
ਸਵਾਲ : ਕਮਿਊਨਿਸਟਾਂ ਦਾ ਧਰਮ ਪ੍ਰਤੀ ਕੀ ਰਵੱਈਆ ਹੈ?
- ਪਰਮਿੰਦਰ ਸਿੰਘ ਪਟਿਆਲਾ
ਜਵਾਬ : ਧਰਮ ਦੀ ਉਤਪਤੀ ਮਨੁੱਖ ਜਾਤੀ ਦੀ ਉਤਪਤੀ ਤੋਂ ਬਹੁਤ ਪਿੱਛੋਂ ਜਾ ਕੇ ਹੋਈ ਹੈ। ਮਨੁੱਖ ਜਦੋਂ ਆਪਣੀ ਹੋਂਦ ਬਚਾਉਣ ਲਈ ਕੁਦਰਤ ਨਾਲ ਜੂਝ ਰਿਹਾ ਸੀ, ਤਾਂ ਉਦੋਂ ਕਿਸੇ ਮਾਨਸਿਕ ਸਹਾਰੇ ਤੇ ਆਤਮਕ ਸੰਤੁਸ਼ਟੀ ਦੀ ਭਾਲ ਦੌਰਾਨ ਧਰਮ ਦੀ ਆਮਦ ਹੋਈ। ਧਰਮ ਨੇ ਦਰਪੇਸ਼ ਸਮੱਸਿਆਵਾਂ ਤੋਂ ਮਨੁੱਖ ਨੂੰ ਥੋੜ੍ਹੇ ਸਮੇਂ ਲਈ ਛੁਟਕਾਰਾ ਵੀ ਦਿੱਵਾਇਆ।
ਬਦਲਦੇ ਸਮਾਜਿਕ ਹਾਲਾਤ ’ਚ ਜਿੱਥੇ ਸਮਾਜ ਨੇ ਵਿਕਾਸ ਦੀਆਂ ਮਹੱਤਵਪੂਰਨ ਪੁਲਾਂਘਾ ਪੁੱਟੀਆਂ, ਉਥੇ ਨਾਲ ਹੀ ਸਮਾਜ ਵਿਚਲੇ ਲੁਟੇਰੇ ਤੱਤਾਂ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ’ਚ ਢੇਰਾਂ ਵਾਧਾ ਵੀ ਕੀਤਾ ਹੈ। ਇਨ੍ਹਾਂ ਅਮਾਨਵੀ ਅਮਲਾਂ ’ਤੇ ਕਾਬੂ ਪਾਉਣ ਹਿੱਤ ਹੀ ਵੱਖੋ-ਵੱਖ ਸਮਿਆਂ ਤੇ ਨਵੇਂ ਧਰਮਾਂ ਨੇ ਜਨਮ ਲਿਆ ਸੀ।
ਸ਼ੁਰੂਆਤੀ ਦੌਰ ’ਚ ਧਰਮ ਨੇ ਪੀੜਤ ਲੋਕਾਂ ਲਈ ਇਕ ‘ਸਹਾਰੇ’ ਦੀ ਭੂਮਿਕਾ ਅਦਾ ਕੀਤੀ। ਪ੍ਰੰਤੂ ਸਮਾਂ ਬੀਤਣ ਨਾਲ ਲੁਟੇਰੀਆਂ ਸ੍ਰੇਣੀਆਂ ਨੇ ਆਪਣੇ ਹਿੱਤਾਂ ਦੀ ਰਾਖੀ ਲਈ ਧਰਮ ਦੀ ਦੁਰਵਰਤੋਂ ਕਰਨੀ ਆਰੰਭ ਦਿੱਤੀ ਤੇ ਮਨੁੱਖ ਨੂੰ ਸਥਾਪਤ ਅਣਸੁਖਾਵੀਆਂ ਸਥਿਤੀਆਂ ਦੇ ਅਨੁਕੂਲ ਹੀ ਸਬਰ-ਸੰਤੋਖ ਨਾਲ ਗੁਜ਼ਾਰਾ ਕਰਨ ਦੀ ਸਿੱਖਿਆ ਦਿੱਤੀ।
