ਕਹਾਣੀ
ਛੀਂਟ ਦੀ ਰਜਾਈ
- ਅਫ਼ਰਾ ਬੁਖ਼ਾਰੀ
ਬਹੁਤ ਸਾਰੀਆਂ ਛੋਟੀਆਂ-ਵੱਡੀਆਂ ਖ਼ਾਹਿਸ਼ਾਂ ’ਚੋਂ ਉਸ ਦੀ ਇੱਕ ਵੱਡੀ ਖ਼ਾਹਿਸ਼ ਇਹ ਵੀ ਸੀ ਕਿ ਮਾਂ ਵਿਆਹ ਵੇਲੇ ਉਸਨੂੰ ਹੋਰ ਕੁੱਝ ਭਾਵੇਂ ਦੇਵੇ ਜਾਂ ਨਾ ਦੇਵੇ ਪਰ ਸੁਰਖ਼ ਸਾਟਨ ਦੀ ਲਿਸ਼-ਲਿਸ਼ ਕਰਦੀ ਰਜਾਈ ਜ਼ਰੂਰ ਦੇਵੇ, ਜਿਸ ਦਾ ਬਾਡਰ ਹਰੇ ਸਿਲਕ ਦਾ ਹੋਵੇ। ਪਰ ਮਾਂ ਬੜੀ ਦੂਰ ਅੰਦੇਸ਼ ਸੀ। ਉਹ ਜਾਣਦੀ ਸੀ ਕਿ ਗੁਦੜੀ ’ਚ ਪਲੀ ਗੁਦੜੀ ’ਚ ਹੀ ਜਾਏਗੀ। ਉਸਦੀ ਕੀਮਤ ਇਸ ਤੋਂ ਵੱਧ ਨਹੀਂ ਹੋ ਸਕਦੀ। ਮਾਂ ਦੀ ਇਹ ਸੋਚ ਉਸਨੂੰ ਚੰਗੀ ਨਹੀਂ ਸੀ ਲੱਗੀ। ਮਾਂ ਨੂੰ ਇਸ ਬਾਰੇ ਇਸ ਤਰ੍ਹਾਂ ਫ਼ੈਸਲਾ ਨਹੀਂ ਸੀ ਦੇਣਾ ਚਾਹੀਦਾ। ਪਰ ਮਾਂ ਦਾ ਖ਼ਿਆਲ ਸੀ ਕਿ ਪ੍ਰਾਇਮਰੀ ਸਕੂਲ ’ਚ ਪੜ੍ਹ ਕੇ ਉਸਦੇ ਦਿਮਾਗ ’ਚ ਫ਼ਤੂਰ ਆ ਗਿਆ ਹੈ ਤਾ ਹੀ ਉਹ ਅਜਿਹੀਆਂ ਬੇ-ਢੰਗੀਆਂ ਗੱਲਾਂ ਸੋਚਦੀ ਹੈ, ਜੋ ਉਸਨੂੰ ਨਹੀਂ ਸੋਚਣੀਆਂ ਚਾਹੀਦੀਆਂ। ਇਸ ਲਈ ਉਸ ਨੇ ਸਾਟਨ ਦੀ ਰੇਸ਼ਮੀ ਰਜਾਈ ਦੀ ਬਜਾਏ ਉਸਨੂੰ ਛੀਂਟ ਦੀ ਮਜ਼ਬੂਤ ਕੱਪੜੇ ਦੀ ਰਜਾਈ ਦਿੱਤੀ… ਜਿਸ ਦੇ ਸਾਰੇ ਰੰਗ ਪੱਕੇ ਤੇ ਗੂੜ੍ਹੇ ਸਨ।
ਰਜਾਈ ’ਚ ਉਸਨੇ ਬੜੀ ਫ਼ਰਾਖ਼ਦਿਲੀ ਨਾਲ ਛੇ ਕਿੱਲੋ ਰੂੰ ਭਰਾਈ ਸੀ ਤੇ ਅਪਣੇ ਹੱਥੀਂ ਮਜ਼ਬੂਤ ਨਗੰਦੇ ਪਾਏ ਸਨ। ਇਸ ਮੋਟੀ ਰਜਾਈ ’ਚ ਮਾਂ ਜਦੋਂ ਲੰਬੀ ਸੂਈ ਨਾਲ ਟਾਂਕੇ ਭਰਦੀ ਤਾਂ ਉਹ ਦੇਖਦੀ ਕਿ ਮਾਂ ਦੀਆਂ ਉਂਗਲੀਆਂ ਦੇ ਪੋਟਿਆਂ ’ਚੋਂ ਖੂਨ ਦੀ ਬੂੰਦ ਟਪਕਦੀ ਤੇ ਟਾਂਕੇ ’ਤੇ ਜਾ ਗਿਰਦੀ। ਰਜਾਈ ਦੇ ਹਰ ਟਾਂਕੇ ’ਚ ਮਾਂ ਦੇ ਖ਼ੂਨ ਦੀ ਗਰਮੀ ਤੇ ਅੱਖਾਂ ’ਚ ਤੈਰਨ ਵਾਲੇ ਹੰਝੂਆਂ ਦੀ ਨਮੀ ਮੌਜੂਦ ਸੀ। ਫੇਰ ਵੀ ਉਸ ਦੇ ਦਿਲ ’ਚ ਮਾਂ ਲਈ ਗੁੱਸਾ ਸੀ। ਮਾਂ ਨੇ ਜਿਵੇਂ ਲੰਬੀ ਸੂਈ ਨਾਲ ਹਮੇਸ਼ਾਂ ਲਈ ਉਸਨੂੰ ਇਸ ਬਦਸੂਰਤ ਰਜਾਈ ਨਾਲ ਸਿਉਂ ਦਿੱਤਾ ਸੀ ਅਤੇ ਏਦਾਂ ਉਸਦੇ ਨਸੀਬਾਂ ਨੂੰ ਹਮੇਸ਼ਾ ਲਈ ਅਪਣੇ ਨਸੀਬਾਂ ਨਾਲ ਜੋੜ ਦਿੱਤਾ ਸੀ। ਮਾਂ ਨੇ ਏਦਾਂ ਕਿਉਂ ਕੀਤਾ…ਉਹ ਕੁੱਝ ਹੋਰ ਵੀ ਕਰ ਸਕਦੀ ਸੀ। ਉਸ ਰਾਤ ਜਦੋਂ ਉਸ ਦਾ ਦਿਲ ਡਰ, ਗ਼ਮ, ਖੁਸ਼ੀ ਤੇ ਉਮੰਗ ਦੇ ਮਿਲੇ-ਜੁਲੇ ਜਜ਼ਬਾਤਾਂ ਨਾਲ ਭਰਪੂਰ ਸੀ, ਛੀਂਟ ਦੀ ਉਸ ਮੋਟੀ ਖ਼ੁਰਦਰੀ ਰਜਾਈ ’ਚ ਲੇਟ ਕੇ ਉਹ ਰੋਣ ਲੱਗੀ ਸੀ। ਉਸਦਾ ਖ਼?ਆਲ ਸੀ ਕਿ ਉਸਦਾ ਪਤੀ ਜ਼ਰੂਰ ਹੀ ਉਸਦੇ ਹੰਜੂ ਪੂੰਝ ਕੇ ਉਸਨੂੰ ਦਿਲਾਸਾ ਦਏਗਾ, ਉਸ ਵੇਲੇ ਉਹ ਉਸਨੂੰ ਅਪਣਾ ਦੁੱਖ ਦੱਸੇਗੀ ਤੇ ਸਾਫ਼-ਸਾਫ਼ ਕਹਿ ਦਏਗੀ ਕਿ ਉਸਨੂੰ ਇੱਕ ਸਾਟਨ ਦੀ ਲਿਸ਼-ਲਿਸ਼ ਕਰਦੀ ਰਜਾਈ ਚਾਹੀਦੀ ਹੈ… ਬੱਸ ਹੋਰ ਕੁੱਝ ਨਹੀਂ। ਉਸਦੀ ਉਮਰ ਵੀ ਬੱਸ ਏਨੀ ਹੀ ਸੀ ਕਿ ਇਸ ਤੋਂ ਵੱਧ ਉਹ ਹੋਰ ਸੋਚ ਵੀ ਨਹੀਂ ਸੀ ਸਕਦੀ। ਪਰ ਉਸਦਾ ਪਤੀ, ਜੋ ਕਚਿਹਰੀ ’ਚ ਇੱਕ ਪੁਰਾਣੀ ਮੇਜ਼-ਕੁਰਸੀ ’ਤੇ ਬੈਠ ਕੇ ਲੋਕਾਂ ਦੇ ਕਾਗ਼ਜ ਟਾਇਪ ਕਰਦਾ ਸੀ, ਇੱਕ-ਇੱਕ ਗਾਹਕ ਲਈ ਉਸਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ‘ਸਾਹਿਬ ਜੀ’, ‘ਸਰ ਜੀ’ ਕਹਿੰਦਿਆਂ ਉਸਦੀ ਜੀਭ ਸੁੱਕ ਜਾਂਦੀ ਸੀ, ਮੁੱਦਤ ਤੋਂ ਅਪਣਾ ਆਤਮ-ਸਨਮਾਨ ਗੁਆ ਬੈਠਾ ਸੀ। ਹੁਣ ਉਹ ਇੱਕ ਖੁਸ਼ਕ ਲਕੜੀ ਵਰਗਾ ਇਨਸਾਨ ਸੀ, ਜੋ ਇਨ੍ਹਾਂ ਕੋਮਲ ਭਾਵਾਂ ਦੀਆਂ ਬਰੀਕੀਆਂ ਨਹੀਂ ਸੀ ਸਮਝ ਸਕਦਾ। ਉਹ ਤਾਂ ਬੱਸ ਗਧੇ-ਖੱਚਰ ਹੱਕਣ ਵਾਲੇ ਉਜੱਡ-ਗਵਾਰਾਂ ਵਰਗਾ ਹੋ ਗਿਆ ਸੀ। ਉਸਨੇ ਬੜੀ ਬੇਰਹਿਮੀ ਨਾਲ ਕਿਹਾ, ‘‘ਬੰਦ ਕਰ ਇਹ ਰੋਣਾ-ਧੋਣਾ, ਮੈਨੂੰ ਨੱਕ ’ਚੋਂ ਪਾਣੀ ਵਹਾਉਣ ਵਾਲੀਆਂ ਜਨਾਨੀਆਂ ਪਸੰਦ ਨਹੀਂ। ਨਫ਼ਰਤ ਹੈ ਮੈਨੂੰ… ਤੇ ਇੱਥੇ ਭੇਜਣ ਤੋਂ ਪਹਿਲਾਂ ਤੇਰੀ ਮਾਂ ਨੇ ਤੈਨੂੰ ਕੁੱਝ ਨਹੀਂ ਸਮਝਾਇਆ ਨਹੀਂ ਕਿ ਮਰਦ ਕਿੱਦਾਂ ਖ਼ੁਸ਼ ਰੱਖਣੈ? ਖੜ੍ਹੀ ਹੋ ਤੇ ਮੇਰੇ ਪੈਰਾਂ ’ਚੋਂ ਜੁੱਤੇ ਲਾਹ। ਮੈਂ ਜਿਸਮ ਦੇ ਭੁੱਖੇ ਤੇ ਅੰਨੇ ਉਨ੍ਹਾਂ ਮਰਦਾਂ ’ਚੋਂ ਨਹੀਂ ਜੋ ਜਨਾਨੀ ਦੇਖ ਕੇ ਆਪਣੀ ਸੁੱਧ-ਬੁੱਧ ਖੋ ਬੈਠਦੇ ਨੇ। ਮੈਂ ਉਨ੍ਹਾਂ ਮਰਦਾਂ ’ਚੋਂ ਹਾਂ ਜੋ ਡੰਡੇ ਨਾਲ ਔਰਤਾਂ ਨੂੰ ਸੋਧਦੇ ਨੇ।’’ ਫੇਰ ਉਹ ਆਪਣੇ ਪੀਲੇ ਦੰਦ ਕੱਢ ਕੇ ਹੱਸਿਆ ਸੀ :
‘‘ਲੱਗਦੈ ਤੈਨੂੰ ਵੀ ਸੋਧਣਾ ਪਊ।’’
ਫੇਰ ਉਹ ਉਸ ਛੀਂਟ ਦੀ ਰਜਾਈ ’ਚ ਏਦਾਂ ਗੁੰਮ ਹੋ ਗਈ ਕਿ ਉਸਨੂੰ ਦੂਰ-ਦੂਰ ਤੱਕ ਫੇਰ ਕਦੇ ਸਾਟਨ ਦੀ ਰਜਾਈ ਦਿਖਾਈ ਨਾ ਦਿੱਤੀ। ਮਾਂ ਤੋਂ ਪਿੱਛੋਂ ਪਤੀ ਦੀ ਨਫ਼ਰਤ ਤੇ ਬੇਰਹਿਮੀ ਨਾਲ ਭਰੀਆਂ ਯਾਦਾਂ ਉਸ ਦੇ ਹਲਕ ਨਾਲ ਹਮੇਸ਼ਾਂ ਲਈ ਜੁੜ ਗਈਆਂ ਸਨ। ਉਸਨੇ ਇਸ ਰਜਾਈ ਨੂੰ ਹਮੇਸ਼ਾ ਇੱਕ ਦੁੱਖ ਵਾਂਗ ਝੱਲਿਆ।
