Now Reading
ਆਰ.ਐਸ.ਐਸ. ਦੇ ਘਾਤਕ ਏਜੰਡੇ ਨੂੰ ਭਾਂਜ ਦੇਣ ਲਈ ਇਸ ਦੇ ਜਥੇਬੰਦਕ ਤਾਣੇ-ਬਾਣੇ ਦੀ ਥਾਹ ਪਾਉਣੀ ਜ਼ਰੂਰੀ!

ਆਰ.ਐਸ.ਐਸ. ਦੇ ਘਾਤਕ ਏਜੰਡੇ ਨੂੰ ਭਾਂਜ ਦੇਣ ਲਈ ਇਸ ਦੇ ਜਥੇਬੰਦਕ ਤਾਣੇ-ਬਾਣੇ ਦੀ ਥਾਹ ਪਾਉਣੀ ਜ਼ਰੂਰੀ!


(ਉੱਘੇ ਖੋਜਾਰਥੀ ਤੇ ਸਮਰੱਥ ਲੇਖਕ ਫੈਲਿਕਸ ਪਾਲ ਦੀ ਅਗਵਾਈ ਹੇਠਲੀ ਖੋਜੀਆਂ ਦੀ ਇਕ ਵੱਡੀ ਟੀਮ ਨੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਬਾਰੇ ਜ਼ਮੀਨੀ ਪੱਧਰ ’ਤੇ ਲਗਾਤਾਰ 6 ਸਾਲ ਡੂੰਘੀ ਘੋਖ-ਪੜਤਾਲ ਕੀਤੀ ਹੈ। ਸ਼੍ਰੀ ਫੈਲਿਕਸ ਪਾਲ ‘ਵੈਸਟਰਨ ਆਸਟਰੇਲੀਆ ਯੂਨੀਵਰਸਿਟੀ’ ਵਿਚ ਰਾਜਨੀਤੀ ਵਿਗਿਆਨ ਅਤੇ ਅੰਤਰ ਰਾਸ਼ਟਰੀ ਸੰਬੰਧਾਂ ਦੇ ਲੈਕਚਰਾਰ ਹਨ। ਉਨ੍ਹਾਂ ਦੀ ਉਕਤ ਖੋਜ ਦਾ ਨਤੀਜਾ ਅਤੇ ਸਾਰੇ ਤੱਥ ਤੇ ਅੰਕੜੇ ਫਰਾਂਸ ਦੀ ਖੋਜ ਸੰਸਥਾ “ਸਾਇੰਸ ਪਰੋ’’ ਕੋਲ ਸੁਰੱਖਿਅਤ ਸਾਂਭੇ ਪਏ ਹਨ। ਇਹ ਨਤੀਜੇ ਭਾਰਤ ਦੇ ਨਾਮਵਰ ਖੋਜੀ ਰਸਾਲੇ “ਦਿ ਕਾਰਵਾਂ ਮੈਗਜ਼ੀਨ’’ ’ਚ ਲੇਖ ਦੇ ਰੂਪ ’ਚ ਛੱਪ ਚੁੱਕੇ ਹਨ। ਅਸੀਂ ਉਸੇ ਵੱਡੇ ਲੇਖ ਦਾ ਸਾਰਤੱਤ ‘ਸੰਗਰਾਮੀ ਲਹਿਰ’ ਦੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ- ਸੰਪਾਦਕੀ ਮੰਡਲ)
ਸਾਥੀਓ, ‘ਰਾਸ਼ਟਰੀ ਸੋਇਮ ਸੇਵਕ ਸੰਘ’ (‘ਆਰ.ਐਸ.ਐਸ.’ ਜਾਂ ‘ਸੰਘ’) ਦੀ ਫਿਰਕੂ, ਜ਼ਹਿਰੀਲੀ ਵਿਚਾਰਧਾਰਾ ਤੇ ਘਾਤਕ ਏਜੰਡੇ ਦੀ ਗੱਲ ਕਰਦੇ ਹਾਂ। ਬਿਨ੍ਹਾਂ ਸ਼ੱਕ ਇਹ ਚਰਚਾ ਆਮ ਤੌਰ ’ਤੇ ਸੰਘ ਦੇ ਆਗੂਆਂ ਦੀਆਂ ਲਿਖਤਾਂ, ਬਿਆਨਾਂ ਜਾਂ ਅਧਿਕਾਰਤ ਦਸਤਾਵੇਜ਼ਾਂ ’ਤੇ ਅਧਾਰਤ ਹੁੰਦੀ ਹੈ। ਪਰ ਆਰ.ਐਸ.ਐਸ. ਜਾਂ ਸੰਘ ਦੇ ਜਥੇਬੰਦਕ ਤਾਣੇ-ਬਾਣੇ ਬਾਰੇ ਆਪਾਂ ਬੜਾ ਘੱਟ ਜਾਣਦੇ ਹਾਂ। ਕੇਵਲ ਐਨਾ ਕੁ ਹੀ ਪਤਾ ਹੈ ਕਿ ‘ਭਾਰਤੀ ਜਨਤਾ ਪਾਰਟੀ’, ‘ਵਿਸ਼ਵ ਹਿੰਦੂ ਪ੍ਰੀਸ਼ਦ’, ‘ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ’, ‘ਅਖਿਲ ਭਾਰਤੀਆ ਅਧਿਵਕਤਾ ਪ੍ਰੀਸ਼ਦ’, ‘ਭਾਰਤੀਆ ਮਜ਼ਦੂਰ ਸੰਘ’, ‘ਬਜਰੰਗ ਦਲ’, ‘ਸਵਦੇਸ਼ੀ ਜਾਗਰਣ ਮੰਚ’, ‘ਵਨਵਾਸੀ ਕਲਿਆਣ ਆਸ਼ਰਮ’, ‘ਵਿਦਿਆ ਭਾਰਤੀ’ ਆਦਿ ਨਾਵਾਂ ਵਾਲੀਆਂ ਤਕਰੀਬਨ ਤਿੰਨ ਕੁ ਦਰਜਨ (36) ਜਥੇਬੰਦੀਆਂ ਇਸ ਦੀ ਅਗਵਾਈ ਹੇਠ ਕਾਰਜਸ਼ੀਲ ਹਨ। ਪ੍ਰੰਤੂ 6 ਸਾਲਾਂ ਦੀ ਡੂੰਘੀ ਖੋਜ-ਪੜਤਾਲ ਰਾਹੀਂ ਭਾਰਤ ਤੇ ਵਿਦੇਸ਼ਾਂ ’ਚ ‘ਸੰਘ’ ਨਾਲ ਜੁੜੇ ਢਾਈ ਹਜ਼ਾਰ (2500) ਸੰਗਠਨਾਂ ਦੀ ਸ਼ਨਾਖਤ ਹੋਈ ਹੈ। ਦੂਜਾ ਮਹੱਤਵਪੂਰਨ ਨੁਕਤਾ ਇਹ ਕਿ ਸੰਘ ਕੋਈ ਸੂਚੀਬੱਧ (ਰਜਿਸਟਰਡ) ਸੰਸਥਾ ਨਹੀਂ ਹੈ, ਇਸ ਲਈ ਹਰ ਕਿਸਮ ਦੀ ਜਵਾਬਦੇਹੀ ਤੋਂ ਮੁਕਤ ਹੈ। ਪਰ, ਇਸ ਨੇ ਅਰਬਾਂ ਰੁਪਏ ਖਰਚ ਕਰਕੇ ਕੌਮੀ ਰਾਜਧਾਨੀ ਦਿੱਲੀ ਵਿਖੇ ‘ਕੇਸ਼ਵ ਕੁੰਜ’ ਨਾਂ ਦਾ ਆਲੀਸ਼ਾਨ ਦਫ਼ਤਰ ਕਿਵੇਂ ਉਸਾਰ ਲਿਆ? ਇਸ ਕੋਲ ਪੈਸਾ ਕਿੱਥੋਂ ਆਉਂਦਾ ਹੈ? ਇਸ ਬਾਰੇ ਖੋਜ-ਪੜਤਾਲ ’ਚ ਕੁੱਝ ਸੰਕੇਤ ਦਿੱਤੇ ਗਏ ਹਨ। ਬਹੁਤ ਸਾਰੀਆਂ ਉਹ ਜਥੇਬੰਦੀਆਂ, ਜੋ ‘ਸੰਘ’ ਨਾਲ ਆਪਣੇ ਸਬੰਧਾਂ ਦੀ ਪਰਦਾਪੋਸ਼ੀ ਕਰਦੀਆਂ ਹਨ, ਵੀ ਬੇਪਰਦ ਕੀਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਲੰਘੇ ਸਾਲ ਆਜ਼ਾਦੀ ਦਿਵਸ ਸਮਾਰੋਹਾਂ ਮੌਕੇ ਲਾਲ ਕਿਲ੍ਹੇ ਦੀ ਫਸੀਲ ਤੋਂ ਭਾਸ਼ਣ ਦਿੰਦਿਆਂ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਨ ਦੀ ਜਹਿਮਤ ਨਹੀਂ ਸੀ ਉਠਾਈ। ਇਸ ਦੀ ਬਜਾਏ ਉਨ੍ਹਾਂ ਨੇ ਸੰਵਿਧਾਨਕ ਮਰਿਆਦਾ ਤੇ ਸਥਾਪਿਤ ਲੋਕ ਰਾਜੀ ਪ੍ਰੰਪਰਾਵਾਂ ਦੀ ਸਰਾਸਰ ਉਲੰਘਣਾ ਕਰਦਿਆਂ ਆਪਣੇ ਪਿੱਤਰੀ ਸੰਗਠਨ ‘ਸੰਘ’ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਸਨ। ਉਨ੍ਹਾਂ ਨੇ ਤਾਂ ਸਫੈਦ ਝੂਠ ਬੋਲਦਿਆਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ‘ਸੰਘ’ ਸੰਸਾਰ ਦਾ ਸਭ ਤੋਂ ਵੱਡਾ ‘ਗੈਰ ਸਰਕਾਰੀ ਸੰਗਠਨ’ ਯਾਨਿ ‘ਐਨ.