ਪ੍ਰੋ. ਜੈਪਾਲ ਸਿੰਘ
ਪੰਜਾਬੀ ਦੇ ਪ੍ਰਸਿੱਧ ਕਵੀ ਮਰਹੂਮ ਡਾ. ਸੁਰਜੀਤ ਪਾਤਰ ਦੀ ਖੂਬਸੂਰਤ ਕਾਵਿ ਰਚਨਾ “ਜਗਾ ਦੇ ਮੋਮਬੱਤੀਆਂ’’ ਦਾ ਮਾਨਵ ਹਿਤੈਸ਼ੀਆਂ ਨੂੰ ਸੁਨੇਹਾ ਦਿੰਦੀ ਹੈ :
“ਉੱਠ ਜਗਾ ਦੇ ਮੋਮਬੱਤੀਆਂ
ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਹਨੇਰਾ ਨਾ ਸਮਝੇ ਕਿ ਚਾਨਣ ਡਰ ਗਿਆ ਹੈ
ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ
ਬਾਲ ਜੋਤਾਂ ਜ਼ਿੰਦਗੀ ਦੇ ਮਾਣ ਮੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
ਮੰਨਿਆ ਕਿ ਰਾਜ ਹਨ੍ਹੇਰੇ ਦਾ ਹਠੀਲਾ
ਪਰ ਅਜੇ ਜੀਊਂਦਾ ਏ ਕਿਰਨਾਂ ਦਾ ਕਬੀਲਾ
ਕਾਲਿਆਂ ਸਫ਼ਿਆਂ ਤੇ ਸਤਰਾਂ ਲਾਲ ਰੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
ਪੌਣ ਵਿੱਚ ਵਧ ਰਹੀ ਵਿਸ਼ ਤੋਂ ਨਾ ਡਰਦੇ
ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ
ਜ਼ਹਿਰ ਨੂੰ ਅਮਿ੍ਰਤ ‘ਚ ਬਦਲੀ ਜਾਣ ਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਵਾਵਰੋਲੇ ਉਠਦੇ ਹੀ ਰਹਿੰਦੇ ਨੇ ਤੱਤੇ
ਪੱਤਝੜਾਂ ਨੇ ਝਾੜ ਦੇਣੇ ਆਕੇ ਪੱਤੇ
ਪਰ ਇਸ ਦਾ ਮਤਲਬ ਇਹ ਨਹੀਂ
ਕਿ ਪੁੰਗਰਨ ਨਾ ਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆਂ’’
ਸ਼ਾਇਦ ਇਨ੍ਹਾਂ ਮੋਮਬੱਤੀਆਂ ਦੀ ਲੋਅ ਹੀ ਸੀ, ਜੋ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹਿਮਾਲਿਆਈ ਸੂਬੇ ਉੱਤਰਾਖੰਡ ਦੇ ਜ਼ਿਲ੍ਹਾ ਦੇਹਰਾਦੂਨ ਦੇ ਕੋਟਦੁਆਰ ਇਲਾਕੇ ਦੇ 37 ਸਾਲਾਂ ਦੇ ਜਿਮ ਟ੍ਰੇਨਰ ਦੀਪਕ ਦੇ ਦਿਲੋ-ਦਿਮਾਗ ’ਚ ਲਟ-ਲਟ ਕਰਕੇ ਬਲ ਉਠੀ ਸੀ। ਦੀਪਕ ਹਨ੍ਹੇਰੇ ਦੀ ਨੁਮਾਇੰਦਗੀ ਕਰਦੀਆਂ ਉਨ੍ਹਾਂ ਮੂੰਹ ਜ਼ੋਰ ਤਾਕਤਾਂ ਨਾਲ ਜਾ ਟਕਰਾਇਆ, ਜੋ 70 ਸਾਲਾਂ ਦੇ ਮੁਸਲਿਮ ਬਜ਼ੁਰਗ ਵਕੀਲ ਅਹਿਮਦ ਨੂੰ ਧਮਕਾ ਰਹੀਆਂ ਸਨ ਕਿ ਉਹ ਆਪਣੀ ਦੁਕਾਨ ਦੇ ਨਾਂ ਨਾਲੋਂ ‘ਬਾਬਾ’ ਸ਼ਬਦ ਹਟਾ ਦੇਵੇ। ਬਜਰੰਗ ਦਲ ਦੀ ਸ਼ਕਲ ’ਚ ਆਈਆਂ ਇਹ ਕਾਲੀਆਂ ਤਾਕਤਾਂ ਵਕੀਲ ਅਹਿਮਦ ਨੂੰ ਦਬਕਾਅ ਰਹੀਆਂ ਸਨ ਕਿ ਉਸਨੇ ਹੁਣ ਤਾਈਂ ਆਪਣੀ ਦੁਕਾਨ “ਬਾਬਾ ਸਕੂਲ ਡਰੈਸ ਅਤੇ ਮੈਚਿੰਗ ਸੈਂਟਰ’’ ਦਾ ਨਾਂ ਕਿਉਂ ਨਹੀਂ ਬਦਲਿਆ? ਦੀਪਕ ਆਪਣੀ ਜਿੰਮ ਛੱਡ ਕੇ ਆਪਣੇ ਦੋਸਤ ਨਾਲ ਉਥੇ ਪਹੁੰਚਿਆ ਤੇ ਭੀੜ ਤੋਂ ਅਸਲੀ ਗੱਲ ਜਾਨਣੀ ਚਾਹੀ। ਪਰ ਉਸ ਨੂੰ ਉਨ੍ਹਾਂ ’ਚੋਂ ਕਿਸੇ ਦਾ ਵੀ ਇਤਰਾਜ ਜਾਇਜ਼ ਨਾ ਲੱਗਿਆ। ਲਿਹਾਜਾ ਉਸ ਨੇ ‘ਭੀੜ’ ਤੋਂ ਪੁਛਿਆ ਕਿ ਉਹ 70 ਸਾਲਾਂ ਦੇ ਬਿਰਧ, ਜਿਸ ਦੇ ਹੱਥ ਪਾਰਕਿਨਸਨ ਰੋਗ ਨਾਲ ਕੰਬ ਰਹੇ ਹਨ, ਨੂੰ ਬਿਨਾ ਵਜ੍ਹਾ ਕਿਉਂ ਤੰਗ ਕਰ ਰਹੇ ਹਨ? ਇਸ ’ਤੇ ਭੀੜ ’ਚੋਂ ਕਿਸੇ ਹੰਕਾਰੀ ਨੇ ਪੁੱਛਿਆ, “ਤੇਰਾ ਕੀ ਨਾਂ ਹੈ?’’ ਦੀਪਕ ਨੇ ਬੜੇ ਠਰੰਮੇ ਨਾਲ ਖੂਬਸੂਰਤ ਜਵਾਬ ਦਿੱਤਾ, “ਦੀਪਕ ਮੁਹੰਮਦ।’’ ਭੀੜ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਭੀੜ ਦੇ ਖਰੂਦੀ ਆਗੂ ਮਾਨਵਤਾ ਨੂੰ ਪਿਆਰ ਕਰਨ ਵਾਲੇ ਦੀਪਕ ਨਾਲ ਖਹਿਬੜ ਪਏ। ਉਨ੍ਹਾਂ ਨੇ ਦੀਪਕ ਨੂੰ ਅਵਾ-ਤਵਾ ਬੋਲਿਆ ਤੇ ਸਿੰਝ ਲੈਣ ਦੀਆਂ ਧਮਕੀਆਂ ਦਿੱਤੀਆਂ। ਪਰ ਦੀਪਕ ਭੋਰਾ ਵੀ ਨਾ ਡਰਿਆ। ਦੋਸਤਾਂ ਦੇ ਕਹਿਣ ’ਤੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਪਰ ਪੁਲਸ ਨੇ ਡੱਕਾ ਤੋੜ ਕੇ ਦੂਹਰਾ ਨਾ ਕੀਤਾ। ਬਜਰੰਗ ਦਲ ਤੇ ਇਸ ਵਰਗੇ ਹੋਰ ਗ੍ਰੋਹਾਂ ਨੇ ਦੀਪਕ ਨੂੰ ਸਬਕ ਸਿਖਾਉਣ ਲਈ ਉਸਦੇ ਜਿੰਮ ਅੱਗੇ ਇਕੱਠੇ ਹੋਣ ਦਾ ਸੱਦਾ ਦੇ ਦਿੱਤਾ। ਪੁਲਸ ਨੇ ਉਨ੍ਹਾਂ ਨੂੰ ਇਕੱਠੇ ਹੋਣੋਂ ਉੱਕਾ ਹੀ ਨਾ ਰੋਕਿਆ। ‘ਭੀੜ’ ਗਾਲ੍ਹਾਂ ਕੱਢ ਕੇ ਧਮਕੀਆਂ ਦੇ ਕੇ ਚਲੀ ਗਈ। ਦੀਪਕ ਨੇ ਖਰੂਦ ਦੀ ਵੀਡੀਓਜ਼ ਸਮੇਤ ਨਵੇਂ ਸਿਰਿਓਂ ਸ਼ਿਕਾਇਤ ਕੀਤੀ। ਪੱਖਪਾਤੀ ਪੁਲਸ ਨੂੰ ਮਜ਼ਬੂਰ ਹੋ ਕੇ ਅਣਪਛਾਤੇ ਬੰਦਿਆਂ ਵਿਰੁੱਧ ਪਰਚਾ ਦਰਜ ਕਰਨਾ ਪਿਆ। ਲੇਕਿਨ ਨਾਲ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਿਸੇ ਵਰਕਰ ਦੀ ਝੂਠੀ ਸ਼ਿਕਾਇਤ ’ਤੇ ਦੀਪਕ ਵਿਰੁੱਧ ਵੀ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ। ਨਾਮਵਰ ਪੱਤਰਕਾਰ ਸ਼੍ਰੀ ਅਜੀਤ ਅੰਜੁਮ ਨੇ ਬੜੀ ਦੀਦਾ ਦਲੇਰੀ ਨਾਲ ਪੁਲਸ ਅਧਿਕਾਰੀਆਂ ਨੂੰ ਬੇਬਾਕ ਸਵਾਲ ਪੁੱਛੇ, ਪਰ ਉਹ ਪਿੱਛਾ ਛੁੜਾਉਂਦੇ ਰਹੇ। ਇਕ ਪੁਲਸ ਅਫਸਰ ਨੇ ਤਾਂ ਸ਼੍ਰੀ ਅਜੀਤ ਅੰਜੁਮ ਨਾਲ ਗੁਸਤਾਖੀ ਨਾਲ ਪੇਸ਼ ਆਉਂਦਿਆਂ ਬੜਾ ਅਟਪਟਾ ਸਵਾਲ ਕੀਤਾ, “ਆਪ ਪ੍ਰਦੇਸ਼ ਮੇਂ ਦੰਗੇ ਭੜਕਾਨਾ ਚਾਹਤੇ ਹੈ?’’ ਇਸ ਰਾਮ ਰੌਲੇ ਦਰਮਿਆਨ ਦੀਪਕ ਦੇ ਜਿੰਮ ਦੇ 150 ਮੈਂਬਰਾਂ ਚੋਂ 15 ਕੁ ਨੂੰ ਛੱਡ ਕੇ ਬਾਕੀ ਡਰਦੇ ਮਾਰੇ ਆਉਣੋਂ ਹਟ ਗਏ। ਖੈਰ, ਉਸਨੂੰ ਪਹਿਲਾਂ ਹੀ ਪਤਾ ਸੀ ਕਿ ਸੱਚ ’ਤੇ ਪਹਿਰਾ ਦੇਣ ਦੀ ਕੀਮਤ ਤਾਂ ਚੁਕਾਉਣੀ ਹੀ ਪੈਣੀ ਹੈ। ਇਸ ਲਈ ਉਸਦਾ ਕਹਿਣਾ ਹੈ ਕਿ ਉਸਨੇ ਕੁੱਝ ਗਲਤ ਨਹੀਂ ਕੀਤਾ।
ਭਾਰਤੀ ਸੰਵਿਧਾਨ ਦੇ ਧਰਮ ਨਿਰਪੱਖ ਸਰੋਕਾਰਾਂ ਦੀ ਲੋਅ, ਦੀਪਕ ਦੇ ਮਨ-ਮਸਤਕ ਅੰਦਰ ਇੰਨੀ ਉੱਚੀ ਜਾਗੀ ਕਿ ਇਸ ਦੇ ਪ੍ਰਭਾਵ ਹੇਠ ਮਹਾਨ ਇਤਿਹਾਸਕਾਰ ਰਾਮ ਚੰਦਰ ਗੁਹਾ, ਫਿਲਮ ਅਭਿਨੇਤਰੀ ਸਵਰਾ ਭਾਸਕਰ, ਮਨੁੱਖੀ ਅਧਿਕਾਰ ਕਾਰਕੁੰਨ ਤੀਸਤਾ ਸੀਤਲਵਾੜ, ਕੌਸ਼ਿਕ ਰਾਜ, ਰਾਜੂ ਪਰੂਲੇਕਰ ਆਦਿ ਦੇਸ਼ ਭਰ ਦੀਆਂ ਅਨੇਕਾਂ ਮਹਾਨ ਹਸਤੀਆਂ ਉਸਦੀ ਪਿੱਠ ’ਤੇ ਆਣ ਡੱਟੀਆਂ। ਸੀਪੀਆਈ (ਐਮ) ਵਲੋਂ ਰਾਜ ਸਭਾ ਦੇ ਮੈਂਬਰ ਕਾਮਰੇਡ ਜੌਰਨ ਬਰਿਟਾਸ ਉਚੇਚੇ ਪੁੱਜੇ ਤੇ ਉਸਦੇ ਜਿੰਮ ਦੀ ਸਾਲਾਨਾ ਮੈਂਬਰਸ਼ਿਪ ਹਾਸਲ ਕੀਤੀ। ਉਨ੍ਹਾਂ ਵਕੀਲ ਅਹਿਮਦ ਦੀ ਦੁਕਾਨ ਤੋਂ ਵੀ ਸਾਮਾਨ ਖਰੀਦਿਆ। ਦੇਸ਼ ਦੀ ਸਰਵ ਉੱਚ ਅਦਾਲਤ ਦੇ ਵੀਹ ਸਰਕਰਦਾ ਵਕੀਲਾਂ ਨੇ ਵੀ ਦੀਪਕ ਦੇ ਜਿੰਮ ਦੀ ਮੈਂਬਰਸ਼ਿਪ ਲਈ ਹੈ ਤੇ ਨਾਲ ਹੀ ਉਸਦਾ ਮੁਕੱਦਮਾ ਮੁਫ਼ਤ ਲੜਨ ਦੀ ਪੇਸ਼ਕਸ਼ ਕੀਤੀ ਹੈ। ਲੰਘੀ 23 ਫਰਵਰੀ ਨੂੰ ਉਹ ਕਾਂਗਰਸ ਪਾਰਟੀ ਦੇ ਆਗੂ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਰਾਹੁਲ ਗਾਂਧੀ ਨੂੰ ਮਿਲਿਆ ਸੀ। ਸ਼੍ਰੀ ਗਾਂਧੀ ਨੇ ਵੀ ਉਸਦੇ ਜਿੰਮ ’ਚ ਆਉਣ ਤੇ ਜਿੰਮ ਦੀ ਮੈਂਬਰਸ਼ਿਪ ਲੈਣ ਸਮੇਤ ਹੋਰ ਹਰ ਤਰ੍ਹਾਂ ਦੀ ਇਮਦਾਦ ਕਰਨ ਦਾ ਵਾਅਦਾ ਕੀਤਾ ਹੈ।
ਮਨੁੱਖੀ ਕਦਰਾਂ-ਕੀਮਤਾਂ ਦੀਆਂ ਜਗਦੀਆਂ ਮੋਮਬੱਤੀਆਂ ਦਾ ਅਜਿਹਾ ਹੀ ਚਾਨਣ ਇਸੇ ਸੂਬੇ ਦੇ ਸ਼ਹਿਰ ਨੈਨੀਤਾਲ ‘ਚ ਵੀ ਦਿਸਿਆ ਸੀ। ਇੱਥੇ 70 ਸਾਲਾਂ ਦੇ ਕਿਸੇ ਮੁਸਲਮਾਨ ਵੱਲੋਂ ਹਿੰਦੂ ਪਰਿਵਾਰ ਦੀ ਕਿਸੇ ਛੋਟੀ ਜਿਹੀ ਬੱਚੀ ਨਾਲ ਦੁਸ਼ਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਨੇ ਦੋਸ਼ੀ ਨੂੰ ਗਿ੍ਰਫ਼ਤਾਰ ਕਰਕੇ ਉਸ ਵਿਰੁੱਧ ਲੋੜੀਂਦੀ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ। ਪਰ ਹਨੇਰੇ ਦੀਆਂ ਤਾਕਤਾਂ ਨੇ ਬਦ ਇਖ਼ਲਾਕੀ ਦੀ ਇਸ ਸ਼ਰਮਨਾਕ ਵਾਰਦਾਤ ਦੇ ਬਹਾਨੇ ਫਿਰਕੂ ਵੰਡ ਤਿੱਖੀ ਕਰਨ ਲਈ ਸਮੁੱਚੇ ਮੁਸਲਿਮਾਂ ਨੂੰ ਨਿਸ਼ਾਨਾ ਬਣਾਉਣ ਹਿੱਤ ਸ਼ਹਿਰ ਨੂੰ ਬੰਦ ਕਰਨ ਦਾ ਸੱਦਾ ਦੇ ਦਿੱਤਾ ਸੀ। ਜਦੋਂ ਇਹ ਕਾਲੀਆਂ ਤਾਕਤਾਂ ਜਬਰਦਸਤੀ ਦੁਕਾਨਾਂ ਬੰਦ ਕਰਵਾ ਰਹੀਆਂ ਸਨ ਤਾਂ ਉਦੋਂ ਸ਼ੈਲਾ ਨੇਗੀ ਨਾਂ ਦੀ ਮੁਟਿਆਰ, ਜਿਸਦੇ ਦਿਲੋ-ਦਿਮਾਗ ’ਚ ਦੀਪਕ ਵਾਲੀਆਂ ਹੀ ਮੋਮਬੱਤੀਆਂ ਜਗ ਰਹੀਆਂ ਸਨ, ਉਸ ਭੀੜ ਨਾਲ ਟਕਰਾ ਗਈ। ਸ਼ੈਲਾ ਨੇ ਆਪਣੀ ਦੁਕਾਨ ਬੰਦ ਕਰਨੋਂ ਨਾਂਹ ਕਰ ਦਿੱਤੀ ਤੇ ਸ਼ੇਰਨੀ ਵਾਂਗ ਦਹਾੜ ਕੇ ਪੁਛਿਆ, ‘‘ਇਨ੍ਹਾਂ ਸਾਰੇ ਮੁਸਲਿਮ ਦੁਕਾਨਦਾਰਾਂ ਦਾ ਕੀ ਕਸੂਰ ਹੈ?’’ ਉਸ ਦੀ ਉਕਤ ਵੀਡੀਓ ਮਿੰਟਾਂ-ਸਕਿੰਟਾਂ ’ਚ ਦੇਸ਼ ਭਰ ’ਚ ਵਾਇਰਲ ਹੋ ਗਈ ਸੀ। ਬਜਰੰਗ ਦਲੀਆਂ ਕੋਲ ਸ਼ੈਲਾ ਦੇ ਪੁਛੇ ਇਸ ਸਵਾਲ ਦਾ ਅੱਜ ਤੱਕ ਵੀ ਕੋਈ ਜਵਾਬ ਨਹੀਂ ਹੈ ਕਿ ਉਹ ਇਕ ਹਿੰਦੂ ਲੜਕੀ ਅੰਕਿਤਾ ਭੰਡਾਰੀ ਦੇ ਘਿਨੌਣੇ ਬਲਾਤਕਾਰ ਤੇ ਕਤਲ ਦੇ ਦੋਸ਼ੀਆਂ ਵਿਰੁੱਧ ਕਿਉਂ ਨਾ ਬੋਲੇ? ਵਪਾਰ ਮੰਡਲ ਦੇ ਇਕ ਅਹੁਦੇਦਾਰ ਦੀ ਧੀ ਸ਼ੈਲਾ ਨੇਗੀ ਆਪਣਾ ਖ਼ੁਦ ਦਾ ਕਾਰੋਬਾਰ ਚਲਾਉਂਦੀ ਹੈ। ਅਜਿਹੀ ਹੀ ਚਮਕੀਲੀ ਰੌਸ਼ਨੀ ਉਤਰਖੰਡ ਦੇ ਉਤਰਕਾਸ਼ੀ ’ਚ ਵੀ ਨਜ਼ਰ ਆਈ ਸੀ। ਉਥੇ ਹਿੰਸਕ ਭੀੜ ਨੇ ਲੋਕਾਂ ਨੂੰ ਮੁਸਲਮਾਨਾਂ ਦਾ ਬਾਈਕਾਟ ਕਰਨ ਤੇ ਕਿਰਾਏਦਾਰਾਂ ਨੂੰ ਕੱਢਣ ਦਾ ਫ਼ਰਮਾਨ ਜਾਰੀ ਕਰ ਦਿੱਤਾ ਸੀ। ਬਹੁਤ ਸਾਰੇ ਹਿੰਦੂ ਮਕਾਨ ਮਾਲਕਾਂ ਨੇ ਡਰ ਕਾਰਨ ਆਪਣੇ ਕਿਰਾਏਦਾਰ ਆਪਣੇ ਘਰਾਂ ’ਚੋਂ ਕੱਢ ਵੀ ਦਿੱਤੇ ਸਨ। ਪਰ 83 ਸਾਲਾਂ ਦੇ ਬਜ਼ੁਰਗ ਧਰਮ ਸਿੰਘ ਨੇਗੀ ਨੇ ਆਪਣੇ ਮੁਸਲਿਮ ਕਿਰਾਏਦਾਰਾਂ ਨੂੰ ਕੁੱਝ ਨਾ ਕਿਹਾ। ਉਸਨੇ ਉਲਟਾ ਭੀੜ ਨੂੰ ਚੈਲੰਜ ਕਰਦਿਆਂ ਕਿਹਾ, “ਜੋ ਕਰਨਾ ਹੈ ਕਰ ਲਵੋ, ਮੈਂ ਨਹੀਂ ਮੰਨਦਾ ਤੁਹਾਡੀ ਗੱਲ।’’ ਹਾਲਾਂਕਿ ਉਸ ਨੂੰ ਤੇ ਉਸਦੇ ਘਰ ਦੇ ਜੀਆਂ ਨੂੰ ਧਮਕੀਆਂ ਮਿਲਦੀਆਂ ਰਹੀਆਂ। ਇੱਥੋਂ ਤੱਕ ਕਿ ਉਸ ਵਿਰੁੱਧ ਇਸ਼ਤਿਆਰ ਵੀ ਲਾਏ ਗਏ, ਪਰ ਉਹ ਡਟਿਆ ਰਿਹਾ। ਯਾਦ ਰਹੇ ਹਿੰਦੂਤਵੀ ਨਫ਼ਰਤੀ ਬਿ੍ਰਗੇਡ ਵਲੋਂ ਅਜਿਹੇ ਮਾਮਲਿਆਂ ’ਚ ਵਿਰੋਧ ਕਰਨ ਵਾਲਿਆਂ ਦੀ ਅਤਿਅੰਤ ਭੱਦੀ ਭਾਸ਼ਾ ’ਚ ਆਨਲਾਈਨ ਟਰੋਲਿੰਗ ਕਰਨੀ ਆਮ ਵਰਤਾਰਾ ਬਣ ਗਿਆ ਹੈ।
ਹਿੰਦੂਤਵੀ ਗੈਂਗ ਹਰ ਜਨਤਕ ਥਾਂ; ਪਾਰਕ, ਬਸ ਅੱਡੇ, ਰੇਲਵੇ ਸਟੇਸ਼ਨ, ਰੇਲਾਂ-ਬੱਸਾਂ ਦੇ ਅੰਦਰ, ਸੜਕਾਂ ’ਤੇ, ਮਸਜਿੱਦਾਂ ਅੱਗੇ, ਰਾਹ ਖਹਿੜੇ ਯਾਨਿ ਹਰ ਥਾਂ ਮੁਸਲਮਾਨਾਂ ਵਿਰੁੱਧ ਹਿੰਸਕ ਗੁਨਾਹ ਕਰ ਰਹੇ ਹਨ। ਹਿੰਦੂ ਧਾਰਮਿਕ ਉਤਸਵਾਂ ਦੌਰਾਨ ਹੁੰਦੇ ਇਕੱਠਾਂ ’ਚ ਉਨ੍ਹਾਂ ਦਾ ਦਾਖ਼ਲਾ ਬੰਦ ਕਰਨ ਦੀਆਂ ਧਮਕੀਆਂ ਦੇਣੀਆਂ ਆਮ ਗੱਲ ਬਣ ਗਈ ਹੈ। ਉਨ੍ਹਾਂ ਵੱਲੋਂ ਨਮਾਜ਼ ਅਦਾ ਕਰਨ ਵੇਲੇ ਕੀਤੀ ਜਾਂਦੀ ਧਾਰਮਿਕ ਆਜ਼ਾਨ ਵੇਲੇ ਲਾਊਡ ਸਪੀਕਰ ਦੀ ਵਰਤੋਂ ਕਰਨ ਵਿਰੁੱਧ ਕੀਤੀ ਜਾਂਦੀ ਸ਼ਿਕਾਇਤ ’ਤੇ ਕਈ ਵਾਰ ਸਰਕਾਰਾਂ ਵੀ ਪਾਬੰਦੀ ਦਾ ਆਦੇਸ਼ ਜਾਰੀ ਕਰ ਦਿੰਦੀਆਂ ਹਨ। ਜਦਕਿ ਦੂਜੇ ਧਰਮਾਂ ਦੇ ਅਜਿਹੇ ਹੀ ਪ੍ਰੋਗਰਾਮਾਂ ’ਚ ਲਾਊਡ ਸਪੀਕਰ ਸ਼ਰ੍ਹੇਆਮ ਖੂਬ ਵੱਜਦੇ ਹਨ। ਇਕੱਲੇ ਮੁਸਲਮਾਨਾਂ ਵਿਰੁੱਧ ਹੀ ਨਹੀਂ, ਇਹ ਹਿੰਸਕ ਟੋਲੇ ਇਸਾਈ ਭਾਈਚਾਰੇ ਵਿਰੁੱਧ ਵੀ ਧਰਮ ਬਦਲੀ ਦੇ ਬੇਬੁਨਿਆਦ ਦੋਸ਼ ਲਾਉਂਦੇ ਹਨ। ਦਸੰਬਰ 2025 ਦੀ ਕਿ੍ਰਸਮਸ ਮੌਕੇ ਕਈ ਸੂਬਿਆਂ ’ਚ ਈਸਾਈਆਂ ਦੇ ਧਾਰਮਿਕ ਚਿੰਨ੍ਹਾਂ ਦੀ ਭੰਨ-ਤੋੜ ਕੀਤੀ ਗਈ ਸੀ। ਇਸ ਬੁਰਛਾਗਰਦੀ ਦਾ ਵਿਦੇਸ਼ਾਂ ’ਚ ਬੜਾ ਮਾੜਾ ਪ੍ਰਭਾਵ ਗਿਆ ਹੈ। ਆਰ.ਐਸ.ਐਸ. ਦੇ ਮੁਖੀ ਨੇ ਕਈ ਮੁਸਲਿਮ ਬੁੱਧੀਜੀਵੀਆਂ ਨੂੰ ਆਪਣੇ ਦਿੱਲੀ ਵਿਚਲੇ ਦਫ਼ਤਰ ’ਚ ਆਪਸੀ ਗੱਲਬਾਤ ਲਈ ਸੱਦਿਆ ਸੀ। ਮੁਸਲਿਮ ਨੇਤਾਵਾਂ ਨੇ ਜਦੋਂ ਕਿ੍ਰਸਮਸ ਦੇ ਤਿਉਹਾਰ ਮੌਕੇ ਬਜਰੰਗ ਦਲ ਵਗੈਰਾ ਵਲੋਂ ਪਾਏ ਗਏ ਖਰੂਦ ਦੀ ਗੱਲ ਛੇੜੀ ਤਾਂ ਸੰਘ ਪ੍ਰਮੁੱਖ ਨੇ ਬੜੀ ਬੇਸ਼ਰਮੀ ਨਾਲ ਉਲਟਾ ਇਹ ਦਲੀਲ ਦਿੱਤੀ ਕਿ ਦੇਸ਼ ’ਚ ਕਰੋੜਾਂ ਥਾਵਾਂ ’ਤੇ ਕਿ੍ਰਸਮਸ ਮਨਾਈ ਗਈ ਹੈ, ਜੇਕਰ 10-12 ਥਾਵਾਂ ’ਤੇ ਅਜਿਹਾ ਕੁੱਝ ਹੋਇਆ ਵੀ ਹੈ ਤਾਂ ਇਹ ਕੋਈ ਵੱਡੀ ਗੱਲ ਨਹੀਂ! ਸਨਦ ਰਹੇ, ਸੰਘ ਦੇ ਸ਼ਿਸ਼ਕਾਰੇ ਇਹ ਗੈਂਗ ਅੱਗੋਂ ਅਜਿਹੀਆਂ ਕਈ ਹੋਰ ਵੱਡੀਆਂ ਕਾਰਵਾਈਆਂ ਵੀ ਕਰ ਸਕਦੇ ਹਨ।
