੰ ਹਰ ਹਾਲਤ ਵਿੱਚ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਦੇਣੀਆਂ ਚਾਹੀਦੀਆਂ ਹਨ? ਕੀ ਇਸ ਜੱਕੋ ਤੱਕੀ ਵਿਚ ਸਾਨੂੰ ਯੁੱਗਾਂ ਤੱਕ ਇਹ ਮਹਿਸੂਸ ਨਹੀਂ ਹੋਏਗਾ ਕਿ ਸਾਡੇ ’ਤੇ ਜ਼ੁਲਮ ਢਾਏ ਜਾ ਰਹੇ ਹਨ? ਕੀ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਅਸੀਂ ਕਿਸੇ ਰੱਬੀ ਕਰਿਸ਼ਮੇ ਜਾਂ ਗੈਬੀ ਕਰਾਮਾਤ ਦੀ ਮਦਦ ਦੀ ਆਸ ਲਈ ਬੈਠੇ ਰਹਾਂਗੇ? ਕੀ ਅਸੀਂ ਆਜ਼ਾਦੀ ਦੇ ਮੋਹਤਬਰ ਅਸੂਲ ਤੋਂ ਵੀ ਅਣਜਾਣ ਹਾਂ ਕਿ ਜਿਹੜੇ ਆਜ਼ਾਦ ਹਵਾ ’ਚ ਸਾਹ ਲੈਣ ਦੇ ਚਾਹਵਾਨ ਹਨ ਉਹਨਾਂ ਨੂੰ ਪਹਿਲਾਂ ਖ਼ੁਦ ਹੀ ਰਣ ਖੇਤਰ ਦੀ ਜਵਾਲਾ ’ਚ ਬੱਦਲ ਬਣ ਕੇ ਵਰ੍ਹਨਾ ਪੈਂਦਾ ਹੈ। ਨੌਜਵਾਨੋ ਜਾਗੋ! ਉੱਠ! ਸਾਨੂੰ ਸੱਤਿਆਂ ਯੁੱਗ ਬੀਤ ਚੁੱਕੇ ਹਨ।
ਅਸੀਂ ਸਿਰਫ਼ ਨੋਜਵਾਨਾਂ ਨੂੰ ਹੀ ਵੰਗਾਰਿਆ ਹੈ: ਕਿਉਂਕਿ ਨੌਜਵਾਨ ਬਹਾਦਰ, ਖੁੱਲ੍ਹਦਿਲੇ ਅਤੇ ਜਜ਼ਬਾਤੀ ਹੁੰਦੇ ਹਨ। ਤਸੀਹੇ ਵੀ ਖਿੜੇ ਮੱਥੇ ਝੱਲ ਸਕਦੇ ਹਨ ਅਤੇ ਬੇਝਿਜਕ ਮੌਤ ਨੂੰ ਪ੍ਰਵਾਨ ਕਰ ਸਕਦੇ ਹਨ, ਕਿਉਂਕਿ ਨੌਜਵਾਨ ਵੱਧ ਤੋਂ ਵੱਧ ਵਹਿਸ਼ੀਆਨਾ ਹਨ; ਕਿਉਂਕਿ ਮਨੁੱਖੀ ਵਿਕਾਸ ਦਾ ਸਾਰਾ ਇਤਿਹਾਸ ਨੌਜਵਾਨ ਮਰਦਾਂ ਅਤੇ ਇਸਤਰੀਆਂ ਦੇ ਖੂਨ ਨਾਲ ਲਿਖਿਆ ਗਿਆ ਹੈ: ਕਿਉਂਕਿ ਤਬਦੀਲੀਆਂ ਹਮੇਸ਼ਾ ਅਜਿਹੇ ਨੌਜਵਾਨਾਂ ਦੇ ਬਾਹੂ-ਬਲ, ਹੌਂਸਲੇ, ਕੁਰਬਾਨੀਆਂ ਅਤੇ ਦ੍ਰਿੜ੍ਹਤਾ ਸਦਕਾ ਹੀ ਆਉਂਦੀਆਂ ਹਨ ਜਿਹੜੇ ਡਰਨਾ ਨਹੀਂ ਜਾਣਦੇ ਅਤੇ ਜੋ ਨਿੱਜੀ-ਹਾਨੀ ਲਾਭ ਸੋਚਣ ਦੀ ਬਜਾਏ ਮਹਿਸੂਸ ਜ਼ਿਆਦਾ ਕਰਦੇ ਹਨ ?
ਕੀ ਇਹ ਜਪਾਨ ਦੇ ਨੌਜਵਾਨ ਨਹੀਂ ਸਨ ਜਿਨ੍ਹਾਂ ਨੇ ਪੋਰਟ ਆਰਥਰ ਤੱਕ ਖੁਸ਼ਕ ਰਸਤਾ ਬਣਾਉਣ ਲਈ ਆਪਣੇ ਆਪ ਨੂੰ ਸੈਂਕੜਿਆਂ ਦੀ ਗਿਣਤੀ ’ਚ ਡੂੰਘੀਆਂ ਖੱਡਾਂ ਦੇ ਹਵਾਲੇ ਕਰ ਦਿੱਤਾ ਸੀ? ਅਤੇ ਜਪਾਨ ਅੱਜ ਦੁਨੀਆਂ ਦੇ ਉੱਨਤ ਦੇਸ਼ਾਂ ਦੀ ਸਭ ਤੋਂ ਮੂਹਰਲੀ ਕਤਾਰ ਵਿਚ ਖੜ੍ਹਾ ਹੈ। ਕੀ ਇਹ ਪੋਲੈਂਡ ਦੇ ਬਹਾਦਰ ਨੌਜਵਾਨ ਨਹੀਂ ਸਨ ਜੋ ਉੱਪਰੋ-ਥਲੀ ਹਾਰਾਂ ਦੇ ਬਾਵਜੂਦ ਵੀ ਪਿਛਲੀ ਸਾਰੀ ਸਦੀ ਤੱਕ ਬਹਾਦਰੀ ਨਾਲ ਜੂਝਦੇ ਰਹੇ, ਅਤੇ ਅੱਜ ਪੋਲੈਂਡ ਇਕ ਆਜ਼ਾਦ ਦੇਸ਼ ਹੈ। ਇਟਲੀ ਨੂੰ ਆਸਟਰੀਆ ਦੇ ਜੂਲੇ ਹੇਠੋਂ ਕਿਸ ਨੇ ਕੱਢਿਆ? ਬਿਨ੍ਹਾਂ ਸ਼ੱਕ ‘‘ਯੰਗ ਇਟਲੀ”ਨੇ (ਇਟਲੀ ਦੇ ਨੌਜਵਾਨਾਂ ਦੀ ਜਥੇਬੰਦੀ)।
