
ਰਵੀ ਕੰਵਰ
ਸੰਸਾਰ ਦੇ ਅਜੋਕੇ ਸਭ ਤੋਂ ਵੱਡੇ ਧਾੜਵੀ ਅਮਰੀਕੀ ਸਾਮਰਾਜ ਨੇ, ਲਾਤੀਨੀ ਅਮਰੀਕਾ ਮਹਾਂਦੀਪ ਦੇ ਖੱਬੇ-ਪੱਖੀ ਸਰਕਾਰ ਵਾਲੇ ਦੇਸ਼ ਵੈਨੇਜ਼ੁਏਲਾ ’ਤੇ ਲੰਘੀ 3 ਜਨਵਰੀ ਨੂੰ ਸੁਭਾ 2 ਵਜੇ ਫੌਜੀ ਹਮਲਾ ਕਰ ਦਿੱਤਾ ਸੀ। ਸੰਯੁਕਤ ਰਾਸ਼ਟਰ ਸੰਘ (ਯੂਐਨਓ) ਦੇ ਚਾਰਟਰ ਦੀ ਧਾਰਾ 2 ਤੇ ਹੋਰ ਕੌਮਾਂਤਰੀ ਕਾਨੂੰਨਾਂ ਦੀ ਨੰਗੀ-ਚਿੱਟੀ ਉਲੰਘਣਾ ਕਰਦਿਆਂ ਕੀਤੇ ਇਸ ਹਮਲੇ ਰਾਹੀਂ ਅਮਰੀਕੀ ਸਾਮਰਾਜ ਵਲੋਂ ਦੇਸ਼ ਦੇ ਰਾਸ਼ਟਰਪਤੀ ਸਾਥੀ ਨਿਕੋਲਸ ਮਾਦੂਰੋ ਅਤੇ ਉਸਦੀ ਪਤਨੀ ਤੇ ਯੁੱਧ ਸਾਥੀ ਸੀਲੀਆ ਫਲੋਰਸ ਨੂੰ ਅਗਵਾ ਕਰ ਲਿਆ ਗਿਆ ਸੀ। ਇਹ ਹਮਲਾ ਐਨਾ ਅਚਨਚੇਤ ਤੇ ਵਿਆਪਕ ਸੀ ਕਿ ਵੈਨੇਜ਼ੁਏਲਾ ਦੀ ਫੌਜ ਤੇ ਸੁਰੱਖਿਆ ਮਸ਼ੀਨਰੀ ਇਸਦਾ ਟਾਕਰਾ ਹੀ ਨਾ ਕਰ ਸਕੀ। ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਨੂੰ ਅਗਵਾ ਕਰਕੇ ਪਹਿਲਾਂ ਇਕ ਫੌਜੀ ਬੇੜੇ ’ਤੇ ਲਿਜਾਇਆ ਗਿਆ ਤੋਂ ਪਿਛੋਂ ਦੋਹਾਂ ਨੂੰ ਨਿਊਯਾਰਕ ਲਿਜਾ ਕੇ 5 ਜਨਵਰੀ ਨੂੰ ਇਕ ਸਥਾਨਕ ਅਦਾਲਤ ’ਚ ਪੇਸ਼ ਕਰ ਦਿੱਤਾ ਗਿਆ।
ਸਰਜੀਕਲ ਸਟਰਾਇਕ
ਅਮਰੀਕੀ ਫੌਜ ਵੱਲੋਂ ਕੀਤਾ ਗਿਆ ‘ਆਪਰੇਸ਼ਨ ਅਬਸੋਲਿਊਟ ਰਿਜ਼ੋਲਵ’ ਨਾਂ ਦਾ ਉਪਰੋਕਤ ਪਸਾਰਵਾਦੀ ਹੱਲਾ ਇਕ ਤਰ੍ਹਾਂ ਦੀ ’ਸਰਜੀਕਲ ਸਟਰਾਇਕ’ ਸੀ। ਇਸ ਹਮਲੇ ’ਚ ਇਕੋ ਸਮੇਂ ਵੱਖੋ-ਵੱਖ ਤਰ੍ਹਾਂ ਦੇ 150 ਤੋਂ ਵਧੇਰੇ ਨਵੀਨਤਮ ਤਕਨੀਕ ਨਾਲ ਲੈਸ ਹਵਾਈ ਜਹਾਜ਼ ਤੇ ਹੈਲੀਕਾਪਟਰ ਵਰਤੇ ਗਏ ਸਨ। ਲਗਭਗ ਇੱਕ ਘੰਟਾ ਚੱਲੇ ਇਸ ਆਪਰੇਸ਼ਨ, ਜਿਸ ਨੂੰ ਸਿਰੇ ਚੜ੍ਹਾਉਣ ਲਈ ਇੱਕ ਅਰਬ ਅਮਰੀਕੀ ਡਾਲਰ ਖਰਚੇ ਗਏ ਹਨ, ’ਚ ਅਮਰੀਕਾ ਦੀਆਂ ਸਪੈਸ਼ਲ ਫੌਜਾਂ ਦੇ 200 ਤੋਂ ਵੱਧ ਜਵਾਨ ਸਿੱਧੇ ਰੂਪ ਚ ਸ਼ਾਮਲ ਹੋਏ ਸਨ। ਇਨ੍ਹਾਂ ਨੂੰ ਕਵਰ ਪ੍ਰਦਾਨ ਕਰਨ ਤੇ ਸਹਾਇਤਾ ਦੇਣ ਲਈ ਦੇਸ਼ ਦੀਆਂ ਸਰਹੱਦਾਂ ਦੇ ਬਾਹਰ ਤੇ ਸਮੁੰਦਰ ਵਿਚਲੇ ਜੰਗੀ ਬੇੜਿਆਂ ’ਤੇ ਵੀ ਹਜ਼ਾਰਾਂ ਫੌਜੀ ਤੈਨਾਤ ਸਨ। ਅਮਰੀਕੀ ਫੌਜ, ਜੋ ਦੁਨੀਆ ਦੀ ਅੱਵਲ ਨੰਬਰ ਦੀ ਫੌਜ ਮੰਨੀ ਜਾਂਦੀ ਹੈ, ਨੇ ਵੈਨੇਜ਼ੁਏਲਾ ਦੇ ਬਿਜਲੀ ਗਰਿਡ ’ਤੇ ਵੀ ਸਾਇਬਰ ਹਮਲਾ ਕੀਤਾ ਸੀ। ਇਸ ਹਮਲੇ ਰਾਹੀਂ ਨੌਂ ਲੱਖ ਵਰਗ ਕਿਲੋਮੀਟਰ, ਭਾਵ ਸਾਡੇ ਗੁਆਂਢੀ ਪਾਕਿਸਤਾਨ ਦੇ ਆਕਾਰ ਦੇ ਲਗਭਗ ਬਰਾਬਰ ਦੇ ਇਸ ਦੇਸ਼ ਦੀ ਬਿਜਲੀ ਪ੍ਰਣਾਲੀ ਠੱਪ ਕਰਕੇ ਦੇਸ਼ ’ਚ ਮੁਕੰਮਲ ਬਲੈਕ-ਆਉਟ ਕਰ ਦਿੱਤਾ ਗਿਆ ਸੀ। ਦੇਸ਼ ਦੇ ਸਾਰੇ ਫੌਜੀ ਟਿਕਾਣਿਆਂ ਤੇ ਅੱਡਿਆਂ ’ਤੇ ਯਕਮੁਸ਼ਤ ਹੱਲਾ ਬੋਲਕੇ ਇਨ੍ਹਾਂ ਨੂੰ ਹਮਲਾ ਰੋਕਣ ਜਾਂ ਮੋੜਵਾਂ ਹਮਲਾ ਕਰਨ ਦੇ ਅਸਮਰੱਥ ਬਣਾ ਦਿੱਤਾ ਗਿਆ ਸੀ। ਇਸ ਹਮਲੇ ਲਈ ਅਤਿ ਆਧੁਨਿਕ ਇਲੈਕਟਰੋਨਿਕ ਜੰਗੀ ਹਥਿਆਰ ਵਰਤੇ ਗਏ ਸਨ। ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ਗਾਹ, ‘ਫੋਰਟ ਟਿਊਨਾ ਕੰਪਲੈਕਸ’ ਵਿਖੇ ਤੈਨਾਤ ਫੌਜ ਤੇ ਅੰਗ ਰੱਖਿਅਕਾਂ ਨੂੰ ਤੇਜ਼ ਤੇ ਤਿੱਖੀਆਂ ਧੁਨੀ ਤਰੰਗਾਂ ਪੈਦਾ ਕਰਦੇ ਹਥਿਆਰਾਂ ਤੇ ਹੈਲੀਕਾਪਟਰਾਂ ਦੇ ਹਮਲੇ ’ਚ ਮਾਰ ਮੁਕਾਇਆ ਗਿਆ ਜਾਂ ਬੇਸੁੱਧ ਕਰ ਦਿੱਤਾ ਗਿਆ ਸੀ। ਅਮਰੀਕੀ ਫੌਜ, ਰਾਸ਼ਟਰਪਤੀ ਦੇ ਅਤਿਅੰਤ ਸੁਰੱਖਿਅਤ ਕਮਰੇ ਦੇ ਦਰਵਾਜੇ ਤੋੜਕੇ ਅੰਦਰ ਦਾਖਲ ਹੋਈ ਤੇ ਪਤੀ-ਪਤਨੀ ਨੂੰ ਅਗਵਾ ਕਰ ਲਿਆ।