ਇਹ ਰਜਾਈ ਜੋ ਉਸ ਲਈ ਇੱਕ ਦੁੱਖ ਹੀ ਸੀ, ਬੱਚਿਆਂ ’ਚ ਉਸ ਪ੍ਰਤੀ ਇੱਕ ਅਜੀਬ ਜਿਹੀ ਖਿੱਚ ਸੀ। ਉਸਦੇ ਸਾਰੇ ਬੱਚੇ ਇਸੇ ਨਾਲ ਚਿਪਕ ਕੇ ਸੌਂਦੇ ਸਨ। ਉਨ੍ਹਾਂ ਸਾਰਿਆਂ ਦੀ ਖ਼ੁਸ਼ਬੂ ਤੇ ਸਾਹ ਇਸ ਰਜਾਈ ’ਚ ਰਚੇ-ਵਸੇ ਸਨ। ਉਹ ਉਨ੍ਹਾਂ ਸਾਰਿਆਂ ਦੀ ਮਹਿਕ ਅਲੱਗ-ਅਲੱਗ ਪਛਾਣ ਸਕਦੀ ਸੀ।
ਫੇਰ ਬੱਸ ਏਦਾਂ ਹੋਇਆ ਕਿ ਇੱਕ ਤੋਂ ਪਿੱਛੋਂ ਇੱਕ ਉੱਪਰ-ਤਲੇ ਦੇ ਬੱਚਿਆਂ ਨੇ ਰਜਾਈ ਦੀ ਦੁਰਗਤ ਕਰ ਦਿੱਤੀ। ਬੱਚੇ ਵੱਡੇ ਹੋ ਗਏ ਪਰ ਇਸ ਰਜਾਈ ਦੀ ਖਿੱਚ ਬਰਕਰਾਰ ਰਹੀ। ਉਹ ਇਸੇ ਰਜਾਈ ’ਚ ਖੇਡਦੇ ਸਨ, ਖੇਡ-ਖੇਡ ’ਚ ਹੀ ਰਜਾਈ ਨੂੰ ਖਿੱਚਦੇ ਰਹਿੰਦੇ, ਜਿਸ ਕਰ ਕੇ ਇਸ ਦੀ ਰੂੰ ਇੱਧਰ-ਉਧਰ ਖਿਸਕ ਗਈ ਸੀ ਤੇ ਲੋਗੜ ਦੇ ਗੋਲੇ ਜਿਹੇ ਬਣ ਕੇ ਲਮਕ ਗਏ ਸਨ। ਉਹ ਏਦਾਂ ਹੁੱਲੜਬਾਜੀ ਕਰਦੇ ਕਿ ਰਜਾਈ ਹੁਣ ਬੱਸ ਬੁੱਕਲ ਮਾਰਨ ਜੋਗੀ ਹੀ ਰਹਿ ਗਈ ਸੀ। ਹਰ ਸਾਲ ਕੌਣ ਰੂੰ ਪਿੰਜਵਾਉਂਦਾ ਤੇ ਛੀਂਟ ਦਾ ਕੱਪੜਾ ਧੋਂਦਾ। ਦੋ-ਚਾਰ ਸਾਲ ਤਾਂ ਇਹ ਸੋਚਦਿਆਂ ਹੀ ਨਿਕਲ ਗਏ। ਬੱਚਿਆਂ ਦੇ ਪਿਸ਼ਾਬ ਤੇ ਉਲਟੀ ਕੀਤੇ ਦੁੱਧ ਦੀ ਬੋ ਤੇ ਫੇਰ ਦਵਾਈਆਂ ਦੀ ਕਸੈਲੀ ਜਿਹੀ ਮਹਿਕ… ਸਭ ਉਸ ਦੇ ਅੰਦਰ ਸਮਾਏ ਹੋਏ ਸਨ। ਧੁੱਪ ’ਚ ਸੁਕਾ-ਸੁਕਾ ਕੇ ਪਾਪੜ ਵਰਗੀ ਹੋ ਗਈ ਸੀ। ਫੇਰ ਵੀ ਛੋਟੇ-ਵੱਡੇ ਸਭ ਬੱਚੇ ਇਸੇ ’ਚ ਵੜਨ ਲਈ ਬਖੇੜਾ ਕਰਦੇ। ਇਸ ਗੁਦੜੇ ’ਚ ਪਤਾ ਨਹੀਂ ਕੀ ਖਿੱਚ ਸੀ ਕਿ ਸਾਰੇ ਮਾਂ ਦੀ ਗੋਦੀ ਵਰਗਾ ਮਜ਼ਾ ਲੈਂਦੇ। ਉਹ ਹੈਰਾਨ ਹੁੰਦੀ ਤੇ ਖਿੱਚ-ਖਿੱਚ ਕੇ ਉਨ੍ਹਾਂ ਨੂੰ ਬਾਹਰ ਕੱਢਦੀ : ‘‘ਓਏ ਕੰਬਖਤੋ ਕੁੱਝ ਤਾਂ ਬਾਕੀ ਰਹਿਣ ਦਿਓ’’ ਉਹ ਬੱਸ ਉੱਪਰੋਂ ਹੀ ਕਹਿੰਦੀ ਤੇ ਰਜਾਈ ਨੂੰ ਘੁਲਦੇ-ਮਿਟਦੇ ਦੇਖਦੀ ਰਹਿੰਦੀ। ਨਵੇਂ ਰਜਾਈ ਗਦੈਲਾ ਬਨਵਾਉਣ ਦੀ ਬੱਸ ਖ਼ਾਹਿਸ ਹੀ ਸੀ। ਪਰ ਕਦੇ ਸੋਚਿਆ ਹੀ ਨਹੀਂ ਸੀ। ਖਿੱਚ-ਧੂਹ ਕੇ ਬੱਸ ਗੁਜ਼ਾਰਾ ਹੀ ਚੱਲ ਰਿਹਾ ਸੀ। ਪਤੀ ਦੇ ਲੱਛਣ ਵੀ ਬਸ ਏਦਾਂ ਦੇ ਹੀ ਸਨ। ਆਨੇ-ਬਹਾਨੇ ਪੈਸੇ ਬਟੋਰ ਕੇ ਟਿਕਾਣੇ ਲਗਾਉਂਦਾ ਰਹਿੰਦਾ ਸੀ। ਏਦਾਂ ਹੀ ਕੁਝ ਬੁਰੀਆਂ ਆਦਤਾਂ ਪੈ ਗਈਆਂ ਸਨ। ਕੁੱਝ ਮਾਂ ਦੇ ਲਾਡ-ਪਿਆਰ ਨੇ ਵਿਗਾੜਿਆ ਸੀ ਤੇ ਕੁਝ ਦੋਸਤੀਆਂ ਵੀ ਏਦਾਂ ਦੀਆਂ ਹੀ ਸਨ। ਉੱਤੋਂ ਕਦੇ ਜਮਾਂਦਾਰਨੀ ਪਸੰਦ ਆ ਜਾਂਦੀ, ਕਦੇ ਜੁਲਾਹੀ ਜਚਣ ਲੱਗਦੀ ਤੇ ਕਦੇ ਧੋਬਣ ’ਤੇ ਲੱਟੂ ਹੋ ਜਾਂਦਾ। ਉਸਦੇ ਸਾਹਮਣੇ ਹੀ ਹੱਥ ਫੜ੍ਹ ਕੇ ਬੇਸ਼ਰਮੀ ਕਰਦਾ। ਉਸਦੀ ਕੀ ਮਜਾਲ ਕਿ ਟੋਕ ਦਿੰਦੀ। ਉਲਟੇ ਹੱਥ ਦਾ ਐਸਾ ਥੱਪੜ ਪੈਂਦਾ ਕਿ ਨੱਕ ਮੂੰਹ ਸੁੱਜੇ ਰਹਿੰਦੇ। ਹੁਣ ਤਾਂ ਮੂੰਹ ਨੂੰ ਵੀ ਲੱਗ ਗਈ ਸੀ। ਨਿਚਲੇ ਦਲਾਨ ਦੀ ਇੱਕ ਅਲਮਾਰੀ ਨੂੰ ਜਿੰਦਾ ਲਾ ਰੱਖਿਆ ਸੀ। ਦਫ਼ਤਰ ਤੋਂ ਆਉਂਦੇ ਸਾਰ ਹੀ ਬੋਤਲ ਕੱਢ ਕੇ ਪਾਣੀ ਰਲਾ ਕੇ ਘੁੱਟ ਦੋ ਘੁੱਟ ਬਰਾਂਡੀ ਪੀ ਲੈਂਦਾ। ਪਿਉ ਦੇ ਆਉਣ ਦੀ ਖੁਸ਼ੀ ’ਚ ਬੱਚੇ ਮੱਗ ’ਚ ਮੂੰਹ ਪਾ ਕੇ ਚੀਕਦੇ :
‘‘ਅੱਬਾ ਜੀ… ਅੱਬਾ ਜੀ??…’’
ਤੇ ਹੇਠਾਂ ਇੱਕ ਹਲਕੀ ਜਿਹੀ ਨਸ਼ੀਲੀ ਆਵਾਜ਼ ਆਉਂਦੀ ‘‘ਹੈਲੋ…ਹੈਲੋ’’, ਅਤੇ ਬੱਚੇ ਖੁਸ਼ੀ ਤੇ ਜੋਸ਼ ਨਾਲ ਹੱਸਦੇ-ਹੱਸਦੇ ਲੋਟਪੋਟ ਹੋ ਜਾਂਦੇ। ਪਰ ਜਦੋਂ ਗੱਲ ਕਰਦੇ ਤਾਂ ਮੂੰਹ ’ਚੋ ਬਦਬੂ ਆਉਂਦੀ। ਉਦੋਂ ਬੱਚੇ ਪੱਛਦੇ ‘‘ਮਾਂ ਅੱਬਾ ਮੰਜਨ ਨਹੀਂ ਕਰਦੇ!!’’ ਤੇ ਉਹ ਹਾਂ…ਹੂੰ ਕਰਦੀ ਗੱਲ ਟਾਲ ਜਾਂਦੀ।
ਬਾਦਾਮ ਦਾ ਛਿਲਕਾ ਸਾੜ ਕੇ ਮੰਜਨ ਬਣਦਾ। ਕਦੇ-ਕਦੇ ਉਹ ਇਲਾਇਚੀਆਂ ਪੀਸ ਕੇ ਵੀ ਮਿਲਾ ਦਿੰਦੀ… ਕੁੱਝ ਤਾਂ ਪਰਦਾਦਾਰੀ ਰਹੇ।
ਮੇਹਰ ਦੀ ਢਾਈ ਹਜ਼ਾਰ ਬਖ਼ਸਵਾਉਂਦਿਆਂ ਪਤੀ ਨੇ ਜ਼ਮੀਨ ਦੇ ਬਹਾਨੇ ਉਸਦਾ ਛੋਟਾ-ਮੋਟਾ ਡੰਡੀ ਛੱਲਾ ਵੀ ਪਾਰ ਲਗਾ ਦਿੱਤਾ ਸੀ। ਮੇਹਰ ਦੇ ਢਾਈ ਹਜ਼ਾਰ ਵੀ ਉਸਨੂੰ ਸਾਲਾਂ ਤੋਂ ਖਟਕ ਰਹੇ ਸਨ। ਸੱਸ ਉਠਦਿਆਂ ਬਹਿੰਦਿਆਂ ਤਾਅਨੇ ਮੇਹਣੇ ਮਾਰਦੀ ਰਹਿੰਦੀ, ‘‘ ਅਪਣੇ ਪਤੀ ਦੀ ਐਨੀ ਵੇਰੀ ਹੋਰ ਤਾਂ ਕੋਈ ਨਹੀਂ ਹੋਣੀ।’’
ਫੇਰ ਪਤਾ ਨਹੀਂ ਕਿੱਥੋਂ-ਕਿੱਥੋਂ ਮਿਸਾਲਾਂ ਕੱਢ ਕੇ ਲਿਆਉਂਦੀ। ਨੱਕ ’ਚ ਦਮ ਕਰ ਰੱਖਿਆ ਸੀ। ਉਪਰੋਂ ਪਤੀ ਧੱਕਾ-ਮੁੱਕੀ ਕਰਦਾ : ‘‘ਬੱਸ ਇਨ੍ਹਾਂ ਢਾਈ ਹਜ਼ਾਰ ’ਚ ਹੀ ਆਪਣਾ ਕੱਫਨ-ਦਫਨ ਕਰੀਂ, ਬਿਮਾਰੀਆਂ ’ਤੇ ਖਰਚੀਂ, ਮੈਥੋਂ ਕੋਈ ਉਮੀਦ ਨਾ ਰੱਖੀਂ।’’
ਉਹ ਇਹ ਸਭ ਸੁਣਦੀ ਤੇ ਇੱਕ ਢੀਠ ਜਿਹੀ ਚੁੱਪ ਉਸਦੇ ਚਿਹਰੇ ’ਤੇ ਬਣੀ ਰਹਿੰਦੀ। ਪਰ ਦਿਲ ਹੀ ਦਿਲ ’ਚ ਕਹਿੰਦੀ : ‘‘ਕਦੇ ਨਹੀਂ ਬਖ਼ਸ਼ਾਂਗੀ।’’ ਕਦੇ ਦੋ ਟਕੇ ਦੀ ਚੀਜ਼ ਤਾਂ ਆਪ ਖ਼ਰੀਦ ਕੇ ਨਹੀਂ ਦਿੱਤੀ। ਇਹ ਢਾਈ ਹਜ਼ਾਰ ਤਾਂ ਵਾਜਿਬ ਸਨ ਜਿਨ੍ਹਾਂ ਬਾਰੇ ਉਹ ਅਕਸਰ ਸੋਚਦੀ…ਸ਼ਾਇਦ ਕਦੇ ਕਿਸੇ ਦਿਨ ਉਹ ਵਾਪਿਸ ਦੇ ਦੇਵੇ। ਉਸਦੀ ਹਥੇਲੀ ’ਤੇ ਏਨੀ ਵੱਡੀ ਰਕਮ ਰੱਖ ਦੇਵੇ। ‘‘ਲੈ ਬਈ ਆਪਣਾ ਕਰਜ਼ਾ।’’
