Now Reading
ਭਾਰਤ ਅੰਦਰ ਸੋਮਨਾਥ ਮੰਦਰ, ਬੋਧੀ ਤੇ ਜੈਨ ਤੀਰਥ ਸਥਾਨਾਂ ਦੀ ਤਬਾਹੀ ਦਾ ‘ਹਿੰਦੂਤਵੀ’ ਬਿਰਤਾਂਤ

ਭਾਰਤ ਅੰਦਰ ਸੋਮਨਾਥ ਮੰਦਰ, ਬੋਧੀ ਤੇ ਜੈਨ ਤੀਰਥ ਸਥਾਨਾਂ ਦੀ ਤਬਾਹੀ ਦਾ ‘ਹਿੰਦੂਤਵੀ’ ਬਿਰਤਾਂਤ


ਪ੍ਰੋ. ਸ਼ਮਸੁਲ ਇਸਲਾਮ
ਰਾਸ਼ਟਰੀ ਸੋਇਮਸੇਵਕ ਸੰਘ (ਆਰ.ਐਸ.ਐਸ.) ਦੇ ਧਰਮ ਅਧਾਰਤ ਪਿਛਾਖੜੀ ਰਾਜ ਕਾਇਮ ਕਰਨ ਦੇ ਏਜੰਡੇ ਮੁਤਾਬਕ ਰਾਜ-ਭਾਗ ਚਲਾ ਰਹੇ ਭਾਰਤ ਦੇ ਮੌਜੂਦਾ ਭਾਜਪਾਈ ਸ਼ਾਸਕਾਂ ਅਨੁਸਾਰ, ਭਾਰਤੀ ਮੁਸਲਮਾਨ ਇਤਿਹਾਸ ਦੇ ਖਲਨਾਇਕ ਹਨ। ਉਨ੍ਹਾਂ ਨੂੰ ਬਾਬਰਜ਼ਾਦੇ (ਹਿੰਦੋਸਤਾਨ ਦੇ ਪਹਿਲੇ ਮੁਗ਼ਲ ਸਮਰਾਟ ਦੀ ਸੰਤਾਨ) ਵਜੋਂ ਪੇਸ਼ ਕੀਤਾ ਜਾਂਦਾ ਹੈ। ਨਾਲ ਹੀ 711 ਈਸਵੀ ਦੇ ਅਰਬੀ ਮੂਲ ਦੇ ਇਕ ਜੰਗਜੂ ਦੁਸ਼ਟ ਮੁਹੰਮਦ ਬਿਨ ਕਾਸਿਮ ਵੱਲੋਂ ਸਿੰਧ ’ਤੇ ਕਬਜ਼ਾ ਕੀਤੇ ਜਾਣ ਤੋਂ ਲੈ ਕੇ ਮੁਸਲਮਾਨ ਨਾਵਾਂ ਵਾਲੇ ਮੱਧਕਾਲੀ ਸ਼ਾਸਕਾਂ ਵਲੋਂ ਕੀਤੇ ਗਏ ਸਾਰੇ ਅਪਰਾਧਾਂ ਲਈ ਵੀ ਉਨ੍ਹਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਸਾਨੂੰ ਦੱਸਿਆ ਜਾਂਦਾ ਹੈ ਕਿ ਮੁਸਲਿਮ ਨਾਵਾਂ ਵਾਲੇ ਸ਼ਾਸਕਾਂ ਦਾ ਰਾਜ ਇਸਲਾਮੀ ਰਾਜ ਸੀ, ਜਿਸ ਦਾ ਉਦੇਸ਼ ਹਿੰਦੋਸਤਾਨ ਨੂੰ ਮੂਰਤੀ ਪੂਜਾ ਤੇ ਹਿੰਦੂ ਧਰਮ ਤੋਂ ਮੁਕਤ ਕਰਨਾ ਸੀ। ਇਹ ਵਿਸ਼ਾ ਆਰ.ਐਸ.ਐਸ. ਦੇ ਚੰਡੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੇ ਸੱਤਾਧਾਰੀ ਉੱਚ ਵਰਗ ਦੇ ਮੈਂਬਰਾਂ, ਜੋ ਖੁਦ ਆਰ.ਐਸ.ਐਸ. ਦੇ ਮੈਂਬਰ ਹਨ, ਦੇ ਬਿਆਨਾਂ ’ਚੋਂ ਵਾਰ-ਵਾਰ ਸਾਹਮਣੇ ਆਉਂਦਾ ਹੈ।
ਉਨ੍ਹਾਂ ਦਾ ਤਾਜ਼ਾ ਬਿਆਨ 11 ਜਨਵਰੀ 2026 ਨੂੰ ਸੋਮਨਾਥ ਵਿਖੇ ‘ਸਵਾਭਿਮਾਨ ਪਰਵ’ ਦਾ ਉਦਘਾਟਨ ਕਰਦਿਆਂ ਸਾਹਮਣੇ ਆਇਆ ਹੈ, ਜਦੋਂ ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਪ੍ਰਭਾਸ ਪਾਟਣ ਦੀ ਮਿੱਟੀ ਦਾ ਹਰ ਕਣ ਬਹਾਦਰੀ, ਹੌਂਸਲੇ ਅਤੇ ਵੀਰਤਾ ਦਾ ਸਾਕਸ਼ੀ ਹੈ ਅਤੇ ਅਣਗਿਣਤ ਸ਼ਿਵ ਭਗਤਾਂ ਨੇ ਸੋਮਨਾਥ ਦੇ ਸਰੂਪ ਦੀ ਰੱਖਿਆ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ’ਸੋਮਨਾਥ ਸਵਾਭਿਮਾਨ ਪਰਵ’ ਦੇ ਮੌਕੇ ’ਤੇ ਉਹ ਸਭ ਤੋਂ ਪਹਿਲਾਂ ਉਨ੍ਹਾਂ ਸਾਰੇ ਵੀਰ ਪੁਰਸ਼ਾਂ ਤੇ ਮਹਿਲਾਵਾਂ ਨੂੰ ਨਮਨ ਕਰਦੇ ਹਨ, ਜਿਨ੍ਹਾਂ ਨੇ ਸੋਮਨਾਥ ਦੀ ਰੱਖਿਆ ਤੇ ਪੁਨਰਨਿਰਮਾਣ ਲਈ ਆਪਣੇ ਪ੍ਰਾਣਾਂ ਦੀ ਬਲੀ ਦਿੱਤੀ ਤੇ ਭਗਵਾਨ ਮਹਾਦੇਵ ਨੂੰ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ।