ਕਮਿਊਨਿਸਟ ਵਿਚਾਰਧਾਰਾ ਦਾ ਮੁੱਢ ਦੁਨੀਆਂ ਦੇ ਮਹਾਨ ਫਿਲਾਸਫਰ, ਜਰਮਨੀ ਦੇ ਜੰਮ-ਪਲ ਕਾਰਲ ਮਾਰਕਸ ਦੀਆਂ ਖੋਜਾਂ ਤੇ ਗੂੜ੍ਹੇ ਗਿਆਨ ਦੀ ਪ੍ਰਾਪਤੀ ਨਾਲ ਬੱਝਾ ਸੀ। ਕਮਿਊਨਿਸਟ ਵਿਚਾਰਧਾਰਾ ’ਤੇ ਰੌਸ਼ਨੀ ਪਾਉਂਦੀ ਪੁਸਤਕ ‘ਕਮਿਊਨਿਸਟ ਮੈਨੀਫੈਸਟੋ’ ਕਾਰਲ ਮਾਰਕਸ ਤੇ ਐਂਗਲਜ਼ ਨੇ 1848 ’ਚ ਪ੍ਰਕਾਸ਼ਤ ਕੀਤੀ ਸੀ। ਦੋਹਾਂ ਨੇ ਵੱਖੋ-ਵੱਖ ਸਮਿਆਂ ’ਤੇ ਧਰਮ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ।
ਕਾਰਲ ਮਾਰਕਸ ਨੇ ਸੰਨ 1844 ’ਚ ਇਕ ਹੋਰ ਫਿਲਾਸਫਰ ਹੀਗਲ ਦੀ ‘ਸੱਜੇ ਪੱਖੀ ਫਿਲਾਸਫੀ’ ਨਾਮੀ ਕਿਤਾਬ ਦਾ ਮੁੱਖ ਬੰਦ ਲਿਖਦਿਆਂ ਦੱਸਿਆ ਸੀ ਕਿ ‘‘ਧਰਮ ਅਫੀਮ ਵਾਂਗ ਦਰਦ ਨਿਵਾਰਕ ਦਵਾ ਹੈ, ਉਹ ਨਿਹੱਕਾ ਦਰਦ ਜਿਹੜਾ ਉਸਨੂੰ ਲੁਟੇਰੇ ਨਿਜ਼ਾਮ ਨੇ ਦਿੱਤਾ ਹੈ।’’ ਧਰਮ ਨੂੰ ਬਹੁਤ ਹੀ ਗੁੰਝਲਦਾਰ ਵਿਸ਼ਾ ਦੱਸਦਿਆਂ ਮਾਰਕਸ ਅੱਗੇ ਲਿਖਦਾ ਹੈ, ‘‘ਧਰਮ ਦੱਬੇ-ਕੁਚਲੇ ਲੋਕਾਂ ਲਈ ਰਾਹਤ ਹੈ, ਬੇਦਰਦ ਦੁਨੀਆਂ ਅੰਦਰ ਉਸਦਾ ਦਿਲ ਅਤੇ ਆਤਮਹੀਣ ਸਥਿਤੀਆਂ ਅੰਦਰ ਉਸ ਦੀ ਆਤਮਾ ਹੈ।’’
ਕਮਿਊਨਿਸਟ ਸਮਾਜਿਕ ਵਿਕਾਸ ’ਚ ਧਰਮ ਵੱਲੋਂ ਨਿਭਾਈ ਮਹੱਤਵਪੂਰਨ ਭੂਮਿਕਾ ਨੂੰ ਹਮੇਸ਼ਾ ਯਾਦ ਰੱਖਦੇ ਹਨ। ਧਰਮ, ਜਿਸਦੀ ਬੁਨਿਆਦ ਵਿਚਾਰਵਾਦੀ ਫਲਸਫ਼ੇ ’ਤੇ ਅਧਾਰਤ ਹੈ, ਮੂਲ ਰੂਪ ’ਚ ਮਨੁੱਖਤਾ ਦਾ ਨਿੱਜੀ ਮਸਲਾ ਹੈ। ਇਹ ਮਨੁੱਖ ਨੂੰ ਸੰਸਾਰਕ ਦੁੱਖਾਂ ਤੋਂ (ਭਾਵੇਂ ਥੋੜ੍ਹੇ ਸਮੇਂ ਲਈ ਹੀ ਸਹੀ) ਛੁਟਕਾਰਾ ਦਿਵਾਉਂਦਾ ਹੈ।