ਜੀ.ਓ.’ ਹੈ। ਪਰ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ, ਕਿਸੇ ਵੀ ‘ਐਨ.ਜੀ.ਓ.’ ਦੀ ਹੋਂਦ ਲਈ ਉਸ ਦਾ ਸੂਚੀਬੱਧ ਜਾਂ ਰਜਿਸਟਰਡ ਹੋਣਾ ਮੁੱਢਲੀ ਤੇ ਲਾਜ਼ਮੀ ਸ਼ਰਤ ਹੈ। ਪਰ ‘ਸੰਘ’ ਤਾਂ ਕਿਧਰੇ ਵੀ ਰਜਿਸਟਰਡ ਨਹੀਂ ਹੈ। ਕਿਉਂ? ਇਸ ਦਾ ਜਵਾਬ ਦੇਣਾ, ਸ਼੍ਰੀ ਮੋਦੀ ਜੀ ਤੇ ਨਾਗਪੁਰ ਵਿਚਲੇ ਉਨ੍ਹਾਂ ਦੇ ਵਿਚਾਰਧਾਰਕ ਆਕਾ ਮੁਨਾਸਿਬ ਨਹੀਂ ਸਮਝਦੇ। ਸੰਘ ਦੀ ਫੰਡਿੰਗ ਦਾ ਕੀ ਸ੍ਰੋਤ ਹੈ? ਆਮਦਨ-ਖਰਚ ਦਾ ਹਿਸਾਬ-ਕਿਤਾਬ ਕੌਣ ਰੱਖਦਾ ਹੈ? ਇਹ ਵੇਰਵਾ ਕਿੱਥੋਂ ਆਡਿਟ ਕਰਵਾਇਆ ਜਾਂਦਾ ਹੈ? ਇਨ੍ਹਾਂ ਸਵਾਲਾਂ ਦਾ ਵੀ ਸੰਘ-ਭਾਜਪਾ ਆਗੂ ਕਦੇ ਕੋਈ ਜਵਾਬ ਨਹੀਂ ਦਿੰਦੇ। ‘ਦਿ ਕਾਰਵਾਂ ਮੈਗਜ਼ੀਨ’ ਨੇ ਆਪਣੇ ਜੁਲਾਈ 2025 ਦੇ ਅੰਕ ’ਚ ਟਿੱਪਣੀ ਕੀਤੀ ਸੀ ਕਿ ‘ਸੰਘ ਦੀ ਕੋਈ ਹੋੰਦ ਨਹੀਂ-ਭਾਵ ਕਾਗਜਾਂ ’ਚ ਸੰਘ ਦਾ ਕੋਈ ਵਜ਼ੂਦ ਨਹੀਂ ਹੈ।’ ਸੰਘ ਪ੍ਰਮੁੱਖ (ਸਰਸੰਘ ਚਾਲਕ) ਮੋਹਨ ਭਾਗਵਤ ਤਾਂ ਇਹ ਵੀ ਕਹਿੰਦਾ ਹੈ ਕਿ ਸੰਘ ਨਾਲ ਜੁੜੇ ਸਾਰੇ ਸੰਗਠਨ ‘ਆਜ਼ਾਦ, ਖੁਦ ਮੁਖਤਿਆਰ ਤੇ ਸਵੈ ਨਿਰਭਰ ਹਨ!’’ ਹੱਥਲੀ ਖੋਜ ਰਾਹੀਂ ਇਸੇ ਤਰ੍ਹਾਂ ਦੇ ਕਈ ਝੂਠ ਬੇਪਰਦ ਕੀਤੇ ਗਏ ਹਨ। ਜਦਕਿ ‘ਸੰਘ’ ਦਾ ਵਿਚਾਰਕ ਕਹਾਉਂਦਾ, ਰਾਜ ਸਭਾ ਦਾ ਸਾਬਕਾ ਮੈਂਬਰ ਸ਼੍ਰੀ ਰਾਕੇਸ਼ ਸਿਨਹਾ 2019 ’ਚ ਲਿਖੀ ਆਪਣੀ ਕਿਤਾਬ ‘ਸੰਘ ਨੂੰ ਸਮਝੀਏ’ ’ਚ ਵੱਖੋ-ਵੱਖ ਸੰਗਠਨਾਂ ਨੂੰ ਸੰਘ ਨਾਲ ਅਲਹਾਕਬੱਧ (ਏਫੀਲੀਏਟਡ), ਇਸ ਦੇ ਅੰਗ (ਔਰਗਨਜ਼), ਮੰਚ (ਫਰੰਟ) ਜਾਂ ਔਲਾਦ ਦਾ ਨਾਂ ਦਿੰਦਾ ਹੋਇਆ ਇਹ ਤਸਲੀਮ ਕਰਦਾ ਹੈ ਕਿ ਇਹ ਸਭ ਸੰਗਠਨ ਸੰਘ ਨਾਲ ਸਬੰਧਤ ਹਨ। ਜਦਕਿ ਰਤਨ ਸ਼ਾਰਦਾ, ਸਾਲ ਕੁ ਪਹਿਲਾਂ ਛਪੀ ਆਪਣੀ ਕਿਤਾਬ, ‘ਆਰ.ਐਸ.ਐਸ. 360 : ਸੰਘ ਦੀ ਸਪੱਸ਼ਟਤਾ’ ’ਚ ਇਨ੍ਹਾਂ ਜਥੇਬੰਦੀਆਂ ਨੂੰ ‘ਸੰਘ ਪ੍ਰੇਰਤ’, ‘ਪ੍ਰਾਜੈਕਟ’, ‘ਭਾਰਤੀ ਜਥੇਬੰਦੀਆਂ’, ‘ਸੰਘ ਨਾਲ ਸਬੰਧਤ ਜਥੇਬੰਦੀਆਂ’, ‘ਸਹਾਇਕ ਜਥੇਬੰਦੀਆਂ’ ਤੇ ‘ਅਲਹਾਕ ਸ਼ੁਦਾ’ ਆਦਿ ਨਾਂ ਦਿੰਦਾ ਹੈ। ਇਹ ਸੰਘ ਦੁਆਰਾ ਚਲਾਈਆਂ ਜਾਂਦੀਆਂ ਹਨ। ਇਹ ਸਾਰਾ ਕੁੱਝ ਅਨਿਸ਼ਚਿਤਤਾ ਤੇ ਭੰਬਲਭੂਸਾ ਪਾਉਣ ਲਈ ਜਾਣ-ਬੁੱਝ ਕੇ ਕੀਤਾ ਜਾਂਦਾ ਹੈ।
ਸੰਘ ਅਜਿਹਾ ਕਿਉਂ ਕਰਦਾ ਹੈ? ਕਿਉਂਕਿ ਕੁੱਝ ਜਥੇਬੰਦੀਆਂ ਤੋਂ ਰੱਖੀ ਜਾਂਦੀ ਯੁੱਧਨੀਤਕ ਦੂਰੀ ਦੇ ਅਨੇਕਾਂ ਫਾਇਦੇ ਹਨ। ਇੰਜ ਕਰਕੇ ਸੰਘ ਕਿਸੇ ਵੀ ਕਾਨੂੰਨੀ ਜਾਂ ਆਰਥਿਕ ਛਾਣ-ਬੀਣ ਤੋਂ ਬਚਿਆ ਰਹਿੰਦਾ ਹੈ। ਆਪਣਾ ਕੰਮ ਕਿਸੇ ਨੂੰ ਸੌਂਪ ਕੇ ਗਲਤ ਹੋਣ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਸਕਦਾ ਹੈ ਜਾਂ ਇਨਕਾਰ ਕਰਕੇ ਸਾਰ ਸਕਦਾ ਹੈ। ਵੱਖੋ-ਵੱਖ ਲੋਕਾਂ ਨੂੰ ਇਕੋ ਸਮੇਂ ਆਪਾ-ਵਿਰੋਧੀ ਸੁਨੇਹੇ ਦੇ ਸਕਦਾ ਹੈ। ਆਪਣੇ ਤਾਣੇ-ਬਾਣੇ ਨੂੰ ਛੁਪਾ ਕੇ ਰੱਖ ਸਕਦਾ ਹੈ। ਲੋੜ ਪੈਣ ’ਤੇ ਝੂਠ ਬੋਲਣ ਰਾਹੀਂ ਆਪਣੀ ਹੋਂਦ ਵਧਾ-ਚੜ੍ਹਾ ਕੇ ਦੱਸ ਸਕਦਾ ਹੈ। ਯਾਦ ਕਰੋ, 12 ਫਰਵਰੀ 2018 ਨੂੰ ਮੋਹਨ ਭਾਗਵਤ ਨੇ ਇਕ ਅਜੇਹੀ ਹੀ ਫੜ੍ਹ ਮਾਰੀ ਸੀ। ‘ਜੇ ਸੰਵਿਧਾਨ ਆਗਿਆ ਦੇਵੇ ਤੇ ਦੇਸ਼ ਨੂੰ ਲੋੜ ਹੋਏ ਤਾਂ ‘ਸੰਘ’ ਕੇਵਲ ਤਿੰਨ ਦਿਨਾਂ ’ਚ ਫੌਜ ਤਿਆਰ ਕਰਕੇ ਸਰਹੱਦਾਂ ’ਤੇ ਜਾਂ ਹੋਰ ਨਾਜ਼ੁਕ ਥਾਵਾਂ ’ਤੇ ਤਾਇਨਾਤ ਕਰ ਸਕਦਾ ਹੈ।’ ਜਦਕਿ ਫੌਜ ਦੇ ਜਾਣਕਾਰਾਂ ਨੂੰ ਪਤਾ ਹੈ ਕਿ ਕੋਈ ਵੀ ਫੌਜ ਤਿਆਰ ਕਰਨ ਲਈ ਘੱਟੋ-ਘੱਟ 6-7 ਮਹੀਨੇ ਦਾ ਸਮਾਂ ਲੋੜੀਂਦਾ ਹੈ। ਪਰ ਸੰਘ ਨਾ ਤਾਂ ਅਨੰਤ ਹੈ ਤੇ ਨਾ ਹੀ ਅਗਿਆਤ ਹੈ।