ਸ਼੍ਰੀ ਮੋਦੀ ਨੇ ਅੱਗੋਂ ਕਿਹਾ, “ਜਦੋਂ ਗ਼ਜ਼ਨੀ ਤੋਂ ਲੈ ਕੇ ਔਰੰਗਜ਼ੇਬ ਤਾਈਂ ਦੇ ਹਮਲਾਵਰਾਂ ਨੇ ਸੋਮਨਾਥ ’ਤੇ ਹਮਲਾ ਕੀਤਾ, ਤਾਂ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦੀਆਂ ਤਲਵਾਰਾਂ ਅਜ਼ਰ-ਅਮਰ ਸੋਮਨਾਥ ’ਤੇ ਫਤਹਿ ਹਾਸਲ ਕਰ ਰਹੀਆਂ ਹਨ, ਪਰ ਉਹ ਕਟੜਪੰਥੀ ਇਹ ਸਮਝਣੋਂ ਅਸਫ਼ਲ ਰਹੇ ਕਿ ‘ਸੋਮ’ ਨਾਂ ’ਚ ਹੀ ਅੰਮ੍ਰਿਤ ਦਾ ਸਾਰ ਲੁਕਿਆ ਹੋਇਆ ਹੈ, ਜ਼ਹਿਰ ਪੀਣ ਪਿੱਛੋਂ ਵੀ ਅਮਰ ਰਹਿਣ ਦਾ ਵਿਚਾਰ। ਉਨ੍ਹਾਂ ਨੇ ਹੋਰ ਕਿਹਾ ਕਿ ‘‘ਸੋਮਨਾਥ ਵਿਖੇ ਸਦਾਸ਼ਿਵ ਮਹਾਦੇਵ ਦੀ ਚੇਤਨ ਸ਼ਕਤੀ ਨਿਵਾਸ ਕਰਦੀ ਹੈ, ਜੋ ਦਿਆਲੂ ਅਤੇ ਕਹਿਰਵਾਨ ‘ਪ੍ਰਚੰਡ ਤਾਂਡਵ ਸ਼ਿਵ’ ਦੋਨੋਂ ਹੈ।’’
ਉਨ੍ਹਾਂ ਦੇ ਭਾਸ਼ਣ ਦਾ ਅਰਥ ਬਿਲਕੁਲ ਸਾਫ਼ ਸੀ ਕਿ ਸੋਮਨਾਥ ਮੰਦਰ ਦੇ ਸਾਰੇ ਰਾਖੇ ਹਿੰਦੂ ਸਨ ਤੇ ਇਸ ਨੂੰ ਤਬਾਹ ਕਰਨ ਵਾਲੇ ਸਾਰੇ ਮੁਸਲਮਾਨ ਸਨ।
ਆਰ.ਐਸ.ਐਸ.–ਭਾਜਪਾ ਸਰਕਾਰ ਦੇ ਸਭ ਤੋਂ ਸੀਨੀਅਰ ਸੁਰੱਖਿਆ ਸਲਾਹਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਨਜ਼ਦੀਕੀ ਅਜੀਤ ਡੋਭਾਲ ਨੇ ਮੁਸਲਿਮ ਸ਼ਾਸਕਾਂ ਦੇ ਧਾਰਮਿਕ ਅਪਰਾਧਾਂ ਦਾ ਬਦਲਾ ਲੈਣ ਲਈ ਆਪਣੇ ਜੋਸ਼ੀਲੇ ਅੰਦਾਜ਼ ’ਚ 9 ਜਨਵਰੀ 2026 ਨੂੰ ਦਿੱਲੀ ਵਿਖੇ ਆਯੋਜਿਤ ‘ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ’ ਦੇ ਉਦਘਾਟਨ ਸਮਾਰੋਹ ’ਚ ਬੋਲਦਿਆਂ ਕਿਹਾ, “ਇਹ ਆਜ਼ਾਦ ਭਾਰਤ ਹਮੇਸ਼ਾ ਇੰਨਾ ਆਜ਼ਾਦ ਨਹੀਂ ਸੀ, ਜਿੰਨਾ ਅੱਜ ਦਿਖਾਈ ਦਿੰਦਾ ਹੈ। ਸਾਡੇ ਵਡੇਰਿਆਂ ਨੇ ਇਸ ਲਈ ਮਹਾਨ ਬਲਿਦਾਨ ਦਿੱਤੇ ਹਨ। ਉਨ੍ਹਾਂ ਨੇ ਘੋਰ ਅਪਮਾਨ ਸਹਿਣ ਕੀਤਾ ਹੈ ਤੇ ਘੋਰ ਬੇਬਸੀ ਦੇ ਦੌਰ ਦਾ ਸਾਹਮਣਾ ਕੀਤਾ ਹੈ। ਕਈ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ, ਸਾਡੇ ਪਿੰਡਾਂ ਨੂੰ ਸਾੜਿਆ ਗਿਆ। ਸਾਡੀ ਸਭਿਅਤਾ ਨੂੰ ਨਸ਼ਟ ਕਰ ਦਿੱਤਾ ਗਿਆ। ਸਾਡੇ ਮੰਦਰ ਲੁੱਟੇ ਗਏ ਤੇ ਅਸੀਂ ਮੂਕ ਦਰਸ਼ਕ ਬਣੇ ਬੇਬਸ ਦੇਖਦੇ ਰਹੇ। ਇਹ ਇਤਿਹਾਸ ਸਾਨੂੰ ਚੁਣੌਤੀ ਦਿੰਦਾ ਹੈ ਕਿ ਅੱਜ ਭਾਰਤ ਦੇ ਹਰ ਨੌਜਵਾਨ ਦੇ ਅੰਦਰ ਬਦਲਾ ਲੈਣ ਦੀ ਅੱਗ ਹੋਣੀ ਚਾਹੀਦੀ ਹੈ। ‘ਬਦਲਾ’ ਸ਼ਬਦ ਆਦਰਸ਼ ਨਹੀਂ ਹੈ, ਪਰ ਬਦਲਾ ਆਪਣੇ ਆਪ ’ਚ ਇੱਕ ਸ਼ਕਤੀਸ਼ਾਲੀ ਤਾਕਤ ਹੈ। ਸਾਨੂੰ ਆਪਣੇ ਇਤਿਹਾਸ ਦਾ ਬਦਲਾ ਲੈਣਾ ਹੋਵੇਗਾ। ਸਾਨੂੰ ਇਸ ਦੇਸ਼ ਨੂੰ ਉਸ ਮੁਕਾਮ ’ਤੇ ਵਾਪਸ ਲਿਆਉਣਾ ਹੋਵੇਗਾ ਜਿੱਥੇ ਅਸੀਂ ਆਪਣੇ ਅਧਿਕਾਰਾਂ, ਆਪਣੇ ਵਿਚਾਰਾਂ ਤੇ ਆਪਣੀਆਂ ਮਾਨਤਾਵਾਂ ਦੇ ਆਧਾਰ ’ਤੇ ਇਕ ਮਹਾਨ ਭਾਰਤ ਦਾ ਨਿਰਮਾਣ ਕਰ ਸਕੀਏ।”
