Now Reading
ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜਨਵਰੀ 2026)

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜਨਵਰੀ 2026)

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਸੂਬੇ ਭਰ ਵਿੱਚ ਰਾਜਨੀਤਕ ਕਾਨਫਰੰਸਾਂ
ਨਕੋਦਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਸੱਦੀ ਸਿਆਸੀ ਕਾਨਫਰੰਸ ਦੀ ਪ੍ਰਧਾਨਗੀ ਸਾਥੀ ਸੁਖਦੇਵ ਦੱਤ ਬਾਂਕਾ ਨੇ ਕੀਤੀ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ “ਸੁਤੰਤਰਤਾ ਪ੍ਰਾਪਤੀ ਲਈ ਜੂਝ ਰਹੇ ਭਾਰਤੀਆਂ ਦੀ ਇਕਜੁੱਟਤਾ ਭੰਗ ਕਰਨ ਅਤੇ ਭਾਈਚਾਰਕ ਸਾਂਝ ਤੇ ਫਿਰਕੂ ਇਕਸੁਰਤਾ ਨੂੰ ਖੇਰੂੰ-ਖੇਰੂੰ ਕਰਨ ਦੀ ਸਾਜ਼ਿਸ਼ ਤਹਿਤ, 1925 ’ਚ ਬਸਤੀਵਾਦੀ ਅੰਗਰੇਜ਼ ਹਾਕਮਾਂ ਵੱਲੋਂ ਖੜ੍ਹੇ ਕੀਤੇ ਗਏ ‘ਰਾਸ਼ਟਰੀ ਸੋਇਮ ਸੇਵਕ ਸੰਘ’ (ਆਰ.ਐਸ.ਐਸ.) ਤੋਂ ਦੇਸ਼ ਤੇ ਦੇਸ਼ ਵਾਸੀਆਂ ਦੇ ਭਲੇ ਦੀ ਆਸ ਉੱਕਾ ਹੀ ਨਹੀਂ ਕੀਤੀ ਜਾ ਸਕਦੀ। ‘ਰਾਸ਼ਟਰ ਨਿਰਮਾਣ’ ਜਾਂ ‘ਚਰਿਤਰ ਉੱਥਾਨ’ ਦੇ ਫਰਜ਼ੀ ਦਾਅਵੇ ਕਰਨ ਵਾਲਾ ਆਰ.ਐਸ.ਐਸ., ਦਰ ਹਕੀਕਤ ਵੱਖੋ-ਵੱਖ ਧਰਮਾਂ ਨੂੰ ਮੰਨਣ ਵਾਲੇ ਹਿੰਦ ਵਾਸੀਆਂ ਦਰਮਿਆਨ ਘਿ੍ਰਣਾ ਫੈਲਾਉਣ ਅਤੇ ਫਿਰਕੂ ਵੰਡ ਤਿੱਖੀ ਕਰਨ ਦੇ ਆਪਣੇ ਕੋਝੇ ਯਤਨਾਂ ਰਾਹੀਂ ਦੇਸ਼ ਦੀ ਏਕਤਾ-ਅਖੰਡਤਾ ਦੇ ਜੜ੍ਹੀਂ ਤੇਲ ਦੇਣ ਦਾ ਕੰਮ ਰਿਹਾ ਹੈ।’’ ਕਾਮਰੇਡ ਪਾਸਲਾ ਨੇ ਕਿਹਾ ਹੈ ਕਿ ਆਰ.ਐਸ.ਐਸ. ਦੀਆਂ ਇਹ ਵੰਡਪਾਊ ਕੁਚਾਲਾਂ, ਆਜ਼ਾਦੀ ਸੰਗਰਾਮ ਦੌਰਾਨ ਕਾਇਮ ਹੋਈਆਂ ਸਾਰੀਆਂ ਨਰੋਈਆਂ ਕਦਰਾਂ-ਕੀਮਤਾਂ ਅਤੇ ਆਜ਼ਾਦੀ ਪ੍ਰਾਪਤੀ ਤੋਂ ਪਿਛੋਂ ਦੀਆਂ ਦੇਸ਼ ਦੀਆਂ ਸਮੁੱਚੀਆਂ ਹਾਂ-ਪੱਖੀ ਪ੍ਰਾਪਤੀਆਂ ਨੂੰ ਘੱਟੇ ਰੋਲਣ ਦਾ ਜਰੀਆ ਬਣ ਰਹੀਆਂ ਹਨ। ਉਨ੍ਹਾਂ ਕਿਹਾ ਹੈ ਕਿ ਆਪਣੇ ਸਿਆਸੀ ਵਿੰਗ ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ ’ਤੇ ਕਾਬਜ਼ ਆਰ.ਐਸ.ਐਸ., ਦੇਸ਼ ਦਾ ਜਮਹੂਰੀ, ਧਰਮ ਨਿਰਪੱਖ, ਫੈਡਰਲ ਢਾਂਚਾ ਤਹਿਸ-ਨਹਿਸ ਕਰਕੇ ਇੱਥੇ ਤਾਨਾਸ਼ਾਹੀ ਤਰਜ਼ ਦਾ ਧਰਮ ਅਧਾਰਤ ਕੱਟੜ, ਪਿਛਾਖੜੀ ‘ਹਿੰਦੂ ਰਾਸ਼ਟਰ’ ਕਾਇਮ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਆਰ.ਐਸ.ਐਸ. ਤੇ ਭਾਜਪਾ ਇਸੇ ਕਰਕੇ ਮਨੁੱਖੀ ਹੱਕ-ਹਕੂਕ ਤੇ ਸ਼ਹਿਰੀ ਆਜ਼ਾਦੀਆਂ ਦੀ ਗਰੰਟੀ ਕਰਦੇ ਭਾਰਤ ਦੇ ਮੌਜੂਦਾ ਸੰਵਿਧਾਨ ਨੂੰ ਖਾਰਜ ਕਰਕੇ ਇਸ ਦੀ ਥਾਂ ਦਲਿਤਾਂ, ਔਰਤਾਂ ਨੂੰ ਸਦੀਵੀਂ ਗੁਲਾਮ ਬਣਾਈ ਰੱਖਣ ਦੀ ਪੈਰਵੀ ਕਰਦੀ ‘ਮਨੂੰ ਸਿਮਰਤੀ’ ਨੂੰ ਸ਼ਾਸ਼ਨ ਪੱਧਤੀ ਵਜੋਂ ਲਾਗੂ ਕਰਨ ਲਈ ਤਰਲੋ-ਮੱਛੀ ਹੋ ਰਹੇ ਹਨ। ਉਕਤ ਕੋਝੇ ਮਨਸੂਬੇ ਪੂਰੇ ਕਰਨ ਲਈ, ਸੰਘ ਪਰਿਵਾਰ ਦੇ ਖਰੂਦੀ ਟੋਲੇ ਮੁਸਲਮਾਨ ਤੇ ਈਸਾਈ ਘੱਟ ਗਿਣਤੀਆਂ, ਦਲਿਤਾਂ ਅਤੇ ਇਸਤਰੀਆਂ ’ਤੇ ਅਸਹਿ ਤੇ ਅਕਹਿ ਜ਼ੁਲਮ ਢਾਹ ਰਹੇ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਹੈ ਕਿ ਕਥਿਤ ‘ਹਿੰਦੂ ਰਾਸ਼ਟਰ’ ਦੀ ਕਾਇਮੀ ਰਾਹੀਂ ਆਰ.ਐਸ.ਐਸ. ਦਾ ਅਸਲ ਨਿਸ਼ਾਨਾ ਬਹੁ ਗਿਣਤੀ ਹਿੰਦੂ ਵਸੋਂ, ਖਾਸ ਕਰਕੇ ਕਿਰਤੀ ਸ਼੍ਰੇਣੀ ਦਾ ਭਲਾ ਕਰਨਾ ਨਹੀਂ, ਬਲਕਿ ਮਿਹਨਤਕਸ਼ਾਂ ਦੀ ਲੁੱਟ-ਖਸੁੱਟ ਦੀ ਜਾਮਣੀ ਕਰਦਾ ਅਜੋਕਾ ਪੂੰਜੀਵਾਦੀ-ਜਗੀਰੂ ਨਿਜ਼ਾਮ ਸਦਾ ਲਈ ਕਾਇਮ ਰੱਖਣਾ ਹੈ। ਸਾਥੀ ਪਾਸਲਾ ਨੇ ਦੇਸ਼ ਵਾਸੀਆਂ ਨੂੰ ਆਰ.ਐਸ.ਐਸ. ਦੇ ਫਿਰਕੂ-ਫਾਸ਼ੀ ਏਜੰਡੇ ਨੂੰ ਭਾਂਜ ਦੇਣ, ਸਾਮਰਾਜੀ ਤੇ ਕਾਰਪੋਰੇਟੀ ਲੁੱਟ-ਖਸੁੱਟ ਤੇ ਦਾਬਾ ਕਾਇਮ ਰੱਖਣ ਲਈ ਘੜੀਆਂ, ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੇ ਚੌਖਟੇ ਵਾਲੀਆਂ ਨਵ ਉਦਾਰਵਾਦੀ ਨੀਤੀਆਂ ਤੋਂ ਮੁਕਤੀ ਹਾਸਲ ਕਰਨ ਅਤੇ ਹਰ ਕਿਸਮ ਦੀ ਲੁੱਟ-ਚੋਂਘ ਤੇ ਜਬਰ-ਵਿਤਕਰੇ ਤੋਂ ਰਹਿਤ ਸਾਂਝੀਵਾਲਤਾ ਵਾਲਾ ਸਮਾਨਤਾਵਾਦੀ ਸਮਾਜ ਕਾਇਮ ਕਰਨ ਦਾ ਮਾਨਵੀ ਸੰਗਰਾਮ ਪ੍ਰਚੰਡ ਕਰਨ ਦਾ ਸੱਦਾ ਦਿੱਤਾ ਹੈ।
ਉਨ੍ਹਾਂ ਮਜ਼ਦੂਰ-ਕਿਸਾਨ ਏਕਾ ਕਾਇਮ ਕਰਦਿਆਂ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਸਮੇਤ ਮੋਦੀ ਸਰਕਾਰ ਦੇ ਲੋਕ ਵਿਰੋਧੀ ਹੱਲਿਆਂ ਖ਼ਿਲਾਫ਼ ਤਕੜਾ ਆਵਾਮੀ ਪ੍ਰਤੀਰੋਧ ਉਸਾਰਨ ਦੀ ਅਪੀਲ ਕੀਤੀ।
ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਦਰਸ਼ਨ ਨਾਹਰ ਨੇ ਹਿੰਦੂ ਕਿਰਤੀਆਂ ਸਮੇਤ ਭਾਰਤ ਦੇ ਹਰ ਧਰਮ ਨੂੰ ਮੰਨਣ ਵਾਲੇ ਗਰੀਬਾਂ ਦੀਆਂ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਕੰਗਾਲੀ, ਭੁਖਮਰੀ, ਇਕਸਾਰ ਤੇ ਮਿਆਰੀ ਸਿਖਿਆ ਅਤੇ ਸਿਹਤ ਸਹੂਲਤਾਂ ਦੀ ਅਸਲੋਂ ਘਾਟ, ਜਨਤਕ ਵੰਡ ਪ੍ਰਣਾਲੀ ਤੇ ਸਮਾਜਿਕ ਸੁਰੱਖਿਆ ਦੀ ਅਣਹੋਂਦ, ਹਵਾ-ਪਾਣੀ ਦੇ ਖਰਾਬੇ ਅਤੇ ਚੌਗਿਰਦੇ ਦੇ ਘਾਤਕ ਵਿਗਾੜ, ਅਸਾਧ ਬੀਮਾਰੀਆਂ ਤੇ ਘਾਤਕ ਮਹਾਮਾਰੀਆਂ ਦੇ ਬੇਰੋਕ ਵਾਧੇ ਆਦਿ ਮੁਸੀਬਤਾਂ ’ਚ ਅੰਤਾਂ ਦੇ ਵਾਧੇ ਲਈ ਜ਼ਿੰਮੇਵਾਰ ਕੇਂਦਰੀ ਤੇ ਪ੍ਰਾਂਤਕ ਸਰਕਾਰਾਂ ਦੀਆਂ ਨੀਤੀਆਂ ਖ਼ਿਲਾਫ਼ ਤਿੱਖਾ, ਬੱਝਵਾਂ ਲੋਕ ਯੁੱਧ ਛੇੜਨ ਦਾ ਸੱਦਾ ਦਿੱਤਾ ਹੈ।
ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਸਰਬਜੀਤ ਮੁਠੱਡਾ, ਪਾਰਟੀ ਦੀ ਜਲੰਧਰ-ਕਪੂਰਥਲਾ ਜ਼ਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਦੇ ਮੈਂਬਰਾਨ ਮਨੋਹਰ ਸਿੰਘ ਗਿੱਲ, ਰਾਮ ਸਿੰਘ ਕਾਇਮ ਵਾਲਾ ਤੇ ਸੰਤੋਖ ਸਿੰਘ ਬਿਲਗਾ, ਜ਼ਿਲ੍ਹਾ ਕਮੇਟੀ ਦੇ ਮੈਂਬਰ ਮੇਜਰ ਸਿੰਘ ਖੁਰਲਾਪੁਰ ਨੇ ਸੰਬੋਧਨ ਕੀਤਾ। ਮੰਚ ਸੰਚਾਲਕ ਦੇ ਫਰਜ ਸਾਥੀ ਦਲਵਿੰਦਰ ਸਿੰਘ ਕੁਲਾਰ ਨੇ ਅਦਾ ਕੀਤੇ।
ਸ਼ਾਹਕੋਟ : ‘ਮਨੂੰਵਾਦ ਭਜਾਓ ਬੇਗਮਪੁਰਾ ਵਸਾਓ’ ਸਿਆਸੀ ਵਿਚਾਰਧਾਰਕ ਮੁਹਿੰਮ ਤਹਿਤ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਮਲਸੀਆਂ ਵਿਖੇ ਕੀਤੀ ਗਈ ਸਿਆਸੀ ਕਾਨਫਰੰਸ ਦੀ ਪ੍ਰਧਾਨਗੀ ਸਰਵਸਾਥੀ ਕਰਨੈਲ ਸਿੰਘ, ਜੋਗਿੰਦਰ ਸਿੰਘ ਬਿੱਲੀ ਚਹਾਰਮੀ, ਤਾਰਾ ਸਿੰਘ ਥੰਮੂਵਾਲ ਅਤੇ ਰੀਨਾ ਰਾਣੀ ਕੋਟਲੀ ਗਾਜਰਾਂ ਨੇ ਕੀਤੀ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਗਿਆਨ ਦਾ ਤੀਸਰਾ ਨੇਤਰ ਖੋਲ੍ਹ ਕੇ, ਭਾਜਪਾ ਵੱਲੋਂ ਦਿੱਤੇ ਨਿਗੂਣੇ ਲਾਲਚਾਂ ਨੂੰ ਲੱਤ ਮਾਰਦਿਆਂ ਅਤੇ ਆਪਣੀ ਅਣਖ ਨੂੰ ਜਿਉਂਦੇ ਰੱਖ ਕੇ ਸਵੈਮਾਨ ਨਾਲ ਜਿਉਣਾ ਹੀ ਮਜ਼ਦੂਰ ਜਮਾਤ ਦਾ ਸਿਆਸੀ, ਸਮਾਜੀ ਤੇ ਆਰਥਿਕ ਰੁਤਬਾ – ਬੁਲੰਦ ਕਰ ਸਕਦਾ ਹੈ। ਉਨਾਂ ਨੇ ਦੇਸ਼ ਦੀ ਕੇਂਦਰੀ ਸੱਤਾ ’ਤੇ 11 ਸਾਲ ਤੋਂ ਕਾਬਜ਼ ਮੋਦੀ ਸਰਕਾਰ ਦੀ ਮਨੁੱਖ ਤੇ ਦੇਸ਼ ਵਿਰੋਧੀ ਹੋਣ ਦੀ ਉਦਾਹਰਨ ਸਹਿਤ ਵਿਆਖਿਆ ਕੀਤੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਸੱਤਾ ਤੋਂ ਪਾਸੇ ਕਰਨ ਲਈ ਸਭ ਇਨਸਾਫ ਪਸੰਦ ਲੋਕਾਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਜਰੂਰਤ ਹੈ। ਇਸ ਬੱਝਵੇਂ ਹੰਭਲੇ ਨਾਲ ਹੀ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਗੁਰੂ ਗੋਬਿੰਦ ਸਿੰਘ, ਬਾਬਾ ਨਾਨਕ ਅਤੇ ਭਗਤ ਰਵਿਦਾਸ ਜੀ ਦੇ ਸੁਪਨਿਆਂ ਨੂੰ ਸਕਾਰ ਕੀਤਾ ਜਾ ਸਕਦਾ ਹੈ। ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਦਰਸ਼ਨ ਨਾਹਰ ਨੇ ਮਜ਼ਦੂਰ ਮੰਗਾਂ ਪ੍ਰਤੀ ਕੇਂਦਰ ਅਤੇ ਪੰਜਾਬ ਸਰਕਾਰ ਦੇ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਕਾਮਰੇਡ ਤਾਰਾ ਸਿੰਘ ਥੰਮੂਵਾਲ ਨੇ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਸਭ ਦਾ ਧੰਨਵਾਦ ਕੀਤਾ। ਕਾਮਰੇਡ ਨਿਰਮਲ ਸਿੰਘ ਤਹਿਸੀਲ ਸਕੱਤਰ ਆਰਐਮਪੀਆਈ ਨੇ ਸਟੇਜ ਸੰਚਾਲਨ ਦੌਰਾਨ ਵੱਖ-ਵੱਖ ਮੁੱਦਿਆਂ ਨੂੰ ਛੋਹਿਆ। ਕਾਨਫਰੰਸ ਵਿੱਚ ਮਨਰੇਗਾ ਦਾ ਨਾਂ ਬਦਲਣ ਦੇ ਪੱਜ ਇਸ ਕਾਨੂੰਨ ਦੇ ਖ਼ਾਤਮੇਂ ਦੀ ਨਿਖੇਧੀ ਕੀਤੀ ਗਈ। ਬਿਜਲੀ ਸੋਧ ਬਿਲ ਵਾਪਸ ਲੈਣ ਤੇ 4 ਲੇਬਰ ਕੋਡ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ। ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਸਾਥੀ ਸੱਤਪਾਲ ਮੁਰੀਦਵਾਲ, ਜਗੀਰ ਸਿੰਘ ਕੋਟਲੀ ਗਾਜਰਾਂ, ਮੰਗਤ ਲਾਲ ਬਲ, ਮੋਹਣ ਚਵਿੰਡਾ, ਜਸਵੀਰ ਸਿੰਘ ਮਲਸੀਆਂ, ਵਿਕਰਮ ਸਿੰਘ ਮੰਢਾਲਾ, ਗੁਰਮੇਜ ਸਿੰਘ ਸੰਢਾਵਾਲ ਤੇ ਰਘਬੀਰ ਸਿੰਘ ਥੰਮੂਵਾਲ ਵੀ ਹਾਜ਼ਰ ਸਨ।

ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਤਹਿਸੀਲ ਜਲੰਧਰ ਵੱਲੋਂ ਸੰਤੋਖਪੁਰਾ ਬਾਈਪਾਸ ਵਿਖੇ ਕਾਮਰੇਡ ਹਰੀਮੁਨੀ ਸਿੰਘ ਦੀ ਪ੍ਰਧਾਨਗੀ ਹੇਠ ਪ੍ਰਭਾਵਸ਼ਾਲੀ ਕਾਨਫਰੰਸ ਕੀਤੀ ਗਈ। ਕਾਨਫਰੰਸ ਨੂੰ ਆਰਐਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਦੀ ਮੋਦੀ ਸਰਕਾਰ ਨੇ ਮੁਸ਼ਕਿਲ ਨਾਲ ਜੂਨ ਗੁਜ਼ਾਰਾ ਕਰਦੇ ਬੇਜ਼ਮੀਨੇ-ਸਾਧਨਹੀਣ ਪੇਂਡੂ ਕਿਰਤੀਆਂ ਨੂੰ ਸੀਮਤ ਦਿਨਾਂ ਲਈ ਗਰੰਟੀ ਸ਼ੁਦਾ ਰੁਜ਼ਗਾਰ ਦੇਣ ਵਾਲੇ ਮਗਨਰੇਗਾ ਕਾਨੂੰਨ ਦਾ ਸਿਰਫ ਨਾਂ ਬਦਲ ਕੇ “ਵਿਕਸਿਤ ਭਾਰਤ ਰੁਜ਼ਗਾਰ ਆਜੀਵਕਾ ਗਾਰੰਟੀ ਮਿਸ਼ਨ (ਗ੍ਰਾਮੀਣ) ‘ਵੀ ਬੀ ਜੀ ਰਾਮ ਜੀ’ ਹੀ ਨਹੀਂ ਕੀਤਾ, ਬਲਕਿ ਢਾਂਚਾਗਤ ਬਦਲਾਅ ਕਰਕੇ ਇਸ ਕਾਨੂੰਨ ਦੀ ਰੂਹ ਕਤਲ ਕਰ ਦਿੱਤੀ ਹੈ। ਅਜਿਹਾ ਕਰਕੇ ਮੋਦੀ ਸਰਕਾਰ ਨੇ ਆਪਣੇ ਵਿਚਾਰਧਾਰਕ ਆਕਾ, ਦਲਿਤ ਵਿਰੋਧੀ ਮੰਦੀ ਸੋਚ ਦੇ ਮਾਲਕ ਆਰ.ਐਸ.ਐਸ. ਦੀ ਮਗਨਰੇਗਾ ਦੇ ਖਾਤਮੇ ਦੀ ਚਿਰੋਕਣੀ ਮਨੂੰਵਾਦੀ ਸਾਜ਼ਿਸ਼ ਪੂਰ ਚੜ੍ਹਾਈ ਹੈ। ਨਤੀਜੇ ਵਜੋਂ ਪਹਿਲਾਂ ਹੀ ਘੋਰ ਗੁਰਬਤ ਦਾ ਸੰਤਾਪ ਹੰਢਾਅ ਰਹੇ ਪੇਂਡੂ ਕਿਰਤੀਆਂ, ਜਿਨ੍ਹਾਂ ’ਚੋਂ ਭਾਰੀ ਗਿਣਤੀ ਅਨੁਸੂਚਿਤ ਜਾਤੀਆਂ, ਜਨ ਜਾਤੀਆਂ ਨਾਲ ਸਬੰਧਤ ਹਨ, ਦੇ ਭੁੱਖੇ ਮਰਨ ਦੀ ਨੌਬਤ ਆ ਜਾਵੇਗੀ।’’