ਕੀ ਤੁਸੀਂ ਟਰਕੀ ਦੇ ਨੌਜਵਾਨਾਂ ਦੇ ਕਾਰਨਾਮਿਆਂ ਤੋਂ ਜਾਣੂ ਹੋ? ਕੀ ਤੁਸੀਂ ਰੋਜ਼ਾਨਾ ਇਹ ਨਹੀਂ ਪੜ੍ਹਦੇ ਕਿ ਚੀਨ ਦੇ ਨੌਜਵਾਨ ਕੀ ਕਰ ਰਹੇ ਹਨ? ਕੀ ਇਹ ਰੂਸੀ ਨੌਜਵਾਨ ਨਹੀਂ ਸਨ ਜਿਹੜੇ ਰੂਸ ਦੀ ਬੰਦ-ਖ਼ੁਲਾਸੀ ਵਾਸਤੇ ਆਪਣੀਆਂ ਜਾਨਾਂ ਉੱਤੇ ਖੇਡ ਗਏ? ਪਿਛਲੇ ਸੌ ਸਾਲਾਂ ਵਿਚ ਉਨ੍ਹਾਂ ਨੂੰ ਸੈਂਕੜੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿਰਫ਼ ਸਮਾਜਵਾਦੀ ਕਿਤਾਬਚੇ ਵੰਡਣ ਜਾਂ ਦੋਸਤੋਵਸਕੀ ਵਾਂਗ ਸਮਾਜਵਾਦੀ ਗੋਸ਼ਟੀ ਸਭਾ ਦਾ ਮੈਂਬਰ ਬਣਨ ਬਦਲੇ ਸਾਏਬੇਰੀਆ ਵਿੱਚ ਜਲਾਵਤਨ ਕੀਤਾ ਗਿਆ। ਵਾਰ ਵਾਰ ਉਨ੍ਹਾਂ ਨੇ ਜਬਰ ਦੇ ਤੂਫ਼ਾਨਾਂ ਦਾ ਸਾਹਮਣਾ ਕੀਤਾ ਤੇ ਹੌਂਸਲਾ ਨਾ ਹਾਰਿਆ। ਇਹ ਸਿਰਫ਼ ਨੌਜਵਾਨ ਹੀ ਹਨ ਜੋ ਸੰਗਰਾਮ ਕਰਦੇ ਹਨ। ਹਰ ਜਗ੍ਹਾ ਸਿਰਫ਼ ਨੌਜਵਾਨ ਹੀ ਆਸ ਉਮੀਦ ਨੂੰ ਛੱਡ ਕੇ, ਝਿਜਕ ਅਤੇ ਡਰ ਨੂੰ ਛਿੱਕੇ ’ਤੇ ਟੰਗ ਕੇ ਜੂਝ ਸਕਦੇ ਹਨ ਅਤੇ ਅੱਜ ਅਸੀਂ ਮਹਾਨ ਰੂਸ ਨੂੰ ਦੁਨੀਆਂ ਦੇ ਮੁਕਤੀ ਦਾਤਾ ਦੇ ਰੂਪ ਵਿਚ ਦੇਖਦੇ ਹਾਂ!
ਦੂਜੇ ਪਾਸੇ ਹਾਂ ਅਸੀਂ ਭਾਰਤੀ। ਅਸੀਂ ਕੀ ਕਰ ਰਹੇ ਹਾਂ? ਜੇ ਪਿੱਪਲ ਦੇ ਦਰਖਤ ਦੀ ਕੋਈ ਟਹਿਣੀ ਵੱਢੀ ਜਾਵੇ ਤਾਂ ਹਿੰਦੂਆਂ ਦੇ ਧਾਰਮਿਕ ਜਜ਼ਬਾਤ ਉੱਤੇ ਸੈੱਟ ਵਜਦੀ ਹੈ। ਬੁੱਤ-ਸ਼ਿਕਨ ਹਜ਼ਰਤ ਮੁਹੰਮਦ ਦੇ ਕਾਗਜ ਦੇ ਪੁਤਲੇ ’ਤਾਜ਼ੀਏ ਦੀ ਨੁੱਕਰ ਟੁੱਟਣ ਨਾਲ ਮੁਸਲਮਾਨਾਂ ਦਾ ਅੱਲਾ ਗੁੱਸੇ ਨਾਲ ਲਾਲ ਹੋ ਜਾਂਦਾ ਹੈ ਅਤੇ ਫਿਰ ਕਾਫ਼ਰ ਹਿੰਦੂਆਂ ਦੇ ਖੂਨ ਤੋਂ ਬਗੈਰ ਹੋਰ ਕਿਸੇ ਤਰ੍ਹਾਂ ਵੀ ਉਸਦੀ ਪਿਆਸ ਨਹੀਂ ਬੁੱਝਦੀ। ਨਿਸਚੇ ਹੀ ਇਨਸਾਨ ਦੀ ਪਸ਼ੂਆਂ ਨਾਲੋਂ ਜ਼ਿਆਦਾ ਕਦਰ ਹੋਣੀ ਚਾਹੀਦੀ ਹੈ ਪਰ ਭਾਰਤ ਵਿਚ ਪਵਿੱਤਰ ਪਸ਼ੂਆਂ ਦੇ ਨਾਂ ਉੱਤੇ ਇੱਕ ਦੂਜੇ ਦੇ ਸਿਰ ਪਾੜ ਦਿੰਦੇ ਹਨ। ਫ਼ਿਕਾਪ੍ਰਸਤੀ ਨੇ ਸਾਡੀ ਸੋਚ ਨੂੰ ਇਕ ਤੰਗ ਘੇਰੇ ਵਿਚ ਬੰਦ ਕਰ ਛੱਡਿਆ ਹੈ ਜਦ ਕਿ ਬਾਕੀ ਦੁਨੀਆਂ ਦੇ ਨੌਜਵਾਨ ਕੌਮਾਂਤਰੀ ਪੱਧਰ ’ਤੇ ਸੋਚਦੇ ਹਨ।
