
ਗੁਰਦਾਸਪੁਰ: ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸਥਾਨਕ ਗੁਰੂ ਨਾਨਕ ਪਾਰਕ ਇਕੱਤਰ ਹੋ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਗੈਰ ਹਾਜ਼ਰੀ ਵਿੱਚ ਸੁਪਰਡੈਂਟ ਵਿਜੇ ਕੁਮਾਰ ਦੇ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਪੱਤਰ ਭੇਜਿਆ ਗਿਆ।
ਇਸ ਮੌਕੇ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਵਿਜੇ ਸੋਹਲ ਸੂਬਾ ਸਕੱਤਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਸ਼ਮਸ਼ੇਰ ਸਿੰਘ ਬਟਾਲਾ ਸੂਬਾ ਵਿੱਤ ਸਕੱਤਰ ਦਿਹਾਤੀ ਮਜ਼ਦੂਰ ਸਭਾ, ਮੇਜਰ ਸਿੰਘ ਕੋਟ ਟੋਡਰਮੱਲ ਸੂਬਾ ਆਗੂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ,ਬਲਬੀਰ ਸਿੰਘ ਮੱਲ੍ਹੀ ਜ਼ਿਲ੍ਹਾ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਨੇ ਕਿਹਾ ਕਿ ਇਨ੍ਹਾਂ ਯਾਦ ਪੱਤਰਾਂ ਰਾਹੀਂ ਪੰਜਾਬ ਸਰਕਾਰ ਨੂੰ ਯਾਦ ਕਰਵਾ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵੇਲੇ ਤੋਂ ਲੈ ਕੇ ਸਰਕਾਰ ਬਣਨ ਵੇਲੇ ਤੋਂ ਲੈ ਕੇ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਲਈ, ਮਨਰੇਗਾ ਤਹਿਤ ਪੂਰੇ ਸਾਲ ਦੇ ਵਾਸਤੇ ਕੰਮ ਅਤੇ ਘੱਟੋ ਘੱਟ ਦਿਹਾੜੀ 700 ਰੁਪਏ ਕਰਨ ਅਤੇ ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ ਰੱਦ ਕਰਵਾਉਣ ਲਈ, ਚੋਣ ਗਰੰਟੀਆਂ ਪੂਰੀਆਂ ਕਰਨ ਅਤੇ ਔਰਤਾਂ ਦੇ ਖਾਤੇ ਵਿੱਚ1000- 1500 ਰੁਪਏ ਬਕਾਏ ਸਮੇਤ ਪਾਉਣ, ਵਿਧਵਾ ਬੁਢਾਪਾ ਅਤੇ ਅੰਗਹੀਣ ਪੈਨਸ਼ਨ 5000 ਰੁਪਏ ਕਰਨ, ਮਜ਼ਦੂਰਾਂ ਸਿਰ ਚੜਿਆ ਸਰਕਾਰੀ, ਗੈਰਸਰਕਾਰੀ, ਸਹਿਕਾਰੀ ਅਤੇ ਮਾਈਕਰੋ ਫਾਇਨਾਂਸ ਕੰਪਨੀ ਦਾ ਕਰਜ਼ਾ ਮੁਆਫ਼ ਕਰਨ, ਕੇਂਦਰ ਸਰਕਾਰ ਵਲੋਂ ਕਿਰਤ ਕਾਨੂੰਨਾਂ ਦੀ ਥਾਂ ਬਣਾਏ ਚਾਰ ਲੇਬਰ ਕਾਨੂੰਨ ਰੱਦ ਕਰਨ, ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ, ਵਾਧੂ ਨਿਕਲਦੀਆਂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਅਤੇ ਥੁੜ ਜ਼ਮੀਨੇ ਕਿਸਾਨਾਂ ‘ਚ ਵੰਡਣ, ਪੰਚਾਇਤੀ ਜ਼ਮੀਨ ‘ਚੋਂ ਤੀਸਰੇ ਹਿੱਸੇ ਦੀ ਜ਼ਮੀਨ ਮਜ਼ਦੂਰਾਂ ਨੂੰ ਦੇਣ ਅਤੇ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਵਰਗੀਆਂ ਬੁਨਿਆਦੀ ਅਤੇ ਹੱਕੀ ਮੰਗਾਂ ਵਾਸਤੇ ਮਜ਼ਦੂਰ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਬਦਲਾਅ ਦਾ ਨਾਅਰਾ ਦੇਣ ਵਾਲੀ ਸਰਕਾਰ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਕੇ ਮਜ਼ਦੂਰਾਂ ਨਾਲ ਵਿਤਕਰਾ ਕਰ ਰਹੀ ਹੈ, ਭਗਵੰਤ ਮਾਨ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਲੋਕ ਵਿਰੋਧੀ ਹੈ। ਸਰਕਾਰ ਮਜ਼ਦੂਰ ਮੰਗਾਂ ਦੀ ਜਿੱਥੇ ਅਣਦੇਖੀ ਕਰ ਰਹੀ ਹੈ ਉਥੇ ਹੱਕ ਮੰਗਦੇ ਹਰ ਤਬਕੇ ਦੇ ਸੰਘਰਸ਼ ਨੂੰ ਡਾਂਗ ਦੇ ਜ਼ੋਰ ਦਬਾਇਆ ਜਾ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਵਲੋਂ ਪੈਟਰੋਲ ਡੀਜ਼ਲ, ਰਸੋਈ ਗੈਸ ਅਤੇ ਹੋਰ ਚੀਜ਼ਾਂ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਅਸਲ ਵਿਚ ਜੰਗੀ ਮਹੌਲ ਦੇ ਬਹਾਨੇ ਵੱਡੇ ਸਰਮਾਏਦਾਰਾਂ ਨੂੰ ਕਿਰਤੀ ਲੋਕਾਂ ਦੀ ਲੁੱਟ ਕਰਨ ਦੀ ਖੁੱਲ ਦੇ ਕੇ ਭਾਰਤੀ ਹਕੂਮਤ ਨੇ ਆਪਣਾ ਲੋਕ ਵਿਰੋਧੀ ਅਤੇ ਸਾਮਰਾਜ ਪੱਖੀ ਚਿਹਰਾ ਇਕ ਵਾਰ ਫਿਰ ਨੰਗਾ ਕਰ ਲਿਆ ਹੈ। ਮੀਟਿੰਗ ਵਿੱਚ ਸੁਪਰੀਮ ਕੋਰਟ ਵੱਲੋਂ ਅਨੂਸੂਚਿਤ ਜਾਤੀ ਅਤੇ ਜਨਜਾਤੀ ਉਪਰ ਜ਼ੁਲਮ ਰੋਕੂ ਐਕਟ 1989 ਨੂੰ ਸੋਧਾਂ ਰਾਹੀਂ ਕਮਜ਼ੋਰ ਕੀਤਾ ਜਾ ਰਿਹਾ ਹੈ ਸੋਧਾਂ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਮਜ਼ਦੂਰ ਮੰਗਾਂ ਮਨਵਾਉਣ ਅਤੇ ਮਹਿੰਗਾਈ ਵਿਰੁੱਧ ਪੰਜਾਬ ਅੰਦਰ ਵੱਡਾ ਮਜ਼ਦੂਰ ਅੰਦੋਲਨ ਖੜਾ ਕੀਤਾ ਜਾਵੇਗਾ।
ਉਪਰੋਕਤ ਆਗੂਆਂ ਤੋਂ ਇਲਾਵਾ ਧਿਆਨ ਸਿੰਘ ਠਾਕੁਰ, ਜਸਵਿੰਦਰ ਸਿੰਘ ਛਿੱਤ, ਬੂਟਾ ਮਸੀਹ ਕੋਟਲੀ ਫੱਸੀ, ਰੂਪ ਲਾਲ ਮੁਸਤਾਬਾਦ ਸੈਦਾਂ, ਸੁਲੱਖਣ ਸਿੰਘ ਕੋਟ ਟੋਡਰਮੱਲ, ਮਨਹਰਨ, ਸੁਖਵੰਤ ਸਿੰਘ, ਪ੍ਰੇਮ ਕੁਮਾਰ ਖਾਜੋਪੁਰ, ਕੁਲਦੀਪ ਸਿੰਘ ਸੋਹਲ, ਰੋਬਿਨ ਰਣੀਆਂ, ਭਗਤ ਰਾਮ ਸ਼੍ਰੀ ਹਰਗੋਬਿੰਦਪੁਰ ਸਾਹਿਬ , ਕੁਲਦੀਪ ਸਿੰਘ, ਜੋਗਿੰਦਰ ਸਿੰਘ ਦੀਨਾਨਗਰ, ਯੋਧ ਰਾਜ ਉਧੀਪੁਰ ਆਦਿ ਹਾਜ਼ਰ ਸਨ।