
ਜਲੰਧਰ: ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਨਵਾਂ ਜ਼ਮਾਨਾ ਅਖ਼ਬਾਰ ਦੀ ਸੰਸਥਾ, ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਟਰੱਸਟੀ ਐਡਵੋਕੇਟ ਰਾਜਿੰਦਰ ਸਿੰਘ ਮੰਡ ਦੀ ਅੱਜ ਦਇਆ ਨੰਦ ਹਸਪਤਾਲ, ਲੁਧਿਆਣਾ ਵਿਖੇ ਹੋਈ ਮੌਤ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੰਗਾਮੀ ਸ਼ੋਕ ਬੈਠਕ ਉਪਰੰਤ ਹਾਜ਼ਰ ਮੈਂਬਰਾਂ ਅਤੇ ਦਫ਼ਤਰ ਪੁੱਜੇ ਸ਼ੋਕ ਸੁਨੇਹਿਆਂ ਮੁਤਾਬਕ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ, ਲਾਇਬ੍ਰੇਰੀ, ਮਿਊਜ਼ੀਅਮ, ਆਡਿਟ ਅਤੇ ਦੇਖਰੇਖ ਕਮੇਟੀ ਦੇ ਕ੍ਰਮਵਾਰ ਕਨਵੀਨਰ ਚਰੰਜੀ ਲਾਲ ਕੰਗਣੀਵਾਲ, ਹਰਵਿੰਦਰ ਭੰਡਾਲ, ਸੁਰਿੰਦਰ ਕੁਮਾਰੀ ਕੋਛੜ ਅਤੇ ਰਣਜੀਤ ਸਿੰਘ ਔਲਖ ਤੋਂ ਇਲਾਵਾ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ, ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ ਅਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਰਾਜਿੰਦਰ ਮੰਡ ਦੇ ਪਰਿਵਾਰ, ਸਾਕ-ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਰਿਵਾਰਕ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਉਹਨਾਂ ਦੀ ਮ੍ਰਿਤਕ ਦੇਹ, ਸੰਭਾਲ ਘਰ ਵਿੱਚ ਰੱਖੀ ਗਈ ਹੈ ਅਤੇ ਅੰਤਿਮ ਵਿਦਾਇਗੀ ਸਬੰਧੀ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਏਗੀ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਖੱਬੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ। ਪਾਰਟੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ, ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ, ਪਾਰਟੀ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਦਰਸ਼ਨ ਨਾਹਰ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਸੀਪੀਆਈ ਨਾਲ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।