ਵੈਨੇਜ਼ੁਏਲਾ ਦੀ ਸਰਕਾਰ ਵੱਲੋਂ ਦਿੱਤੀ ਗਈ ਸੂਚਨਾ ਮੁਤਾਬਕ ਇਸ ਹਮਲੇ ’ਚ 100 ਫੌਜੀ ਜਵਾਨ ਤੇ ਨਾਗਰਿਕ ਮਾਰੇ ਗਏ ਹਨ ਤੇ ਇੰਨੇ ਹੀ ਜਖ਼ਮੀ ਹੋਏ ਹਨ। ਨਿਕੋਲਸ ਮਾਦੁਰੋ ਦੀ ਰਾਖੀ ਲਈ ਉਚੇਚੇ ਤੈਨਾਤ ਕੀਤੇ ਗਏ ਕਿਊਬਾ ਦੇ 32 ਫੌਜੀ ਅਧਿਕਾਰੀ ਵੀ ਮਰਨ ਵਾਲਿਆਂ ’ਚ ਸ਼ਾਮਲ ਸਨ। ਹਾਲਾਂਕਿ ਅਮਰੀਕੀ ਸਰਕਾਰ ਦਾਅਵਾ ਕਰ ਰਹੀ ਹੈ ਕਿ ਕੋਈ ਅਮਰੀਕੀ ਫੌਜੀ ਮਰਿਆ ਜਾਂ ਜਖਮੀ ਨਹੀਂ ਹੋਇਆ। ਪ੍ਰੰਤੂ ਰਿਪੋਰਟਾਂ ਮਿਲੀਆਂ ਹਨ ਕਿ ਅਮਰੀਕੀ ਫੌਜ ਦੇ ਵੀ ਘੱਟੋ-ਘੱਟ ਸੱਤ ਜਵਾਨ ਜ਼ਖ਼ਮੀ ਹੋਏ ਹਨ। ਉਂਜ ਇਹ ਗਿਣਤੀ ਅਸਲ ਨਾਲੋਂ ਕਿਤੇ ਘਟਾ ਕੇ ਦੱਸੀ ਜਾ ਰਹੀ ਹੈ।
ਇਸ ਹਮਲੇ ’ਚ ਜਾਨਾਂ ਗੁਆਉਣ ਵਾਲੇ ਕਿਊਬਾ ਦੇ ਫੌਜੀ ਅਫਸਰਾਂ ਨੂੰ ਉੱਥੋਂ ਦੀ ਸਰਕਾਰ ਨੇ ਸ਼ਹੀਦ ਦਾ ਦਰਜਾ ਦਿੰਦੇ ਹੋਏ ਉਨ੍ਹਾਂ ਦੀਆਂ ਅੰਤਮ ਰਸਮਾਂ ਦੇਸ਼ ਦੇ ਰਾਸ਼ਟਰਪਤੀ ਦੀ ਮੌਜੂਦਗੀ ’ਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤੀਆਂ ਹਨ ਤੇ ਦੇਸ਼ ’ਚ ਸੱਤ ਦਿਨਾਂ ਦੇ ਕੌਮੀ ਸੋਗ ਦਾ ਐਲਾਨ ਕੀਤਾ ਹੈ। ਕਿਊਬਾ ਦੇ ਲੱਖਾਂ ਲੋਕਾਂ ਵਲੋਂ ਇਨ੍ਹਾਂ ਸ਼ਹੀਦ ਸੈਨਿਕਾਂ ਨਮਿੱਤ ਹੋਈ ਜਨਤਕ ਸ਼ੋਕ ਸਭਾ ਚ ਭਾਗ ਲੈ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਵੈਨੇਜ਼ੁਏਲਾ ਵਿਖੇ ਵੀ, ਸਾਥੀ ਮਾਦੂਰੋ ਦੇ ਅਗਵਾ ਹੋਣ ਤੋਂ ਪਿੱਛੋਂ ਅਹੁਦਾ ਸੰਭਾਲਣ ਵਾਲੀ ਕਾਰਜਕਾਰੀ ਰਾਸ਼ਟਰਪਤੀ ਨੇ ਅਮਰੀਕੀ ਹਮਲੇ ਦਾ ਟਾਕਰਾ ਕਰਦਿਆਂ ਸ਼ਹੀਦ ਹਏ ਫੌਜੀਆਂ ਤੇ ਨਾਗਰਿਕਾਂ ਦੇ ਸਨਮਾਨ ’ਚ ਸੱਤ ਦਿਨਾਂ ਦੇ ਕੌਮੀ ਸੋਗ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਅਮਰੀਕੀ ਹਮਲੇ ’ਚ ਸ਼ਹੀਦ ਹੋਏ ਕਿਊਬਾ ਦੇ ਫੌਜੀ ਅਫਸਰਾਂ ਦੀ ਯਾਦ ’ਚ ਵੀ ਸਰਕਾਰੀ ਸਮਾਗਮ ਕੀਤਾ ਗਿਆ ਤੇ ਜਾਨ ਵਾਰ ਕੇ ਵੀ ਮਿੱਤਰਤਾ ਤੋੜ ਨਿਭਾਉਣ ਵਾਲੇ ਉਨ੍ਹਾਂ ਦੇ ਇਨਕਲਾਬੀ ਜਜ਼ਬੇ ਪ੍ਰਤੀ ਸ਼ੁਕਰਾਨਾ ਪ੍ਰਗਟ ਕੀਤਾ ਗਿਆ। ਕਿਊਬਾ ਦੀ ਸਰਕਾਰ ਤੇ ਲੋਕਾਂ ਦਾ ਵੀ ਧੰਨਵਾਦ ਕੀਤਾ ਗਿਆ।
ਪਤੀ-ਪਤਨੀ ਦੀ ਅਦਾਲਤ ’ਚ ਪੇਸ਼ੀ
ਸਾਥੀ ਨਿਕੋਲਸ ਮਾਦੂਰੋ ਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰਸ ਨੂੰ 5 ਜਨਵਰੀ, 2026 ਨੂੰ ਨਿਊਯਾਰਕ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਯਾਦ ਰਹੇ, ਅਮਰੀਕੀ ਫੌਜ ਨੇ ਜਦੋਂ ਪਤੀ-ਪਤਨੀ ਨੂੰ ਅਗਵਾ ਕੀਤਾ ਸੀ ਤਾਂ ਦੋਹਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਸੀ ਤੇ ਇਸੇ ਕਰਕੇ ਦੋਨਾਂ ਦੇ ਸੱਟਾਂ ਵੀ ਵੱਜੀਆਂ ਸਨ। ਪੇਸ਼ੀ ਦੌਰਾਨ ਸਾਥੀ ਮਾਦੂਰੋ ਦੀਆਂ ਲੱਤਾਂ ਅਤੇ ਗੋਡੇ ’ਤੇ ਜਦਕਿ ਫਲੋਰਸ ਦੇ ਮੱਥੇ ’ਤੇ ਸੱਟਾਂ ਦੇ ਨਿਸ਼ਾਨ ਸਾਫ ਦਿਸ ਰਹੇ ਸਨ।
ਅਦਾਲਤੀ ਪੇਸ਼ੀ ਦੌਰਾਨ ਦੋਹਾਂ ’ਤੇ ਨਸ਼ਾ ਅੱਤਵਾਦ ’ਚ ਸ਼ਾਮਲ ਹੋਣ, ਅਮਰੀਕਾ ’ਚ ਕੋਕੀਨ ਸਮਗਲ ਕਰਨ ਦੀ ਸਾਜ਼ਿਸ ਘੜਨ ਤੋਂ ਇਲਾਵਾ ਆਪਣੇ ਕੋਲ ਮਸ਼ੀਨਗਨ ਰੱਖਣ ਦੇ ਹਾਸੋ-ਹੀਣੇ ਦੋਸ਼ ਲਾਏ ਗਏ ਸਨ। ਮਾਦੂਰੋ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ-‘‘ਮੈਂ ਬੇਕਸੂਰ ਤੇ ਭਲਾ ਆਦਮੀ ਹਾਂ, ਦੋਸ਼ੀ ਨਹੀਂ। ਮੈਂ ਹੁਣ ਵੀ ਆਪਣੇ ਦੇਸ਼ ਦਾ ਰਾਸ਼ਟਰਪਤੀ ਹਾਂ।’’ ਉਸਨੇ ਇਹ ਵੀ ਦਾਅਵਾ ਕੀਤਾ ਕਿ ਉਹ ‘ਜੰਗੀ ਕੈਦੀ’ ਹੈ ਤੇ ਉਸ ਦੀ ਉਨ੍ਹਾਂ ਦੇ ਕਾਰਾਕਾਸ ਸਥਿਤ ਘਰ ਤੋਂ ਕਾਨੂੰਨੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ, ਬਲਕਿ ਫੌਜੀ ਕਾਰਵਾਈ ਕਰਦਿਆਂ ਅਗਵਾ ਕੀਤਾ ਗਿਆ ਹੈ। ਸਾਥੀ ਮਾਦੂਰੋ ਦੀ ਪਤਨੀ ਤੇ ਯੁੱਧ ਸਾਥੀ ਸੀਲੀਆ ਫਲੋਰਸ ਨੇ ਅਦਾਲਤ ’ਚ ਕਿਹਾ-‘‘ਮੈਂ ’ਰਿਪਬਲਿਕ ਆਫ ਵੈਨੇਜ਼ੁੲਲਾ’ ਦੀ ਪ੍ਰਥਮ ਮਹਿਲਾ ਹਾਂ, ਮੇਰੇ ’ਤੇ ਲਾਏ ਸਾਰੇ ਦੋਸ਼ ਬੇਬੁਨਿਆਦ ਹਨ ਤੇ ਮੈਂ ਪੂਰੀ ਤਰ੍ਹਾਂ ਬੇਕਸੂਰ ਹਾਂ।’’
ਉਨ੍ਹਾਂ ਦੀ ਪੈਰਵੀ ਅਮਰੀਕਾ ਦਾ ਪ੍ਰਸਿੱਧ ਵਕੀਲ ਬੈਰੀ ਪੋਲਾਕ ਕਰ ਰਿਹਾ ਹੈ। ਬੈਰੀ ਪੋਲਾਕ ਨੇ ਦੇਸ਼ ਧਰੋਹ ਦੇ ਦੋਸ਼ ਅਧੀਨ ਅਮਰੀਕਾ ਵੱਲੋਂ ਫੜ੍ਹੇ ਗਏ ‘ਵਿਕੀਲੀਕਸ’ ਖੋਜ ਸੰਸਥਾ ਦੇ ਮੁਖੀ, ਉਘੇ ਪੱਤਰਕਾਰ ਜੂਲੀਅਨ ਅਸਾਂਜੇ ਦਾ ਕੇਸ ਵੀ ਲੜਿਆ ਸੀ। ਉਸ ਨੇ ਅਦਾਲਤ ’ਚ ਕਿਹਾ ਕਿ ਮੇਰੇ ਮੁਵੱਕਿਲ ਫੌਜੀ ਕਾਰਵਾਈ ਰਾਹੀਂ ਅਗਵਾ ਕੀਤੇ ਗਏ ਹਨ।
ਅਮਰੀਕਾ ਵਿਚ ਵਿਆਪਕ ਵਿਰੋਧ
ਜਦੋਂ ਸਾਥੀ ਮਾਦੂਰੋ ਨੂੰ ਪਤਨੀ ਸਮੇਤ ਨਿਊਯਾਰਕ ਦੀ ਅਦਾਲਤ ’ਚ ਪੇਸ਼ ਕੀਤਾ ਜਾ ਰਿਹਾ ਸੀ, ਠੀਕ ਉਦੋਂ ਅਦਾਲਤ ਦੇ ਬਾਹਰ ਸੈਂਕੜੇ ਅਮਰੀਕੀ ਨਾਗਰਿਕ ਉਨ੍ਹਾਂ ਨਾਲ ਜਬਰਦਸਤ ਇਕਜੁੱਟਤਾ ਪ੍ਰਗਟ ਕਰ ਰਹੇ ਸਨ। ਲੋਕੀਂ ਬੁਲੰਦ ਆਵਾਜ਼ ’ਚ ‘ਸਾਥੀ ਸ਼ਾਵੇਜ਼ ਅਮਰ ਰਹੇ’, ‘ਵੈਨੇਜ਼ੁਏਲਾ ਤੋਂ ਆਪਣੇ ਹੱਥ ਦੂਰ ਰੱਖੋ’, ‘ਅਸੀਂ ਚਾਹੁੰਦੇ ਹਾਂ ਮਾਦੂਰੋ’, ‘ਅਸੀਂ ਮਾਦੂਰੋ ਨੂੰ ਪਿਆਰ ਕਰਦੇ ਹਾਂ’ ’ਅਮਰੀਕੀ ਸਾਮਰਾਜ, ਇਕ ਨੰਬਰ ਦਾ ਅੱਤਵਾਦੀ’ ਆਦਿ ਨਾਅਰੇ ਗੂੰਜਾ ਰਹੇ ਸਨ। ਯਾਦ ਰਹੇ ਇੱਥੇ ਹੀ ਇਕ ਸੱਜ-ਪਿਛਾਖੜੀ ਟੋਲਾ ਮਾਦੂਰੋ ਵਿਰੁੱਧ ਨਾਅਰੇ ਲਾਉਂਦਾ ਹੋਇਆ ਟਰੰਪ ਨੂੰ ਰਾਜਾ ਐਲਾਨ ਰਿਹਾ ਸੀ। ਮੁਜ਼ਾਹਰਾਕਾਰੀਆਂ ਦੀ ਇਨ੍ਹਾਂ ਖਰੂਦੀਆਂ ਨਾਲ ਝੜਪ ਵੀ ਹੋਈ ਸੀ।
ਦੱਸ ਦੇਈਏ, ਜਿਸ ਦਿਨ ਪਤੀ-ਪਤਨੀ ਨੂੰ ਅਗਵਾ ਕੀਤਾ ਗਿਆ ਸੀ, ਠੀਕ ਉਸੇ ਦਿਨ ਵੀ ਟਰੰਪ ਪ੍ਰਸ਼ਾਸ਼ਨ ਵਲੋਂ ਵੈਨੇਜ਼ੁਏਲਾ ਵਿਖੇ ਕੀਤੇ ਗਏ ਉਕਤ ਧਾੜਵੀ ਹੱਲੇ ਖਿਲਾਫ਼, ਅਮਰੀਕਾ ਦੀਆਂ ਖੱਬੇ ਪੱਖੀ, ਜਮਹੂਰੀ ਤੇ ਜੰਗ ਵਿਰੋਧੀ ਧਿਰਾਂ ਦੇ ਸੱਦੇ ’ਤੇ ਪੂਰੇ ਦੇਸ਼ ’ਚ ਵਿਸ਼ਾਲ ਰੋਸ ਮੁਜ਼ਾਹਰੇ ਹੋਏ ਹਨ। ਨੋਟ ਕਰਨ ਯੋਗ ਹੈ ਕਿ ਅਮਰੀਕਾ ’ਚ ਕਰਾਏ ਗਏ ਇਕ ਸਰਵੇਖਣ ਮੁਤਾਬਕ 70% ਅਮਰੀਕੀ ਨਾਗਰਿਕ ਵੈਨੇਜ਼ੁਏਲਾ ’ਚ ਅਮਰੀਕੀ ਫੌਜੀ ਦਖਲ ਦੇ ਵਿਰੁੱਧ ਹਨ। ਅਮਰੀਕੀ ਸੀਨੇਟ ਨੇ ਵੀ ਇਕ ਮਤਾ ਪਾਸ ਕਰਕੇ ਟਰੰਪ ਨੂੰ ਉਸਦੀ ਇਜ਼ਾਜ਼ਤ ਤੋਂ ਬਿਨਾਂ ਵੈਨੇਜ਼ੁਏਲਾ ’ਚ ਕੋਈ ਫੌਜੀ ਦਖ਼ਲ ਦੇਣੋਂ ਰੋਕ ਦਿੱਤਾ ਹੈ। ਸੀਨੇਟ, ’ਚ ਟਰੰਪ ਦੀ ‘ਰਿਪਬਲਿਕਨ ਪਾਰਟੀ’ ਦਾ ਬਹੁਮਤ ਹੈ। 5 ਰੀਪਬਲਿਕਨ ਮੈਂਬਰਾਂ ਵੱਲੋਂ ਟਰੰਪ ਦੇ ਵਿਰੁੱਧ ਵੋਟ ਪਾਉਣ ਨਾਲ ਸੀਨੇਟ ’ਚ ਇਹ ਮਤਾ ਪਾਸ ਵੀ ਹੋ ਗਿਆ ਹੈ।
ਕੌਮਾਂਤਰੀ ਮੁਜ਼ਹਮਤ
