
ਮਹੀਪਾਲ
‘ਮਈ ਦਿਵਸ’ ਜਾਂ ‘ਕੌਮਾਂਤਰੀ ਮਜ਼ਦੂਰ ਦਿਹਾੜਾ’ ਅਸਾਡੇ ਲਈ ਇਕ ਰਵਾਇਤੀ ਤਿਉਹਾਰ, ਇਕੱਠੇ ਹੋਣ (ਗੈਟ ਟੂਗੈਦਰ) ਦਾ ਮੌਕਾ ਜਾਂ ਰੰਗਾ-ਰੰਗ ਮਨੋਰੰਜਕ ਪ੍ਰੋਗਰਾਮ ਨਾ ਹੋ ਕੇ ਗੰਭੀਰ ਚਿੰਤਨ ਕਰਨ ਦਾ ਸਮਾਂ ਹੁੰਦਾ ਹੈ। ਇਸ ਦਿਹਾੜੇ ਅਸੀਂ ਬੀਤੇ ਵਰ੍ਹੇ ਦੇਸ਼-ਦੁਨੀਆਂ ’ਚ ਲੜੇ ਗਏ ਕਿਰਤੀ ਘੋਲਾਂ, ਜਿੱਤਾਂ-ਹਾਰਾਂ, ਪ੍ਰਾਪਤੀਆਂ ਤੇ ਰਹਿ ਗਈਆਂ ਘਾਟਾਂ ਦਾ ਬੇਲਾਗ ਵਿਸ਼ਲੇਸ਼ਣ ਕਰਦੇ ਹੋਏ ਆਪਣੀਆਂ ਕਮਜ਼ੋਰੀਆਂ ਬਾਰੇ ਵੀ ਗੰਭੀਰ ਆਤਮ ਮੰਥਨ ਕਰਦੇ ਹਾਂ। ਇਸ ਦਿਨ ਅਸੀਂ ਪੈਨੀ ਨਿਗ੍ਹਾ ਨਾਲ ਭਵਿੱਖੀ ਚੁਣੌਤੀਆਂ ਦੀ ਨਿਸ਼ਾਨਦੇਹੀ ਕਰਕੇ, ਇਨ੍ਹਾਂ ਦਾ ਸਫਲਤਾ ਸਹਿਤ ਟਾਕਰਾ ਕਰਨ ਹਿੱਤ ਅਗਲੇਰੇ ਘੋਲਾਂ ਵੱਲ ਪੇਸ਼ਕਦਮੀ ਵੀ ਕਰਨੀ ਹੁੰਦੀ ਹੈ। ਇਹ ਚੁਣੌਤੀਆਂ ਕੌਮੀ ਤੇ ਕੌਮਾਂਤਰੀ ਪ੍ਰਕਿਰਤੀ ਦੀਆਂ ਵੀ ਹੁੰਦੀਆਂ ਹਨ ਤੇ ਸਥਾਨਕ ਵੀ। ਵਰਤਮਾਨ ਚਿੰਤਾਜਨਕ ਹਾਲਾਤ ਦੇ ਮੱਦੇਨਜ਼ਰ, ਦੇਸ਼ ਦੀ ਮਜ਼ਦੂਰ ਜਮਾਤ ਨੂੰ ਹਰ ਕੌਮਾਂਤਰੀ, ਕੌਮੀ ਤੇ ਸਥਾਨਕ ਘਟਨਾਕ੍ਰਮ ਬਾਰੇ ਜਮਾਤੀ ਦ੍ਰਿਸ਼ਟੀਕੋਣ ਤੋਂ ਸੰਤੁਲਿਤ ਪ੍ਰਤੀਕਰਮ ਤੇ ਯੋਗ ਦਖ਼ਲ ਦੇਣ ਦੇ ਯੋਗ ਬਣਨਾ ਹੋਵੇਗਾ। ਕਿਉਂਕਿ ਅਜੇਹੀ ਹਰ ਚੁਣੌਤੀ ਦਾ ਅਸਾਡੇ ਵਰਤਮਾਨ ਤੇ ਭਵਿੱਖ ਨਾਲ ਅਟੁੱਟ ਨਾਤਾ ਹੁੰਦਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਈ ਦਿਹਾੜਾ, ਯਾਨਿ ‘ਕੌਮਾਂਤਰੀ ਮਜ਼ਦੂਰ ਦਿਵਸ’, ਭਾਰਤ ਸਮੇਤ ਸੰਸਾਰ ਭਰ ਦੇ ਕਿਰਤੀਆਂ ਲਈ ਅਨੇਕਾਂ ਗੰਭੀਰ ਚੁਣੌਤੀਆਂ ਲੈ ਕੇ ਆਇਆ ਹੈ।ਕੌਮਾਂਤਰੀ ਘੋਲ, ਊਣਤਾਈਆਂ ਤੇ ਦਰੁਸਤੀ ਦਾ ਰਾਹਇਹ ਤਸੱਲੀ ਦੀ ਗੱਲ ਹੈ ਕਿ ਵਿਸ਼ਵ ਭਰ ਦੇ ਕਿਰਤੀ, ਆਪੋ-ਆਪਣੇ ਦੇਸ਼ਾਂ ਦੇ ਪੂੰਜੀਪਤੀ ਲੋਟੂਆਂ ਤੇ ਉਨ੍ਹਾਂ ਦੇ ਪਿੱਠੂ ਹੁਕਮਰਾਨਾਂ ਦੀਆਂ ਕਿਰਤੀ ਦੋਖੀ, ਲੋਕ ਮਾਰੂ ਨੀਤੀਆਂ ਖ਼ਿਲਾਫ਼ ਗਹਿਗੱਚ ਸੰਘਰਸ਼ ਲੜ ਰਹੇ ਹਨ। ਵਿਕਾਸਸ਼ੀਲ ਹੀ ਨਹੀਂ ਵਿਕਸਿਤ ਦੇਸ਼ਾਂ ਦੇ ਕਿਰਤੀ ਵੀ ਲੋਕਾਂ ਨੂੰ ਮਿਲਦੀਆਂ ਸਰਕਾਰੀ ਸਹੂਲਤਾਂ ’ਚ ਕਟੌਤੀਆਂ ਵਿਰੁੱਧ ਹਰ ਰੋਜ਼ ਜਾਨ ਹੂਲਵੇਂ ਘੋਲ ਲੜ ਰਹੇ ਹਨ। ਇਨ੍ਹਾਂ ਸੰਘਰਸ਼ਾਂ ਦਾ ਸਭ ਤੋਂ ਸ਼ਾਨਦਾਰ ਪੱਖ ਇਹ ਹੈ ਕਿ ਦੁਨੀਆ ਦੇ ਸਾਰੇ ਦੇਸ਼ਾਂ, ਖਾਸ ਕਰਕੇ ਅਮਰੀਕਾ ਤੇ ਯੂਰਪ ਦੇ ਵਿਕਸਿਤ ਮੁਲਕਾਂ ਦੀ ਮਜ਼ਦੂਰ ਜਮਾਤ, ਘੋਲਾਂ ਦੌਰਾਨ ਆਮ ਲੋਕਾਂ ਦੀ ਰੋਜ਼ੀ-ਰੋਟੀ ਨਾਲ ਜੁੜੇ ਅਤਿ ਜ਼ਰੂਰੀ ਮਸਲਿਆਂ ਤੋਂ ਇਲਾਵਾ ਮਾਨਵਤਾ ਦੀ ਹੋਣੀ ਨੂੰ ਪ੍ਰਭਾਵਿਤ ਕਰਨ ਵਾਲੇ ਅਹਿਮ ਸਿਆਸੀ ਮੁੱਦੇ ਵੀ ਜ਼ੋਰ-ਸ਼ੋਰ ਨਾਲ ਉਭਾਰ ਰਹੀ ਹੈ। ਮਸਲਨ ਯੂਰਪ ਦੇ ਤਕਰੀਬਨ ਹਰ ਕਿਰਤੀ ਮੁਜ਼ਾਹਰੇ ’ਚੋਂ ਇਹ ਭਾਵਨਾ ਜ਼ੋਰਦਾਰ ਢੰਗ ਨਾਲ ਉੱਭਰੀ ਹੈ ਕਿ ਫੌਜੀ ਬਜਟ ਘਟਾ ਕੇ ਲੋਕ ਭਲਾਈ ਦੀਆਂ ਮੱਦਾਂ ’ਤੇ ਸਰਕਾਰੀ ਖਰਚ ਵਧਾਇਆ ਜਾਵੇ। ਯੂਰਪੀ ਦੇਸ਼ਾਂ ਦੀ ਵਸੋਂ ਦਾ ਚੋਖਾ ਹਿੱਸਾ ਆਪੋ-ਆਪਣੇ ਦੇਸ਼ਾਂ ਦੇ ਹੁਕਮਰਾਨਾਂ ਤੋਂ ‘ਨਾਟੋ’ ਗਠਜੋੜ ਤੋਂ ਬਾਹਰ ਆਉਣ ਦੀ ਮੰਗ ਵੀ ਕਰ ਰਿਹਾ ਹੈ। ਅਮਰੀਕੀ ਸਦਰ ਟਰੰਪ ਵਲੋਂ ਜਾਰੀ ਕੀਤੇ ‘ਨਾਟੋ’ ਦਾ ਬੱਜਟ ਦੁੱਗਣਾ ਕਰਨ ਦੇ ‘ਹੁਕਮਨਾਮੇ’ ਦਾ ਯੂਰਪੀ ਲੋਕਾਂ ਅੰਦਰ ਤਿੱਖਾ ਪ੍ਰਤੀਕਰਮ ਦੇਖਿਆ ਗਿਆ ਹੈ।ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੰਗ ਤੇ ਜੰਗਬਾਜ਼ਾਂ ਖ਼ਿਲਾਫ਼ ਵਿਸ਼ਵ ਕਿਰਤੀ ਵਲੋਂ ਲੜੀ ਜਾ ਰਹੀ ਅਜੋਕੀ ਜਦੋਜਹਿਦ ਤੇ ਇਸਦੇ ਨਤੀਜੇ ਵਜੋਂ ਪ੍ਰਚੰਡ ਹੋ ਰਹੀ ਸੰਸਾਰ ਪੱਧਰੀ ਜੰਗ ਵਿਰੋਧੀ ਲੋਕ ਚੇਤਨਾ, ਦੇਰ-ਸਵੇਰ ਮਨੁੱਖ ਜਾਤੀ ਦੇ ਨਿੱਗਰ ਭਵਿੱਖ ਦਾ ਆਧਾਰ ਜ਼ਰੂਰ ਬਣੇਗੀ।