ਦਸੰਬਰ ਦੇ ਉਨ੍ਹਾਂ ਹੀ ਦਿਨਾਂ ’ਚ ਬਰੇਲੀ ਦੇ ਕਿਸੇ ਨਰਸਿੰਗ ਕਾਲਜ ਦੀ ਇਕ ਵਿਦਿਆਰਥਣ ਨੇ ਕਿਸੇ ਰੈਸਟੋਰੈਂਟ ’ਚ ਆਪਣੇ ਜਨਮ ਦਿਨ ਦੀ ਪਾਰਟੀ ਰੱਖੀ ਸੀ। ਉਸ ਪਾਰਟੀ ’ਚ ਸ਼ਾਮਲ ਛੇ ਲੜਕੀਆਂ ਤੇ ਚਾਰ ਲੜਕਿਆਂ ’ਚੋਂ ਦੋ ਲੜਕੇ ਮੁਸਲਮਾਨ ਸਨ। ਇਸ ਬਾਰੇ ਪਤਾ ਲੱਗਣ ’ਤੇ ਬਜਰੰਗ ਦਲ ਦੀ ਭੀੜ ਉਥੇ ਆਣ ਪੁੱਜੀ ਤੇ ਲਵ ਜ਼ਿਹਾਦ ਦੇ ਬਹਾਨੇ ਮੁਸਲਿਮ ਲੜਕਿਆਂ ਦੀ ਕੁੱਟ-ਮਾਰ ਕੀਤੀ। ਉਲਟਾ ਪੁਲਿਸ ਵੀ ਉਨ੍ਹਾਂ ਲੜਕਿਆਂ ਤੇ ਲੜਕੀ ਨੂੰ ਥਾਣੇ ਗਈ। ਪਿੱਛੋਂ ਚਾਹੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਪਰ ਇਸ ਨਾਲ ਖਰੂਦੀ ‘ਭੀੜ’ ਦੇ ਹੌਂਸਲੇ ਹੋਰ ਬੁਲੰਦ ਹੋਏ ਹਨ। ਵੀਡੀਓ ਰਾਹੀਂ ਲੜਕੀ ਸਵਾਲ ਕਰਦੀ ਹੈ ਕਿ ਬਜਰੰਗ ਦਲੀਏ ਇਹ ਤੈਅ ਕਰਨ ਵਾਲੇ ਕੌਣ ਹੁੰਦੇ ਹਨ ਕਿ ਮੈਂ ਕਿਸ ਨੂੰ ਆਪਣਾ ਦੋਸਤ ਬਣਾਵਾਂ ਤੇ ਕਿਸ ਨੂੰ ਨਹੀਂ? ਜਦੋਂ ਕੁੜੀ ਦੇ ਮਾਪੇ ਵੀ ਉਸ ਨਾਲ ਚੱਟਾਨ ਵਾਂਗ ਡੱਟ ਗਏ ਤਾਂ ਕਿਤੇ ਜਾ ਕੇ ਪੁਲਿਸ ਨੇ ਉਨ੍ਹਾਂ ਖਰੂਦੀਆਂ ਵਿਰੁੱਧ ਕਾਰਵਾਈ ਕੀਤੀ ਸੀ।
ਕੁੱਝ ਹੋਰ ਘਟਨਾਵਾਂ ਵੀ ਹਨ, ਜਿਨ੍ਹਾਂ ਰਾਹੀਂ ਇਨ੍ਹਾਂ ਨਫਰਤੀ ਗੈਂਗਾਂ ਦੇ ਮੁਸਲਿਮ ਵਿਰੋਧੀ ਕੂੜ ਪ੍ਰਚਾਰ ਨੂੰ ਰੋਕ ਲੱਗਦੀ ਹੈ। 15 ਫਰਵਰੀ ਨੂੰ ਹੈਦਰਾਬਾਦ ਦੇ ਇਕ ਇਲਾਕੇ ਜਲਾਲਪੁਰ ਦੀ ਮਸਜਿੱਦ ‘ਚ ਇਹ ਖਰੂਦੀ ਨੇ ਭੰਨ-ਤੋੜ ਕੀਤੀ ਸੀ। ਇਨ੍ਹਾਂ ਨੇ ਮਸਜਿਦ ਸਾਊਂਡ ਸਿਸਟਮ ਖਰਾਬ ਕੀਤਾ, ਸ਼ੀਸ਼ੇ ਤੋੜੇ ਤੇ ਕੁਰਾਨ ਸ਼ਰੀਫ ਦੇ ਪੱਤਰੇ ਖਿਲਾਰੇ ਸਨ। ਨਤੀਜਾ, ਜਲਾਲਪੁਰ ’ਚ ਤਨਾਅ ਪੈਦਾ ਹੋ ਗਿਆ। ‘ਰਾਮ ਕੰਡਕਟਰਸ’ ਨਾਂ ਦੇ ਉਦਯੋਗ ਦਾ ਐਮ.ਡੀ. ਰਾਜਿੰਦਰ ਅਗਰਵਾਲ ਇਨ੍ਹਾਂ ਭੀੜਾਂ ਦੇ ਡਰ ਤੋਂ ਮੁਕਤ ਹੋ ਕੇ ਮਸਜਿਦ ’ਚ ਜਾ ਕੇ ਕਮੇਟੀ ਦੇ ਮੈਂਬਰਾਂ ਨੂੰ ਮਿਲਿਆ ਤੇ ਇਸ ਦੀ ਮੁਰੰਮਤ ਲਈ ਸਹਾਇਤਾ ਦੇਣ ਦਾ ਵਾਅਦਾ ਕੀਤਾ। ਇਹ ਭਾਰਤ ਦਾ ਨਰੋਆ ਭਵਿੱਖ ਦੇਖਣ ਦੇ ਚਾਹਵਾਨਾਂ ਦੀ ਤੀਬਰ ਇੱਛਾ ਦਾ ਝਲਕਾਰਾ ਹੈ।
ਆਪਣੇ ਪੰਜਾਬ ’ਚ ਵੀ ਅਜਿਹੀਆਂ ਹਾਂ-ਪੱਖੀ ਘਟਨਾਵਾਂ ਵਾਪਰੀਆਂ ਹਨ। ਸੰਗਰੂਰ ਜ਼ਿਲ੍ਹੇ ਦੇ ਪਿੰਡ ਪੁੰਨਾਵਾਲ ਦੇ ਦੋ ਬ੍ਰਾਹਮਣ ਭਰਾਵਾਂ, ਪੰਡਿਤ ਜਸਪਾਲ ਰਾਮ ਤੇ ਪੰਡਿਤ ਵਿਜੇ ਕੁਮਾਰ ਨੇ ਪਿੰਡ ’ਚ ਮਸਜਿਦ ਬਨਾਉਣ ਲਈ ਜ਼ਮੀਨ ਦਾਨ ਕੀਤੀ ਹੈ। ਨਾਲ ਹੀ ਪਿੰਡ ਦੇ ਹਿੰਦੂ-ਸਿੱਖਾਂ, ਮੁਸਲਮਾਨਾਂ ਨੇ ਰਲ ਕੇ ਦਾਨ ਦਿੱਤਾ ਹੈ ਤਾਂ ਜੋ ਮਸਜਿਦ ਦੀ ਤਾਮੀਰ ਹੋ ਸਕੇ। 8 ਫਰਵਰੀ 2026 ਨੂੰ ਇਸ ਥਾਂ ਮਸਜਿਦ ਦਾ ਨੀਂਹ ਪੱਥਰ ਵੀ ਰੱਖਿਆ ਜਾ ਚੁੱਕਾ ਹੈ। ਇਸ ਨਾਲ ਸੰਘੀਆਂ ਦੇ ਨਫਰਤੀ ਪ੍ਰਚਾਰ ਦੇ ਉਲਟ ਪਿਆਰ, ਇਨਸਾਨੀਅਤ ਤੇ ਏਕਤਾ ਦਾ ਸੁਨੇਹਾ ਦੂਰ-ਦੂਰ ਤੱਕ ਗਿਆ ਹੈ। ਇਸੇ ਗੰਗਾ-ਜਮੁਨੀ ਤਹਿਜ਼ੀਬ, ਜੋ ਸੰਘੀਆਂ ਨੂੰ ਜ਼ਹਿਰ ਵਾਂਗ ਲੱਗਦੀ ਹੈ, ਨੂੰ ਅੱਗੇ ਤੋਰਦਿਆਂ ਮੋਗਾ ਜ਼ਿਲ੍ਹੇ ਦੇ ਮਹਿਣਾ ਪਿੰਡ ਦੇ ਸਿੱਖ ਪਰਿਵਾਰ ਨੇ ਕਈ ਦਹਾਕਿਆਂ ਤੋਂ ਪਿੰਡ ’ਚ ਰਹਿ ਰਹੇ ਦਰਜਨ ਭਰ ਮੁਸਲਿਮ ਪਰਿਵਾਰਾਂ ਦੇ ਕਬਰਸਤਾਨ ਨੂੰ ਰਸਤਾ ਦਿੱਤਾ ਹੈ। 