ਸਾਥੀ ਪਾਸਲਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਮਜ਼ਦੂਰਾਂ ਨੇ ਲਹੂ ਵੀਟਵੇਂ ਸੰਘਰਸ਼ਾਂ ਨਾਲ ਬਣਵਾਏ 44 ਕਿਰਤ ਕਾਨੂੰਨਾਂ ਨੂੰ ਰੱਦ ਕਰਕੇ 4 ਕੋਡ ਬਣਾ ਕੇ ਮਜ਼ਦੂਰਾਂ ਨੂੰ ਮਿਲਦੇ ਹੱਕਾਂ ਤੋਂ ਵਾਂਝੇ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਵਿਧਾਨ ਨੂੰ ਖਾਰਜ ਕਰਨ ਅਤੇ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਕਾਇਮ ਹੋਏ ਭਾਰਤ ਦੇ ਜਮਹੂਰੀ, ਧਰਮ ਨਿਰਪੱਖ, ਫੈਡਰਲ ਢਾਂਚੇ ਨੂੰ ਤਬਾਹ ਕਰਨ ਦੀਆਂ ਆਰ.ਐਸ.ਐਸ.-ਭਾਜਪਾ ਅਤੇ ਮੋਦੀ ਸਰਕਾਰ ਦੀਆਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਵਿਸ਼ਾਲ ਲੋਕ ਲਾਮਬੰਦੀ ’ਤੇ ਆਧਾਰਿਤ ਤਿੱਖੇ ਤੇ ਬੱਝਵੇਂ ਜਨ ਸੰਗਰਾਮ ਵਿੱਢਣ ਦੀ ਜ਼ਰੂਰਤ ਹੈ। ਉਨ੍ਹਾਂ ਦਲਿਤਾਂ, ਔਰਤਾਂ ਨੂੰ ਗੁਲਾਮ ਬਣਾਈ ਰੱਖਣ ਦੀ ਪੈਰਵੀ ਕਰਦੀ ਮਨੂੰ ਸਿਮਰਤੀ ਦੀ ਦੇਸ਼ ਦੀ ਸ਼ਾਸ਼ਨ ਪੱਧਤੀ ਵਜੋਂ ਪੁਨਰ ਸਥਾਪਤੀ ਦੀਆਂ ਸੰਘ ਪਰਿਵਾਰ ਦੀਆਂ ਕੁਚਾਲਾਂ ਨੂੰ ਪਛਾੜਣ ਲਈ ਦੇਸ਼ ਵਿਆਪੀ ਘੋਲਾਂ ਵੱਲ ਪੇਸ਼ ਕਦਮੀ ਕਰਨ ਦੀ ਅਪੀਲ ਕੀਤੀ ਹੈ।
ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਦਰਸ਼ਨ ਨਾਹਰ ਨੇ ਆਖਿਆ ਕਿ ਸਮੂਹ ਕਿਰਤੀ-ਕਿਸਾਨਾਂ, ਮੁਲਾਜ਼ਮਾਂ ਤੇ ਹੋਰ ਮਿਹਨਤੀ ਵਰਗਾਂ ਵਲੋਂ ਬਿਜਲੀ ਸੋਧ ਬਿਲ 2025 ਪੇਸ਼ ਕਰਨ ਦੀ ਤਿਆਰੀ ਕੀਤੀ ਹੋਈ ਹੈ ਅਤੇ ਪਬਲਿਕ ਸੈਕਟਰ ਦੇ ਅਦਾਰੇ ਕੁਝ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤੇ ਬਾਕੀ ਰਹਿੰਦਿਆਂ ਨੂੰ ਵੇਚਣ ਦੀ ਤਿਆਰੀ ਹੈ। ਉਨ੍ਹਾਂ ਮੋਦੀ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਖਿਲਾਫ ਜਨ ਅੰਦੋਲਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਸਾਥੀ ਬਲਦੇਵ ਨੂਰਪੁਰੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਜਿਹੜੇ ਵਾਅਦੇ ਤੇ ਗਰੰਟੀਆਂ ਕੀਤੀਆਂ ਸਨ ਉਹ ਕੁੱਝ ਵੀ ਪੂਰਾ ਨਹੀਂ ਕੀਤਾ ਗਿਆ। ਜਿਸ ਦੇ ਖ਼ਿਲਾਫ਼ ਲੋਕਾਂ ਨੂੰ ਤਿੱਖੇ ਸੰਘਰਸ਼ ਕਰਨ ਲਈ ਸੱਦਾ ਦਿੱਤਾ ਹੈ।
ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਖਾਂਬਰਾ, ਸੁਨੀਤਾ ਨੂਰਪੁਰੀ, ਪਾਰਵਤੀ, ਕੰਚਨ, ਸ਼ੰਭੂ ਚੌਹਾਨ, ਮੀਰਾਂ ਦੇਵੀ ਵੀ ਆਦਿ ਹਾਜ਼ਰ ਸਨ।
ਫਿਲੌਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ‘ਮਨੂੰਵਾਦ ਭਜਾਓ-ਬੇਗ਼ਮਪੁਰਾ ਵਸਾਓ’ ਤਹਿਤ ਕੀਤੀ ਕਾਨਫਰੰਸ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਸਰਬਜੀਤ ਗੋਗਾ, ਕੁਲਜੀਤ ਫਿਲੌਰ, ਅਜੈ ਫਿਲੌਰ, ਕੁਲਦੀਪ ਵਾਲੀਆ ਅਤੇ ਮੰਗਾ ਸੰਗੋਵਾਲ ਨੇ ਕੀਤੀ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ’ਚ ਅਜਿਹੀ ਤਬਦੀਲੀ ਚਾਹੁੰਦੀ ਹੈ, ਜਿਸ ’ਚ ਕਿਸੇ ਨੂੰ ਕੋਈ ਗ਼ਮ ਨਾ ਹੋਵੇ, ਸਾਰਿਆਂ ਲਈ ਬਰਾਬਰ ਦੇ ਮੌਕੇ ਮਿਲਣ, ਬਰਾਬਰ ਦੇ ਮੌਕਿਆਂ ਨਾਲ ਹੀ ਬਰਾਬਰ ਦੀ ਤਰੱਕੀ ਹੋ ਸਕਦੀ ਹੈ। ਸਾਥੀ ਪਾਸਲਾ ਨੇ ਕਿਹਾ ਕਿ ਬਰਾਬਰ ਦੇ ਮੌਕੇ ਤਾਂ ਇੱਕ ਪਾਸੇ ਦੇਸ਼ ਦੇ ਹਾਕਮ ਇਥੇ ਮਨੂੰਵਾਦੀ ਵਿਵਸਥਾ ਲਾਗੂ ਕਰਨ ਲਈ ਤਿਆਰੀਆਂ ਕਰ ਰਹੇ ਹਨ, ਜਿਸ ਵਿਵਸਥਾ ਨੇ ਦੂਜੇ ਧਰਮਾਂ ਦਾ ਨਹੀਂ ਸਗੋਂ ਪਹਿਲਾ ਇਸ ਨੂੰ ਲਾਗੂ ਕਰਨ ਵਾਲਿਆਂ ਦਾ ਹੀ ਨੁਕਸਾਨ ਕਰਨਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕਿਰਤ ਕੋਡ ਲਾਗੂ ਹੋਣ ਨਾਲ ਦੇਸ਼ ਦੇ ਅੱਸੀ ਪ੍ਰਤੀਸ਼ਤ ਹਿੰਦੂ ਕਾਮਿਆਂ ਦਾ ਕਿਵੇਂ ਭਲਾ ਹੋ ਸਕਦਾ ਹੈ। ਪਾਸਲਾ ਨੇ ਕਿਹਾ ਕਿ ਪਾਰਟੀ ਵਲੋਂ ‘ਮਨੂੰਵਾਦ ਭਜਾਓ-ਬੇਗ਼ਮਪੁਰਾ ਵਸਾਓ’ ਤਹਿਤ ਸਾਰੇ ਪੰਜਾਬ ’ਚ ਕਾਨਫਰੰਸਾਂ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਾਸਲਾ ਨੇ ਕਿਹਾ ਪੰਜਾਬ ਦੇ ਮੌਜੂਦਾ ਹਾਕਮ ਵਾਅਦਿਆਂ ਤੋਂ ਉਲਟ ਚੱਲ ਰਹੇ ਹਨ, ਜਿਸ ਕਾਰਨ ਨਾ ਤਾਂ ਭਰਿਸ਼ਟਾਚਾਰ ਖਤਮ ਹੋਇਆ ਅਤੇ ਨਾ ਹੀ ਲੋਕਾਂ ਦੇ ਹੋਰ ਮਸਲੇ ਹੱਲ ਹੋਏ ਹਨ। ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਐੱਸਕੇਐੱਮ ਵਲੋਂ ਸੀਡ ਬਿੱਲ ਅਤੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਫੂਕ ਕੇ ਰੋਹ ਪ੍ਰਗਟਾਇਆ ਜਾ ਰਿਹਾ ਹੈ। ਸੰਧੂ ਨੇ ਕਿਹਾ ਕਿ ਇਹ ਦੋਨੋਂ ਬਿੱਲ ਲੋਕ ਵਿਰੋਧੀ ਹਨ ਅਤੇ ਸਰਮਾਏਦਾਰ ਕੰਪਨੀਆਂ ਨੂੰ ਫਾਇਦੇ ਦੇਣ ਲਈ ਬਣਾਏ ਜਾ ਰਹੇ ਹਨ। ਕਾਨਫਰੰਸ ਨੂੰ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਅਤੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਅਤੇ ਸੰਤੋਖ ਸਿੰਘ ਬਿਲਗਾ ਨੇ ਵੀ ਸੰਬੋਧਨ ਕੀਤਾ।