ਸਾਡੇ ’ਚੋਂ ਵੀ ਕਈ ਐਸੇ ਹਨ ਜੋ ਆਪਣੀ ਆਲਸ ਤੇ ਨਿਕੰਮੇਪਣ ਨੂੰ ਅੰਤਰ-ਰਾਸ਼ਟਰਵਾਦ ਦੇ ਬੁਰਕੇ ’ਚ ਛੁਪਾਉਂਦੇ ਹਨ। ਜੇ ਉਨ੍ਹਾਂ ਨੂੰ ਦੇਸ਼ ਸੇਵਾ ਲਈ ਕਹੋ ਤਾਂ ਉਹ ਜੁਆਬ ਦੇਣਗੇ, ‘‘ਜਨਾਬ, ਅਸੀਂ ਤਾਂ ਕੌਮਾਂਤਰੀਵਾਦੀ ਹਾਂ ਤੇ ਅਸੀਂ ਕੌਮਾਂਤਰੀ ਭਾਈਚਾਰੇ ’ਚ ਵਿਸ਼ਵਾਸ ਰੱਖਦੇ ਹਾਂ। ਇਸ ਤਰ੍ਹਾਂ ਅੰਗਰੇਜ਼ ਵੀ ਤਾਂ ਸਾਡੇ ਭਰਾ ਹੀ ਹਨ, ਫਿਰ ਉਨ੍ਹਾਂ ਨਾਲ ਕਾਹਦੀ ਲੜਾਈ ?’’ ਕਿੱਡਾ ਨੇਕ ਖ਼ਿਆਲ ਹੈ ਤੇ ਕਿੰਨੀ ਖੂਬਸੂਰਤ ਗੱਲ ਹੈ! ਪਰ ਉਹ ਇਸਦੇ ਅਸਲੀ ਭਾਵ ਨੂੰ ਨਹੀਂ ਸਮਝਦੇ। ਮਨੁੱਖੀ ਭਾਈਚਾਰੇ ਦਾ ਅਸੂਲ ਮੰਗ ਕਰਦਾ ਹੈ ਕਿ ਇੱਕ ਆਦਮੀ ਦੇ ਹੱਥੋਂ ਦੂਜੇ ਆਦਮੀ ਅਤੇ ਇਕ ਕੌਮ ਹੱਥੋਂ ਦੂਜੀ ਕੌਮ ਦੀ ਲੁੱਟ-ਖਸੁੱਟ ਦਾ ਅੰਤ ਕਰ ਦਿੱਤਾ ਜਾਵੇ। ਕਿਸੇ ਵੀ ਕਿਸਮ ਦੇ ਵਿਤਕਰੇ ਤੋਂ ਬਗੈਰ ਹਰ ਇੱਕ ਨੂੰ ਤਰੱਕੀ ਦੇ ਇੱਕੋ ਜਿਹੇ ਮੌਕੇ ਦਿੱਤੇ ਜਾਣ। ਪਰ ਅੰਗਰੇਜ਼ੀ ਰਾਜ ਇਹਨਾਂ ਸਾਰੀਆਂ ਚੀਜ਼ਾਂ ਦੇ ਪੂਰੀ ਤਰ੍ਹਾਂ ਉਲਟ ਕਰ ਰਿਹਾ ਹੈ ਅਤੇ ਇਹ ਸਾਡੇ ਕਿਸੇ ਕੰਮ ਦਾ ਨਹੀਂ।
ਹੁਣ ਲੋਕ ਸੇਵਾ ਬਾਰੇ ਵੀ ਦੋ ਸ਼ਬਦ ਆਖ ਦਿੰਦੇ ਹਾਂ। ਬਹੁਤ ਸਾਰੇ ਨੇਕ ਆਦਮੀਆਂ ਦਾ ਖ਼ਿਆਲ ਹੈ ਕਿ ਲੋਕ ਸੇਵਾ (ਉਹਨਾਂ ਸੌੜੇ ਅਰਥਾਂ ਵਿਚ ਜਿਵੇਂ ਅਸੀਂ ਭਾਰਤੀ ਇਸ ਨੂੰ ਸਮਝਦੇ ਹਾਂ) ਸਭ ਰੋਗਾਂ ਦੀ ਦਵਾ ਹੈ ਅਤੇ ਦੇਸ਼ ਸੇਵਾ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸੇ ਲਈ ਸਾਡੇ ਬਹੁਤ ਸਾਰੇ ਜੋਸ਼ੀਲੇ ਨੌਜਵਾਨ ਗਰੀਬਾਂ ਵਿੱਚ ਅੰਨ ਵੰਡਣ ਅਤੇ ਸਾਰੀ ਉਮਰ ਬੀਮਾਰਾਂ ਦੀ ਸੇਵਾ ਕਰਨ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ। ਅਜਿਹੇ ਪੁਰਸ਼ ਸੱਚੇ ਅਤੇ ਕੁਰਬਾਨੀ ਦੇ ਪੁਤਲੇ ਜ਼ਰੂਰ ਹੁੰਦੇ ਹਨ ਪਰ ਉਹ ਇਹ ਨਹੀਂ ਸਮਝ ਸਕਦੇ ਕਿ ਸਿਰਫ਼ ਦਾਨ ਦੇਣ ਨਾਲ ਨਾ ਭਾਰਤ ਵਿੱਚ ਅਤੇ ਨਾ ਹੀ ਕਿਸੇ ਹੋਰ ਦੇਸ਼ ਵਿੱਚ ਗਰੀਬੀ ਅਤੇ ਬੀਮਾਰੀ ਦੀ ਸਮੱਸਿਆ ’ਤੇ ਕਾਬੂ ਪਾਇਆ ਜਾ ਸਕਦਾ ਹੈ।
ਮਜ਼ਹਬੀ ਵਹਿਮ ਅਤੇ ਤੁਅੱਸਬ ਸਾਡੀ ਤਰੱਕੀ ਦੇ ਰਾਹ ਵਿਚ ਇਕ ਵੱਡੀ ਰੁਕਾਵਟ ਹਨ। ਇਹ ਹਮੇਸ਼ਾ ਸਾਡੇ ਰਾਹ ਵਿਚ ਰੋੜਾ ਸਾਬਤ ਹੋਏ ਹਨ ਅਤੇ ਸਾਨੂੰ ਇਨ੍ਹਾਂ ਨੂੰ ਪਰ੍ਹੇ ਵਗਾਹ ਮਾਰਨਾ ਚਾਹੀਦਾ ਹੈ। ਜਿਹੜੀ ਚੀਜ਼ ਆਜ਼ਾਦ ਵਿਚਾਰਾਂ ਦੀ ਕਸਵੱਟੀ ਉੱਤੇ ਪੂਰੀ ਨਹੀਂ ਉਤਰਦੀ ਲਾਜ਼ਮੀ ਖ਼ਤਮ ਹੋ ਜਾਂਦੀ ਹੈ। ਹੋਰ ਕਈ ਅਜਿਹੀਆਂ ਕਮਜ਼ੋਰੀਆਂ ਹਨ ਜਿਨ੍ਹਾਂ ਉੱਤੇ ਹਾਲੇ ਅਸੀਂ ਕਾਬੂ ਪਾਉਣਾ ਹੈ। ਵਿਦੇਸ਼ੀ ਹਾਕਮ ਹਿੰਦੂਆਂ ਦੀ ਕੱਟੜਤਾ ਤੇ ਪਿਛਾਂਹ-ਖਿੱਚ ਨੀਤੀ, ਮੁਸਲਮਾਨਾਂ ਦੇ ਤੁਅੱਸਬ ਅਤੇ ਆਮ ਕਰਕੇ ਸਾਰੇ ਫ਼ਿਰਕਿਆਂ ਦੀ ਤੰਗ-ਦਿੱਲੀ ਦਾ ਫ਼ਾਇਦਾ ਉਠਾਉਂਦੇ ਹਨ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਇਨਕਲਾਬੀ ਲਗਨ ਵਾਲੇ ਸਭ ਫਿਰਕਿਆਂ ਦੇ ਨੌਜਵਾਨਾਂ ਦੀ ਲੋੜ ਹੈ।
ਅਸੀਂ ਅਜੇ ਤੱਕ ਕੁੱਝ ਵੀ ਨਹੀਂ ਕੀਤਾ ਅਤੇ ਨਾ ਹੀ ਅਸੀਂ ਕਾਮਯਾਬੀ ਵਾਸਤੇ ਕੁਰਬਾਨੀ ਕਰਨ ਲਈ ਤਿਆਰ ਹਾਂ ਪਰ ਸਾਡੇ ਨੇਤਾ ਤਾਂ ਪਹਿਲਾਂ ਹੀ ਕਿਸੇ ਖਿਆਲੀ ਕਾਮਯਾਬੀ ਦੀਆਂ ਵੰਡੀਆਂ ਪਾਉਣ ਲਈ ਆਪਸ ਵਿੱਚ ਲੜ ਰਹੇ ਹਨ।
ਸਿਰਫ਼ ਆਪਣੀ ਕਾਇਰਤਾ ਅਤੇ ਕੁਰਬਾਨੀ ਦੇ ਜਜ਼ਬੇ ਦੀ ਅਣਹੋਂਦ ਉੱਤੇ ਪੜਦਾ ਪਾਉਣ ਲਈ ਉਹ ਬਣਾਉਟੀ ਸ਼ੋਸ਼ੇ ਖੜ੍ਹੇ ਕਰਦੇ ਹਨ ਅਤੇ ਅਸਲੀ ਸਮੱਸਿਆ ਨੂੰ ਲੁਕਾ ਰਹੇ ਹਨ। ਇਹ ਕੁੱਝ ਨਾ ਕਰਨ ਵਾਲੇ ਉਨ੍ਹਾਂ ਜੂਠੇ ਟੁਕੜਿਆਂ ਉੱਤੇ ਆਸਾ ਲਾਈ ਬੈਠੇ ਹਨ ਜਿਹੜੇ ਉਨ੍ਹਾਂ ਨੂੰ ਜਰਵਾਣੇ ਬਦੇਸ਼ੀ ਹਾਕਮਾਂ ਵੱਲੋਂ ਮਿਲਣ ਦੀ ਆਸ ਹੈ। ਇਹ ਬਹੁਤ ਹੱਤਕ ਭਰੀ ਦਸ਼ਾ ਹੈ। ਆਜ਼ਾਦੀ ਦੀ ਜੰਗ ਵਿੱਚ ਨਿਤਰਨ ਵਾਲੇ ਕਿਆਫ਼ੇ ਨਹੀਂ ਲਾਉਂਦੇ ਕਿ ਕਿੰਨੀ ਕੁਰਬਾਨੀ ਨਾਲ ਕਿੰਨੀ ਕਾਮਯਾਬੀ ਹੋਵੇਗੀ ਅਤੇ ਇਸ ਵਿੱਚ ਸਾਡੇ ਹਿੱਸੇ ਕੀ ਆਵੇਗਾ? ਅਜਿਹੇ ਲੋਕ ਕਦੇ ਵੀ ਕੁਰਬਾਨੀ ਨਹੀਂ ਕਰ ਸਕਦੇ। ਸਾਨੂੰ ਉਨ੍ਹਾਂ ਮਰਦਾਂ ਦੀ ਲੋੜ ਹੈ ਜਿਹੜੇ ਹਰ ਕਿਸਮ ਦੀ ਆਸ ਉਮੀਦ, ਡਰ ਜਾਂ ਦੁਚਿੱਤੀ ਨੂੰ ਤਿਆਗ ਕੇ ਸੰਘਰਸ਼ ਕਰਨ ਤੇ ਜਿਹੜੇ ਬਿਨਾਂ ਸ਼ੁਹਰਤ ਗੁੰਮਨਾਮ ਰਹਿ ਕੇ ਸ਼ਹੀਦੀਆਂ ਪਾ ਸਕਣ। ਅਜਿਹੇ ਜਜ਼ਬੇ ਤੋਂ ਬਗੈਰ ਅਸੀਂ ਉਹ ਦੁਪਾਸੀ ਜੰਗ ਨਹੀਂ ਲੜ ਸਕਾਂਗੇ ਜੋ ਸਾਨੂੰ ਵੰਗਾਰ ਰਹੀ ਹੈ-ਦੁਪਾਸੀ ਇਸ ਲਈ ਕਿ ਇਕ ਤਾਂ ਆਪਣੇ ਅੰਦਰਲੇ ਦੁਸ਼ਮਣ ਦੇ ਖ਼ਿਲਾਫ ਤੇ ਦੂਜੀ ਵਿਦੇਸ਼ੀ ਦੁਸ਼ਮਣ ਦੇ ਖ਼ਿਲਾਫ। ਸਾਡਾ ਅਸਲੀ ਸੰਘਰਸ਼ ਸਾਡੀਆਂ ਆਪਣੀਆਂ ਕਮਜ਼ੋਰੀਆਂ ਵਿਰੁੱਧ ਹੈ। ਜਿਨ੍ਹਾਂ ਦਾ ਫ਼ਾਇਦਾ ਸਾਡਾ ਦੁਸ਼ਮਣ ਵੀ ਉਠਾਉਂਦਾ ਹੈ ਅਤੇ ਸਾਡੇ ਆਪਣੇ ਵਿਚੋਂ ਕਈ ਖ਼ੁਦਗਰਜ਼ ਲੋਕ ਵੀ।
ਨੌਜਵਾਨ ਪੰਜਾਬੀਓ! ਦੂਜੇ ਸੂਬਿਆਂ ਦੇ ਨੌਜਵਾਨ ਆਪੋ ਆਪਣੀ ਥਾਂ ’ਤੇ ਤੂਫ਼ਾਨੀ ਰਫ਼ਤਾਰ ਨਾਲ ਕੰਮ ਕਰ ਰਹੇ ਹਨ। ਤਿੰਨ ਫਰਵਰੀ ਨੂੰ ਬੰਗਾਲ ਦੇ ਨੌਜਵਾਨਾਂ ਨੇ ਜਿਸ ਜਥੇਬੰਦੀ ਤੇ ਜਾਗ੍ਰਤੀ ਦਾ ਸਬੂਤ ਦਿੱਤਾ ਉਹ ਸਾਡੇ ਲਈ ਚਾਨਣ ਮੁਨਾਰਾ ਹੈ। ਦੂਜੇ ਪੰਜਾਬ ਆਪਣੀਆਂ ਬੇਮਿਸਾਲ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਬਾਵਜੂਦ ਵੀ ਰਾਜਸੀ ਤੌਰ ’ਤੇ ਪਛੜਿਆ ਹੋਇਆ ਸੂਬਾ ਮੰਨਿਆ ਜਾਂਦਾ ਹੈ। ਕਿਸ ਲਈ? ਇਸੇ ਕਰਕੇ ਕਿ ਅਸੀਂ ਇਕ ਯੋਧਿਆਂ ਦੀ ਕੌਮ-ਵਿੱਚੋਂ ਤਾਂ ਹਾਂ, ਪਰ ਸਾਡੇ ਵਿਚ ਜਥੇਬੰਦੀ ਤੇ ਅਨੁਸ਼ਾਸਨ ਦੀ ਬਹੁਤ ਕਮੀ ਹੈ। ਅਸੀਂ ਜੋ ਕਿ ਪੁਰਾਤਨ ਸਮੇਂ ਦੀ ਟੈਕਸਿਲਾ ਯੂਨੀਵਰਸਿਟੀ ’ਤੇ ਮਾਣ ਕਰਦੇ ਹਾਂ, ਅੱਜ ਸਭਿਆਚਾਰ ਤੋਂ ਬਿਲਕੁਲ ਕੋਰੇ ਬੈਠੇ ਹਾਂ ਅਤੇ ਸੱਭਿਆਚਾਰ ਬਣਾਉਣ ਲਈ ਉੱਚ ਕੋਟੀ ਦੇ ਸਾਹਿਤ ਦੀ ਲੋੜ ਹੈ ਅਤੇ ਅਜਿਹਾ ਸਾਹਿਤ ਇਕ ਸਾਂਝੀ ਤੇ ਉੱਨਤ ਬੋਲੀ ਤੋਂ ਬਗੈਰ ਨਹੀਂ ਰਚਿਆ ਜਾ ਸਕਦਾ। ਅਫਸੋਸ! ਕਿ ਸਾਡੇ ਕੋਲ ਇਨ੍ਹਾਂ ਵਿਚੋਂ ਕੁੱਝ ਵੀ ਨਹੀਂ।
ਉੱਪਰ-ਲਿਖੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਦੇ ਇਲਾਵਾ ਆਉਣ ਵਾਲੇ ਇਸ ਤੋਂ ਵੀ ਵੱਡੇ ਸੰਘਰਸ਼ ਲਈ ਜਨਤਾ ਨੂੰ ਤਿਆਰ ਕਰਨਾ ਪਵੇਗਾ। ਸਾਡੀ ਰਾਜਸੀ ਜੱਦੋਜਹਿਦ ਸਿਰਫ਼ 1857 ਦੇ ਸੰਗਰਾਮ ਤੋਂ ਬਾਅਦ ਹੀ ਆਰੰਭ ਹੋਈ ਹੈ।
ਇਹ ਕਈ ਪੜਾਵਾਂ ਵਿੱਚੋਂ ਦੀ ਲੰਘੀ ਹੈ। ਵੀਹਵੀਂ ਸਦੀ ਦੇ ਮੁੱਢ ਤੋਂ ਹੀ ਅੰਗਰੇਜ਼ ਨੌਕਰਸ਼ਾਹੀ ਭਾਰਤ ਲਈ ਇੱਕ ਬਿਲਕੁਲ ਨਵੀਂ ਨੀਤੀ ਅਪਣਾ ਰਹੀ ਹੈ। ਵੱਡੇ ਸਰਮਾਏਦਾਰ ਤਬਕੇ ਨੂੰ ਰਿਆਇਤਾਂ ਦੇ ਕੇ ਉਹ ਇਨ੍ਹਾਂ ਨੂੰ ਆਪਣੀਆਂ ਸਫ਼ਾਂ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਦੇ ਹਿੱਤ ਸਾਂਝੇ ਬਣਾਏ ਜਾ ਰਹੇ ਹਨ। ਦੇਸ਼ ਵਿੱਚ ਅੰਗਰੇਜ਼ੀ ਸਰਮਾਇਆ ਵਧਣ ਨਾਲ ਭਾਰਤ ਦੀ ਅਜਿਹੀ ਗਿਰਾਵਟ ਅਟੱਲ ਹੋ ਜਾਵੇਗੀ। ਭਵਿੱਖ ਵਿੱਚ ਬਹੁਤ ਛੇਤੀ ਹੀ ਅਸੀਂ ਇਸ ਤਬਕੇ ਤੇ ਇਸ ਦੇ ਉੱਘੇ ਨੇਤਾਵਾਂ ਨੂੰ ਵਿਦੇਸ਼ੀ ਹਾਕਮਾਂ ਨਾਲ ਗਲਵੱਕੜੀ ਪਾਏ ਹੋਏ ਤੱਕਾਂਗੇ। ਕਿਸੇ ਗੋਲ ਮੇਜ਼ ਕਾਨਫਰੰਸ ਜਾਂ ਹੋਰ ਅਜਿਹੇ ਢੰਗ ਰਾਹੀਂ ਇਨ੍ਹਾਂ ਵਿਚਾਲੇ ਸੌਦੇਬਾਜ਼ੀ ਹੋ ਜਾਵੇਗੀ ਅਤੇ ਫਿਰ ਉਹ ਲੋਕਾਂ ਦੀ ਮਦਦ ਕਰਨੀ ਛੱਡ ਦੇਣਗੇ। ਫਿਰ ਉਹ ਸ਼ੇਰਾਂ ਦੇ ਬੱਚੇ ਨਹੀਂ ਰਹਿਣਗੇ। ਜੇ ਅਜਿਹਾ ਸਮਝੌਤਾ ਨਾ ਵੀ ਹੋਵੇ ਤਾਂ ਆਉਣ ਵਾਲੇ ਸਮੇਂ ਵਿਚ ਜਨਤਕ ਸੰਘਰਸ਼ ਵੇਲੇ ਆਜ਼ਾਦੀ ਦੇ ਕਈ ਨਾਮ-ਧਰੀਕ ਹਾਮੀ ਝੜ ਜਾਣਗੇ।
ਭਵਿੱਖ ਵਿੱਚ ਦੇਸ਼ ਨੂੰ ਸੰਘਰਸ਼ ਲਈ ਤਿਆਰ ਕਰਨ ਦਾ ਪ੍ਰੋਗਰਾਮ ਇਸ ਨਾਅਰੇ ਨਾਲ ਸ਼ੁਰੂ ਹੋਵੇਗਾ। ‘‘ਜਨਤਾ ਦਾ ਇਨਕਲਾਬ ਅਤੇ ਜਨਤਾ ਲਈ ਇਨਕਲਾਬ।’’ ਦੂਜੇ ਸ਼ਬਦਾਂ ਵਿੱਚ ਉਹ ਸਵਰਾਜ ਜੋ 98 ਫੀਸਦੀ ਲੋਕਾਂ ਲਈ ਹੋਵੇ।
