Now Reading
ਤਰਕ ਦੀ ਕਿਹੋ ਜਿਹੀ ਮਸ਼ਾਲ ਬੁੱਝ ਗਈ, ਕਿਹੋ ਜਿਹਾ ਮਹਾਨ ਦਿਲ ਧੜਕਣੋਂ ਰੁਕ ਗਿਆ

ਤਰਕ ਦੀ ਕਿਹੋ ਜਿਹੀ ਮਸ਼ਾਲ ਬੁੱਝ ਗਈ, ਕਿਹੋ ਜਿਹਾ ਮਹਾਨ ਦਿਲ ਧੜਕਣੋਂ ਰੁਕ ਗਿਆ

ਸੰਸਾਰ ਕਿਰਤੀ ਦੇ ਮਹਾਨ ਰਹਿਬਰ ਫੇਰਡਿਕ ਏਂਗਲਸ (ਜਨਮ: 28 ਨਵੰਬਰ 1820, ਦਿਹਾਂਤ : 5 ਅਗਸਤ 1895) ਦੇ ਜਨਮ ਦਿਵਸ ਮੌਕੇ ਰੂਸ ‘ਚ ਕਾਮਯਾਬ ਹੋਏ ਸੰਸਾਰ ਦੇ ਪਹਿਲੇ ਕਿਰਤੀ ਇਨਕਲਾਬ ਦੀ ਅਗਵਾਈ ਕਰਨ ਵਾਲੇ ਮਹਾਨ ਆਗੂ ਵੀ.ਆਈ. ਲੈਨਿਨ ਵੱਲੋਂ ਉਨ੍ਹਾਂ ਦੇ ਦਿਹਾਂਤ ਸਮੇਂ ਭਾਵਨਾਤਮਕ ਸ਼ੈਲੀ ‘ਚ ਲਿਖਿਆ ਗਿਆ ਸਿਧਾਂਤਕ-ਵਿਚਾਰਧਾਰਕ ਲੇਖ ਛਾਪ ਰਹੇ ਹਾਂ। – ਸੰਪਾਦਕੀ ਮੰਡਲ
5 ਅਗਸਤ 1895 ਨੂੰ (ਨਵੇਂ ਕੈਲੰਡਰ ਅਨੁਸਾਰ ) ਲੰਡਨ ਵਿਖੇ ਫਰੈਡਰਿਕ ਏਂਗਲਸ ਦਾ ਦਿਹਾਂਤ ਹੋ ਗਿਆ ਸੀ। ਏਂਗਲਸ, ਆਪਣੇ ਦੋਸਤ ਕਾਰਲ ਮਾਰਕਸ, ਜਿਸ ਦੀ 1883 ਵਿੱਚ ਮ੍ਰਿਤੂ ਹੋ ਗਈ ਸੀ, ਤੋਂ ਪਿੱਛੋਂ ਆਧੁਨਿਕ ਮਜ਼ਦੂਰ ਵਰਗ ਦਾ ਸਮੁੱਚੇ ਸੱਭਿਅਕ ਸੰਸਾਰ ‘ਚ ਸਭ ਤੋਂ ਨਫੀਸ ਵਿਦਵਾਨ ਤੇ ਅਧਿਆਪਕ ਸੀ।

ਹੋਣੀ ਨੇ ਜਿਸ ਘੜੀ ਫਰੈਡਰਿਕ ਏਂਗਲਸ ਤੇ ਕਾਰਲ ਮਾਰਕਸ ਨੂੰ ਮਿਲਾਇਆ, ਉਦੋਂ ਤੋਂ ਹੀ ਦੋਹਾਂ ਮਿੱਤਰਾਂ ਨੇ ਆਪਣਾ ਸਮੁੱਚਾ ਜੀਵਨ ਇੱਕ ਸਾਂਝੇ ਉਦੇਸ਼ ਲਈ ਸਮਰਪਿਤ ਕਰ ਦਿੱਤਾ ਸੀ ਅਤੇ ਇਸੇ ਕਰਕੇ ਏਂਗਲਜ ਨੇ ਕਿਰਤੀ ਸ਼੍ਰੇਣੀ ਲਈ ਜੋ ਕੀਤਾ, ਉਸ ਦੀ ਥਾਹ ਪਾਉਣ ਲਈ ਕਿਸੇ ਕੋਲ ਵੀ ਮਾਰਕਸ ਦੀ ਸਿੱਖਿਆ ਅਤੇ ਸਮਕਾਲੀ ਮਜ਼ਦੂਰ ਅੰਦੋਲਨ ਦੇ ਵਾਧੇ ਲਈ ਉਸ ਵਲੋਂ ਕੀਤੇ ਮਹੱਤਵਪੂਰਨ ਕਾਰਜਾਂ ਦੀ ਸਪਸ਼ਟ ਸੋਝੀ ਹੋਣੀ ਲਾਜ਼ਮੀ ਹੈ। ਮਾਰਕਸ ਅਤੇ ਏਂਗਲਸ ਪਹਿਲੇ ਸਨ, ਜਿਨ੍ਹਾਂ ਨੇ ਦੱਸਿਆ ਕਿ ਮਜ਼ਦੂਰ ਵਰਗ ਤੇ ਇਸ ਦੀਆਂ ਮੰਗਾਂ ਮੌਜੂਦਾ ਆਰਥਿਕ ਪ੍ਰਣਾਲੀ ਦੀ ਮੰਤਕੀ ਪੈਦਾਇਸ਼ ਹਨ, ਜੋ ਪੂੰਜੀਪਤੀਆਂ ਨਾਲ ਮਿਲ ਕੇ ਮਜ਼ਦੂਰ ਵਰਗ ਨੂੰ ਪੈਦਾ ਕਰਨ ਦੇ ਨਾਲ-ਨਾਲ ਇਸ ਨੂੰ ਸੰਗਠਤ ਵੀ ਕਰਦੀ ਹੈ।

ਉਨ੍ਹਾਂ ਨੇ ਸਾਬਤ ਕੀਤਾ ਕਿ ਕਿਸੇ ਦਿਆਲੂ ਸ਼ਖਸ ਵਲੋਂ ਚੰਗੀ ਨੀਅਤ ਨਾਲ ਕੀਤੇ ਗਏ ਯਤਨ ਨਹੀਂ, ਬਲਕਿ ਇਹ ਸੰਗਠਿਤ ਕਿਰਤੀ ਸ਼੍ਰੇਣੀ ਦੇ ਜਮਾਤੀ ਘੋਲ ਹੀ ਹਨ, ਜੋ ਅਜੋਕੇ ਸਮੇਂ ਜੀਅ ਦਾ ਜੰਜਾਲ ਬਣੀਆਂ, ਬੁਰਾਇਆਂ ਤੋਂ ਮਨੁੱਖਤਾ ਨੂੰ ਮੁਕਤ ਕਰਵਾਉਣਗੇ । ਆਪਣੇ ਵਿਗਿਆਨਿਕ ਕੰਮਾਂ ਰਾਹੀਂ ਮਾਰਕਸ ਤੇ ਏਂਗਲਸ ਨੇ ਹੀ ਸਭ ਤੋਂ ਪਹਿਲਾਂ ਇਹ ਦਰਸਾਇਆ ਸੀ ਕਿ ਸਮਾਜਵਾਦ ਸੁਪਨਸਾਜ਼ਾਂ ਦੀ ਕਾਢ ਨਹੀਂ, ਸਗੋਂ ਆਧੁਨਿਕ ਸਮਾਜ ਦੀਆਂ ਪੈਦਾਵਾਰੀ ਤਾਕਤਾਂ ਦੀ ਤਰੱਕੀ ਦਾ ਲਾਜ਼ਮੀ ਸਿੱਟਾ ਤੇ ਅੰਤਿਮ ਉਦੇਸ਼ ਹੈ। ਅੱਜ ਤੱਕ ਦਾ ਸਾਰਾ ਸਾਂਭਿਆ ਇਤਿਹਾਸ ਜਮਾਤੀ ਘੋਲਾਂ ਦਾ ਇਤਿਹਾਸ ਹੈ, ਯਾਨਿ ਖਾਸ ਜਮਾਤਾਂ ਵਲੋਂ ਦੂਜੀਆਂ ਜਮਾਤਾਂ ‘ਤੇ ਜਿੱਤ ਪ੍ਰਾਪਤ ਕਰਨ ਅਤੇ ਸ਼ਾਸਨ ਕਰਨ ਦਾ ਇਤਿਹਾਸ ਹੈ। ਅਤੇ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਜਮਾਤੀ ਭੇੜ, ਜਮਾਤੀ ਗਲਬਾ, ਨਿੱਜੀ ਮਾਲਕੀ ਅਤੇ ਅਰਾਜਕ ਸਮਾਜੀ ਪੈਦਾਵਾਰ ਮੁੱਕ ਨਹੀਂ ਜਾਂਦੇ। ਕਿਰਤੀ ਸ਼੍ਰੇਣੀ ਦੇ ਹਿੱਤ ਇਨ੍ਹਾਂ ਬੁਨਿਆਦਾਂ ਦੇ ਖਾਤਮੇ ਦੀ ਮੰਗ ਕਰਦੇ ਹਨ, ਇਸ ਲਈ ਜਥੇਬੰਦ ਕਿਰਤੀਆਂ ਦਾ ਚੇਤਨ ਵਰਗ ਸੰਘਰਸ਼, ਇਸ ਵੱਲ ਸੇਧਤ ਹੋਣਾ ਚਾਹੀਦਾ ਹੈ। ਹਰ ਜਮਾਤੀ ਘੋਲ, ਸਿਆਸੀ ਘੋਲ ਹੈ।

ਮਾਰਕਸ ਅਤੇ ਏਂਗਲਸ ਦੇ ਇਹ ਵਿਚਾਰ, ਅੱਜ ਸੰਸਾਰ ਦੇ ਉਨ੍ਹਾਂ ਸਾਰੇ ਕਿਰਤੀਆਂ ਨੇ ਅਪਣਾਅ ਲਏ ਹਨ ਜੋ ਆਪਣੀ ਮੁਕਤੀ ਲਈ ਜੂਝ ਰਹੇ ਹਨ। ਐਪਰ ਚਾਲੀਵੇਂ ਦਹਾਕੇ ਦੌਰਾਨ, ਜਦੋਂ ਦੋਵੇਂ ਮਿੱਤਰ ਆਪਣੇ ਦੌਰ ਦੀਆਂ ਸਮਾਜਿਕ ਲਹਿਰਾਂ ‘ਚ ਰੁੱਝੇ ਹੋਏ ਸਨ ਤੇ ਸਮਾਜਵਾਦੀ ਸਾਹਿਤ ਸਿਰਜਣਾ ‘ਚ ਲੀਨ ਸਨ, ਉਦੋਂ ਇਹ ਵਿਚਾਰ ਅਸਲੋਂ ਨਵੇਂ ਸਨ।