ਆਰੰਭ ’ਚ ਕੁਲਦੀਪ ਫਿਲੌਰ ਨੇ ਬਾਹਰੋਂ ਆਏ ਸਾਥੀਆਂ ਨੂੰ ਜੀ ਆਇਆ ਕਿਹਾ ਅਤੇ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਸਹਾਇਤਾ ਦੇਣ ਵਾਲਿਆ ਦਾ ਧੰਨਵਾਦ ਕੀਤਾ। ਮਾਨਵਤਾ ਕਲਾ ਮੰਚ ਨਗਰ ਦੀ ਟੀਮ ਵਲੋਂ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਮੇਜਰ ਫਿਲੌਰ, ਬਨਾਰਸੀ ਦਾਸ, ਮੱਖਣ ਸੰਗਰਾਮੀ, ਅਮਿ੍ਰਤ ਪਾਲ ਨੰਗਲ, ਬਲਜਿੰਦਰ ਬੱਬੀ, ਸੁਰਜੀਤ ਸਿੰਘ ਬਿਲਗਾ, ਕੁਲਦੀਪ ਕੌੜਾ, ਨਿਰਮੋਲਕ ਸਿੰਘ, ਕਰਨੈਲ ਸਿੰਘ ਸੰਧੂ, ਅਮਰੀਕ ਰੁੜਕਾ, ਤਰਜਿੰਦਰ ਧਾਲੀਵਾਲ, ਜਸਬੀਰ ਭੋਲੀ ਆਦਿ ਵੀ ਹਾਜ਼ਰ ਸਨ।
ਫਤਿਆਬਾਦ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਤਰਨ ਤਾਰਨ ਜ਼ਿਲ੍ਹਾ ਕਮੇਟੀ ਵੱਲੋਂ ਪਿੰਡ ਛਾਪੜੀ ਸਹਿਬ ਵਿੱਖੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਸਮਕਾਲੀ ਸ਼ਹੀਦਾਂ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਕਾਨਫਰੰਸ ਕੀਤੀ ਗਈ। ਪ੍ਰਧਾਨਗੀ ਮਨਜੀਤ ਸਿੰਘ ਬੱਗੂ, ਸੁਖਵੰਤ ਸਿੰਘ ਛਾਪੜੀ, ਕੁਲਵਿੰਦਰ ਕੋਰ ਖਡੂਰ ਸਾਹਿਬ, ਤਰਸੇਮ ਸਿੰਘ ਛਾਪੜੀ ਸਾਹਿਬ ਨੇ ਕੀਤੀ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਾਨਫਰੰਸ ਵਿੱਚ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਨੇ ਜ਼ੁਲਮ ਅਤੇ ਧਾਰਮਿਕ ਕੱਟੜਤਾ ਖ਼ਿਲਾਫ਼ ਆਪਣੀ ਕੁਰਬਾਨੀ ਦਿੱਤੀ ਅਤੇ ਮਨੁੱਖਤਾ ਨੂੰ ਜ਼ੁਲਮ ਖ਼ਿਲਾਫ਼ ਲੜਨ, ਸਾਂਝੀਵਾਲਤਾ ਅਤੇ ਬਰਾਬਰਤਾ ਅਧਾਰਿਤ ਸਮਾਜ ਸਿਰਜਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਕਮ ਆਰਐਸਐਸ ਦੇ ਖਤਰਨਾਕ ਏਜੰਡੇ ਤਹਿਤ ਧਾਰਮਿਕ ਕੱਟੜਤਾ ਫੈਲਾਅ ਰਹੇ ਹਨ ਅਤੇ ਸਾਜ਼ਿਸਾਂ ਤਹਿਤ ਧਾਰਮਿਕ ਘੱਟ ਗਿਣਤੀਆਂ ਦੇ ਧਾਰਮਿਕ ਅਕੀਦਿਆਂ ’ਤੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਾਤਪਾਤ ਅਧਾਰਿਤ ਮੰਨੂਵਾਦੀ ਵਿਵਸਥਾ ਠੋਸ ਰਹੇ ਹਨ ਜੋ ਗੁਰੂਆਂ ਦੀ ਵਿਚਾਰਧਾਰਾ ਦੇ ਉਲਟ ਹੈ।
ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕੇ ਕੇਂਦਰ ਦੀ ਸਰਕਾਰ ਫੈਡਰਲ ਢਾਂਚੇ ਨੂੰ ਢਾਹ ਲਾ ਰਹੀ ਹੈ ਸੂਬਿਆਂ ਦੇ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ। ਪੰਜਾਬ ਨਾਲ ਵਾਰ-ਵਾਰ ਧੱਕੇ ਕੀਤੇ ਜਾ ਰਹੇ ਹਨ। ਚੰਡੀਗੜ੍ਹ, ਯੂਨੀਵਰਸਿਟੀ, ਡੈਮਾਂ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲ੍ਹਾ, ਕੈਪਟਨ ਕਾਹਲਵਾਂ, ਜੋਗਿੰਦਰ ਸਿੰਘ ਖਡੂਰ ਸਹਿਬ, ਮਾ. ਸਰਬਜੀਤ ਸਿੰਘ ਭਰੋਵਾਲ, ਸਰਵਣ ਸਿੰਘ ਜਾਮਾਰਾਏ, ਨਰਿੰਦਰ ਸਿੰਘ, ਜੰਗ ਬਹਾਦਰ ਸਿੰਘ, ਨਛੱਤਰ ਸਿੰਘ ਤੁੜ, ਗੱਜਣ ਸਿੰਘ ਭੈਲ, ਬਾਬਾ ਦਿਆਲ ਸਿੰਘ ਦੀਨੇਵਾਲ, ਸਰਪੰਚ ਬਲਦੇਵ ਸਿੰਘ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ਼ ਸੁਲੱਖਣ ਸਿੰਘ ਤੁੜ ਨੇ ਬਾਖੂਬੀ ਨਿਭਾਏ।
ਅਮਰਕੋਟ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਪ੍ਰਭੂ ਯਿਸੂ ਮਸੀਹ ਦੇ ਜਨਮਦਿਨ ਨੂੰ ਸਮਰਪਿਤ ਕਾਨਫਰੰਸ ਕੀਤੀ ਗਈ, ਜਿਸ ਵਿੱਚ ਮਜ਼ਦੂਰਾਂ, ਕਿਸਾਨਾਂ ਨੌਜਵਾਨਾ ਤੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਪ੍ਰਧਾਨਗੀ ਲਾਜ਼ਰ ਲਾਖਣਾ, ਗੁਰਬੀਰ ਭੱਟੀ ਰਾਜੋਕੇ ਨੇ ਕੀਤੀ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੁੱਲ ਹਿੰਦ ਜਰਨਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਰਤੀ ਕਿਸਾਨਾਂ ਅਤੇ ਆਮ ਲੋਕਾਂ ਦੇ ਹਿੱਤਾਂ ਵਿਰੁੱਧ ਅਤੇ ਕਾਰਪੋਰੇਟ ਘਰਾਣਿਆਂ ਅਡਾਨੀ ਅੰਬਾਨੀ ਦੇ ਹਿੱਤਾਂ ਵਿੱਚ ਕੰਮ ਕਰ ਰਹੀ ਹੈ ਸਾਥੀ ਪਾਸਲਾ ਨੇ ਕਿਹਾ ਲੋਕਾਂ ਵਿੱਚ ਧਰਮਾਂ ਦੇ ਨਾਮ ਤੇ ਫੁੱਟ ਪੈਂਦਾ ਕਰਕੇ ਦੇਸ਼ ਦੇ ਲੋਕਾਂ ਨੂੰ ਵੰਡ ਰਹੀ ਹੈ। ਦੇਸ਼ ਵਿੱਚੋਂ ਜਮਹੂਰੀ ਢਾਂਚਾ ਖਤਮ ਕਰਕੇ ਧਰਮ ਆਧਾਰਿਤ ਕੱਟੜ ਰਾਜ ਸਥਾਪਿਤ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਆਰਐਸਐਸ ਦੇਸ਼ ਵਿਚ ਮਨੂੰਵਾਦੀ ਵਿਵਸਥਾ ਲਾਗੂ ਕਰਨਾ ਚਾਹੁੰਦੀ ਹੈ ਉਹਨਾਂ ਲੋਕਾਂ ਨੂੰ ਨੀਤੀਗਤ ਰਾਜਸੀ ਬਦਲ ਉਸਾਰਨ ਦਾ ਸੱਦਾ ਦਿੱਤਾ ਅਤੇ ਫਿਰਕੂ ਫਾਸੀ ਸੱਤਾ ਦਾ ਟਾਕਰਾ ਕਰਨ ਲਈ ਸੱਦਾ ਦਿੱਤਾ।
ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ਨੌਜਵਾਨਾਂ ਤੇ ਵਿਦਿਆਰਥੀਆਂ ਨਾਲ ਹਰ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣਾ ਖੇਤ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨਾਂ ਵਿਚੋਂ ਪੰਜ ਪੰਜ ਮਰਲੇ ਦੇ ਪਲਾਟ ਅਲਾਟ ਕਰਕੇ ਦੇਣਾ ਪੰਜਾਬ ਅੰਦਰੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਵਰਗੇ ਬੜੇ ਵੱਡੇ ਵਾਅਦੇ ਕੀਤੇ ਸੀ, ਪਰ ਸਾਰੇ ਵਾਅਦੇ ਖੋਖਲੇ ਸਾਬਤ ਹੋਏ ਹਨ ਪੰਜਾਬ ਦੀ ਜਵਾਨੀ ਕਿਸਾਨੀ ਬਚਾਉਣ ਲਈ ਜਥੇਬੰਦਕ ਹੋਣ ਦੀ ਲੋੜ ਹੈ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ

‘ਮਨੂੰਵਾਦ ਭਜਾਓ ਬੇਗਮਪੁਰਾ ਵਸਾਓ’ ਮੁਹਿੰਮ ਤਹਿਤ ਜਨਤਕ ਮੀਟਿੰਗਾਂ ਕੀਤੀਆਂ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ 28 ਨਵੰਬਰ ਤੱਕ ‘ਮਨੂੰਵਾਦ ਭਜਾਓ ਬੇਗਮਪੁਰਾ ਵਸਾਓ’ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਗਿਆ ਸੀ। ਇਸ ਮੁਹਿੰਮ ਤਹਿਤ ਜ਼ਿਲ੍ਹਾ ਕਮੇਟੀਆਂ ਵਲੋਂ ਪਿੰਡਾਂ-ਸ਼ਹਿਰਾਂ ਦੇ ਮਜ਼ਦੂਰ ਮੁਹੱਲਿਆਂ ’ਚ ਭਰਵੇਂ ਇਕੱਠ ਕਰਕੇ ਪਾਰਟੀ ਦੀ ਸਮਝਦਾਰੀ ਲੋਕਾਂ ਨਾਲ ਸਾਂਝੀ ਕੀਤੀ ਗਈ। ਕਿਰਤੀਆਂ, ਖਾਸ ਕਰਕੇ ਦਲਿਤ ਭਾਈਚਾਰੇ ਨੇ ਇਸ ਮੁਹਿੰਮ ਪ੍ਰਤੀ ਖਾਸਾ ਨਰੋਆ ਹੁੰਗਾਰਾ ਭਰਿਆ ਹੈ।
ਜਿਲ੍ਹੇਵਾਰ ਰਿਪੋਰਟਾਂ :
ਬਠਿੰਡਾ : ਬੀੜ ਬਹਿਮਣ, ਗਹਿਰੀ ਬੁੱਟਰ, ਚੱਕ ਰੁਲਦੂ ਸਿੰਘ ਵਾਲਾ, ਪਥਰਾਲਾ, ਗਿੱਦੜ, ਗੰਗਾ, ਪੂਹਲੀ, ਦਾਨੇ ਕਾ ਚੱਕ, ਜੰਗੀਰਾਣਾ, ਝੁੰਬਾ, ਤਿਉਣਾ, ਦਿਓਣ, ਤੁੰਗਵਾਲੀ, ਚੁੱਘੇ ਖੁਰਦ ਵਿਖੇ ਜਨਤਕ ਮੀਟਿੰਗ ਕਰਵਾਈਆਂ ਗਈਆਂ। ਮੁਹਿੰਮ ਦੇ ਅੰਤਲੇ ਦਿਨ ਬਠਿੰਡਾ ਸ਼ਹਿਰ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਮੁਜ਼ਾਹਰਾ ਕੀਤਾ ਗਿਆ।
ਜਲੰਧਰ : ਰੁੜਕਾ ਕਲਾਂ, ਫਿਲੌਰ ਸ਼ਹਿਰ ਦੇ ਮੁਹੱਲਾ ਸੰਤੋਖਪੁਰਾ, ਜਮਸ਼ੇਰ ਖਾਸ, ਮਾਹੂੰਵਾਲ, ਨਕੋਦਰ ਵਿਖੇ ਮੀਟਿੰਗਾਂ ਕੀਤੀਆਂ ਗਈਆਂ।
ਤਰਨਤਾਰਨ : ਤੁੜ, ਜਵੰਧਾ ਕਲਾਂ, ਦੋਬੁਰਜੀ ਵਿਖੇ ਮੀਟਿੰਗਾਂ ਕੀਤੀਆਂ ਗਈਆਂ।
ਨਵਾਂ ਸ਼ਹਿਰ : ਮੁਕੰਦਪੁਰ, ਬੀਕਾ, ਜਗਤਪੁਰ, ਬਘੌਰਾ ਕਲਾਂ ਵਿਖੇ ਮੀਟਿੰਗਾਂ ਹੋਈਆਂ।
ਗੁਰਦਾਸਪੁਰ-ਪਠਾਨਕੋਟ : ਜ਼ਿਲ੍ਹਾ ਕਮੇਟੀ ਵੱਲੋਂ ਛਿੱਤ, ਸੰਦਲਪੁਰ, ਕੋਟਲੀ, ਖੋਜਕੀ ਚੱਕ, ਦੋਸਤਪੁਰ ਪਿੰਡਾਂ ਕਸਬਾ ਸਰਨਾ ਦੇ ਮੁਹੱਲਾ ਮੇਘਾ ’ਚ ਭਰਵੇਂ ਇਕੱਠ ਕੀਤੇ ਗਏ।
ਰੋਪੜ : ਝਿੰਜੜੀ, ਖੇੜੀ, ਫਤਹਿਪੁਰ ਭੰਗਾਲਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ।
ਰੋੜਕੀ (ਮਾਨਸਾ), ਕੋਟਕਪੂਰਾ (ਫਰੀਦਕੋਟ), ਖੂਹੀਆਂ ਸਰਵਰ (ਫਾਜ਼ਿਲਕਾ) ਵਿਖੇ ਜਨਰਲ ਬਾਡੀ ਮੀਟਿੰਗਾਂ ਕਰਵਾਈਆਂ ਗਈਆਂ ਹਨ।
ਰਿਪੋਰਟ : ਰਮੇਸ਼ ਚੰਦਰ

ਦਿਹਾਤੀ ਮਜ਼ਦੂਰ ਸਭਾ ਨੇ ਪੰਜਾਬ ਭਰ ’ਚ ਫੂਕੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ
ਜਲੰਧਰ : ਮਗਨਰੇਗਾ ਐਕਟ ਦਾ ਨਾਂ ਬਦਲਣ ਅਤੇ ਇਸ ਕਾਨੂੰਨ ਨੂੰ ਬੇਲੋੜੇ ਬਦਲਾਅ ਕਰਕੇ ਅਰਥਹੀਨ ਬਣਾਉਣ ਦੇ ਕੇਂਦਰ ਸਰਕਾਰ ਦੇ ਕਿਰਤੀ ਮਾਰੂ ਹੱਲੇ ਖ਼ਿਲਾਫ਼ ਦਿਹਾਤੀ ਮਜ਼ਦੂਰ ਸਭਾ ਵਲੋਂ ਪੰਜਾਬ ਭਰ ’ਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਹਨ। ਵੱਖੋ-ਵੱਖ ਥਾਈਂ ਹੋਏ ਪੁਤਲਾ ਫੂਕ ਪ੍ਰਦਰਸ਼ਨਾਂ, ਜਿਨ੍ਹਾਂ ’ਚ ਭਰਾਤਰੀ ਸੰਗਠਨਾਂ ‘ਮਨਰੇਗਾ ਵਰਕਰਸ ਯੂਨੀਅਨ ਪੰਜਾਬ’ ਅਤੇ ‘ਸੀਟੀਯੂ ਪੰਜਾਬ’ ਨੇ ਵੀ ਭਰਵਾਂ ਯੋਗਦਾਨ ਪਾਇਆ ਹੈ, ਦੀ ਅਗਵਾਈ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਤੋਂ ਇਲਾਵਾ ਸ਼ਮਸ਼ੇਰ ਸਿੰਘ ਨਵਾਂ ਪਿੰਡ, ਦੀਪਕ ਠਾਕਰ, ਬਲਦੇਵ ਸਿੰਘ ਪੰਡੋਰੀ, ਮੰਗਲ ਸਿੰਘ ਟਾਂਡਾ, ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ, ਪਰਮਜੀਤ ਸਿੰਘ ਰੰਧਾਵਾ, ਸ਼ਿਵ ਕੁਮਾਰ, ਨੱਥਾ ਸਿੰਘ, ਜਗਜੀਤ ਸਿੰਘ ਜੱਸੇਆਣਾ, ਬਲਕਾਰ ਔਲਖ, ਗੁਰਤੇਜ ਸਿੰਘ ਹਰੀ ਨੌ, ਵੀਰ ਇੰਦਰ ਜੀਤ ਸਿੰਘ ਪੁਰੀ, ਗਗਨਦੀਪ ਕੌਰ, ਜੱਗਾ ਸਿੰਘ ਖੂਹੀਆਂ ਸਰਵਰ ਤੇ ਹੋਰ ਸਥਾਨਕ ਆਗੂਆਂ ਨੇ ਕੀਤੀ ਹੈ। ਪੁਤਲਾ ਫੂਕ ਪ੍ਰਦਰਸ਼ਨਾਂ ਰਾਹੀਂ ਮੋਦੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮਨਰੇਗਾ ਐਕਟ ’ਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਤਰੁੰਤ ਵਾਪਸ ਲਈਆਂ ਜਾਣ, ਮਨਰੇਗਾ ਦਾ ਪਹਿਲਾ ਰੂਪ ਬਹਾਲ ਕਰਕੇ ਮਨਰੇਗਾ ਮਜ਼ਦੂਰਾਂ ਦੇ ਪੂਰੇ ਪਰਿਵਾਰ ਨੂੰ ਪੂਰਾ ਸਾਲ ਕੰਮ ਦਿੱਤਾ ਜਾਵੇ, ਮਜ਼ਦੂਰਾਂ ਦੀ ਦਿਹਾੜੀ ਸੱਤ ਸੌ ਰੁਪਏ ਕੀਤੀ ਜਾਵੇ, ਮਨਰੇਗਾ ਤਹਿਤ ਕੀਤੇ ਗਏ ਕੰਮ ਦੇ ਬਕਾਏ ਦਿੱਤੇ ਜਾਣ। ਸੂਬਾ ਕੇਂਦਰ ’ਤੇ ਪੁੱਜੀਆਂ ਰਿਪੋਰਟਾਂ ਅਨੁਸਾਰ ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਸਰਦੂਲਗੜ੍ਹ, ਪਠਾਨਕੋਟ, ਹੁਸ਼ਿਆਰਪੁਰ ਸ਼੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਆਦਿ ਜ਼ਿਲਿਆਂ ’ਚ ਅਨੇਕਾਂ ਥਾਂਵਾ ’ਤੇ ਪੁਤਲੇ ਫੂਕ ਪ੍ਰਦਰਸ਼ਨ ਕੀਤੇ ਗਏ। ਸਭਾ ਦੇ ਸੂਬਾਈ ਪ੍ਰੈਸ ਸਕੱਤਰ ਸਾਥੀ ਬਲਦੇਵ ਸਿੰਘ ਨੂਰਪੁਰੀ ਨੇ ਦੱਸਿਆ ਕਿ ਮਜ਼ਦੂਰ ਇਕੱਠਾਂ ਨੂੰ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਨੇ ਕਿਹਾ ਹੈ ਕਿ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ਾਂ ਸਦਕਾ ਕਿਰਤੀਆਂ ਨੂੰ ਗਰੰਟੀ ਸ਼ੁਦਾ ਰੁਜ਼ਗਾਰ ਦੇਣ ਲਈ ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਯੂਪੀਏ ਸਰਕਾਰ ਵੱਲੋਂ ਬਣਾਏ ਗਏ ਮਨਰੇਗਾ ਐਕਟ ਦੀਆਂ ਅਜੋਕੀ ਮੋਦੀ ਸਰਕਾਰ ਨੇ ਧੱਜੀਆਂ ਉਡਾਉਦਿਆਂ ਪੇਂਡੂ ਮਜ਼ਦੂਰਾਂ ਨਾਲ ਸਰਾਸਰ ਧੱਕਾ ਕੀਤਾ ਹੈ। ਪੇਂਡੂ ਕਿਰਤੀਆਂ ਕੋਲੋਂ ਕੰਮ ਮੰਗਣ ਦਾ ਅਧਿਕਾਰ ਖੋਹ ਲਿਆ ਹੈ। ਮੋਦੀ ਸਰਕਾਰ ਨੇ ਆਪਣੇ ਸਾਮਰਾਜੀ ਆਕਾਂਵਾ ਤੇ ਕਾਰਪੋਰੇਟ ਲੋਟੂਆਂ ਨੂੰ ਖੁਸ ਕਰਨ ਲਈ ਅਤੇ ਆਪਣੇ ਵਿਚਾਰਧਾਰਕ ਆਕਾ ਆਰ.