ਤੇ ਉਹ ਜਜ਼ਬਾਤੀ ਹੋ ਕੇ ਕਹੇ: ‘‘ਭਲਾ ਮੈਂ ਕੀ ਕਰਨੈ ਇਨ੍ਹਾਂ ਰੁਪਈਆਂ ਦਾ? ’’
ਤੇ ਉਹ ਅਪਣੀ ਹਥੇਲੀ ਉਸ ਦੀ ਹਥੇਲੀ ’ਤੇ ਪਲਟ ਦੇਵੇ। ਬਸ ਇਸੇ ਮਹੱਤਵਪੂਰਨ ਖੁਸ਼ੀ ਦੀ ਖ਼ਾਤਰ ਉਹ ਸਾਲਾਂਬੱਧੀ ਮਾਰ ਖਾਂਦੀ ਰਹੀ, ਬੇਇੱਜ਼ਤ ਹੁੰਦੀ ਰਹੀ। ਪਰ ਫੇਰ ਜਦੋਂ ਇਹ ਜਜ਼ਬਾਤੀ ਦੌਰ ਗੁਜ਼ਰ ਗਿਆ, ਵਕਤ ਨੇ ਦਿਲ ਦੀਆਂ ਗਹਿਰਾਈਆਂ ’ਚ ਰੇਤ ਭਰ ਦਿੱਤੀ ਤੇ ਸਾਰੇ ਜਜ਼ਬੇ ਚਕਨਾਚੂਰ ਹੋ ਗਏ, ਉਸਦੇ ਵਾਲਾਂ ’ਚ ਸਫੇਦੀ ਉਤਰ ਆਈ, ਤਾਂ ਉਸਦੀ ਸੋਚ ਵੀ ਬਦਲ ਗਈ।
ਉਹ ਆਪਣੇ ਮੈਲੇ-ਕੁਚੈਲੇ ਵਜੂਦ ਤੇ ਘਰ ਦੀਆਂ ਮੈਲੀਆਂ-ਕੁਚੈਲੀਆਂ ਚੀਜ਼ਾਂ ਦੇ ਨਾਲ ਹੁਣ ਵੀ ਉਨ੍ਹਾਂ ਢਾਈ ਹਜ਼ਾਰ ਬਾਰੇ ਸੋਚਦੀ ਰਹਿੰਦੀ, ਜੋ ਕਿਤੇ ਵੀ ਨਹੀਂ ਸਨ। ਪਰ ਫੇਰ ਵੀ ਕਿਸੇ ਠੋਸ ਸੱਚਾਈ ਵਾਂਗ ਉਸਦੇ ਦਿਲ ਦੇ ਕਿਸੇ ਖੂੰਜੇ ’ਚ ਜਮਾਂ ਪਏ ਸਨ, ਜਿਨ੍ਹਾਂ ਨੂੰ ਉਹ ਬਾਰ-ਬਾਰ ਬਾਹਰ ਕੱਢ ਕੇ ਗਿਣਦੀ ਰਹਿੰਦੀ ਤੇ ਇਸੇ ਖ਼ਿਆਲ ਦੇ ਬਹਾਨੇ ਨਾਲ ਸੁਪਨੇ ਸਜਾਉਂਦੀ ਰਹਿੰਦੀ। ਘਰ ’ਚ ਕਿੰਨਾ ਕੁਝ ਬਦਲਣ ਵਾਲਾ ਹੈ… ਖਾਸ ਤੌਰ ’ਤੇ ਗੁਦੜੀ ਬਣ ਚੁੱਕੀ ਇਹ ਰਜਾਈ। ਉਹ ਢਾਈ ਹਜ਼ਾਰ ਉਸਨੂੰ ਕਲਪਨਾ ਦੀ ਦੁਨੀਆ ’ਚ ਲੈ ਉੱਡਦੇ…ਸਾਫ਼ ਬਿਸਤਰਾ, ਸਾਟਨ ਦੀ ਰੇਸ਼ਮੀ ਰਜਾਈ, ਉਹ ਇਸ ਉੱਚੀ ਉਡਾਨ ’ਚ ਕਿੱਥੇ-ਕਿੱਥੇ ਉਡਦੀ… ਢਾਈ ਹਜ਼ਾਰ ਤਾਂ ਬੱਸ ਬਹਾਨਾ ਸਨ ਤੇ ਜਦੋਂ ਉਹ ਅਪਣੀ ਕਲਪਨਾ ਦੀ ਉੜਾਨ ਤੋਂ ਵਾਪਸ ਪਰਤਦੀ ਤਾਂ ਮੈਲੀ ਗੁਦੜੀ ’ਚ ਸੁੰਗੜ ਕੇ ਰਹਿ ਜਾਂਦੀ। ਏਦਾਂ ਲੱਗਦਾ ਜਿਵੇਂ ਉਸ ਦੀ ਨਾਕਾਮ ਤੇ ਬਦਮਿਸਮਤ ਜ਼ਿੰਦਗੀ ਦਾ ਇੱਕ ਮਾਤਰ ਬਹਾਨਾ ਉਹ ਢਾਈ ਹਜ਼ਾਰ ਰੁਪਏ ਹੀ ਸਨ… ਜੋ ਹੈ ਵੀ ਸਨ ਤੇ ਨਹੀਂ ਵੀ। ਉਹ ਪਾਗਲਾਂ ਵਾਂਗ ਇਕੱਲੀ ਉਧੇੜ-ਬੁਣ ’ਚ ਲੱਗੀ ਰਹਿੰਦੀ… ਜੇ ਮਿਲ ਜਾਣ ਤਾਂ … ਇਹ ਅਦਭੁਤ ਰਕਮ ਉਸ ਦੇ ਪਤੀ ਤੇ ਸੱਸ ਨੂੰ ਵੀ ਨਹੀਂ ਸੀ ਭੁੱਲੀ। ਇਹ ਤਾਂ ਬੜੀ ਸ਼ਰਮ ਵਾਲੀ ਗੱਲ ਸੀ, ਉਹ ਹਾਲੇ ਤੱਕ ਉਸ ਦੇ ਦੇਣਦਾਰ ਸਨ।
ਪਿਛਲੇ ਵੀਹ ਸਾਲਾਂ ਤੋਂ ਉਹ ਉਸਦੇ ਕੱਪੜੇ-ਲੱਤੇ, ਖਾਣ-ਪੀਣ ਦੇ ਜ਼ਿੰਮੇਦਾਰ ਸਨ। ਉਹ ਕੀ ਭਲਾ ਮੁਫ਼ਤ ਦਾ ਮਾਲ ਸੀ! ਵਾਹ! ਖਾਓ-ਪੀਓ ਸਭ ਉਨ੍ਹਾਂ ਦਾ ਤੇ ਨਾਲੇ ਪੈਸੇ ਦਾ ਰੋਹਬ। ਫੇਰ ਇੱਕ ਦਿਨ ਉਸ ਦੇ ਪਤੀ ਨੇ ਉਸਨੂੰ ਬੋਰੀ ਵਾਂਗੂੰ ਘੜੀਸ ਕੇ ਘਰ ਦੀ ਦਹਿਲੀਜ਼ ’ਤੇ ਬਿਠਾ ਦਿੱਤਾ ਤਾਂ ਉਸ ਦੀ ਢਾਈ ਹਜ਼ਾਰ ਰੁਪੱਈਆਂ ਦੀ ਬੁਨਿਆਦ ਉਖੜ ਗਈ। ਇਸ ਬਰਬਾਦੀ ਨਾਲ ਉਸਦਾ ਦਿਲ ਖੂਨੋ-ਖੂਨ ਹੋ ਗਿਆ। ਉਹ ਹੁਣ ਕੀ ਕਰਦੀ, ਕਿੱਧਰ ਜਾਂਦੀ ਭਲਾ? ਜਾਨਵਰਾਂ ਦੇ ਵੀ ਵਾੜੇ ਹੁੰਦੇ ਨੇ, ਠਿਕਾਣੇ ਹੁੰਦੇ ਨੇ, ਪਰ ਉਸ ਲਈ ਕੋਈ ਦਿਸ਼ਾ ਨਹੀਂ ਸੀ ਬਚੀ। ਫੇਰ ਛੋਟੇ ਦੀਆਂ ਘੜੀ-ਘੜੀ ਦੀਆਂ ਚੀਕਾਂ ਉਸਦੇ ਪੈਰਾਂ ਦੀ ਜੰਜ਼ੀਰ ਬਣ ਗਈਆਂ ਸਨ। ਉਸ ਦੇ ਖੂਨ ਭਰੇ ਦਿਲ ਨੇ ਵੈਣ ਪਾਏ, ‘‘ਨਹੀਂ ਬਖ਼ਸ਼ਾਂਗੀ…। ਕਦੇ ਵੀ ਨਹੀਂ।’’
ਪਰ ਫੇਰ ਜਦੋਂ ਉਹ ਹਨੇਰੇ ’ਚ ਰੀਂਗਦੀ ਹੋਈ ਅੰਦਰ ਆਈ ਤੇ ਬੱਚਿਆਂ ਨੇ ਭਿੱਜੀਆਂ ਰਹਿਮ ਭਰੀਆਂ ਅੱਖਾਂ ਨਾਲ ਉਸਨੂੰ ਦੇਖਿਆ ਤਾਂ ਉਸਨੇ ਕੋਰੇ ਕਾਗਜ਼ ’ਤੇ ਦਸਤਖਤ ਕਰ ਦਿੱਤੇ, ‘‘ਲਿਖ ਲਓ.. ਜੋ ਵੀ ਚਾਹੀਦੈ ਲਿਖ ਲਓ… ਚਾਹੇ ਤਲਾਕਨਾਮਾ ਹੀ ਲਿਖ ਦਿਓ।’’
ਫਿਰ ਉਸਨੇ ਸਿਸਕੀਆਂ ਭਰਦੇ ਛੋਟੇ ਨੂੰ ਕਲੇਜੇ ਨਾਲ ਘੁੱਟ ਲਿਆ ਸੀ ਤੇ ਉਸਦੇ ਮੂੰਹ ’ਤੇ ਮੂੰਹ ਧਰ ਕੇ ਜ਼ਾਰੋ ਜ਼ਾਰ ਰੋਈ ਸੀ। ਉਸ ਰਾਤ ਉਸਦਾ ਵਜੂਦ ਕਿਤੇ ਵੀ ਨਹੀਂ ਸੀ ਰਿਹਾ, ਮੁਨੀਰ ਨੇ ਸਬਜ਼ੀ ਦੀ ਕੌਲੀ ਚੁੱਕ ਕੇ ਜ਼ਮੀਨ ’ਤੇ ਦੇ ਮਾਰੀ..ਉਸ ’ਚੋਂ ਦਾਦੀ ਦਾ ਸਫ਼ੈਦ ਵਾਲ ਨਿਕਲ ਆਇਆ ਸੀ। ‘‘ਆ… ਥੂਹ, ਮੈਂ ਨਹੀਂ ਖਾਣਾ।’’
ਉਸਦੀਆਂ ਭਿੱਜੀਆਂ ਪਲਕਾਂ ਤੇ ਤਿੱਖੇ ਨੈਣ-ਨਕਸ਼ ਵਾਲਾ ਚਿਹਰਾ ਭਿੱਜਿਆ ਹੋਇਆ ਸੀ ਤੇ ਹਿਚਕੀਆਂ ਟੁੱਟ ਨਹੀਂ ਸਨ ਰਹੀਆਂ। ਉਸਨੇ ਹੈਰਾਨੀ ਭਰੀਆਂ ਅੱਖਾਂ ਨਾਲ ਮੁਨੀਰ ਵੱਲ ਦੇਖਿਆ…ਇਹ ਉਹ ਸੀ…!! ‘‘ਤੇਰੀ ਇਹ ਹਿੰਮਤ…’’ ਪਤੀ ਨੇ ਚੁੱਲੇ ’ਚੋਂ ਬਲਦੀ ਲੱਕੜ ਖਿੱਚ ਲਈ। ਉਸਨੇ ਛਾਤੀ ’ਤੇ ਹੱਥ ਧਰ ਕੇ ਪਿੱਠ ਉਸ ਵੱਲ ਕਰ ਲਈ। ਮੁਨੀਰ ਘਰੋਂ ਦੌੜ ਗਿਆ ਤੇ ਫੇਰ ਵਾਪਿਸ ਨਹੀਂ ਆਇਆ। ਉਹ ਕਿੱਥੇ ਹੋਏਗਾ, ਕਿਸ ਹਾਲ ’ਚ ਹੋਏਗਾ’… ਇਹ ਸੋਚ-ਸੋਚ ਕੇ ਉਹ ਘੁਲਦੀ ਰਹੀ। ਸਾਲਾਂ ਤੱਕ ਅਪਣੇ ਫਟੇ ਹੋਏ ਰਿਸ ਰਹੇ ਕਲੇਜੇ ’ਤੇ ਹੱਥ ਧਰ ਕੇ ਉਸਦਾ ਇੰਤਜ਼ਾਰ ਕਰਦੀ ਹੋਈ ਅਪਣੇ ਆਉਂਦੇ-ਜਾਂਦੇ ਸਾਹਾਂ ਨੂੰ ਗਿਣਦੀ ਰਹੀ। ਸਰਦੀਆਂ ਦੀਆਂ ਉਨ੍ਹਾਂ ਭਿੱਜੀਆਂ ਰਾਤਾਂ ਨੂੰ ਜਦੋਂ ਸਭ ਦਰਵਾਜ਼ੇ ਭੇੜ ਕੇ ਸੌਂ ਜਾਂਦੇ, ਉਹ ਚੁੱਪਚਾਪ ਬਾਹਰਲਾ ਬੂਹਾ ਖੋਲ੍ਹ ਦਿੰਦੀ ਤੇ ਹਨੇਰੇ ਵਿਹੜੇ ’ਚ ਖੁੱਲ੍ਹੇ ਆਸਮਾਨ ਦੇ ਪੂਰੇ ਫੈਲਾਅ ਦੇ ਹੇਠਾਂ ਸਿਰ ਝੁਕਾ ਕੇ ਖੜ੍ਹੀ ਹੋ ਜਾਂਦੀ। ਠੰਡ ਉਸਦੀਆਂ ਹੱਡੀਆਂ ’ਚ ਘੁਲਦੀ ਰਹਿੰਦੀ :
‘‘ਮੁਨੀਰ ਮੈਨੂੰ ਪਤੈ ਤੈਨੂੰ ਠੰਡ ਬਹੁਤ ਲੱਗਦੀ ਹੈ। ਤੂੰ ਵਾਪਿਸ ਆ ਜਾ ਤੇਰੇ ਲਈ ਮੈਂ ਸੁਰਖ਼ ਸਾਟਨ ਦੀ ਰਜਾਈ ਬਣਾਵਾਂਗੀ, ਜਿਸ ਨੂੰ ਉੱਤੇ ਲੈ ਕੇ ਤੂੰ ਬਹੁਤ ਖੁਸ਼ ਹੋਵੇਂਗਾ।’’
ਉਹ ਪਾਗ਼ਲਾਂ ਵਾਂਗ ਰੋ-ਰੋ ਕੇ ਉਸ ਨਾਲ ਗੱਲਾਂ ਕਰਦੀ ਤੇ ਵਾਸਤੇ ਪਾਉਂਦੀ। ਆਖ਼ਰਕਾਰ ਉਸ ਦੀ ਦੁਆ ਕਬੂਲ ਹੋਈ। ਅਸਮਾਨ ਦੀਆਂ ਘਮੰਡੀ ਉਚਾਈਆਂ ਨੂੰ ਇਸ ਤੁੱਛ ਤੇ ਲਾਚਾਰ ਔਰਤ ’ਤੇ ਤਰਸ ਆ ਗਿਆ।
ਇੱਕ ਦਿਨ ਬਾਪ ਦੇ ਨਾਂ ਮੁਨੀਰ ਦਾ ਖ਼ਤ ਆਇਆ। ਉਹ ਰਾਖ਼ ਵਾਂਗ ਚੁੱਲ੍ਹੇ ਅੱਗੇ ਢੇਰ ਸੀ ਜਦੋਂ ਪਤੀ ਲਿਫਾਫਾ ਹੱਥ ’ਚ ਲਈ ਅੰਦਰ ਆਇਆ ਤੇ ਚਮਕਦੇ ਚਿਹਰੇ ਨਾਲ ਖ਼ਤ ਮਾਂ ਅੱਗੇ ਲਹਿਰਾਇਆ।
‘‘ਮਾਂ ਮੁਬਾਰਕ ਹੋਵੇ, ਮੁਨੀਰ ਦਾ ਖ਼ਤ ਆਇਆ ਹੈ। ਲੈ ਤੇਰੀ ਦੁਆ ਕਬੂਲ ਹੋਈ। ਉਹ ਜ਼ਿੰਦਾ ਹੈ… ਦੇਖ ਕਿੰਨਾ ਸਮਾਨ ਭੇਜਿਆ ਹੈ ਦੁਬਈ ਤੋਂ।’’
ਮਾਂ, ਉੱਚੀ ਆਵਾਜ਼ ’ਚ ਬੋਲਿਆ ਸੀ ਤਾਂ ਕਿ ਉਹ ਵੀ ਸੁਣ ਲਵੇ।
ਕਹਿ ਰਿਹਾ ਸੀ, ‘‘ਵਾਹ ਮੇਰਾ ਸ਼ੇਰ ਬੇਟਾ, ਜੁਆਨ ਬੇਟਾ, ਵਿਆਹ ਹੋ ਗਿਐ ਉਸਦਾ ਸੁਣ ਰਹੀ ਹੈਂ ਮਾਂ! ਲਿਖਿਆ ਹੈ ਕਿ ਦਾਦੀ ਦੀਆਂ ਦੁਆਵਾਂ ਲੱਗ ਗਈਆਂ। ਬੜੀ ਮੌਜ ’ਚ ਹਾਂ… ਆਹ ਲੈ ਗਰਮ ਚਾਦਰ ਭੇਜੀ ਹੈ ਤੇਰੇ ਲਈ।’’
ਇਸ ਖ਼ਤ ’ਤੇ ਅਸਲ ਹੱਕ ਤਾਂ ਉਸਦਾ ਸੀ… ਰੋਟੀ ਸੇਕਦਿਆਂ ਉਸ ਨੇ ਨਜ਼ਰ ਚੁੱਕ ਕੇ ਦੇਖਣ ਦੀ ਜੁਰਅਤ ਵੀ ਨਹੀਂ ਸੀ ਕੀਤੀ। ਮਨੀਰ ਨੇ ਪਿਓ ਲਈ ਗਰਮ ਸੂਟ, ਸਗੀਰ ਲਈ ਸਵੈਟਰ ਤੇ ਭੈਣਾਂ ਲਈ ਗਰਮ ਕੰਬਲ ਭੇਜੇ ਸਨ ਤੇ ਉਸ ਲਈ ਚਾਰਮੋਮ ਦਾ ਠੰਡਾ-ਠਾਰ ਦੁਪੱਟਾ, ਹੱਥਾਂ ’ਚ ਘੁੱਟ ਕੇ ਉਹ ਦੇਰ ਤੱਕ ਗੁੰਮ-ਸੁੰਮ ਜਿਹੀ ਰਹੀ। ਉਹ ਤਾਂ ਜਾਣਦਾ ਸੀ ਕਿ ਉਸ ਨੂੰ ਬਹੁਤ ਠੰਡ ਲਗਦੀ ਹੈ… ਛੀਂਟ ਦੀ ਮੋਟੀ ਰਜਾਈ ’ਚ ਵੀ ਉਹ ਕੰਬਦੀ ਰਹਿੰਦੀ ਹੈ… ਇੱਕ ਦਿਨ ਮੁਨੀਰ ਨੇ ਉਸ ਨੂੰ ਕਿਹਾ ਸੀ :
‘‘ਮਾਂ ਮੈਨੂੰ ਵੱਡਾ ਹੋ ਲੈਣਦੇ, ਮੈਂ ਤੇਰੇ ਲਈ ਵੱਡੀ ਸਾਰੀ ਰਜਾਈ ਬਣਾਵਾਂਗਾ।’’
‘‘ਹਾਂ ਸੁਰਖ਼ ਸਾਟਨ ਦੀ’’ ਉਸਨੇ ਗੱਲ ਨੂੰ ਅੱਗੇ ਵਧਾਇਆ ਸੀ। ‘‘ਲਸ਼-ਲਸ਼ ਕਰਦੀ, ਸਰ-ਸਰ ਕਰਦੀ, ਹੈਨਾ।’’ ਫੇਰ ਉਹ ਦੋਵੇਂ ਖੂਬ ਹੱਸੇ ਸਨ। ਮੁਨੀਰ ਦੇ ਭੇਜੇ ਹੋਏ ਕੰਬਲਾਂ ਨੂੰ ਉਸਨੇ ਦੇਰ ਤੱਕ ਹੱਥਾਂ ’ਚ ਫੜੀ ਰੱਖਿਆ ਤੇ ਡੂੰਘੀ ਨਜ਼ਰ ਨਾਲ ਉਨ੍ਹਾਂ ਵੱਲ ਦੇਖਦੀ ਰਹੀ,,, ਨਰਮ ਮੁਲਾਇਮ ਹਲਕੇ ਜਿਹੇ, ਚਾਰ ਤੈਹਾਂ ’ਚ ਛੋਟੇ ਹੋ ਜਾਣ ਵਾਲੇ, ਅਜੀਬੋ-ਗਰੀਬ ਜਿੱਥੇ ਜੀ ਚਾਹੇ ਰੱਖ ਦਿਓ, ਹਰ ਜਗ?ਹਾ ਸਮਾ ਜਾਣ ਵਾਲੇ। ਉਹ ਹੈਰਾਨ ਸੀ ਕਿ ਦੁਨੀਆ ’ਚ ਇਹੋ ਜਿਹੀਆਂ ਚੀਜ਼ਾਂ ਵੀ ਮੌਜੂਦ ਹਨ, ਆਰਾਮਦੇਹ ਤੇ ਸਕੂਨ ਦੇਣ ਵਾਲੀਆਂ। ਤੇ ਉਹ ਕਿੰਨੀ ਛੋਟੀ ਜਿਹੀ ਦੁਨੀਆ ’ਚ ਰਹਿ ਰਹੀ ਸੀ। ਉਮਰ ਭਰ ਉਸ ਛੀਂਟ ਦੀ ਰਜਾਈ ਦਾ ਦੁੱਖ ਭੋਗਦੀ, ਉਸੇ ’ਚ ਸੜਦੀ ਰਹੀ। ਉਸ ਨੇ ਕੰਬਲਾਂ ਨੂੰ ਵਾਰ-ਵਾਰ ਛੂਹਿਆ ਤੇ ਹੈਰਾਨ ਹੁੰਦੀ ਰਹੀ। ਉਨ੍ਹਾਂ ਨੂੰ ਉੱਪਰ ਲੈ ਕੇ ਸੌਣ ’ਚ ਸ਼ਾਇਦ ਦੁਨੀਆ ਦੀ ਸਭ ਤੋਂ ਵੱਡੀ ਰਾਹਤ ਹੁੰਦੀ। ਪਰ ਇਹ ਕੰਬਲ ਤਾਂ ਆਮਨਾ ਤੇ ਸਾਦਕਾ ਲਈ ਸਨ। ਉਸ ਨੇ ਕੰਬਲ ਸੰਦੂਕ ’ਚ ਸੰਭਾਲ ਦਿੱਤੇ ਤੇ ਉਨ੍ਹਾਂ ’ਤੇ ਨਿੰਮ ਦੀਆਂ ਪੱਤੀਆਂ ਪਾ ਦਿੱਤੀਆਂ। ਉਸਨੂੰ ਪੂਰਾ ਯਕੀਨ ਸੀ ਕਿ ਮੁਨੀਰ ਇੱਕ ਦਿਨ ਉਸ ਨੂੰ ਵੀ ਅਜਿਹਾ ਹੀ ਕੰਬਲ ਭੇਜੇਗਾ। ਫੇਰ ਹੀ ਉਸ ਨੂੰ ਉਸ ਬਦਦੁਆ ਵਰਗੀ ਰਜਾਈ ਤੋਂ ਨਿਜਾਤ ਮਿਲੇਗੀ। ਰਜਾਈ ਧਵਾ ਕੇ ਉਸਨੇ ਇੱਕ ਖੂੰਜੇ ’ਚ ਰੱਖ ਦਿੱਤੀ। … ਅਗਲੀਆਂ ਸਰਦੀਆਂ ’ਚ ਉਹ ਗਰਮ ਕੰਬਲ ਉੱਤੇ ਲੈ ਕੇ ਸੌਏਂਗੀ। ਜੇ ਮਾਂ ਜਿਉਂਦੀ ਹੁੰਦੀ ਤਾਂ ਉਹ ਦੇਖਦੀ ਕਿ ਉਸਦਾ ਨਸੀਬ ਉਦਾਂ ਦਾ ਨਹੀਂ ਸੀ… ਜਿਦਾਂ ਦਾ ਉਸਨੇ ਸੋਚਿਆ ਤੇ ਕਿਹਾ ਸੀ।
ਪਰ ਇਸ ਬਾਰ ਜੋ ਦੋ ਕੰਬਲ ਆਏ ਉਹ ਆਇਸ਼ਾ ਚਾਚੀ ਅਤੇ ਸਲੀਮਾ ਮਾਮੀ ਲਈ ਸਨ। ਉਨ੍ਹਾਂ ਨੇ ਬੜੀ ਫਰਮਾਇਸ਼ ਨਾਲ ਇਹ ਕੰਬਲ ਮੰਗਵਾਏ ਸਨ। ਉਹ ਹੈਰਾਨ ਅਤੇ ਚੁੱਪ ਰਹਿ ਗਈ ਤੇ ਦਿਖਾਵੇ ਵਾਲੇ ਦਿਲ ਨਾਲ ਕਿਹਾ, ‘‘ਹਾਂ ਵਧੀਆ ਨੇ। ਰਿਸ਼ਤੇਦਾਰੀਆਂ ਵੀ ਨਿਭਾਉਣੀਆਂ ਚਾਹੀਦੀਆਂ ਨੇ।’’
ਬੱਸ ਫੇਰ ਤਾਂ ਉਹ ਹਰ ਆਉਣ ਵਾਲੇ ਕੰਬਲ ’ਤੇ ਆਪਣਾ ਨਾਂ ਹੀ ਲੱਭਦੀ ਰਹਿ ਗਈ। ਲਾਈਨ ਦੇ ਆਖ਼ਰੀ ਸਿਰੇ ’ਤੇ ਖੜ੍ਹੇ ਇਨਸਾਨ ਵਾਂਗ ਜੋ ਬੜੇ ਸਬਰ ਤੇ ਸਹਿਣਸ਼ੀਲਤਾ ਨਾਲ ਅਪਣੀ ਵਾਰੀ ਦੀ ਉਡੀਕ ਕਰਦਾ ਹੈ। ਸਰਦੀਆਂ ’ਚ ਉਹ ਅਪਣੀ ਉਹੀ ਮੁਰਦਿਲ ਜਿਹੀ ਰਜਾਈ ਚੁੱਕ ਕੇ ਪਲੰਗ ’ਤੇ ਰੱਖ ਲੈਂਦੀ।