ਉਦੋਂ ਅਜਿਹੇ ਅਨੇਕਾਂ ਯੋਗ ਜਾਂ ਅਯੋਗ, ਬੇਈਮਾਨ ਜਾਂ ਈਮਾਨਦਾਰ ਬੰਦੇ ਸਨ, ਜੋ ਰਾਜਸੀ ਆਜ਼ਾਦੀ ਦੇ ਘੋਲ ‘ਚ ਰੁੱਝੇ ਹੋਏ ਸਨ, ਰਾਜਿਆਂ, ਪਾਦਰੀਆਂ ਤੇ ਪੁਲਸ ਦੀ ਤਾਨਾਸ਼ਾਹੀ ਖ਼ਿਲਾਫ਼ ਲੜ ਰਹੇ ਸਨ, ਉਹ ਪੂੰਜੀਪਤੀਆਂ ਅਤੇ ਮਜ਼ਦੂਰ ਵਰਗ ਦੇ ਹਿੱਤਾਂ ਦਰਮਿਆਨ ਕਦੇ ਨਾ ਹੱਲ ਕੀਤੇ ਜਾ ਸਕਣ ਵਾਲੇ ਟਕਰਾਅ ਨੂੰ ਸਮਝਣੋਂ ਅਸਮਰੱਥ ਰਹੇ ਸਨ। ਇਹ ਲੋਕ ਕਿਰਤੀ ਜਮਾਤ ਦੇ ਆਜ਼ਾਦਾਨਾ ਤਾਕਤ ਵਜੋਂ ਕਾਰਜਸ਼ੀਲ ਹੋਣ ਦੇ ਵਿਚਾਰ ਨੂੰ ਪਚਾਅ ਨਹੀਂ ਸਨ ਸਕੇ। ਦੂਜੇ ਪਾਸੇ ਸੁਪਨਿਆਂ ਦੀ ਬਹਿਸ਼ਤ ‘ਚ ਜੀਣ ਵਾਲੇ ਵੀ ਸਨ । ਇਨ੍ਹਾਂ ‘ਚੋਂ ਕੁੱਝ ਨਿਹਾਇਤ ਬੁੱਧੀਮਾਨ ਵੀ ਸਨ, ਜੋ ਸੋਚਦੇ ਸਨ ਕਿ ਇਹ ਲਾਜ਼ਮੀ ਹੈ ਕਿ ਸ਼ਾਸ਼ਕਾਂ ਤੇ ਹਾਕਮ ਜਮਾਤਾਂ ਨੂੰ ਮੌਜੂਦਾ ਸਮਾਜਿਕ ਵਿਵਸਥਾ ਦੇ ਜ਼ੁਲਮਾਂ ਅਤੇ ਅਨਿਆਂ ਤੋਂ ਜਾਣੂੰ ਕਰਵਾ ਦਿੱਤਾ ਜਾਵੇ ਤਾਂ ਫਿਰ ਧਰਤ ‘ਤੇ ਅਮਨ ਅਤੇ ਚੰਗਿਆਈ ਦਾ ਬੋਲਬਾਲਾ ਕਾਇਮ ਕਰਨਾ ਬੜਾ ਸੌਖਾ ਹੋ ਜਾਵੇਗਾ। ਇਹ ਸੰਘਰਸ਼ ਕੀਤੇ ਬਗੈਰ ਸਮਾਜਵਾਦ ਲਿਆਉਣ ਬਾਰੇ ਸੋਚਦੇ ਸਨ। ਕੁੱਲ ਮਿਲਾ ਕੇ, ਉਸ ਦੌਰ ਦੇ ਤਕਰੀਬਨ ਸਾਰੇ ਸਮਾਜਵਾਦੀ ਤੇ ਮਜ਼ਦੂਰ ਜਮਾਤ ਦੇ ਮਿੱਤਰ ਪਰੋਲੇਤਾਰੀ ਨੂੰ ਕੇਵਲ ਇੱਕ ਨਾਸੂਰ ਵਜੋਂ ਅੰਗਦੇ ਸਨ ਅਤੇ ਡਰ ਨਾਲ ਦੇਖਦੇ ਸਨ ਕਿ ਇਹ ਉਦਯੋਗੀਕਰਣ ਦੇ ਵਾਧੇ ਨਾਲ ਕਿਵੇਂ ਵੱਧ ਰਹੇ ਸਨ। ਲਿਹਾਜ਼ਾ, ਉਹ ਸਾਰੇ ‘ਇਤਿਹਾਸ ਦਾ ਪਹੀਆ’ ਠੱਲ੍ਹਣ ਲਈ ਸਨਅਤੀ ਤਰੱਕੀ ਅਤੇ ਮਜ਼ਦੂਰ ਜਮਾਤ ਦੇ ਵਾਧੇ ਨੂੰ ਰੋਕਣ ਦੇ ਉਪਾਅ ਲੱਭਦੇ ਸਨ।

ਏਂਗਲਸ ਅਤੇ ਮਾਰਕਸ ਮਜਦੂਰ ਜਮਾਤ ਦੇ ਵਾਧੇ ਦੇ ਭੈਅ ਦੇ ਹਿੱਸੇਦਾਰ ਨਹੀਂ ਬਣੇ; ਇਸ ਦੇ ਉਲਟ ਉਨ੍ਹਾਂ ਦੀਆਂ ਸਾਰੀਆਂ ਆਸਾਂ ਇਸੇ ਨਿਰੰਤਰ ਵਾਧੇ ‘ਤੇ ਟਿਕੀਆਂ ਸਨ। ਜਿੰਨੇ ਜ਼ਿਆਦਾ ਪਰੋਲੇਤਾਰੀ ਹੋਣਗੇ, ਓਨੀ ਹੀ ਇੱਕ ਕ੍ਰਾਂਤੀਕਾਰੀ ਵਰਗ ਦੇ ਤੌਰ ‘ਤੇ ਉਨ੍ਹਾਂ ਦੀ ਮਹਾਨ ਤਾਕਤ ਹੋਵੇਗੀ ਅਤੇ ਸਮਾਜਵਾਦ ਦੀ ਕਾਇਮੀ ਦਾ ਸੁਪਨਾ ਹੋਰ ਸਹਿਲ ਬਣੇਗਾ ਤੇ ਨਜ਼ਦੀਕ ਹੋਵੇਗਾ। ਇੰਝ ਮਾਰਕਸ ਅਤੇ ਏਂਗਲਸ ਵਲੋਂ ਕੀਤੀ ਗਈ ਮਜ਼ਦੂਰ ਵਰਗ ਦੀ ਸੇਵਾ ਕੁੱਝ ਕੁ ਲਫ਼ਜ਼ਾਂ ‘ਚ ਬਿਆਨੀ ਜਾ ਸਕਦੀ ਹੈ: ਉਨ੍ਹਾਂ ਨੇ ਮਜ਼ਦੂਰ ਵਰਗ ਨੂੰ ਆਪਣੇ ਆਪ ਨੂੰ ਸਮਝਣਾ ਤੇ ਚੇਤੰਨ ਹੋਣਾ ਸਿਖਾਇਆ ਅਤੇ ਸੁਪਨੇ ਸਾਕਾਰ ਕਰਨ ਦੇ ਵਿਗਿਆਨ ਨਾਲ ਲੈਸ ਕੀਤਾ। ਇਸੇ ਕਰਕੇ ਏਂਗਲਸ ਦੇ ਨਾਂ ਅਤੇ ਜੀਵਨ ਤੋਂ ਹਰ ਕਿਰਤੀ ਜਾਣੂੰ ਹੋਣਾ ਚਾਹੀਦਾ ਹੈ।

ਹਰ ਲੇਖ ਸੰਗ੍ਰਹਿ, ਜਿਸ ਦਾ ਉਦੇਸ਼ ਮਜ਼ਦੂਰਾਂ ‘ਚ ਜਮਾਤੀ ਚੇਤਨਾ ਪੈਦਾ ਕਰਨਾ ਹੈ, ਵਿਚ ਸਾਨੂੰ ਆਧੁਨਿਕ ਮਜ਼ਦੂਰ ਵਰਗ ਦੇ ਦੋ ਮਹਾਨ ਅਧਿਆਪਕਾਂ ‘ਚੋਂ ਇੱਕ, ਫੈਡਰਿਕ ਏਂਗਲਸ ਦੇ ਜੀਵਨ ਅਤੇ ਕੰਮ ਦਾ ਸੰਖੇਪ ਬਿਊਰਾ ਦੇਣਾ ਚਾਹੀਦਾ ਹੈ।

ਵਿਚਾਰਧਾਰਕ ਚੇਤਨਾ ਦਾ ਸਫ਼ਰ

ਏਂਗਲਸ, ਜਿਸ ਦਾ ਪਿਤਾ ਸਨਅਤਕਾਰ ਸੀ, ਦਾ ਜਨਮ 1820 ਵਿੱਚ ਪ੍ਰਸ਼ੀਆ ਰਿਆਸਤ ਦੇ ਰਾਈਨ ਸੂਬੇ ਦੇ ਬਾਰਮਨ ਸ਼ਹਿਰ ‘ਚ ਹੋਇਆ ਸੀ। 1838 ਵਿੱਚ ਪਰਿਵਾਰਕ ਹਾਲਾਤ ਕਰਕੇ, ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੇ ਬਿਨ੍ਹਾਂ ਹੀ ਉਹ ਬ੍ਰੇਮਨ ਦੀ ਇੱਕ ਵਪਾਰਕ ਫਰਮ ‘ਚ ਕਲਰਕੀ ਕਰਨ ਲਈ ਮਜ਼ਬੂਰ ਹੋਇਆ ਸੀ।

ਵਪਾਰਕ ਝਮੇਲੇ ਵੀ ਉਸ ਨੂੰ ਰਾਜਸੀ ਤੇ ਵਿਗਿਆਨਕ ਪੜ੍ਹਾਈ ਜਾਰੀ ਰੱਖਣ ਤੋਂ ਰੋਕ ਨਾ ਸਕੇ । ਸਕੂਲ ਪੜ੍ਹਦਿਆਂ ਹੀ ਉਹ ਰਾਜਾਸ਼ਾਹੀ ਤੇ ਨੌਕਰਸ਼ਾਹਾਂ ਦੀ ਤਾਨਾਸ਼ਾਹੀ ਨੂੰ ਘ੍ਰਿਣਾ ਕਰਨ ਲੱਗ ਪਿਆ ਸੀ। ਫਲਸਫੇ ਦਾ ਅਧਿਐਨ ਉਸ ਨੂੰ ਇਸ ਦਿਸ਼ਾ ‘ਚ ਹੋਰ ਅਗਾਂਹ ਲੈ ਗਿਆ । ਉਸ ਦੌਰ ਦੇ ਜਰਮਨੀ ਦੇ ਫਲਸਫੇ ‘ਚ ਹੀਗਲ ਦੀਆਂ ਸਿੱਖਿਆਵਾਂ ਦੀ ਸਰਦਾਰੀ ਸੀ। ਇਸੇ ਕਰਕੇ ਏਂਗਲਸ ਉਸ ਦਾ ਪੈਰੋਕਾਰ ਬਣ ਗਿਆ ਸੀ। ਹੀਗਲ, ਹਾਲਾਂਕਿ ਖੁਦ ਤਾਨਾਸ਼ਾਹ ਪ੍ਰਸ਼ੀਅਨ ਰਿਆਸਤ, ਜਿਸ ਦੀਆਂ ਸੇਵਾਵਾਂ ਅਧੀਨ ਉਹ ਬਰਲਿਨ ਯੂਨੀਵਰਸਿਟੀ ਦਾ ਪ੍ਰੋਫੈਸਰ ਸੀ, ਦਾ ਹਿਮਾਇਤੀ ਸੀ, ਪਰ ਉਸ ਦੀਆਂ ਸਿੱਖਿਆਵਾਂ ਕ੍ਰਾਂਤੀਕਾਰੀ ਸਨ। ਮਨੁੱਖੀ ਤਰਕਬੋਧ ਅਤੇ ਇਸ ਦੇ ਅਧਿਕਾਰਾਂ ‘ਚ ਹੀਗਲ ਦਾ ਭਰੋਸਾ, ਹੀਗਲਵਾਦੀ ਫਲਸਫੇ ਦਾ ਇਹ ਸਿਧਾਂਤ ਕਿ ਬ੍ਰਹਿਮੰਡ ਨਿਰੰਤਰ ਤਬਦੀਲੀ ਅਤੇ ਵਿਕਾਸ ਦੀ ਪ੍ਰੀਕ੍ਰਿਆ ‘ਚ ਹੈ, ਨੇ ਵਰਤਮਾਨ ਹਾਲਾਤ ਨੂੰ ਪ੍ਰਵਾਨ ਕਰਨ ਤੋਂ ਮੁਨਕਰ, ਬਰਲਿਨ ਦੇ ਇਸ ਪ੍ਰੋਫੈਸਰ ਦੇ ਕੁੱਝ ਸ਼ਾਗਿਰਦਾਂ ਨੂੰ ਹਾਲਾਤ ਨੂੰ ਤਬਦੀਲ ਕਰਨ ਦੇ ਸੰਘਰਸ਼, ਹੌਦ ਵਿਚਲੇ ਸੰਸਾਰ ਅਤੇ ਮੌਜੂਦਾ ਬੁਰਿਆਈ ਖਿਲਾਫ਼ ਸੰਘਰਸ਼, ਜਿਸ ਦੀਆਂ ਜੜ੍ਹਾਂ ਅਟਲ ਤਬਦੀਲੀ ਦੇ ਸਰਵ ਵਿਆਪੀ ਨਿਯਮ ‘ਚ ਪਈਆਂ ਹਨ, ਵੱਲ ਤੋਰਿਆ। ਜੇਕਰ ਸਾਰੀਆਂ ਵਸਤਾਂ ਤਰੱਕੀ ਕਰਦੀਆਂ ਹਨ, ਜੇਕਰ ਇਕ ਸੰਸਥਾ ਦੂਜੇ ਲਈ ਜਗ੍ਹਾ ਖਾਲੀ ਕਰਦੀ ਹੈ, ਤਾਂ ਫਿਰ ਪ੍ਰਸ਼ੀਅਨ ਰਾਜੇ ਜਾਂ ਰੂਸੀ ਜਾਰ ਦੀ ਤਾਨਾਸ਼ਾਹੀ, ਵਿਸ਼ਾਲ ਬਹੁਮਤ ਦੀ ਕੀਮਤ ‘ਤੇ ਮੁੱਠੀ ਭਰ ਦੀ ਧਨ ਸੰਪਦਾ ਦਾ ਵਾਧਾ ਜਾਂ ਲੋਕਾਂ ‘ਤੇ ਪੂੰਜੀਪਤੀਆਂ ਦੀ ਸਰਦਾਰੀ ਸਦਾ ਕਾਇਮ ਕਿਵੇਂ ਰਹਿ ਸਕਦੀ ਹੈ? ਹੀਗਲ ਦੀ ਫ਼ਿਲਾਸਫ਼ੀ ਦਿਮਾਗ਼ ਤੇ ਵਿਚਾਰਾਂ ਦੀ ਗੱਲ ਕਰਦੀ ਸੀ; ਭਾਵ ਵਿਚਾਰਵਾਦੀ ਸੀ। ਮਨ ਦੇ ਵਿਕਾਸ ‘ਚੋਂ ਇਹ ਕੁਦਰਤ, ਮਨੁੱਖ ਅਤੇ ਸਮਾਜਿਕ ਰਿਸ਼ਤਿਆਂ ਨੂੰ ਮਨਫੀ ਕਰਦੀ ਸੀ। ਮਾਰਕਸ ਤੇ ਏਂਗਲਸ ਨੇ ਹੀਗਲ ਦੇ ਵਿਕਾਸ ਦੇ ਅਟਲ ਨਿਯਮ ਨੂੰ ਗ੍ਰਹਿਣ ਕਰਦਿਆਂ ਮਨੋਕਲਪਿਤ ਵਿਚਾਰਵਾਦੀ ਨਜ਼ਰੀਆ ਰੱਦ ਕਰ ਦਿੱਤਾ। ਜੀਵਨ ਵੱਲ ਮੁੜਦਿਆਂ ਉਨ੍ਹਾਂ ਦੇਖਿਆ ਕਿ ਇਹ ਮਨ ਦਾ ਵਿਕਾਸ ਨਹੀਂ ਜੋ ਕੁਦਰਤ ਦੇ ਵਿਕਾਸ ਦੀ ਵਿਆਖਿਆ ਕਰਦਾ ਹੈ। ਇਸ ਦੇ ਉਲਟ, ਮਨ ਦੀ ਵਿਆਖਿਆ ਲਾਜ਼ਮੀ ਕੁਦਰਤ ਅਤੇ ਪਦਾਰਥ ਵਲੋਂ ਸੰਚਾਲਿਤ ਹੁੰਦੀ ਹੈ। ਹੀਗਲ ਅਤੇ ਦੂਜੇ ਹੀਗਲਵਾਦੀਆਂ ਦੇ ਉਲਟ, ਮਾਰਕਸ ਤੇ ਏਂਗਲਸ ਪਦਾਰਥਵਾਦੀ ਸਨ । ਦੁਨੀਆ ਅਤੇ ਮਨੁੱਖਤਾ ਨੂੰ ਭੌਤਿਕਵਾਦੀ ਢੰਗ ਨਾਲ ਦੇਖਦੇ ਹੋਏ, ਉਹ ਇਹ ਸਮਝਦੇ ਸਨ ਕਿ ਜਿਵੇਂ ਸਭ ਕੁਦਰਤੀ ਵਰਤਾਰਿਆਂ ਪਿੱਛੇ ਭੌਤਿਕ ਕਾਰਨ ਹੁੰਦੇ ਹਨ, ਠੀਕ ਉਵੇਂ ਹੀ ਮਨੁੱਖੀ ਸਮਾਜ ਦਾ ਵਿਕਾਸ ਵੀ ਭੌਤਿਕ ਤਾਕਤਾਂ, ਪੈਦਾਵਾਰੀ ਤਾਕਤਾਂ ਦੇ ਵਿਕਾਸ ਰਾਹੀਂ ਨਿਰਧਾਰਿਤ ਹੁੰਦਾ ਹੈ। ਇਹ ਪੈਦਾਵਾਰੀ ਤਾਕਤਾਂ ਦੀ ਤਰੱਕੀ ‘ਤੇ ਨਿਰਭਰ ਕਰਦਾ ਹੈ ਕਿ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਲਈ ਜਰੂਰੀ ਵਸਤਾਂ ਦੀ ਪੈਦਾਵਾਰ ਦੀ ਪ੍ਰਕਿਰਿਆ ‘ਚ ਇਕ-ਦੂਜੇ ਨਾਲ ਕਿਹੋ ਜਿਹੇ ਰਿਸ਼ਤੇ ਬਣਾਉਂਦੇ ਹਨ। ਸਮਾਜਿਕ ਜੀਵਨ ਦੇ ਸਭ ਵਰਤਾਰਿਆਂ, ਮਨੁੱਖੀ ਇੱਛਾਵਾਂ, ਵਿਚਾਰਾਂ, ਕਾਨੂੰਨਾਂ ਦੀ ਵਿਆਖਿਆ ਇਨ੍ਹਾਂ ਹੀ ਰਿਸ਼ਤਿਆਂ ‘ਚ ਮਿਲਦੀ ਹੈ। ਪੈਦਾਵਾਰੀ ਤਾਕਤਾਂ ਦੀ ਤਰੱਕੀ, ਨਿੱਜੀ ਜਾਇਦਾਦ ‘ਤੇ ਆਧਾਰਿਤ ਸਮਾਜਿਕ ਰਿਸ਼ਤੇ ਪੈਦਾ ਕਰਦੀ ਹੈ, ਪਰ ਹੁਣ ਅਸੀਂ ਦੇਖਦੇ ਹਾਂ ਕਿ ਪੈਦਾਵਾਰੀ ਤਾਕਤਾਂ ਦਾ ਇਹੀ ਵਿਕਾਸ ਬਹੁਗਿਣਤੀ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਤੋਂ ਵਾਂਝੇ ਕਰ ਰਿਹਾ ਹੈ ਤੇ ਇਸ ਜਾਇਦਾਦ ਨੂੰ ਇਕ ਮਾਮੂਲੀ ਜਿਹੇ ਘੱਟ ਘਿਣਤੀ ਵਰਗ ਦੇ ਹੱਥਾਂ ‘ਚ ਇਕੱਠੀ ਕਰੀ ਜਾ ਰਿਹਾ ਹੈ। ਇਹ ਮੌਜੂਦਾ ਸਮਾਜ ਵਿਵਸਥਾ ਦੀ ਨੀਂਹ, ਜਾਇਦਾਦ ਨੂੰ ਖਤਮ ਕਰ ਦਿੰਦੀ ਹੈ, ਅਤੇ ਆਪਣੇ ਆਪ ਹੀ ਸਮਾਜਵਾਦੀਆਂ ਵੱਲੋਂ ਆਪਣੇ ਲਈ ਮਿਥੇ ਨਿਸ਼ਾਨੇ ਵੱਲ ਵੱਧਦੀ ਹੈ। ਸਮਾਜਵਾਦੀਆਂ ਦੇ ਕਰਨ ਗੋਚਰਾ ਕੰਮ ਇਹ ਹੈ ਕਿ ਉਹ ਇਹ ਜਾਣ ਲੈਣ ਕਿ ਆਧੁਨਿਕ ਸਮਾਜ ਦੀ ਕਿਹੜੀ ਸਮਾਜਿਕ ਤਾਕਤ ਆਪਣੇ ਹਾਲਾਤ ਕਰਕੇ ਸਮਾਜਵਾਦ ਦੀ ਸਥਾਪਨਾ ‘ਚ ਰੁਚੀ ਰੱਖਦੀ ਹੈ। ਅੱਗੋਂ ਉਸ ਤਾਕਤ ਨੂੰ ਆਪਣੇ ਹਿੱਤਾਂ ਤੇ ਆਪਣੇ ਇਤਿਹਾਸਕ ਫਰਜ਼ ਦੀ ਸੋਝੀ ਦੇਣੀ ਹੈ। ਇਹ ਤਾਕਤ ਪ੍ਰੋਲੇਤਾਰੀ ਹੈ। ਮਾਰਕਸ ਅਤੇ ਏਂਗਲਸ ਨੇ ਹੀਗਲ ਦੀ ਆਦਰਸ਼ਵਾਦੀ ਸੋਚ ਨੂੰ ਉਲਟ ਦਿੱਤਾ। ਉਹਨਾਂ ਨੇ ਮਨ ਅਤੇ ਵਿਚਾਰਾਂ ਦੀ ਤਰੱਕੀ ਦੀ ਥਾਂ “ਭੌਤਿਕ ਤਾਕਤਾਂ” ਦੀ ਤਰੱਕੀ ਨੂੰ ਇਨਸਾਨੀ ਸਮਾਜ ਦੀ ਅਸਲ ਬੁਨਿਆਦ ਮੰਨਿਆ।

ਇਹੀ ਭੌਤਿਕਵਾਦ (ਮੈਟਰੀਅਲਿਜਮ) ਫਿਰ ਮਾਰਕਸਵਾਦ ਦਾ ਕੇਂਦਰ ਬਣਿਆ।

ਇੰਗਲੈਂਡ ‘ਚ ਬਸੇਰਾ ਤੇ ਨਵੇਂ ਅਨੁਭਵ

ਏਂਗਲਸ ਨੇ ਇੰਗਲੈਂਡ ਦੇ ਉਦਯੋਗਾਂ ਦੇ ਕੇਂਦਰ ਮੈਨਚੈਸਟਰ, ਜਿੱਥੇ ਉਹ 1842 ਵਿੱਚ ਆਣ ਵਸਿਆ ਸੀ, ਵਿਖੇ ਆਪਣੇ ਪਿਤਾ ਦੀ ਭਾਈਵਾਲੀ ਵਾਲੇ ਵਪਾਰਕ ਅਦਾਰੇ ‘ਚ ਨੌਕਰੀ ਕਰਦਿਆਂ ਪ੍ਰੋਲੇਤਾਰੀ ਨੂੰ ਜਾਣਿਆ। ਏਂਗਲਸ ਇੱਥੇ ਕੇਵਲ ਕਾਰਖਾਨੇ ‘ਚ ਨਹੀਂ ਬੈਠਾ ਰਿਹਾ, ਬਲਕਿ ਝੁੱਗੀਆਂ-ਝੌਂਪੜੀਆਂ, ਜਿੱਥੇ ਕਿਰਤੀ ਤੂੜੇ ਪਏ ਸਨ, ‘ਚ ਘੁੰਮਦਿਆਂ ਉਸਨੇ ਕਿਰਤੀਆਂ ਦੀ ਗੁਰਬਤ ਤੇ ਮੁਸੀਬਤਾਂ ਅੱਖੀਂ ਦੇਖੀਆਂ। ਪਰ ਉਹ ਕੇਵਲ ਆਪਣੇ ਨਿੱਜੀ ਦੇਖੇ-ਸੁਣੇ ਤੱਕ ਹੀ ਸੀਮਤ ਨਹੀਂ ਰਿਹਾ। ਇੰਗਲੈਂਡ ਦੇ ਕਿਰਤੀਆਂ ਦੀਆਂ ਜੀਵਨ ਹਾਲਤਾਂ ਬਾਰੇ ਜੋ ਕੁੱਝ ਉਸ ਤੋਂ ਪਹਿਲਾਂ ਬਿਆਨਿਆ ਗਿਆ ਸੀ, ਉਸ ਨੇ ਉਹ ਸਭ ਕੁੱਝ ਪੜ੍ਹਿਆ ਤੇ ਜਿੰਨੇ ਕੁ ਉਸ ਦੇ ਹੱਥ ਲੱਗੇ ਓਨੇ ਕੁ ਸਰਕਾਰੀ ਦਸਤਾਵੇਜ਼ ਵੀ ਖੰਗਾਲੇ।

1884 ‘ਚ ਛਪੀ ਪੁਸਤਕ, “ਇੰਗਲੈਂਡ ਵਿਚ ਮਜ਼ਦੂਰ ਜਮਾਤ ਦੀਆਂ ਹਾਲਤਾਂ” ਇਸੇ ਅਧਿਐਨ ਤੇ ਅਨੁਭਵਾਂ ਦਾ ਨਤੀਜਾ ਸੀ। ਏਂਗਲਸ ਨੇ ਉਕਤ ਪੁਸਤਕ ਲਿਖਣ ਰਾਹੀਂ ਕਿਰਤੀ ਜਮਾਤ ਦੀ ਜੋ ਪ੍ਰਮੁੱਖ ਸੇਵਾ ਕੀਤੀ ਹੈ, ਉਸਦਾ ਜਿਕਰ ਅਸੀਂ ਪਹਿਲਾਂ ਹੀ ਕਰ ਆਏ ਹਾਂ। ਏਂਗਲਸ ਤੋਂ ਪਹਿਲਾਂ ਵੀ ਕਈਆਂ ਨੇ ਕਿਰਤੀ ਜਮਾਤ ਦੀਆਂ ਮੁਸੀਬਤਾਂ ਦਾ ਵਰਣਨ ਕੀਤਾ ਹੈ ਅਤੇ ਇਨ੍ਹਾਂ ਦੀ ਇਮਦਾਦ ਕਰਨ ਦੀ ਲੋੜ ਨੂੰ ਉਭਾਰਿਆ ਹੈ। ਐਪਰ, ਏਂਗਲਸ ਪਹਿਲਾ ਸ਼ਖਸ ਸੀ ਜਿਸਨੇ ਕਿਹਾ ਕਿ ਪਰੋਲੇਤਾਰੀ ਕੇਵਲ ਦੁਖਿਆਰੀ ਜਮਾਤ ਹੀ ਨਹੀਂ, ਬਲਕਿ ਅਸਲ ‘ਚ ਪ੍ਰੋਲੈਤਾਰੀ ਦੀ ਇਹ ਜਿੱਲਤ ਭਰਪੂਰ ਆਰਥਿਕ ਅਵਸਥਾ ਹੀ ਹੈ, ਜੋ ਉਸ ਨੂੰ ਬੇਰੋਕ ਅੱਗੇ ਵਧਾਉਂਦੀ ਹੈ ਤੇ ਉਸ ਨੂੰ ਆਪਣੀ ਅੰਤਿਮ ਮੁਕਤੀ ਲਈ ਜੂਝਣ ਵਾਸਤੇ ਮਜ਼ਬੂਰ ਕਰਦੀ ਹੈ। ਅਤੇ ਜੂਝਦਾ ਪਰੋਲੇਤਾਰੀ ਆਪਣੀ ਮਦਦ ਆਪ ਕਰੇਗਾ। ਕਿਰਤੀ ਜਮਾਤ ਦੀ ਸਿਆਸੀ ਲਹਿਰ ਹਰ ਹਾਲਤ ਮਜ਼ਦੂਰਾਂ ਨੂੰ ਇਹ ਅਹਿਸਾਸ ਕਰਵਾਉਣ ਲਈ ਅਗਵਾਈ ਕਰੇਗੀ ਕਿ ਉਨ੍ਹਾਂ ਦੀ ਮੁਕਤੀ ਕੇਵਲ ਸਮਾਜਵਾਦ ‘ਚ ਹੀ ਹੈ। ਦੂਜੇ ਪਾਸੇ, ਮਜ਼ਦੂਰ ਜਮਾਤ ਦੇ ਰਾਜਸੀ ਘੋਲ ਮੰਤਵ ਬਣ ਜਾਣ ਨਾਲ ਹੀ ਸਮਾਜਵਾਦ ਇੱਕ ਤਾਕਤ ਬਣੇਗਾ। ਇੰਗਲੈਂਡ ਵਿਚ ਕਿਰਤੀ ਜਮਾਤ ਦੀ ਸਥਿਤੀ ਬਾਰੇ ਏਂਗਲਸ ਵਲੋਂ ਲਿਖੀ ਕਿਤਾਬ ਦੇ ਇਹੋ ਮੁੱਖ ਵਿਚਾਰ ਹਨ, ਵਿਚਾਰ ਜੋ ਉਦੋਂ ਅਸਲੋਂ ਨਵੇਂ ਸਨ, ਪਰ ਅੱਜ ਸਾਰੇ ਸੋਚਵਾਨ ਤੇ ਜੁਝਾਰੂ ਪ੍ਰੋਲੇਤਾਰੀਆਂ ਵੱਲੋਂ ਅਪਣਾਏ ਜਾ ਚੁੱਕੇ ਹਨ। ਇਹ ਵਿਚਾਰ, ਇੰਗਲੈਂਡ ਦੇ ਕਿਰਤੀਆਂ ਦੀ ਤਰਸਯੋਗ ਮੰਦਹਾਲੀ ਦੀ ਸਭ ਤੋਂ ਪੁਖਤਾ, ਦਿਲ ਹਿਲਾ ਦੇਣ ਵਾਲੀ ਤਸਵੀਰ ਉਭਾਰਦੀ ਰੋਚਕ ਕਿਤਾਬ ‘ਚ ਪੇਸ਼ ਕੀਤੇ ਗਏ ਹਨ। ਇਹ ਕਿਤਾਬ, ਜਿਸ ਨੇ ਡੂੰਘਾ ਪ੍ਰਭਾਵ ਛੱਡਿਆ, ਪੂੰਜੀਵਾਦ ਤੇ ਬੁਰਜੁਆਜ਼ੀ ਵਿਰੁੱਧ ਇੱਕ ਹੌਲਨਾਕ ਦੋਸ਼ ਪੱਤਰ ਸੀ। ਆਧੁਨਿਕ ਪ੍ਰੋਲੇਤਾਰੀ ਦੀ ਸਥਿਤੀ ਦੀ ਸਭ ਤੋਂ ਸਟੀਕ ਤਸਵੀਰ ਵਜੋਂ ਹਰ ਥਾਂ ‘ਤੇ ਏਂਗਲਸ ਦੀ ਇਸ ਕਿਤਾਬ ਦਾ ਹਵਾਲਾ ਦਿੱਤਾ ਜਾਣ ਲੱਗਾ। ਅਤੇ ਸੱਚ ਤਾਂ ਇਹ ਹੈ ਕਿ ਨਾ 1845 ਤੋਂ ਪਹਿਲਾਂ ਤੇ ਨਾ ਪਿਛੋਂ, ਕਿਰਤੀ ਸ਼੍ਰੇਣੀ ਦੀ ਤੰਗਦਸਤੀ ਦੀ ਇੰਨੀ ਸੱਚੀ ਤੇ ਜੀਵੰਤ ਤਸਵੀਰ ਕਦੇ ਵੀ ਨਜਰੀਂ ਨਹੀਂ ਪਈ।