ਐਸ.ਐਸ. ਦੇ ਹਿੰਦੂਤਵੀ ਅਜੰਡੇ ਤਹਿਤ ਮਨਰੇਗਾ ਦਾ ਨਾ ਕੇਵਲ ਨਾਮ ਬਦਲਿਆ ਹੈ, ਬਲਕਿ ਇਸ ਐਕਟ ’ਚ ਘਾਤਕ ਤਰਮੀਮਾਂ ਕਰ ਦਿੱਤੀਆਂ ਹਨ। ਮਜ਼ਦੂਰ ਹੁਣ ਕੰਮ ਨਹੀਂ ਮੰਗ ਸਕਣਗੇ ਅਤੇ ਕੰਮ ਦੇਣਾ ਜਾਂ ਨਾ ਦੇਣਾ ਸਰਕਾਰਾਂ ਦੇ ਹੱਥ ਵੱਸ ਹੋਵੇਗਾ। ਮਜ਼ਦੂਰ ਆਗੂਆਂ ਨੇ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪੁਚਾਉਣ ਲਈ ਹਰ ਰੋਜ਼ ਲਏ ਜਾ ਰਹੇ ਮਜ਼ਦੂਰ-ਕਿਸਾਨ ਵਿਰੋਧੀ ਫੈਸਲਿਆਂ ਦਾ ਡੱਟਵਾਂ ਵਿਰੋਧ ਕੀਤੇ ਜਾਣ ਦੀ ਅਪੀਲ ਕੀਤੀ ਹੈ।
ਇਸੇ ਦੌਰਾਨ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਜ਼ਿਲ੍ਹਾ ਕਮੇਟੀ ਗੁਰਦਾਸਪੁਰ-ਪਠਾਨਕੋਟ ਵੱਲੋਂ ਵੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ।
ਰਿਪੋਰਟ : ਰਮੇਸ਼ ਚੰਦਰ

See Also

ਮਗਨਰੇਗਾ ਦੇ ਖਾਤਮੇ ਵਿਰੁੱਧ ਰੋਸ ਪ੍ਰਦਰਸ਼ਨ
“ਆਰ.ਐਸ.ਐਸ. ਦੀ ਸੇਧ ਅਨੁਸਾਰ ਰਾਜ-ਭਾਗ ਚਲਾ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਮੋਦੀ ਸਰਕਾਰ ਨੇ ਗੁਰਬਤ ਮਾਰੇ ਬੇਜਮੀਨੇ-ਸਾਧਨਹੀਣ ਪੇਂਡੂ ਕਿਰਤੀ ਪਰਿਵਾਰਾਂ ਨੂੰ ਸੀਮਤ ਦਿਨਾਂ ਲਈ ਗਰੰਟੀਸ਼ੁਦਾ ਰੁਜ਼ਗਾਰ ਦਿੰਦੇ ਮਨਰੇਗਾ ਕਾਨੂੰਨ ਦਾ ਸਿਰਫ ਨਾਂ ਹੀ ਨਹੀਂ ਬਦਲਿਆ, ਬਲਕਿ ਢਾਂਚਾਗਤ ਬਦਲਾਅ ਕਰਕੇ ਇਸ ਕਾਨੂੰਨ ਦੀ ਰੂਹ ਕਤਲ ਕਰ ਦਿੱਤੀ ਹੈ। ਨਤੀਜੇ ਵਜੋਂ ਪਹਿਲਾਂ ਹੀ ਘੋਰ ਗੁਰਬਤ ਦਾ ਸੰਤਾਪ ਹੰਢਾ ਰਹੇ ਪੇਂਡੂ ਕਿਰਤੀਆਂ, ਜਿਨ੍ਹਾਂ ਚੋਂ ਭਾਰੀ ਗਿਣਤੀ ਅਨੁਸੂਚਿਤ ਜਾਤੀਆਂ, ਜਨ ਜਾਤੀਆਂ ਨਾਲ ਸਬੰਧਤ ਹਨ, ਦੇ ਬੇਰੁਜ਼ਗਾਰ ਹੋਣ ਅਤੇ ਭੁੱਖੇ ਮਰਨ ਦੀ ਨੌਬਤ ਆ ਗਈ ਹੈ।’’ ਇਹ ਵਿਚਾਰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ, ਭਾਰੀ ਗਿਣਤੀ ਔਰਤਾਂ ਸਮੇਤ ਇਕੱਠੇ ਹੋਏ ਸੈਂਕੜੇ ਮਨਰੇਗਾ ਕਿਰਤੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਲਹਿਰ ਦੇ ਨਾਮਵਰ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਪ੍ਰਗਟਾਏ ਹਨ। ਸਾਥੀ ਪਾਸਲਾ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਨਾ ਕੇਵਲ ਦਲਿਤ ਵਿਰੋਧੀ ਮੰਦੀ ਸੋਚ ਦੇ ਮਾਲਕ ਆਪਣੇ ਵਿਚਾਰਧਾਰਕ ਆਕਾ, ਆਰ.ਐਸ.ਐਸ. ਦੀ ਮਗਨਰੇਗਾ ਦੇ ਖਾਤਮੇ ਦੀ ਚਿਰੋਕਣੀ ਮਨੂੰਵਾਦੀ ਸਾਜ਼ਿਸ ਪੂਰ ਚੜ੍ਹਾਈ ਹੈ, ਬਲਕਿ ਸੱਚੇ-ਸੁਚੇ ਪੇਂਡੂ ਕਿਰਤੀਆਂ ਨੂੰ ਬੇਹਥਿਆਰੇ ਕਰਕੇ ਧਨਾਢਾਂ, ਕਾਰਖਾਨੇਦਾਰਾਂ ਤੇ ਜਾਗੀਰਦਾਰਾਂ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਕਿਰਤੀਆਂ ਦੇ ਆਰ-ਪਾਰ ਦੇ ਘੋਲਾਂ ਰਾਹੀਂ ਮੋਦੀ ਸਰਕਾਰ ਨੂੰ ਮਨਰੇਗਾ ਦੀ ਬਹਾਲੀ ਲਈ ਹਰ ਹਾਲਤ ਮਜ਼ਬੂਰ ਕੀਤਾ ਜਾਵੇਗਾ।
ਇਸ ਮੌਕੇ “ਮਨਰੇਗਾ ਵਰਕਰਸ ਯੂਨੀਅਨ ਪੰਜਾਬ’’ ਦੇ ਸੂਬਾਈ ਆਗੂਆਂ ਚਰਨਜੀਤ ਸਿੰਘ ਥੰਮੂਵਾਲ, ਸੱਤਪਾਲ ਸਿੰਘ ਸਹੋਤਾ, ਮਨਪ੍ਰੀਤ ਕੌਰ ਬਾਲੋ ਕੀ, ਯੂਸਫ਼ ਮਸੀਹ ਅਤੇ ਬਲਰਾਜ ਸਿੰਘ ਨੇ ਸਖਤ ਰੋਸ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਨੇ ਸਮੁੱਚੀ ਵਿਰੋਧੀ ਧਿਰ ਅਤੇ ਦੇਸ਼ ਭਰ ਦੇ ਕਿਰਤੀਆਂ ਦੇ ਕਰੜੇ ਵਿਰੋਧ ਨੂੰ ਨਜ਼ਰ ਅੰਦਾਜ਼ ਕਰਦਿਆਂ ਬੇਸ਼ਕ ਉਕਤ ਬਿਲ ਸਦਨ ’ਚੋਂ ਧੱਕੇ ਨਾਲ ਪਾਸ ਕਰਵਾ ਲਿਆ ਹੈ, ਪਰ ਦੇਸ਼ ਭਰ ਦੇ ਕਰੋੜਾਂ ਮਨਰੇਗਾ ਕਿਰਤੀ ਆਪਣੇ ਤਿੱਖੇ ਸੰਘਰਸ਼ਾਂ ਰਾਹੀਂ ਇਸ ਕਿਰਤੀ ਮਾਰੂ, ਦਲਿਤ ਵਿਰੋਧੀ ਹੱਲੇ ਦਾ ਮੂੰਹ ਤੋੜ ਜਵਾਬ ਦੇਣਗੇ।
ਪਿਛੋਂ ਰੋਹ ’ਚ ਆਈਆਂ ਔਰਤਾਂ ਅਤੇ ਮਨਰੇਗਾ ਕਾਮਿਆਂ ਨੇ ਜ਼ੋਰਦਾਰ ਨਾਹਰੇਬਾਰੀ ਕਰਦਿਆਂ ਬੀਐਮਸੀ ਚੌਂਕ ਵਿਖੇ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ। ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ
ਸ਼ਹੀਦ ਰਾਮ ਸਿੰਘ ਪਠਾਨੀਆ ਕਿਰਤੀ ਕੇਂਦਰ ਸ਼ਾਹਪੁਰ ਕੰਢੀ ਦਾ ਉਦਘਾਟਨ