ਇਹ ਪੁਰਾਣੀ ਰਜਾਈ ਹੁਣ ਉਸਦੇ ਕਮਜ਼ੋਰ ਹੋ ਗਏ ਜਿਸਮ ’ਤੇ ਬਹੁਤ ਭਾਰੀ ਲੱਗਦੀ। ਉਹ ਉਸ ’ਚ ਸਿਮਟ ਕੇ ਪੈ ਜਾਂਦੀ ਤੇ ਖਾਮੋਸ਼ ਨਜ਼ਰਾਂ ਨਾਲ ਕਿਸੇ ਖ਼ਲਾਅ ’ਚੋਂ ਕੁੱਝ ਲੱਭਦੀ ਰਹਿੰਦੀ ਜਾਂ ਫੇਰ ਰਜਾਈ ’ਚੋਂ ਬੰਦਿਆਂ ਦੀਆਂ ਅੱਲਗ-ਅਲੱਗ ਖੁਸ਼ਬੋਆਂ ਤਲਾਸ਼ਦੀ ਰਹਿੰਦੀ… ਜਿਵੇਂ ਆਪਣੇ ਗੁਆਚੇ ਬੱਚੇ ਲੱਭ ਰਹੀ ਹੋਵੇ। ਫੇਰ ਉਸਨੂੰ ਮਾਂ ਯਾਦ ਆਉਂਦੀ, ਲੰਬੀ ਸੂਈ ਨਾਲ ਟਾਂਕੇ ਭਰਦੀ। ਬੱਸ ਉਸਦੀ ਇਹੀ ਇੱਕ ਯਾਦ ਉਸ ਕੋਲ ਰਹਿ ਗਈ ਸੀ। ਉਹ ਸੋਚਦੀ ਸਾਟਨ ਦੀ ਰਜਾਈ ਭਲਾ ਕਦ ਤੱਕ ਉਸਦਾ ਸਾਥ ਦਿੰਦੀ। ਉਸ ਠੰਡੇ ਘਰ ’ਚ ਤਾਂ ਉਹ ਉਸ ਰਜਾਈ ’ਚ ਕੰਬਦਿਆਂ-ਕੰਬਦਿਆਂ ਹੀ ਮਰ ਜਾਂਦੀ। ਠੀਕ ਹੀ ਹੋਇਆ ਕਿ ਏਦਾਂ ਨਹੀਂ ਹੋਇਆ। ਛੀਂਟ ਦੀ ਇਹ ਰਜਾਈ ਸਾਲਾਂ ਤੱਕ ਗਰਮ ਹੀ ਰਹੀ… ਛੇ ਕਿੱਲੋ ਰੂੰ ਉਪਰ ਅਤੇ ਚਾਰ ਕਿੱਲੋ ਤਲਾਈ ’ਚ। ਪਰ ਹੁਣ ਤਾਂ ਬੱਸ ਲੋਗੜ ਹੀ ਰਹਿ ਗਿਆ ਸੀ। ਹੁਣ ਉਸ ’ਚ ਉਹ ਗਰਮਾਹਟ ਨਹੀਂ ਸੀ ਰਹਿ ਗਈ। ਧੁਲਵਾਉਣ-ਪਿੰਜਵਾਉਣ ਨਾਲ ਵੀ ਕੋਈ ਫ਼ਰਕ ਨਹੀਂ ਸੀ ਪੈਂਦਾ। ਉਹ ਉਸਨੂੰ ਉੱਪਰ ਮੂੰਹ ਤੱਕ ਖਿੱਚ ਲੈਂਦੀ ਤਾਂ ਕਿ ਸਾਹਾਂ ਦੀ ਗਰਮੀ ਵੀ ਉਸ ’ਚ ਸ਼ਾਮਿਲ ਹੋ ਜਾਏ। ਪਰ ਉਸਦੇ ਸਾਹਾਂ ’ਚ ਵੀ ਹੁਣ ਉਹ ਗਰਮੀ ਕਿੱਥੇ ਰਹਿ ਗਈ ਸੀ। ਉਹ ਰਾਤ ਨੂੰ ਸੌਂਦੇ ਵੇਲੇ ਕੰਬਦੀ ਰਹਿੰਦੀ ਤੇ ਬੱਚਿਆਂ ਦੇ ਸਾਹਾਂ ਨੂੰ ਉਸ ਵਿਚ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੀ। ਸ਼ਾਇਦ ਉਨ੍ਹਾਂ ਗੁੰਮ ਹੋ ਚੁੱਕੇ ਸਾਹਾਂ ਦੀ ਗਰਮਾਇਸ਼ ਉਸਨੂੰ ਕੁੱਝ ਸਕੂਨ ਦੇਵੇ। ਫੇਰ ਉਹ ਮਨ ਹੀ ਮਨ ਖਾਹਿਸ਼ ਕਰਦੀ ਕਿ ਮੁਨੀਰ ਉਸ ਨੂੰ ਖ਼ੁਦ ਆਪ ਹੀ ਇੱਕ ਕੰਬਲ ਭੇਜ ਦੇਵੇ. ਨਰਮ ਰੇਸ਼ਿਆਂ ਵਾਲਾ, ਗਰਮ ਤੇ ਖੂਬਸੂਰਤ ਕੰਬਲ!
ਆਪ ਕੁੱਝ ਮੰਗਣ ਦੀ ਨਾਂ ਤਾਂ ਉਸਨੂੰ ਆਦਤ ਸੀ ਨਾ ਸਲੀਕਾ। ਇਸ ਲਈ ਸਬਰ ਨਾਲ ਲੰਬਾ ਇੰਤਜ਼ਾਰ ਕਰ ਸਕਦੀ ਸੀ। ਮੁੱਦਤਾਂ ਪਹਿਲਾਂ ਜਦੋਂ ਉਹ ਅਪਣੇ ਪਤੀ ਨਾਲ ਤਰਸ-ਤਰਸ ਕੇ ਜ਼ਿੰਦਗੀ ਬਿਤਾ ਰਹੀ ਸੀ ਤਾਂ ਉਹ ਸੋਚਦੀ ਸੀ ਕਿ ਉਸ ਕੋਲ ਕੋਈ ਜਾਦੂ ਦੀ ਛੜੀ ਤਾਂ ਨਹੀਂ ਹੈ, ਪਰ ਉਸਦੇ ਬੱਚੇ ਹੀ ਉਸ ਲਈ ਜਾਦੂ ਦੀ ਛੜੀ ਨੇ। ਇੱਕ ਦਿਨ ਉਹ ਇਸ ਨੂੰ ਘੁਮਾ ਕੇ ਸਭ ਕੁਝ ਬਦਲ ਦੇਵੇਗੀ। ਉਹ ਅਪਣੀ ਮਾਂ ਵਾਂਗ ਅਪਣਾ ਨਸੀਬ ਕਿਸੇ ਨੂੰ ਨਹੀਂ ਦੇਵੇਗੀ। ਬੱਚਿਆਂ ਨੂੰ ਵੱਡੇ ਹੋਣ ’ਚ ਕਾਫੀ ਸਮਾਂ ਲੱਗਿਆ। ਪਰ ਹੁਣ ਜਦੋ ਉਹ ਵੱਡੇ ਹੋ ਗਏ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਤਾਂ ਜਾਦੂ ਦੀ ਛੜੀ ਨੂੰ ਘੁਮਾਉਣਾ ਹੀ ਨਹੀਂ ਜਾਣਦੀ… ਉਹ ਤਾਂ ਬਸ ਰੁਕ ਕੇ ਹਰੇ ਸਿਗਨਲ ਦਾ ਇੰਤਜ਼ਾਰ ਕਰ ਸਕਦੀ ਹੈ, ਸ਼ਾਇਦ ਉਹ ਕਿਸੇ ਦਿਨ ਗੰਭੀਰਤਾ ਨਾਲ ਉਸਨੂੰ ਲੱਭ ਸਕੇ।
ਪਰ ਉਹ ਸਭ ਵਿਅਸਤ ਸਨ। ਉਨ੍ਹਾਂ ਲਈ ਤੇਜ਼ ਰਫ਼ਤਾਰ ਨਾਲ ਵਧਦੇ ਕਦਮਾਂ ਨੂੰ ਰੋਕਣਾ ਅਸੰਭਵ ਸੀ। ਉਨ੍ਹਾਂ ਨੇ ਨਵੇਂ ਮਾਮਲਿਆਂ ਨਾਲ ਸਿੱਝਣਾ ਸੀ, ਨਵੀਆਂ ਜਿੰਮੇਦਾਰੀਆਂ ਨੂੰ ਪੂਰਾ ਕਰਨਾ ਸੀ, ਨਵੀਆਂ ਦੋਸਤੀਆਂ, ਨਵੇਂ ਮੇਲ-ਜੋਲ, ਨਵੇਂ ਰਿਸ਼ਤੇ… ਮਾਂ ਤੇ ਉਨ੍ਹਾਂ ਨੂੰ ਪੂਰਾ ਭਰੋਸਾ ਸੀ, ਉਹ ਉਨ੍ਹਾਂ ਲਈ ਰੁਕਾਵਟਾਂ ਜਾਂ ਮੁਸ਼ਕਿਲਾਂ ਖੜ੍ਹੀਆਂ ਨਹੀਂ ਕਰ ਸਕਦੀ ਤੇ ਉਹ ਇਹ ਸਭ ਮਾਂ ਲਈ ਹੀ ਤਾਂ ਕਰ ਰਹੇ ਸਨ। ਉਹ ਅਪਣੇ ਸਾਰੇ ਮਾਮਲੇ ਅਤੇ ਲੈਣ-ਦੇਣ ਮਾਂ ਨਾਲ ਸਾਂਝੇ ਕਰਦੇ ਸਨ… ਇਹ ਬਹੁਤ ਜਰੂਰੀ ਤੇ ਅਹਿਮ ਸੀ। ਕਿਉਂਕਿ ਇਹ ਸਭ ਮਾਂ ਦੇ ਕਾਰਣ ਹੀ ਤਾਂ ਸੀ। ਮਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਯਕੀਨਨ ਮਾਂ ਵੀ ਇਹ ਸਭ ਜਾਣ ਕੇ ਸੰਤੁਸ਼ਟ ਸੀ । ਕਿ ਉਹ ਆਪਸ ’ਚ ਕਿੰਨੇ ਪਿਆਰ-ਮੁਹੱਬਤ ਨਾਲ ਨਿਭ ਰਹੇ ਨੇ, ਇਕ ਦੂਜੇ ਦੀਆਂ ਜ਼ਰੂਰਤਾਂ ਦਾ ਕਿੰਨਾ ਖ਼ਿਆਲ ਰੱਖਦੇ ਨੇ।
ਹਰ ਘਰ ’ਚ ਦੁਬਈ ਤੋਂ ਆਇਆ ਹੋਇਆ ਸਾਮਾਨ ਮੌਜੂਦ ਸੀ। ਹਰ ਘਰ ’ਚ ਮੁਨੀਰ ਦੇ ਭੇਜੇ ਕੰਬਲਾਂ ਦੀ ਰੌਣਕ ਸੀ…ਨਰਮ, ਮੁਲਾਇਮ, ਗਰਮ ਕੰਬਲ। ਤੇ ਉਹ ਹਰ ਸਰਦੀ ’ਚ ਆਪਣੀ ਉਹੀ ਰਜਾਈ ਚੁੱਕ ਕੇ ਆਪਣੇ ਪਲੰਗ ’ਤੇ ਰੱਖ ਲੈਂਦੀ। ਆਮਨਾ, ਸਾਦਕਾ ਦੇ ਵਿਆਹ ਹੋ ਚੁੱਕੇ ਸਨ। ਉਨ੍ਹਾਂ ਦੇ ਦਹੇਜ ’ਚ ਉਨ੍ਹਾਂ ਨੂੰ ਕਿਹੋ ਜਹੀਆਂ, ਜ਼ਿੰਦਗੀ ਨੂੰ ਸੁਖਾਲਾ ਬਣਾ ਦੇਣ ਵਾਲੀਆਂ ਚੀਜ਼ਾਂ ਦਿੱਤੀਆਂ ਗਈਆਂ ਸਨ,