ਸਾਥੀ ਮਾਦੂਰੋ ਦੇ ਪਤਨੀ ਸਮੇਤ ਉਧਾਲੇ ਅਤੇ ਵੈਨੇਜ਼ੁਏਲਾ ’ਤੇ ਫੌਜੀ ਹਮਲੇ ਦਾ ਸੁਤੰਤਰਤਾ ਨੂੰ ਪਿਆਰ ਕਰਨ ਵਾਲੇ ਸਮੁੱਚੀ ਦੁਨੀਆ ਦੇ ਨਿਆਂ ਪਸੰਦ ਲੋਕਾਂ ਵਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਗਲੋਬ ਦਾ ਕੋਈ ਵੀ ਦੇਸ਼ ਅਜਿਹਾ ਨਹੀਂ ਬਚਿਆ, ਜਿੱਥੇ ਟਰੰਪ ਦੀ ਇਸ ਦਾਦਾਗਿਰੀ ਖਿਲਾਫ਼ ਮੁਜ਼ਾਹਰੇ ਨਾ ਹੋਏ ਹੋਣ। ਇਹ ਵਿਸ਼ਵੀ ਰੋਸ ਪ੍ਰਦਰਸ਼ਨ ਅਜੇ ਵੀ ਬਾਦਸਤੂਰ ਜਾਰੀ ਹਨ। ਯੂਐਨਓ ਦੇ ਸਕੱਤਰ ਜਨਰਲ ਨੇ ਵੀ ਇਸ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ।
ਸੰਸਾਰ ਦੇ ਬਹੁ-ਗਿਣਤੀ ਦੇਸ਼ਾਂ, ਇੱਥੋਂ ਤੱਕ ਕਿ ਨਾਟੋ ਦੇ ਮੈਂਬਰ, ਅਮਰੀਕੀ ਸਾਮਰਾਜ ਦੇ ਸਹਿਯੋਗੀ ਮੁਲਕਾਂ ਨੇ ਵੀ ਟਰੰਪ ਦੀ ਧੱਕੇਸ਼ਾਹੀ ਦਾ ਸਮਰਥਨ ਨਹੀਂ ਕੀਤਾ। ਬਲਕਿ ਇਸਨੂੰ ਦੂਜੀ ਸੰਸਾਰ ਜੰਗ ਤੋਂ ਪਿਛੋਂ ਬਣੀ ਸੰਸਾਰਕ ਵਿਵਸਥਾ ਪ੍ਰਤੀ ਚਿੰਤਾਜਨਕ ਘਟਨਾਕ੍ਰਮ ਕਿਹਾ ਹੈ। ‘ਯੂਐਨਓ ਦੀ ਸੁਰੱਖਿਆ ਕੌਂਸਲ’ ਨੇ ਵੀ ਬਹੁਮਤ ਨਾਲ ਅਮਰੀਕੀ ਹਮਲੇ ਤੇ ਸਾਥੀ ਮਾਦੂਰੋ ਤੇ ਉਨ੍ਹਾਂ ਦੀ ਪਤਨੀ ਨੂੰ ਅਗਵਾ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਹਾਂ, ਇਸ ਦੇ ਜੰਗਬਾਜ਼ ਭਾਈਵਾਲ ਇਜ਼ਰਾਇਲ ਅਤੇ ਸੱਜ ਪਿਛਾਖੜੀ ਸਰਕਾਰਾਂ ਵਾਲੇ ਅਰਜਨਟੀਨਾ ਵਰਗੇ ਦੱਖਣੀ ਅਮਰੀਕੀ ਦੇਸ਼ ਜਰੂਰ ਟਰੰਪ ਦੇ ਹੱਕ ’ਚ ਨਿੱਤਰੇ ਹਨ। ਫਿਰ ਵੀ ਸਾਰੀ ਦੁਨੀਆ ਦੇ 20 ਦੇਸ਼ ਵੀ ਅਜਿਹੇ ਨਹੀਂ ਹਨ, ਜੋ ਟਰੰਪ ਦਾ ਖੁੱਲ੍ਹਕੇ ਸਮਰਥਨ ਕਰਦੇ ਹੋਣ। ਇਹ ਤੱਥ ਉਚੇਚਾ ਸਮਝਣ ਯੋਗ ਹੈ ਕਿ ਨਾਟੋ ਦੇ ਮੈਂਬਰ ਦੇਸ਼ਾਂ ਵੱਲੋਂ ਵੈਨੇਜ਼ੁਏਲਾ ’ਤੇ ਅਮਰੀਕੀ ਹਮਲੇ ਦਾ ਨਰਮ ਸੁਰ ’ਚ ਵਿਰੋਧ ਕੀਤੇ ਜਾਣ ਦੇ ਨਤੀਜੇ ਵਜੋਂ ਹੀ ਜ਼ਿੱਦੀ ਤੇ ਗੁਸਤਾਖ ਟਰੰਪ ਯੂਰਪੀ ਦੇਸ਼ ਡੈਨਮਾਰਕ ਦੇ ਭਾਗ ਗ੍ਰੀਨਲੈਂਡ ’ਤੇ ਕਬਜ਼ਾ ਕਰਨ ਲਈ ਉਤਸ਼ਾਹਿਤ ਹੋਇਆ ਹੈ।
ਇਸ ਧਾੜਵੀ ਹੱਲੇ ਤੇ ਪਤੀ-ਪਤਨੀ ਦੇ ਉਧਾਲੇ ਨੂੰ ਹੱਕੀ ਸਿੱਧ ਕਰਨ ਲਈ ਟਰੰਪ ਵਲੋਂ ਪੇਸ਼ ਕੀਤੀਆਂ ਜਾ ਰਹੀਆਂ ਦਲੀਲਾਂ ਤੇ ਦਾਅਵਿਆਂ ਦੀਆਂ ਵੀ ਧੱਜੀਆਂ ਉਡ ਗਈਆਂ ਹਨ। ਇਹ ਇਲਜ਼ਾਮ ਕਿ ਮਾਦੂਰੋ ਇਕ ਨਸ਼ਾ ਤਸਕਰ ਗਿਰੋਹ ਦਾ ਸਰਗਨਾ ਹੈ ਤੇ ਅਮਰੀਕਾ ’ਚ ਕੋਕੀਨ ਦੀ ਤਸਕਰੀ ਕਰਦਾ ਹੈ ਨੂੰ ਤਾਂ ਅਮਰੀਕਾ ਦੀ ਇਨ੍ਹਾਂ ਮਾਮਲਿਆਂ ਨਾਲ ਸਬੰਧਤ ਕਮੇਟੀ ਹੀ ਪ੍ਰਵਾਨ ਨਹੀਂ ਕਰ ਰਹੀ। ਉਸਨੇ ਇਸ ਹਮਲੇ ਤੋਂ ਤਕਰੀਬਨ ਇਕ ਮਹੀਨਾ ਪਹਿਲਾਂ ਹੀ ਕੀਤੀ ਗਈ ਸਮੁੰਦਰੀ ਨਾਕਾਬੰਦੀ ਦੌਰਾਨ ਕਿਸ਼ਤੀਆਂ ਨੂੰ ਇਸ ਦੋਸ਼ ਅਧੀਨ ਉਡਾ ਦੇਣ ਤੇ ਸਵਾਰਾਂ ਨੂੰ ਮਾਰ ਦੇਣ ਨੂੰ ਅਮਰੀਕੀ ਕਾਨੂੰਨ ਦੀ ਉਲੰਘਣਾ ਦੱਸਿਆ ਸੀ। ਹੁਣ ਅਦਾਲਤ ਸਾਹਮਣੇ ਸਾਥੀ ਮਾਦੂਰੋ ’ਤੇ ਲਾਏ ਦੋਸ਼ਾਂ ’ਚ ਵੀ ਉਸ ਦੇ ਨਸ਼ਾ ਤਸਕਰੀ ਗਿਰੋਹ ਦਾ ਮੁਖੀ ਹੋਣ ਦਾ ਦੋਸ਼ ਨਹੀਂ ਲਾਇਆ ਗਿਆ।
ਟਰੰਪ ਦਾ ਇਹ ਦਾਅਵਾ ਕਿ ਵੈਨੇਜੁਏਲਾ ਨੇ ਉਨ੍ਹਾਂ ਦਾ ਤੇਲ ਚੋਰੀ ਕੀਤਾ ਹੈ ਵੀ ਅਸਲੋਂ ਥੋਥਾ ਹੈ। ਮਾਦੂਰੋ ਤੇ ਸਾਥੀ ਸ਼ਾਵੇਜ਼ ਦੇ ਸੱਤਾ ਸੰਭਾਲਣ ਤੋਂ ਕਾਫ਼ੀ ਪਹਿਲਾਂ, ਸਾਲ 1970 ’ਚ ਤੇਲ ਸਨਅਤ ਦਾ ਕੌਮੀਕਰਨ ਕਰ ਦਿੱਤਾ ਗਿਆ ਸੀ। ਇਸ ਦੇ ਇਵਜ਼ਾਨੇ ਵਜੋਂ ਤੇਲ ਕੰਪਨੀਆਂ ਨੂੰ ਉਦੋਂ ਅਰਬਾਂ ਡਾਲਰ ਦਾ ਭੁਗਤਾਨ ਵੀ ਕੀਤਾ ਗਿਆ ਸੀ। ਵੈਸੇ ਵੀ ਦੁਨੀਆਂ ਦੇ ਕਾਨੂੰਨ ਮੁਤਾਬਕ ਕਿਸੇ ਵੀ ਦੇਸ਼ ਦੇ ਧਰਤੀ ਹੇਠਲੇ ਖਣਿਜਾਂ ਤੇ ਉੱਥੋਂ ਦੇ ਕੁਦਰਤੀ ਸੋਮਿਆਂ ਦੇ ਮਾਲਕ ਸਬੰਧਤ ਦੇਸ਼ ਦੀ ਸਰਕਾਰ ਤੇ ਲੋਕ ਹੁੰਦੇ ਹਨ।
ਟਰੰਪ ਦਾ ਮਕਸਦ ਨਾਕਾਮ