ਸੰਘ ਦੀਆਂ ਜਥੇਬੰਦੀਆਂ ਦੇ ਆਪਸੀ ਜੁੜਾਓ ਨੂੰ ਸਮਝਣ ਲਈ ਖੋਜੀਆਂ ਨੇ ਜੰਮੂ ਦੇ ਗੁਆਂਢ ’ਚ ਅੰਫਾਲਾ ਵਿਚਲੇ ਇਕ ਪਤੇ ’ਤੇ 21 ਸੰਗਠਨਾਂ ਦੇ ਦਫਤਰ ਲੱਭੇ ਹਨ, ਜੋ ਚਾਰ ਹੈਕਟੇਅਰ ਯਾਨਿ ਲੱਗਭਗ 10 ਏਕੜ ’ਚ ਬਣੇ ਹੋਏ ਹਨ। ਇਹ ਜ਼ਮੀਨ, ਜੰਮੂ-ਕਸ਼ਮੀਰ ਦੇ ਡੋਗਰਾ ਹਾਕਮ ਪ੍ਰਤਾਪ ਸਿੰਘ ਨੂੰ ਕਿਸੇ ਚੰਪਾ ਨਾਥ ਨੇ 1916 ’ਚ ਵੈਦਿਕ ਸਿੱਖਿਆ ਲਈ ਦਾਨ ਵਜੋਂ ਦਿੱਤੀ ਸੀ। ਨਾਲ ਹੀ ਮੰਦਰ ਬਨਾਉਣ ਲਈ 10 ਹਜ਼ਾਰ ਰੁਪਏ ਵੀ ਦਿੱਤੇ ਸਨ। ਮੰਦਰ ਦਾ ਪ੍ਰਬੰਧ ਦੇਖਦੀ ‘ਵੇਦ ਮੰਦਰ ਕਮੇਟੀ’ ਮਈ 1964 ’ਚ ਰਜਿਸਟਰ ਹੋਈ ਸੀ। ਇਨ੍ਹਾਂ ਜਥੇਬੰਦੀਆਂ ’ਚ ‘ਬਿ੍ਰਧ ਆਸ਼ਰਮ’, ‘ਗਊ ਰੱਖਿਆ ਸੰਮਤੀ’ (ਗਊਸ਼ਾਲਾ), ‘ਸ਼ਾਂਤੀ ਸਾਧਨਾ ਆਸ਼ਰਮ’, ‘ਜੈ ਕਾਰਗਿਲ ਕੋਸ਼ ਟਰੱਸਟ’, ‘ਦਿਸ਼ਾ ਛਾਤਰਵਾਸ’ (ਹੋਸਟਲ) ‘ਵੇਦ ਮੰਤਰ ਬਾਲ ਨਿਕੇਤਨ’ (ਲੜਕੇ-ਲੜਕੀਆਂ ਲਈ ਵੱਖੋ-ਵੱਖ) ‘ਵੇਦ ਮੰਦਰ ਪਾਠਸ਼ਾਲਾ’, ‘ਹੋਮਿਓਪੈਥਿਕ ਡਿਸਪੈਂਸਰੀ’, ‘ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ’, ‘ਭਾਰਤੀਆ ਸਿਕਸ਼ਾ ਸੰਮਤੀ’, ‘ਸੇਵਾ ਭਾਰਤੀ’, ‘ਕੇਸਰ ਬੇਨ ਵੇਲਜੀ ਪੋਪਣ ਭਵਨ’ (ਯਤੀਮ ਲੜਕੀਆਂ ਲਈ) ‘ਪੂਰਵ ਸੈਨਿਕ ਸੇਵਾ ਪ੍ਰੀਸ਼ਦ’, ‘ਜਨਕ ਮਦਨ ਗਰਲਜ਼ ਹੋਸਟਲ’, ‘ਮਾਤਾ ਵੈਸ਼ਨੋ ਲੋਕ ਕਲਿਆਣ ਸੰਸਥਾ’, ‘ਭਾਰਤ ਵਿਕਾਸ ਪ੍ਰੀਸ਼ਦ’, ‘ਮਹਾਰਾਜਾ ਪ੍ਰਤਾਪ ਸਿੰਘ ਵੇਦ ਵਿਦਿਆਲਿਆ’ ਵਗੈਰਾ ਸ਼ਾਮਲ ਹਨ। ਉਪਰੋਂ ਦੇਖਿਆਂ ਲੱਗਦਾ ਹੈ ਕਿ ਇਹ ਸਾਰੇ ਅਦਾਰੇ ਸਿਰਫ ‘ਸੇਵਾ’ ਜਾਂ ‘ਮਾਨਵ ਕਲਿਆਣ’ ਲਈ ਬਣੇ ਹਨ। ਪਰ ਛਾਣਬੀਣ ਤੋਂ ਸਿੱਧ ਹੋਇਆ ਹੈ ਕਿ ਇਨ੍ਹਾਂ ਸਾਰੇ ਸੰਗਠਨਾਂ ਦੇ ਅਹੁਦੇਦਾਰ ਸਾਂਝੇ ਹਨ। ਇਨ੍ਹਾਂ ਦੇ ਸਬੰਧ ਜੰਮੂ ਤੋਂ ਬਾਹਰ ਪੂਨੇ ਤੱਕ, ਇੱਥੋਂ ਤੱਕ ਕਿ ਭਾਰਤ ਤੋਂ ਬਾਹਰ ਵੀ ਹਨ। ਪੂਨੇ ਸਥਿਤ ‘ਮਹਾਰਿਸ਼ੀ ਵੇਦ ਵਿਆਸ ਪ੍ਰਤਿਸ਼ਠਾਨ’ ਨੇ ਹੀ ‘ਮਹਾਰਾਜਾ ਪ੍ਰਤਾਪ ਸਿੰਘ ਵੇਦ ਵਿਦਿਆਲਿਆ’ ਸਥਾਪਤ ਕੀਤਾ ਸੀ। ਇਸਦਾ ਸੰਸਥਾਪਕ ਗੋਬਿੰਦ ਦੇਵ ਗਿਰੀ ਸੰਘ ਦਾ ਮੈਂਬਰ ਹੈ ਤੇ ‘ਵਿਸ਼ਵ ਹਿੰਦੂ ਪ੍ਰੀਸ਼ਦ’ ਦੇ ਅਧੀਨ ਚੱਲਦੇ ‘ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰੱਸਟ’ ਦਾ ਖਜ਼ਾਨਚੀ ਹੈ। ਉਹ ਨਾਗਪੁਰ ਸਥਿਤ ‘ਮਾਧਵ ਨੇਤਰਾਲਿਆ’ ਦੇ ਸਲਾਹਕਾਰ ਬੋਰਡ ਦਾ ਵੀ ਮੈਂਬਰ ਹੈ। ਦੱਸ ਦੇਈਏ ‘ਮਾਧਵ’ ਸ਼ਬਦ, ਆਰ.ਐਸ.ਐਸ. ਦੇ ਦੂਜੇ ਪ੍ਰਮੁੱਖ ਮਾਧਵ ਸਦਾਸ਼ਿਵ ਗੋਲਵਾਲਕਰ ਦੇ ਨਾਂ ’ਚੋਂ ਲਿਆ ਗਿਆ ਹੈ।
‘ਕੇਸਰ ਬੇਨ ਵੇਲਜੀ ਪੋਪਟ ਭਵਨ’ ਅਮਰੀਕਾ ’ਤੇ ਆਧਾਰਤ ਸੰਸਥਾ ‘ਇੰਡੀਆ ਡਿਵੈਲਪਮੈਂਟ ਅਤੇ ਰਿਲੀਫ ਫੰਡ’ ਦੀ ਇਮਦਾਦ ਨਾਲ ਉਸਾਰਿਆ ਗਿਆ ਹੈ। ਇਹ ਸੰਸਥਾ ਵੀ ਲੰਮੇ ਸਮੇਂ ਤੋਂ ‘ਸੰਘ’ ਨਾਲ ਜੁੜੀ ਹੋਈ ਹੈ। ਇਸ ਭਵਨ ਦੀ ਉਸਾਰੀ ਲਈ ਵਿਸ਼ਵ ਹਿੰਦੂ ਪ੍ਰੀਸ਼ਦ (ਵੀ ਐਚ.ਪੀ.) ਦੀ ਅਮਰੀਕਾ ਸ਼ਾਖਾ ਨੇ ਵੀ ਫੰਡ ਭੇਜੇ ਹਨ। ‘ਜਨਕ ਮਦਨ ਗਰਲਜ ਹੋਸਟਲ’ ਨੂੰ ‘ਸੇਵਾ ਇੰਟਰਨੈਸ਼ਨਲ’ ਦੀ ਕੈਨੇਡਾ ਸ਼ਾਖਾ ਨੇ ਸਪਾਂਸਰ ਕੀਤਾ ਹੈ। ਇਕ ਛੋਟੇ ਜਿਹੇ ਹੋਸਟਲ ਨੂੰ ਚਲਾਉਣ ਲਈ ਸਰਸੰਘਚਾਲਕ ਦੀ ਭੂਮਿਕਾ ਦੱਸਦੀ ਹੈ ਕਿ ਇਹ ਜਥੇਬੰਦੀਆਂ ਕੋਈ ਬਾਹਰੀ ਘੇਰੇ ਦੀਆਂ ਨਹੀਂ ਹਨ, ਬਲਕਿ ਇਨ੍ਹਾਂ ਦੇ ਜਰੀਏ ਸੰਘ ਆਪਣਾ ਵਿਸਤਾਰ ਕਰਦਾ ਹੈ। ‘ਸੰਘ’ ਦੀਆਂ ਪ੍ਰਕਾਸ਼ਨਾਵਾਂ ‘ਕੇਸ਼ਵ ਭਵਨ’ ਦੇ ਨਾਂਅ ਹੇਠ ਛੱਪਦੀਆਂ ਹਨ। ‘ਸੰਘ’ ਦਾ ਪਹਿਲਾ ਮੁਖੀ ਕੇਸ਼ਵ ਬਲੀਰਾਮ ਹੈਡਗੇਵਾਰ ਸੀ। ਕੇਸ਼ਵ ਭਵਨ, ਵੇਦ ਮੰਦਰ ’ਚ ਬੜੇ ਉੱਚ ਪੱਧਰ ਦੇ ਸੁਰੱਖਿਆ ਇੰਤਜ਼ਾਮਾਤ ਹਨ ਤੇ ਮੋਹਨ ਭਾਗਵਤ ਸਮੇਤ ‘ਸੰਘ’ ਦੇ ਬਹੁਤੇ ਆਗੂ ਲੋੜ ਪੈਣ ’ਤੇ ਇੱਥੇ ਹੀ ਠਹਿਰਦੇ ਹਨ। ‘ਸੰਘ’ ਦੀਆਂ ਅਕਸਰ ਜਾਣੀਆਂ ਜਾਂਦੀਆਂ ਜਥੇਬੰਦੀਆਂ ਦੀਆਂ ਬੰਦ ਕਮਰਾ ਮੀਟਿੰਗਾਂ ਵੀ ਇੱਥੇ ਹੀ ਹੁੰਦੀਆਂ ਹਨ। ਜਦੋਂ ਇਸ ਬਾਬਤ ਕੁਝ ਪੁੱਛਿਆ ਜਾਂਦਾ ਹੈ ਤਾਂ ਸੰਘ ਦੇ ਅਹੁਦੇਦਾਰ ਹਿੰਦੂਤਵੀ ਰਾਸ਼ਟਰਵਾਦ ਤੇ ਸਮਾਜ ਸੇਵਾ ਨੂੰ ਸਮਰਪਿਤ ਇਕੋ ਜਿਹੇ ਵਿਚਾਰਾਂ ਵਾਲੀਆਂ ਜਥੇਬੰਦੀਆਂ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਹੈ। ਇਨ੍ਹਾਂ 21 ’ਚੋਂ 7 ਜਥੇਬੰਦੀਆਂ ਹਮਦਰਦ ਟਰੱਸਟਾਂ ਕੋਲੋਂ ਜਾਂ ਕਾਰਪੋਰੇਟਾਂ ਕੋਲੋ ਦਾਨ ਲੈਂਦੀਆਂ ਹਨ। ਜਦਕਿ ਬਾਕੀ ਦੀਆਂ ਵਿਦੇਸ਼ਾਂ ਤੋਂ ‘ਐਫ.ਸੀ.ਆਰ. ਏ 2010’ ਅਧੀਨ ਫੰਡ ਲੈਂਦੀਆਂ ਹਨ।