ਸੋਮਨਾਥ ਮੰਦਰ ਦੀ ਤਬਾਹੀ ਦਾ ਗੈਰ-ਇਸਲਾਮੀ ਸੱਚ
ਪ੍ਰਧਾਨ ਮੰਤਰੀ ਮੋਦੀ ਤੇ ਅਜੀਤ ਡੋਭਾਲ, ਦੋਹਾਂ ਦੇ ਭਾਸ਼ਣਾਂ ਦਾ ਸਾਰ-ਤੱਤ ਇਹ ਸੀ ਕਿ ਮੁਸਲਮਾਨਾਂ ਨੇ ਹਿੰਦੂ ਮੰਦਰ ਨਸ਼ਟ ਕੀਤੇ। ਇਸ ਦਾ ਬਦਲਾ ਭਾਰਤੀ ਮੁਸਲਮਾਨਾਂ ਤੋਂ ਲਿਆ ਜਾਣਾ ਚਾਹੀਦਾ ਹੈ, ਜੋ ਲਾਜ਼ਮੀ ਤੌਰ ’ਤੇ ਮੁਸਲਿਮ ਸ਼ਾਸਕਾਂ ਦੀ ਸੰਤਾਨ ਹਨ। ਇਹ ਸੱਦਾ ਭਾਰਤ ਦੀ ਸਭ ਤੋਂ ਵੱਡੀ ਧਾਰਮਿਕ ਘੱਟ ਗਿਣਤੀ ਨੂੰ ਖੁੱਲ੍ਹੇਆਮ ਬਦਨਾਮ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਪ੍ਰਧਾਨ ਮੰਤਰੀ ਮੋਦੀ ਤੇ ਕੌਮੀ ਸੁਰੱਖਿਆ ਸਲਾਹਕਾਰ ਡੋਭਾਲ ਦਰਅਸਲ ਮੁਸਲਮਾਨਾਂ ਦੇ ਸਫਾਏ ਦਾ ਸੱਦਾ ਦੇ ਰਹੇ ਸਨ।
ਭਾਰਤ ’ਚ ਮੰਦਰਾਂ ਦੀ ਤਬਾਹੀ ਹਿੰਦੂ–ਮੁਸਲਿਮ ਵੈਰ ਨਾਲੋਂ ਕਿਤੇ ਜ਼ਿਆਦਾ ਗੁੰਝਲਦਾਰ ਮਸਲਾ ਰਿਹਾ ਹੈ ਜਿਵੇਂ ਆਪਾਂ ਹੇਠ ਲਿਖੇ ਅਨੁਸਾਰ ਬਿਆਨੇ ‘ਹਿੰਦੂਤਵੀ’ ਬਿਰਤਾਂਤ ਰਾਹੀਂ ਦੇਖਾਂਗੇ।
ਕੋਈ ਵੀ ਸੂਝਵਾਨ ਸ਼ਖਸ ਇਸ ਗੱਲੋਂ ਇਨਕਾਰੀ ਨਹੀਂ ਹੋ ਸਕਦਾ ਕਿ 1026 ’ਚ ਮਹਮੂਦ ਗ਼ਾਜ਼ੀ (ਮਹਿਮੂਦ ਗ਼ਜ਼ਨਵੀ) ਦੀ ਅਗਵਾਈ ਹੇਠਲੀ ਫੌਜ ਨੇ ਗੁਜਰਾਤ ਦਾ ਸੋਮਨਾਥ ਮੰਦਰ ਪਲੀਤ ਕੀਤਾ, ਲੁੱਟਿਆ ਤੇ ਢਾਹ ਦਿੱਤਾ ਸੀ। ਪਰ ਇੱਕ ਮਹੱਤਵਪੂਰਨ ਤੱਥ ਲਗਾਤਾਰ ਲੁਕੋਇਆ ਜਾਂਦਾ ਹੈ ਕਿ ਇਹ ਕੰਮ ਸਥਾਨਕ ਹਿੰਦੂ ਸਰਦਾਰਾਂ ਦੀ ਸਰਗਰਮ ਇਮਦਾਦ ਤੇ ਭਾਗੀਦਾਰੀ ਨਾਲ ਕੀਤਾ ਗਿਆ ਸੀ। ਆਰ.ਐਸ.ਐਸ. ਦੇ ਸਭ ਤੋਂ ਪ੍ਰਮੁੱਖ ਵਿਚਾਰਕ ਐਮ.ਐਸ. ਗੋਲਵਾਲਕਰ ਨੇ ‘ਸੰਘ’ ਦੇ ਅੰਗਰੇਜ਼ੀ ਮੁਖ ਪੱਤਰ ’ਆਰਗੇਨਾਈਜ਼ਰ’ (4 ਜਨਵਰੀ 1950) ’ਚ ਮਹਿਮੂਦ ਗ਼ਾਜ਼ੀ ਵਲੋਂ ਸੋਮਨਾਥ ਮੰਦਰ ਨੂੰ ਪਲੀਤ ਤੇ ਤਬਾਹ ਕਰਨ ਦਾ ਵੇਰਵਾ ਦਿੰਦੇ ਹੋਏ ਦੱਸਿਆ, “ਉਸਨੇ ਖ਼ੈਬਰ ਦਰਾ ਪਾਰ ਕੀਤਾ ਅਤੇ ਸੋਮਨਾਥ ਦਾ ਧਨ ਲੁੱਟਣ ਲਈ ਭਾਰਤ ’ਚ ਕਦਮ ਰੱਖਿਆ। ਉਸ ਨੂੰ ਰਾਜਸਥਾਨ ਦਾ ਵਿਸ਼ਾਲ ਰੇਗਿਸਤਾਨ ਪਾਰ ਕਰਨਾ ਪਿਆ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਸ ਕੋਲ ਨਾ ਭੋਜਨ ਸੀ ਅਤੇ ਨਾ ਹੀ ਉਸ ਦੀ ਫੌਜ ਲਈ ਤੇ ਖੁਦ ਆਪਣੇ ਲਈ ਪਾਣੀ ਸੀ। ਜੇਕਰ ਉਸਨੂੰ ਉਸਦੇ ਹਾਲ ’ਤੇ ਛੱਡ ਦਿੱਤਾ ਜਾਂਦਾ ਤਾਂ ਉਹ ਮਰ-ਖਪ ਜਾਂਦਾ….