ਇਸ ਸੰਦਰਭ ’ਚ ਫ਼ਲਸਤੀਨੀਆਂ ਦੇ ਨਸਲੀ ਸਫਾਏ ਤੇ ਉਨ੍ਹਾਂ ਦੀ ਮਾਤ ਭੂਮੀ ਕਬਜ਼ਾਉਣ ਲਈ, ਅਮਰੀਕਾ ਤੇ ਪੱਛਮ ਦੇ ਅਮੀਰ ਮੁਲਕਾਂ ਦੇ ਥਾਪੜੇ ਨਾਲ ਇਜ਼ਰਾਇਲ ਵਲੋਂ ਵਿੱਢੀ ਨਿਹੱਕੀ ਤੇ ਅਸਾਵੀਂ ਜੰਗ ਦਾ ਡੱਟਵਾਂ ਵਿਰੋਧ ਕਰਨਾ ਉੱਪਰ ਬਿਆਨੇ ਕਿਰਤੀ ਘੋਲਾਂ ਦਾ ਪ੍ਰਮੁੱਖ ਮੁੱਦਾ ਰਿਹਾ ਹੈ। ਇਹ ਆਮ ਦੇਖਿਆ ਗਿਆ ਹੈ ਕਿ ਜੰਗ ਅਤੇ ਫ਼ਲਸਤੀਨ ਦੀ ਸੁਤੰਤਰਤਾ ਬਾਰੇ ਅਮਰੀਕਾ ਤੇ ਯੂਰਪੀ ਦੇਸ਼ਾਂ ਦੇ ਆਮ ਲੋਕਾਂ ਦਾ ਨਜ਼ਰੀਆ ਤੇ ਹੁਕਮਰਾਨਾਂ ਦੀ ਨੀਤੀ-ਪਹੁੰਚ ਇੱਕ-ਦੂਜੇ ਦੇ ਐਨ ਵਿਪਰੀਤ ਹੈ।ਅਮਰੀਕਾ-ਇਜ਼ਰਾਇਲ ਵਲੋਂ ਈਰਾਨ ਖ਼ਿਲਾਫ਼ ਨਿਰੇ ਝੂਠ ਦੀ ਬੁਨਿਆਦ ’ਤੇ ਵਿੱਢੀ ਗਈ, ਸਾਰੀ ਦੁਨੀਆਂ ਦੇ ਮਿਹਨਤੀ ਲੋਕਾਂ ਦੀਆਂ ਜੀਵਨ ਹਾਲਤਾਂ ’ਤੇ ਪ੍ਰਤੀਕੂਲ ਪ੍ਰਭਾਵ ਪਾਉਣ ਵਾਲੀ ਨਿਹੱਕੀ ਜੰਗ ਖਿਲਾਫ਼ ਵੀ ਵਿਸ਼ਵ ਭਰ ਦੇ ਆਮ ਲੋਕ, ਖਾਸ ਕਰਕੇ ਕਿਰਤੀ, ਹਰ ਕਿਸਮ ਦੀ ਜੱਕੋ-ਤੱਕੀ ਨੂੰ ਬੇਦਾਵਾ ਦੇ ਕੇ ਈਰਾਨ ਦੇ ਹੱਕ ’ਚ ਨਿਸੰਗ ਨਿੱਤਰੇ ਹਨ। ਅਮਰੀਕੀ ਆਵਾਮ ਦੀ ਉਚੇਚੀ ਸ਼ਲਾਘਾ ਕਰਨੀ ਬਣਦੀ ਹੈ, ਜਿਨ੍ਹਾਂ ਨੇ ਦੇਸ਼ ਦੇ 33 ਸੌ ਸ਼ਹਿਰਾਂ ’ਚ ਇਕੋ ਦਿਨ 90 ਲੱਖ ਲੋਕਾਂ ਦੀ ਭਾਗੀਦਾਰੀ ਵਾਲੇ ਵਿਸ਼ਾਲ ਤੇ ਪ੍ਰਭਾਵੀ ਰੋਸ ਐਕਸ਼ਨ ਕੀਤੇ ਸਨ।ਯੂਰਪ ਦੀਆਂ ਔਰਤਾਂ ਨੇ ਇਸ ਸਾਲ ’ਕੌਮਾਂਤਰੀ ਇਸਤਰੀ ਦਿਵਸ’, ਸੰਸਾਰ ਨੂੰ ਜੰਗਾਂ-ਯੁੱਧਾਂ ਤੋਂ ਮੁਕਤ ਕਰਨ ਦੀ ਲੋਕ ਮੁਜੱਹਮਤ ਨੂੰ ਸਮਰਪਿਤ ਕੀਤਾ ਸੀ। ਯੂਰੋਪ ਦੇ ਹਰ ਦੇਸ਼ ਦੇ ਲੱਗਭਗ ਹਰ ਸ਼ਹਿਰ ’ਚ ਇਸ ਦਿਨ ਔਰਤਾਂ ਨੇ ਅਮਰੀਕਾ, ‘ਨਾਟੋ’ ਤੇ ਯੂਰਪੀ ਦੇਸ਼ਾਂ ਦੇ ਹਾਕਮਾਂ ਤੇ ਹੁਕਮਰਾਨਾਂ ਦੇ ਜੰਗੀ ਮਨਸੂਬਿਆਂ ਦੀ ਕਰੜੀ ਮੁਖ਼ਾਲਫਤ ਕਰਦੇ ਹੋਏ ਠੋਕਵਾਂ ਐਲਾਨ ਕੀਤਾ ਕਿ, ‘‘ਅਸੀਂ ਤੁਹਾਡੀ ‘ਜੰਗੀ ਮਸ਼ੀਨਰੀ’ ਦੇ ਪੁਰਜ਼ੇ ਬਣਨ ਤੋਂ ਸਾਫ ਮੁਨਕਰ ਹਾਂ।’’ਜਰਮਨੀ ਦੇ ਸਕੂਲੀ ਵਿਦਿਆਰਥੀ, ਮਾਪਿਆਂ ਤੇ ਅਧਿਆਪਕਾਂ ਦੇ ਸਾਥ ਨਾਲ, ਹਰੇਕ ਮੈਟ੍ਰਿਕ ਪਾਸ ਪਾੜ੍ਹੇ ਨੂੰ ਫੌਜ ’ਚ ਜਬਰੀ ਭਰਤੀ ਕੀਤੇ ਜਾਣ ਅਤੇ ਧੱਕੇ ਨਾਲ ਜੰਗੀ ਮੁਹਾਜ ’ਤੇ ਭੇਜੇ ਜਾਣ ਦੇ ਵਿਰੋਧ ’ਚ ਦੋ ਵਾਰ ਬਹੁਤ ਹੀ ਵਿਸ਼ਾਲ ਦੇਸ਼ ਵਿਆਪੀ ਰੋਸ ਮੁਜ਼ਾਹਰੇ ਕਰ ਚੁੱਕੇ ਹਨ। ਉਕਤ ਮੁਜ਼ਾਹਰਿਆਂ ਦਾ ਕੇਂਦਰੀ ਨਾਅਰਾ ਸੀ, ‘‘ਤੁਸੀਂ ਸਾਡੇ ਜਿਸਮ ’ਤੇ ਵਰਦੀ ਪਵਾ ਕੇ ਸਾਡੇ ਹੱਥੋਂ ਸਾਡੇ ਜਿਹੇ ਹੀ ਨਿਰਦੋਸ਼ ਮਨੁੱਖਾਂ ਦਾ ਵਢਾਂਗਾ ਕਰਵਾਉਣਾ ਚਾਹੁੰਦੇ ਹੋ, ਪਰ ਅਸੀਂ ਇਸ ਨੂੰ ਨਾ-ਮੰਜ਼ੂਰ ਕਰਦੇ ਹਾਂ।’’ ਉਕਤ ਜੰਗ ਵਿਰੋਧੀ ਘੋਲ ਘੱਟ ਜਾਂ ਵੱਧ ਮਿਕਦਾਰ ’ਚ ਅਫਰੀਕਾ, ਲਾਤੀਨੀ ਅਮਰੀਕਾ, ਏਸ਼ੀਆ ਦੇ ਦੇਸ਼ਾਂ ਤੇ ਹੋਰ ਥਾਈਂ ਵੀ ਲੜੇ ਗਏ ਹਨ।ਲੇਕਿਨ ਇਨ੍ਹਾਂ ਸੰਘਰਸ਼ਾਂ ਦੀਆਂ ਕੁਝ ਸੀਮਾਵਾਂ ਤੇ ਕਮਜ਼ੋਰੀਆਂ ਵੀ ਉਚੇਚੀਆਂ ਨੋਟ ਕਰਨ ਯੋਗ ਹਨ। ਉਕਤ ਘੋਲਾਂ ’ਚੋਂ ‘ਸਾਮਰਾਜ ਤੋਂ ਮਾਨਵਤਾ ਦੀ ਮੁਕਤੀ’ ਦੀ ਆਵਾਜ਼ ਨਾਂ-ਮਾਤਰ ਹੀ ਉੱਠੀ ਹੈ। ਸਾਮਰਾਜ ਦੇ ਨਿਰਦਈ ਖਾਸੇ, ਪਸਾਰਵਾਦੀ ਨੀਤੀਆਂ, ਮੁਨਾਫੇ ਦੀ ਹਵਸ ਤੇ ਜੰਗ ਭੜਕਾਊਣ ਦੀ ਇਸ ਦੀ ਅਣਸਰਦੀ ਲੋੜ ਬਾਰੇ ਗਲੋਬ ਦੀ ਅਜੋਕੀ ਵਸੋਂ, ਖਾਸ ਕਰਕੇ ਕਿਰਤੀ ਵਰਗਾਂ ਨੂੰ ਲੋੜੀਂਦੀ ਜਾਣਕਾਰੀ ਨਹੀਂ ਹੈ। ਇਸ ਦਿਸ਼ਾ ’ਚ ਸੰਜੀਦਗੀ ਨਾਲ ਸੋਚ-ਵਿਚਾਰ ਕਰਕੇ ਇਨ੍ਹਾਂ ਜੰਗ ਵਿਰੋਧੀ ਸੁਵੱਲੇ ਘੋਲਾਂ ਨੂੰ ਸਾਮਰਾਜ ਤੋਂ ਮਾਨਵਤਾ ਦੀ ਸਦੀਵੀ ਮੁਕਤੀ ਦੇ ਘੋਲਾਂ ’ਚ ਤਬਦੀਲ ਕੀਤੇ ਜਾਣ ਦੀ ਨਿੱਗਰ ਵਿਉਂਤਬੰਦੀ ਕਰਨੀ ਚਾਹੀਦੀ ਹੈ। ਸੰਸਾਰਕ ਦੱਖਣ, ਭਾਵ ਨਵੇਂ ਆਜ਼ਾਦ ਹੋਏ, ਤਰੱਕੀ ਪਸੰਦ ਦੇਸ਼ਾਂ ਦੇ ਲੋਕ ਸਾਮਰਾਜ ਦੀ ਖੂੰਖਾਰ ਖੋਹ-ਖਿੰਝ ਤੇ ਦਖ਼ਲ-ਦਾਬੇ ਦੀ ਮਾਰ ਵਿਕਸਿਤ ਦੇਸ਼ਾਂ ਦੀ ਜਨਤਾ ਨਾਲੋਂ ਕਿਤੇ ਵਧੇਰੇ ਝੱਲ ਰਹੇ ਹਨ। ਇਸ ਲਈ ਇਨ੍ਹਾਂ ਦੇਸ਼ਾਂ ’ਚ ਸਾਮਰਾਜ ਖਿਲਾਫ ਪ੍ਰਚੰਡ ਲੋਕ ਯੁੱਧ ਵਿੱਢੇ ਜਾਣ ਦੀਆਂ ਅਪਾਰ ਸੰਭਾਵਨਾਵਾਂ ਵੀ ਹਨ ਤੇ ਲੋੜ ਵੀ ਹੈ। ਨਾਲ ਹੀ ਜੰਗਾਂ ਤੋਂ ਭੈਭੀਤ ਵਿਸ਼ਵ ਦੀ ਅਮਨ ਪਸੰਦ ਜਨਤਾ ਨੂੰ ਇਹ ਸਮਝਾਉਣਾ ਹੋਵੇਗਾ ਕਿ, ‘‘ਜਦੋਂ ਤੱਕ ਦੁਨੀਆ ਤੇ ਸਾਮਰਾਜ ਦੀ ਹੋਂਦ ਕਾਇਮ ਹੈ ਉਦੋਂ ਤੱਕ ਜੰਗਾਂ ਅਟੱਲ ਹਨ।’’ ਮੁੱਕਦੀ ਗੱਲ ਅਸਾਨੂੰ ਵਿਸ਼ਵ ਲੋਕਾਈ ਨੂੰ ਇਸ ਸੱਚਾਈ ਤੋਂ ਜਾਣੂੰ ਕਰਵਾਉਣਾ ਹੋਵੇਗਾ ਕਿ ਵਿਸ਼ਵ ਭਰ ਦੇ ਲੋਕਾਂ ਦਾ ਅਜੋਕਾ ਸਭ ਤੋਂ ਵਹਿਸ਼ੀ ਦੁਸ਼ਮਣ ਸਾਮਰਾਜ, ਖਾਸ ਕਰਕੇ ਅਮਰੀਕੀ ਸਾਮਰਾਜ ਤੇ ਇਸਦਾ ਹੱਥ ਠੋਖਾ ਸੰਸਾਰਕ ਸੱਜ ਪਿਛਾਖੜ ਹੈ। ਇਸ ਤੋਂ ਮੁਕਤੀ ਲਈ ਅਸਾਨੂੰ ਲੋਕਾਂ ਨੂੰ ਸਮਾਨਤਾ ਦੇ ਅਸੂਲਾਂ ’ਤੇ ਆਧਾਰਿਤ ਹਕੀਕੀ ਲੋਕਰਾਜ ਯਾਨਿ ਸਮਾਜਵਾਦ ਦੀ ਸਥਾਪਤੀ ਦਾ ਮਾਨਵੀ ਯੁੱਧ ਲੜਨ ਲਈ ਪ੍ਰੇਰਿਤ ਤੇ ਲਾਮਬੰਦ ਕਰਨਾ ਹੋਵੇਗਾ।ਜੇਕਰ ਅਸੀਂ ਅਜੇਹਾ ਕਰਨੋਂ ਹਾਲੇ ਵੀ ਅਸਫਲ ਰਹਿੰਦੇ ਹਾਂ ਤਾਂ ਉਕਤ ਘੋਲਾਂ ਚੋਂ ਉਪਜੀ ਲੋਕ ਬੇਚੈਨੀ ਦਾ ਲਾਹਾ ਲੈਂਦਿਆਂ ਪ੍ਰਤੀਕਿਰਿਆਵਾਦੀ ਤਾਕਤਾਂ ਆਪਣੇ-ਆਪ ਨੂੰ ਮਜ਼ਬੂਤ ਕਰਦੀਆਂ ਹੋਈਆਂ ਵੱਖੋ-ਵੱਖ ਦੇਸ਼ਾਂ ਦੀ ਸੱਤਾ ਹਥਿਆ ਲੈਣਗੀਆਂ। ਨਤੀਜਾ; ਸਾਮਰਾਜੀ ਤੇ ਕਾਰਪੋਰੇਟ ਲੋਟੂਆਂ ਦਾ ਲੁੱਟ-ਖਸੁੱਟ, ਦਖ਼ਲ-ਦਾਬੇ, ਜਬਰ-ਜਿੱਲਤ ਵਾਲਾ ਨੀਤੀ ਪੈਂਤੜਾ ਹੋਰ ਜ਼ੋਰ-ਸ਼ੋਰ ਨਾਲ ਲਾਗੂ ਕੀਤਾ ਜਾਵੇਗਾ। ਯਾਦ ਰਹੇ, ਅਜੋਕੇ ਰਾਜਸੀ ਹਾਲਾਤ ’ਚ ਨਿਰੋਲ ਆਰਥਕ ਮੰਗਾਂ ਦੀ ਲੜਾਈ ਜੇਕਰ ਜਿੱਤ ਵੀ ਲਈ ਜਾਵੇ, ਫਿਰ ਵੀ ਲੋਕਾਈ ਦੀਆਂ ਜੀਵਨ ਹਾਲਤਾਂ ’ਚ ਬਿਹਤਰੀ ਪੱਖੋਂ ਕੋਈ ਜਿਕਰਯੋਗ ਤਬਦੀਲੀ ਨਹੀਂ ਲਿਆਂਦੀ ਜਾ ਸਕਦੀ।ਐਪਰ, ਸਾਡੇ ਲਈ ਚਿੰਤਾ ਦਾ ਇਕ ਹੋਰ ਵਡੇਰਾ ਮਸਲਾ ਹੈ। ਭਾਰਤ ਅੰਦਰ, ਜੰਮੂ-ਕਸ਼ਮੀਰ ਜਾਂ ਕੁੱਝ ਕੁ ਮੁਸਲਿਮ ਬਹੁਲ ਇਲਾਕਿਆਂ ਨੂੰ ਛੱਡ ਕੇ ਈਰਾਨ ਖਿਲਾਫ ਅਮਰੀਕਾ-ਇਜ਼ਰਾਇਲ ਦੇ ਹਮਲੇ ਵਿਰੁੱਧ ਕੋਈ ਵਿਸ਼ੇਸ਼ ਜਿਕਰਯੋਗ ਪ੍ਰਤੀਰੋਧ ਕਾਰਵਾਈਆਂ ਨਹੀਂ ਹੋਈਆਂ। ਲੱਗਭਗ ਅਜਿਹਾ ਹੀ ਕੁੱਝ ਫਸਤੀਨੀਆਂ ਦੀ ਨਸਲਕਸ਼ੀ ਲਈ ਇਜ਼ਰਾਇਲ ਵਲੋਂ ਵਿੱਢੀ ਜੰਗ ਦੌਰਾਨ ਵੀ ਹੋਇਆ ਸੀ। ਇਹ ਪਰੋਲੇਤਾਰੀ ਕੌਮਾਂਤਰੀਵਾਦ ਦੀ ਭਾਵਨਾ ਦੇ ਅਨੁਕੂਲ ਵਿਹਾਰ ਬਿਲਕੁਲ ਵੀ ਨਹੀਂ ਕਿਹਾ ਜਾ ਸਕਦਾ। ਅਸੀਂ ਆਪਣੇ ਇਕੱਠਾਂ ’ਚ ਹਰ ਰੋਜ ‘ਦੁਨੀਆ ਭਰ ਦੇ ਕਿਰਤੀਓ ਇਕ ਹੋ ਜਾਓ ਦਾ ਨਾਹਰਾ ਗੁੰਜਾਉਂਦੇ ਹਾਂ।’’ ਕੀ ਈਰਾਨੀ ਤੇ ਫ਼ਲਸਤੀਨੀ ਕਿਰਤੀ ਤੇ ਇਨ੍ਹਾਂ ਦੇਸ਼ਾਂ ਦੇ ਮਾਸੂਮ ਬਾਲ ਤੇ ਨਿਰਦੋਸ਼ ਔਰਤਾਂ ਸਾਡੇ ਕਿਰਤੀ ਭੈਣ-ਭਰਾ ਨਹੀਂ? ਅਸੀਂ ਯੂਰਪ-ਅਮਰੀਕਾ ਦੇ ਕਿਰਤੀਆਂ ਦੇ ਜੰਗ ਵਿਰੋਧੀ ਘੋਲਾਂ ਦੇ ਸਮਾਂਤਰ ਭਾਰਤ ’ਚ ਉਹੋ ਜਿਹੇ ਐਕਸ਼ਨ ਕਿਉਂ ਨਹੀਂ ਲਾਮਬੰਦ ਕਰ ਸਕੇ? ਭਵਿੱਖ ’ਚ ਅਸਾਨੂੰ ਇਨ੍ਹਾਂ ਸਵਾਲਾਂ ਦੇ ਠੀਕ ਜਵਾਬ ਵੀ ਲੱਭਣੇ ਹੋਣਗੇ ਤੇ ਇਸ ਕਮਜ਼ੋਰੀ ’ਤੇ ਆਬੂਰ ਵੀ ਹਾਸਲ ਕਰਨਾ ਹੋਵੇਗਾ।