ਅਮਰੀਕੀ ਸਾਮਰਾਜ ਤੇ ਉਥੋਂ ਦੇ ਸਨਕੀ ਸਦਰ ਡੋਨਾਲਡ ਟਰੰਪ ਇਸ ਮੁਗਾਲਤੇ ’ਚ ਸਨ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਤੇ ਉਸਦੀ ਸੁਪਤਨੀ ਨੂੰ ਅਗਵਾ ਕਰ ਲਏ ਜਾਣ ਪਿੱਛੋਂ ਦੇਸ਼ ’ਚ ਅਫਰਾ-ਤਫਰੀ ਮਚ ਜਾਵੇਗੀ। ਲੱਖਾਂ ਲੋਕ ਸੜਕਾਂ ’ਤੇ ਉਤਰ ਕੇ ਅਮਰੀਕਾ ਦੀ ਇਸ ਕਾਰਵਾਈ ਦਾ ਸੁਆਗਤ ਕਰਨਗੇ। ਵੈਨੇਜ਼ੁਏਲਾ ਦੀ ਸਰਕਾਰ ਆਪਣੀ ਅਥਾਰਟੀ ਗੁਆ ਬੈਠੇਗੀ ਤੇ ਅਮਰੀਕਾ ਉੱਥੇ ਕਬਜ਼ਾ ਕਰਕੇ ਆਪਣੀ ਹੱਥਠੋਕਾ ਸਰਕਾਰ ਬਣਾ ਲਵੇਗਾ। ਐਪਰ ਸਾਮਰਾਜੀਆਂ ਦਾ ਇਹ ‘ਸ਼ੇਖ ਚਿੱਲੀ ਮਾਰਕਾ’ ਸੁਪਨਾ ਸਾਕਾਰ ਨਹੀਂ ਹੋ ਸਕਿਆ।
ਸਾਥੀ ਮਾਦੂਰੋ ਨੂੰ ਪਤਨੀ ਸਮੇਤ ਅਗਵਾ ਕੀਤੇ ਜਾਣ ਦੇ ਕੁੱਝ ਘੰਟਿਆਂ ਪਿਛੋਂ ਹੀ ਰਾਜਧਾਨੀ ਕਾਰਾਕਾਸ ਵਿਚਲੇ ਰਾਸ਼ਟਰਪਤੀ ਭਵਨ ‘ਮੀਰਾਫਲੋਰਸ’ ਦੇ ਬਾਹਰ ਅਪਾਰ ਜਨ ਸਮੂਹ ਇਕੱਤਰ ਹੋ ਗਿਆ ਸੀ। ਆਵਾਮ ਨੇ ਮਾਦੂਰੋ ਤੇ ਉਨ੍ਹਾਂ ਦੀ ਪਤਨੀ ਨੂੰ ਅਮਰੀਕਾ ਵਲੋਂ ਅਗਵਾ ਕੀਤੇ ਜਾਣ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ, ਦੇਸ਼ ਦੀ ਸਰਕਾਰ ਨਾਲ ਲਾਮਿਸਾਲ ਇਕਜੁਟਤਾ ਪ੍ਰਗਟਾਈ ਸੀ। ਟਰੰਪ ਪ੍ਰਸ਼ਾਸ਼ਨ ਦੇ ਇਸ ਧੌਂਸਵਾਦੀ ਹਮਲੇ ਵਿਰੁੱਧ 3 ਤੇ 4 ਜਨਵਰੀ ਨੂੰ ਦੇਸ਼ ਭਰ ’ਚ ਵਿਸ਼ਾਲ ਰੋਸ ਮੁਜ਼ਾਹਰੇ ਹੁੰਦੇ ਰਹੇ ਸਨ।
3 ਜਨਵਰੀ ਨੂੰ ਹੀ ਦੇਸ਼ ਦੀ ਸਰਵਉੱਚ ਅਦਾਲਤ ਦੇ ਸੰਵਿਧਾਨਕ ਚੈਂਬਰ ਨੇ ਇਹ ਸਪੱਸ਼ਟ ਕਰਦਿਆਂ ਕਿ ਰਾਸ਼ਟਰਪਤੀ ਮਾਦੂਰੋ ਦੀ ਗੈਰ ਹਾਜ਼ਰੀ ਅਸਥਾਈ ਹੈ, ਠੋਕ ਵਜਾ ਕੇ ਕਿਹਾ ਕਿ ਉਹ ਅਜੇ ਵੀ ‘ਬੋਲੀਵਾਰੀਅਨ ਰਿਪਬਲਿਕ ਆਫ ਵੈਨੇਜ਼ੁਏਲਾ’ ਦੇ ਰਾਸ਼ਟਰਪਤੀ ਹਨ। ਚੈਂਬਰ ਨੇ ਨਾਲ ਹੀ ਇਹ ਐਲਾਨ ਵੀ ਕਰ ਦਿੱਤਾ ਸੀ ਕਿ ਮਾਦੁਰੋ ਦੀ ਗੈਰ ਹਾਜ਼ਰੀ ’ਚ ਉਪ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਕਾਰਜਕਾਰੀ ਰਾਸ਼ਟਰਪਤੀ ਵਜੋਂ ਜ਼ਿੰਮੇਵਾਰੀ ਨਿਭਾਉਣਗੇ ਅਤੇ 15 ਦਸੰਬਰ 1999 ਨੂੰ ਸਿਰਜੇ ਗਏ ਸੰਵਿਧਾਨ ਦੀ ਅਥਾਰਟੀ ਤੇ ਲਗਾਤਾਰਤਾ ਜਾਰੀ ਰਹੇਗੀ। ਇਸ ਘਟਨਾਕ੍ਰਮ ਨੇ ਦਰਸਾ ਦਿੱਤਾ ਹੈ ਕਿ ਦੇਸ਼ ਵਿਚ ਕਾਨੂੰਨ ਦਾ ਰਾਜ ਕਾਇਮ ਹੈ ਤੇ ਇਸਦੀਆਂ ਸੰਸਥਾਵਾਂ ਨਾ ਕੇਵਲ ਹਰਕਤ ’ਚ ਹਨ, ਬਲਕਿ ਸੱਤਾ ਦੇ ਮਸ਼ੀਨਰੀ ’ਤੇ ਉਨ੍ਹਾਂ ਦੀ ਮਜ਼ਬੂਤ ਪਕੜ ਹੈ।
ਯੂਰਪੀਅਨ ਦੇਸ਼ਾਂ ਤੇ ਵੈਨੇਜੁਏਲਾ ਦੀਆਂ ਵਿਰੋਧੀ ਸਾਮਰਾਜ ਪ੍ਰਸਤ ਸੱਜ-ਪਿਛਾਖੜੀ ਪਾਰਟੀਆਂ ਦੀ ਇਹ ਦਲੀਲ ਕਿ ਦੇਸ਼ ’ਚ ਫੌਰੀ ਚੋਣਾਂ ਕਰਵਾ ਕੇ ਸਰਕਾਰ ਸਥਾਪਤ ਕੀਤੀ ਜਾਵੇ ਵੀ ਨਾਕਾਮ ਹੋ ਗਈ ਹੈ। ਕਿਉਂਕਿ ਦੇਸ਼ ’ਚ ਸੱਤਾ ਤਾਂ ਤਬਦੀਲ ਹੋਈ ਹੀ ਨਹੀਂ, ਸਰਕਾਰ ਤਾਂ ਜਿਉਂ ਦੀ ਤਿਉਂ ਕਾਇਮ ਹੈ। ਸੰਵਿਧਾਨਕ ਲਗਾਤਾਰਤਾ ਤੇ ਕਾਨੂੰਨ ਦਾ ਰਾਜ ਵੀ ਕਾਇਮ ਹੈ।
ਮਤਲਬ, ਅਮਰੀਕੀ ਸਾਮਰਾਜ ਵੈਨੇਜ਼ੁਏਲਾ ’ਚ ਸੱਤਾ ਜਾਂ ਸਰਕਾਰ ਬਦਲਣ ’ਚ ਨਾਕਾਮ ਰਿਹਾ ਹੈ। ਨਾ ਤਾਂ ਉਹ ਆਪਣੀ ਹੱਥਠੋਕਾ ਸਰਕਾਰ ਬਣਾ ਸਕਿਆ ਹੈ ਤੇ ਨਾ ਹੀ ਦੇਸ਼ ਦੀਆਂ ਫੌਜਾਂ ’ਚ ਬਗ਼ਾਵਤ ਕਰਵਾਉਣ ’ਚ ਕਾਮਯਾਬ ਹੋਇਆ ਹੈ। ਦੇਸ਼ ਦੀ ਫੌਜ ਨੇ ਤਾਂ ਬਲਕਿ ਕਾਰਜਕਾਰੀ ਰਾਸ਼ਟਰਪਤੀ ਦੀ ਕਮਾਂਡ ਹੇਠ ਇਕਜੁੱਟ ਰਹਿਣ ਦਾ ਅਹਿਦ ਪ੍ਰਗਟਾਇਆ ਹੈ। ਅਮਰੀਕਾ, ਸੱਤਾਧਾਰੀ ਦਲ ‘ਪੀ.ਐਸ.ਯੂ.ਵੀ.’ ਚ ਦੁਫੇੜ ਪਾਉਣ ’ਚ ਵੀ ਨਾਕਾਮ ਰਿਹਾ ਹੈ। ਯਾਦ ਰਹੇ ਇਹ ਉਹੋ ਪਾਰਟੀ ਹੈ ਜਿਸਦੀ ਸਥਾਪਨਾ ਮਰਹੂਮ ਸਾਥੀ ਹੂਗੋ ਸ਼ਾਵੇਜ਼ ਨੇ ਕੀਤੀ ਸੀ ਤੇ ਜਿਸ ਰਾਹੀਂ ਦੇਸ਼ ਚ ਲੋਕ-ਪੱਖੀ ਸਿਆਸੀ ਪ੍ਰਕਿਰਿਆ ਆਰੰਭੀ ਸੀ। ਅਮਰੀਕੀ ਸਾਮਰਾਜ ਨੇ ਆਪਣੇ ਇਸ ਹਮਲੇ ਰਾਹੀਂ ਵੈਨੇਜ਼ੁਏਲਾ ਨੂੰ ਨੁਕਸਾਨ ਤਾਂ ਜ਼ਰੂਰ ਪਹੁੰਚਾਇਆ ਹੈ, ਪਰ ਉਸਨੂੰ ਹਰਾਉਣ ’ਚ ਉਹ ਨਾਕਾਮ ਰਿਹਾ ਹੈ। ‘ਆਰਟ ਆਫ ਵਾਰ’ ਦੇ ਮਸ਼ਹੂਰ ਲੇਖਕ ਸੁਨ ਸ਼ੂ ਮੁਤਾਬਕ ‘‘ਜੇਕਰ ਇਕ ਸ਼ਕਤੀਸ਼ਾਲੀ ਵਿਰੋਧੀ, ਆਪਣੇ ਕਮਜ਼ੋਰ ਵਿਰੋਧੀ ਨੂੰ ਹਰਾਉਣ ’ਚ ਨਾਕਾਮ ਰਹਿੰਦਾ ਹੈ ਤਾਂ ਉਹ ਬੜਾ ਕੁੱਝ ਗੁਆ ਲੈਂਦਾ ਹੈ, ਚਾਹੇ ਉਸਨੇ ਆਪਣੇ ਵਿਰੋਧੀ ਨੂੰ ਕਿੰਨਾ ਵੀ ਨੁਕਸਾਨ ਕਿਉਂ ਨਾ ਪੁਚਾ ਦਿੱਤਾ ਹੋਵੇ।’’
ਡੈਲਸੀ ਰੋਡਰਿਗਜ਼ ਨੇ ਸੰਭਾਲਿਆ ਅਹੁਦਾ
ਡੈਲਸੀ ਰੋਡਰਿਗਜ਼ ਨੇ ਦੇਸ਼ ਦੇ ਕਾਰਜਕਾਰੀ ਰਾਸ਼ਟਰਪਤੀ ਵਜੋਂ ਵੈਨੇਜ਼ੁਏਲਾ ਦੀ ਸੰਸਦ ਦੇ ਸਾਹਮਣੇ 5 ਜਨਵਰੀ ਨੂੰ ਰਸਮੀ ਸਹੁੰ ਚੁੱਕੀ ਸੀ। ਦੇਸ਼ ਦੇ ਸੰਵਿਧਾਨ ਤੇ ਸੰਪ੍ਰਭੂਤਾ ਨੂੰ ਬੁਲੰਦ ਰੱਖਣ ਦਾ ਅਹਿਦ ਲੈਂਦਿਆਂ ਉਸਨੇ ਕਿਹਾ, ‘‘ਮੈਂ ਬੜੇ ਹੀ ਮੁਸ਼ਕਲ ਸਮੇਂ ’ਚ ਅਹੁਦਾ ਸੰਭਾਲਿਆ ਹੈ। ਦੇਸ਼ ਦੇ ਲੋਕ ਸਾਡੀ ਮਾਤ ਭੂਮੀ ’ਤੇ ਇਕ ਧੱਕੜਸ਼ਾਹ ਦੇ ਗੈਰ ਕਾਨੂੰਨੀ ਹਮਲੇ ਕਰਕੇ ਪੀੜਾਂ ਤੇ ਮੁਸਕਲਾਂ ਹੰਢਾਅ ਰਹੇ ਹਨ। ਸਾਡੇ ਦੋ ਨਾਇਕ, ਰਾਸ਼ਟਰਪਤੀ ਨਿਕੋਲਸ ਮਾਦੂਰੋ ਤੇ ਜੁਝਾਰੂ ਖਾਸੇ ਵਾਲੀ ਦੇਸ਼ ਦੀ ਪਹਿਲੀ ਮਹਿਲਾ ਸੀਲੀਆ ਫਲੋਰਸ ਅਮਰੀਕਾ ਵਿਖੇ ਬੰਧਕ ਬਣਾ ਲਏ ਗਏ ਹਨ। ਮੈਂ ਵਾਅਦਾ ਕਰਦੀ ਹਾਂ ਕਿ ਅਜਿਹਾ ਪ੍ਰਬੰਧ ਕਾਇਮ ਕਰਾਂਗੀ ਜੋ ਦੇਸ਼ ਵਾਸੀਆਂ ਲਈ ਅਮਨ ਦੀ ਗਾਰੰਟੀ ਕਰੇਗਾ ਅਤੇ ਸਮਾਜਿਕ ਖੁਸ਼ਹਾਲੀ, ਰਾਜਨੀਤਕ ਸਥਿਰਤਾ ਤੇ ਸੁਰੱਖਿਆ ਪ੍ਰਦਾਨ ਕਰੇਗਾ।’’ ਕਾਇਮ-ਮੁਕਾਮ ਸਦਰ ਨੇ ਦੇਸ਼ ਦੇ ਸਾਰੇ ਵਰਗਾਂ ਨੂੰ ਇਸ ਮੁਸ਼ਕਲ ਘੜੀ ’ਚ ਸਥਿਰਤਾ ਤੇ ਅਮਨ ਲਈ ਖਤਰਾ ਪੈਦਾ ਕਰਨ ਵਾਲੀਆਂ ਤਾਕਤਾਂ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ।
ਦੇਸ਼ ਦੀ ਕੌਮੀ ਸੰਸਦ ਦੇ ਮੁਖੀ ਜੋਰਜ ਰੋਡਰਿਗਜ਼ ਨੇ ਕਾਰਜਕਾਰੀ ਰਾਸ਼ਟਰਪਤੀ ਨੂੰ ਦੱਖਣੀ ਅਮਰੀਕਾ ਮਹਾਂਦੀਪ ਦੀ ਧਰਤੀ ਦੀ ਆਜ਼ਾਦੀ ਲਈ ਲੜਨ ਵਾਲੇ ਮਹਾਨ ਨਾਇਕਾਂ, ਜ਼ਿਨ੍ਹਾਂ ਨੇ ਆਪਣਾ ਸਭ ਕੁੱਝ ਨਿਛਾਵਰ ਕਰਕੇ ਇਸ ਪਵਿੱਤਰ ਖੇਤਰ ਦੀ ਰਾਖੀ ਕੀਤੀ ਸੀ, ਦੀਆਂ ਮਿਸਾਲਾਂ ਦਿੰਦਿਆਂ ਸੱਦਾ ਦਿੱਤਾ ਹੈ ਕਿ ਉਹ ਵੈਨੇਜ਼ੁਏਲਾ ਦੀ ਪ੍ਰਭੂਸੱਤਾ ਤੇ ਦੇਸ਼ ਦੇ ਲੋਕਾਂ ਦੀ ਰਾਖੀ ਕਰਨ।
ਅਹੁਦਾ ਸੰਭਾਲਣ ਤੋਂ ਪਿੱਛੋਂ ਡੈਲਸੀ ਰੋਡਰਿਗਜ਼ ਅਧਿਆਤਮਕ ਤੇ ਨੈਤਿਕ ਪੱਖੋਂ ਮਹੱਤਵਪੂਰਨ ਕਦਮ ਚੁੱਕਦੀ ਹੋਏ ਮਰਹੂਮ ਰਾਸ਼ਟਰਪਤੀ ਤੇ ਇਸ ਖਿੱਤੇ ਦੇ ਮਹਾਨ ਆਗੂ ਹੂਗੋ ਸ਼ਾਵੇਜ਼ ਦੇ ਸਮਾਰਕ ’ਤੇ ਪੁੱਜੀ। ਹੂਗੋ ਸ਼ਾਵੇਜ਼ ਨੂੰ ਬਹੁਤ ਭਾਵੁਕ ਸ਼ਬਦਾਂ ’ਚ ਸ਼ਰਧਾਂਜਲੀ ਭੇਂਟ ਕਰਦਿਆਂ ਉਸ ਨੇ ਉਨ੍ਹਾਂ ਦੇ ਕਾਰਜ ਤੇ ਸੋਚ ਨੂੰ ਅੱਗੇ ਵਧਾਉਣ ਦਾ ਅਹਿਦ ਲਿਆ। ਯਾਦ ਰਹੇ, 2001 ’ਚ ਸਾਥੀ ਸ਼ਾਵੇਜ਼ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਵੀ ਅਮਰੀਕੀ ਥਾਪੜੇ ਨਾਲ ਤਖਤਾ ਪਲਟ ਕੀਤਾ ਗਿਆ ਸੀ। ਡੈਲਸੀ ਉਦੋਂ ਉਨ੍ਹਾਂ ਕੁਰਕੁੰਨਾਂ ’ਚ ਸ਼ਾਮਲ ਸੀ, ਜਿਨ੍ਹਾਂ ਨੇ ਵਿਸ਼ਾਲ ਜਨਤਕ ਲਾਮਬੰਦੀ ਰਾਹੀਂ ਸਾਮਰਾਜ ਤੇ ਸੱਜ ਪਿਛਾਖੜ ਦੀ ਮਿਲੀਭੁਗਤ ਵਾਲੀ ਤਖਤਾ ਪਲਟ ਦੀ ਸਾਜਿਸ਼ ਫੇਲ੍ਹ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ।