25 ਜਨਵਰੀ 2026 ਨੂੰ ਜਗਦੀਸ਼ ਸਿੰਘ ਨੇ ਜਦੋਂ ਰਿਟਾਇਰਡ ਪੁਲਿਸ ਮੁਲਾਜ਼ਮ ਦੀ ਮਾਂ ਦਾ ਜਨਾਜਾ ਔਖੇ ਹੋ ਕੇ ਕਬਰਸਤਾਨ ਜਾਂਦਾ ਦੇਖਿਆ ਤਾਂ ਉਸ ਅੰਦਰਲੇ ਇਨਸਾਨ ਨੇ ਉਸ ਨੂੰ ਹਲੂਣਿਆ। ਉਸਨੇ ਆਪਣੇ ਭਤੀਜਿਆਂ ਸ਼ਮਸ਼ੇਰ ਸਿੰਘ ਤੇ ਰਾਜਵਿੰਦਰ ਸਿੰਘ ਨਾਲ ਸਲਾਹ ਕਰਕੇ ਆਪਣੀ ਜ਼ਮੀਨ ’ਚੋਂ 90 ਫੁੱਟ ਲੰਬਾ ਰਸਤਾ ਛੱਡ ਦਿੱਤਾ। ਹਾਲਾਂਕਿ ਇੰਝ ਕਰਨ ਨਾਲ ਉਨ੍ਹਾਂ ਦੀ ਵਾਹੀਯੋਗ ਭੋਇੰ ਦੋ ਟੁਕੜਿਆਂ ’ਚ ਵੰਡੀ ਗਈ ਹੈ। ਕੁਦਰਤੀ ਹੈ ਕਿ ਇਸ ਦੀ ਵੀ ਬੜੀ ਪ੍ਰਸੰਸਾ ਹੋ ਰਹੀ ਹੈ। ਇਵੇਂ ਹੀ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਜਖਵਾਲੀ ਦੀ ਬੀਬੀ ਰਜਿੰਦਰ ਕੌਰ ਨੇ ਦਸੰਬਰ 2025 ’ਚ ਮੁਸਲਿਮਾਂ ਦੇ ਇਬਾਦਤ ਕਰਨ ਹਿਤ ਮਸਜਿਦ ਤਾਮੀਰ ਕਰਨ ਲਈ 5 ਮਰਲੇ ਜ਼ਮੀਨ ਦਾਨ ਦਿੱਤੀ ਸੀ। ਜਨਵਰੀ 2025 ’ਚ ਮਲੇਰਕੋਟਲਾ ਜਿਲ੍ਹੇ ਦੇ ਉਮਰਪੁਰਾ ਪਿੰਡ ਦੇ ਦੋ ਭਰਾਵਾਂ ਸਖਜਿੰਦਰ ਸਿੰਘ ਨੋਨੀ ਤੇ ਅਰਵਿੰਦਰ ਸਿੰਘ ਨੇ ਮਸਜਿਦ ਬਨਾਉਣ ਲਈ ਆਪਣੀ ਸਾਢੇ ਪੰਜ ਵਿਸਵੇ ਜ਼ਮੀਨ ਦਾਨ ਕਰ ਦਿੱਤੀ ਸੀ। ਇਨ੍ਹਾਂ ਘਟਨਾਵਾਂ ਦੀ ਮਹਾਨਤਾ ਉਦੋਂ ਹੋਰ ਵੱਧ ਜਾਂਦੀ ਹੈ ਜਦੋਂ ਦੇਸ਼ ਦੇ ਵੱਖੋ-ਵੱਖ ਭਾਗਾਂ ’ਚ ਨਫ਼ਰਤੀ ਗੈਂਗਾਂ ਦੇ ਨਾਲ ਹੀ ਭਾਜਪਾਈ ਸਰਕਾਰਾਂ ਵੀ ਮੁਸਲਿਮਾਂ ਦੇ ਨਮਾਜ਼ ਪੜ੍ਹਨ ਦੇ ਰਾਹ ’ਚ ਅੜਿੱਕੇ ਡਾਹ ਰਹੀਆਂ ਹਨ।
ਮਨ ਨੂੰ ਸਕੂਨ ਦੇਣ ਵਾਲੀ ਇਕ ਹੋਰ ਵੱਡੀ ਘਟਨਾ ਇਸ ਸਾਲ ‘ਵੈਲਨਟਾਈਨ ਡੇ’ ਮੌਕੇ 14 ਫਰਵਰੀ ਨੂੰ ਗੁਲਾਬੀ ਸ਼ਹਿਰ ਜੈਪੁਰ ਵਿਖੇ ਵਾਪਰੀ ਹੈ। ਇਸ ਦਿਨ ਹਰ ਸਾਲ ਹਿੰਦੂਤਵੀ ਗੈਂਗ ਪਾਰਕਾਂ ਜਾਂ ਹੋਰ ਜਨਤਕ ਥਾਵਾਂ ’ਤੇ ਬੈਠੇ ਨੌਜਵਾਨ ਮੁੰਡੇ-ਕੁੜੀਆਂ ਨੂੰ ਨਾ ਕੇਵਲ ਜਬਰੀ ਉਠਾਉਂਦੇ ਹਨ, ਬਲਕਿ ਉਨ੍ਹਾਂ ਦੀ ਬੇਇੱਜ਼ਤੀ ਵੀ ਕਰਦੇ ਸਨ। ਇਹ ਭੂਤਰੇ ਫਿਰਕੂ ਸਾਨ੍ਹ ਕਈ ਵਾਰ ਤਾਂ ਨੌਜਵਾਨ ਜੋੜਿਆਂ ਦੀ ਮਾਰ-ਕੁੱਟ ਵੀ ਕਰ ਦਿੰਦੇ ਹਨ। ਇਸ ਵਾਰ ਵੀ ਲਾਜ਼ਮੀ ਬੜੇ ਥਾਈਂ ਇਹੋ ਕੁੱਝ ਹੋਇਆ ਹੋਵੇਗਾ। ਪ੍ਰੰਤੂ ਜੈਪੁਰ ਦੇ ਇਕ ਪਾਰਕ ‘ਚ ਜਦੋਂ ਇਹ ਆਪੂੰ ਸਜੇ ‘ਪੁਲਸੀਏ’ ਗਲਾਂ ’ਚ ਭਗਵੇ ਪਰਨੇ ਪਾ ਕੇ, ਮੋਟੇ ਡੰਡੇ ਲੈ ਕੇ ਪੁੱਜੇ ਤਾਂ ਉਥੇ ਬੈਠੇ ਕਿੰਨੇ ਹੀ ਜੋੜੇ ਡਰਨ ਦੀ ਥਾਂ ਇਨ੍ਹਾਂ ਨੂੰ ਹੀ ਸਵਾਲ ਕਰਨ ਲੱਗ ਪਏ। ਮਸਲਨ, ਤੁਸੀਂ ਸਾਨੂੰ ਕਿਸ ਕਾਨੂੰਨ ਤਹਿਤ ਉਠਾਉਣ ਆਏ ਹੋ? ਜਦੋਂ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਸ਼ਨਾਖਤੀ ਕਾਰਡ ਦਿਖਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਆਪਣੇ-ਆਪ ਨੂੰ ਬਜਰੰਗ ਦਲ ਦੇ ਮੈਂਬਰ ਦੱਸਿਆ। ਲੋਕਾਂ ਨੇ ਉਨ੍ਹਾਂ ਨੂੰ ਫਿਰ ਸ਼ਨਾਖ਼ਤੀ ਕਾਰਡ ਦਿਖਾਉਣ ਲਈ ਕਿਹਾ। ਜਦੋਂ ਲੋਕੀਂ, ਖਾਸ ਕਰਕੇ ਨੌਜਵਾਨ ਜੋੜੇ ਉਨ੍ਹਾਂ ਨੂੰ ਸਵਾਲ ਕਰਦੇ ਰਹੇ ਤੇ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰਨ ਦੀ ਗੱਲ ਕਹੀ ਤਾਂ ਉਹ ਗੁੰਡੇ ਉੱਥੋਂ ਭੱਜ ਨਿਕਲੇ।
ਇਵੇਂ ਹੀ ਲਖਨਊ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਜਦੋਂ ਕੈਂਪਸ ’ਚ ਬਣੀ ਮਸਜਿਦ ਬੰਦ ਕਰ ਦਿੱਤੀ ਸੀ ਤਾਂ ਮੁਸਲਮਾਨ ਵਿਦਿਆਰਥੀ ਮਸਜਿਦ ਦੇ ਅੱਗੇ ਹੀ ਨਮਾਜ਼ ਅਦਾ ਕਰਨ ਲੱਗ ਪਏ ਸਨ। ਅਨੇਕਾਂ ਹਿੰਦੂ ਸਹਿਪਾਠੀ ਵੱਡੀ ਮਨੁੱਖੀ ਕੜੀ ਬਣਾ ਕੇ ਉਨ੍ਹਾਂ ਦੀ ਰਾਖੀ ਲਈ ਡੱਟ ਗਏ ਸਨ। ਇਉਂ ਹੀ ਦੇਸ਼ ਦੇ ਅੱਡੋ-ਅੱਡ ਹਿੱਸਿਆਂ ’ਚ ਕੁੱਝ ਲੋਕ ਆਪ ਮੁਹਾਰੇ ਗੰਗਾ-ਜਮੁਨੀ ਤਹਿਜ਼ੀਬ ਦੀ ਰਾਖੀ ਕਰ ਰਹੇ ਹਨ।
ਮਹਾਂਰਾਸ਼ਟਰ ਦੇ ਅਹਿਲਿਆ ਨਗਰ ਤੋਂ 60 ਕਿਲੋਮੀਟਰ ਦੂਰ ਸੌਂਡਾਲਾ ਦੀ ਗਰਾਮ ਪੰਚਾਇਤ ਨੇ 5 ਫਰਵਰੀ ਨੂੰ ਪਾਸ ਕੀਤੇ ਇਕ ਮਤੇ ਰਾਹੀਂ ਕਿਹਾ ਹੈ ਕਿ ‘ਅਸੀਂ ਪਿੰਡ ਨੂੰ ਜਾਤੀਵਾਦੀ ਸੋਚ ਤੇ ਵਿਤਕਰੇ ਭਰੇ ਰਸਮੋ-ਰਿਵਾਜਾਂ ਤੋਂ ਮੁਕਤ ਪਿੰਡ ਬਨਾਉਣ ਦਾ ਐਲਾਨ ਕਰਦੇ ਹਾਂ।’ ਲੱਗਭੱਗ 2500 ਆਬਾਦੀ ਵਾਲੇ ਇਸ ਪਿੰਡ ‘ਚ 65% ਜਨਰਲ ਵਰਗ (ਮਰਾਠਾ) ਤੇ 20% ਅਨੁਸੂਚਿਤ ਜਾਤੀ ਪਰਿਵਾਰ ਵਸਦੇ ਹਨ। 15-20 ਇਸਾਈ ਭਾਈਚਾਰੇ ਦੇ ਤੇ 3 ਮੁਸਲਿਮ ਪਰਿਵਾਰ ਵੀ ਹਨ। ਪਰ ਸਭ ਦੇ ਅਧਿਕਾਰ ਬਰਾਬਰ ਹਨ। ਮਹੀਰਾ ਸਈਅਦ ਨਾਂ ਦੀ ਮੁਸਲਿਮ ਲੜਕੀ ਵੀ ਉਨ੍ਹਾਂ 5 ਵਿਦਿਆਰਥੀਆਂ ’ਚ ਸ਼ਾਮਲ ਹੈ, ਜਿਨ੍ਹਾਂ ਨੇ ਹਿੰਦੂ ਧਾਰਮਿਕ ਉਤਸਵ ’ਚ ਰਲ ਕੇ ਗੋਲ ਦਾਇਰੇ ’ਚ ਹਿੰਦੂ ਧਾਰਿਮਕ ਗ੍ਰੰਥ ਦਾ ਪਾਠ ਕੀਤਾ ਤੇ ਇਕੱਠਿਆਂ ਬੈਠ ਕੇ ਲੰਗਰ ਛਕਿਆ। ਲੋਕਾਂ ਦਾ ਕਹਿਣਾ ਹੈ ਕਿ ਨੇੜਲੇ ਬੀੜ ਕਸਬੇ ’ਚ ਬੀਜ ਖ਼ਰੀਦਣ-ਵੇਚਣ ਵੇਲੇ ਜਾਤ ਪੁੱਛੀ ਜਾਂਦੀ ਹੈ, ਪਰ ਅਸੀਂ ਨਹੀਂ ਚਾਹੁੰਦੇ ਕਿ ਇਹ ਬਿਮਾਰੀ ਸਾਡੇ ਪਿਡ ’ਚ ਵੀ ਫੈਲੇ।
ਉਪਰੋਕਤ ਘਟਨਾਵਾਂ ਹੌਸਲਾ ਵਧਾਊ ਹਨ ਤੇ ਭਾਰਤ ਦੇ ਚੰਗੇ ਭਵਿੱਖ ਵੱਲ ਇਸ਼ਾਰਾ ਕਰਦੀਆਂ ਹਨ। ਪ੍ਰੰਤੂ ਜਿਸ ਪੱਧਰ ’ਤੇ ਆਰ.ਐਸ.ਐਸ. ਤੇ ਬੀਜੇਪੀ ਸਮੇਤ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਵਰਗੇ ਉਸਦੇ ਸਹਿਯੋਗੀ ਸੰਗਠਨ, ਕੇਂਦਰੀ ਸਰਕਾਰ ਤੇ ਕਈ ਸੂਬਾ ਸਰਕਾਰਾਂ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਵੰਡਣ ਲੱਗੇ ਹੋਏ ਹਨ, ਉਸਦਾ ਮੁਕਾਬਲਾ ਕਰਨ ਲਈ ਆਮ ਲੋਕਾਂ, ਖਾਸ ਕਰਕੇ ਹਿੰਦੂ ਭਾਈਚਾਰੇ ਦਾ ਸੰਗਠਿਤ ਵਿਰੋਧ ਹੋਣਾ ਬੜਾ ਜ਼ਰੂਰੀ ਹੈ। ਆਪਣੇ-ਆਪ ਨੂੰ ਧਰਮ ਨਿਰਪੱਖ ਕਹਾਉਂਦੇ ਸਾਰੇ ਗੈਰ ਬੀਜੇਪੀ ਦਲ, ਖੱਬੀਆਂ ਧਿਰਾਂ, ਜਨਤਕ ਜਮਹੂਰੀ ਜਥੇਬੰਦੀਆਂ, ਬਹੁਤ ਸਾਰੀਆਂ ਗੈਰ ਸਰਕਾਰੀ ਜਥੇਬੰਦੀਆਂ (ਐਨਜੀਓਜ਼) ਨੂੰ ਜਨਤਕ ਪ੍ਰਤੀਰੋਧ ਖੜ੍ਹਾ ਕਰਨਾ ਚਾਹੀਦਾ ਹੈ ਤਾਂ ਜੋ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਤੇ ਆਰਐਸਐਸ ਦੇ ਥਿਓਕਰੈਟਿਕ-ਵੱਖਵਾਦੀ ਏਜੰਡੇ ਦਾ ਡੱਟਵਾਂ ਮੁਕਾਬਲਾ ਕੀਤਾ ਜਾ ਸਕੇ।
ਯਾਦ ਰਹੇ, ਪਹਿਲਾਂ ਤਾਂ ਅਖੌਤੀ ਹਿੰਦੂ ਧਰਮ ਸੰਸਦਾਂ ’ਚ ਮੁਸਲਮਾਨਾਂ ਵਿਰੁੱਧ ਫਤਵੇ ਦੇਣ ਰਾਹੀਂ ਉਨ੍ਹਾਂ ਦੇ ਕਤਲੇਆਮ ਦੇ ਸਿਰਫ ਸੱਦੇ ਦਿੱਤੇ ਜਾਂਦੇ ਸਨ। ਪਰ ਲੰਘੀ 13-14 ਦਸੰਬਰ ਨੂੰ ਭਾਰਤ ਸਰਕਾਰ ਤੇ ਦਿੱਲੀ ਸਰਕਾਰ ਦੇ ਟੂਰਿਜ਼ਮ ਮੰਤਰਾਲਿਆਂ ਦੇ ਸਹਿਯੋਗ ਨਾਲ ‘ਭਾਰਤ ਮੰਡਪਮ’ ਵਿਖੇ ‘ਸਨਾਤਨ ਰਾਸ਼ਟਰ ਸੰਖਨਾਦ ਮਹਾਂਉਤਸਵ’ ਕਰਵਾਇਆ ਗਿਆ ਹੈ। ਇਸਨੂੰ ‘ਸਨਾਤਨ ਸੰਸਥਾ’ ਨੇ ਜਥੇਬੰਦ ਕੀਤਾ ਸੀ ਤੇ ਭਾਰਤ ਸਰਕਾਰ ਦੀ ਟੂਰਿਜ਼ਮ ਮਿਨਿਸਟਰੀ ਵੱਲੋਂ ਇਸ ਲਈ 63 ਲੱਖ ਰੁਪਏ ਗ੍ਰਾਂਟ ਵਜੋਂ ਦਿੱਤੇ ਗਏ ਸਨ। ਇਸ ਆਯੋਜਨ ‘ਚ ਤਿੰਨ ਕੇਂਦਰੀ ਵਜੀਰਾਂ ਗਜੇਂਦਰ ਸਿੰਘ ਸ਼ੇਖਾਵਤ, ਸ਼੍ਰੀਪਦ ਨਾਇਕ ਤੇ ਸੰਜੇ ਸੇਠ ਸਮੇਤ ਦਿੱਲੀ ਦਾ ਮੰਤਰੀ ਕਪਿਲ ਮਿਸ਼ਰਾ ਵੀ ਸ਼ਾਮਲ ਹੋਇਆ ਸੀ। ਇੱਥੇ ਐਲਾਨ ਕੀਤਾ ਗਿਆ ਕਿ ਹਿੰਦੂ ਰਾਸ਼ਟਰ ਬਨਾਉਣ ਲਈ 25% ਮੁਸਲਮਾਨਾਂ ਨੂੰ ਘਸਪੈਠੀਏ ਯਾਨਿ ਬੰਗਲਾਦੇਸ਼ੀ, ਪਾਕਿਸਤਾਨੀ, ਅਫਗਾਨਿਸਤਾਨੀ ਕਹਿ ਕੇ ਦੇਸ਼ ਚੋਂ ਬਾਹਰ ਕੱਢਣਾ ਹੈ। ਬਾਕੀ ਮੁਸਲਮਾਨਾਂ ਦਾ ਫੌਰੀ ਧਰਮ ਪਰਿਵਰਤਨ ਕਰਵਾਉਣਾ ਹੈ, ਮੁਸਲਿਮ ਆਬਾਦੀ ਦੇ ਵਾਧੇ ’ਤੇ ਰੋਕ ਲਾਉਣੀ ਹੈ ਤੇ ਡਰ ਪੈਦਾ ਕਰਨਾ ਹੈ। ਇਹ ਵੀ ਮੰਗ ਕੀਤੀ ਗਈ ਹੈ ਕਿ ਐਨ.ਆਰ.ਸੀ. ਲਾਗੂ ਕੀਤਾ ਜਾਵੇ। ਬੀਜੇਪੀ ਦੇ ਆਗੂ ਅਸ਼ਵਨੀ ਉਪਾਧਿਆਏ ਨੇ ਕਿਹਾ ਹੈ ਕਿ ਜੇ ਹਰ ਹਿੰਦੂ ਇਕ-ਇਕ ਮੁਸਲਮਾਨ ਦਾ ਧਰਮ ਪਰਿਵਰਤਨ ਕਰਵਾ ਦੇਵੇ ਤਾਂ ਅਸੀਂ ਜਲਦੀ ਹੀ ਆਪਣਾ ਨਿਸ਼ਾਨਾ ਪ੍ਰਾਪਤ ਕਰ ਲਵਾਂਗੇ। ਇਕ ਹੋਰ ਬੁਲਾਰੇ ਨੇ ਕਿਹਾ ਹੈ ਕਿ ਸਾਨੂੰ ਹਮਲਾਵਰ ਯੁੱਧ ਨੀਤੀ ਦੀ ਲੋੜ ਹੈ ਤਾਂ ਕਿ ਅਸੀਂ ਸੰਵਿਧਾਨਕ ਤੌਰ ’ਤੇ ਹਿੰਦੂ ਰਾਸ਼ਟਰ ਬਣਾ ਸਕੀਏ। ਇਹ ਖੁਲਾਸਾ ‘ਦ ਕੁਇੰਟ’ ਵੱਲੋਂ ਆਰ.ਟੀ.ਆਈ. ਤਹਿਤ ਮੰਗੀ ਜਾਣਕਾਰੀ ਰਾਹੀਂ ਕੀਤਾ ਗਿਆ ਹੈ।
ਕੀ ਅਸੀਂ ਭਾਰਤ ਦੇ ਇਨਸਾਫ਼ ਪਸੰਦ, ਧਰਮ ਨਿਰਪੱਖ ਲੋਕ ਸਰਕਾਰੀ ਪੈਸੇ ਨਾਲ ਤਾਂ ਕੀ, ਉਨ੍ਹਾਂ ਦੇ ਨਿੱਜੀ ਪੈਸੇ ਨਾਲ ਵੀ ਉਪਰੋਕਤ ਵਰਗੀਆਂ ਸੰਵਿਧਾਨ ਵਿਰੋਧੀ ਗਤੀਵਿਧੀਆਂ ਦੀ ਆਗਿਆ ਦੇਵਾਂਗੇ? ਅਸਾਨੂੰ ਬੜੀ ਜਲਦੀ ਇਕਜੁਟ ਹੋ ਕੇ ਉਕਤ ਤਬਾਹਕੁੰਨ ਵਰਤਾਰੇ ਖਿਲਾਫ਼ ਉੱਠ ਖੜੋਣ ਦੀ ਲੋੜ ਹੈ।
ਉੱਠ ਜਗਾ ਦੇ ਮੋਮਬੱਤੀਆਂ…