ਖੋਜੀਆਂ ਨੇ ਸੰਘ ਦੇ ਦਸਤਾਵੇਜ਼ਾਂ ’ਤੇ ਟਿਕਾਣਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਹੈ। ਪਤਾ ਲੱਗਿਆ ਹੈ ਕਿ ‘ਸੰਘੀ ਸੰਗਠਨਾਂ’ ਤੇ ਇਨ੍ਹਾਂ ਦੇ ਦਫ਼ਤਰਾਂ ਦਾ ਜੰਮੂ ਵਰਗਾ ਹੀ ਨੈਟਵਰਕ ਘੱਟੋ-ਘੱਟ 46 ਹੋਰ ਪ੍ਰਾਂਤਾਂ ’ਚ ਵੀ ਹੈ। ਇਨ੍ਹਾਂ ਦਾ ਪ੍ਰਬੰਧਕੀ ਢਾਂਚਾ ਵੀ ਇਕੋ ਜਿਹਾ ਹੀ ਹੈ। ਹਰ ਜਗ੍ਹਾ ਪ੍ਰਚਾਰਕ, ਫੇਰ ਕਾਰਿਆਵਾਹ (ਜਨਰਲ ਸਕੱਤਰ) ਫੇਰ ਸੰਘਚਾਲਕ (ਕੋਆਰਡੀਨੇਟਰ) ਨਿਯੁਕਤ ਕੀਤੇ ਜਾਂਦੇ ਹਨ। ਹਰ ਪ੍ਰਾਂਤ ਦੀਆਂ ਆਪੋ-ਆਪਣੀਆਂ ਸਬੰਧਤ ਜਥੇਬੰਦੀਆਂ ਹਨ। ਜਿਵੇਂ ਦੇਸ਼ ਭਰ ’ਚ ਜਾਣੀ ਜਾਂਦੀ ਵਿਦਿਆ ਭਾਰਤੀ ਦਾ ਨਾਂ ਪੰਜਾਬ ’ਚ ‘ਸਰਵ ਹਿਤਕਾਰੀ ਸ਼ਿਕਸ਼ਾ ਸੰਮਤੀ’ ਰੱਖ ਲੈਂਦੇ ਹਨ। ਇਉਂ ਹੀ ਕਰਨਾਟਕ ’ਚ ‘ਸੇਵਾ ਭਾਰਤੀ’ ਦਾ ਨਾਂ ‘ਹਿੰਦੂ ਸੇਵਾ ਪ੍ਰਤਿਸ਼ਠਾਨ’ ਤੇ ਝਾਰਖੰਡ ’ਚ ‘ਵਣਵਾਸੀ ਕਲਿਆਣ ਆਸ਼ਰਮ’ ਦਾ ਨਾਂ ‘ਵਣਵਾਸੀ ਕਲਿਆਣ ਪ੍ਰੀਸ਼ਦ’ ਰੱਖ ਲੈਂਦੇ ਹਨ। ਹਰੇਕ ਜਥੇਬੰਦੀ ਨੂੰ ਆਪਣੇ ਅਧੀਨ ਹੋਰ ਜਥੇਬੰਦੀਆਂ ਤੇ ਅੱਗੋਂ ਉਨ੍ਹਾਂ ਜਥੇਬੰਦੀਆਂ ਨੂੰ ਵੀ ਆਪਣੇ ਅਧੀਨ ਹੋਰ ਜਥੇਬੰਦੀਆਂ ਬਣਾਉਣ ਲਈ ਕਿਹਾ ਜਾਂਦਾ ਹੈ। ਇਹ ਰਾਜਸੀ ਢਾਂਚੇ ਤੋਂ ਬਿਲਕੁਲ ਵੱਖਰਾ ਢਾਂਚਾ ਹੈ। ਸੰਘ ਦੇ ‘ਥਿੰਕ ਟੈਂਕ’ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਪਹਿਲਾਂ ਹੀ ਹੋਂਦ ’ਚ ਆ ਚੁੱਕੀਆਂ ਜਥੇਬੰਦੀਆਂ ਦੀ ਬਜਾਏ ਨਵੀਆਂ ਜਥੇਬੰਦੀਆਂ ਬਣਾ ਕੇ ਵਧੇਰੇ ਤੋਂ ਵਧੇਰੇ ਜਥੇਬੰਦਕ ਪਸਾਰ ਕੀਤਾ ਜਾਵੇ।
ਕੌਮਾਂਤਰੀ ਪਸਾਰ ਤੇ ਬੇਸ਼ੁਮਾਰ ਫੰਡਾਂ ਦੀ ਖੇਡ
ਪਸਾਰ ਦਾ ਉਕਤ ਢੰਗ ਵਿਦੇਸ਼ਾਂ ’ਚ ਵੀ ਅਪਣਾਇਆ ਜਾਂਦਾ ਹੈ। ਅਮਰੀਕੀ ਸ਼ਹਿਰ ਹਾਊਸਟਨ, ਜਿੱਥੇ ‘ਹਾਊਡੀ ਮੋਦ’ ਨਾਮੀ ਆਯੋਜਨ ਕੀਤਾ ਗਿਆ ਸੀ ਤੇ ਮੋਦੀ ਨੇ ਸਟੇਜ ਤੋਂ ‘ਅਬਕੀ ਬਾਰ ਟਰੰਪ ਸਰਕਾਰ’ ਦਾ ਨਾਹਰਾ ਲਾਇਆ ਸੀ, ਵਿਖੇ ਸੰਘ ਨਾਲ ਜੁੜੇ ਭਟੂਦਾ ਪਰਿਵਾਰ ਦੇ ਕਾਰੋਬਾਰ ‘ਸਟਾਰ ਪਾਈਪ ਪ੍ਰੋਡਕਟਸ’ ਦਾ ਗੁਦਾਮ ਹੈ। ਇਸ ਨੂੰ ‘ਕੇਸ਼ਵ ਸਿਮਰਤੀ’ ਵੀ ਕਿਹਾ ਜਾਂਦਾ ਹੈ। ਸੰਘ ਦੇ ਕਿਤਾਬਚਿਆਂ ’ਚ ‘ਕੇਸ਼ਵ ਸਿਮਰਤੀ’ ਸੰਘ ਦੀ ਵਿਦੇਸ਼ੀ ਬਰਾਂਚ ‘ਹਿੰਦੂ ਸੋਇਮ ਸੇਵਕ ਸੰਘ’(‘ਐਚ.ਐਸ ਐਸ’) ਦਾ ਦਫ਼ਤਰ ਵੀ ਹੈ। ਰਮੇਸ਼ ਭਟੂਦਾ ਲੰਬੇ ਸਮੇਂ ਤੋਂ ‘ਐਚ.ਐਸ.ਐਸ.’ ਦਾ ਉਪ ਪ੍ਰਧਾਨ ਹੈ। ਅਮਰੀਕਾ ਦੀ ਵੀ.ਐਚ.ਪੀ. ਦੀ ਆਨਲਾਈਨ ਡਾਇਰੈਕਟਰੀ ਵਿਚ ਵੀ ਉਸਦਾ ਇਹੀ ਪਤਾ ਹੈ। ਹੁਣ ਸਵਾਲ ਉਠਦਾ ਹੈ ਕਿ ਕੀ ਐਚ.ਐਸ.ਐਸ. ਤੇ ਅਮਰੀਕਾ ਦੀ ਵੀ, ਐਚ.ਪੀ. ਅੱਡੋ-ਅੱਡ ਸੰਗਠਨ ਮੰਨੇ ਜਾਣ? ਤਸਵੀਰ ਹੋਰ ਵੀ ਗੁੰਝਲਦਾਰ ਹੈ। ਉਪਰੋਕਤ “# 4018, ਵੈਸਟ ਹਾਲੋ ਪਾਰਕਵੇਅ’’ ਅੱਧੀ ਦਰਜਨ ਹੋਰ ਜਥੇਬੰਦੀਆਂ ਦਾ ਵੀ ਪਤਾ ਹੈ। ਜਿਵੇਂ ‘ਸਵੈਸਾ’ ਜੋ ਮੋਦੀ ਨਾਲ ਨੇੜਿਓਂ ਜੁੜੇ ਰਮੇਸ਼ ਭੁਟਾਡਾ ਦੀ ਸਹਿ ਸਥਾਪਨਾ ਵਾਲੀ ਯੋਗਾ ਸੰਸਥਾ ਹੈ। ਇਸੇ ਤਰ੍ਹਾਂ ‘ਗਰੇਟਰ ਹਾਊਸਟਨ ਦੇ ਹਿੰਦੂ’ ਨਾਂ ਦੀ ਸਥਾਨਕ ਜਥੇਬੰਦੀ, ਜਿਸ ਰਾਹੀਂ ਸੰਘ ਦੇ ਨਿਵੇਦਿਤਾ ਭਿਡੇ ਵਰਗੇ ਸਪੀਕਰ ਭਾਸ਼ਣ ਕਰਦੇ ਹਨ ਅਤੇ ਐਚ.ਐਸ.ਐਸ. ਵਲੋਂ ਗੁਪਤ ਤੌਰ ’ਤੇ ਚਲਾਈ ਜਾਂਦੀ ‘ਸੇਵਾ ਇੰਟਰਨੈਸ਼ਨਲ’, ਜੋ ਅਣਜਾਣੇ ਲੋਕਾਂ ਤੋਂ ਮਿਲੀਅਨ ਡਾਲਰ ਦਾਨ ਲੈਂਦੀ ਹੈ, ਦਾ ਵੀ ਇਹੋ ਪਤਾ ਹੈ। ਇਸ ਸੰਸਥਾ ਨੇ ਟਵਿੱਟਰ ਦੇ 2015 ਤੋਂ 2021 ਤੱਕ ਸੀ.ਈ.ਓ. ਰਹੇ ਜੈ ਡੋਰਸੀ ਤੋਂ 2021 ਵਿਚ 2.5 ਮਿਲੀਅਨ (25 ਲੱਖ) ਅਮਰੀਕਨ ਡਾਲਰ ਦੀ ਗਰਾਂਟ ਲਈ ਸੀ। ਇਨ੍ਹਾਂ ਫੰਡਾਂ ਨੂੰ ਇਹ ਸੰਸਥਾ ਭਾਰਤ ਭੇਜਦੀ ਹੈ।