ਸ਼ਾਹਪੁਰ ਕੰਢੀ : ਥੀਨ ਡੈਮ ਕਰਮਚਾਰੀ ਯੂਨੀਅਨ ਦੇ ਮੁੱਖ ਦਫ਼ਤਰ ਸ਼ਹੀਦ ਰਾਮ ਸਿੰਘ ਪਠਾਨੀਆ ਕਿਰਤੀ ਕੇਂਦਰ ਸ਼ਾਹਪੁਰ ਕੰਢੀ ਦਾ ਰਸਮੀ ਉਦਘਾਟਨ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵਲੋਂ ਕੀਤਾ ਗਿਆ। ਕਾਮਰੇਡ ਮੰਗਤ ਰਾਮ ਪਾਸਲਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਿਰਤੀ ਕੇਂਦਰ ਕਿਰਤੀ ਲੋਕਾਂ ਲਈ ਗਿਆਨ ਦਾ ਕੇਂਦਰ ਹੈ। ਉਨ੍ਹਾਂ ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਨਿਆਂ ਦੇ ਘਰ ਭਰਨ ’ਚ ਲੱਗੀ ਹੋਈ ਹੈ। ਦੇਸ਼ ਦੇ ਸਮੂਹਿਕ ਪਬਲਿਕ ਸੈਕਟਰ, ਜੰਗਲ, ਜ਼ਮੀਨ ਹੋਰ ਕੁਦਰਤੀ ਸਰੋਤਾਂ ਨੂੰ ਅੰਨ੍ਹੇਵਾਹ ਲੁਟਾਈ ਜਾ ਰਹੀ ਹੈ। ਮੋਦੀ ਸਰਕਾਰ ਫਾਸ਼ੀਵਾਦੀ ਨੀਤੀ ਤਹਿਤ ਕੰਮ ਕਰ ਰਹੀ ਹੈ। ਦੇਸ਼ ਦੇ ਲੋਕਾਂ ਦੀ ਆਪਸੀ ਸਾਂਝ ਨੂੰ ਤੋੜ ਕੇ ਲੋਕਾਂ ਨੂੰ ਆਪਸ ਵਿਚ ਧਰਮਾਂ-ਜਾਤਾਂ ਦੇ ਨਾਂਅ ’ਤੇ ਲੜਾਉਣ ਦਾ ਕੰਮ ਕਰ ਰਹੀ ਹੈ, ਕਿਰਤ ਕਾਨੂੰਨ ਨੂੰ ਚਾਰ ਕੋਡਾਂ ਵਿਚ ਬਦਲ ਕੇ ਮਜ਼ਦੂਰਾਂ ਦੇ ਹੱਕਾਂ ਉਪਰ ਹਮਲਾ ਕੀਤਾ ਜਾ ਰਿਹਾ ਹੈ, ਬਿਜਲੀ ਐਕਟ 2025 ਨਵਾਂ ਬਿਜਲੀ ਸੋਧ ਬਿੱਲ ਲਿਆ ਕੇ ਦੇਸ਼ ਦੇ ਵਸੀਲੇ ਕਾਰਪੋਰੇਟ ਘਰਾਨਿਆਂ ਨੂੰ ਸੌਂਪਣ ਦਾ ਕੰਮ ਕਰ ਰਹੀ ਹੈ। ਆਰ.ਐਮ.ਪੀ.ਆਈ. ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ, ਸੀ.ਟੀ.ਯੂ.ਪੰਜਾਬ ਦੇ ਸੂਬਾ ਜਰਨਲ ਸਕੱਤਰ ਕਾਮਰੇਡ ਨੱਥਾ ਸਿੰਘ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਥੀਨ ਡੈਮ ਵਰਕਰ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਸੰਧੂ, ਹਰਿੰਦਰ ਸਿੰਘ ਰੰਧਾਵਾ, ਸ਼ਿਵ ਕੁਮਾਰ, ਬਲਵੰਤ ਸਿੰਘ ਘੋਹ, ਮਾਸਟਰ ਸੁਭਾਸ਼ ਸ਼ਰਮਾ, ਜਨਕ ਰਾਜ, ਸਕੱਤਰ ਸਿੰਘ ਅਤੇ ਹਰਜੀਤ ਸਿੰਘ ਆਦਿ ਆਗੂ ਹਾਜ਼ਰ ਸਨ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ
ਰੈਡੀਕਲ ਸੂਝ ਵਾਲਾ ਯੁਵਕ ਸੰਗਠਨ ਬਣਾਉਣ ਲਈ ਇਕੱਠੇ ਹੋਏ 10 ਸੂਬਿਆਂ ਦੇ ਨੌਜਵਾਨ ਆਗੂ
ਜਲੰਧਰ : ‘ਸ਼ਹੀਦ ਸਰਵਨ ਸਿੰਘ ਚੀਮਾ ਮੈਮੋਰੀਅਲ ਟਰੱਸਟ ਬਿਲੰਡਿੰਗ’ ਜਲੰਧਰ ਵਿਖੇ 20-21 ਦਸੰਬਰ 2025 ਨੂੰ ਕੀਤੀ ਗਈ ਦੋ-ਰੋਜ਼ਾ ਮੀਟਿੰਗ ਵਿਚ ਸ਼ਾਮਲ ਹੋਏ ਦੇਸ਼ ਦੇ 10 ਸੂਬਿਆਂ ਦੇ ਵੱਖੋ-ਵੱਖ ਯੁਵਕ ਸੰਗਠਨਾਂ ’ਚ ਕਾਰਜਸ਼ੀਲ ਨੌਜਵਾਨ ਆਗੂਆਂ ਨੇ ਭਰਵੀਂ ਵਿਚਾਰ-ਚਰਚਾ ਕਰਨ ਪਿੱਛੋਂ ਕੁੱਲ ਹਿੰਦ ਪੱਧਰ ਦੀ ਨਵੀਂ ਨੌਜਵਾਨ ਜਥੇਬੰਦੀ ਗਠਿਤ ਕਰਨ ਦਾ ਨਿਰਣਾ ਲਿਆ ਹੈ।
ਨਵੇਂ ਸੰਗਠਨ ਦੀ ਵਿਧੀਵਤ ਸਥਾਪਨਾ 11-13 ਅਪ੍ਰੈਲ 2026 ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਕੁਲ ਹਿੰਦ ਪੱਧਰ ਦਾ ਡੈਲੀਗੇਟ ਅਜਲਾਸ ਸੱਦ ਕੇ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਹੇਠਾਂ ਪੱਧਰ ਤੋਂ ਮੈਂਬਰਸ਼ਿਪ ’ਤੇ ਆਧਾਰਿਤ ਕਮੇਟੀਆਂ ਚੁਣ ਕੇ ਤਾਮਿਲਨਾਡੂ, ਪੁਡੁਚੇਰੀ, ਆਂਧਰਾ, ਤੇਲੰਗਾਨਾ, ਕੇਰਲਾ ਮਹਾਰਾਸ਼ਟਰ, ਰਾਜਸਥਾਨ, ਪੰਜਾਬ, ਹਰਿਆਣਾ, ਬਿਹਾਰ, ਉੱਤਰ ਪ੍ਰਦੇਸ਼ ਸੂਬਿਆਂ ਦੇ ਯੂਨਿਟ ਚੁਣੇ ਜਾਣਗੇ। ਉਕਤ ਸਮੁੱਚੀ ਪ੍ਰੀਕਿ੍ਰਆ ਸਫਲਤਾ ਪੂਰਵਕ ਸਿਰੇ ਚਾੜ੍ਹਨ ਲਈ ਤਿਆਰੀ ਕਮੇਟੀ ਅਤੇ ਨਵੇਂ ਸੰਗਠਨ ਦੇ ਐਲਾਨਨਾਮੇ ਅਤੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਵੀ ਚੁਣੀ ਗਈ ਹੈ। ਸੰਗਠਨ ਦਾ ਪ੍ਰਮੁੱਖ ਉਦੇਸ਼ ਮਾਨਵੀ ਸੋਚ ਦੇ ਧਾਰਨੀ ਯੋਧਿਆਂ ਤੇ ਸਮਾਜ ਸੁਧਾਰਕਾਂ, ਗਦਰੀ ਸੂਰਬੀਰਾਂ ਅਤੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਚਿਤਵਿਆ ਲੁੱਟ-ਖਸੁੱਟ ਅਤੇ ਜਬਰ-ਵਿਤਕਰੇ ਤੋਂ ਰਹਿਤ ਸਮਾਨਤਾਵਾਦੀ ਸਮਾਜ ਸਿਰਜਣ ਲਈ ਜੂਝਣਾ ਹੋਵੇਗਾ। ਸੰਗਠਨ ਹਨੇਰਬਿਰਤੀਵਾਦ ਤੇ ਫੁੱਟਪਾਊ ਵਿਚਾਰ ਚੌਖਟੇ ਦਾ ਟਾਕਰਾ ਕਰਦਾ ਹੋਇਆ ਅਗਾਂਹਵਧੂ ਵਿਚਾਰਾਂ ਤੇ ਵਿਗਿਆਨਕ ਸੋਚ ਦੀ ਤਰੱਕੀ ਅਤੇ ਮਜ਼ਬੂਤੀ ਲਈ ਕਾਰਜਸ਼ੀਲ ਰਹੇਗਾ। ਮੀਟਿੰਗ ਵਲੋਂ 23 ਮਾਰਚ ਨੂੰ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਦੇਸ਼ ਭਰ ’ਚ “ਸਾਮਰਾਜੀ ਤੇ ਪੂੰਜੀਵਾਦੀ ਲੁੱਟ ਤੇ ਦਾਬੇ ਤੋਂ ਮੁਕਤੀ ਹਾਸਲ ਕਰਨ ਅਤੇ ਵਿਸ਼ਵੀ ਸੱਜ ਪਿਛਾਖੜ ਤੇ ਫਿਰਕੂ-ਫਾਸ਼ੀਵਾਦ ਨੂੰ ਭਾਂਜ ਦੇਣ ਦਾ ਜਨ ਸੰਗਰਾਮ ਪ੍ਰਚੰਡ ਕਰਨ ਦੇ ਸੰਕਲਪ ਦਿਵਸ’’ ਵਜੋਂ ਵਸੀਹ ਪੈਮਾਨੇ ’ਤੇ ਮਨਾਏ ਜਾਣ ਦਾ ਸੱਦਾ ਦਿੱਤਾ ਗਿਆ ਹੈ। ਅਪੀਲ ਕੀਤੀ ਗਈ ਹੈ ਕਿ ਇਸ ਦਿਨ ਪਿੰਡਾਂ, ਸ਼ਹਿਰਾਂ-ਕਸਬਿਆਂ ਅਤੇ ਵਿਦਿਅਕ ਅਦਾਰਿਆਂ ’ਚ ਮੀਟਿੰਗਾਂ, ਰੈਲੀਆਂ, ਝੰਡਾ ਮਾਰਚ, ਸੈਮੀਨਾਰ, ਕਨਵੈਨਸ਼ਨਾਂ, ਸਭਿਆਚਾਰਕ ਪ੍ਰੋਗਰਾਮ ਕੀਤੇ ਜਾਣ। ਮੀਟਿੰਗ ਵਲੋਂ ਨੇੜ ਭਵਿੱਖ ’ਚ ‘ਸੰਯੁਕਤ ਕਿਸਾਨ ਮੋਰਚਾ’ ਅਤੇ ‘ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸਾਂਝੇ ਮੰਚ’ ਵਲੋਂ ਲੜੇ ਜਾਣ ਵਾਲੇ ਸਾਰੇ ਘੋਲਾਂ ’ਚ ਪੂਰੀ ਤਾਕਤ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ ਹੈ। ਹੋਰਨਾਂ ਤੋਂ ਇਲਾਵਾ ਧਰਮਿੰਦਰ ਸਿੰਘ, ਵਨਮ ਸੁਧਾਕਰ, ਸੁਭਾਨੀ ਸੱਈਦ, ਰਾਮ ਪ੍ਰਕਾਸ਼ ਯਾਦਵ, ਮਨਜਿੰਦਰ ਸਿੰਘ, ਵਿਲਾਸ ਮੇਧਾ, ਐਡਵੋਕੇਟ ਦਵਿੰਦਰ ਸਿੰਘ ਅਲੀਕਾ, ਰਵਿੰਦਰ ਸਿੰਘ ਲੋਹਗੜ੍ਹ, ਅਜੈ ਫਿਲੌਰ ਨੇ ਵੀ ਵਿਚਾਰ ਰੱਖੇ। ਰਿਪੋਰਟ : ਰਮੇਸ਼ ਚੰਦਰ
ਵਿਲੱਖਣ ਸੇਵਾ ਮੁਕਤੀ ਸਮਾਰੋਹ