ਭਾਰਤ ਅੰਦਰ ਲੋਕ ਜਦੋਜਹਿਦ ਦੇ ਹਾਲਾਤਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ਦਾ ਕਿਰਤੀ ਘੋਲ : ਭਾਰਤੀ ਕਿਰਤੀਆਂ ਦੇ ਅਜੋਕੇ ਹਾਲਾਤ ਨੂੰ ਠੀਕ ਪਰਿਪੇਖ ’ਚ ਸਮਝਣ ਲਈ ਇਸੇ ਸਾਲ ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ ਨੋਇਡਾ, ਮਾਨੇਸਰ, ਗੁਰਗ੍ਰਾਮ ਆਦਿ ਦੇ ਸਨਅਤੀ ਖੇਤਰਾਂ ਸਮੇਤ ਸਮੁੱਚੇ ਕੌਮੀ ਰਾਜਧਾਨੀ ਖੇਤਰ (ਐਨਸੀਆਰ) ’ਚ ਵਾਪਰੇ ਘਟਨਾਕ੍ਰਮ ’ਤੇ ਝਾਤ ਮਾਰਨੀ ਲਾਹੇਵੰਦੀ ਰਹੇਗੀ। ਲੰਘੀ ਤਿੰਨ ਅਪ੍ਰੈਲ ਨੂੰ ਉਕਤ ਖੇਤਰ ਦੇ 78 ਤੋਂ ਵੱਧ ਕੇਂਦਰਾਂ ’ਤੇ 42 ਹਜ਼ਾਰ ਤੋਂ ਵੱਧ ਕਿਰਤੀਆਂ ਨੇ ਹੜਤਾਲ ਕਰਕੇ ਬਹੁਤ ਹੀ ਰੋਹ ਭਰਪੂਰ ਮੁਜ਼ਾਹਰੇ ਕੀਤੇ ਸਨ।ਕੇਵਲ 10 ਤੋਂ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਬਦਲੇ ਇਨ੍ਹਾਂ ਕਿਰਤੀਆਂ ਤੋਂ ਬੇਹੱਦ ਅਣ-ਮਨੁੱਖੀ ਹਾਲਤਾਂ ’ਚ 10 ਤੋਂ 12 ਘੰਟੇ ਸਖ਼ਤ ਕੰਮ ਲਿਆ ਜਾਂਦਾ ਹੈ। ਇਹ ਪ੍ਰਾਵੀਡੈਂਟ ਫੰਡ, ਸਿਹਤ ਬੀਮਾ ਆਦਿ ਹੋਰ ਮੂਲ ਅਧਿਕਾਰਾਂ ਤੋਂ ਵੀ ਵਾਂਝੇ ਹਨ। ਮਹਿੰਗਾਈ ਦੇ ਵਿਸ਼ਵ ਪੱਧਰੀ ਵਾਧੇ ਤੇ ਘਰੇਲੂ ਹਾਲਾਤ ਦੇ ਸਨਮੁੱਖ ਇਹ ਤਨਖਾਹਾਂ ਅਸਲੋਂ ਨਿਗੂਣੀਆਂ ਹਨ। ਰਿਪੋਰਟਾਂ ਅਨੁਸਾਰ ਇਨ੍ਹਾਂ ਖੇਤਰਾਂ ’ਚ ਕਮਰਿਆਂ (ਘੁਰਨਿਆਂ ਵਰਗੇ) ਦਾ ਕਿਰਾਇਆ ਹੀ 3 ਤੋਂ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ। ਬਿਜਲੀ ਅੱਤ ਮਹਿੰਗੀ, ਔਸਤ 12 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲਦੀ ਹੈ। ਉੱਤੋਂ ਬੱਚਿਆਂ ਦੀ ਪੜ੍ਹਾਈ ਤੇ ਇਲਾਜ ਦੇ ਖਰਚੇ, ਜੋ ਪਹਿਲਾਂ ਹੀ ਬਹੁ ਗਿਣਤੀ ਵਸੋਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ, ਦਿਨੋ-ਦਿਨ ਹੋਰ ਵਧੇਰੇ ਮਹਿੰਗੇ ਹੁੰਦੇ ਜਾ ਰਹੇ ਹਨ। ਰਹੀ-ਸਹੀ ਕਸਰ ਖਾੜੀ ਜੰਗ ਦੇ ਨਤੀਜੇ ਵਜੋਂ ਹੋਈ ਰਸੋਈ ਗੈਸ ਦੀ ਕਿੱਲਤ ਤੇ ਕਾਲਾਬਾਜ਼ਾਰੀ ਨੇ ਕੱਢ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰਸੋਈ ਗੈਸ ਬਲੈਕ ’ਚ ਸੌ ਤੋਂ ਲੈ ਕੇ 6-7 ਸੌ ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੀ ਹੈ। ਮੋਟੇ ਅੰਦਾਜ਼ੇ ਮੁਤਾਬਿਕ ਇਨ੍ਹਾਂ ਦਿਨਾਂ ’ਚ ਕੇਵਲ ਰਸੋਈ ਗੈਸ ਦਾ ਖਰਚਾ ਹੀ 600% ਵਧ ਗਿਆ ਹੈ। ਇਉਂ ਹੀ ਬਾਕੀ ਨਿਤ ਵਰਤੋਂ ਦੀਆਂ ਵਸਤਾਂ ਦੀ ਮਹਿੰਗਾਈ ਨੂੰ ਵੀ ਖੰਭ ਲੱਗ ਗਏ ਹਨ। ਇਹ ਤਾਂ ਜੱਗ ਜਾਹਰ ਹੀ ਹੈ ਕਿ ਅਚਾਨਕ ਆਉਣ ਵਾਲੀਆਂ ਅਜਿਹੀਆਂ ਵਿਦੇਸ਼ੀ ਬਿਪਤਾਵਾਂ ਦਾ ਟਾਕਰਾ ਕਰਨ ਦੀ ਮੋਦੀ ਸਰਕਾਰ ਕੋਲ ਨਾ ਨੀਤੀ ਹੈ ਤੇ ਨਾ ਹੀ ਲੋਕਾਂ ਦੀ ਬਾਂਹ ਫੜ੍ਹਨ ਦੀ ਇਸ ਦੀ ਕਦੇ ਨੀਤ ਰਹੀ ਹੈ।ਮਾਲਿਕਾਂ ਤੇ ਸਰਕਾਰਾਂ ਵਲੋਂ ਮਨੁੱਖੀ ਸਵੈਮਾਨ ਤੇ ਗੁਜ਼ਾਰੇਯੋਗ ਉਜ਼ਰਤਾਂ ਤੋਂ ਵਾਂਝੇ ਕਰ ਦਿੱਤੇ ਗਏ ਇਹ ਕਿਰਤੀ ਬੇਹੱਦ ਤਨਾਓ ’ਚ ਜ਼ਿੰਦਗੀ ਜਿਉਂ ਰਹੇ ਹਨ। ਬੜੀ ਥੋੜ੍ਹੀ ਮਿਆਦ ਦੇ ਠੇਕੇ ਅਧੀਨ ਕੰਮ ’ਤੇ ਰੱਖੇ ਜਾਣ ਕਰਕੇ ਪਤਾ ਨਹੀਂ ਕਿਸ ਨੂੰ ਕਦੋਂ ਖੜ੍ਹੇ ਪੈਰ ਕੰਮ ਤੋਂ ਜਵਾਬ ਮਿਲ ਜਾਵੇ। ਮਸ਼ੀਨੀਕਰਨ ਨੇ ਵੀ ਰੁਜ਼ਗਾਰ ਦੇ ਮੌਕੇ ਘਟਾਏ ਹਨ। ਪਰ ਸੱਭ ਤੋਂ ਵੱਡਾ ਮਸਲਾ ਇਹ ਹੈ ਕਿ ਯੂਨੀਅਨ ਬਣਾਉਣੀ, ਹੜਤਾਲ ਕਰਨੀ ਤੇ ਟੇਬਲ ’ਤੇ ਗੱਲਬਾਤ ਰਾਹੀਂ ਸਮੂਹਿਕ ਸੌਦੇਬਾਜੀ ਕਰਦੇ ਹੋਏ ਫੌਰੀ ਲਾਭ ਪ੍ਰਾਪਤ ਕਰਨੇ ਆਦਿ ਦੇ ਅਧਿਕਾਰ ਖੋਹ ਲਏ ਗਏ ਹਨ। ਲਿਹਾਜਾ ਕਿਰਤੀ ਆਪਣੇ-ਆਪ ਨੂੰ ਸ਼ਕਤੀਹੀਣ ਤੇ ਅਸੁਰੱਖਿਅਤ ਸਮਝਣ ਲੱਗ ਪਏ ਹਨ।ਸਾਫ ਹੈ ਕਿ ਭਾਰਤ ਦਾ ਖੂਬ ਧੁੰਮਾਇਆ ਜਾ ਰਿਹਾ ਮੌਜੂਦਾ ‘ਵਿਕਾਸ ਮਾਡਲ’, ਜੋ ਨਾ ਸਮਾਜਿਕ ਖੇਤਰ ’ਚ ਟਿਕਾਊ ਸਾਬਤ ਹੋਇਆ ਹੈ ਤੇ ਨਾ ਆਰਥਿਕ ਖੇਤਰ ’ਚ ਵਿਹਾਰਕ ਕਸੌਟੀ ’ਤੇ ਖਰਾ ਉੱਤਰਿਆ ਹੈ, ਕਿਰਤੀਆਂ ਦੇ ਮਨਾਂ ’ਚ ਅਥਾਹ ਗੁੱਸਾ ਪੈਦਾ ਹੋਣ ਦਾ ਮੂਲ ਕਾਰਨ ਹੈ। ਇਹ ਵਾਰ-ਵਾਰ ਸਿੱਧ ਹੋ ਰਿਹਾ ਹੈ ਕਿ ਜਿਹੜਾ ਵਿਕਾਸ ਮਾਡਲ ਵਸੋਂ ਦੀ ਖਰੀਦ ਸ਼ਕਤੀ ਵਧਾਉਣ ਦੇ ਠੋਸ ਉਪਰਾਲੇ ਨਹੀਂ ਕਰਦਾ, ਉਸ ਦਾ ਅਰਥਚਾਰਾ ਕਦੀ ਵੀ ਸੰਕਟ ਮੁਕਤ ਹੋ ਹੀ ਨਹੀਂ ਸਕਦਾ।