ਇੰਨਾ ਹੀ ਨਹੀਂ, ਭੂਟਾਡਾ ਵਾਲਿਆਂ ਦੀ ਗੁਜਰਾਤ ਦੇ ਰਾਜਕੋਟ ਵਿਚਲੀ ‘ਸਟਾਰ ਪਾਈਪ ਫਾਊਂਡਰੀ’ ਸੰਘ ਦੇ ਥਿੰਕ- ਟੈਂਕ ‘ਵਿਜ਼ਨ ਇੰਡੀਆ ਫਾਊਂਡੇਸ਼ਨ’ ਦੀ ਵੀ ਸਪਾਂਸਰ ਹੈ। ਹੁਣ ਇਹ ਫਾਊਂਡੇਸ਼ਨ ਆਪਣਾ ਨਵਾਂ ਨਾਂ ‘ਰਿਸ਼ੀਹੁੱਡ ਯੂਨੀਵਰਸਿਟੀ’ ਰੱਖ ਕੇ ‘ਇੰਟੈਗਰਲ ਇਨਸਾਨੀ ਪਹਿਲ ਕਦਮੀ’ ਦੇ ਨਾਂ ਤੇ ਦੀਨ ਦਿਆਲ ਉਪਧਿਆਏ ਦਾ ਮਿਸ਼ਨ ਅੱਗੇ ਵਧਾਵੇਗੀ। ਭੂਟਾਡਾ ਪਰਿਵਾਰ ਦਾ ਪੈਸਾ ‘ਹਿੰਦੂ ਅਮਰੀਕਨ ਪੋਲੀਟਕਲ ਐਕਸ਼ਨ ਕਮੇਟੀ’, ਜੋ ਅੱਗੋਂ ‘ਹਿੰਦੂ ਅਮਰੀਕਨ ਫਾਊਂਡੇਸ਼ਨ’ ਰਾਹੀਂ ਸੰਘ ਲਈ ਸਮਰਥਨ ਜੁਟਾਉਂਦੀ ਹੈ, ਦੇ ਜਰੀਏ ਅਮਰੀਕੀ ਰਾਜਨੀਤੀ ’ਚ ਵੀ ਝੋਕਿਆ ਜਾਂਦਾ ਹੈ। ਰਮੇਸ਼ ਭੂਟਾਡਾ ਦਾ ਪੁੱਤਰ ਰਿਸ਼ੀ ਤੇ ਉਸਦੀ ਕਜ਼ਨ ਕਵਿਤਾ ਪਲੋਡ ਇਸ ਫਾਊਂਡੇਸ਼ਨ ਦੇ ਬੋਰਡ ਦੇ ਮੈਂਬਰ ਹਨ। ਰਮੇਸ਼ ਖ਼ੁਦ ਵੀ ਬਾਬਾ ਰਾਮਦੇਵ ਦੀ ‘ਪਤੰਜਲੀ ਯੋਗਪੀਠ’ ਅਤੇ ਅੱਤ ਦਰਜ਼ੇ ਦੀ ਕੱਟੜ ਹਿੰਦੂ ਸੁਪਰਮੇਸੀ ਵਾਲੀ ਵਿਚਾਰਕ ਸਾਧਵੀ ਰਿਤੰਬਰਾ ਲਈ ਫੰਡ ਮੁਹੱਈਆ ਕਰਾਉਂਦੀ ‘ਪਰਮ ਸ਼ਕਤੀ ਪੀਠ’ ਨਾਲ ਜੁੜਿਆ ਹੋਇਆ ਹੈ। ਇਹ ਸੰਘ ਦੇ ਕੰਮਾਂ ਨੂੰ ਨਵੀਆਂ ਥਾਵਾਂ ਤੇ ਫੈਲਾਉਣ ਲਈ ਭਾਰਤ ਆ ਕੇ ਕਈ ਟਰੇਨਿੰਗ ਕੈਂਪ ਲਾ ਚੁੱਕਾ ਹੈ।
ਲਗਭਗ 25 ਸਾਲ ਵਿਵੇਕਾਨੰਦ ਕੇਂਦਰ ਦੀ ਅਗਵਾਈ ਕਰਨ ਵਾਲੇ ਪੀ. ਪਰਮੇਸ਼ਵਰਨ ਨੇ ਕੇਰਲਾ ਵਿਖੇ ਸੰਘ ਦੇ ਪਰਚੇ ‘ਕੇਸਰੀ’ ਦੀ ਅਗਵਾਈ ਹੇਠ ਸੂਬੇ ਦੀ ਰਾਜਧਾਨੀ ਤਿਰੁਵਨੰਥਾਪੁਰਮ ’ਚ ‘ਭਾਰਤੀਆ ਵਿਚਾਰ ਕੇਂਦਰ’ ਅਤੇ ਤ੍ਰੈਮਾਸਕ ਮੈਗਜੀਨ ‘ਪ੍ਰਗਤੀ’ ਤੇ ‘ਅੰਤਰ ਰਾਸ਼ਟਰੀ ਭਾਰਤੀ ਹੈਰੀਟੇਜ ਫੋਰਮ’ ਨਾਂ ਦੇ ਥਿੰਕ ਟੈਂਕ ਦੀ ਸਥਾਪਨਾ ਕੀਤੀ ਹੈ। ਕੇਰਲਾ ’ਚ ਭਗਵਤ ਗੀਤਾ ਦੇ ਪ੍ਰਚਾਰ ਲਈ ਉਸਨੇ ‘ਗੀਤਾ ਸਵੈ ਅਧਿਆਏ ਸਮਿਤੀ’ ਵੀ ਗਠਤ ਕੀਤੀ ਹੈ।
ਸੰਘ ਵੱਲੋਂ, ਬੇਸ਼ਕ ਵਾਰ-ਵਾਰ ਇਹ ਕਿਹਾ ਜਾਂਦਾ ਹੈ ਕਿ ਸਭ ਸੰਸਥਾਵਾਂ ਆਜ਼ਾਦ ਹਨ, ਪਰ ਇਹ ਸਭ ਰਾਜਸੀ ਇਕਾਈ ਵਜੋਂ ਅੰਦਰੂਨੀ ਪ੍ਰਕਾਸ਼ਨਾਵਾਂ ਰਾਹੀਂ ਪੂਰੀ ਤਰ੍ਹਾਂ ਜੁੜੀਆਂ ਹੋਈਆਂ ਹਨ। ਕੁੱਝ ਉਦਾਹਰਣਾਂ ਗੌਰ ਤਲਬ ਹਨ। ਕੇ. ਜਯਾਪ੍ਰਸਾਦ ਕਹਿੰਦਾ ਹੈ, ‘‘ਇਹ ਸਾਰੇ ਸਹਾਇਕ ਪ੍ਰੈਸ਼ਰ ਗਰੁੱਪ ਸੰਘ ਦੇ ਕੰਟਰੋਲ ਅਧੀਨ ਹਨ। ਇਹ ਇਕ ਤਾਂ ਸੰਘ ਦੇ ਵਿਚਾਰ ਫੈਲਾਉਂਦੇ ਹਨ ਤੇ ਦੂਜਾ ਆਪਣੀਆਂ ਸੰਸਥਾਵਾਂ ਦੇ ਹਿੱਤਾਂ ਦੀ ਰਾਖੀ ਕਰਦੇ ਹਨ।’’ ਆਦਿਵਾਸੀ ਰਾਜਨੀਤੀ ਦੇ ਸੰਘ ਨਾਲ ਸਬੰਧਾਂ ਬਾਰੇ ਐਮ.ਜੀ.ਚਿੱਤਕਾਰਾ ਲਿਖਦਾ ਹੈ, “ਵਣਵਾਸੀ ਕਲਿਆਣ ਆਸ਼ਰਮ ਗੈਰ ਸਿਆਸੀ ਐਨ.ਜੀ.ਓ. ਨਹੀਂ, ਬਲਕਿ ਇਹ ਈਸਾਈਆਂ ਵੱਲੋਂ ਕੀਤਾ ਜਾਂਦੀ ਆਦਿਵਾਸੀਆਂ ਦੀ ਧਰਮ ਬਦਲੀ ਰੋਕਣ ਲਈ ਬਣੀ ਹੈ। ਸੰਘ ਇਸ ਨੂੰ ਚਲਾਉਂਦਾ ਤੇ ਟਰੇਨਿੰਗ ਦਿੰਦਾ ਹੈ।’’ ਸੰਘ ਸਮਾਜ ਨੂੰ ਸਰੀਰ ਦੇ ਅੰਗਾਂ ਵਾਂਗ ਦੇਖਣ ਦੀ ਅਤਿ ਸੱਜੇ ਪੱਖੀ ਵਿਚਾਰਧਾਰਾ ਮੰਨਦਾ ਹੈ। ਇਸ ਵਿਚ ਘੱਟ ਗਿਣਤੀ ਸਰੀਰਕ ਅੰਗਾਂ ਨੂੰ ਬਾਹਰ ਦੇ ਅੰਗ ਸਮਝ ਕੇ ਇਨ੍ਹਾਂ ਨੂੰ ਕੱਟ ਦੇਣ ਦੀ ਵਕਾਲਤ ਕਰਦਾ ਹੈ ਤਾਂ ਜੋ ਰਾਸ਼ਟਰੀ ਨਵੀਨੀਕਰਨ ਹੋ ਸਕੇ। ਸੰਗਠਨ- ਸੰਘ ਲਈ ਹਿੰਦੂ ਰਾਸ਼ਟਰ ਵੱਲ ਲਿਜਾਂਦੇ ਸਾਧਨ ਤੇ ਨਿਸ਼ਾਨਾ ਦੋਵੇਂ ਹਨ। ਸੰਘ ਦਾ ਐਲਾਨਿਆ ਨਿਸ਼ਾਨਾ ਹੈ, ‘‘ਸੰਘ ਸਮਾਜ ਬਣੇਗਾ।’’ ਜੱਥੇਬੰਦੀਆਂ ਦੀ ਬਹੁਤਾਤ ਉਸ ਇਕਲੌਤੇ ਸੰਗਠਨ ਦੇ ਵਿਰੋਧ ’ਚ ਨਹੀਂ। ਪਹਿਲੇ ਸੰਘ ਮੁਖੀ ਹੈਡਗੇਵਾਰ ਨੇ ਕਿਹਾ ਸੀ ਕਿ ‘‘ਸੰਘ ਸਮਾਜ ਦੇ ਅੰਦਰ ਕੋਈ ਜਥੇਬੰਦੀ ਨਹੀਂ, ਬਲਕਿ ਸਮਾਜ ਦੀ ਜਥੇਬੰਦੀ ਹੈ।’’ ਇਸੇ ਤਰ੍ਹਾਂ ਗੋਲਵਾਲਕਰ ਨੇ ਕਿਹ ਸੀ, ‘‘ਸੰਘ ਦਾ ਇਹ ਕਦੇ ਵੀ ਵਿਚਾਰ ਨਹੀਂ ਰਿਹਾ ਕਿ ਸੰਘ ਸਮਾਜ ਦੇ ਅੰਦਰ ਇਕ ਨਿਵੇਕਲਾ ਤੇ ਵੱਖਰਾ ਸੰਗਠਨ ਹੈ, ਬਲਕਿ ਸਾਡਾ ਨਿਸ਼ਾਨਾ ਤਾਂ ਸਾਰੇ ਸਮਾਜ ਨੂੰ ਹੀ ਢਾਲਣ ਦਾ ਹੈ।’’ ਸੰਘ ਦੇ ਮੌਜੂਦਾ ਸਪੋਕਸਮੈਨ ਸੁਨੀਲ ਅੰਬੇਦਕਰ ਮੁਤਾਬਕ ‘ਸੰਘ ਨੈਟਵਰਕਸ (ਜਾਲਾਂ) ਦਾ ਨੈਟਵਰਕ (ਜਾਲ) ਹੈ। ਕਿੰਨੀਆਂ ਜਥੇਬੰਦੀਆਂ ਬਣਾਈਆਂ ਜਾ ਸਕਦੀਆਂ ਹਨ, ਇਸ ਦੀ ਕੋਈ ਸੀਮਾ ਨਹੀਂ।’’