ਜੋ ਉਸਨੇ ਨਾ ਕਦੇ ਦੇਖੀਆਂ ਸਨ ਨਾ ਵਰਤੀਆਂ। ਉਹ ਤਾਂ ਹਾਲੇ ਵੀ ਚੂੜੇ ਵਾਲੇ ਹੱਥਾਂ ਨਾਲ ਮਸਾਲਾ ਪੀਸਦੀ, ਸਾਬਣ ਨਾਲ ਰਗੜ-ਰਗੜ ਕੇ ਕੱਪੜੇ ਧੋਂਦੀ, ਲਕੜੀ ਦੀ ਕੜਛੀ ਮਿੱਟੀ ਦੀ ਤੌੜੀ ’ਚ ਘੁਮਾਉਂਦੀ, ਪ੍ਰੈਸ ਕਰਨ ਲਈ ਕੋਲੇ ਭਖਾਉਂਦੀ, ਕੋਲਿਆਂ ਦੀ ਸਫੈਦ ਰਾਖ਼ ਉੱਡਕੇ ਉਸਦੇ ਵਾਲਾਂ ’ਚ ਚਲੀ ਜਾਂਦੀ, ਉਹ ਉਸੇ ਤਰੀਕੇ ਨਾਲ ਵਾਲ ਝਾੜਦੀ। ਉਸ ਲਈ ਕੁੱਝ ਨਹੀਂ ਸੀ ਬਦਲਿਆ। ਉਹ ਹੁਣ ਵੀ ਖ਼ਿਆਲਾਂ ’ਚ ਅਪਣੀ ਮਾਂ ਨੂੰ ਦੇਖਦੀ। ਹੁਣ ਉਹ ਉਸ ਘਰ ’ਚ ਇਕੱਲੀ ਸੀ। ਘਰ ’ਚ ਉਸਨੂੰ ਮਿਲੀਆਂ ਪੁਰਾਣੀਆਂ ਚੀਜ਼ਾਂ ਤੋਂ ਉਸਦਾ ਮਨ ਉਚਾਟ ਹੋ ਗਿਆ ਸੀ। ਸਾਫ਼-ਸੁਥਰੀਆਂ ਨਵੀਆਂ ਚੀਜਾਂ ਦੀ ਲਾਲਸਾ ਉਸ ਅੰਦਰ ਪਹਿਲਾਂ ਤੋਂ ਵੀ ਜ਼ਿਆਦਾ ਵਧ ਗਈ ਸੀ। ਉਹ ਪੁਰਾਣੇ ਚਿੱਬ-ਖੜਿੱਬੇ ਸੰਦੂਕ ਨੂੰ ਖੋਲ੍ਹ ਕੇ ਦੇਖਦੀ। ਪੁਰਾਣੀਆਂ, ਕਾਲੀਆਂ ਪਤੀਲੀਆਂ ਨੂੰ ਰੇਤ ਨਾਲ ਰਗੜ-ਰਗੜ ਕੇ ਚਮਕਾਉਂਦੀ, ਫੇਰ ਵੀ ਸਭ ਕੁਝ ਮੈਲਾ-ਮੈਲਾ ਜਿਹਾ ਹੀ ਰਹਿੰਦਾ। ਘਰ ਬੇਤਰਤੀਬ ਟੁੱਟੀਆਂ-ਫੁੱਟੀਆਂ ਚੀਜ਼ਾਂ ਦੇ ਢੇਰ ਵਾਂਗ ਦਿਸਦਾ, ਜਿਸਨੂੰ ਠੀਕ ਕਰਨ ਦੀ ਤਾਕਤ ਹੁਣ ਉਸ ’ਚ ਨਹੀਂ ਸੀ। ਉਹ ਅਪਣੀ ਘਟ ਰਹੀ ਹਿੰਮਤ ਤੇ ਲਾਚਾਰੀ ’ਤੇ ਰੋ ਪੈਂਦੀ। ਉਹ ਤਾਂ ਇੱਕ ਨਵਾਂ ਘਰ ਬਨਾਉਣਾ ਚਾਹੁੰਦੀ ਸੀ, ਜਿਸਦੀਆਂ ਕੰਧਾਂ ਨੂੰ ਉਹ ਅਸਾਨੀ ਨਾਲ ਛੂਹ ਸਕਦੀ ਤੇ ਉਸ ਦੇ ਅੰਦਰ ਕਿਸੇ ‘ਦੂਜੀ’ ਦੇ ਹੋਣ ਦਾ ਅਹਿਸਾਸ ਨਾ ਹੁੰਦਾ। ਪਰ ਹੁਣ ਉਹ ਥੱਕ ਗਈ ਸੀ। ਕਾਲੀਆਂ ਪੈ ਚੁੱਕੀਆਂ ਕੰਧਾਂ ਦੇ ਹਰ ਖੂੰਜੇ ’ਚ ਲੰਬੀਆਂ-ਲੰਬੀਆਂ ਲੱਤਾਂ ਵਾਲੀਆਂ ਮਕੜੀਆਂ ਦੇ ਜਾਲੇ ਸਨ ਤੇ ਛੱਤਾਂ ਤੋਂ ਕਲੀ ਝੜਦੀ ਰਹਿੰਦੀ, ਫਰਸ਼ ਉੱਖੜ ਗਏ ਸਨ ਤੇ ਇੱਟਾਂ ’ਤੇ ਹਰੇਬਾਈ ਜੰਮ ਗਈ ਸੀ। ਖੂੰਜੇ ’ਚ ਟੇਢੇ ਚਮਚੇ, ਭੂਰੇ ਕਿਨਾਰਿਆਂ ਵਾਲੇ ਗਿਲਾਸ, ਖਰਾਬ ਟੂਟੀ ’ਚੋਂ ਹਰ ਵਕਤ ਟਪਕਦਾ ਪਾਣੀ, ਜਿਸ ਦੀ ਟਿੱਪ-ਟਿੱਪ ਉਸ ਅੰਦਰ ਇੱਕ ਡਰ, ਇੱਕ ਪਾਗ਼ਲਪਨ ਪੈਦਾ ਕਰਦੀ।
ਸਗੀਰ ਨੇ ਨਵਾਂ ਹੀਟਰ ਖਰੀਦਿਆ ਤਾਂ ਪੁਰਾਣਾ ਅਪਣੀ ਮਾਂ ਨੂੰ ਦੇ ਦਿੱਤਾ।
‘‘ਲੈ ਮਾਂ ਤੂੰ ਵੀ ਅੱਗ ਸੇਕ’’।
ਉਸ ਨੇ ਉਹ ਹੀਟਰ ਬੇਤਰਤੀਬ ਚੀਜ਼ਾਂ ਦੇ ਅੰਬਾਰ ’ਚ ਰੱਖ ਦਿੱਤਾ। ਉਸ ਗੈਸ ਵਾਲੇ ਹੀਟਰ ਦੀ ਜਾਲੀ ਹਮੇਸ਼ਾ ਛਣ-ਛਣਾ ਕੇ ਹੇਠਾਂ ਜਾ ਡਿੱਗਦੀ ਤੇ ਫੇਰ ਇਹ ਛਣਕਾਟਾ ਉਸਦੀ ਸੋਚ ਦਾ ਕੇਂਦਰ ਬਣ ਗਿਆ। ਉਹ ਅਚਾਨਕ ਹੜਬੜਾ ਜਾਂਦੀ ਤੇ ਜਾਕੇ ਉਸਨੂੰ ਦੇਖਦੀ। ਜਾਲੀ ਡਿੱਗੀ ਹੁੰਦੀ ਤਾਂ ਉਸਨੂੰ ਲਾ ਦਿੰਦੀ ਤੇ ਹੀਟਰ ਬਨਾਉਣ ਵਾਲਿਆਂ ’ਤੇ ਗੁੱਸਾ ਕਰਦੀ, ‘‘ਕੰਬਖ਼ਤ ਕੋਈ ਵੀ ਚੀਜ਼ ਢੰਗ ਨਾਲ ਨਹੀਂ ਬਣਾਉਂਦੇ।’’ ਛਣਕਾਟਾ ਇੱਕ ਵਹਿਮ ਵਾਂਗ ਉਸ ’ਤੇ ਸਵਾਰ ਹੋ ਗਿਆ ਸੀ। ਏਦਾਂ ਲਗਦਾ ਸੀ ਕਿ ਉਸਦੀ ਸਾਰੀ ਜ਼ਿੰਦਗੀ ’ਚ ਇੱਕ ਇਹੋ ਛਣਕਾਟਾ ਹੀ ਅਹਿਮ ਰਹਿ ਗਿਆ ਹੈ। ਉਹ ਰਾਤਾਂ ਨੂੰ ਉੱਠ-ਉਠ ਕੇ ਹੀਟਰ ਨੂੰ ਦੇਖਦੀ ਰਹਿੰਦੀ। ਆਖ਼ਿਰਕਾਰ ਇੱਕ ਦਿਨ ਮੁਨੀਰ ਦਾ ਖ਼ਤ ਆਇਆ। ਸਾਰੇ ਲੈਣੇ-ਦੇਣੇ ਦੀ ਤਫ਼ਸੀਲ ਤੋਂ ਪਿੱਛੋਂ ਇੱਕ ਨੋਟ ਸੀ :
‘‘ਮਾਂ ਤੈਨੂੰ ਕੁੱਝ ਚਾਹੀਦਾ ਹੋਵੇ ਤਾਂ ਲਿਖ ਦੇਵੀਂ।’’
ਸਾਰੀ ਤਫ਼ਸੀਲ ਪੜ੍ਹਨ ਪਿਛੋਂ ਜਦ ਉਸਨੇ ਇਹ ਨੋਟ ਪੜ੍ਹਿਆ ਤਾਂ ਉਸਦਾ ਅੰਦਰ ਸੁੰਨਸਾਨ ਹੋ ਗਿਆ। ਐਨੇ ਮਾਮਲੇ ਕਿਵੇਂ ਨਿਪਟਾਉਂਦਾ ਹੋਵੇਗਾ ਮੇਰਾ ਮੁਨੀਰ? ਕਦੇ ਸਾਲਗਿਰਾਹ, ਕਦੇ ਵਿਆਹ, ਕਦੇ ਮੰਗਣੀ, ਕਦੇ ਨਿਕਾਹ, ਕਦੇ ਇਮਤਿਹਾਨ… ਉਫ਼! ਇਕੱਲਾ ਇਹ ਸਭ ਕਿੱਦਾਂ ਕਰਦਾ ਹੋਏਗਾ। ਉਹ ਕੁੱਝ ਲਿਖਦੀ-ਲਿਖਦੀ ਰੁਕ ਗਈ… ਮੈਂ ਕੀ ਕਰਨੈ ਕੁੱਝ ਮੰਗਵਾਕੇ? ਅਪਣਾ ਬੋਝ ਵੀ ਉਸ ’ਤੇ ਪਾ ਦਿਆਂ! ਨਹੀਂ ਇਹ ਮੈਥੋਂ ਨਹੀਂ ਹੋਣਾ। ਕਦੇ ਫ਼ੁਰਸਤ ਮਿਲੀ ਤਾਂ ਆਪ ਮੇਰੇ ਜੰਜਾਲਾਂ ਬਾਰੇ ਜਾਣ ਲਵੇਗਾ।
ਮਨੀਰ ਨੂੰ ਜਦੋ ਮਾਂ ਵੱਲੋਂ ਕੋਈ ਜਵਾਬ ਨਾ ਮਿਲਿਆ ਤਾਂ ਉਸਨੇ ਹਲਕੀ ਜਿਹੀ ਮੁਸਕਰਾਹਟ ਨਾਲ ਸਿਰ ਝਟਕਿਆ, ’ਮਾਂ ਤੂੰ ਵੀ ਅਜੀਬ ਹੈ। ਤੂੰ ਪੁਰਾਣੀਆਂ ਚੀਜ਼ਾਂ ਤੇ ਪੁਰਾਣੀਆਂ ਆਦਤਾਂ ਨਹੀਂ ਛੱਡ ਸਕਦੀ।’ ਉਹ ਕੁਝ ਨਹੀਂ ਸੀ ਜਾਣਦਾ। ਉਸ ਦੇ ਅੰਦਰ ਤਾਂ ਹਮੇਸ਼ਾਂ ਤੋਂ ਹੀ ਨਵੀਆਂ ਚੀਜ਼ਾਂ ਲਈ ਤਾਂਘ ਮੌਜੂਦ ਸੀ। ਪੁਰਾਣੀਆਂ ਚੀਜ਼ਾਂ ਦੇਖਕੇ ਉਸ ਦਾ ਦਿਲ ਘਬਰਾਉਂਦਾ ਸੀ। ਇਹ ਤਾਂ ਮਾਂ ਸੀ ਜਿਸਨੇ ਜਬਰਦਸਤੀ ਅਪਣਾ ਨਸੀਬ ਉਸਦੇ ਹਵਾਲੇ ਕਰ ਦਿੱਤਾ ਸੀ। ਤੇ ਜਿਵੇਂ ਇੱਕ ਕੰਧ ਉਸਦੇ ਇਰਦ-ਗਿਰਦ ਚਿਣ ਦਿੱਤੀ ਸੀ… ਤੇ ਹਮੇਸ਼ਾਂ ਏਦਾਂ ਹੀ ਰਹੇਂਗੀ।’ ਇਹ ਇੱਕ ਬਦਦੁਆ ਸੀ ਜੋ ਮਾਂ ਨੇ ਉਸਨੂੰ ਦਿੱਤੀ ਸੀ… ਕਿਸੇ ਜਾਦੂ-ਟੂਣੇ ਵਾਂਗ ਉਸਨੇ ਮੇਰੀ ਰਜਾਈ ’ਚ ਇੱਕ ਲੰਬੀ ਸੂਈ ਚੁਭੋ-ਚੁਭੋ ਕੇ ਉਸ ’ਤੇ ਕੋਈ ਮੰਤਰ ਫੂਕ ਦਿੱਤਾ ਸੀ।