ਬੇਚੈਨੀ ਦਾ ਮੂਲ ਕਾਰਨ : ਨਿੱਜੀਕਰਨ-ਉਦਾਰੀਕਰਨ-ਸੰਸਾਰੀਕਰਨ ਦੇ ਚੌਖਟੇ ਵਾਲੀਆਂ ਨਵ-ਉਦਾਰਵਾਦੀ ਨੀਤੀਆਂ ਸਦਕਾ ਮਹਿੰਗਾਈ, ਬੇਰੁਜ਼ਗਾਰੀ ਤੇ ਅਰਧ ਬੇਰੁਜ਼ਗਾਰੀ, ਭੁੱਖਮਰੀ, ਕੁਪੋਸ਼ਣ ਆਦਿ ਮੁਸੀਬਤਾਂ ਤੇ ਗਰੀਬੀ-ਅਮੀਰੀ ਦੇ ਪਾੜੇ ’ਚ ਅੰਤਾਂ ਦਾ ਵਾਧਾ ਹੋਇਆ ਹੈ। ਸਰਕਾਰੀ ਨੌਕਰੀਆਂ ਦਾ ਫਸਤਾ ਵੱਢ ਦਿੱਤਾ ਗਿਆ ਹੈ। ਠੇਕਾ ਪ੍ਰਣਾਲੀ ਰਾਹੀਂ ਪੜ੍ਹੇ-ਲਿਖੇ ਨੌਜਵਾਨਾਂ ਤੇ ਹੁਨਰਮੰਦ ਕਾਮਿਆਂ ਤੋਂ ਮਾਮੂਲੀ ਤਨਖਾਹਾਂ ’ਤੇ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਹੈ। ਇਨ੍ਹਾਂ ਨੀਤੀਆਂ ਨੇ ਬਹੁ ਗਿਣਤੀ ਵਸੋਂ ਨੂੰ ਇਕਸਾਰ ਤੇ ਮਿਆਰੀ ਸਿੱਖਿਆ ਤੇ ਸਿਹਤ ਸੇਵਾਵਾਂ, ਸਮਾਜਿਕ ਸੁਰੱਖਿਆ ਤੇ ਜਨਤਕ ਖੇਤਰ ਦੀਆਂ ਹੋਰ ਸਹੂਲਤਾਂ ਤੋਂ ਵਾਂਝੇ ਕਰ ਦਿੱਤਾ ਹੈ। ਬੇਘਰਿਆਂ ਦੀ ਗਿਣਤੀ ’ਚ ਇਨ੍ਹਾਂ ਸਾਲਾਂ ’ਚ ਲਾਮਿਸਾਲ ਵਾਧਾ ਹੋਇਆ ਹੈ। ਦਹਾਕਿਆਂ ਦੇ ਲਹੂ ਵੀਟਵੇਂ ਘੋਲਾਂ ਤੇ ਅਦੁੱਤੀ ਕੁਰਬਾਨੀਆਂ ਸਦਕਾ ਹਾਸਲ ਕੀਤੇ ਕਿਰਤ ਕਾਨੂੰਨ ਖਤਮ ਕਰਕੇ ਇਨ੍ਹਾਂ ਨੂੰ ਚਾਰ ਕਿਰਤ ਕੋਡਾਂ ’ਚ ਸਮੇਟ ਦਿੱਤਾ ਗਿਆ ਹੈ। ਉੱਤੋਂ ਸਿਤਮ ਜ਼ਰੀਫੀ ਇਹ ਕਿ ਕਿਰਤੀਆਂ ਨੂੰ ਕਾਰਪੋਰੇਟਾਂ ਦੇ ਬੰਧੂਆ ਗੁਲਾਮ ਬਣਾਉਣ ਲਈ ਕੀਤੇ ਗਏ ਕਿਰਤੀ ਅਧਿਕਾਰਾਂ ਦੇ ਇਸ ਘਾਣ ਨੂੰ ਹਾਕਮਾਂ ਵਲੋਂ ‘ਕ੍ਰਾਂਤੀਕਾਰੀ ਪ੍ਰੀਵਰਤਨ’ ਦੱਸਿਆ ਜਾ ਰਿਹਾ ਹੈ। ਉਦਯੋਗਾਂ ਨੂੰ ਸਸਤੀ ਕਿਰਤ ਮੁਹੱਈਆ ਕਰਾਉਣ ਲਈ ਸਾਲ ’ਚ ਸੀਮਤ ਦਿਨਾਂ ਵਾਸਤੇ ਗਾਰੰਟੀਸ਼ੁਦਾ ਰੁਜ਼ਗਾਰ ਦੇਣ ਵਾਲੇ ਮਨਰੇਗਾ ਕਾਨੂੰਨ ਦਾ ਭੋਗ ਪਾ ਦਿੱਤਾ ਗਿਆ ਹੈ।‘‘ਐਨਸੀਆਰ ਦੇ ਮਜ਼ਦੂਰਾਂ ’ਚ ਫੁੱਟੇ ਜਬਰਦਸਤ ਰੋਹ ਤੇ ਬੇਚੈਨੀ ਨੂੰ ਉਪਰੋਕਤ ਚੌਖਟੇ ਅੰਦਰ ਹੀ ਠੀਕ ਭਾਵਨਾ ਨਾਲ ਸਮਝਿਆ-ਵਿਚਾਰਿਆ ਜਾ ਸਕਦਾ ਹੈ।’’ਹਕੂਮਤੀ ਪ੍ਰਤੀਕਰਮ : ਮੋਦੀ-ਯੋਗੀ ਸਰਕਾਰਾਂ ਨੇ ਆਪਣੇ ਜਮਾਤੀ ਕਿਰਦਾਰ ਤੇ ਜਾਬਰ ਨੀਤੀ ਦੇ ਅਨੁਰੂਪ ਕਾਰਵਾਈ ਕਰਦਿਆਂ ਉਜਰਤ ਵਾਧੇ ਲਈ ਲੜ ਰਹੇ ਮਜ਼ਦੂਰਾਂ ਉੱਪਰ ਫੌਰਨ ਹੀ ਅਣ-ਮਨੁੱਖੀ ਜਬਰ ਢਾਹੁਣਾ ਸ਼ੁਰੂ ਕਰ ਦਿੱਤਾ। 11 ਅਪ੍ਰੈਲ ਨੂੰ ਪੁਲਸ ਚਾਰ ਔਰਤਾਂ ਸਮੇਤ ਸੱਤ ਮਜ਼ਦੂਰਾਂ ਨੂੰ ਅਗਵਾ ਕਰਕੇ ਅਣਦੱਸੀ ਥਾਂ ਲੈ ਗਈ ਤੇ ਥਾਂ ਪੁਰ ਥਾਂ ਕਿਰਤੀਆਂ ਦੇ ਝੁੰਡਾਂ ’ਤੇ ਡਾਂਗਾਂ ਵਰ੍ਹਾਉਣ ਲੱਗ ਪਈ। ਔਰਤਾਂ ਨੂੰ ਪੁਲਸੀਆ ਕਹਿਰ ਦਾ ਉਚੇਚਾ ਨਿਸ਼ਾਨਾ ਬਣਾਇਆ ਗਿਆ। ਮਜ਼ਦੂਰਾਂ ਦਾ ਰੋਹ ਹੋਰ ਭੜਕ ਉੱਠਿਆ। 13 ਅਪ੍ਰੈਲ ਨੂੰ ਹੋਈਆਂ ਅਗਜਨੀ, ਪਥਰਾਅ ਦੀਆਂ ਵਾਰਦਾਤਾਂ ਤੇ ਕਈ ਥਾਈਂ ਪੁਲਸ ਨਾਲ ਹੋਇਆ ਟਕਰਾਅ, ਸਰਕਾਰ ਦੀ ਉਕਤ ਜਾਬਰ ਪਹੁੰਚ ਦੇ ਪ੍ਰਤੀਕਰਮ ਵਜੋਂ ਹੀ ਦੇਖੇ ਜਾਣੇ ਚਾਹੀਦੇ ਹਨ।ਯੋਗੀ ‘ਸਾਹਿਬ’ ਨੇ ਇਸੇ ਦੌਰਾਨ ਇਕ ਬਿਆਨ ਰਾਹੀਂ ਇਕ ਹੋਰ ਮਾਅਰਕਾ ਮਾਰਿਆ। ਉਸਨੇ ਕਿਹਾ ਕਿ ਮਜ਼ਦੂਰਾਂ ਦੀ ਪ੍ਰੇਸ਼ਾਨ ਭੁੱਖ-ਦੁੱਖ ਨਹੀਂ, ਬਲਕਿ ਇਨ੍ਹਾਂ ਨੂੰ ਤਾਂ ਸ਼ਹਿਰੀ ਮਾਓਵਾਦੀਆਂ ਨੇ ਭੜਕਾਇਆ ਹੈ। ਇਸ ਤੋਂ ਵੀ ਅਗਾਂਹ ਜਾਂਦਿਆਂ ਸੱਤਾ ਸੁੱਖ ਭੋਗ ਰਹੇ ਇਸ ਨਾਮ ਨਿਹਾਦ ’ਯੋਗੀ’ ਨੇ ਇੱਥੋਂ ਤੱਕ ਬੱਕੜਵਾਹ ਮਾਰਿਆ ਕਿ ਹੜਤਾਲ-ਮੁਜ਼ਾਹਰਿਆਂ ਪਿੱਛੇ ਪਾਕਿਸਤਾਨ ਦਾ ਹੱਥ ਹੈ।