ਪ੍ਰੰਤੂ ਨਹੀਂ, ਮਹਿਮੂਦ ਨੇ ਸਥਾਨਕ ਸਰਦਾਰਾਂ ਨੂੰ ਯਕੀਨ ਦੁਆਇਆ ਕਿ ਸੌਰਾਸ਼ਟਰ ਉਨ੍ਹਾਂ ਖਿਲਾਫ ਪਸਾਰਵਾਦੀ ਮਨਸੂਬੇ ਘੜ ਰਿਹਾ ਹੈ। ਆਪਣੀ ਮੂਰਖਤਾ ਤੇ ਸੰਕੀਰਨ ਸੋਚ ਤਹਿਤ ਉਨ੍ਹਾਂ ਨੇ ਉਸ ਦੀ ਗੱਲ ਮੰਨ ਲਈ ਤੇ ਉਸਦਾ ਸਾਥ ਦਿੱਤਾ। ਮਹਮੂਦ ਗ਼ਾਜ਼ੀ ਨੇ ਮਹਾਨ ਮੰਦਰ ’ਤੇ ਹਮਲਾ ਕੀਤਾ ਤਾਂ ਹਿੰਦੂ, ਜੋ ਸਾਡੇ ਹੀ ਖੂਨ ਦੇ ਲਹੂ, ਸਾਡੇ ਮਾਸ ਦੇ ਮਾਸ, ਸਾਡੀ ਆਤਮਾ ਦੀ ਆਤਮਾ ਹਨ, ਉਹ ਉਸ ਦੀ ਫੌਜ ਦੇ ਸਭ ਤੋਂ ਅਗਲੇ ਮੋਰਚੇ ’ਤੇ ਖੜ੍ਹੇ ਸਨ। ਹਿੰਦੂਆਂ ਦੀ ਸਰਗਰਮ ਸਹਾਇਤਾ ਨਾਲ ਸੋਮਨਾਥ ਨੂੰ ਪਲੀਤ ਕੀਤਾ ਗਿਆ। ਇਹ ਇਤਿਹਾਸਕ ਤੱਥ ਹਨ।’’”
ਸੋਮਨਾਥ ਮੰਦਰ ਦੇ ਰਾਖਿਆਂ ਵਲੋਂ ‘ਮੂਰਤੀ ਭੰਜਕ’ ਯਾਨਿ ਮੂਰਤੀਆਂ ਤੋੜਨ ਵਾਲੇ ਗ਼ਜ਼ਨੀ ਦੇ ਵਿਰੁੱਧ ਦਿਖਾਈ ਗਈ ਬਹਾਦਰੀ ਦਾ ਜਿਕਰ ਕਰਦਿਆਂ ਆਰਿਆ ਸਮਾਜ ਦੇ ਮੋਢੀ ਦਯਾਨੰਦ ਸਰਸਵਤੀ ਨੇ ਆਪਣੇ ਮੌਲਿਕ ਗ੍ਰੰਥ ‘ਸੱਤਿਆਰਥ ਪ੍ਰਕਾਸ਼’, ਜੋ ਆਰੀਆ ਸਮਾਜੀਆਂ ਲਈ ਪਵਿਤਰ ਗ੍ਰੰਥ ਹੈ, ’ਚ ਲਿਖਿਆ ਹੈ ਕਿ ਤਤਕਾਲੀ ਪੁਰੋਹਿਤਾਂ ਨੇ ‘ਮੂਰਤੀ ਭੰਜਕ’ ਫੌਜ ਦਾ ਵਿਰੋਧ ਕਰਨ ਦੀ ਥਾਂ ਪ੍ਰਾਰਥਨਾ ਕੀਤੀ, ‘‘ਹੇ ਮਹਾਦੇਵ, ਇਸ ਮਲੇਛ (ਅਧਰਮੀ) ਨੂੰ ਮਾਰ ਮੁਕਾਓ ਤੇ ਸਾਡੀ ਰੱਖਿਆ ਕਰੋ! ਉਨ੍ਹਾਂ ਨੇ ਆਪਣੇ ਸ਼ਾਹੀ ਪੈਰੋਕਾਰਾਂ ਨੂੰ ਹੌਂਸਲਾ ਰੱਖਣ ਦੀ ਸਲਾਹ ਦਿੱਤੀ ਕਿਉਂਕਿ ਮਹਾਦੇਵ, ਭੈਰੋਂ ਜਾਂ ਭਦਰ ਨੂੰ ਭੇਜਣਗੇ ਜੋ ਸਾਰੇ ਮਲੇਛਾਂ ਦੀ ਅਲਖ ਮੁਕਾ ਦੇਣਗੇ ਜਾਂ ਇਨ੍ਹਾਂ ਨੂੰ ਅੰਨ੍ਹੇ ਕਰ ਦੇਣਗੇ… ਕਈ ਧਰਮ ਦੇ ਮਾਹਿਰ ਜੋਤਸ਼ੀਆਂ ਨੇ ਕਿਹਾ ਕਿ ਜੋਤਿਸ਼ ਦੇ ਨਜ਼ਰੀਏ ਤੋਂ ਉਨ੍ਹਾਂ ਦਾ ਅੱਗੇ ਵਧਣਾ ਠੀਕ ਨਹੀਂ ਹੈ…ਇਉਂ ਯੋਧੇ ਗੁੰਮਰਾਹ ਹੋ ਗਏ ਤੇ ਪਛੜ ਗਏ। ਅਧਰਮੀਆਂ ਦੀ ਫੌਜ ਫਟਾਫਟ ਆਈ ਤੇ ਉਨ੍ਹਾਂ ਨੂੰ ਘੇਰ ਲਿਆ। ਉਹ ਬੇਇਜ਼ਤੀ ਕਰਵਾਕੇ ਭੱਜ ਨਿਕਲੇ।’’
ਪ੍ਰਧਾਨ ਮੰਤਰੀ, ਅਜੀਤ ਡੋਭਾਲ ਤੇ ਹਿੰਦੂਤਵਵਾਦੀ ਧੜੇ ਨੂੰ ਮੁਸਲਮਾਨਾਂ ਤੋਂ ਬਦਲਾ ਲੈਣ ਦੀ ਬਜਾਏ ਸੋਮਨਾਥ ਮੰਦਰ ਦੇ ਅਪਮਾਨ ਦੇ ਦੋਸ਼ੀਆਂ ਬਾਬਤ ਸੰਜ਼ੀਦਗੀ ਨਾਲ ਆਤਮ ਮੰਥਨ ਕਰਨ ਦੀ ਲੋੜ ਹੈ। ਇਹ ਸਥਾਪਤ ਸੱਚ ਹੈ ਕਿ ਮਹਿਮੂਦ ਗ਼ਾਜ਼ੀ ਨੇ 1000 ਤੋਂ 1027 ਈਸਵੀ ਦਰਮਿਆਨ 17 ਵਾਰੀ ਭਾਰਤ ’ਤੇ ਹਮਲਾ ਕੀਤਾ ਸੀ। ਉਸ ਨੇ ਗ਼ਜ਼ਨੀ ਤੋਂ ਭਾਰਤ ਪੁੱਜਣ ਲਈ ਤਕਰੀਬਨ 2 ਹਜ਼ਾਰ ਕਿਲੋਮੀਟਰ ਦਾ ਸਫਰ ਕੀਤਾ ਸੀ, ਜਿਸ ਚੋਂ ਲੱਗਭਗ 1000 ਕਿਲੋਮੀਟਰ ਖੇਤਰ ਭਾਰਤ ’ਚ ਪੈਂਦਾ ਸੀ। ਹਿੰਦੂ ਕਥਾਨਕ ਅਨੁਸਾਰ ਮੰਦਰ ਨੂੰ ਤਬਾਹ ਕਰਨ ਪਿੱਛੋਂ ਉਹ ਬੇਸ਼ਕੀਮਤੀ ਲੁੱਟ ਦਾ ਮਾਲ ਸੈਂਕੜੇ ਉੱਠ-ਘੋੜਿਆਂ ’ਤੇ ਲੱਦ ਕੇ ਪਰਤ ਗਿਆ। ਸੋਮਨਾਥ ’ਚ ਬਹਾਦਰੀ ਦੇ ਕਿੱਸੇ ਸੁਣਾਉਣ ਵਾਲੇ ਦੇਸ਼ ਨੂੰ ਇਹ ਵੀ ਦੱਸਣ ਕਿ ਉਸ ਨੂੰ ਜ਼ਿੰਦਾ ਕਿਸਨੇ ਜਾਣ ਦਿੱਤਾ? ਭਾਰਤ ਦੇ ਸਭ ਤੋਂ ਪਵਿੱਤਰ ਮੰਦਿਰਾਂ ਚੋਂ ਇਕ ਨੂੰ ਨਸ਼ਟ ਕਰ ਦੇਣ ਦੇ ਬਾਵਜੂਦ ਉਸ ਨੂੰ ਅਤੇ ਉਸ ਦੇ ਲੁਟੇਰੇ ਗ੍ਰੋਹ ਨੂੰ ਮਾਰਿਆ ਕਿਉਂ ਨਾ ਗਿਆ? ਡਰਾਉਣਾ ਸੱਚ ਤਾਂ ਇਹ ਹੈ ਕਿ ਸਾਡੇ ਵਡੇਰੇ ਭਾਰਤੀ ਇਤਿਹਾਸ ਦੇ ਸਭ ਤੋਂ ਬੇਰਹਿਮ ਹਮਲਾਵਰਾਂ ਚੋਂ ਇਕ ਦਾ ਪ੍ਰਤੀਰੋਧ ਕਰਨੋਂ ਬੁਰੀ ਤਰ੍ਹਾਂ ਨਾਕਾਮ ਰਹੇ।
‘ਹਿੰਦੂਆਂ’ ਵੱਲੋਂ ਬੋਧੀ ਤੇ ਜੈਨ ਮੰਦਰਾਂ ਦਾ ਨਾਸ਼
ਕੇਵਲ ਮੁਸਲਮਾਨ ਸ਼ਾਸਕ ਹੀ ਹਿੰਦੂ ਮੰਦਰਾਂ ਨੂੰ ਅਪਵਿੱਤਰ ਨਹੀਂ ਸਨ ਕਰ ਰਹੇ। ਸਵਾਮੀ ਵਿਵੇਕਾਨੰਦ ਨੇ ਕਿਹਾ ਸੀ, ‘‘ਜਗਨਨਾਥ ਮੰਦਰ ਇੱਕ ਪੁਰਾਤਨ ਬੋਧੀ ਮੰਦਰ ਹੈ। ਅਸੀਂ ਇਸਨੂੰ ਤੇ ਹੋਰ ਮੰਦਰਾਂ ਨੂੰ ਆਪਣੇ ਅਧੀਨ ਕਰਕੇ ਇਨ੍ਹਾਂ ਦਾ ਰੂਪ-ਰੰਗ ਹਿੰਦੂ ਧਰਮ ਅਨੁਸਾਰ ਢਾਲਿਆ ਹੈ।’’”
(ਸਵਾਮੀ ਵਿਵੇਕਾਨੰਦ ਦੀ ਸਮੁੱਚੀ ਰਚਨਾ, ਭਾਗ ਤਿੰਨ, ਸਫਾ 264)
ਹਿੰਦੂਤਵੀਆਂ ਦੇ ਇਕ ਹੋਰ ਚਹੇਤੇ ਦਾਰਸ਼ਨਿਕ ਬੰਕਿਮ ਚੰਦਰ ਚੈਟਰਜੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਸ ਅਨੁਸਾਰ, ‘‘ਜਗਨ ਨਾਥ ਮੰਦਰ ਨਾਲ ਜੁੜੀਆਂ ਧਾਰਮਿਕ ਰਸਮਾਂ ਦਾ ਅਨਿੱਖੜਵਾਂ ਅੰਗ ‘ਰਥ ਯਾਤਰਾ’ ਬੁਨਿਆਦੀ ਤੌਰ ’ਤੇ ਬੁੱਧ ਧਰਮ ਦੀ ਰਸਮ ਹੈ। ਬੰਕਿਮ ਚੰਦਰ ਚੈਟਰਜੀ ਲਿਖਦਾ ਹੈ, ‘‘ਮੈਨੂੰ ਪਤਾ ਹੈ ਕਿ ਜਨਰਲ ਕਨਿੰਘਮ ਨੇ ਭੀਲਸਾ ਟੋਪੀਆਂ ਬਾਰੇ ਆਪਣੇ ਗ੍ਰੰਥ ਵਿਚ ਜਗਨਨਾਥ ਮੰਦਰ ’ਚੋਂ ਕੱਢੀ ਜਾਂਦੀ ਰਥ ਯਾਤਰਾ ਦੀ ਉਤਪੱਤੀ ਬਾਰੇ ਇਕ ਹੋਰ, ਅਤੇ ਕਾਫੀ ਤਰਕ ਸੰਗਤ ਵੇਰਵਾ ਦਿੱਤਾ ਹੈ। ਉਹ ਇਸਨੂੰ ਬੋਧੀਆਂ ਦੇ ਇਕ ਮਿਲਦੇ-ਜੁਲਦੇ ਉਤਸਵ ਨਾਲ ਜੋੜਦਾ ਹੈ, ਜਿਸ ’ਚ ਬੁੱਧ ਧਰਮ ਦੇ ਤਿੰਨ ਪ੍ਰਤੀਕਾਂ- ‘ਬੁੱਧ’, ‘ਧਰਮ’ ਤੇ ‘ਸੰਘ’ ਨੂੰ ਰਥ ’ਚ ਉਵੇਂ ਹੀ ਲਿਜਾਇਆ ਜਾਂਦਾ ਸੀ, ਅਤੇ ਮੇਰਾ ਮੰਨਣਾ ਹੈ ਕਿ ਤਕਰੀਬਨ ਉਸੇ ਮੌਸਮ ’ਚ ਜਦੋਂ ਰੱਥ ਯਾਤਰਾ ਨਿਕਲਦੀ ਹੈ। ਇਹ ਤੱਥ ਪ੍ਰਬਲਤਾ ਨਾਲ ਇਸ ਸਿਧਾਂਤ ਦੀ ਪੁਸ਼ਟੀ ਕਰਦਾ ਹੈ ਕਿ ‘ਜਗਨਨਾਥ’, ‘ਬਲਰਾਮ’ ਤੇ ‘ਸੁਭਦਰਾ’ ਦੀਆਂ ਮੂਰਤੀਆਂ, ਜੋ ਅੱਜਕਲ੍ਹ ਰਥ ’ਚ ਨਜ਼ਰ ਆਉਂਦੀਆਂ ਹਨ, ‘ਬੁਧ’, ‘ਧਰਮ’ ਅਤੇ ’ਸੰਘ’ ਦੇ ਚਿਤਰਣ ਦਾ ਲੱਗਭਗ ਹੂਬਹੂ ਪ੍ਰਤੀਰੂਪ ਹਨ, ਅਤੇ ਇਉਂ ਜਾਪਦਾ ਹੈ ਕਿ ਇਨ੍ਹਾਂ ਨੂੰ ਉਨ੍ਹਾਂ ਦੇ ਹੀ ਆਧਾਰ ’ਤੇ ਬਣਾਇਆ ਗਿਆ ਸੀ।’’