ਕੋਟਕਪੂਰਾ : ਪਸਸਫ 1406-22ਬੀ ਚੰਡੀਗੜ੍ਹ ਦੇ ਸੂਬਾਈ ਆਗੂ, ਜੇਪੀਐਮਓ ਫਰੀਦਕੋਟ ਦੇ ਜ਼ਿਲ੍ਹਾ ਕਨਵੀਨਰ, ‘ਪੰਜਾਬ ਮੰਡੀ ਬੋਰਡ ਵਰਕਰਜ ਯੂਨੀਅਨ ਪੰਜਾਬ’ ਦੇ ਸੂਬਾ ਪ੍ਰਧਾਨ ਵੀਰਇੰਦਰ ਜੀਤ ਸਿੰਘ ਪੁਰੀ, ਲਗਭਗ 39 ਸਾਲ 8 ਮਹੀਨੇ 6 ਦਿਨ ਦੀ ਸੇਵਾ ਨਿਭਾ ਕੇ ਮੰਡੀ ਬੋਰਡ ਚੋਂ ਬਤੌਰ ਸੁਪਰਵਾਈਜਰ ਸੇਵਾ ਮੁਕਤ ਹੋਏ ਹਨ। ਵਿਲੱਖਣ ਗੱਲ ਇਹ ਹੈ ਕਿ ਲੰਘੀ 4 ਦਸੰਬਰ ਨੂੰ ਕੋਟਕਪੂਰਾ ਸ਼ਹਿਰ ਦੇ ਅੰਮ੍ਰਿਤ ਪੈਲੇਸ ਵਿਖੇ ਹੋਇਆ ਉਨ੍ਹਾਂ ਦਾ ਸੇਵਾ ਮੁਕਤੀ ਸਮਾਰੋਹ ਇਕ ਬੇਹੱਦ ਸੰਜੀਦਾ ਰਾਜਸੀ-ਸਮਾਜਿਕ ਵਿਚਾਰ-ਚਰਚਾ ਹੋ ਨਿੱਬੜਿਆ।
ਇਸ ਮੌਕੇ ਪ੍ਰਮੁੱਖ ਬੁਲਾਰੇ, ਦੇਸ਼ ਦੀ ਜਮਹੂਰੀ ਲਹਿਰ ਦੇ ਨਾਮਵਰ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਦੇਸ਼-ਦੁਨੀਆ ਤੇ ਸੂਬੇ ਦੇ ਅਜੋਕੇ ਚਿੰਤਾਜਨਕ ਹਾਲਾਤ, ਹਾਕਮਾਂ ਜਮਾਤਾਂ ਦੀ ਬੇਤਹਾਸ਼ਾ ਤੇ ਬੇਰਹਿਮ ਲੁੱਟ ਕਾਰਨ ਮਿਹਨਤਕਸ਼ ਆਵਾਮ ਦੀਆਂ ਦਿਨੋ-ਦਿਨ ਨਿੱਘਰ ਰਹੀਆਂ ਜੀਵਨ ਹਾਲਤਾਂ, ਫਿਰਕੂ-ਫੁਟ ਪਾਊ ਤਾਕਤਾਂ ਦੇ ਲੋਕਾਂ ਨੂੰ ਵੰਡਣ ਦੇ ਕੋਝੇ ਮਨਸੂਬਿਆਂ, ਨਸ਼ਿਆਂ ਤੇ ਅਪਰਾਧ ਜਿਹੀਆਂ ਸਮਾਜਿਕ ਲਾਹਣਤਾਂ ਬਾਰੇ ਆਪਣੀਆਂ ਚਿੰਤਾਵਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਸਾਥੀ ਪਾਸਲਾ ਨੇ ਪੰਜਾਬੀ ਖਿੱਤੇ ਦੇ ਨਰੋਏ ਵਿਰਸੇ, ਨਾਬਰੀ ਦੇ ਸੁਭਾਅ ਤੇ ਦੀਨ-ਦੁਖੀ ਦੀ ਰਾਖੀ ਲਈ ਜੂਝ ਮਰਨ ਦੀਆਂ ਸ਼ਾਨਦਾਰ ਰਵਾਇਤਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ। ਸਾਥੀ ਪੁਰੀ ਨੂੰ ਨਰੋਏ ਭਵਿੱਖ ਦੀਆਂ ਸ਼ੁਭ ਇੱਛਾਵਾਂ ਦੇਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਪਸਸਫ ਦੇ ਸੂਬਾ ਜਨਰਲ ਸਕੱਤਰ ਤੇ ਸਕੱਤਰ ਤੀਰਥ ਸਿੰਘ ਬਾਸੀ ਤੇ ਜਤਿੰਦਰ ਕੁਮਾਰ, ਜੇਪੀਐਮਓ ਦੇ ਸੂਬਾਈ ਆਗੂ ਸਾਥੀ ਮਾਹੀਪਾਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਸਹਾਇਕ ਸਕੱਤਰ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ, ਮੰਡੀ ਬੋਰਡ ਫਰੀਦਕੋਟ ਦੇ ਕਾਰਜਕਾਰੀ ਇੰਜੀਨੀਅਰ ਬਿਕਰਮਜੀਤ ਸਿੰਘ, ਐਸਕੇਐਮ ਦੇ ਆਗੂ ਸਮਸੇਰ ਸਿੰਘ ਕਿੰਗਰਾ ਤੇ ਸੁਰਜੀਤ ਸਿੰਘ, ਪੀ.ਡਬਲਿਊ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਫੁੰਮਣ ਸਿੰਘ, ਗੁਰਤੇਜ ਸਿੰਘ ਖਹਿਰਾ, ਗੁਰਤੇਜ ਸਿੰਘ ਹਰੀਨੌ, ਬਲਕਾਰ ਸਿੰਘ ਔਲਖ, ਮੋਹਨਜੀਤ ਸਿੰਘ ਪੁਰੀ, ਸਿਮਰਜੀਤ ਸਿੰਘ ਬਰਾੜ, ਗੋਪਾਲ ਚੰਦ ਵੀ ਉਚੇਚੇ ਹਾਜ਼ਰ ਹੋਏ। ਮੰਚ ਦੀ ਕਾਰਵਾਈ ਪੈਨਸ਼ਨਰ ਆਗੂ ਪ੍ਰੇਮ ਚਾਵਲਾ ਨੇ ਬਾਖੂਬੀ ਚਲਾਈ। ਦਰਜਨਾਂ ਸੰਸਥਾਵਾਂ ਵਲੋਂ ਸਾਥੀ ਵੀਰਇੰਦਰ ਜੀਤ ਸਿੰਘ ਪੁਰੀ ਦਾ ਸਨਮਾਨ ਵੀ ਕੀਤਾ ਗਿਆ।
ਕੈਬਨਿਟ ਮੰਤਰੀ ਭੁੱਲਰ ਦੀ ਰਿਹਾਇਸ਼ ਤੇ ਮੋਟਰਸਾਈਕਲ ਯੂਨੀਅਨ ਵੱਲੋਂ ਧਰਨਾ
ਤਰਨ ਤਾਰਨ : ਮੋਟਰਸਾਈਕਲ ਰੇਹੜੀ ਯੂਨੀਅਨ ਵੱਲੋ ਉਹਨਾਂ ਦਾ ਰੁਜ਼ਗਾਰ ਬੰਦ ਕਰਨ ਵਿਰੁੱਧ ਸੈਂਕੜੇ ਰੁਜ਼ਗਾਰ ’ਤੇ ਲੱਗੇ ਮਜ਼ਦੂਰਾਂ ਨੇ ਆਪਣੀਆਂ ਮੋਟਰਸਾਈਕਲ ਰੇੜੀਆਂ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਰਿਹਾਇਸ਼ ਪੱਟੀ ਤੇ ਧਰਨਾ ਲਾ ਕੇ ਮੰਗ ਪੱਤਰ ਦਿੱਤਾ ਗਿਆ। ਅਗਵਾਈ ਯੂਨੀਅਨ ਦੇ ਆਗੂ ਰਣਜੀਤ ਸਿੰਘ, ਇੰਦਰ ਸਿੰਘ, ਨਛੱਤਰ ਸਿੰਘ, ਕਰਮਜੀਤ ਸਿੰਘ, ਪਰਗਟ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਨੇ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੀਟੀਯੂ ਪੰਜਾਬ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਸੀਟੀਯੂ ਪੰਜਾਬ ਦੇ ਸੂਬਾਈ ਆਗੂ ਧਰਮ ਸਿੰਘ ਪੱਟੀ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਵਿੰਦਰ ਸਿੰਘ ਫੈਲੋਕੇ, ਮਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਰਟੌਲ ਨੇ ਬੋਲਦਿਆਂ ਕਿਹਾ ਕਿ ਪਿੰਡਾਂ ਅਤੇ ਕਸਬਿਆਂ ’ਚ ਹਜ਼ਾਰਾਂ ਲੋਕਾਂ ਨੇ ਹਜ਼ਾਰਾ ਰੁਪਏ ਲਾ ਕੇ ਆਪਣੀ ਰੁਜ਼ਗਾਰ ਦੇ ਸਾਧਨ ਮੋਟਰਸਾਈਕਲ ਰੇੜੀ ਬਣਾਏ ਹਨ, ਜੋ ਉਹਨਾਂ ’ਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ। ਪਿਛਲੇ ਦਿਨ ਹਾਈ ਕੋਰਟ ਦੇ ਨਾਂ ਤੇ ਇਹਨਾਂ ਮੋਟਰਸਾਈਕਲ ਰੇੜੀ ਵਾਲਿਆਂ ਨੂੰ ਪੁਲਿਸ ਪ੍ਰਸ਼ਾਸਨ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਧਰਨਾ ਵਿੱਚ ਮੰਗ ਕੀਤੀ ਗਈ ਕਿ ਰੁਜ਼ਗਾਰ ’ਤੇ ਲੱਗੇ ਲੋਕਾਂ ਦਾ ਰੁਜ਼ਗਾਰ ਬੰਦ ਨਾ ਕਰਾਇਆ ਜਾਵੇ ਅਤੇ ਪੰਜਾਬ ਸਰਕਾਰ ਅਤੇ ਖਾਸ ਕਰਕੇ ਇਲਾਕੇ ਦੇ ਕੈਬਨਿਟ ਮੰਤਰੀ ਆਪਣੇ ਪੁਲਿਸ ਪ੍ਰਸ਼ਾਸਨ ਅਤੇ ਹੋਰ ਸਰਕਾਰੀ ਪ੍ਰਸ਼ਾਸਨ ਨੂੰ ਹਦਾਇਤ ਕਰਨ ਕਿ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਤੁਰੰਤ ਬੰਦ ਕੀਤਾ ਜਾਵੇ।
ਰਿਪੋਰਟ: ਸ਼ਮਸ਼ੇਰ ਸਿੰਘ ਬਟਾਲਾ/ਰਮੇਸ਼ ਚੰਦਰ

Scroll To Top