ਖੋਜੀ ਟੀਮ ਨੇ ਸੰਘ ਵਲੋਂ ਅਧਿਕਾਰਤ ਤੌਰ ’ਤੇ ਮੰਨੀਆਂ ਜਾਂਦੀਆਂ ਤਿੰਨ ਦਰਜ਼ਨ ਜਥੇਬੰਦੀਆਂ ਤੋਂ ਸ਼ੁਰੂ ਕਰਕੇ ਉਨ੍ਹਾਂ ਦੇ ਜਥੇਬੰਦਕ ਰਿਕਾਰਡ, ਜੀਵਨੀਆਂ, ਬਲੌਗ ਤੇ ਸ਼ੋਸ਼ਲ ਮੀਡੀਆ ਪੋਸਟਾਂ ਨੂੰ ਖੰਘਾਲਿਆ ਹੈ ਤਾਂ ਜੋ ਹੋਰ ਜਥੇਬੰਦੀਆਂ ਲੱਭੀਆਂ ਜਾ ਸਕਣ। ਕਈ ਵਾਰ ਉਹਨਾਂ ਨੂੰ ਲਾਭਦਾਇਕ ਸੂਚਨਾ ਤੱਕ ਪਹੁੰਚਣ ਲਈ ਸੰਘ ਵਲੋਂ ਫੈਲਾਏ ਕਈ ਝੂਠਾਂ ’ਚੋਂ ਵੀ ਲੰਘਣਾ ਪਿਆ ਹੈ। ਇਸ ਸਾਲ ਉਹਨਾਂ ਕੋਲ ਦੂਜੇ ਦਰਜ਼ੇ ਦੀਆਂ (ਸੈਕੰਡਰੀ) ਜਥੇਬੰਦੀਆਂ ਦੀ ਲਿਸਟ ਆ ਗਈ ਸੀ, ਜਿਨ੍ਹਾਂ ਨੂੰ ਉਨ੍ਹਾਂ ਸੰਘ ਦੇ ਅਕਾਦਮਿਕ ਲਿਟਰੇਚਰ, ਵਿੱਤੀ ਲੈਣ-ਦੇਣ, ਸਰਕਾਰੀ ਦਸਤਾਵੇਜ਼ਾਂ ਤੇ ਸੰਘ ਦੇ ਦੂਜੇ ਸਰੋਤਾਂ ਰਾਹੀਂ ਤਸਦੀਕ ਕੀਤਾ ਹੈ। ਉਨ੍ਹਾਂ ਨੇ ਜਥੇਬੰਦਕ ਬਿਆਨਾਂ ਜਾਂ ਗਤੀਵਿਧੀਆਂ ’ਤੇ ਘੱਟ, ਜਦਕਿ ਸਾਂਝੇ ਅਹੁਦੇਦਾਰਾਂ, ਸਾਂਝੇ ਦਫਤਰਾਂ, ਸਾਂਝੀਆਂ ਕਾਰਵਾਈਆਂ ਅਤੇ ਪੈਸੇ ਦੇ ਲੈਣ-ਦੇਣ ’ਤੇ ਵੱਧ ਧਿਆਨ ਕੇਂਦਿ੍ਰਤ ਕੀਤਾ ਹੈ। ਉਨ੍ਹਾਂ ਵੱਲੋਂ ਇਨਕਾਰੇ ਜਾਂਦੇ ਸਬੰਧਾਂ ਨੂੰ ਫੜ੍ਹਿਆ ਹੈ, ਜੋ ਸੰਘੀ ਨੈਟਵਰਕ ਦੀ ਕੋਰ ਹੈ। ਜਿਵੇਂ ਫਰੀਦਾਬਾਦ ’ਚ ‘ਡੋਨੀ ਪੋਲੋ ਛਾਤਰਾਵਾਸ’ ’ਚ ਗੋਲਵਾਲਕਰ ਤੇ ਹੈਡਗੇਵਾਰ ਦੀਆਂ ਫੋਟੋਆਂ ਲੱਗੀਆਂ ਹਨ। ਕਮਰਿਆਂ ਦੇ ਨਾਂ ਸੰਘ ਦੇ ਆਗੂਆਂ ਦੇ ਨਾਂਅ ’ਤੇ ਰੱਖੇ ਗਏ ਹਨ। ਇਸੇ ਤਰ੍ਹਾਂ ਖੋਜੀਆਂ ਨੂੰ ਮਲੇਸ਼ੀਆ ਵਿਚਲੇ ‘ਹਿੰਦੂ ਸੇਵਾਈ ਸੰਗਮ’ ਦੀਆਂ ਲਿਖਤਾਂ ਤੋਂ ਉਨ੍ਹਾਂ ਦੇ ਸੰਘ ਨਾਲ ਸਬੰਧਾਂ ਦਾ ਸੂਤਰ ਮਿਲਿਆ ਹੈ। ਇਸ ’ਚ ਤਾਮਿਲ ਬਹੁਗਿਣਤੀ ਲੋਕਾਂ ਲਈ ਅਹੁਦੇਦਾਰਾਂ ਦੇ ਨਾਂ ‘ਕਾਰਿਆਵਾਹ’ ਤੇ ਸਹਿ ਸੰਘਚਾਲਕ ਸਨ। ਇਸੇ ਤਰ੍ਹਾਂ ਹੋਰ ਬੜੀਆਂ ਜਥੇਬੰਦੀਆਂ ਲੱਭੀਆਂ ਹਨ। ਫੇਰ ਖੋਜੀਆਂ ਨੇ ਲਗਾਤਾਰ ਦੋ ਸਾਲ ਵੱਖੋ-ਵੱਖ ਅਕਾਦਮੀਸ਼ੀਅਨਾਂ, ਪੱਤਰਕਾਰਾਂ ਤੇ ਜ਼ਮੀਨੀ ਪੱਧਰ ’ਤੇ ਜੁੜੇ ਭਾਰਤੀ ਕਾਰਕੁੰਨਾਂ ਨਾਲ ਸਲਾਹ-ਮਸ਼ਵਰੇ ਉਪਰੰਤ ਲਿਸਟ ਨੂੰ ਆਖਰੀ ਰੂਪ ਦਿੱਤਾ।
ਉਨ੍ਹਾਂ ਦੀ ਖੋਜ-ਬੀਣ ਤੋਂ ਪਤਾ ਲੱਗਿਆ ਹੈ ਕਿ ਸੰਘ ਨਾਲ ਜੁੜੇ ਸੰਗਠਨਾਂ ਦੀ ਗਿਣਤੀ 2500 ਹੈ। ਸੰਘ; ਕੇਂਦਰ ਤੋਂ ਬਾਹਰੀ ਘੇਰੇ ਦੇ ਮਾਡਲ ’ਤੇ ਜਥੇਬੰਦ ਹੈ। ਇਸਦੀ ਕੇਂਦਰੀ ਕੋਰ ’ਚ ਵੀ.ਐਚ.ਪੀ., ਬੀਜੇਪੀ, ਵਣਵਾਸੀ ਕਲਿਆਣ ਆਸ਼ਰਮ (ਵੀ.ਕੇ.ਏ.), ਸੇਵਾ ਭਰਤੀ ਅਤੇ ਵੱਡੇ ਫੰਡ ਜੁਟਾਉਣ ਵਾਲੀਆਂ ਜਥੇਬੰਦੀਆਂ ਜਿਵੇਂ ਆਈ.ਡੀ.ਆਰ.ਐਫ. (ਇੰਡੀਆ ਡਿਵੈਲਪਮੈਂਟ ਐਂਡ ਰਿਲੀਫ ਫੰਡ) ਅਤੇ ‘ਸਪੋਰਟ ਏ ਚਾਈਲਡ ਯੂ.ਐਸ.ਏ.’ ਵਗੈਰਾ ਵੀ ਹਨ, ਜੋ ਇਕੋ ਸਮੇਂ ਸੈਂਕੜੇ ਜਥੇਬੰਦੀਆਂ ਨੂੰ ਫੰਡ ਦੇ ਸਕਦੀਆਂ ਹਨ।
ਇਸ ਪ੍ਰਬੰਧਕੀ ਸੰਘ ਦੇ ਕੋਰ ’ਚ ਪ੍ਰਚਾਰਕ ਹੁੰਦਾ ਹੈ, ਜਿਸ ਬਾਰੇ ਸਭ ਨੂੰ ਪਤਾ ਹੈ। ਇਨ੍ਹਾਂ ਪ੍ਰਚਾਰਕਾਂ ਨੂੰ ਕੇਂਦਰੀ ਸੰਘ ਮਿਸ਼ਨ ਵਿਚ ਟਰੇਨਿੰਗ ਦਿੱਤੀ ਜਾਂਦੀ ਹੈ ਤੇ ਸਫਲ ਹੋਣ ’ਤੇ ਉਸਦੀ ਨੈਟਵਰਕ ਨੂੰ ਕੰਟਰੋਲ ਤੇ ਤਾਲਮੇਲ ਲਈ ਸੰਗਠਨ ਮੰਤਰੀ ਵਜੋਂ ਡਿਊਟੀ ਲਾ ਦਿੱਤੀ ਜਾਂਦੀ ਹੈ। ਇਹ ਅਧਿਕਾਰੀ ਆਪ ਵੀ ਡੂੰਘੀ ਟਰੇਨਿੰਗ, ਵਿਚਾਰਧਾਰਕ ਪ੍ਰਤੀਬੱਧਤਾ ਅਤੇ ਅਨੁਕੂਲਤਾ ਰਾਹੀਂ ਆਪਣੇ ਅਧਿਕਾਰ ਵਰਤਦੇ ਹਨ ਤੇ ਉਨ੍ਹਾਂ ਜਥੇਬੰਦੀਆਂ, ਜਿੱਥੇ ਉਨ੍ਹਾਂ ਦੀ ਡਿਊਟੀ ਲਾਈ ਜਾਂਦੀ ਹੈ, ਦੇ ਸੰਘ ਦੀ ਲੋੜ ਅਨੁਸਾਰ ਕੇਂਦਰੀ ਫੈਸਲੇ ਕਰਦੇ ਹਨ। ਇਨ੍ਹਾਂ ਅਧਿਕਾਰਾਂ ’ਚ ਨਵੀਆਂ ਜਥੇਬੰਦੀਆਂ ਤੇ ਨਵੀਆਂ ਧਾਰਾਵਾਂ ਬਨਾਉਣਾ ਵੀ ਸ਼ਾਮਲ ਹੈ। ਸੜਕਾਂ ਤੇ ਮਾਰਚ ਕਰਨ ਵਾਲਿਆਂ ਨਾਲੋਂ ਵੀ ਮਹੱਤਵਪੂਰਨ ਅਦਿੱਖ ਲੋਕ ਤੇ ਜਥੇਬੰਦੀਆਂ ਹਨ, ਜਿਨ੍ਹਾਂ ਰਾਹੀਂ ਸੰਘ ਇਕੋ ਸਮੇਂ ’ਤੇ ਸਮਾਜ ਦੇ ਵੰਨ-ਸੁਵੰਨੇ ਭਾਗਾਂ ’ਚ ਆਪਾ-ਵਿਰੋਧੀ ਗੱਲਾਂ ਕਰ ਸਕਦਾ ਹੈ। ਮੈਂਬਰਸ਼ਿਪ ’ਤੇ ਆਧਾਰਤ ਕੁੱਝ ਕਾਡਰ ਜਥੇਬੰਦੀਆਂ, ਜਿਨ੍ਹਾ ਦੀ ਜਨਤਕ ਇਕੱਠ ਕਰਨ ਦੀ ਸਮਰੱਥਾ ਹੁੰਦੀ ਹੈ, ਵੀ ਹਨ। ਇਹ ਬਰਾਂਚ ’ਤੇ ਅਧਾਰਤ, ਵਿਚਾਰਧਾਰਕ ਪ੍ਰਤੀਬੱਧਤਾ ਵਾਲੀਆਂ ਤੇ ਟਰੇਨਿੰਗ ਵਿਧੀਆਂ ਅਨੁਸਾਰ ਹੁੰਦੀ ਹੈ। ਸੰਘ ਦਾ ਕੁੱਝ ਸਟਾਫ਼ ਤੇ ਲਾਭਪਾਤਰੀ ਹੁੰਦੇ ਹਨ, ਜੋ ਕੰਮ ਕਰਵਾ ਕੇ ਦਿੰਦੇ ਹਨ। ਜਿਵੇਂ ਏ.ਬੀ.ਵੀ.ਪੀ., ਵੀ.ਕੇ.ਏ., ਬਜਰੰਗ ਦਲ, ਬੀਜੇਪੀ ਵਗੈਰਾ।