ਕਮਿਊਨਿਸਟ ਹਰ ਵਿਅਕਤੀ ਨੂੰ ਆਪੋ-ਆਪਣਾ ਧਰਮ ਮੰਨਣ ਤੇ ਧਾਰਮਿਕ ਰਸਮਾਂ ਨਿਭਾਉਣ ਦੀ ਪੂਰਨ ਆਜ਼ਾਦੀ ਦੇਣ ਦੇ ਹਮਾਇਤੀ ਹਨ। ਪ੍ਰੰਤੂ ਨਾਲ ਹੀ ਉਹ ਇਹ ਵੀ ਮੰਨਦੇ ਹਨ ਕਿ ਕਿਸੇ ਵੀ ਵਿਅਕਤੀ ਨੂੰ ਦੂਜੇ ਦੇ ਧਰਮ ਨੂੰ ਨੀਵਾਂ ਦਿਖਾਉਣ ਜਾਂ ਦੂਜੇ ਧਰਮਾਂ ਪ੍ਰਤੀ ਨਿਰਾਦਰ ਦੀ ਭਾਵਨਾ ਪ੍ਰਗਟਾਉਣ ਦੀ ਇਜ਼ਾਜ਼ਤ ਹਰਗਿਜ਼ ਨਹੀਂ ਦਿੱਤੀ ਜਾਣੀ ਚਾਹੀਦੀ। ਕਮਿਊਨਿਸਟ ਧਰਮ ਦੀ ਸਿਆਸੀ ਫਾਇਦੇ ਲਈ ਦੁਰਵਰਤੋਂ ਦੇ ਵੀ ਸਖ਼ਤ ਵਿਰੋਧੀ ਹਨ, ਕਿਉਂਕਿ ਰਾਜਨੀਤੀ ਧਰਮ ’ਤੇ ਨਹੀਂ, ਜਮਾਤਾਂ ’ਤੇ ਅਧਾਰਿਤ ਹੁੰਦੀ ਹੈ। ਕਮਿਊਨਿਸਟ ਪਾਰਟੀ ਦਾ ਮੈਂਬਰ ਬਣਨ ਲਈ ਨਾਸਤਿਕ ਹੋਣ ਦੀ ਵੀ ਕੋਈ ਲਾਜ਼ਮੀ ਸ਼ਰਤ ਨਹੀਂ ਹੈ। ਕੋਈ ਵੀ ਆਸਤਿਕ ਸ਼ਖਸ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਸਕਦਾ ਹੈ। ਲੇਕਿਨ ਇਹ ਉਸਦੀ ਨਿਜੀ ਜ਼ਿੰਮੇਵਾਰੀ ਹੈ ਕਿ ਉਸਦੀ ਧਾਰਮਿਕ ਆਸਥਾ ਸਮਾਜਿਕ ਬਦਲਾਅ ਦੇ ਮਾਨਵੀ ਯੁੱਧ ਦੇ ਰਾਹ ਦੀ ਰੁਕਾਵਟ ਨਾ ਬਣੇ। ਸਥਾਪਤ ਲੁਟੇਰੇ ਢਾਂਚੇ ਨੂੰ ਤਬਦੀਲ ਕਰਕੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਦੇ ਖਾਤਮੇ ਵਾਲਾ ਸਮਾਜ ਸਿਰਜਣ ਦੇ ਆਸ਼ੇ ਨਾਲ ਸੰਸਾਰ ਭਰ ’ਚ ਕੀਤੇ ਗਏ ਇਨਕਲਾਬ, ਬਿਨਾਂ ਸ਼ੱਕ ਮਾਰਕਸੀ-ਲੈਨਿਨੀ ਵਿਗਿਆਨਕ ਫਲਸਫੇ ਤੋਂ ਸੇਧ ਲੈ ਕੇ ਹੀ ਸਫਲ ਹੋਏ ਸਨ। ਪ੍ਰੰਤੂ ਵੱਖੋ-ਵੱਖ ਧਰਮਾਂ ਦੇ ਪੈਰੋਕਾਰਾਂ ਨੇ ਵੀ ਸਮਾਜਿਕ ਬਦਲਾਅ ਦੀ ਇਸ ਕਠਿਨ ਜਦੋਜਹਿਦ ’ਚ ਬੜੀ ਵੱਡੀ ਗਿਣਤੀ ’ਚ ਭਾਗ ਲਿਆ ਸੀ। ਅਸਾਡੇ ਦੇਸ਼ ਅਤੇ ਪੰਜਾਬ ’ਚ ਵੀ ਬਹੁਤ ਸਾਰੇ ਕਮਿਊਨਿਸਟ ਆਗੂ ਹਿੰਦੂ, ਮੁਸਲਿਮ, ਸਿੱਖ, ਇਸਾਈ ਜਾਂ ਕਿਸੇ ਵੀ ਹੋਰ ਧਰਮ ਦੇ ਅਨੁਆਈ ਰਹਿੰਦੇ ਹੋਏ ਅਤੀਤ ’ਚ ਵੀ ਜਮਾਤੀ ਘੋਲਾਂ ਅੰਦਰ ਮੋਢੇ ’ਤੇ ਲਾਲ ਝੰਡਾ ਲੈ ਕੇ ਇਨਕਲਾਬੀ ਤਬਦੀਲੀ ਲਈ ਜੂਝਦੇ ਰਹੇ ਹਨ ਤੇ ਅੱਜ ਵੀ ਜੂਝ ਰਹੇ ਹਨ। ਕਮਿਊਨਿਸਟ, ਅੰਧ ਵਿਸ਼ਵਾਸ਼ ਤੇ ਕਰਮਕਾਂਡ ਦੇ ਵਿਰੋਧੀ ਹਨ ਅਤੇ ਵਿਗਿਆਨਕ ਨਜ਼ਰੀਆ ਅਪਣਾਉਣ ਦਾ ਯਤਨ ਕਰਦੇ ਹਨ।
ਅਜੋਕੇ ਭਾਰਤੀ ਸਮਾਜ ਵਿੱਚ ਵੱਖੋ-ਵੱਖ ਧਰਮਾਂ ਨੂੰ ਮੰਨਣ ਵਾਲੇ ਕਰੋੜਾਂ ਕਿਰਤੀ-ਕਿਸਾਨ ਤੇ ਹੋਰ ਮਿਹਨਤਕਸ਼ ਲੋਕ ਰਹਿ ਰਹੇ ਹਨ ਜੋ ਲੁੱਟ-ਖਸੁੱਟ ਤੋਂ ਪੀੜਤ ਹਨ ਤੇ ਹਾਲਾਤ ਬਦਲਣ ਦੀ ਤਾਂਘ ਰੱਖਦੇ ਹਨ। ਇਨ੍ਹਾਂ ਲੋਕਾਂ ਨੂੰ ਇਨਕਲਾਬੀ ਲਹਿਰ ’ਚ ਸ਼ਾਮਿਲ ਕੀਤੇ ਤੋਂ ਬਿਨਾਂ ਇਨਕਲਾਬੀ ਜਨਤਕ ਲਹਿਰ ਦੀ ਮਜ਼ਬੂਤੀ ਅਤੇ ਅੱਗੋਂ ਸਮਾਜਿਕ ਬਦਲਾਅ ਦੇ ਲੋਕ ਯੁੱਧ ਦੀ ਕਾਮਯਾਬੀ ਬਾਰੇ ਸੋਚਿਆ ਤੱਕ ਵੀ ਨਹੀਂ ਜਾ ਸਕਦਾ।
ਅੰਤਮ ਰੂਪ ’ਚ ਇਹੋ ਕਿਹਾ ਜਾ ਸਕਦਾ ਹੈ ਕਿ ਕਮਿਊਨਿਸਟ, ਵਿਗਿਆਨਕ ਵਿਚਾਰਧਾਰਾ (ਮਾਰਕਸਵਾਦ-ਲੈਨਿਨਵਾਦ) ਦੇ ਧਾਰਨੀ ਹੋਣ ਦੇ ਨਾਲ-ਨਾਲ ਆਪਣੇ ਦੇਸ਼, ਖਿੱਤੇ ਤੇ ਪ੍ਰਾਂਤ ਦੇ ਨਰੋਏ ਇਤਿਹਾਸ, ਹਾਂ ਪੱਖੀ ਰਸਮੋ-ਰਿਵਾਜ਼ ਤੇ ਪ੍ਰਚਲਤ ਧਰਮਾਂ ਦੇ ਮਾਨਵੀ ਸਰੋਕਾਰਾਂ ਤੋਂ ਅਲੱਗ-ਥਲੱਗ ਕਤਈ ਨਹੀਂ ਰਹਿ ਸਕਦੇ।
ਉਹ, ਇਤਿਹਾਸ ਦੀਆਂ ਮਾਣ ਕਰਨ ਯੋਗ ਤੇ ਲੋਕਾਈ ਲਈ ਆਪਾ ਵਾਰਨ ਦੀਆਂ ਮਹਾਨ ਪ੍ਰੰਪਰਾਵਾਂ, ਜੋ ਵੱਖੋ-ਵੱਖ ਧਰਮਾਂ-ਵਿਸ਼ਵਾਸ਼ਾਂ ਤੇ ਵਿਚਾਰਾਂ ਨਾਲ ਜੁੜੀਆਂ ਹੋਈਆਂ ਹਨ, ਤੋਂ ਪ੍ਰੇਰਨਾ ਲੈਂਦੇ ਹੋਏ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਜਨਤਕ ਇਨਕਲਾਬੀ ਲਹਿਰ ਉਸਾਰਨ ਲਈ ਯਤਨਸ਼ੀਲ ਹਨ।