ਇਸ ਖਿਲਾਫ ਬਹੁਤੇ ਲੋਕਾਂ ਦਾ ਇਹ ਪ੍ਰਤੀਕਰਮ ਆਇਆ ਹੈ ਕਿ ਮੋਦੀ ਸਰਕਾਰ ਤੇ ਸੂਬਾਈ ਭਾਜਪਾ ਸਰਕਾਰਾਂ ਹਰ ਉਸ ਵਿਅਕਤੀ ਸਿਰ ‘ਅਰਬਨ ਨਕਸਲ’ ਜਾਂ ‘ਪਾਕਿਸਤਾਨੀ ਏਜੰਟ’ ਹੋਣ ਦਾ ਦੋਸ਼ ਮੜ੍ਹ ਦਿੰਦੀਆਂ ਹਨ, ਜੋ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਭਗਵਾ ਸਰਕਾਰਾਂ ਦਾ ਵਿਰੋਧ ਕਰਦਾ ਹੈ ਜਾਂ ਭਾਜਪਾ ਤੇ ਇਸ ਦੇ ’ਨਾਗਪੁਰੀ’ ਆਕਾਵਾਂ ਨਾਲ ਵਿਚਾਰਧਾਰਕ ਵਖਰੇਵਾਂ ਰੱਖਦਾ ਹੈ। ਇਹ ਪ੍ਰਤੀਕਰਮ ਵੱਡੀ ਹੱਦ ਤੱਕ ਠੀਕ ਵੀ ਹੈ। ਲੇਕਿਨ ਇਹ ਮਸਲਾ ਕੇਵਲ ਇੱਥੋਂ ਤਕ ਹੀ ਸੀਮਤ ਨਹੀਂ ਹੈ। ਕਿਰਤੀਆਂ ਵਿਰੁੱਧ ਜਾਬਰ ਹੱਲੇ ਤੇ ਸਰਕਾਰੀ ਬਿਆਨਾਂ ਦਾ ਅਸਲੀ ਸਬਕ ਕਿਤੇ ਵਡੇਰਾ ਹੈ।ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ. ਜਾਂ ਸੰਘ) ਤੇ ਇਸ ਦੇ ਸਹਿਯੋਗੀ ਸੰਗਠਨ ਅਤੇ ਸੰਘ ਦੀ ਸਿਆਸੀ ਸ਼ਾਖਾ ਭਾਜਪਾ ਦੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ; ਸਾਮਰਾਜੀ ਧਾੜਵੀਆਂ, ਬਹੁ ਕੌਮੀ ਕਾਰਪੋਰੇਸ਼ਨਾਂ, ਭਾਰਤ ਦੇ ਕਾਰਪੋਰੇਟ ਘਰਾਣਿਆਂ, ਖਾਸ ਕਰਕੇ ਅਡਾਨੀ-ਅੰਬਾਨੀ ਜਿਹੇ ਜੁੰਡੀ ਪੂੰਜੀਪਤੀਆਂ ਦੇ ਹਿਤਾਂ ਦੀ ਰਖਵਾਲੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ। ਮਸਲਨ ਉਕਤ ਹਿੰਦੂਤਵੀ ਟੋਲੇ ਜਦੋਂ ਮੁਸਲਮਾਨਾਂ ਨੂੰ ਘੁਸਪੈਠੀਏ ਤੇ ਵਿਦੇਸ਼ੀ ਹਮਲਾਵਰ (ਆਕ੍ਰਾਂਤਾ) ਕਹਿੰਦੇ ਹਨ ਤਾਂ ਜਿਆਦਾਤਰ ਹਿੰਦੂ ਭੈਣਾਂ-ਭਰਾ ਇਸ ਨਫ਼ਰਤੀ ਬਿਰਤਾਂਤ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਸ਼ਾਇਦ ਕਈਆਂ ਨੂੰ ਇਸ ਕੂੜ ਪ੍ਰਚਾਰ ਨਾਲ ਤਸੱਲੀ ਜਾਂ ਖੁਸ਼ੀ ਵੀ ਮਹਿਸੂਸ ਹੁੰਦੀ ਹੋਵੇ। ਪਰ ਜਦੋਂ ਲੋਟੂਆਂ ਤੋਂ ਆਪਣੇ ਹੱਕ ਲੈਣ ਲਈ ਕਿਰਤੀ, ਜਿਨ੍ਹਾਂ ਚੋਂ ਬਹੁ ਗਿਣਤੀ ਹਿੰਦੂ ਹਨ, ਘੋਲ ਦੇ ਮੈਦਾਨ ’ਚ ਨਿੱਤਰੇ ਤਾਂ ਇਨ੍ਹਾਂ ਨੇ ਸਾਰੇ ਕਿਰਤੀਆਂ ਨੂੰ ਹੀ ਪਾਕਸਿਤਾਨ ਦੇ ‘ਹੱਥਠੋਕੇ’ ਹੋਣ ਦਾ ਖਿਤਾਬ ਦੇ ਦਿੱਤਾ। ਹਾਲਾਂਕਿ ਬਹੁ ਗਿਣਤੀ ਕਿਰਤੀ ਹਿੰਦੂ ਧਰਮ ਨੂੰ ਮੰਨਦੇ ਹਨ, ਪਰ ਇਨ੍ਹਾਂ ਹਿੰਦੂਆਂ ਦਾ ਬੇਰਹਿਮੀ ਨਾਲ ਕੁਟਾਪਾ ਕਰਨ ਲੱਗਿਆਂ ਵੀ ਮੋਦੀ-ਯੋਗੀ ਦੀ ਪੁਲਸ ਨੇ ਕੋਈ ’ਪੱਖਪਾਤ’ ਨਹੀਂ ਕੀਤਾ, ਸਗੋਂ ਸਭ ਨੂੰ ਇਕੋ ਜਿੰਨਾ ’ਗੱਫਾ’ ਵੰਡਿਆ। ਮੋਦੀ-ਯੋਗੀ ਸਰਕਾਰਾਂ ਦੇ ਹਿੰਦੂਤਵੀ ਏਜੰਡੇ, ਇਨ੍ਹਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਆਰਥਕ-ਸਨਅਤੀ ਨੀਤੀਆਂ ਤੇ ਕਿਰਤ ਕੋਡਾਂ ਦੀ ’ਕ੍ਰਾਂਤੀਕਾਰੀ’ ਪ੍ਰੀਕਿਰਤੀ ਦਾ ਹੀਜ਼-ਪਿਆਜ਼ ਉਪਰੋਕਤ ਕਿਰਤੀ ਘੋਲ ਨੂੰ ਦਬਾਉਣ ਲਈ ਮੋਦੀ-ਯੋਗੀ ਐਂਡ ਕੰਪਨੀ ਵਲੋਂ ਵਰਤੇ ਗਏ ਜ਼ਾਲਿਮਾਨਾਂ ਹਥਕੰਡਿਆਂ ਨੇ ਇਕੋ ਝਟਕੇ ’ਚ ਬੇਪਰਦ ਕਰ ਦਿੱਤਾ ਹੈ।ਹਿੰਦੂਆਂ ਦੇ ਸਭ ਤੋਂ ਵੱਡੇ ‘ਹਿੱਤ ਰਕਸ਼ਕ’ ਹੋਣ ਦਾ ਦਾਅਵਾ ਕਰਨ ਵਾਲੇ ‘ਬਜਰੰਗ ਦਲ’, ‘ਵਿਸ਼ਵ ਹਿੰਦੂ ਪ੍ਰੀਸ਼ਦ’, ‘ਸਨਾਤਨ ਸੰਸਥਾ’ ਵਰਗੇ ਸੈਂਕੜੇ ਸੰਗਠਨ ਕਿਤੇ ਭਾਲੇ ਨਹੀਂ ਥਿਆਏ। ਇਨ੍ਹਾਂ ਦੇ ਖਰੂਦੀ ਕਾਰਕੁੰਨ ਮਸਜਿਦਾਂ ਮੂਹਰੇ ਡੀਜੇ ਵਜਾ ਕੇ ਗੰਦੀਆਂ ਗਾਲ੍ਹਾਂ ਕੱਢਦੇ ਹੋਏ ਤਾਂ ਖੂਬ ‘ਤਾਂਡਵ’ ਮਚਾਉਂਦੇ ਹਨ। ਪਰ ਰੋਜ਼ੀ-ਰੋਟੀ ਲਈ ਲੜ ਰਹੇ ਹਿੰਦੂ ਮਜ਼ਦੂਰਾਂ ਦੇ ਹੱਕ ’ਚ ਇਨ੍ਹਾਂ ’ਚੋਂ ਕੋਈ ਨ੍ਹੀ ਬਹੁੜਿਆ?!ਇਹ ਘਟਨਾਕ੍ਰਮ ਸਿੱਧ ਕਰਦਾ ਹੈ ਕਿ ਆਰ.ਐਸ.ਐਸ.-ਭਾਜਪਾ ਦਾ ਸ਼ਾਸ਼ਨ (ਹਿੰਦੂ ਰਾਸ਼ਟਰ) ਜਦੋਂ ਪੱਕੇ ਤੌਰ ’ਤੇ ਸਥਾਪਿਤ ਹੋ ਗਿਆ ਤਾਂ ਇਹ ਸਾਮਰਾਜ ਨਾਲ ਘਿਓ-ਖਿਚੜੀ ਪੂੰਜੀਪਤੀ ਤੇ ਜਗੀਰੂ ਜਮਾਤਾਂ ਦੀ ਧਨ-ਦੌਲਤ ਦੀ ਰਾਖੀ ਕਰਨ ਤੇ ਇਸ ’ਚ ਹੋਰ ਵਾਧਾ ਕਰਨ ਲਈ ਕਿਰਤੀ ਵਸੋਂ ਦਾ ਰੱਜ ਕੇ ਕੁਟਾਪਾ ਚਾੜ੍ਹਨਗੇ ਤੇ ਕੁੱਟ ਖਾਣ ਵਾਲਿਆਂ ’ਚ ਬਹੁ ਗਿਣਤੀ ਲਾਜ਼ਮੀ ਹਿੰਦੂ ਹੀ ਹੋਣਗੇ।