ਕੇਂਦਰੀ ਕੋਰ ਤੇ ਬਾਹਰੀ ਘੇਰੇ ਦੀਆਂ ਜਥੇਬੰਦੀਆਂ ’ਚ ਤਾਲਮੇਲ ਕਰਾਉਣ ਵਾਲੀਆਂ ਜਥੇਬੰਦੀਆਂ ਹੁੰਦੀਆਂ ਹਨ। ਇਸ ਰਾਹੀਂ ਕਿਸੇ ਜਥੇਬੰਦੀ ਦੇ ਸੰਘ ਨਾਲ ਜੁੜੇ ਹੋਣ ਜਾਂ ਨਾ ਹੋਣ ਬਾਰੇ ਭੰਬਲਭੂਸਾ ਬਰਕਰਾਰ ਰੱਖਿਆ ਜਾਂਦਾ ਹੈ, ਤਾਂ ਜੋ ਲੋੜ ਪੈਣ ’ਤੇ ਉਸਦੀਆਂ ਕਾਰਵਾਈਆਂ ਤੋਂ ਪੱਲਾ ਝਾੜਿਆ ਜਾ ਸਕੇ। ਬੰਗਲੋਰ ਸਥਿਤ ‘ਭਾਰਤ ਮਾਤਾ ਗੁਰੂਕੁਲ ਆਸ਼ਰਮ ਟਰੱਸਟ’, ਮੱਧ ਪ੍ਰਦੇਸ਼ ਦਾ ‘ਪਦਮ ਕੇਸ਼ਵ ਟਰੱਸਟ’, ਤੇ ਦਿੱਲੀ ਵਿਖੇ ‘ਡਾਕਟਰ ਮੁਖਰਜੀ ਸਿਮਰਤੀ ਨਿਆਸ’ ਆਦਿ ਇਸੇ ਕੈਟਾਗਰੀ ’ਚ ਆਉਂਦੀਆਂ ਹਨ।
ਅਗਲੀ ਕੈਟੇਗਰੀ ਮੁਹਿੰਮ ਚਲਾਉਣ ਵਾਲੀਆਂ ਜਥੇਬੰਦੀਆਂ ਦੀ ਹੈ। ਇਹ ਇਕਹਿਰੇ ਮਕਸਦ ਲਈ ਬਣਾ ਕੇ, ਵਰਤ ਕੇ ਛੱਡ ਦਿੱਤੀਆਂ ਜਾਂਦੀਆਂ ਹਨ। ਜਿਵੇਂ ‘ਪੰਜਾਬ ਰਿਲੀਫ ਕਮੇਟੀ’, ‘ਬਸਤੁਹਾਰਾ ਸਹਾਇਤਾ ਕਮੇਟੀ’ , ‘ਮੌਰਵੀ ਰਿਲੀਫ ਕਮੇਟੀ’, ‘ਰਾਮ ਜਨਮਭੂਮੀ ਨਿਆਸ’, ‘ਜਨਜਾਤੀ ਸੁਰੱਕਸ਼ਾ ਮੰਚ’ (ਆਦਿਵਾਸੀਆਂ ’ਚ ਈਸਾਈ ਵਿਰੋਧੀ ਕੰਮਾਂ ਲਈ) ਆਦਿ। ਇੱਥੋਂ ਤੱਕ ਕਿ ਅਮਰੀਕਾ ਦੇ ਕੈਲੇਫੋਰਨੀਆ ’ਚ ਜਾਤੀ ਵਿਤਕਰੇ ਵਿਰੁੱਧ ਕਾਨੂੰਨ ਬਣਨੋਂ ਰੋਕਣ ਲਈ ਅਮਰੀਕੀ ਦਲਿਤਾਂ ਤੇ ਬਹੁਜਨਾਂ ਲਈ “ਅੰਬੇਦਕਰ ਫੂਲੇ ਨੈਟਵਰਕ’’ ਵੀ ਕਾਇਮ ਕੀਤਾ ਗਿਆ ਸੀ।
ਹਿੰਦੂਆਂ ’ਤੇ ਜ਼ੁਲਮਾਂ ਦੀ ਹਾਏ-ਬੂ
ਦੁਨੀਆਂ ਦਾ ਪੰਜਵਾਂ ਹਿੱਸਾ ਆਬਾਦੀ ’ਤੇ ਦਹਾਕੇ ਤੋਂ ਵੱਧ ਸਮਾਂ ਰਾਜ ਕਰਨ ਦੇ ਬਾਵਜੂਦ ਹਿੰਦੂਆਂ ’ਤੇ ਢਾਹੇ ਜਾਂਦੇ ਅੱਤਿਆਚਾਰਾਂ ਤੇ ਸਰਕਰੀ ਜ਼ੁਲਮਾਂ ਦੀ ਝੂਠੀ ਦੁਹਾਈ ਪਾਉਣਾ ਸੰਘੀ ਸੰਗਠਨਾਂ ਦਾ ਪਸੰਦੀਦਾ ਸ਼ੁਗਲ ਬਣ ਚੁੱਕਿਆ ਹੈ।
ਫਰੰਟ ਜਥੇਬੰਦੀਆਂ ਦੀ ਫੰਡਿੰਗ, ਗਤੀਵਿਧੀਆਂ, ਜਥੇਬੰਦਕ ਢਾਂਚਾ ਤੇ ਉਪਰਲੀ ਅਥਾਰਟੀ ਇਕੋ ਹੀ ਹੈ, ਪਰ ਅੱਡੋ-ਅੱਡ ਸੂਬਿਆਂ ’ਚ ਨਾਂ ਅੱਡ ਅੱਡ ਰੱਖੇ ਹੋਏ ਹਨ। ਆਦਿਵਾਸੀਆਂ ਦੀਆਂ ਜਥੇਬੰਦੀਆਂ ਦੇ ਉੜੀਸਾ ’ਚ ‘ਉਤਕਲ ਬਿਪੰਨਾ ਸਹਾਇਤਾ ਸੰਮਤੀ’, ਮਹਾਰਾਸ਼ਟਰ ’ਚ ‘ਜਨ ਕਲਿਆਣ ਸੰਮਤੀ’, ਤਰਿਪੁਰਾ ’ਚ ‘ਵਿਵੇਕਾਨੰਦ ਸੇਵਾ ਨਿਆਸ’, ਉਤਰਾਖੰਡ ’ਚ ‘ਉਤਰਾਂਚਲ ਉੱਥਾਨ ਪਰਿਸ਼ਦ’, ਝਾਰਖੰਡ ’ਚ ‘ਵਨਾਂਚਲ ਸ਼ਿਕਸ਼ਾ ਸੰਮਤੀ’, ਤਾਮਿਲਨਾਡੂ ’ਚ ‘ਵਿਵੇਕਾਨੰਦ ਕੇਂਦਰ’, ਦਿੱਲੀ ’ਚ ‘ਸਮਰੱਥ ਸਿਕਸ਼ਾ ਸੰਮਤੀ’, ਪੰਜਾਬ ’ਚ ‘ਸਰਵ ਹਿੱਤਕਾਰੀ ਸਿਕਸ਼ਾ ਸੰਮਤੀ’ ਕੇਂਦਰੀ ਪੱਧਰ ਤੇ ਬਣੀ ਵਿੱਦਿਆ ਭਾਰਤੀ ਦੇ ਵੱਖੋ-ਵੱਖਰੇ ਨਾਂਅ ਹਨ।
ਖੋਜੀਆਂ ਨੂੰ ਕਈ ਗੁਪਤ ਜਥੇਬੰਦੀਆਂ ਵੀ ਲੱਭੀਆਂ ਹਨ। ਦਰਅਸਲ ਜਦੋਂ ਕੋਈ ਸੰਘ ਬਾਰੇ ਸੋਚਦਾ ਹੈ ਤਾਂ ਉਦੋਂ ਹੀ ਇਨ੍ਹਾਂ ਬਾਰੇ ਸੋਚਦਾ ਹੈ। ਇਹ ਵੱਡੀ ਪੱਧਰ ਤੇ ਹੁੰਦੀ ਹਿੰਸਾ ’ਚ ਸ਼ਾਮਲ ਹੁੰਦੀਆਂ ਹਨ। ਇਹ ਨਾ ਸਿਰਫ ਸੰਘ ਨਾਲ ਆਪਣੇ ਸਬੰਧਾਂ ਨੂੰ ਹੀ ਲੁਕੋਂਦੀਆਂ ਹਨ, ਬਲਕਿ ਖੁਦ ਵੀ ਲੁਕੀਆਂ ਰਹਿੰਦੀਆਂ ਹਨ ਜਾਂ ਘੱਟੋ-ਘੱਟ ਆਪਣੀਆਂ ਗਤੀਵਿਧੀਆਂ ਨੂੰ ਛੁਪਾਉਂਦੀਆਂ ਹਨ। ਇਸ ਪਿੱਛੇ ਇਨ੍ਹਾਂ ਦੀਆਂ ਗੈਰ ਕਾਨੂੰਨੀ ਤੇ ਖਤਰਨਾਕ ਕਾਰਵਾਈਆਂ ਹੁੰਦੀਆਂ ਹਨ, ਜਿਨ੍ਹਾਂ ਦੇ ਉਜਾਗਰ ਨਾਲ ਸੰਘ ਦੇ ਵੱਕਾਰ ਨੂੰ ਵੱਡੀ ਸੱਟ ਵੱਜਦੀ ਹੈ। ਇਹ ਜਥੇਬੰਦੀਆਂ, ਹਿੰਦੂਆਂ ਦੇ ਮਰਦਊਪੁਣੇ (ਦਬੰਗ) ਸੁਭਾਅ ਨੂੰ ਦਰਸਾਉਣ ਲਈ ਵੀ ਹੁੰਦੀਆਂ ਹਨ। ‘ਹਿੰਦੂ ਜਾਗਰਣ ਮੰਚ’ ਤੇ ਕਈ ਤਰ੍ਹਾਂ ਦੀਆਂ ‘ਸੈਨਾਵਾਂ’, ‘ਹਿੰਦੂ ਧਰਮ ਰਕਸ਼ਾ ਸੰਮਤੀ’ ਤੇ ‘ਰਾਸ਼ਟ੍ਰੀਆ ਉਤਸਵ ਮੰਡਲ’ ਆਦਿ ਕੁੱਝ ਕੁ ਮਿਸਾਲਾਂ ਹਨ।