ਇਸ ਪਿੱਛੋਂ ਉਸਨੇ ਆਪਣੇ ਪਿਤਾ, ਮਹਾਨ ਸਮਾਜਵਾਦੀ ਇਨਕਲਾਬੀ ਜੋਰਜ ਐਨਟੀਨਿਊ ਜਾਰਜ ਦੇ ਸਮਾਰਕ ’ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਅਹਿਦ ਪ੍ਰਗਟਾਇਆ। ਡੈਲਸੀ ਦੇ ਮਰਹੂਮ ਪਿਤਾ ਨੂੰ 1976 ’ਚ ਉਦੋਂ ਦੀ ਸੱਜ ਪਿਛਾਖੜੀ ਸਰਕਾਰ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਬੇਕਿਰਕ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਕੌਮੀ ਸੰਸਦ ਦੇ ਮੁੱਖੀ ਜ਼ੋਰਜ ਰੋਡਰਿਗਜ਼, ਡੈਲਸੀ ਰੋਡਰਿਗਜ਼ ਦੇ ਭਰਾ ਹਨ।
ਟਰੰਪ ਦਾ ਕੂੜ ਪ੍ਰਚਾਰ ਤੇ ਜ਼ਮੀਨੀ ਹਾਲਾਤ
ਟਰੰਪ ਤੇ ਪੂੰਜੀਵਾਦੀ ਮੀਡੀਆ ਵੱਲੋਂ ਨਿਰੰਤਰ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਉਸ ਨਾਲ ਮਿਲਕੇ ਚੱਲਣ ਲਈ ਰਾਜ਼ੀ ਹੈ। ਟਰੰਪ ਇਹ ਵੀ ਕਹਿ ਰਿਹਾ ਹੈ ਕਿ ਵੈਨੇਜ਼ੁਏਲਾ ’ਚ ਡੈਲਸੀ ਨਾਲ ਕੰਮ ਕਰਨਾ ਉਸ (ਟਰੰਪ) ਲਈ ਸਭ ਤੋਂ ਚੰਗਾ ਬਦਲ ਹੈ।
ਸਪੱਸ਼ਟ ਕਰ ਦੇਈਏ ਕਿ ਡੈਲਸੀ ਰੋਡਰਿਗਜ਼ ਦੇਸ਼ ਦੀਆਂ ਹਮਖਿਆਲ ਰਾਜਸੀ ਪਾਰਟੀਆਂ, ਫੌਜ ਸਮੇਤ ਸਾਰੀਆਂ ਸੰਸਥਾਵਾਂ, ਦੇਸ਼ ਦੇ ਗ੍ਰਹਿ ਮੰਤਰੀ ਡਿਉਸਡੋਡੋ ਸਾਬੇਲੋ ਜਿਹੀਆਂ ਅਹਿਮ ਹਸਤੀਆਂ ਨੂੰ ਨਾਲ ਲੈ ਕੇ ਚਲ ਰਹੀ ਹੈ। ਡਿਉਸਡੋਡੋ ਸਾਬੇਲੋ ਨੂੰ ਅਮਰੀਕਾ ਨੇ ਅਖੌਤੀ ਅਪਰਾਧੀ ਐਲਾਨਿਆ ਹੋਇਆ ਹੈ। ਡੌਲਸੀ ਜਿੱਥੇ ਮਾਦੂਰੋ ਤੇ ਉਸ ਦੀ ਪਤਨੀ ਸੀਲੀਆ ਫਲੋਰਸ ਦੀ ਰਿਹਾਈ ਤੇ ਵਤਨ ਵਾਪਸੀ ਦੀ ਮੰਗ ਕਰ ਰਹੀ ਹੈ, ਉੱਥੇ ਨਾਲ ਹੀ ਅਮਰੀਕਾ ਨਾਲ ਗੱਲਬਾਤ ਕਰਨ ਤੇ ਤੇਲ ਵਪਾਰ ਨੂੰ ਨਿੱਜੀ ਖੇਤਰ ਲਈ ਖੋਲ੍ਹਣ ਦੀ ਗੱਲ ਵੀ ਕਰ ਰਹੀ ਹੈ।
ਲੰਘੀ 10 ਜਨਵਰੀ ਨੂੰ ਦੇਸ਼ ਦੀ ਕੌਮੀ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਉਸਨੇ ਤੇਲ ਸਨਅਤ ਨੂੰ ਖੋਲ੍ਹਣ, ਆਰਗੇਨਿਕ ਹਾਇਡਰੋ ਕਾਰਬਨ ਕਾਨੂੰਨ ’ਚ ਤਬਦੀਲੀਆਂ ਕਰਨ, ਤਾਂ ਜੋ ਜਨਤਕ ਤੇਲ ਸਨਅਤ ਨੂੰ ਵਿਦੇਸ਼ੀ ਨਿਵੇਸ਼ ਲਈ ਖੋਲਿ੍ਹਆ ਜਾ ਸਕੇ, ਪੈਦਾਵਾਰ ਸ਼ਮੂਲੀਅਤ ਵਾਲੇ ਸਮਝੌਤੇ ਕਰਕੇ ਉਥੋਂ ਹੋਣ ਵਾਲੀ ਕਮਾਈ ਦੇਸ਼ ਦੇ ਲੋਕਾਂ ਦੇ ਕਲਿਆਣ ਤੇ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਵਰਤਣ ਦੀ ਗੱਲ ਕੀਤੀ ਹੈ। ਇਸਦੇ ਨਾਲ ਹੀ ਉਸ ਨੇ ਅਮਰੀਕਾ ਨਾਲ ਦੁਪਾਸੜ ਸਬੰਧ ਬਨਾਉਣ ਦੀ ਗੱਲ ਕਹੀ ਹੈ। ਨਾਲ ਹੀ ਇਹ ਵੀ ਅਹਿਦ ਪ੍ਰਗਟ ਕੀਤਾ ਹੈ ਕਿ ਰੂਸ, ਚੀਨ, ਇਰਾਨ, ਕਿਊਬਾ ਵਰਗੇ ਰਵਾਇਤੀ ਮਿੱਤਰ ਦੇਸ਼ਾਂ ਨਾਲ ਵੈਨੇਜ਼ੁਏਲਾ ਆਪਣੇ ਗੂੜ੍ਹੇ ਸਬੰਧ ਬਾਦਸਤੂਰ ਕਾਇਮ ਰੱਖੇਗਾ ਤੇ ਇਸ ਮਾਮਲੇ ’ਚ ਕਿਸੇ ਵੀ ਵਿਦੇਸ਼ੀ ਤਾਕਤ ਦੇ ਸਾਹਮਣੇ ਨਹੀਂ ਝੁਕੇਗਾ ।