ਅਜੋਕੇ ਹਾਲਾਤ ਕਿੱਥੇ ਪੁੱਜ ਗਏ ਹਨ?: 1886 ’ਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਕਿਰਤੀਆਂ ਨੇ ਆਪਣੇ ਬੇਜੋੜ ਰਹਿਬਰਾਂ ਦੀ ਅਗਵਾਈ ਹੇਠ ਅੱਠ ਘੰਟੇ ਦੀ ਕੰਮ ਦਿਹਾੜੀ ਲਾਗੂ ਕੀਤੇ ਜਾਣ ਦਾ ਸ਼ਾਨਾਮੱਤਾ ਘੋਲ ਲੜਿਆ ਸੀ। ਆਗੂਆਂ ਚੋਂ ਚਾਰ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ, ਬਾਕੀਆਂ ਨੂੰ ਲੰਮੀ ਮਿਆਦ ਲਈ ਜੇਲ੍ਹਾਂ ’ਚ ਸੜਾਇਆ ਗਿਆ। ਹਜ਼ਾਰਾਂ ਨੇ ਪੁਲਸ ਤੇ ਮਾਲਕਾਂ ਦੇ ਗੁੰਡਿਆਂ ਦਾ ਅਕਹਿ ਜਬਰ ਆਪਣੇ ਪਿੰਡਿਆਂ ’ਤੇ ਹੰਢਾਇਆ। ਬੇਸ਼ੁਮਾਰ ਔਰਤਾਂ ਦੀਆਂ ਰੂਹਾਂ ਜਖ਼ਮੀ ਕੀਤੀਆਂ ਗਈਆਂ। ਲੇਕਿਨ ਉਨ੍ਹਾਂ ਦੀ ਕੁਰਬਾਨੀ ਅਜਾਈਂ ਨਹੀਂ ਗਈ। ਸ਼ਿਕਾਗੋ ਸ਼ਹਿਰ ਦੇ ਸੰਗਰਾਮ ਨੇ ਵਿਸ਼ਵ ਵਿਆਪੀ ਆਕਾਰ ਲੈ ਲਿਆ। ਪੂਰੀ ਦੁਨੀਆ ’ਚ ਅੱਠ ਘੰਟੇ ਦੀ ਕੰਮ ਦਿਹਾੜੀ ਲਾਗੂ ਹੋਈ। ਇਸ ਜਿੱਤ ਨੇ ਬਾਕੀ ਰਹਿੰਦੇ ਕਿਰਤ ਅਧਿਕਾਰਾਂ ਦੀ ਪ੍ਰਾਪਤੀ ਲਈ ਯੁੱਧ ਦਾ ਮੁੱਢ ਬੰਨਿ੍ਹਆ। ਦੁਨੀਆ ਭਰ ਦੇ ਕਿਰਤੀਆਂ ਨੇ ਆਪਣੀ ਜਦੋਜਹਿਦ ਸਦਕਾ ਅਨੇਕਾਂ ਅਧਿਕਾਰ ਹਾਸਲ ਕੀਤੇ। ਇਹੋ ਨਹੀਂ ਪਿਛੜੇ ਦੇਸ਼ ਰੂਸ ਅੰਦਰ ਪਹਿਲਾ ਕਿਰਤੀ ਰਾਜ ਵੀ ਸਥਾਪਤ ਹੋਇਆ। ਇਸ ਦੇ ਪ੍ਰਭਾਵ ਸਦਕਾ ਦੁਨੀਆ ਦੇ ਵੱਡੇ ਹਿੱਸੇ ’ਤੇ ਸੂਹੇ ਪਰਚਮ ਦਾ ਬੋਲਬਾਲਾ ਕਾਇਮ ਹੋ ਗਿਆ। ਪ੍ਰੰਤੂ ਅੱਜ ਦੇ ਹਾਲਾਤ ਦੀ ਪੁਣਛਾਣ ਕਰਿਆਂ ਸਾਫ ਮਹਿਸੂਸ ਹੁੰਦਾ ਹੈ ਕਿ ਅਸੀਂ 1886 ਤੋਂ ਪਹਿਲਾਂ ਵਾਲੇ ਹਾਲਾਤ ’ਚ ਫੇਰ ਪੁੱਜ ਗਏ ਹਾਂ। ਫਿਰ ਵੀ ਨਿਰਾਸ਼ ਹੋਣ ਦੀ ਲੋੜ ਨਹੀਂ। ਜਮਾਤਾਂ ਰਹਿਣਗੀਆਂ ਤਾਂ ਜਮਾਤੀ ਭੇੜ ਵੀ ਜਨਮ ਲੈਣਗੇ ਅਤੇ ਭੇੜਾਂ ’ਚੋਂ ਕਿਰਤੀ ਫੇਰ ਜੇਤੂ ਹੋ ਕੇ ਨਿੱਕਲਣਗੇ। ਲੇਕਿਨ ਅਸਾਨੂੰ ਨਵੇਂ ਹਾਲਾਤ ਨਾਲ ਮੇਚਵੀਂ ਵਿਉਂਤਬੰਦੀ ਕਰਦੇ ਹੋਏ ਸੰਘਰਸ਼ਾਂ ਦੇ ਰਾਹ ਪੈਣਾ ਹੋਵੇਗਾ। ਕੀ ਕਰਨਾ ਲੋੜੀਏd ਕਿਰਤੀਆਂ ਨੂੰ ਧਰਮ, ਜਾਤ, ਭਾਸ਼ਾ, ਖਿੱਤੇ ਆਦਿ ਦੇ ਮਤਭੇਦ ਭੁਲਾ ਕੇ ਆਪਣੇ ਰੋਜ਼ੀ-ਰੋਟੀ ਦੇ ਮਸਲਿਆਂ ਦੇ ਹੱਲ ਲਈ ਤੇ ਆਪਣੇ ਵਜੂਦ ਦੀਆਂ ਲੜਾਈਆਂ ਲੜਨ ਲਈ ਇਕ ਜਮਾਤ ਵਜੋਂ ਫੌਲਾਦੀ ਏਕਤਾ ਕਾਇਮ ਕਰਨੀ ਹੋਵੇਗੀ। ਇਹ ਕੰਮ ਆਪੋ-ਆਪਣੇ ਢੰਗ ਨਾਲ, ਆਪੋ-ਆਪਣੇ ਧਰਮਾਂ ਨੂੰ ਮੰਨਦੇ ਹੋਏ ਵੀ ਬਾਖੂਬੀ ਕੀਤਾ ਜਾ ਸਕਦਾ ਹੈ।d ਆਰਥਿਕ ਲੜਾਈਆਂ ਜ਼ਰੂਰੀ ਵੀ ਹਨ ਤੇ ਹਰ ਹਾਲ ਲੜੀਆਂ ਵੀ ਜਾਣੀਆਂ ਚਾਹੀਦੀਆਂ ਹਨ। ਲੇਕਿਨ ਘੋਲਾਂ ਦੀ ਮੁੱਖ ਦਿਸ਼ਾ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਘੜੀਆਂ ਨਵ-ਉਦਾਰਵਾਦੀ ਨੀਤੀਆਂ ਨੂੰ ਮੋੜਾ ਦੇਣ ਵੱਲ ਸੇਧਤ ਹੋਣੀ ਚਾਹੀਦੀ ਹੈ ਤਾਂ ਜੋ ਕਿਰਤੀ ਵਰਗਾਂ ਦੀਆਂ ਜੀਵਨ ਹਾਲਤਾਂ ’ਚ ਨਿੱਗਰ ਤਬਦੀਲੀ ਲਿਆਂਦੀ ਜਾ ਸਕੇ।d ਕਿਰਤ ਸ਼ਕਤੀ ਦਾ ਵਧੇਰੇ ਹਿਸਾ, ਗੈਰ ਜਥੇਬੰਦ ਜਾਂ ਗੈਰ ਰਿਵਾਇਤੀ ਖੇਤਰ ਦੇ ਕਾਮਿਆਂ ਨੂੰ ਜਥੇਬੰਦ ਕੀਤੇ ਬਗੈਰ ਟਰੇਡ ਯੂਨੀਅਨ ਲਹਿਰ ਅਪੰਗ ਹੈ। ਕਿਰਤੀ ਘੋਲਾਂ ’ਚ ਇਨ੍ਹਾਂ ਦੀ ਗੈਰ ਮੌਜੂਦਗੀ ਨਾਲ ਘੋਲਾਂ ਨੂੰ ਉਹ ਸ਼ਕਤੀ ਤੇ ਕਾਮਯਾਬੀ ਨਹੀਂ ਮਿਲਦੀ, ਜਿਸ ਦੀ ਅੱਜ ਲੋੜ ਹੈ। ਜਮਹੂਰੀ ਲਹਿਰ, ਖਾਸ ਕਰਕੇ ਜਥੇਬੰਦ ਕਿਰਤੀਆਂ-ਕਰਮਚਾਰਿਆਂ ਨੂੰ ਇਨ੍ਹਾਂ ਨੂੰ ਜਥੇਬੰਦ ਕਰਨ ਦੀ ਉਚੇਚੀ ਵਿਉਂਤਬੰਦੀ ਕਰਨੀ ਚਾਹੀਦੀ ਹੈ।