ਬ੍ਰਾਹਮਣਾਂ ਵਲੋਂ ਹੌਲੀ-ਹੌਲੀ ਬੋਧ ਸ਼ਾਸਕਾਂ ਦਾ ਤਖਤਾ ਪਲਟ ਕਰਨ ਪਿਛੋਂ ਬੋਧੀ ਮੰਦਿਰਾਂ ਨੂੰ ਹਿੰਦੂ ਮੰਦਿਰਾਂ ’ਚ ਤਬਦੀਲ ਕਰਨ ਆਮ ਗੱਲ ਬਣ ਗਈ ਸੀ। ਇਹ ਪ੍ਰਕਿਰਿਆ ਉਦੋਂ ਸ਼ੁਰੂ ਹੋਈ ਜਦੋਂ 187 ਈਸਾ ਪੂਰਵ ’ਚ ਇਕ ਬ੍ਰਾਹਮਣ ਪੁਸ਼ਯਾ ਮਿੱਤਰ ਸ਼ੁੰਗ ਨੇ ਮੌਰਿਆ ਵੰਸ਼ (ਸਮਰਾਟ ਅਸ਼ੋਕ ਵੀ ਇਸੇ ਵੰਸ਼ ਚੋਂ ਸੀ) ਦੇ ਅੰਤਿਮ ਬੋਧੀ ਰਾਜਾ ਬ੍ਰਿਹਦਰਥ ਦੀ ਹੱਤਿਆ ਕਰ ਦਿੱਤੀ ਸੀ। ਇੰਜ ਇਕ ਪ੍ਰਸਿਧ ਬੋਧੀ ਖਾਨਦਾਨ ਦਾ ਅੰਤ ਹੋਇਆ ਅਤੇ ਬ੍ਰਾਹਮਣ ਸ਼ੁੰਗ ਵੰਸ਼ ਦੀ ਸਥਾਪਨਾ ਹੋਈ। ਬੰਕਿਮ ਨੇ ਆਪਣੇ ਵਿਵਾਦਪੂਰਨ ਨਾਵਲ ‘ਆਨੰਦਮੱਠ’, ਜੋ ਹਿੰਦੂ ਰਾਸ਼ਟਰ ਦਾ ਬਾਈਬਲ ਹੈ, ਵਿੱਚ ਇਸ ਦੀ ਪੁਸ਼ਟੀ ਕੀਤੀ ਹੈ।
‘‘ਇਸ ਜੰਗਲ ਦੇ ਧੁਰ ਅੰਦਰ ਚਾਰੇ ਪਾਸਿਆਂ ਤੋਂ ਟੁੱਟੇ ਪੱਥਰਾਂ ਨਾਲ ਘਿਰੀ ਵਿਸ਼ਾਲ ਭੂਮੀ ’ਤੇ ਇਕ ਵੱਡਾ ਮੱਠ ਸਥਾਪਤ ਸੀ। ਪੁਰਾਤੱਤਵਵਾਦੀ ਸ਼ਾਇਦ ਇਹ ਕਹਿਣਗੇ ਕਿ ਪੁਰਾਣੇ ਵੇਲਿਆਂ ’ਚ ਇਹ ਇਕ ਬੌਧ ਮੱਠ ਸੀ ਅਤੇ ਪਿੱਛੋਂ ਇਸ ਨੂੰ ਹਿੰਦੂ ਮੱਠ ’ਚ ਤਬਦੀਲ ਕਰ ਦਿੱਤਾ ਗਿਆ।’’
ਜੈਨ ਧਰਮ ਦੇ ਮੰਦਿਰਾਂ ਦਾ ਵੀ ਅਜਿਹਾ ਹੀ ਦੁਖਦਾਈ ਖਾਤਮਾ ਹੋਇਆ। ਹਿੰਦੂਤਵ ਦੇ ਪੈਗੰਬਰ ਮੰਨੇ ਜਾਂਦੇ ਦਯਾਨੰਦ ਸਰਸਵਤੀ ਨੇ ਆਪਣੇ ਗ੍ਰੰਥ ‘ਸੱਤਿਆਰਥ ਪ੍ਰਕਾਸ਼’ ’ਚ ਆਦਿ ਸ਼ੰਕਰਾਚਾਰੀਆ (ਅੱਠਵੀਂ ਸਦੀ) ਦੇ ਇਸ ਯੋਗਦਾਨ ਦਾ ਵਰਣਨ ਕਰਦਿਆਂ ਲਿਖਿਆ, ‘‘ਉਨ੍ਹਾਂ ਨੇ ਦਸ ਸਾਲ ਤੱਕ ਪੂਰੇ ਦੇਸ਼ ਦੀ ਯਾਤਰਾ ਕੀਤੀ, ਜੈਨ ਧਰਮ ਦਾ ਖੰਡਨ ਅਤੇ ਵੈਦਿਕ ਧਰਮ ਦਾ ਪ੍ਰਚਾਰ ਕੀਤਾ। ਅੱਜ ਧਰਤ ਖੋਦ ਕੇ ਲੱਭੀਆਂ ਜਾ ਰਹੀਆਂ ਟੁੱਟੀਆਂ ਮੂਰਤੀਆਂ ਸ਼ੰਕਰਾਚਾਰੀਆ ਦੇ ਦੌਰ ’ਚ ਹੀ ਟੁੱਟੀਆਂ ਸਨ, ਅਤੇ ਜੋ ਮੂਰਤੀਆਂ ਏਧਰ-ਓਧਰ ਸਾਬਤ (ਅਖੰਡ) ਲੱਭਦੀਆਂ ਹਨ ਉਹ ਉਹੀ ਹਨ ਜਿਹੜੀਆਂ ਜੈਨੀਆਂ ਨੇ ਤੋੜੇ ਜਾਣ ਦੇ ਡਰੋਂ ਦੱਬ ਦਿੱਤੀਆਂ ਸਨ।’’
ਹਿੰਦੂਆਂ ਖ਼ਿਲਾਫ਼ ਮਰਾਠਾ ‘ਹਿੰਦੂ’ ਫੌਜਾਂ ਦੇ ਗੁਨਾਹ
ਉੱਘੇ ਇਤਿਹਾਸਕਾਰ ਸਰ ਜਦੁਨਾਥ ਸਰਕਾਰ (1870-1958) ਮੁਸਲਮਾਨਾਂ ਨਾਲ ਉੱਕਾ ਹੀ ਕੋਈ ਹਮਦਰਦੀ ਨਹੀਂ ਸਨ ਰੱਖਦੇ। ਅਸਲੀਅਤ ਤਾਂ ਇਹ ਹੈ ਕਿ ਉਨ੍ਹਾਂ ਨੂੰ ਇਕ ਹਿੰਦੂ ਇਤਿਹਾਸਕਾਰ, ਭਾਰਤੀ ਇਤਿਹਾਸ ਦੇ ਹਿੰਦੂ ਨਜ਼ਰੀਏ ਤੋਂ ਕਥਾਕਾਰ ਮੰਨਿਆ ਜਾਂਦਾ ਹੈ। 