ਇੱਥੇ ਇਹ ਸਪੱਸ਼ਟ ਸਮਝ ਲੈਣਾ ਚਾਹੀਦਾ ਹੈ ਕਿ ਮੌਜੂਦਾ ਸਮੇਂ ਵੈਨੇਜ਼ੁਏਲਾ ਇਕੱਲਾ ਅਮਰੀਕੀ ਸਾਮਰਾਜ ਦੇ ਹੱਲਿਆਂ ਦਾ ਟਾਕਰਾ ਕਰਨ ਦੇ ਯੋਗ ਨਹੀਂ ਹੈ। ਉਸਦੇ ਸਹਿਯੋਗੀ ਦੇਸ਼ ਚੀਨ ਅਤੇ ਰੂਸ ਵੀ ਭੂਗੋਲਿਕ ਸਥਿਤੀ ਤੇ ਵਿਸ਼ਵ ਦੇ ਅਜੋਕੇ ਸਿਆਸੀ-ਰਣਨੀਤਕ ਹਾਲਤ ਕਰਕੇ ਉਸਦੀ ਸਿੱਧੀ ਮਦਦ ਕਰਨ ਦੇ ਯੋਗ ਨਹੀਂ ਹਨ। ਇਸ ਲਈ ਅਮਰੀਕਾ, ਵਿਸ਼ੇਸ਼ ਤੌਰ ’ਤੇ ਟਰੰਪ ਦੇ ਬੁਨਿਆਦੀ ਦਿਲਚਸਪੀ ਵਾਲੇ ਤੇਲ ਖੇਤਰ ਬਾਰੇ ਗੱਲਬਾਤ ਕਰਨੀ ਉਸ ਲਈ ਅਤਿ ਲੋੜੀਂਦਾ ਫੌਰੀ ਕਾਰਜ ਹੈ। ਦੱਸਣ ਯੋਗ ਹੈ ਕਿ ਰਾਸ਼ਟਰਪਤੀ ਮਾਦੂਰੋ ਨੇ ਵੀ ਅਮਰੀਕਾ ਵੱਲੋਂ ਦੇਸ਼ ਦੀ ਘੇਰਾਬੰਦੀ ਕੀਤੇ ਜਾਣ ਤੋਂ ਪਿੱਛੋਂ ਅਤੇ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਗੱਲਬਾਤ ਤੇ ਕੂਟਨੀਤੀ ਦੀ ਵਰਤੋਂ ਦਾ ਸੱਦਾ ਦਿੰਦਿਆਂ ਅਮਰੀਕਾ ਨਾਲ ਵੈਨੇਜ਼ੁਏਲਾ ਦੇ ਤੇਲ ਤੇ ਖਣਿਜ ਪਦਾਰਥਾਂ ਬਾਰੇ ਇਕ ਵਿਆਪਕ ਆਰਥਿਕ ਸਮਝੌਤਾ ਕਰਨ ਦੀ ਇੱਛਾ ਪ੍ਰਗਟਾਈ ਸੀ।
1918 ’ਚ ਸਾਥੀ ਲੈਨਿਨ ਨੇ ਵੀ ਸੋਵੀਅਤ ਰੂਸ ਦੀ ਸਥਾਪਤੀ ਤੋਂ ਛੇਤੀ ਪਿਛੋਂ ਇਸ ਨਵਜਨਮੇ ਦੇਸ਼ ਨੂੰ ਸਾਮਰਾਜੀ ਜਰਮਨੀ ਤੋਂ ਬਚਾਉਣ ਲਈ ਬ੍ਰੇਸਟ-ਲਿਟੋਸਕ ਸਮਝੌਤੇ ਤਹਿਤ ਕਾਫ਼ੀ ਖੇਤਰ ਛੱਡ ਦਿੱਤੇ ਸਨ। ਇਸੇ ਕਰਕੇ ‘ਖੱਬੇ ਮਾਅਰਕੇਬਾਜਾਂ’ ਨੇ ਸਾਥੀ ਲੈਨਿਨ ਵਿਰੁੱਧ ਤਿੱਖਾ ਹਮਲਾ ਬੋਲਿਆ ਸੀ। ਉਹ ਅਪੰਗ ਹੋ ਗਏ ਸਨ ਤੇ ਉਨ੍ਹਾਂ ਨੂੰ ‘ਇਨਕਲਾਬ ਦੇ ਗੱਦਾਰ’ ਐਲਾਨ ਦਿੱਤਾ ਗਿਆ ਸੀ। ਉਦੋਂ ਸਾਥੀ ਲੈਨਿਨ ਨੇ ਕਿਹਾ ਸੀ, ‘‘ਆਪਣੀ ਜਾਨ ਬਚਾਉਣ ਲਈ ਹਥਿਆਰ ਬੰਦ ਡਾਕੂ ਨੂੰ ਆਪਣਾ ਬਟੂਆ ਦੇ ਦੇਣਾ ਗੱਦਾਰੀ ਨਹੀਂ, ਸਮਝੌਤਾ ਹੈ।’’ ਦਸੰਬਰ 1918 ’ਚ ਜਰਮਨੀ ਦੇ ਸਰੰਡਰ ਤੋਂ ਪਿੱਛੋਂ ਇਹ ਸਮਝੌਤਾ ਰੱਦ ਹੋ ਗਿਆ ਸੀ। ਵੈਨੇਜ਼ੁਏਲਾ ਦੇ ਅਜੋਕੇ ਹਾਲਾਤ ਦੀ ਉਸ ਸਥਿਤੀ ਨਾਲ ਤੁਲਨਾ ਕਰਨੀ ਵੀ ਕੁਥਾਂ ਨਹੀਂ ਹੋਵੇਗਾ।
ਭਵਿੱਖੀ ਕਾਰਜ
ਬਿਨ੍ਹਾਂ ਸ਼ੱਕ, ਲੋਕ ਪੱਖੀ ਇਨਕਲਾਬੀ ਪ੍ਰਕਿਰਿਆ ਨੂੰ ਵੈਨੇਜ਼ੁਏਲਾ ’ਚ ਭਾਰੀ ਸੱਟ ਵੱਜੀ ਹੈ, ਪਰ ਰਾਜਸੱਤਾ ’ਤੇ ਇਸਦੀ ਪਕੜ ਕਾਇਮ ਹੈ। ਆਉਣ ਵਾਲਾ ਸਮਾਂ ਇਸਦੀ ਇਕਜੁੱਟਤਾ, ਰਣਨੀਤਕ ਕੌਸ਼ਲ ਤੇ ਸਿਰਜਣਾਤਮਕ ਸ਼ਕਤੀ ਦੀ ਪਰਖ ਦਾ ਵੇਲਾ ਹੋਵੇਗਾ। ਪਹਿਲਾਂ ਵੀ ਇਹ ਅਜਿਹੀਆਂ ਸਥਿਤੀਆਂ ਦਾ ਟਾਕਰਾ ਕਰਨ ਅਤੇ ਵੱਡੇ ਸੰਕਟਾਂ ਨੂੰ ਹੱਲ ਕਰਨ ਦੀ ਸਮਰੱਥਾ ਦਰਸਾਉਂਦਾ ਰਿਹਾ ਹੈ। ਸਮੁੱਚੀ ਦੁਨੀਆਂ ਦੇ ਲੋਕ ਪੱਖੀ, ਜਮਹੂਰੀਅਤ ਪਸੰਦ, ਅਮਨ ਪ੍ਰੇਮੀ ਆਵਾਮ ਦਾ ਇਹ ਪਲੇਠਾ ਤੇ ਅਹਿਮ ਫਰਜ਼ ਬਣਦਾ ਹੈ ਉਹ ਅਮਰੀਕੀ ਸਾਮਰਾਜ ਦੀ ਸਾਜਿਸ਼ੀ ਮਨਸੂਬਾਬੰਦੀ ਤੇ ਕੂੜ ਪ੍ਰਚਾਰ ਨੂੰ ਨੰਗਾ ਕਰਦਿਆਂ ਉਸ ਵਿਰੁੱਧ ਸੰਸਾਰਕ ਰਾਏਆਮਾ ਉਸਾਰਨ ਪੱਖੋਂ ਕੋਈ ਕਸਰ ਬਾਕੀ ਨਾ ਛੱਡਣ। ਇੰਜ ਕਰਕੇ ਹੀ ਤਾਕਤਾਂ ਦਾ ਸੰਤੁਲਨ ਵੈਨੇਜ਼ੁਏਲਾ ਤੇ ਉਸ ਵਰਗੇ ਅਮਰੀਕੀ ਮਾਰ ਹੇਠ ਆਏ ਤੀਜੀ ਦੁਨੀਆਂ ਦੇ ਹੋਰ ਦੇਸ਼ਾਂ ਦੇ ਲੋਕਾਂ ਦੇ ਪੱਖ ’ਚ ਕੀਤਾ ਜਾ ਸਕਦਾ ਹੈ। ਅਮਰੀਕਾ ਦੀਆਂ ਲੋਕ ਪੱਖੀ, ਜਮਹੂਰੀ ਤਾਕਤਾਂ ਦਾ ਵੀ ਇਸ ਦਿਸ਼ਾ ’ਚ ਉਚੇਚਾ ਮਹੱਤਵ ਹੈ ਤੇ ਉਨ੍ਹਾਂ ਦੀ ਵੀ ਡੂੰਘੀ ਭੂਮਿਕਾ ਬਣਦੀ ਹੈ।
ਇਨਕਲਾਬ ਕੋਈ ਵਿਅਕਤੀ ਕੇਂਦ੍ਰਿਤ ਸ਼ੁਗਲ ਨਹੀਂ ਸਗੋਂ ਇਕ ਸਮਾਜਿਕ ਪ੍ਰਕਿਰਿਆ ਤੇ ਜਨਤਕ ਵਰਤਾਰਾ ਹੈ। ਰਾਸ਼ਟਰਪਤੀ ਮਾਦੂਰੋ ਬੇਸ਼ੱਕ ਨਿਊਯਾਰਕ ਦੀ ਕਾਲ ਕੋਠੜੀ ’ਚ ਕੈਦ ਹਨ ਪਰ ਬੋਲੀਵਾਰੀਅਨ ਪ੍ਰੋਜੈਕਟ ਰਾਜਧਾਨੀ ਕਾਰਾਕਾਸ ਦੀਆਂ ਸੜਕਾਂ, ਦੇਸ਼ ਦੇ ਸ਼ਹਿਰਾਂ-ਕਸਬਿਆਂ, ਪਿੰਡਾਂ ਦੀਆਂ ਗਲੀਆਂ ਅਤੇ ਰਾਸ਼ਟਰਪਤੀ ਮਹਿਲ ਮੀਰਾਫਲੋਰਸ ਵਿਖੇ ਮੌਜੂਦ ਹੈ।
(20-1-2026)