ਸਮਾਜਵਾਦ ਪ੍ਰਤੀ ਝੁਕਾਅ

ਏਂਗਲਸ ਉਦੋਂ ਤੱਕ ਸਮਾਜਵਾਦੀ ਨਹੀਂ ਸਨ ਬਣੇ, ਜਦੋਂ ਤੱਕ ਉਹ ਇੰਗਲੈਂਡ ਨਹੀਂ ਸਨ ਆਏ। ਮੈਨਚੈਸਟਰ ਵਿਖੇ ਉਨ੍ਹਾਂ ਨੇ ਉਦੋਂ ਦੇ ਇੰਗਲੈਂਡ ਦੇ ਮਜ਼ਦੂਰ ਅੰਦੋਲਨ ‘ਚ ਸਰਗਰਮ ਲੋਕਾਂ ਨਾਲ ਸੰਪਰਕ ਬਣਾਏ ਤੇ ਅੰਗਰੇਜ਼ੀ ਜ਼ੁਬਾਨ ਦੇ ਸਮਾਜਵਾਦੀ ਪ੍ਰਕਾਸ਼ਨਾਂ ਲਈ ਲਿਖਣਾ ਸ਼ੁਰੂ ਕੀਤਾ। ਮਾਰਕਸ, ਜਿਸ ਨਾਲ ਉਹ ਪਹਿਲਾਂ ਹੀ ਪੱਤਰ ਵਿਹਾਰ ਕਰਦੇ ਰਹੇ ਸਨ, ਨੂੰ ਉਹ ਸਾਲ 1844 ‘ਚ, ਜਰਮਨੀ ਨੂੰ ਵਾਪਸ ਜਾਂਦਿਆਂ, ਪੈਰਿਸ ਵਿਖੇ ਮਿਲੇ ਸਨ । ਮਾਰਕਸ ਵੀ ਪੈਰਿਸ ਵਿਖੇ ਫਾਂਸੀਸੀ ਸਮਾਜਵਾਦੀਆਂ ਤੇ ਫਾਂਸੀਸੀ ਜੀਵਨ ਦੇ ਪ੍ਰਭਾਵ ਹੇਠ ਸਮਾਜਵਾਦੀ ਬਣ ਚੁੱਕੇ ਸਨ । ਇੱਥੇ ਦੋਵਾਂ ਦੋਸਤਾਂ ਨੇ ਸਾਂਝੇ ਉੱਦਮ ਰਾਹੀਂ ‘ਪਵਿੱਤਰ ਪਰਿਵਾਰ’ (ਹੋਲੀ ਫੈਮਿਲੀ) ਜਾਂ ‘ਕ੍ਰਿਟਿਕ ਆਫ ਕ੍ਰਿਟਿਕਲ ਕ੍ਰਿਟਿਕ’ ਨਾਂ ਦੀ ਕਿਤਾਬ ਲਿਖੀ ਸੀ। ‘ਇੰਗਲੈਂਡ ਵਿਚ ਮਜ਼ਦੂਰ ਵਰਗ ਦੀ ਸਥਿਤੀ’ ਤੋਂ ਇੱਕ ਸਾਲ ਪਹਿਲਾਂ ਪ੍ਰਕਾਸ਼ਿਤ ਹੋਈ ਇਹ ਕਿਤਾਬ, ਜਿਸ ਦਾ ਵੱਡਾ ਹਿੱਸਾ ਮਾਰਕਸ ਪਹਿਲਾਂ ਹੀ ਲਿਖ ਚੁੱਕਿਆ ਸੀ, ਵਿਚ ‘ਕ੍ਰਾਂਤੀਕਾਰੀ ਭੌਤਿਕਵਾਦੀ ਸਮਾਜਵਾਦ’, ਜਿਸ ਦੇ ਮੁੱਖ ਵਿਚਾਰਾਂ ਦੀ ਅਸੀਂ ਉੱਪਰ ਵਿਆਖਿਆ ਕਰ ਆਏ ਹਾਂ, ਦੀਆਂ ਬੁਨਿਆਦਾਂ ਦਰਜ ਹਨ। “ਪਵਿੱਤਰ ਪਰਿਵਾਰ” (ਦ ਹੋਲੀ ਫੈਮਿਲੀ) ਬਾਓਅਰ ਭਰਾਵਾਂ, ਜੋ ਫ਼ਿਲਾਸਫਰ ਸਨ, ਅਤੇ ਉਨ੍ਹਾਂ ਦੇ ਚੇਲਿਆਂ ਲਈ ਇੱਕ ਵਿਅੰਗਮਈ ਉਪਨਾਮ ਹੈ। ਇਹ ‘ਭੱਦਰ ਪੁਰਸ਼’, ਜਿਸ ‘ਆਲੋਚਨਾ’ ਨੂੰ ਪ੍ਰਚਾਰਦੇ ਸਨ ਉਹ ਹਕੀਕਤ, ਧਿਰਾਂ ਅਤੇ ਰਾਜਨੀਤੀ ਤੋਂ ਉੱਪਰ ਸੀ, ਹਰ ਕਿਸਮ ਦੀ ਵਿਵਹਾਰਕ ਸਰਗਰਮੀ ਨੂੰ ਰੱਦ ਕਰਦੀ ਸੀ ਅਤੇ ਸਿਰਫ ਆਪਣੇ ਆਲੇ-ਦੁਆਲੇ ਦੇ ਸੰਸਾਰ ਤੇ ਵਾਪਰ ਰਹੀਆਂ ਘਟਨਾਵਾਂ ਨੂੰ “ਆਲੋਚਨਾਤਮਿਕ” ਦ੍ਰਿਸ਼ਟੀ ਤੋਂ ਘੋਖਦੀ ਸੀ । ਬਾਓਅਰ ਨਾਮੀ ਇਹ ‘ਸੱਜਣ’ ਆਲੋਚਨਾ ਕੀਤੇ ਜਾਣ ਦੇ ਅਯੋਗ ਭੀੜ ਸਮਝ ਕੇ ਪ੍ਰੋਲੇਤਾਰੀ ਨੂੰ ਹੀਣਾ ਸਮਝਦੇ ਸਨ । ਮਾਰਕਸ ਅਤੇ ਏਂਗਲਸ ਨੇ ਇਸ ਬੇਤੁਕੇ, ਮਾਰੂ ਰੁਝਾਨ ਦਾ ਡੱਟਵਾਂ ਵਿਰੋਧ ਕੀਤਾ। ਉਨ੍ਹਾਂ ਨੇ ਮਜ਼ਦੂਰ, ਇੱਕ ਹਕੀਕੀ ਮਨੁੱਖ, ਜਿਸ ਨੂੰ ਹਾਕਮ ਜਮਾਤਾਂ ਤੇ ਰਾਜ (ਸਟੇਟ) ਨੇ ਦਰੜਿਆ ਹੋਇਆ ਸੀ, ਦੇ ਨਾਂ ‘ਤੇ ਕੇਵਲ ਚਿੰਤਨ ਨਹੀਂ ਸਗੋਂ ਬਿਹਤਰ ਸਮਾਜ ਵਿਵਸਥਾ ਲਈ ਘੋਲ ਦੀ ਮੰਗ ਕੀਤੀ। ਉਹ ਪ੍ਰੋਲੇਤਾਰੀ ਨੂੰ ਹੀ ਉਹ ਤਾਕਤ ਸਮਝਦੇ ਸਨ ਜੋ ਇਹ ਲੜਾਈ ਲੜਨ ਦੇ ਸਮਰੱਥ ਵੀ ਹੈ ਅਤੇ ਇਸ ਵਿੱਚ ਜਿਸਦਾ ਆਪਣਾ ਹਿੱਤ ਵੀ ਹੈ। ‘ਹੋਲੀ ਫੈਮਿਲੀ’ ਛਪ ਕੇ ਆਉਣ ਤੋਂ ਪਹਿਲਾਂ ਹੀ ਏਂਗਲਸ ਨੇ ਮਾਰਕਸ ਅਤੇ ਰੂਗੇ ਦੀ ‘ਡੌਇਚ-ਫਰਾਂਜੋਜ਼ਿਸ਼ੇ ਯਾਰਬੁਖਰ’ ‘ਚ “ਰਾਜਨੀਤਿਕ ਅਰਥ ਸ਼ਾਸਤਰ ਬਾਰੇ ਆਲੋਚਨਾਤਮਕ ਨਿਬੰਧ” ਲਿਖੇ ਸਨ, ਜਿਨ੍ਹਾਂ ਵਿੱਚ ਉਸ ਨੇ ਆਧੁਨਿਕ ਅਰਥ ਵਿਵਸਥਾ ਦੀਆਂ ਮੁੱਖ ਘਟਨਾਵਾਂ ਦੀ ਸਮਾਜਵਾਦੀ ਨਜ਼ਰੀਏ ਤੋਂ ਪੁਣ-ਛਾਣ ਕੀਤੀ ਸੀ ਤੇ ਨਿੱਜੀ ਜਾਇਦਾਦ ਵਾਲੇ ਰਾਜ ਦੇ ਲਾਜ਼ਮੀ ਨਤੀਜੇ ਵਜੋਂ ਦਰਸਾਇਆ ਸੀ। ਰਾਜਸੀ ਆਰਥਿਕਤਾ, ਉਹ ਵਿਗਿਆਨ ਜਿਸ ਵਿਚ ਮਾਰਕਸ ਦੇ ਕੰਮਾਂ ਨੇ ਸੱਚੀ ਕ੍ਰਾਂਤੀ ਲਿਆਂਦੀ, ਦਾ ਅਧਿਐਨ ਕਰਨ ਦੇ ਉਸ ਦੇ ਫੈਸਲੇ ਪਿਛੇ ਏਂਗਲਸ ਨਾਲ ਮੇਲ ਵੀ ਬਿਨਾਂ ਸ਼ੱਕ ਇੱਕ ਕਾਰਕ ਸੀ।

ਵਿਚਾਰਧਾਰਾ ਤੇ ਅਮਲ ਦਾ ਸੁਮੇਲ

ਏਂਗਲਸ, ਵਿਗਿਆਨਕ ਕਾਰਜ ਤੇ ਜਰਮਨੀ ਦੇ ਮਜ਼ਦੂਰਾਂ ‘ਚ ਅਮਲੀ ਸਰਗਰਮੀ ਦਾ ਸੁਮੇਲ ਕਰਦੇ ਹੋਏ, 1845 ਤੋਂ 1847 ਤੱਕ ਬੱਸਲਜ ਅਤੇ ਪੈਰਿਸ ਵਿਖੇ ਰਹੇ। ਮਾਰਕਸ ਤੇ ਏਂਗਲਸ ਨੇ ਇੱਥੇ ਗੁਪਤ ਸੰਗਠਨ ‘ਜਰਮਨ ਕਮਿਊਨਿਸਟ ਲੀਗ’ ਨਾਲ ਸੰਪਰਕ ਬਣਾਇਆ, ਜਿਸ ਨੇ ਉਨ੍ਹਾਂ ਨੂੰ ਪਾਰਟੀ ਵੱਲੋਂ ਖੋਜੇ ਸਮਾਜਵਾਦ ਦੇ ਪ੍ਰਮੁੱਖ ਸਿਧਾਂਤਾਂ ਦੀ ਵਿਆਖਿਆ ਕਰਨ ਦਾ ਕਾਰਜਭਾਰ ਸੌਂਪਿਆ। ਇਉਂ, 1848 ’ਚ ਛਪਿਆ, ਮਾਰਕਸ ਤੇ ਏਂਗਲਜ ਦਾ ਪ੍ਰਸਿੱਧ ‘ਕਮਿਊਨਿਸਟ ਮੈਨੀਫੈਸਟੋ’ ਉੱਗਮਿਆ। ਮੁਕੰਮਲ ਸੰਗ੍ਰਹਿ ਜਿੰਨੀ ਵੁੱਕਤ ਰੱਖਦੇ ਇਸ ਛੋਟੇ ਕਿਤਾਬਚੇ ਦੀ ਭਾਵਨਾ ਅੱਜ ਤੱਕ ਵੀ ਸੱਭਿਅਕ ਸੰਸਾਰ ਦੇ ਕੁਲ ਸੰਗਠਿਤ ਤੇ ਜੂਝ ਰਹੇ ਕਿਰਤੀਆਂ ਦਾ ਦਿਸ਼ਾ ਦਿਖਾਉਂਦੀ ਹੈ ਤੇ ਉਨ੍ਹਾਂ ਨੂੰ ਪ੍ਰੇਰਿਤ ਕਰਦੀ ਹੈ।