ਉਹ ਸਵਰਾਜ ਜਿਸ ਨੂੰ ਲੋਕ ਸਿਰਫ਼ ਪ੍ਰਾਪਤ ਹੀ ਨਹੀਂ ਕਰਨਗੇ, ਉਹ ਹੋਵੇਗਾ ਵੀ ਉਨ੍ਹਾਂ ਦਾ। ਇਹ ਬਹੁਤ ਮੁਸ਼ਕਲ ਕੰਮ ਹੈ। ਭਾਵੇਂ ਸਾਡੇ ਨੇਤਾਵਾਂ ਨੇ ਕਈ ਸੁਝਾਅ ਦਿੱਤੇ ਹਨ ਪਰ ਕਿਸੇ ਵਿੱਚ ਵੀ ਇੰਨਾ ਹੌਂਸਲਾ ਨਹੀਂ ਸੀ ਜਿਸ ਨੇ ਸਮੁੱਚੀ ਜਨਤਾ ਦੀ ਜਾਗ੍ਰਿਤੀ ਲਈ ਕੋਈ ਠੋਸ ਸਕੀਮ ਪੇਸ਼ ਕੀਤੀ ਹੋਵੇ ਜਾਂ ਉਸ ਨੂੰ ਸਫ਼ਲਤਾ ਨਾਲ ਸਿਰੇ ਚਾੜ੍ਹਨ ਦੀ ਦਲੇਰੀ ਕੀਤੀ ਹੋਵੇ। ਬਹੁਤ ਵਿਸਥਾਰ ਵਿੱਚ ਨਾ ਜਾਂਦਿਆਂ ਹੋਇਆਂ ਅਸੀਂ ਏਨਾ ਜ਼ਰੂਰ ਕਹਿ ਸਕਦੇ ਹਾਂ ਕਿ ਆਪਣੇ ਅਸਲੀ ਨਿਸ਼ਾਨੇ ਦੀ ਪੂਰਤੀ ਲਈ ਰੂਸੀ ਨੌਜਵਾਨਾਂ ਵਾਂਗ ਸਾਡੇ ਵੀ ਹਜ਼ਾਰਾਂ ਹੋਣਹਾਰ ਨੌਜਵਾਨਾਂ ਨੂੰ ਆਪਣੀਆਂ ਕੀਮਤੀ ਜ਼ਿੰਦਗੀਆਂ ਪਿੰਡਾਂ ਵਿੱਚ ਗੁਜ਼ਾਰਨੀਆਂ ਪੈਣਗੀਆਂ ਅਤੇ ਲੋਕਾਂ ਨੂੰ ਸਮਝਾਉਣਾ ਪਵੇਗਾ ਕਿ ਆਉਣ ਵਾਲੇ ਇਨਕਲਾਬ ਦਾ ਅਸਲ ਭਾਵ ਕੀ ਹੋਵੇਗਾ। ਲੋਕਾਂ ਵਿੱਚ ਇਹ ਚੀਜ਼ ਮਹਿਸੂਸ ਕਰਾਉਣ ਦੀ ਲੋੜ ਹੈ ਕਿ ਆਉਣ ਵਾਲੇ ਇਨਕਲਾਬ ਦਾ ਅਰਥ ਸਿਰਫ ’ਹਾਕਮਾਂ’ ਦੀ ਤਬਦੀਲੀ ਹੀ ਨਹੀਂ ਹੋਵੇਗਾ।
ਸਭ ਤੋਂ ਵਧ ਕੇ ਇਸ ਦਾ ਅਰਥ ਹੋਵੇਗਾ- ਇੱਕ ਬਿਲਕੁਲ ਨਵੇਂ ਢਾਂਚੇ ਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ ਕਰਨਾ। ਇਹ ਇੱਕ ਦਿਨ ਜਾਂ ਇੱਕ ਸਾਲ ਦਾ ਕੰਮ ਨਹੀਂ ਹੈ। ਕਈ ਦਹਾਕਿਆਂ ਦੀ ਲਾਸਾਨੀ ਕੁਰਬਾਨੀ ਹੀ ਜਨਤਾ ਨੂੰ ਇਸ ਮਹਾਨ ਕਾਰਜ ਨੂੰ ਸਿਰੇ ਚਾੜ੍ਹਨ ਲਈ ਤਿਆਰ ਕਰ ਸਕਦੀ ਹੈ ਅਤੇ ਸਿਰਫ਼ ਇਨਕਲਾਬੀ
ਨੌਜਵਾਨ ਹੀ ਇਸ ਨੂੰ ਕਰ ਸਕਣਗੇ। ਪਰ ਇਹ ਜ਼ਰੂਰੀ ਨਹੀਂ ਕਿ ਬੰਬਾਂ ਤੇ ਪਿਸਤੌਲਾਂ ਵਾਲਾ ਆਦਮੀ ਹੀ ਇਨਕਲਾਬੀ ਹੋਵੇ।
ਨੌਜਵਾਨਾਂ ਦਾ ਕੰਮ ਬਹੁਤ ਮੁਸ਼ਕਲ ਹੈ ਅਤੇ ਉਨਾਂ ਦੇ ਵਸੀਲੇ ਨਾ-ਮਾਤਰ ਹਨ। ਅਨੇਕਾਂ ਮਸੀਬਤਾਂ ਤੇ ਔਕੜਾਂ ਉਨ੍ਹਾਂ ਦੇ ਰਸਤੇ ਵਿਚ ਆਉਣਗੀਆਂ ਪ੍ਰੰਤੂ ਉਨ੍ਹਾਂ ਥੋੜ੍ਹੇ ਪਰ ਸਾਫ਼ ਦਿਲ ਉੱਦਮੀ ਮਰਦਾਂ ਦੇ ਅਥਾਹ ਜੋਸ਼ ਅੱਗੇ ਉਹ ਵੀ ਨਹੀਂ ਅਟਕ ਸਕਦੀਆਂ। ਨੌਜਵਾਨਾਂ ਦਾ ਮੈਦਾਨ ਵਿਚ ਨਿੱਤਰਨਾ ਲਾਜ਼ਮੀ ਹੈ। ਉਨ੍ਹਾਂ ਨੇ ਆਪਣੇ ਸਾਹਮਣੇ ਮਹਾਨ ਕੰਡਿਆਲੇ ਤੇ ਬਿਖੜੇ ਰਸਤੇ ਅਤੇ ਨਾਲ ਹੀ ਆਪਣੇ ਮਹਾਨ ਆਦਰਸ਼ ਦੀ ਠੀਕ ਠੀਕ ਪਛਾਣ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਵੀ ਮਨ ਵਿੱਚ ਵਸਾਉਣਾ ਚਾਹੀਦਾ ਹੈ ਕਿ ਕਾਮਯਾਬੀ ਤਾਂ ਇਕ ਸਬੱਬੀ ਗੱਲ ਹੈ ਪਰ ਕੁਰਬਾਨੀ ਅਟੱਲ ਨਿਯਮ ਹੈ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਲਗਾਤਾਰ ਨਾਕਾਮੀਆਂ ਦਾ ਸਾਹਮਣਾ ਕਰਨਾ ਪਵੇ ਅਤੇ ਗੁਰੂ ਗੋਬਿੰਦ ਸਿੰਘ ਨਾਲੋਂ ਵੀ ਬਹੁਤੇ ਕਸ਼ਟ ਝੱਲਣੇ ਪੈਣ। ਫਿਰ ਵੀ ਉਨ੍ਹਾਂ ਨੂੰ ਪਛਤਾ ਕੇ ਇਹ ਨਹੀਂ ਕਹਿਣਾ ਚਾਹੀਦਾ : “ਉਹੋ। ਇਹ ਸਭ ਕੁਝ ਤਾਂ ਭੁਲੇਖਾ ਹੀ ਨਿਕਲਿਆ।’’”
ਨੌਜਵਾਨੋ। ਅਜਿਹੇ ਮਹਾਨ ਸੰਗਰਾਮ ਵਿਚ ਆਪਣੇ ਆਪ ਨੂੰ ਇਕੱਲਾ ਦੇਖ ਕੇ ਤੁਸੀਂ ਘਬਰਾਉਣਾ ਨਹੀਂ ਹੋਵੇਗਾ। ਤੁਹਾਨੂੰ ਆਪਣੇ ਅੰਦਰ ਸ਼ਕਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਆਪਣੇ ਬਾਹੂ-ਬਲ ਉੱਤੇ ਭਰੋਸਾ ਰੱਖੋ ਤੇ ਜਿੱਤ ਤੁਹਾਡੀ ਹੈ। ਜੇਮਜ਼ ਗਾਰਫੀਲਡ ਦੀ ਮਹਾਨ ਮਾਤਾ ਦੇ ਉਹ ਸ਼ਬਦ ਹਮੇਸ਼ਾ ਯਾਦ ਰੱਖੋ ਜੋ ਉਸਨੇ ਆਪਣੇ ਪੁੱਤਰ ਨੂੰ ਬਿਨ੍ਹਾਂ ਪੈਸੇ ਤੇ ਹਰ ਕਿਸਮ ਦੇ ਸਹਾਰੇ ਤੋਂ ਵਾਂਝਿਆਂ ਕਰਕੇ ਤੋਰਨ ਵੇਲੇ ਕਹੇ ਸਨ : “ਕਿਸੇ ਨੌਜਵਾਨ ਦੀ ਸਭ ਤੋਂ ਜ਼ਿਆਦਾ ਭਲਾਈ ਇਸੇ ਵਿੱਚ ਹੈ ਕਿ ਜ਼ਿੰਦਗੀ ਵਿਚ ਦਸਾਂ ਵਿੱਚੋਂ ਨੌਂ ਵਾਰੀ ਉਸਨੂੰ ਸਿਰਫ਼ ਆਪਣੇ ਸਹਾਰੇ ਉੱਤੇ ਸਮੁੰਦਰ ਵਿੱਚ ਤਰਨ ਜਾਂ ਡੁੱਬਣ ਦਾ ਮੌਕਾ ਦਿੱਤਾ ਜਾਵੇ ।’’ ਧੰਨ ਹੈ ਉਹ ਮਾਤਾ ਜਿਸਨੇ ਇਹ ਸ਼ਬਦ ਆਖੇ! ਅਤੇ ਧੰਨ ਹਨ ਉਹ ਲੋਕ ਜਿਹੜੇ ਇਸ ਕਥਨ ਨੂੰ ਪਾਲਦੇ ਹਨ।
ਇਟਲੀ ਨੂੰ ਨਵਾਂ ਜਨਮ ਦੇਣ ਵਾਲੇ ਮਹਾਂ ਮਾਨਵ ‘ਮੈਜਿਨੀ’ ਨੇ ਕਿਹਾ ਸੀ, ‘ਸਾਰੀਆਂ ਕੌਮੀ ਲਹਿਰਾਂ ਉਨ੍ਹਾਂ ਗੁੰਮਨਾਮ ਲੋਕਾਂ ਦੀ ਹੀ ਦੇਣ ਹੁੰਦੀਆਂ ਹਨ ਜਿਨ੍ਹਾਂ ਕੋਲ ਕੋਈ ਪ੍ਰਸਿੱਧੀ ਜਾਂ ਅਸਰ ਰਸੂਖ ਨਹੀਂ ਹੁੰਦਾ। ਪਰ ਉਹ ਐਸਾ ਦ੍ਰਿੜ੍ਹ ਨਿਸਚਾ ਤੇ ਸਿਦਕ ਰੱਖਦੇ ਹਨ ਜਿਸ ਦੇ ਸਾਹਮਣੇ ਸਮੇਂ ਦੀ ਲੰਬਾਈ ਤੇ ਸਭ ਔਕੜਾਂ ਮਾਤ ਪੈ ਜਾਂਦੀਆਂ ਹਨ। ਜ਼ਿੰਦਗੀ ਦਾ ਚੱਪੂ ਚੁੱਕ ਦਿਓ ਤੇ ਇਸ ਨੂੰ ਮੁਸ਼ਕਲਾਂ ਦੇ ਮਹਾਨ ਸਾਗਰ ਵਿੱਚ ਠਿੱਲ੍ਹ ਪੈਣ ਦੇਵੋ ਤੇ ਫਿਰ :
ਉਸ ਵਿਸ਼ਾਲ ਤੇ ਅਦਭੁੱਤ ਸਮੁੰਦਰ ਉੱਤੇ ਹੀ ਭਰੋਸਾ ਰੱਖ, ਜਿੱਥੇ ਨਿੱਤ ਨਵੇਂ ਜਵਾਰ (ਉਤਾਰ ਚੜਾਅ) ਆਉਂਦੇ ਹਨ, ਜਿੱਥੇ ਮਹਾਨ ਲਹਿਰਾਂ ਆਜ਼ਾਦ ਹਨ: ਓ ਨੌਜਵਾਨ ਕੋਲੰਬਸ, ਹੋ ਸਕਦਾ ਹੈ ਤੇਰੀ ਸੱਚ ਦੀ ਦੁਨੀਆਂ ਸ਼ਾਇਦ ਇੱਥੇ ਹੀ ਹੋਵੇ।
