
ਲੁਧਿਆਣਾ: ਪਾਵਰਕਾਮ ਅਤੇ ਟਰਾਸਕੋ ਆਉਟਸੋਰਸਿੰਗ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਵੱਲੋਂ ਲੁਧਿਆਣਾ ਦੇ ਘੰਟਾ ਘਰ ਨਜ਼ਦੀਕ ਕੇਂਦਰੀ ਸਟੋਰ ਦੇ ਸਾਹਮਣੇ ਠੇਕੇਦਾਰ ਅਧੀਨ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਅੱਜ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈਕੇ ਤੀਜੇ ਦਿਨ ਲਗਾਤਾਰ ਧਰਨਾ ਜਾਰੀ ਰੱਖਿਆ।
ਇਹਨਾਂ ਮੁਲਾਜ਼ਮਾਂ ਦੀ ਮੰਗਾਂ ਦੇ ਹੱਕ ਵਿੱਚ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਸੀ ਟੀ ਯੂ ਪੰਜਾਬ ਦੇ ਸੂਬਾਈ ਆਗੂ ਜਗਦੀਸ਼ ਚੰਦ ਨੇ ਸ਼ਮੂਲੀਅਤ ਕੀਤੀ। ਉਹਨਾਂ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਹ ਮੁਲਾਜ਼ਮ 14-15 ਸਾਲਾਂ ਤੋਂ ਪਾਵਰਕਾਮ ਅਤੇ ਟਰਾਸਕੋ ਵਿੱਚ ਠੇਕੇ ਤੇ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਚੋਣ ਵਾਅਦੇ ਮੁਤਾਬਕ ਇਹਨਾ ਕਾਮਿਆਂ ਨੂੰ ਰੈਗੂਲਰ ਕਰੇ ਅਤੇ ਪਾਵਰਕਾਮ ਮਹਿਕਮੇ ਵਿੱਚ ਮਰਜ ਕਰੇ। ਉਹਨਾਂ ਆਖਿਆ ਕਿ ਜੇ ਸਰਕਾਰਾਂ ਨੇ ਵਾਅਦਾ ਖਿਲਾਫੀ ਕੀਤੀ ਤਾਂ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ ਸਾਂਝੇ ਫਰੰਟ ਵੱਲੋ ਇਹਨਾਂ ਮੁਲਾਜ਼ਮਾਂ ਦੀ ਡੱਟ ਕੇ ਹਮਾਇਤ ਕੀਤੀ ਜਾਵੇਗੀ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਜੇ ਧਰਨਾਕਾਰੀ ਮੁਲਾਜ਼ਮਾਂ ਤੇ ਜਬਰ ਦੀ ਕੋਸ਼ਿਸ਼ ਕੀਤੀ ਤਾਂ ਲੋਕ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ‘ਤੇ ਤਾਲਮੇਲ ਕਮੇਟੀ ਦੇ ਆਗੂਆਂ ਰਣਜੀਤ ਸਿੰਘ, ਅਕਾਸ਼ ਕੁਮਾਰ, ਵੀਰਪਾਲ ਸਿੰਘ ਨੇ ਆਏ ਆਗੂਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਕਰਦੇ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੂ, ਸੁਮਿਤ, ਰਾਹੁਲ, ਉਪਿੰਦਰ ਕੁਮਾਰ, ਜਗਪਾਲ ਸਿੰਘ, ਮਾਨ ਸਿੰਘ, ਜਮਸ਼ੇਰ ਆਲਮ, ਕ੍ਰਿਸ਼ਨ ਅਤੇ ਲਖਵੀਰ ਸਿੰਘ ਆਦਿ ਹਾਜ਼ਰ ਸਨ।