1848 ਦੀ ਕ੍ਰਾਂਤੀ, ਜੋ ਪਹਿਲਾਂ ਫਰਾਂਸ ‘ਚ ਫੁੱਟੀ ਤੇ ਫਿਰ ਪੱਛਮੀ ਯੂਰਪ ਦੇ ਹੋਰ ਦੇਸ਼ਾਂ ‘ਚ ਫੈਲ ਗਈ, ਮਾਰਕਸ ਅਤੇ ਏਂਗਲਸ ਨੂੰ ਮੂਲ ਦੇਸ਼ ‘ਚ ਮੋੜ ਲਿਆਈ। ਇੱਥੇ, ਪ੍ਰਸ਼ੀਆ ਦੇ ਰਾਈਨ ਵਿਖੇ, ਉਨ੍ਹਾਂ ਨੇ ਕੋਲੋਨ ‘ਚ ਪ੍ਰਕਾਸ਼ਿਤ ਹੁੰਦੀ ਲੋਕਰਾਜੀ ‘ਨੋਏ ਰਾਈਨਿਸੇ ਜਾਇਤੁੰਗ’ ਦੀ ਕਮਾਨ ਸੰਭਾਲੀ। ਦੋਵੇਂ ਦੋਸਤ ਇੱਥੇ ਸੱਭੇ ਕ੍ਰਾਂਤੀਕਾਰੀ-ਜਮਹੂਰੀ ਆਸਾਂ-ਉਮੰਗਾਂ ਦੇ ਰੂਹ-ਏ- ਦਿਲ ਸਨ। ਉਹ ਪ੍ਰਤੀਕ੍ਰਿਆਵਾਦੀ ਤਾਕਤਾਂ ਵਿਰੁੱਧ, ਆਜ਼ਾਦੀ ਅਤੇ ਲੋਕ ਹਿੱਤਾਂ ਦੀ ਰਾਖੀ ਲਈ ਅਖ਼ੀਰ ਤੱਕ ਲੜੇ। ਜਿਵੇਂ ਆਪਾਂ ਜਾਣਦੇ ਹਾਂ, ਪ੍ਰਤੀਕਿਰਿਆਵਾਦੀਆਂ ਦਾ ਹੱਥ ਉੱਤੇ ਰਿਹਾ। ‘ਨੋਏ ਰਾਈਨਿਸੇ ਜਾਇਤੁੰਗ’ ਦਾ ਦਮਨ ਕਰ ਦਿੱਤਾ ਗਿਆ। ਮਾਰਕਸ, ਜਿਸਨੇ ਜਲਾਵਤਨੀ ਦੌਰਾਨ ਪ੍ਰਸ਼ੀਆ ਦੀ ਨਾਗਰਿਕਤਾ ਗੁਆ ਦਿੱਤੀ ਸੀ, ਨੂੰ ਦੇਸੋਂ ਕੱਢ ਦਿੱਤਾ ਗਿਆ। ਏਂਗਲਸ ਨੇ ਹਰਮਨ ਪਿਆਰੇ ਹਥਿਆਰਬੰਦ ਵਿਦਰੋਹ ‘ਚ ਹਿੱਸਾ ਲਿਆ, ਤਿੰਨ ਜੰਗਾਂ ‘ਚ ਆਜ਼ਾਦੀ ਲਈ ਲੜਿਆ ਤੇ ਬਾਗ਼ੀਆਂ ਦੀ ਹਾਰ ਤੋਂ ਪਿੱਛੋਂ ਸਵਿਟਜ਼ਰਲੈਂਡ ਦੇ ਰਸਤੇ ਲੰਦਨ ਚਲਾ ਗਿਆ।

ਮਾਰਕਸ ਵੀ ਲੰਦਨ ‘ਚ ਆਣ ਵੱਸੇ। ਏਂਗਲਸ ਛੇਤੀ ਹੀ ਦੁਬਾਰਾ ਕਲਰਕ ਬਣ ਗਿਆ ਤੇ ਪਿਛੋਂ ਮੈਨਚੈਸਟਰ ਦੀ ਉਸੇ ਵਪਾਰਕ ਕੰਪਨੀ ਦਾ ਹਿੱਸੇਦਾਰ ਬਣਿਆ, ਜਿਸ ‘ਚ ਉਹ ਚਾਲੀਵੇਂ ਦਹਾਕੇ ‘ਚ ਕੰਮ ਕਰਦਾ ਰਿਹਾ ਸੀ। 1870 ਤੱਕ ਏਂਗਲਸ ਮੈਨਚੈਸਟਰ ‘ਚ, ਜਦਕਿ ਮਾਰਕਸ ਲੰਦਨ ਵਿਖੇ ਰਹਿੰਦਾ ਸੀ, ਪਰ ਇਹ ਦੂਰੀ ਵਿਚਾਰਾਂ ਦੇ ਉਨ੍ਹਾਂ ਦੇ ਬਹੁਤ ਹੀ ਜੀਵੰਤ ਵਟਾਂਦਰੇ ਦੇ ਰਾਹ ਦਾ ਕੋਈ ਅੜਿੱਕਾ ਨਾ ਬਣ ਸਕੀ। ਉਹ ਇੱਕ- ਦੂਜੇ ਨੂੰ ਤਕਰੀਬਨ ਹਰ ਰੋਜ਼ ਚਿੱਠੀਆਂ ਲਿਖਦੇ ਰਹੇ। ਇਸ ਪੱਤਰ- ਵਿਹਾਰ ‘ਚ ਦੋਵੇਂ ਦੋਸਤ ਆਪਣੇ ਵਿਚਾਰਾਂ ਤੇ ਖੋਜਾਂ ਦਾ ਆਦਾਨ-ਪ੍ਰਦਾਨ ਅਤੇ ਵਿਗਿਆਨਕ ਸਮਾਜਵਾਦ ਦੀ ਰਚਨਾ ਲਈ ਸਾਂਝੇ ਯਤਨ ਕਰਦੇ ਰਹੇ।

1870 ‘ਚ ਏਂਗਲਸ ਲੰਦਨ ਆ ਗਿਆ ਤੇ ਉਨ੍ਹਾਂ ਦਾ ਇਹ ਊਰਜਾ ਤੇ ਉਤਸ਼ਾਹ ਨਾਲ ਲਬਰੇਜ਼ ਸਾਂਝਾ ਬੌਧਿਕ ਜੀਵਨ 1883 ਵਿਚ ਮਾਰਕਸ ਦਾ ਦੇਹਾਂਤ ਹੋਣ ਤੱਕ ਜਾਰੀ ਰਿਹਾ। ਮਾਰਕਸ ਵਲੋਂ, ਸਿਆਸੀ ਅਰਥਿਕਤਾ ਬਾਰੇ ਸਾਡੇ ਯੁੱਗ ਦੀ ਸਭ ਤੋਂ ਮਹਾਨ ਰਚਨਾ ‘ਪੂੰਜੀ’ ਅਤੇ ਏਂਗਲਸ ਦੀਆਂ ਅਨੇਕਾਂ ਵੱਡੀਆਂ ਤੇ ਛੋਟੀਆਂ ਲਿਖਤਾਂ ਇਸੇ ਸਾਂਝ ਦਾ ਫਲ ਹਨ।

ਯੁੱਗ ਪਲਟਾਊ ਰਚਨਾਵਾਂ ਦੀ ਸਿਰਜਣਾ

ਮਾਰਕਸ ਨੇ ਪੂੰਜੀਵਾਦੀ ਅਰਥਚਾਰੇ ਦੀਆਂ ਜਟਿਲ ਧਾਰਨਾਵਾਂ ਦੇ ਵਿਸ਼ਲੇਸ਼ਣ ਦਾ ਕੰਮ ਕੀਤਾ। ਏਂਗਲਜ, ਸਹਿਲ ਲਿਖਤਾਂ ‘ਚ ਅਕਸਰ ਤਰਕ-ਵਿਤਰਕ ਵਾਲੇ ਅੰਦਾਜ਼ ‘ਚ, ਇਤਿਹਾਸ ਦੀ ਭੌਤਿਕਵਾਦੀ ਧਾਰਣਾ ਤੇ ਮਾਰਕਸ ਦੀ ਆਰਥਿਕ ਸਿੱਖਿਆ ਦੀ ਰੂਹ ‘ਚ ਹੀ ਭੂਤਕਾਲ ਤੇ ਵਰਤਮਾਨ ਦੇ ਵੱਖੋ-ਵੱਖ ਵਿਗਿਆਨਕ ਤੇ ਸਮਾਜਿਕ ਮਸਲੇ ਬਿਆਨ ਕਰਦਾ ਰਿਹਾ।

See Also

ਏਂਗਲਜ ਦੀਆਂ ਰਚਨਾਵਾਂ ‘ਚੋਂ ਅਸੀਂ ਉਨ੍ਹਾਂ ਦੀ ਲਿਖੀ ਤਰਕ-ਵਿਤਰਕ ਵਾਲੀ ਰਚਨਾ ‘ਡਿਊਰਿੰਗ ਵਿਰੁੱਧ’ (ਫਲਸਫੇ, ਕੁਦਰਤੀ ਵਿਗਿਆਨ ਤੇ ਸਮਾਜਿਕ ਵਿਗਿਆਨਾਂ ਦੇ ਮਹੱਤਵਪੂਰਨ ਮਸਲਿਆਂ ਦੀ ਪੁਣ-ਛਾਣ ਕਰਦੀ ਲਿਖਤ); ‘ਟੱਬਰ, ਨਿੱਜੀ ਜਾਇਦਾਦ ਤੇ ਰਾਜ ਦੀ ਉਤਪਤੀ’, ‘ਲੁਡਵਿਗ ਫਾਯਰਬਾਖ’, ‘ਮਕਾਨ ਸਬੰਧੀ ਮਸਲੇ’ (ਸ਼ਾਨਦਾਰ ਲੇਖਾਂ ਦਾ ਸੰਗ੍ਰਹਿ) ‘ਰੂਸੀ ਸਰਕਾਰ ਦੀ ਵਿਦੇਸ਼ ਨੀਤੀ ਬਾਰੇ ਲੇਖ’ ਅਤੇ ‘ਫੈਡਰਿਕ ਇੰਗਲਜ਼ ਆਨ ਰਸ਼ੀਆ’, ਦਾ ਜ਼ਿਕਰ ਕਰਾਂਗੇ।