d ਔਰਤਾਂ, ਦਲਿਤਾਂ ਤੇ ਹਾਸ਼ੀਆਗਤ ਵਸੋਂ ਸਮੂਹਾਂ ਅਤੇ ਛੋਟੇ ਤੇ ਹਾਸ਼ੀਆਗਤ ਕਿਸਾਨਾਂ ਨਾਲ ਪੀਡੀ ਸਾਂਝ ਪਾਉਣ ਦੀ ਨਿੱਗਰ ਯੋਜਨਾਬੰਦੀ ਕਰਦਿਆਂ ਇਸ ਦਿਸ਼ਾ ’ਚ ਵਿਸ਼ੇਸ਼ ਫੈਸਲੇ ਲੈਣੇ ਹੋਣਗੇ।d ਅੱਜ ਕਲ੍ਹ ਇਹ ਘਾਤਕ ਵਿਚਾਰ ਯੋਜਨਾਬੱਧ ਫੈਲਾਇਆ ਜਾ ਰਿਹਾ ਹੈ ਕਿ ਕਿਰਤੀ-ਕਿਸਾਨਾਂ ਨੂੰ ਰਾਜਨੀਤੀ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ। ਇਸ ਦੇ ਉਲਟ ਲੋੜ ਇਸ ਗੱਲ ਦੀ ਹੈ ਕਿ ਕਿਰਤੀ-ਕਿਸਾਨ, ਜਮਾਤੀ ਦ੍ਰਿਸ਼ਟੀਕੋਣ ਨਾਲ ਲੈਸ ਹੋ ਕੇ ਸਿਆਸੀ ਘੋਲਾਂ ਵੱਲ ਵਧਣ। ਆਜ਼ਾਦੀ ਘੋਲ ਦੌਰਾਨ ਭਾਰਤੀ ਜਹਾਜ਼ੀਆਂ ਨੇ ਸੰਨ 1946 ’ਚ ਜਦੋਂ ਬ੍ਰਿਟਿਸ਼ ਆਕਾਵਾਂ ਖਿਲਾਫ ਬਗ਼ਾਵਤ ਕੀਤੀ ਸੀ ਤਾਂ ਉਦੋਂ ਬੰਬੇ (ਹੁਣ ਮੁੰਬਈ ) ਦੀ ਮਜ਼ਦੂਰ ਜਮਾਤ ਜਹਾਜ਼ੀਆਂ ਦੇ ਹੱਕ ’ਚ ਸੜਕਾਂ ’ਤੇ ਨਿਕਲ ਆਈ ਸੀ। ਇਸ ਨਾਲ ਵਿਦੇਸ਼ੀ ਹਾਕਮ ਧੁਰ ਅੰਦਰ ਤੱਕ ਕੰਬ ਉੱਠੇ ਸਨ। ਭਾਰਤ ਨੂੰ ਆਜ਼ਾਦ ਕਰਵਾਉਣ ’ਚ ਇਸ ਮਹਾਨ ਘਟਨਾ ਦੇ ਮਹਾਨ ਪ੍ਰਭਾਵ ਨੂੰ ਅੱਜ ਵੀ ਰੂਹ ’ਚ ਵਸਾਉਣ ਦੀ ਲੋੜ ਹੈ। ਮੁੰਬਈ ਦੇ ਕਿਰਤੀਆਂ ਨੇ ਇਵੇਂ ਹੀ ਬਾਲ ਗੰਗਾਧਰ ਤਿਲਕ ਦੀ ਗ੍ਰਿਫਤਾਰੀ ਵਿਰੁੱਧ ਵੀ ਸ਼ਾਨਾਮੱਤੀ ਹੜਤਾਲ ਕੀਤੀ ਸੀ। ਆਜ਼ਾਦ ਭਾਰਤ ’ਚ ਵੀ ਚੰਦਰ ਸ਼ੇਖਰ ਦੀ ਸਰਕਾਰ ਵੇਲੇ ਡਮਡਮ, ਕਲਕੱਤੇ ਦੇ ਗੋਦੀ ਕਾਮਿਆਂ ਨੇ ਸਮੁੰਦਰੀ ਜਹਾਜ਼ਾਂ ’ਚ ਖਾੜੀ ਜੰਗ ’ਚ ਭੇਜਿਆ ਜਾਣ ਵਾਲਾ ਤਬਾਹਕੁੰਨ ਜੰਗੀ ਸਾਜੋ-ਸਾਮਾਨ ਲੱਦਣੋਂ ਨਾਂਹ ਕਰ ਦਿੱਤੀ ਸੀ।- ਅਸਾਨੂੰ ਕੇਂਦਰੀ ਤੇ ਪ੍ਰਾਂਤਕ ਸਰਕਾਰਾਂ ਦਾ ਨਿਰਣਾ ਜਮਾਤੀ ਆਧਾਰ ’ਤੇ ਕਰਨ ਦੇ ਸਮਰੱਥ ਬਣਨਾ ਹੋਵੇਗਾ।d ਭਾਰਤ ਦਾ ਅਜੋਕਾ ਸੰਵਿਧਾਨ, ਜਮਾਤੀ ਸੀਮਾਵਾਂ ਦੇ ਬਾਵਜੂਦ ਕਿਰਤ ਅਧਿਕਾਰਾਂ, ਮਨੁੱਖੀ ਆਜ਼ਾਦੀਆਂ ਅਤੇ ਜਾਤੀਵਾਦੀ ਤੇ ਲਿੰਗਕ ਵਿਤਕਰੇ ਤੋਂ ਬੰਦ ਖਲਾਸੀ ਦਾ ਲਿਖਤੀ ਇਕਰਾਰਨਾਮਾ ਹੈ। ਦੇਸ਼ ਦਾ ਧਰਮ ਨਿਰਪੱਖ, ਲੋਕਰਾਜੀ ਤੇ ਫੈਡਰਲ ਢਾਂਚਾ ਵੀ ਸ਼ਹਿਰੀ ਆਜ਼ਾਦੀਆਂ, ਫਿਰਕੂ ਇਕਸੁਰਤਾ ਤੇ ਭੂਗੋਲਿਕ ਅਖੰਡਤਾ ਦਾ ਆਧਾਰ ਹੈ। ਅਸਾਨੂੰ ਇਸ ਤੋਂ ਬਿਹਤਰ ਢਾਂਚੇ (ਸਮਾਜਵਾਦ) ਦੀ ਕਾਇਮੀ ਲਈ ਜੂਝਦੇ ਹੋਏ ਮੌਜੂਦਾ ਸੰਵਿਧਾਨ ਤੇ ਢਾਂਚੇ ਦੀ ਰਾਖੀ ਲਈ ਵੀ ਜੂਝਣਾ ਹੋਵੇਗਾ। ਨਹੀਂ ਤਾਂ ਅਸੀਂ ਠੀਕ ਦਿਸ਼ਾ ’ਚ ਅਗਾਂਹ ਵਧਣ ਦੀ ਥਾਂ ਮੱਧਕਾਲ ਦੇ ਹਨੇਰੇ ਯੁਗ ਵੱਲ ਪਰਤ ਜਾਵਾਂਗੇ।d ਫਿਰਕੂ ਵੰਡ ਤਿੱਖੀ ਕਰਨ ਲਈ ਸੰਘ ਪਰਿਵਾਰ ਦੇ ਕਾਤਲਾਂ ਵਲੋਂ ਮੁਸਲਮਾਨਾਂ-ਈਸਾਈਆਂ ਦੇ ਕੀਤੇ ਜਾਂਦੇ ਵਹਿਸ਼ੀ ਕਤਲਾਂ ਤੇ ਇਨ੍ਹਾਂ ਖਿਲਾਫ ਫੈਲਾਈ ਜਾ ਰਹੀ ਨਫਰਤ ਦਾ ਵੀ ਡੱਟਵਾਂ ਟਾਕਰਾ ਕਰਨਾ ਹੋਵੇਗਾ। ਵਰਨਾ ਭਾਰਤ ਦੇ ਮਜ਼ਦੂਰ ਇਕ ਲੁੱਟੀ-ਲਤਾੜੀ ਜਮਾਤ ਵਜੋਂ ਕਦੀ ਵੀ ਇਕਜੁੱਟ ਹੋ ਕੇ ਆਪਣੀ ਮੁਕਤੀ ਲਈ ਨਹੀਂ ਜੂਝ ਸਕਣਗੇ।d ਹਰ ਕਿਸਮ ਦੀਆਂ ਪਿਛਾਖੜੀ ਰਵਾਇਤਾਂ, ਹਨੇਰਬਿਰਤੀਵਾਦ, ਅੰਧ ਵਿਸ਼ਵਾਸ ਤੋਂ ਮੁਕਤ ਹੁੰਦੇ ਹੋਏ ਅਗਾਂਹਵਧੂ ਸੋਚ ਤੇ ਵਿਗਿਆਨਕ ਨਜ਼ਰੀਏ ਦੇ ਧਾਰਨੀ ਬਣਨਾ ਹੋਵੇਗਾ।d ਸਮੁੱਚੀਆਂ ਟਰੇਡ ਯੂਨੀਅਨਾਂ ਦਾ ਸਾਂਝਾ ਮੰਚ ਕਾਇਮ ਕਰਦਿਆਂ ਸਾਂਝੇ ਘੋਲਾਂ ਵੱਲ ਪੇਸ਼ਕਦਮੀ ਕਰਨੀ ਹੋਵੇਗੀ ਤੇ ਅੱਗੋਂ ਤਬਕਾਤੀ ਸੰਗਠਨਾਂ ਨਾਲ ਸਾਂਝ ਕਾਇਮ ਕਰਨੀ ਹੋਵੇਗੀ। ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਭਾਰਤ ਦੀ ਮਜ਼ਦੂਰ ਜਮਾਤ ਨੂੰ ਉਪਰੋਕਤ ਵਿਸ਼ਵੀ, ਕੌਮੀ ਤੇ ਸਥਾਨਕ ਚੁਣੌਤੀਆਂ ਦਾ ਟਾਕਰਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਬਣਨ ਤੋਂ ਕੋਈ ਨਹੀਂ ਰੋਕ ਸਕਦਾ।