ਫੇਰ ਇੱਕ ਦਿਨ ਮੁਨੀਰ ਨੇ ਡਬਲ ਬੈਡ ਦਾ ਇੱਕ ਖੂਬਸੂਰਤ ਕੰਬਲ ਭੇਜਿਆ…ਉਦਾਂ ਦਾ ਹੀ ਚਾਰ ਤੈਹਾਂ ’ਚ ਛੋਟਾ ਜਿਹਾ ਹੋ ਜਾਣ ਵਾਲਾ… ਜਿੱਥੇ ਮਰਜ਼ੀ ਟਿਕਾ ਦਿਓ। ਉਸਨੇ ਢੇਰ ਸਾਰੀਆਂ ਦੁਆਵਾਂ ਤੇ ਬੇਸ਼ੁਮਾਰ ਹੰਝੂਆਂ ਨਾਲ ਉਸ ਅਨੋਖੀ ਚੀਜ਼ ਨੂੰ ਛੋਹਿਆ… ਹੱਥਾਂ ਨਾਲ, ਗੱਲ੍ਹਾਂ ਨਾਲ, ਬੁੱਲ੍ਹਾਂ ਨਾਲ… ਕਿਸੇ ਬੱਚੇ ਵਾਂਗੂੰ ਅਪਣੀ ਛਾਤੀ ਨਾਲ ਲਾਇਆ… ਕਿੰਨਾ ਖੂਬਸੂਰਤ, ਨਵਾਂ ਨਕੋਰ… ਉਹ ਵਾਰ-ਵਾਰ ਉਸਨੂੰ ਛੂੰਹਦੀ ਰਹੀ ਤੇ ਡੂੰਘੇ ਸਾਹ ਭਰਦੀ ਰਹੀ। ਜਿਵੇਂ ਮਾਂ ਦੀਆਂ ਬਦਦੁਆਵਾਂ ਤੋਂ ਆਜ਼ਾਦ ਹੋ ਗਈ ਹੋਵੇ। ਦੁੱਖਾਂ ਅਤੇ ਥੁੜਾਂ ਦੀਆਂ ਸਾਰੀਆਂ ਸੂਈਆਂ ਉਸ ਨੇ ਆਪ ਅਪਣੇ ਕਲੇਜੇ ’ਚੋਂ ਕੱਢੀਆਂ ਸਨ। ਫੇਰ ਉਸਨੇ ਕੰਬਲ ਦੇ ਨਾਲ ਆਉਣ ਵਾਲਾ ਖ਼ਤ ਪੜਿਆ।
‘‘ਮਾਂ ਮੈਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਮੇਰੀ ਕਮਾਈ ਏਨੀ ਨਹੀਂ, ਫੇਰ ਵੀ ਮੈਂ ਤੈਨੂੰ ਖੁਸ਼ ਰੱਖਣ ਲਈ ਹਰ ਕਿਸੇ ਦੀ ਖ਼ਾਹਿਸ਼ ਪੂਰੀ ਕੀਤੀ, ਹੁਣ ਮੇਰੇ ਬੱਚਿਆਂ ਦੀ ਵਾਰੀ ਹੈ। ਤੈਨੂੰ ਪਤਾ ਹੀ ਹੈ ਛੋਟੀ ਹੁਣ ਵੱਡੀ ਹੋ ਗਈ ਹੈ, ਇਹ ਕੰਬਲ ਉਸ ਲਈ ਹੈ, ਇਸ ਨੂੰ ਸੰਭਾਲ ਕੇ ਰੱਖ ਲਈਂ, ਤੇਰੀ ਹਰ ਗੱਲ ਮੰਨਣ ਵਾਲਾ ਬੇਟਾ ਮੁਨੀਰ।’’
ਉਸਨੂੰ ਪਤਾ ਸੀ ਛੋਟੀ ਦੇ ਵੱਡੀ ਹੋ ਜਾਣ ’ਚ ਹਾਲੇ ਕਾਫ਼ੀ ਦਿਨ ਪਏ ਸਨ। ਉਸਨੇ ਜੰਗਾਲ ਖਾਧਾ ਸੰਦੂਕ ਖੋਲਿ੍ਹਆ ਤੇ ਕੰਬਲ ਨੂੰ ਦੋਵੇਂ ਹੱਥਾਂ ਨਾਲ ਚੁੱਕ ਕੇ ਸੰਦੂਕ ਦੀ ਤਹਿ ’ਚ ਸਹੇਜ ਕੇ ਰੱਖ ਦਿੱਤਾ। ਜਿੱਦਾਂ ਕਿਸੇ ਅਜ਼ੀਜ਼ ਦੀ ਔਲਾਦ ਨੂੰ ਕਬਰ ’ਚ ਉਤਾਰਿਆ ਹੋਵੇ। ਫੇਰ ਉਸ ਨੇ ਫਿਨਾਇਲ ਦੀਆਂ ਗੋਲੀਆਂ ਉਸ ’ਚ ਪਾਈਆਂ ਤੇ ਸੰਦੂਕ ਦਾ ਢੱਕਣ ਬੜੀ ਚੌਕਸੀ ਨਾਲ ਬੰਦ ਕਰ ਦਿੱਤਾ।
ਇਹ ਸਭ ਕਰਨ ਪਿੱਛੋਂ ਉਹ ਉੱਡਣਾ ਚਾਹੁੰਦੀ ਸੀ,
ਪਰ ਉਸ ਨੂੰ ਚੱਕਰ ਆ ਗਿਆ। ਅਪਣੇ ਕੰਬਦੇ, ਚਕਰਾਉਂਦੇ ਵਜੂਦ ਨਾਲ ਬੜੀ ਮੁਸ਼ਕਲ ਨਾਲ ਉਹ ਅਪਣੇ ਪਲੰਘ ਤੱਕ ਪਹੁੰਚੀ, ਮੋਟੀ-ਭਾਰੀ ਰਜਈ ’ਚ ਉਸ ਦਾ ਹਲਕਾ-ਫੁਲਕਾ ਜਿਸਮ ਬਿਸਤਰੇ ਦੀਆਂ ਸਿਲਵਟਾਂ ਵਾਂਗ ਸਮਾ ਗਿਆ। ਕਾਲੀ ਪੈ ਚੁੱਕੀ ਕੰਧ, ਜਿਸ ’ਤੇ ਲੰਮੀਆਂ ਲੱਤਾਂ ਵਾਲੀਆਂ ਮਕੜੀਆਂ ਦੇ ਜਾਲੇ ਸਨ, ਅਚਾਨਕ ਉਸਦੇ ਬਹੁਤ ਨੇੜੇ ਆ ਗਈ। ਉਨ੍ਹਾਂ ਕਾਲੀਆਂ ਕੰਧਾਂ ਕੋਲ ਉਸਨੇ ਅਪਣੀ ਮਾਂ ਨੂੰ ਦੇਖਿਆ, ਜਿਵੇਂ ਵਕਤ ਦੇ ਕਿਸੇ ਗੁਜ਼ਰੇ ਪਲ ’ਚ ਪੁੱਜ ਗਈ ਹੋਵੇ… ਉਸ ਦੀ ਮਾਂ ਲੰਬੀ ਸੂਈ ਨੂੰ ਖੂਨ ਟੱਪਕਦੇ ਪੋਟਿਆਂ ’ਚ ਫੜ ਕੇ ਰਜਾਈ ’ਚ ਲੰਬੇ-ਲੰਬੇ ਟਾਂਕੇ ਭਰ ਰਹੀ ਸੀ। ਉਸ ਦੀਆਂ ਅੱਖਾਂ ’ਚ ਹੰਝੂ ਸਨ।
ਉਸਨੇ ਹੌਲੀ-ਹੌਲੀ ਅੱਖਾਂ ਬੰਦ ਕਰ ਲਈਆਂ। ਉਸ ਵਕਤ ਜਦੋਂ ਉਹ ਬਿਸਤਰੇ ’ਚ ਕਿਸੇ ਸਿਲਵਟ ਵਾਂਗ ਲਾਚਾਰ ਤੇ ਮਜਬੂਰ ਪਈ ਸੀ, ਉਸ ਵਕਤ ਉਸਦੀ ਸਿਰਫ਼ ਇੱਕੋ ਖ਼ਾਹਿਸ਼ ਸੀ ਕਿ ਕਿਸੇ ਤਰ੍ਹਾਂ ਉਸ ਰਜਾਈ ਨੂੰ ਲਾਹ ਸੁੱਟੇ। ਏਸੇ ’ਚ ਉਸ ਦੀ ਭਲਾਈ ਸੀ। ਉਹ ਇਸ ਰਜਾਈ ’ਚ ਮਰਨਾ ਨਹੀਂ ਸੀ ਚਾਹੁੰਦੀ।
ਪਰ ਉਸ ਦਾ ਜਿਸਮ ਜਿਵੇਂ ਬੇਜ਼ਾਨ ਹੋ ਗਿਆ ਸੀ, ਉਹ ਅਪਣੇ ਹੱਥ ਦੀ ਇੱਕ ਉਂਗਲ ਵੀ ਨਾ ਹਿਲਾ ਸਕੀ। ਉਸਦਾ ਦਮ ਘੁਟ ਰਿਹਾ ਸੀ। ਉਸਨੂੰ ਤਾਜ਼ਾ ਹਵਾ ਤੇ ਆਕਸੀਜਨ ਦੀ ਲੋੜ ਸੀ। ਉਸਨੇ ਇੱਕ ਆਖ਼ਰੀ ਕੋਸ਼ਿਸ਼ ਕੀਤੀ ਕਿ ਉਹ ਕਿਸੇ ਤਰ੍ਹਾਂ ਅਪਣੇ ਉਪਰੋਂ ਰਜਾਈ ਨੂੰ ਪਰ੍ਹੇ ਧੱਕ ਦੇਵੇ, ਪਰ ਜਿਉਂ ਹੀ ਉਹ ਹਿੱਲਣ ਦੀ ਕੋਸ਼ਿਸ਼ ਕਰਦੀ, ਰਜਾਈ ਮੱਕੜੀ ਦੇ ਗੰਦੇ, ਲੇਸਦਾਰ ਜਾਲੇ ਵਾਂਗ ਉਸਦੇ ਨਾਲ ਲਿਪਟਦੀ ਜਾਂਦੀ…ੳਹ ਖ਼ੁਦ ਨੂੰ ਉਸ ਤੋਂ ਜਿੰਨਾ ਵੀ ਛੁਡਵਾਉਣ ਦੀ ਕੋਸ਼ਿਸ਼ ਕਰਦੀ ਓਨਾ ਹੀ ਉਹ ਗੰਦਾ ਜਾਲਾ ਉਸ ਨਾਲ ਲਿਪਟਦਾ ਜਾਂਦਾ… ਉਸਨੂੰ ਉਲਟੀ ਆਉਣ ਲੱਗੀ। ਉਸ ਨੇ ਕਿਸੇ ਨੂੰ ਮੱਦਦ ਲਈ ਆਵਾਜ਼ ਮਾਰੀ… ਕੁੱਝ ਨਾਂ ਲੈ ਕੇ ਆਵਾਜ਼ਾਂ ਮਾਰੀਆਂ, ਜਿਨ੍ਹਾਂ ਤੋਂ ਉਹ ਇਹ ਨਾ ਜਾਣ ਸਕੀ ਕਿ ਉਹ ਉਸਦੇ ਕੀ ਲਗਦੇ ਸਨ? ਕੀ ਰਿਸ਼ਤਾ ਸੀ? ਉਸਦੇ ਦਿਲ ’ਚ ਬੱਸ ਬੇਮਤਲਬ ਸ਼ਬਦਾਂ ਵਰਗੇ ਨਾਂ ਰਹਿ ਗਏ ਸਨ… ਬਾਕੀ ਸਭ ਕੁਝ ਉਹ ਭੁੱਲ ਚੁੱਕੀ ਸੀ।
ਕਵਿਤਾ
- ਅਹਿਮਦ ਸਲੀਮ
ਲੈਨਿਨ
ਰਾਹਾਂ ਦੇ ਸੌਦਾਗਰ ਲੱਦ ਚੱਲੇ
ਮੋਢਿਆਂ ਉੱਤੇ ਮੰਜ਼ਿਲਾਂ ਦੇ ਇਸ਼ਕ ਦਾ ਭਾਰ
ਪੈਰਾਂ ਦੀ ਗਰਦਿਸ਼ ਕਰਦੀ ਇਕਰਾਰ
ਕੰਬਦਾ ਮਹਿਲਾਂ ਮਾੜੀਆਂ ਦਾ ਝੂਠ
ਮੰਦੇ ਪੈਂਦੇ ਸਭੇ ਕੂੜ ਵਪਾਰ ।
ਰਾਹਾਂ ਦੇ ਸੌਦਾਗਰ ਲੱਦ ਚੱਲੇ
ਪੈਰਾਂ ਵਿਚ ਸੰਗਲਾਂ ਦਾ ਗੀਤ
ਅੱਖਾਂ ਵਿਚ ਕਰੋੜਾਂ ਅੱਖਾਂ ਦੀ ਪ੍ਰੀਤ
ਹੋਠਾਂ ਉੱਤੇ
ਅਣਗਿਣਤ ਹੋਠਾਂ ਦਾ ਜਖ਼ਮੀਂ ਰਾਗ
ਸੂਹੇ ਦਿਨਾਂ ਦਾ ਵਿਰਾਗ
ਇੱਕ ਕੂਕ, ਇੱਕ ਪੁਕਾਰ
ਤੇ ਪੜਾਅ
ਸੂਲੀਆਂ, ਗੋਲੀਆਂ, ਉੱਖੜੇ ਸਾਹ
ਤੇ ਪੜਾਅ
ਔਖੀਆਂ ਰਾਹਾਂ ਦੀ ਦਰਗਾਹ ।