ਆਪਣੀ ਵਿਸ਼ਾਲ ਰਚਨਾ ‘ਪੂੰਜੀ’ ਮੁਕੰਮਲ ਕੀਤੇ ਬਗੈਰ ਹੀ ਮਾਰਕਸ ਦਾ ਦਿਹਾਂਤ ਹੋ ਗਿਆ ਸੀ। ਹਾਲਾਂਕਿ ਖਰੜਾ ਤਕਰੀਬਨ ਮੁਕੰਮਲ ਕਰ ਲਿਆ ਗਿਆ ਸੀ ਤੇ ਏਂਗਲਸ ਨੇ ਆਪਣੇ ਦੋਸਤ ਦੀ ਮੌਤ ਤੋਂ ਪਿਛੋਂ ਕੈਪੀਟਲ ਦੇ ਦੂਜੇ ਅਤੇ ਤੀਜੇ ਭਾਗ ਦੀ ਤਿਆਰੀ ਅਤੇ ਪ੍ਰਕਾਸ਼ਨਾ ਦੇ ਭਾਰੀ-ਭਰਕਮ ਕੰਮ ਦਾ ਜਿੰਮਾ ਲਿਆ। ਉਨ੍ਹਾਂ ਨੇ 1885 ‘ਚ ਦੂਜਾ ਅਤੇ 1894 ‘ਚ ਤੀਜਾ ਭਾਗ ਪ੍ਰਕਾਸ਼ਿਤ ਕਰਕੇ, ਆਪਣੇ ਦੋਸਤ ਵਜੋਂ ਵਿਚਰੀ ਇੱਕ ਮਹਾਨ ਪ੍ਰਤਿਭਾ ਦੀ ਯਾਦ ‘ਚ ਇੱਕ ਸ਼ਾਨਦਾਰ ਸਮਾਰਕ ਖੜ੍ਹਾ ਕੀਤਾ ਹੈ, ਐਸਾ ਸਮਾਰਕ ਜਿਸ ‘ਤੇ ਉਨ੍ਹਾਂ ਨੇ ਬਿਨਾਂ ਇੱਛਾ ਕੀਤਿਆਂ ਹੀ ਆਪਣਾ ਨਾਂ ਵੀ ਸਦਾ-ਸਦਾ ਲਈ ਉੱਕਰ ਦਿੱਤਾ ਹੈ।” ਅਸਲ ‘ਚ, ‘ਪੂੰਜੀ’ ਦੇ ਇਹ ਦੋ ਖੰਡ ਦੋ ਵਿਅਕਤੀਆਂ, ਮਾਰਕਸ ਅਤੇ ਏਂਗਲਸ ਦਾ ਸਾਂਝਾ ਕਾਰਜ ਹੈ। ਪ੍ਰਾਚੀਨ ਕਥਾਵਾਂ ‘ਚ ਦੋਸਤੀ ਦੀਆਂ ਕਈ ਪ੍ਰੇਰਕ ਮਿਸਾਲਾਂ ਮਿਲਦੀਆਂ ਹਨ। ਯੂਰਪੀ ਮਜ਼ਦੂਰ ਕਹਿ ਸਕਦੇ ਹਨ ਕਿ ਉਨ੍ਹਾਂ ਦਾ ਵਿਗਿਆਨ ਦੋ ਵਿਦਵਾਨਾਂ ਤੇ ਯੋਧਿਆਂ ਨੇ ਰਚਿਆ, ਜਿਨ੍ਹਾਂ ਦੀ ਇੱਕ-ਦੂਜੇ ਨਾਲ ਦੋਸਤੀ ਮਨੁੱਖੀ ਮਿੱਤਰਤਾ ਬਾਰੇ ਪੁਰਾਤਨ ਕਥਾਵਾਂ ਤੋਂ ਵੀ ਕਿਤੇ ਉਚੇਰੀ ਹੈ।

ਏਂਗਲਜ ਨੇ ਹਮੇਸ਼ਾਂ ਅਤੇ ਕੁੱਲ ਮਿਲਾ ਕੇ ਠੀਕ ਹੀ ਆਪਣੇ ਆਪ ਨੂੰ ਹਮੇਸ਼ਾ ਮਾਰਕਸ ਤੋਂ ਪਿੱਛੇ ਰੱਖਿਆ ਹੈ। ਉਸ ਨੇ ਆਪਣੇ ਇੱਕ ਪੁਰਾਣੇ ਦੋਸਤ ਨੂੰ ਲਿਖਿਆ ਸੀ, “ਮਾਰਕਸ ਦੇ ਜਿਉਂਦਿਆਂ ਮੈਂ ਸਦਾ ਮੈਂ ਇਕ ਮਾਤਹਿਤ ਦੀ ਭੂਮਿਕਾ ਨਿਭਾਉਂਦਾ ਰਿਹਾ।” ਮਾਰਕਸ ਦੇ ਜ਼ਿੰਦਾ ਰਹਿੰਦਿਆਂ ਉਸ ਲਈ ਏਂਗਲਸ ਦਾ ਪਿਆਰ ਅਤੇ ਮਾਰਕਸ ਦੀ ਮੌਤ ਤੋਂ ਪਿੱਛੋਂ ਉਸ ਲਈ ਏਂਗਲਸ ਦਾ ਅਦਬ ਅਸੀਮ ਸਨ। ਸਖਤ ਜੰਗਜੂ ਅਤੇ ਕਦੇ ਨਾ ਝੁਕਣ ਵਾਲਾ ਇਹ ਵਿਚਾਰਕ ਡੂੰਘਾਈ ਨਾਲ ਪਿਆਰ ਕਰਨ ਵਾਲੀ ਰੂਹ ਦਾ ਮਾਲਕ ਸੀ ।

ਮਸ਼ਾਲ ਵਜੋਂ ਸੰਸਾਰ ਕਿਰਤੀ ਦਾ ਮਾਰਗ ਦਰਸ਼ਨ

1848-49 ਦੀ ਲਹਿਰ ਤੋਂ ਪਿੱਛੋਂ, ਜਦੋਂ ਮਾਰਕਸ ਅਤੇ ਏਂਗਲਜ਼ ਜਲਾਵਤਨ ਸਨ, ਉਨ੍ਹਾਂ ਨੇ ਖੁਦ ਨੂੰ ਵਿਗਿਆਨਕ ਖੋਜਾਂ ਤੱਕ ਸੀਮਿਤ ਨਹੀਂ ਸੀ ਰੱਖਿਆ। 1864 ‘ਚ ਮਾਰਕਸ ਨੇ ‘ਕੌਮਾਂਤਰੀ ਕਿਰਤੀ ਸਭਾ’ ਦੀ ਸਥਾਪਨਾ ਕੀਤੀ ਤੇ ਪੂਰਾ ਦਹਾਕਾ ਇਸ ਦੀ ਅਗਵਾਈ ਕੀਤੀ। ਏਂਗਲਸ ਵੀ ਇਸ ਦੇ ਕੰਮਕਾਜ ‘ਚ ਸਰਗਰਮ ਹਿੱਸੇਦਾਰ ਰਹੇ। ਇਸ ਕੌਮਾਂਤਰੀ ਸਭਾ, ਜਿਸ ਨੇ ਮਾਰਕਸ ਦੀ ਸਮਝ ਅਨੁਸਾਰ ਸਾਰੇ ਦੇਸ਼ਾਂ ਦੇ ਪ੍ਰੋਲੇਤਾਰੀ ਇਕੱਠੇ ਕੀਤੇ, ਦੇ ਕੰਮ ਦਾ ਮਜ਼ਦੂਰ ਅੰਦੋਲਨ ਦੇ ਵਿਕਾਸ ‘ਤੇ ਬੜਾ ਵਿਆਪਕ ਪ੍ਰਭਾਵ ਪਿਆ ਸੀ।

ਪਰ ਸੱਤਵੇਂ ਦਹਾਕੇ ‘ਚ ਕੌਮਾਂਤਰੀ ਸਭਾ ਦੇ ਬੰਦ ਹੋ ਜਾਣ ਨਾਲ ਵੀ ਮਾਰਕਸ ਤੇ ਏਂਗਲਸ ਦੀ ਇਕਜੁਟ ਕਰਨ ਵਾਲੀ ਭੂਮਿਕਾ ਮੁੱਕੀ ਨਹੀਂ ਸੀ । ਇਸ ਦੇ ਉਲਟ, ਇਹ ਕਿਹਾ ਜਾ ਸਕਦਾ ਹੈ ਕਿ ਕਿਰਤੀ ਜਮਾਤ ਦੇ ਰੂਹਾਨੀ ਆਗੂਆਂ ਵਜੋਂ ਉਨ੍ਹਾਂ ਦੀ ਮਹੱਤਤਾ ਨਿਰੰਤਰ ਵਧੀ, ਕਿਉਂਕਿ ਕਿਰਤੀ ਲਹਿਰ ਆਪ ਵੀ ਬੇਰੋਕ ਅੱਗੇ ਵਧੀ। ਮਾਰਕਸ ਦੇ ਦਿਹਾਂਤ ਤੋਂ ਪਿੱਛੋਂ ਏਂਗਲਸ ਨੇ ਯੂਰਪੀ ਸਮਾਜਵਾਦੀਆਂ ਦੇ ਇਕਲੌਤੇ ਪੈਰਵੀਕਾਰ ਤੇ ਆਗੂ ਵਜੋਂ ਕੰਮ ਜਾਰੀ ਰੱਖਿਆ। ਜਰਮਨ ਸਮਾਜਵਾਦੀ, ਜੋ ਸਰਕਾਰੀ ਜ਼ੁਲਮ ਦੇ ਬਾਵਜੂਦ ਤੇਜ਼ੀ ਤੇ ਮਜ਼ਬੂਤੀ ਨਾਲ ਵੱਧ ਰਹੇ ਸਨ ਅਤੇ ਪਿੱਛੜੇ ਦੇਸ਼ਾਂ, ਜਿਵੇਂ ਸਪੇਨੀ, ਰੂਮਾਨੀਆਈ ਅਤੇ ਰੂਸੀ ਦੇ ਪ੍ਰਤੀਨਿਧੀ ਜਿਨ੍ਹਾਂ ਨੂੰ ਆਪਣੇ ਪਹਿਲੇ ਕਦਮ ਬਹੁਤ ਸੋਚ-ਸਮਝ ਕੇ ਚੁੱਕਣੇ ਪੈਂਦੇ ਸਨ, ਸਾਰੇ ਹੀ ਏਂਗਲਸ ਦੀ ਸਲਾਹ ਲੈਣ ਲਈ ਉਨ੍ਹਾਂ ਕੋਲ ਆਉਂਦੇ ਸਨ। ਉਹ ਸਾਰੇ ਏਂਗਲਜ ਦੇ ਬੁੱਢੇਪੇ ‘ਚ ਉਨ੍ਹਾਂ ਦੀ ਗਿਆਨ ਦੀ ਵਿਸ਼ਾਲ ਸੰਪਤੀ ਅਤੇ ਅਨੁਭਵ ਦੇ ਖਜ਼ਾਨੇ ਤੋਂ ਲਾਹਾ ਲੈਂਦੇ ਸਨ।