ਸਜਾਵਟੀ ਜਥੇਬੰਦੀਆਂ
ਸੰਘ ’ਤੇ ਫਿਰਕੂ ਹੋਣ ਦੇ ਇਲਜ਼ਾਮ ਅਕਸਰ ਲੱਗਦੇ ਹਨ। ਇਨ੍ਹਾਂ ਦੋਸ਼ਾਂ ਦੇ ਜਵਾਬ ’ਚ ਇਸਨੇ ਕੁੱਝ ਸਜਾਵਟੀ ਜਥੇਬੰਦੀਆਂ ਖੜ੍ਹੀਆਂ ਕੀਤੀਆਂ ਹਨ, ਜੋ ਸਿਰਫ ਗੱਲੀਂ-ਬਾਤੀ ਕੰਮ ਸਾਰਦੀਆਂ ਹਨ ਤੇ ਭੁਲੇਖੇ ਖੜ੍ਹੇ ਕਰਨ ਦੇ ਕੰਮ ਆਉਂਦੀਆਂ ਹਨ। ਮਿਸਾਲ ਵਜੋਂ 1983 ’ਚ ਬਣਿਆ ‘ਸਮਾਜਿਕ ਸਮਰਸਤਾ ਮੰਚ’ ਇਹ 1981 ’ਚ ਮੀਨਾਕਸ਼ੀਪੁਰਮ ਦੇ ਦਲਿਤਾਂ ਵੱੱਲੋਂ ਇਸਲਾਮ ਅਪਨਾਉਣ ਉਪਰੰਤ) ਇਉਂ ਹੀ 1984 ਦੇ ਯੋਜਨਾਬੱਧ ਸਿੱਖ ਕਤਲੇਆਮ ਤੋਂ ਪਿੱਛੋਂ 1986 ’ਚ ‘ਰਾਸ਼ਟਰੀ ਸਿੱਖ ਸੰਗਤ’ ਬਣਾਈ ਗਈ ਸੀ। 2002 ’ਚ ਗੋਧਰਾ ਕਾਂਡ ਦੇ ਪਿਛੋਕੜ ’ਚ ਗਿਣ-ਮਿਥ ਕੇ ਕੀਤੇ ਗਏ ਗੁਜਰਾਤ ਦੰਗਿਆਂ ਤੋਂ ਪਿੱਛੋਂ ‘ਮੁਸਲਿਮ ਰਾਸ਼ਟਰੀਆ ਮੰਚ’ ਖੜ੍ਹਾ ਕੀਤਾ ਗਿਆ ਸੀ।
ਟਰੇਨਿੰਗ ਜਥੇਬੰਦੀਆਂ
ਸੰਘ ਨੇ ‘ਮਨੁੱਖੀ ਚਰਿੱਤਰ ਉਸਾਰੀ’ ਨੂੰ ਆਪਣੇ ਜਨਮ ਤੋਂ ਹੀ ਆਪਣਾ ਨਿਸ਼ਾਨਾ ਮਿਥਿਆ ਹੋਇਆ ਹੈ! ਇਸ ’ਚ ਸਰੀਰਕ ਤੰਦਰੁਸਤੀ, ਸੁਭਾਅ, ਵਿਸ਼ਵਾਸ਼ ਤੇ ਪਛਾਣ ਨੂੰ ਹਿੰਦੂ ਰਾਸ਼ਟਰ ਦੇ ਸੰਭਾਵਿਤ ਆਦਰਸ਼ ਸ਼ਹਿਰੀਆਂ ਮੁਤਾਬਕ ਢਾਲਣਾ ਸ਼ਾਮਲ ਹੈ। ਸ਼ਾਖਾ ਸਿਰਫ ਇਕ ਤਰੀਕਾ ਹੈ, ਉਸਨੇ ਅਨੇਕਾਂ ਟਰੇਨਿੰਗ ਜਥੇਬੰਦੀਆਂ ਖੜ੍ਹੀਆਂ ਕੀਤੀਆਂ ਹਨ, ਜੋ ਉਨ੍ਹਾਂ ਮਸ਼ੀਨਾਂ ਵਰਗੀਆਂ ਹਨ, ਜੋ ਗੈਰ ਸੰਘੀਆਂ ਨੂੰ ਸੰਘੀਆਂ ’ਚ ਪਰਿਵਰਤਿਤ ਕਰਦੀਆਂ ਹਨ। ‘ਰਾਮ ਭਾਊ ਮਹਾਲਗੀ ਪਰਬੋਧਿਨੀ’ ਟਰੇਨਿੰਗ ਰਾਹੀਂ ਰਾਜਨੀਤਕ ਲੀਡਰ ਪੈਦਾ ਕਰਦੀ ਹੈ। ‘ਸੈਂਟਰਲ ਹਿੰਦੂ ਮਿਲਟਰੀ ਐਜੁਕੇਸ਼ਨ ਸੁਸਾਇਟੀ’ ਸੰਘੀ ਸਿਪਾਹੀ ਪੈਦਾ ਕਰਦੀ ਹੈ, ਜਿਨ੍ਹਾਂ ਤੋਂ ਸੰਘ ਨੂੰ ਆਸ ਹੈ ਕਿ ਉਹ ਕਿਸੇ ਦਿਨ ਸੰਘੀ ਜਨਰਲ ਹੋਣਗੇ। ‘ਸਵਾਮੀ ਵਿਵੇਕਾਨੰਦ ਯੋਗਾ ਅਨੁਸੰਧਾਨ ਸੰਸਥਾ’ ਯੋਗਾ ਅਧਿਆਪਕ ਪੈਦਾ ਕਰਕੇ, ਉਨ੍ਹਾਂ ਰਾਹੀਂ ਦੁਨੀਆਂ ਭਰ ’ਚ ਹਿੰਦੂ ਰਾਸ਼ਟਰਵਾਦੀ ਯੋਗਾ ਦੀ ਸੌਫਟ ਤਾਕਤ ਫੈਲਾਉਂਦੇ ਹਨ।
ਗਿਆਨ ਉਤਪਾਦਕ ਜਥੇਬੰਦੀਆਂ
ਇਹ ਬੌਧਿਕ, ਸੱਭਿਆਚਾਰਕ, ਭਾਵਨਾਤਮਕ ਅਤੇ ਕਲਾਤਮਕ ਵਾਤਾਵਰਨ ਪੈਦਾ ਕਰਦੀਆਂ ਹਨ। ‘ਫੋਰਮ ਫਾਰ ਇੰਟੈਗਰੇਟਡ ਸਕਿਊਰਿਟੀ’, ‘ਫੋਰਮ ਫਾਰ ਸਟਰੈਟਜਿਕ ਐਂਡ ਸਕਿਊਰਿਟੀ ਸਟੱਡੀਜ਼’, ‘ਜੰਮੂ-ਕਸ਼ਮੀਰ ਸਟੱਡੀ ਸੈਂਟਰ’ ਤੇ ‘ਵੀ.ਆਈ.ਐਫ.’ (ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ) ਵਗੈਰਾ ਕੌਮੀ ਸੁਰੱਖਿਆ ਨੀਤੀ ’ਤੇ ਧਿਆਨ ਕੇਂਦਰਤ ਰੱਖਦੀਆਂ ਹਨ। ਵੀ ਆਈ.ਐਫ., ਕਸ਼ਮੀਰ ’ਚ ਮਿਲਟਰੀ ਦਖਲ ਬਾਰੇ ਡਿਟੇਲ ’ਚ ਪ੍ਰਸਤਾਵ ਦੇਵੇਗੀ ਤੇ ਸਰਕਾਰੀ ਅਧਿਕਾਰੀ ਇਸ ਪ੍ਰਸਤਾਵ ਦੀ ਵਰਤੋਂ ਉਸ ਇਲਾਕੇ ਨੂੰ ਸ਼ਾਮਲ ਕਰਨ ਨੂੰ ਜਾਇਜ਼ ਠਹਿਰਾਉਣ ਲਈ ਕਰਨਗੇ। ਇਸ ਤਰ੍ਹਾਂ ਦੀਆਂ ‘ਭਾਰਤੀ ਗਿਆਨ ਕੇਂਦਰ’ ‘ਭਾਰਤੀ ਵਿਚਾਰ ਕੇਂਦਰਮ’, ‘ਵਿਸ਼ਵ ਅਧਿਐਨ ਕੇਂਦਰ’, ‘ਦਿ੍ਰਸ਼ਟੀ ਇਸਤਰੀ ਅਧਿਐਨ ਪ੍ਰਬੋਧਨ ਕੇਂਦਰ’, ‘ਸੰਵਿਤ ਰਿਸਰਚ ਫਾਊਂਡੇਸ਼ਨ’, ‘ਦੀਨ ਦਿਆਲ ਸ਼ੋਧ ਸੰਸਥਾਨ’, ‘ਸੈਂਟਰ ਫਾਰ ਪਾਲਿਸੀ ਸਟੱਡੀਜ਼’, ‘ਇੰਟਰਨੈਸ਼ਨਲ ਕਲਚਰਲ ਸੈਂਟਰ’ ਵਗੈਰਾ ਜਥੇਬੰਦੀਆਂ ਹਨ।
ਸੰਘ ਦੇ ਬਾਹਰੀ ਘੇਰੇ ’ਚ ਵੀ ਕਈ ਸੰਗਠਨ ਹਨ। ਜਿਵੇਂ, ਛੋਟੇ-ਛੋਟੇ ਅੱਖਾਂ ਦੇ ਕਲਿਨਿਕ, ਬਲੱਡ ਬੈਂਕ, ਪਿੰਡਾਂ ਦੇ ਸਕੂਲ, ਯਤੀਮਖਾਨੇ, ਕੋਹੜ ਦੇ ਇਲਾਜ਼ ਦੇ ਕਲਿਨਿਕ ਵਗੈਰਾ। ਇਹ ਉਥੇ ਚਲਾਏ ਜਾਂਦੇ ਹਨ ਜਿੱਥੇ ਸੰਘ ਨੇ ਪਹੁੰਚਣਾ ਹੁੰਦਾ ਹੈ। ਇਨ੍ਹਾਂ ਰਾਹੀਂ ਸੰਘ ਲੋਕਾਂ ਦੇ ਬਹੁਤ ਵੱਡੇ ਸਮੂਹ ਤੱਕ ਪਹੁੰਚ ਬਣਾ ਲੈਂਦਾ ਹੈ। ਇਹ ਆਮ ਤੌਰ ’ਤੇ ਹਿੰਦੂਤਵੀ ਵਿਚਾਰਧਾਰਾ ਦੀ ਗੱਲ ਨਹੀਂ ਕਰਦੇ। ਨਵੇਂ ਸਮਰਥਕਾਂ ’ਚ ਐਂਟਰੀ ਬਿਨਾ ਕਿਸੇ ਤਕਰਾਰ ਤੋਂ ਹੋ ਜਾਂਦੀ ਹੈ।

Scroll To Top