ਇਥੇ ਕੁਰਬਾਨ ਕਰੋ
ਇਕਰਾਰਾਂ ਦੀ ਜੀਉਂਦੀ ਜਾਗਦੀ ਕਿਤਾਬ
ਇਥੇ ਕੁਰਬਾਨ ਕਰੋ
ਉਮਰਾਂ ਦੀ ਕਮਾਈ ਦਾ ਹਿਸਾਬ
ਤੇ ਵੰਡੋ
ਨਜ਼ਮ ਦੀ ਹਵਾ ਨਾਲ ਵਹਿੰਦੀ
ਸੁਗੰਧ ਬਾਗ਼ੀ ਜਵਾਨੀਆਂ ਦੀ
ਤੇ ਜੰਗ ਕੋਲੋਂ ਖੋਹ ਕੇ ਮੋੜ ਦਿਓ
ਮਾਵਾਂ ਦੀਆਂ ਛਾਤੀਆਂ ਨੂੰ
ਭਰਾਵਾਂ ਦੀਆਂ ਬਾਹਵਾਂ ਨੂੰ
ਉਹਨਾਂ ਦੀਆਂ ਦੋਸਤੀਆਂ
ਉਹਨਾਂ ਦਾ ਪਿਆਰ
ਮੰਜ਼ਿਲਾਂ ਦੇ ਇਸ਼ਕ ਦਾ ਭਾਰ
ਇੱਕ ਸਾਜ਼
ਤੇ ਆਵਾਜ਼
ਜਿਵੇਂ ਉਹਦੇ ਦੁਖਦੇ ਹੋਂਠ
ਦਰਦ ਦੀਆਂ ਮਿਸ਼ਾਲਾਂ ਦਾ ਗੀਤ ਛੂੰਹਦੇ
ਤੇ ਉਹਦੀਆਂ ਜਾਗਦੀਆਂ ਅੱਖਾਂ ਵਿਚ
ਧਰਤੀ ਮਾਂ ਦੇ ਮਿਹਰ ਦੀ ਅੱਗ ਭੜਕਦੀ
ਤੇ ਇਸ ਅੱਗ ਦਾ ਗੀਤ
ਅੱਜ ਸਾਰੇ ਜੱਗ ਦਾ ਗੀਤ
ਰਾਹੀਆ ਵੇ! ਜੀਉਂਦਾ ਰਹਿਸੀ ਤੇਰਾ
ਪਿਆਰ
ਤੂੰ ਪੂਰੇ ਕੀਤੇ ਸੱਭੇ ਕੌਲ-ਕਰਾਰ
ਮਾਹੀਆ ਵੇ ।
ਗ਼ਜ਼ਲਾਂ
ਮਈ ਦਿਵਸ ’ਤੇ ਮਿੱਤਰਾਂ ਨੂੰ
- ਮੰਗਤ ਰਾਮ ਪਾਸਲਾ
ਹੈ ਮਹਿਕਦੇ ਫੁੱਲ ਵਰਗਾ ਪਰ, ਸੀਨੇ ਖਾਰ ਲਈ ਫਿਰਦਾ।
ਖਲਕਤ ਦੀ ਸਾਰੀ ਪੀੜ ਦਾ, ਸਿਰ ਭਾਰ ਲਈ ਫਿਰਦਾ।
ਕੈਸਾ ਖੇਲ੍ਹ ਕੁਦਰਤ ਦਾ, ਤੇ ਕਰਿਸ਼ਮਾ ਸਮਾਜੀ ਹੈ,
ਜਿਸ ਜਨਮਿਆਂ ਉਸ ਮਾਂ ਦੀ ਹੋਣੀ ਦੇ, ਹਥਿਆਰ ਲਈ ਫਿਰਦਾ।
ਉਮਰਾਂ ਦੀ ਸਾਰੀ ਘਾਲਣਾ, ਨਾ ਕੋਈ ਮਾਪ ਸਕਦਾ ਹੈ,
ਮਸਤਕ ’ਚ ਸਮਿਆਂ ਦੀ, ਤੇਜ਼ ਰਫ਼ਤਾਰ ਲਈ ਫਿਰਦਾ।
ਉਸਦੇ ਜਨਮ ਦੇ ਜਸ਼ਨਾਂ ’ਚ, ਸੰਦਲੀ ਜਿਹਾ ਰੰਗ ਭਰ ਦਈਏ,
ਜਿਹੜਾ ਨੇਰਿ੍ਹਆਂ ’ਚ ਜੁਗਨੂੰਆਂ ਦੀ, ਡਾਰ ਲਈ ਫਿਰਦਾ।
ਸ਼ਿਕਾਗੋ, ਗਾਜ਼ਾ ਤੇ ਨੋਇਡਾ ’ਚ, ਕਦੇ ਤਹਿਰਾਨ ਦੀਆਂ ਸੜਕਾਂ ’ਤੇ,
ਬਾਰੂਦ ਦੇ ਰਣ ਅੰਦਰ, ਨਵੀਂ ਹੁੰਕਾਰ ਲਈ ਫਿਰਦਾ।
ਅੱਖਾਂ ਸਾਹਵੇਂ ਕਿੰਝ ਅੱਖਾਂ ਦੇ ਸੁੱਖ ਨੇ ਇੱਟਾਂ ਢੋਈਆਂ
- ਇਰਸ਼ਾਦ ਸੰਧੂ
ਅੱਖਾਂ ਸਾਹਵੇਂ ਕਿੰਝ ਅੱਖਾਂ ਦੇ ਸੁੱਖ ਨੇ ਇੱਟਾਂ ਢੋਈਆਂ
ਦੁੱਖ ਹੋਇਆ ਜਦ ਫੁੱਲਾਂ ਵਰਗੇ ਮੁੱਖ ਨੇ ਇੱਟਾਂ ਢੋਈਆਂ
ਐਵੇਂ ਤੇ ਨਈਂ ਬਣ ਗਏ ਮਿੱਤਰਾ ਤੇਰੇ ਮਹਿਲ ਮੁਨਾਰੇ
ਲੋੜ ਕਿਸੇ ਦੀ ਗਾਰਾ ਦਿੱਤਾ, ਭੁੱਖ ਨੇ ਇੱਟਾਂ ਢੋਈਆਂ
ਬਾਊ ਜੀ ਮੈਂ ਇੰਝ ਨਈਂ ਪੜ੍ਹਿਆ, ਪੜ੍ਹਨ ਲਈ ਸਾਡੇ ਘਰ ਦੀ
ਛਾਂ ਨੇ ਘਰ-ਘਰ ਭਾਂਡੇ ਮਾਂਜੇ, ਰੁੱਖ ਨੇ ਇੱਟਾਂ ਢੋਈਆਂ
ਹਸਦੇ ਵਸਦੇ ਦੰਦੀਆਂ ਕਢਦੇ ਸੁੱਖ ਨੂੰ ਕਿੰਝ ਸਮਝਾਵਾਂ
ਖ਼ੌਰੇ ਕਿਹੜੇ ਦੁੱਖੋਂ ਕਿਹੜੇ ਦੁੱਖ ਨੇ ਇੱਟਾਂ ਢੋਈਆਂ
ਅੱਜ ਵੀ ਇੱਟਾਂ ਢੋਵਣ ਵਾਲੇ ਉਹੀਓ ਨੇ ਨਾ ‘ਸੰਧੂ’
ਉਹ ਜਿੰਨ੍ਹਾਂ ਦੇ ਜੰਮਣੋ ਪਹਿਲਾਂ ਕੁੱਖ ਨੇ ਇੱਟਾਂ ਢੋਈਆਂ
कविता
हर ज़ोर काुल्म की टक्कर में हड़ताल हमारा नारा है!
- शंकर शैलेंद्र
हर ज़ोर ज़ुल्म की टक्कर में हड़ताल हमारा नारा है!
तुमने माँगें ठुकराई हैं, तुमने तोड़ा है हर वादा,
छीना हमसे सस्ता अनाज, तुम छँटनी पर हो आमादा
तो अपनी भी तैयारी है, तो हमने भी ललकारा है,
हर ज़ोर ज़ुल्म की टक्कर में हड़ताल हमारा नारा है!
मत करो बहाने संकट है, मुद्राप्रसार इन्फ़्लेशन है,
इन बनियों चोर-लुटेरों को क्या सरकारी कंसेशन है?
मत आँख चुराओ, बग़लें मत झाँको, दो जवाब,
क्या यही स्वराज्य तुम्हारा है,
हर ज़ोर ज़ुल्म की टक्कर में हड़ताल हमारा नारा है!
मत समझो हमको याद नहीं है जून छियालिस की घातें,
जब काले-गोरे बनियों में चलती थीं सौदे की बातें,
रह गई गुलामी बरकरार हम समझे अब छुटकारा है,
हर ज़ोर ज़ुल्म की टक्कर में हड़ताल हमारा नारा है!
क्या धमकी देते हो साहब, दमदाँटी में क्या रखा है?
यह वार तुम्हारे अग्रज अँग्रेज़ों ने भी तो चक्खा है!
दहला था सारा साम्राज्य जो तुमको इतना प्यारा है,
हर ज़ोर ज़ुल्म की टक्कर में हड़ताल हमारा नारा है!
समझौता? समझौता? हमला तो तुमने बोला है,
महँगी ने हमें निगलने को दानव जैसा मुँह खोला है,
हम मौत के जबड़े तोड़ेंगे, एका हथियार हमारा है,
हर ज़ोर ज़ुल्म की टक्कर में हड़ताल हमारा नारा है!
अब सँभले समझौतापरस्त घुटनाटेकू ढुलमुल-यक़ीन,
हम सब समझौतेबाज़ों को अब अलग करेंगे बीन-बीन,
जो रोकेगा वह जाएगा यह वह तूफ़ानी धारा है,
हर ज़ोर ज़ुल्म की टक्कर में हड़ताल हमारा नारा है!