ਰੂਸ ਦੇ ਆਜ਼ਾਦੀ ਘੋਲ ਦਾ ਕੌਮਾਂਤਰੀ ਮਹੱਤਵ

ਮਾਰਕਸ ਅਤੇ ਏਂਗਲਸ, ਜੋ ਰੂਸੀ ਭਾਸ਼ਾ ਜਾਣਦੇ ਸਨ ਤੇ ਰੂਸੀ ਕਿਤਾਬਾਂ ਪੜ੍ਹਦੇ ਸਨ, ਰੂਸ ‘ਚ ਜੀਵੰਤ ਰੁਚੀ ਰੱਖਦੇ ਸਨ। ਰੂਸੀ ਕ੍ਰਾਂਤੀਕਾਰੀ ਲਹਿਰ ਦੀ ਹਮਦਰਦੀ ਨਾਲ ਪ੍ਰੋੜ੍ਹਤਾ ਕਰਦੇ ਸਨ ਅਤੇ ਰੂਸੀ ਕ੍ਰਾਂਤੀਕਾਰੀਆਂ ਦੇ ਸੰਪਰਕ ‘ਚ ਰਹਿੰਦੇ ਸਨ। ਉਹ ਦੋਵੇਂ ਜਮਹੂਰੀਅਤ ਪਸੰਦ ਤੋਂ ਸਮਾਜਵਾਦੀ ਬਣੇ ਸਨ ਅਤੇ ਰਾਜਸੀ ਜ਼ੁਲਮ ਖ਼ਿਲਾਫ਼ ਉਨ੍ਹਾਂ ਵਿਚਲੇ ਜਮਹੂਰੀ ਘ੍ਰਿਣਾ ਦੇ ਭਾਵ ਬੇਹੱਦ ਤਿੱਖੇ ਸਨ।

ਰਾਜਸੀ ਤਾਨਾਸ਼ਾਹੀ ਤੇ ਆਰਥਿਕ ਗੁਲਾਮੀ ਦੇ ਸਬੰਧ ਬਾਰੇ ਉਨ੍ਹਾਂ ਦੀ ਡੂੰਘੀ ਸਿਧਾਂਤਕ ਸਮਝ, ਅਤੇ ਇਸ ਨਾਲ ਜੁੜਿਆ ਜੀਵਨ ਭਰ ਦਾ ਉਨ੍ਹਾਂ ਦਾ ਵਿਸ਼ਾਲ ਅਨੁਭਵ, ਉਨ੍ਹਾਂ ਨੂੰ ਰਾਜਨੀਤਿਕ ਤੌਰ ‘ਤੇ ਬੇਹੱਦ ਸੰਵੇਦਨਸ਼ੀਲ ਬਣਾਉਂਦਾ ਸੀ। ਇਸੇ ਕਰਕੇ, ਜ਼ਾਰਸ਼ਾਹੀ ਦੀ ਤਾਕਤਵਾਰ ਸਰਕਾਰ ਵਿਰੁੱਧ, ਮੁੱਠੀ ਭਰ ਰੂਸੀ ਕ੍ਰਾਂਤੀਕਾਰੀਆਂ ਦੀ ਬਹਾਦਰਾਨਾ ਲੜਾਈ ਨੇ ਇਨ੍ਹਾਂ ਹੰਢੇ- ਵਰਤੇ ਇਨਕਲਾਬੀਆਂ ਦੇ ਦਿਲਾਂ ‘ਚ ਸਭ ਤੋਂ ਵੱਧ ਹਮਦਰਦੀ ਜਗਾਈ ਸੀ। ਦੂਜੇ ਪਾਸੇ, ਖ਼ਿਆਲੀ ਆਰਥਿਕ ਲਾਭ ਪ੍ਰਾਪਤ ਕਰਨ ਲਈ ਕੁੱਝ ਲੋਕ ਰੂਸੀ ਸਮਾਜਵਾਦੀਆਂ ਦੇ ਫੌਰੀ ਤੇ ਮਹੱਤਵਪੂਰਨ ਕੰਮ, ਰਾਜਸੀ ਆਜ਼ਾਦੀ ਦੀ ਪ੍ਰਾਪਤੀ ਤੋਂ ਧਿਆਨ ਭਟਕਾਉਂਦੇ ਸਨ, ਤਾਂ ਮਾਰਕਸ ਤੇ ਏਂਗਲਸ ਨੂੰ ਇਹ ਗੱਲ ਕੁਦਰਤੀ ਤੌਰ ‘ਤੇ ਸ਼ੱਕੀ ਲੱਗਦੀ ਸੀ, ਅਤੇ ਉਹ ਇਸ ਨੂੰ ਸਮਾਜਿਕ ਕ੍ਰਾਂਤੀ ਦੇ ਮਹਾਨ ਕਾਜ਼ ਨਾਲ ਗੱਦਾਰੀ ਵਜੋਂ ਦੇਖਦੇ ਸਨ। ਮਾਰਕਸ ਤੇ ਏਂਗਲਸ ਨਿਰੰਤਰ ਇਹ ਸਿੱਖਿਆ ਦਿੰਦੇ ਸਨ ਕਿ, “ਮਜ਼ਦੂਰਾਂ ਦੀ ਬੰਦ ਖਲਾਸੀ, ਮਜ਼ਦੂਰ ਵਰਗ ਦਾ ਖੁਦ ਦਾ ਕੰਮ ਹੋਣਾ ਚਾਹੀਦਾ ਹੈ।” ਪਰ ਆਰਥਿਕ ਮੁਕਤੀ ਲਈ ਲੜਨ ਵਾਸਤੇ, ਮਜ਼ਦੂਰ ਵਰਗ ਨੂੰ ਆਪਣੇ ਖਾਤਰ ਲਾਜ਼ਮੀ ਵਿਸ਼ੇਸ਼ ਸਿਆਸੀ ਅਧਿਕਾਰ ਹਾਸਿਲ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ, ਮਾਰਕਸ ਤੇ ਏਂਗਲਸ ਨੇ ਸਪੱਸ਼ਟ ਭਾਂਪ ਲਿਆ ਸੀ ਕਿ ਰੂਸ ਦੀ ਰਾਜਸੀ ਕ੍ਰਾਂਤੀ, ਪੱਛਮੀ ਯੂਰਪ ਦੀ ਮਜ਼ਦੂਰ ਲਹਿਰ ਲਈ ਵੀ ਬੇਹੱਦ ਮਹੱਤਵ ਰੱਖਦੀ ਹੈ। ਤਾਨਾਸ਼ਾਹੀ ਰੂਸ ਆਮ ਤੌਰ ‘ਤੇ ਯੂਰਪੀ ਪ੍ਰਤੀਕ੍ਰਿਆਵਾਦ ਦਾ ਮਜ਼ਬੂਤ ਬੰਨ੍ਹ ਰਿਹਾ ਸੀ। 1870 ਦੀ ਜੰਗ ਦੇ ਨਤੀਜੇ ਵਜੋਂ ਰੂਸ ਨੂੰ ਜੋ ਅਸਾਧਾਰਣ ਕੌਮਾਂਤਰੀ ਹਿਮਾਇਤ ਹਾਸਲ ਹੋਈ, ਜਿਸ ਕਰਕੇ ਲੰਮੇ ਸਮੇਂ ਤੱਕ ਜਰਮਨੀ ਤੇ ਫਰਾਂਸ ਦਰਮਿਆਨ ਦੁਸ਼ਮਨੀ ਰਹੀ, ਜ਼ਾਹਿਰ ਹੈ ਉਸਨੇ ਤਾਨਾਸ਼ਾਹੀ ਰੂਸ ਦੀ ਪ੍ਰਤੀਕ੍ਰਿਆਵਾਦੀ ਤਾਕਤ ਹੋਰ ਵਧਾ ਦਿੱਤੀ ਸੀ। ਇੱਕ ਆਜ਼ਾਦ ਰੂਸ, ਜਿਸ ਨੂੰ ਨਾ ਪੋਲੈਂਡ, ਜਰਮਨੀ, ਫ਼ਿਨਲੈਂਡ, ਅਰਮੀਨੀਆ ਦੇ ਵਾਸੀਆਂ ਤੇ ਨਾ ਹੀ ਕਿਸੇ ਹੋਰ ਕਿਸੇ ਛੋਟੀ ਕੌਮ ਨੂੰ ਦਬਾਉਣ ਦੀ ਲੋੜ ਹੋਵੇ ਅਤੇ ਨਾ ਹੀ ਫਰਾਂਸ ਤੇ ਜਰਮਨੀ ਨੂੰ ਆਪਸ ‘ਚ ਸਦਾ ਭਿੜਾਈ ਰੱਖਣ ਦੀ ਗਰਜ਼ ਹੋਵੇ, ਆਧੁਨਿਕ ਯੂਰਪ ਨੂੰ ਜੰਗ ਦੇ ਬੋਝ ਤੋਂ ਮੁਕਤ ਕਰਕੇ ਚੈਨ ਨਾਲ ਸਾਹ ਲੈਣ ਦੇ ਯੋਗ ਬਣਾਏਗਾ, ਯੂਰਪ ਦੀਆਂ ਪ੍ਰਤੀਕ੍ਰਿਆਵਾਦੀ ਤਾਕਤਾਂ ਨੂੰ ਕਮਜ਼ੋਰ ਕਰੇਗਾ ਅਤੇ ਯੂਰਪੀ ਕਿਰਤੀ ਸ਼੍ਰੇਣੀ ਨੂੰ ਮਜ਼ਬੂਤੀ ਬਖਸ਼ੇਗਾ।

ਇਸੇ ਲਈ ਏਂਗਲਸ, ਸਿਰਫ ਰੂਸ ਲਈ ਨਹੀਂ, ਸਗੋਂ ਪੱਛਮੀ ਮਜ਼ਦੂਰ ਅੰਦੋਲਨ ਦੀ ਤਰੱਕੀ ਲਈ ਵੀ ਰੂਸ ‘ਚ ਰਾਜਨੀਤਿਕ ਆਜ਼ਾਦੀ ਕਾਇਮ ਹੋਣ ਦੀ ਤਿੱਖੀ ਤਾਂਘ ਰੱਖਦਾ ਸੀ। ਰੂਸੀ ਕ੍ਰਾਂਤਿਕਾਰੀਆਂ ਨੇ ਏਂਗਲਜ਼ ਦੇ ਵਿਛੋੜੇ ਨਾਲ ਆਪਣਾ ਪਰਮ ਮਿੱਤਰ ਗੁਆ ਲਿਆ ਹੈ।

ਆਓ, ਮਜ਼ਦੂਰ ਵਰਗ ਦੇ ਇਸ ਮਹਾਨ ਯੋਧੇ ਅਤੇ ਅਧਿਆਪਕ, ਫ੍ਰੈਡਰਿਕ ਏਂਗਲਸ ਨੂੰ ਹਮੇਸਾਂ ਸਤਿਕਾਰ ਨਾਲ ਯਾਦ ਕਰੀਏ !

Scroll To Top