1740 ਦੇ ਦਹਾਕੇ ਦੇ ਸ਼ੁਰੂ ’ਚ ਬੰਗਾਲ ’ਤੇ ਮਰਾਠਿਆਂ ਦੇ ਹਮਲੇ ਬਾਰੇ ਉਨ੍ਹਾਂ ਵਲੋਂ ਦਿੱਤੇ ਵੇਰਵੇ ਅਨੁਸਾਰ ਇਹ ਸਪਸ਼ਟ ਹੁੰਦਾ ਹੈ ਕਿ ‘ਹਿੰਦੂ ਰਾਸ਼ਟਰ’ ਦੀ ਇਸ ਫੌਜ ਨੂੰ ਬੰਗਾਲ ਦੇ ਹਿੰਦੂਆਂ ਦੇ ਮਾਣ-ਸਨਮਾਨ ਤੇ ਧਨ-ਦੌਲਤ ਦੀ ਕੋਈ ਪ੍ਰਵਾਹ ਨਹੀਂ ਸੀ। ਜਦੂਨਾਥ ਸਰਕਾਰ ਅਨੁਸਾਰ, ‘‘ਭਟਕਦੇ ਮਰਾਠਾ ਗ੍ਰੋਹਾਂ ਨੇ ਅੰਧਾਧੁੰਧ ਤਬਾਹੀ ਕੀਤੀ ਤੇ ਕਲਪਨਾ ਤੋਂ ਬਾਹਰੇ ਜ਼ੁਲਮ ਢਾਹੇ।’’ ਜਦੁਨਾਥ ਸਰਕਾਰ ਨੇ ਬੰਗਾਲ ਦੇ ਇਤਿਹਾਸ ਬਾਰੇ ਆਪਣੇ ਇਕ ਮਹੱਤਵਪੂਰਨ ਗ੍ਰੰਥ ’ਚ ਮਰਾਠਿਆਂ ਹੱਥੋਂ ਬੰਗਾਲੀਆਂ ’ਤੇ ਹੋਏ ਅੱਤਿਆਚਾਰਾਂ ਦੇ ਚਸ਼ਮਦੀਦ ਗਵਾਹਾਂ ਵਲੋਂ ਪੇਸ਼ ਬਿਰਤਾਂਤ ਦੀ ਨਵੇਂ ਸਿਰਿਓਂ ਪੇਸ਼ਕਾਰੀ ਕੀਤੀ।
ਗੰਗਾ ਰਾਮ (ਚਸ਼ਮਦੀਦ) ਅਨੁਸਾਰ, ਮਰਾਠਿਆਂ ਨੇ ਸੋਨਾ-ਚਾਂਦੀ ਖੋਹ ਲਿਆ, ਬਾਕੀ ਸਭ ਕੁਝ ਠੁਕਰਾ ਦਿੱਤਾ। ਕੁੱਝ ਲੋਕਾਂ ਦੇ ਹੱਥ ਵੱਢ ਦਿੱਤੇ, ਕੁਝ ਦੇ ਨੱਕ-ਕੰਨ ਤੇ ਕਈਆਂ ਨੂੰ ਤਾਂ ਸਿੱਧਾ ਮਾਰ ਹੀ ਦਿੱਤਾ। ਉਹ ਸੁੰਦਰ ਔਰਤਾਂ ਨੂੰ ਘੜੀਸ ਕੇ ਲੈ ਗਏ ਅਤੇ ਇੱਜ਼ਤਾਂ ਬਰਬਾਦ ਕਰਨ ਪਿੱਛੋਂ ਹੀ ਉਨ੍ਹਾਂ ਨੂੰ ਮੁਕਤ ਕੀਤਾ।
ਇਕ ਹੋਰ ਚਸ਼ਮਦੀਦ, ਬਰਧਮਾਨ ਦੇ ਮਹਾਰਾਜਾ ਦੇ ਦਰਬਾਰੀ ਪੰਡਤ ਵਨੇਸ਼ਵਰ ਵਿੱਦਿਆਲੰਕਰ ਨੇ ਮਰਾਠਿਆਂ ਵਲੋਂ ਹਿੰਦੂਆਂ ’ਤੇ ਢਾਹੇ ਗਏ ਜ਼ੁਲਮਾਂ ਦੀ ਭਿਆਨਕ ਗਾਥਾ ਇਨ੍ਹਾਂ ਸ਼ਬਦਾਂ ’ਚ ਬਿਆਨ ਕੀਤੀ ਹੈ, ‘‘ਸਾਹੂ ਰਾਜਾ ਦੀ ਫੌਜ ਬੇਰਹਿਮ ਹੈ, ਗਰਭਵਤੀ ਔਰਤਾਂ ਤੇ ਬੱਚਿਆਂ, ਬ੍ਰਾਹਮਣਾਂ ਅਤੇ ਗਰੀਬਾਂ ਦੀ ਕਾਤਲ ਹੈ, ਨਿਰਦਈ ਸੁਭਾਅ ਦੀ ਹੈ, ਸਭ ਦੀ ਸੰਪਤੀ ਲੁੱਟਣ ਤੇ ਹਰ ਕਿਸਮ ਦੇ ਪਾਪ ਕਰਨ ਦੀ ਮਾਹਿਰ ਹੈ।’’
ਇਕ ਹੋਰ ਮਹੱਤਵਪੂਰਨ ਤੱਥ, ਜੋ ਜਾਣ-ਬੁੱਝ ਕੇ ਲੁਕੋ ਕੇ ਰੱਖਿਆ ਗਿਆ ਹੈ, ਉਹ ਇਹ ਹੈ ਕਿ 1000 ਤੋਂ ਵੱਧ ਸਾਲਾਂ ਦੇ ਮੁਸਲਮਾਨ/ ਮੁਗਲ ਸ਼ਾਸ਼ਨ, ਜੋ ਹਿੰਦੂਤਵਵਾਦੀਆਂ ਅਨੁਸਾਰ ਹਿੰਦੂਆਂ ਦਾ ਬੀਜ ਨਾਸ਼ ਕਰਨ ਜਾਂ ਉਨ੍ਹਾਂ ਨੂੰ ਜਬਰੀ ਇਸਲਾਮ ਧਰਮ ’ਚ ਸ਼ਾਮਲ ਕਰ ਲੈਣ ਦੀ ਪਰਿਯੋਜਨਾ ਤੋਂ ਇਲਾਵਾ ਹੋਰ ਕੁਝ ਨਹੀਂ ਸੀ, ਦੇ ਬਾਵਜੂਦ ਭਾਰਤ ਹਿੰਦੂਆਂ ਦੀ ਤਕਰੀਬਨ ਦੋ ਤਿਹਾਈ ਆਬਾਦੀ ਵਾਲਾ ਯਾਨਿ ਬਹੁ ਗਿਣਤੀ ਵਸੋਂ ਵਾਲਾ ਦੇਸ਼ ਬਣਿਆ ਰਿਹਾ ਸੀ। ਬ੍ਰਿਟਿਸ਼ ਸ਼ਾਸ਼ਕਾਂ ਨੇ ਧਰਮ ਦੇ ਆਧਾਰ ’ਤੇ ਪਹਿਲੀ ਮਰਦਮ ਸ਼ੁਮਾਰੀ 1871-72, ਜਦੋਂ ਮੁਸਲਮਾਨਾਂ ਦਾ ਸ਼ਾਸ਼ਨ ਰਸਮੀ ਤੌਰ ’ਤੇ ਮੁੱਕ-ਮੁਕਾ ਗਿਆ ਸੀ, ’ਚ ਕਰਵਾਈ ਸੀ। ਇਸ ਮਰਦਮ ਸ਼ੁਮਾਰੀ ਦੀ ਰਿਪੋਰਟ ਅਨੁਸਾਰ, ਬ੍ਰਿਟਿਸ਼ ਭਾਰਤ ਦੀ ਜਨ ਸੰਖਿਆ ਹੇਠ ਲਿਖੇ ਅਨੁਸਾਰ ਸੀ :