ਗਿਣਤੀਆਂ ਵਿਚ ਪੈਣ ਦੀ ਲੋੜ ਨਹੀਂ ਅਤੇ ਨਾ ਹੀ ਪੁਨਰ-ਜਨਮ ਦੇ ਸਿਧਾਂਤ ਹੇਠਾਂ ਮਨ ਦੇ ਦੱਬਣ ਦੀ ਜਾਂ ਹੌਂਸਲਾ ਹਾਰਨ ਦੀ ਲੋੜ ਹੈ। ਜੇ ਹਿੰਮਤ ਕਰੇ ਤਾਂ ਮਨੁੱਖ ਮਹਾਨ ਬਣ ਸਕਦਾ ਹੈ। ਆਪਣੇ ਵਤਨ ਦੇ ਸ਼ਹੀਦਾਂ ਨੂੰ ਨਾ ਭੁੱਲੇ। ਕਰਤਾਰ ਸਿੰਘ ਸਰਾਭਾ ਵੀ ਤਾਂ ਨੌਜਵਾਨ ਹੀ ਸੀ। ਫਿਰ ਵੀ ਮੁੱਛ-ਫੁੱਟਦੀ ਉਮਰ ਵਿਚ ਉਹ ਦੇਸ਼ ਸੇਵਾ ਦੇ ਮੈਦਾਨ ਵਿੱਚ ਕੁੱਦਿਆ, ਤੇ ਉਹ ਹੱਸਦਾ-ਹੱਸਦਾ ਅਤੇ ਬੰਦੇ ਮਾਤਰਮ ਦਾ ਨਾਅਰਾ ਲਾਉਂਦਾ ਹੋਇਆ ਫਾਂਸੀ ਦੇ ਤਖ਼ਤੇ ’ਤੇ ਝੂਲ ਗਿਆ। ਭਾਈ ਬਾਲ ਮੁਕੰਦ ਅਤੇ ਅਵਧ ਬਿਹਾਰੀ ਦੋਵੇਂ ਬਹੁਤ ਛੋਟੀ ਉਮਰ ਦੇ ਹੀ ਸਨ ਜਦੋਂ ਉਹ ਇਸ ਮਹਾਨ ਕਾਰਜ ਲਈ ਆਪਣੀਆਂ ਜਾਨਾਂ ’ਤੇ ਖੇਡ ਗਏ। ਉਹ ਵੀ ਤਾਂ ਤੁਹਾਡੇ ਵਿੱਚੋਂ ਹੀ ਸਨ। ਤੁਹਾਨੂੰ ਵੀ ਉਨ੍ਹਾਂ ਵਰਗੇ ਸੱਚ ਦੇਸ਼ ਭਗਤ ਅਤੇ ਆਜ਼ਾਦੀ ਦੇ ਜੋਸ਼ੀਲੇ ਸਿਪਾਹੀ ਬਣਨਾ ਚਾਹੀਦਾ ਹੈ। ਇਹ ਨਾ ਹੋਵੇ ਕਿ ਤੁਸੀਂ ਸਹਿਜਤਾ ਤੇ ਹੋਸ਼ ਗਵਾ ਬੈਠੋ ਅਤੇ ਕਦੇ ਹੌਂਸਲਾ ਤੇ ਚੜ੍ਹਦੀ ਕਲਾ ਤੁਹਾਡਾ ਸਾਥ ਛੱਡ ਜਾਣ। ਦ੍ਰਿੜ੍ਹਤਾ ਤੇ ਸਹਿਜਤਾ ਨੂੰ ਆਪਣੇ ਹੱਡਾਂ ਵਿੱਚ ਰਚਾ ਲਵੋ।
ਨੌਜਵਾਨਾਂ ਨੂੰ ਆਜ਼ਾਦ ਤੌਰ ’ਤੇ ਸੰਜੀਦਗੀ ਤੇ ਠਰੰਮੇ ਨਾਲ ਸੋਚਣਾ ਚਾਹੀਦਾ ਹੈ। ਉਹ ਵਤਨ ਦੀ ਬੰਦ ਖਲਾਸੀ ਨੂੰ ਆਪਣੇ ਜੀਵਨ ਦਾ ਇਕੋ ਇਕ ਨਿਸ਼ਾਨਾ ਬਣਾ ਲੈਣ। ਉਨ੍ਹਾਂ ਨੂੰ ਆਪਣੇ ਹੀ ਪੈਰਾਂ ਉੱਤੇ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਪਾਖੰਡੀ ਤੇ ਚਾਲਬਾਜ਼ ਲੋਕਾਂ ਤੋਂ ਖ਼ਬਰਦਾਰ ਰਹਿ ਕੇ ਜਥੇਬੰਦ ਹੋਣਾ ਚਾਹੀਦਾ ਹੈ।
ਅਜਿਹੇ ਲੋਕਾਂ ਦੀ ਸਾਡੇ ਆਦਰਸ਼ ਨਾਲ ਕੋਈ ਸਾਂਝ ਨਹੀਂ ਅਤੇ ਇਹ ਹਮੇਸ਼ਾ ਸੰਕਟ ਦੇ ਸਮੇਂ ਸਾਥ ਛੱਡ ਜਾਂਦੇ ਹਨ। ਨੌਜਵਾਨਾਂ ਨੂੰ ਸੱਚੇ ਮਨੋਂ ਤੇ ਸੰਜੀਦਗੀ ਨਾਲ ਸੇਵਾ, ਬਿਪਤਾ ਸਹਾਰਨ ਤੇ ਕੁਰਬਾਨੀ ਦਾ ਤਿਪਾਸਾ ਆਦਰਸ਼ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਕੌਮ ਦੀ ਸਿਰਜਣਾ ਐਸੇ ਹਜ਼ਾਰਾਂ ਹੀ ਗੁੰਮਨਾਮ ਮਰਦਾਂ ਤੇ ਔਰਤਾਂ ਦੀ ਮੰਗ ਕਰਦੀ ਹੈ ਜਿਨ੍ਹਾਂ ਨੂੰ ਆਪਣੇ ਨਿੱਜੀ ਲਾਭ ਤੇ ਆਰਾਮ, ਆਪਣੇ ਨਜ਼ਦੀਕੀਆਂ ਨਾਲੋਂ ਆਪਣਾ ਦੇਸ਼ ਕਿਤੇ ਵੱਧ ਪਿਆਰਾ ਹੋਵੇ।
(6-4-1928)

Scroll To Top