ਹਿੰਦੂ (ਸਿੱਖਾਂ ਸਮੇਤ) 140-50 ਮਿਲੀਅਨ ਯਾਨਿ 73-50%
ਮੁਸਲਮਾਨ 40-75 ਮਿਲੀਅਨ ਯਾਨਿ 21-50%
ਬਾਕੀ (ਈਸਾਈ, ਬੋਧੀ, ਜੈਨੀ, ਪਾਰਸੀ, ਯਹੂਦੀ, ਬ੍ਰਹਮੋਸ ਆਦਿ) 9-25 ਮਿਲੀਅਨ ਯਾਨਿ ਬਾਮੁਸ਼ਕਿਲ 5%
ਅਜਿਹਾ ਇਸ ਲਈ ਹੋਇਆ ਕਿਉਂਕਿ ਕੁੱਝ ਕੁ ਅਪਵਾਦਾਂ ਨੂੰ ਛੱਡ ਕੇ ਹਿੰਦੂਆਂ ਵਿਚਲੀਆਂ ਅਖੌਤੀ ਉੱਚ ਜਾਤੀਆਂ ਨੇ ਸੈਂਕੜੇ ਸਾਲਾਂ ਤਾਈਂ ਮੁਸਲਮਾਨ ਸ਼ਾਸਕਾਂ ਦੀ ਸੇਵਾ ਕਰਨ, ਜਿਸਨੂੰ ਰੋਟੀ-ਬੇਟੀ ਦੀ ਸਾਂਝ ਪਾਉਣਾ ਕਿਹਾ ਗਿਆ ਹੈ, ਦਾ ਫੈਸਲਾ ਕਰੀ ਰੱਖਿਆ ਸੀ। ਪੂਰਵ-ਆਧੁਨਿਕ ਭਾਰਤ ’ਚ ਮੁਸਲਮਾਨ ਨਾਵਾਂ ਵਾਲੇ ਸ਼ਾਸਕਾਂ ਵਲੋਂ ਕੀਤੇ ਗਏ ਗੁਨਾਹਾਂ ਨੂੰ ਉਨ੍ਹਾਂ ਦੇ ਧਰਮ ਨਾਲ ਜੋੜਿਆ ਜਾਣਾ, ਆਰ.ਐਸ.ਐਸ. ਵਲੋਂ ਬਿਆਨੇ ਜਾਂਦੇ ਇਤਿਹਾਸ ਲਈ ਵੀ ਗੰਭੀਰ ਅਤੇ ਕਲਪਨਾ ਤੋਂ ਪਰ੍ਹੇ ਸਿੱਟੇ ਕੱਢਣ ਵਾਲਾ ਹੈ। ਮਸਲਨ ਲੰਕਾ ਦੇ ਰਾਜਾ ਰਾਵਣ ਦੀ ਹੀ ਮਿਸਾਲ ਲੈ ਲਓ, ਜਿਸ ਨੇ ਹਿੰਦੂ ਕਥਾਨਕ ਅਨੁਸਾਰ ਸੀਤਾ, ਉਨ੍ਹਾਂ ਦੇ ਪਤੀ ਭਗਵਾਨ ਰਾਮ ਤੇ ਉਨ੍ਹਾਂ ਦੇ ਸੰਗੀ-ਸਾਥੀਆਂ ਵਿਰੁੱਧ 14 ਸਾਲਾਂ ਦੇ ਬਣਵਾਸ ਦੌਰਾਨ ਕਲਪਨਾ ਤੋਂ ਬਾਹਰੇ ਅਪਰਾਧ ਕੀਤੇ ਸਨ। ਇਸੇ ਕਥਾ ਅਨੁਸਾਰ ਇਹ ਰਾਵਣ ਇਕ ਵਿਦਵਾਨ ਬ੍ਰਾਹਮਣ ਸੀ ਤੇ ਭਗਵਾਨ ਸ਼ਿਵ ਦੇ ਸਭ ਤੋਂ ਵੱਡੇ ਉਪਾਸ਼ਕਾਂ ਚੋਂ ਇਕ ਸੀ।
‘ਮਹਾਭਾਰਤ’ ਨਾਂ ਦਾ ਮਹਾਂਕਾਵਿ, ਦੋ ਪਰਿਵਾਰਾਂ, ਕੌਰਵਾਂ ਤੇ ਪਾਂਡਵਾਂ (ਦੋਹੇਂ ਕਸ਼ੱਤਰੀ) ਦਰਮਿਆਨ ਹੋਏ ਮਹਾਨ ਯੁੱਧ ਦੀ ਗਾਥਾ ਹੈ। ਇਹ ਯੁੱਧ ਹਿੰਦੂ-ਮੁਸਲਮਾਨਾਂ ਦਰਮਿਆਨ ਨਹੀਂ ਬਲਕਿ ਦੋ ਹਿੰਦੂ ਫੌਜਾਂ ਦਰਮਿਆਨ ਹੋਇਆ ਸੀ। ‘ਹਿੰਦੂ ਸੰਸਕਰਣ’ ਅਨੁਸਾਰ ਇਸ ਯੁੱਧ ’ਚ 22 ਕਰੋੜ ਲੋਕਾਂ ਦਾ ਸੰਘਾਰ ਹੋਇਆ ਸੀ। ਪਾਂਡਵਾਂ ਦੀ ਸਾਂਝੀ ਪਤਨੀ ਦ੍ਰੋਪਦੀ ਨੂੰ ਕੌਰਵਾਂ, ਜੋ ਸਾਰੇ ਹਿੰਦੂ ਸਨ, ਨੇ ਨਿਰਵਸਤਰ ਕਰ ਦਿੱਤਾ ਸੀ। ਮੋਦੀ ਤੇ ਡੋਭਾਲ ਨੂੰ ਇਹ ਗੱਲ ਭਲੀ-ਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਰਾਵਣ ਤੇ ਕੌਰਵਾਂ ਦੇ ਅਪਰਾਧਾਂ ਨੂੰ ਉਨ੍ਹਾਂ ਦੇ ਧਰਮ ਨਾਲ ਜੋੜ ਦਿੱਤਾ ਗਿਆ ਤਾਂ ਭਾਰਤ ਆਪਣੀ 80% ਆਬਾਦੀ ਯਾਨਿ ਤਮਾਮ ਹਿੰਦੂ ਵਸੋਂ ਗਵਾ ਬੈਠੇਗਾ। ਅਤੇ ਜੇਕਰ ਅਤੀਤ ਦੇ ਅਪਰਾਧੀਆਂ ਦੇ ਅਜੋਕੇ ਵੰਸ਼ਜਾਂ ਤੋਂ ਬਦਲਾ ਲੈਣਾ ਹੈ ਤਾਂ ਇਸ ਦੀ ਸ਼ੁਰੂਆਤ ਭਾਰਤੀ ਸੱਭਿਅਤਾ ਦੇ ਆਰੰਭ ਤੋਂ ਹੀ ਕਰਨੀ ਹੋਵੇਗੀ, ਮੁਸਲਮਾਨਾਂ ਦੀ ਵਾਰੀ ਤਾਂ ਬਹੁਤ ਪਿਛੋਂ ਜਾ ਕੇ ਆਵੇਗੀ।
19-01-2026

Scroll To Top